ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 956

ਮਃ ੧ ॥ ਸਚ ਕੀ ਕਾਤੀ ਸਚੁ ਸਭੁ ਸਾਰੁ ॥ ਘਾੜਤ ਤਿਸ ਕੀ ਅਪਰ ਅਪਾਰ ॥ ਸਬਦੇ ਸਾਣ ਰਖਾਈ ਲਾਇ ॥ ਗੁਣ ਕੀ ਥੇਕੈ ਵਿਚਿ ਸਮਾਇ ॥ ਤਿਸ ਦਾ ਕੁਠਾ ਹੋਵੈ ਸੇਖੁ ॥ ਲੋਹੂ ਲਬੁ ਨਿਕਥਾ ਵੇਖੁ ॥ ਹੋਇ ਹਲਾਲੁ ਲਗੈ ਹਕਿ ਜਾਇ ॥ ਨਾਨਕ ਦਰਿ ਦੀਦਾਰਿ ਸਮਾਇ ॥੨॥ {ਪੰਨਾ 956}

ਪਦ ਅਰਥ: ਕਾਤੀ = (ਸੰ: kqLrI) ਕੈਂਚੀ, ਚਾਕੂ, ਛੁਰੀ। ਸਾਰੁ = ਲੋਹਾ। ਥੇਕ = ਮਿਆਨ। ਕੁਠਾ = ਕੋਹਿਆ ਹੋਇਆ। ਨਿਕਥਾ = ਨਿਕਲਿਆ। ਹਕਿ = ਹੱਕ ਵਿਚ, ਸਦਾ ਕਾਇਮ ਰਹਿਣ ਵਾਲੇ ਰੱਬ ਵਿਚ। ਦਰਿ = ਪ੍ਰਭੂ ਦੇ ਦਰ ਉਤੇ। ਦੀਦਾਰਿ = ਦੀਦਾਰ ਵਿਚ।

ਅਰਥ: ਜੇ ਪ੍ਰਭੂ ਦੇ ਨਾਮ ਦੀ ਛੁਰੀ ਹੋਵੇ, ਪ੍ਰਭੂ ਦਾ ਨਾਮ ਹੀ (ਉਸ ਛੁਰੀ ਦਾ) ਸਾਰਾ ਲੋਹਾ ਹੋਵੇ, ਉਸ ਛੁਰੀ ਦੀ ਘਾੜਤ ਬਹੁਤ ਸੁੰਦਰ ਹੁੰਦੀ ਹੈ; ਇਹ ਛੁਰੀ ਸਤਿਗੁਰੂ ਦੇ ਸ਼ਬਦ ਦੀ ਸਾਣ ਤੇ ਰੱਖ ਕੇ ਤੇਜ਼ ਕੀਤੀ ਜਾਂਦੀ ਹੈ, ਤੇ ਇਹ ਪ੍ਰਭੂ ਦੇ ਗੁਣਾਂ ਦੀ ਮਿਆਨ ਵਿਚ ਟਿਕੀ ਰਹਿੰਦੀ ਹੈ।

ਜੇ ਸ਼ੇਖ਼ ਇਸ ਛੁਰੀ ਦਾ ਕੁੱਠਾ ਹੋਇਆ ਹੋਵੇ (ਭਾਵ, ਜੇ 'ਸ਼ੇਖ਼' ਦਾ ਜੀਵਨ ਪ੍ਰਭੂ ਦੇ ਨਾਮ, ਸਤਿਗੁਰੂ ਦੇ ਸ਼ਬਦ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਘੜਿਆ ਹੋਇਆ ਹੋਵੇ) ਤਾਂ ਉਸ ਦੇ ਅੰਦਰੋਂ ਲੱਬ-ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ, ਇਸ ਤਰ੍ਹਾਂ ਹਲਾਲ ਹੋ ਕੇ (ਕੁੱਠਾ ਜਾ ਕੇ) ਉਹ ਪ੍ਰਭੂ ਵਿਚ ਜੁੜਦਾ ਹੈ, ਤੇ, ਹੇ ਨਾਨਕ! ਪ੍ਰਭੂ ਦੇ ਦਰ ਤੇ (ਅੱਪੜ ਕੇ) ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦਾ ਹੈ।2।

ਮਃ ੧ ॥ ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥ ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥ {ਪੰਨਾ 956}

ਪਦ ਅਰਥ: ਕਮਰਿ = ਲੱਕ ਤੇ, ਲੱਕ ਦੁਆਲੇ। ਬੰਕੁੜਾ = ਬਾਂਕਾ ਜਿਹਾ, ਸੋਹਣਾ ਜਿਹਾ। ਕਟਾਰਾ = ਖ਼ੰਜਰ। ਬੰਕੇ ਕਾ = ਸੋਹਣੇ ਘੋੜੇ ਦਾ। ਗਰਬੁ = ਅਹੰਕਾਰੁ। ਮਤੁ = ਮਤਾਂ। ਸਿਰਿ = ਸਿਰ ਉੱਤੇ। ਆਵੈ ਭਾਰੁ = (ਸਾਰਾ) ਬੋਝ ਸਿਰ ਉੱਤੇ ਆ ਜਾਏ, ਭਾਵ, ਸਿਰ-ਭਾਰ ਡਿੱਗ ਪਏ।

ਅਰਥ: ਲੱਕ ਦੁਆਲੇ ਸੋਹਣੀ ਜਿਹੀ ਕਟਾਰ ਹੋਵੇ ਤੇ ਸੋਹਣੇ ਘੋੜੇ ਦਾ ਸੁਆਰ ਹੋਵੇ, (ਫਿਰ ਭੀ) ਹੇ ਨਾਨਕ! ਮਾਣ ਨਾਹ ਕਰੀਏ, (ਕੀਹ ਪਤਾ ਹੈ) ਮਤਾਂ ਸਿਰ-ਭਾਰ ਡਿੱਗ ਪਏ।3।

ਪਉੜੀ ॥ ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥ ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥ ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥ ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥ ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥ {ਪੰਨਾ 956}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ, ਗੁਰੂ ਦੇ ਹੁਕਮ ਵਿਚ। ਸੋ = ਉਹ ਮਨੁੱਖ। ਸਬਦਿ = ਗੁਰੂ ਦੇ ਸ਼ਬਦ ਵਿਚ। ਧਿਆਇਨਿ = ਧਿਆਉਂਦੇ ਹਨ। ਜਿਨ ਪਲੈ = ਜਿਨ੍ਹਾਂ ਦੇ ਪੱਲੇ ਵਿਚ, ਜਿਨ੍ਹਾਂ ਦੇ ਪਾਸ। ਸੋਹਨਿ = ਸੋਭਦੇ ਹਨ। ਅਚਲੈ = ਅਡੋਲ (ਹੋ ਜਾਂਦੇ ਹਨ) । ਰਤਨ ਬੀਚਾਰੁ = ਪ੍ਰਭੂ ਦੇ ਨਾਮ-ਰਤਨ ਦੀ ਵਿਚਾਰ, ਪ੍ਰਭੂ ਦੇ ਸ੍ਰੇਸ਼ਟ ਨਾਮ ਦੀ ਵਿਚਾਰ। ਸਬਦਿ ਭਲੈ = ਸੋਹਣੇ ਸ਼ਬਦ ਦੀ ਰਾਹੀਂ।

ਅਰਥ: ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸਾਧ ਸੰਗਤਿ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਜੁੜਦਾ ਹੈ। ਜਿਨ੍ਹਾਂ ਮਨੁੱਖਾਂ ਦੇ ਪੱਲੇ ਪ੍ਰਭੂ ਦਾ ਨਾਮ-ਰੂਪ ਧਨ ਹੈ (ਜ਼ਿੰਦਗੀ ਦੇ ਸਫ਼ਰ ਲਈ) ਖ਼ਰਚ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਸਿਮਰਦੇ ਹਨ ਤੇ ਉਸੇ ਦਾ ਰੂਪ ਹੋ ਜਾਂਦੇ ਹਨ। ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਸੋਹਣੇ ਲੱਗਦੇ ਹਨ, ਸਤਿਗੁਰੂ ਦੀ ਮੱਤ ਲੈ ਕੇ ਉਹ ਅਡੋਲ ਹੋ ਜਾਂਦੇ ਹਨ, ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਉਹਨਾਂ ਦੇ ਮਨ ਵਿਚ ਪ੍ਰਭੂ ਦੇ ਸ੍ਰੇਸ਼ਟ ਨਾਮ ਦੀ ਵਿਚਾਰ ਆ ਵੱਸਦੀ ਹੈ।

(ਭਗਤ ਜਨਾਂ ਨੂੰ) ਪ੍ਰਭੂ ਆਪ ਹੀ ਆਪਣੇ ਵਿਚ ਮਿਲਾਂਦਾ ਹੈ, ਆਪ ਹੀ ਉਹਨਾਂ ਨੂੰ ਸੋਭਾ ਦੇਂਦਾ ਹੈ। 19।

ਸਲੋਕ ਮਃ ੩ ॥ ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥ ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥ {ਪੰਨਾ 956}

ਪਦ ਅਰਥ: ਸਭੁ ਕੋ = ਹਰੇਕ ਜੀਵ। ਕੋਇ = ਕੋਈ ਵਿਰਲਾ। ਨਿਰਾਸਾ = ਆਸਾਂ ਤੋਂ ਬਚਿਆ ਹੋਇਆ। ਮਰਿ = ਮਰ ਕੇ, ਆਸਾਂ ਵਲੋਂ ਹਟ ਕੇ। ਸਹਿਲਾ = ਸਫਲਾ।

ਅਰਥ: ਹਰੇਕ ਜੀਵ ਆਸਾਂ ਵਿਚ (ਫਸਿਆ ਪਿਆ) ਹੈ (ਭਾਵ, ਨਿੱਤ ਨਵੀਆਂ ਆਸਾਂ ਬਣਾਂਦਾ ਰਹਿੰਦਾ ਹੈ) , ਕੋਈ ਵਿਰਲਾ ਮਨੁੱਖ ਹੈ ਜੋ ਆਸਾਂ ਤੋਂ ਬਚਿਆ ਰਹਿੰਦਾ ਹੈ। ਹੇ ਨਾਨਕ! ਜੋ ਮਨੁੱਖ ਆਸਾਂ ਵਲੋਂ ਹਟ ਕੇ (ਪ੍ਰਭੂ ਦੇ ਸਿਮਰਨ ਵਿਚ) ਜੀਵਨ ਗੁਜ਼ਾਰਦਾ ਹੈ ਉਸ ਦਾ ਆਉਣਾ ਸਫਲ ਹੈ।1।

ਮਃ ੩ ॥ ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥ ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥ {ਪੰਨਾ 956}

ਪਦ ਅਰਥ: ਆਸਾ ਹਥਿ = ਆਸਾ ਦੇ ਹੱਥ ਵਿਚ, ਆਸਾ ਦੇ ਵੱਸ ਵਿਚ। ਕੇਉ = ਕਿਵੇਂ, ਕਿਸ ਤਰ੍ਹਾਂ? ਏਹ = ਇਹ ਆਸਾ। ਬਪੁੜੀ = ਵਿਚਾਰੀ। ਸੋਇ = ਉਹ ਪ੍ਰਭੂ ਆਪ। ਭੋੁਲਾਏ = {ਅੱਖਰ 'ਭ' ਦੀ ਲਗ (ੋ) ਇਥੇ ਪੜ੍ਹਨੀ ਹੈ, ਭਾਵ, ਇਸ ਲਫ਼ਜ਼ ਨੂੰ 'ਭੋਲਾਏ' ਪੜ੍ਹਨਾ ਹੈ, ਅਸਲ ਲਫ਼ਜ਼ 'ਭੁਲਾਇ' ਹੈ}।

ਅਰਥ: 'ਆਸਾ' ਦੇ ਹੱਥ ਵਿਚ ਕੋਈ ਤਾਕਤ ਨਹੀਂ (ਕਿ ਜੀਵਾਂ ਨੂੰ ਫਸਾ ਸਕੇ; ਸੋ, ਆਪਣੇ ਉੱਦਮ ਨਾਲ ਭੀ) ਮਨੁੱਖ 'ਆਸਾ' ਤੋਂ ਨਹੀਂ ਬਚ ਸਕਦਾ। ਇਹ ਵਿਚਾਰੀ 'ਆਸਾ' ਕੀਹ ਕਰ ਸਕਦੀ ਹੈ? ਭੁਲਾਉਂਦਾ ਤਾਂ ਉਹ ਪ੍ਰਭੂ ਆਪ ਹੈ।2।

ਪਉੜੀ ॥ ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥ ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥ ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥ {ਪੰਨਾ 956}

ਪਦ ਅਰਥ: ਧ੍ਰਿਗੁ = ਫਿਟਕਾਰ-ਜੋਗ। ਸੰਸਾਰ ਜੀਵਣੁ = ਦੁਨੀਆ ਦਾ ਜੀਊਣਾ। ਨਿਹਚਲੁ = ਨਾਹ ਨਾਸ ਹੋਣ ਵਾਲਾ। ਏਹੁ = ਇਹ ਨਾਮ। ਸਾਸਿ ਸਾਸਿ = ਹਰੇਕ ਸਾਹ ਵਿਚ। ਸੋਇ = ਸੋ ਹੀ, ਉਹੀ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਅਗਮੁ = ਅ+ਗਮੁ, ਜਿਸ ਤਕ ਪਹੁੰਚ ਨਾਹ ਹੋ ਸਕੇ। ਰਸਨਾ = ਜੀਭ। ਭਨੁ = ਉੱਚਾਰ, ਜਪ। ਰਵਿ ਰਹਿਆ = ਵਿਆਪਕ ਹੈ। ਸਰਬਤਿ = ਸਾਰਿਆਂ ਵਿਚ।

ਅਰਥ: ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਜੀਊਣਾ ਫਿਟਕਾਰ-ਜੋਗ ਹੈ। ਪ੍ਰਭੂ ਹੀ (ਸਭ ਦਾ) ਦਾਤਾ ਹੈ ਸਭ ਦਾਤਾਂ ਦੇਣ ਵਾਲਾ ਹੈ; ਸੋ, ਉਸ ਦਾ ਇਹ (ਨਾਮ-) ਧਨ ਹੀ (ਐਸਾ ਹੈ ਜੋ) ਕਦੇ ਨਾਸ ਹੋਣ ਵਾਲਾ ਨਹੀਂ। ਉਹੀ ਮਨੁੱਖ ਪਵਿਤ੍ਰ (ਜੀਵਨ ਵਾਲਾ) ਹੈ ਜੋ (ਪ੍ਰਭੂ ਨੂੰ) ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ। (ਹੇ ਭਾਈ!) ਜੀਭ ਨਾਲ ਉਸ ਇਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਦਾ ਹੈ ਤੇ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ। ਨਾਨਕ ਉਸ ਪ੍ਰਭੂ ਤੋਂ ਸਦਕੇ ਹੈ ਜੋ ਸਾਰਿਆਂ ਵਿਚ ਵਿਆਪਕ ਹੈ। 20।

ਸਲੋਕੁ ਮਃ ੧ ॥ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥ ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥ ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ ॥ ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥ {ਪੰਨਾ 956}

ਪਦ ਅਰਥ: ਧੁਰੇ ਹੀ = ਧੁਰ ਤੋਂ ਹੀ, ਮੁੱਢ ਤੋਂ ਹੀ। ਮੇਲਾ = ਜੋੜ। ਖਸਮੈ = ਖਸਮ ਨੂੰ। ਖਾਣਾ = ਖ਼ੁਰਾਕ। ਕਾਗੁ = ਕਾਂ। ਸਰਵਰਿ = ਸਰਵਰ ਵਿਚ। ਜੇ = ਭਾਵੇਂ। ਓਨਾ = ਉਹਨਾਂ ਕਾਂ ਤੇ ਬਗਲਿਆਂ ਦਾ। ਸਚਿ ਕਮਾਣੈ = ਜੇ ਪ੍ਰਭੂ ਦਾ ਸਿਮਰਨ-ਰੂਪ ਕਮਾਈ ਕੀਤੀ ਜਾਏ। ਕੂੜੈ = ਕੂੜ ਦੀ ਖੱਟੀ ਦਾ। ਪਰਵਾਣਾ = ਪਰਵਾਨਾ, ਹੁਕਮ।

ਅਰਥ: (ਗੁਰੂ-) ਸਰੋਵਰ ਅਤੇ (ਗੁਰਮੁਖ-) ਹੰਸ ਦਾ ਜੋੜ ਮੁੱਢੋਂ ਹੀ ਚਲਿਆ ਆਉਂਦਾ ਹੈ, ਖਸਮ-ਪ੍ਰਭੂ ਨੂੰ ਇਹੀ ਗੱਲ ਚੰਗੀ ਲੱਗਦੀ ਹੈ, ਹੰਸਾਂ (ਗੁਰਮੁਖਾਂ) ਦੀ ਖ਼ੁਰਾਕ (ਪ੍ਰਭੂ ਦੀ ਸਿਫ਼ਤਿ-ਸਾਲਾਹ-ਰੂਪ) ਹੀਰੇ ਮੋਤੀ ਹੈ ਜੋ (ਗੁਰੂ-) ਸਰੋਵਰ ਵਿਚ ਮਿਲਦੇ ਹਨ। ਕਾਂ ਤੇ ਬਗੁਲਾ (ਮਨਮੁਖ) ਭਾਵੇਂ ਕਿਤਨਾ ਹੀ ਸਿਆਣਾ ਹੋਵੇ ਓਥੇ (ਗੁਰੂ ਦੀ ਸੰਗਤਿ ਵਿਚ) ਨਹੀਂ ਰਹਿ ਸਕਦਾ, (ਕਿਉਂਕਿ) ਉਹਨਾਂ (ਕਾਂ ਬਗੁਲੇ ਮਨਮੁਖਾਂ) ਦੀ ਖ਼ੁਰਾਕ ਓਥੇ ਨਹੀਂ ਹੈ, ਉਹਨਾਂ ਦੀ ਖ਼ੁਰਾਕ ਵੱਖਰੀ ਹੀ ਹੁੰਦੀ ਹੈ।

ਜੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਬੰਦਗੀ-ਰੂਪ ਕਮਾਈ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲਦਾ ਹੈ, (ਪਰ) ਕੂੜ ਦੀ ਖੱਟੀ ਦਾ ਮਾਣ ਕੂੜਾ ਹੀ ਹੈ। (ਪਰ ਇਹਨਾਂ ਮਨਮੁਖਾਂ ਦੇ ਕੀਹ ਵੱਸ?) ਹੇ ਨਾਨਕ! ਜਿਨ੍ਹਾਂ ਨੂੰ ਧੁਰੋਂ ਪ੍ਰਭੂ ਦੀ ਆਗਿਆ ਮਿਲੀ ਹੈ ਉਹਨਾਂ ਨੂੰ ਹੀ ਸਤਿਗੁਰੂ (-ਸਰੋਵਰ) ਮਿਲਦਾ ਹੈ।1।

ਮਃ ੧ ॥ ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥ ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥ ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥ {ਪੰਨਾ 956}

{ਨੋਟ: ਇਸ ਸ਼ਲੋਕ ਦੇ ਸਿਰੇ ਤੇ ਕਿਸੇ "ਮਹਲੇ" ਦਾ ਜ਼ਿਕਰ ਨਹੀਂ; ਇਥੇ ਭੀ ਪਹਿਲੇ ਸ਼ਲੋਕ ਦਾ "ਮਹਲਾ 1" ਹੀ ਸਮਝਣਾ। }

ਪਦ ਅਰਥ: ਉਜਲਾ = ਪਵਿਤ੍ਰ। ਚਿਤਿ ਕਰੇਇ = ਚਿੱਤ ਵਿਚ ਵਸਾਂਦਾ ਹੈ। ਦੇਇ = ਦੇਂਦਾ ਹੈ। ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ {ਨੋਟ: ਲਫ਼ਜ਼ "ਸੇਵੀਐ" ਅਤੇ "ਸੇਵਿਐ" ਦੇ 'ਉੱਚਾਰਣ' ਅਤੇ 'ਅਰਥ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਵੰਞਨਿ = ਦੂਰ ਹੋ ਜਾਂਦੇ ਹਨ। ਰਵਹਿ = ਆ ਵੱਸਦੇ ਹਨ। ਮਨਿ = ਮਨ ਵਿਚ।

ਅਰਥ: ਮੇਰਾ ਮਾਲਕ (-ਪ੍ਰਭੂ) ਪਵਿਤ੍ਰ ਹੈ ਜੋ ਕੋਈ ਭੀ ਉਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ (ਉਹ ਭੀ ਪਵਿਤ੍ਰ ਹੋ ਜਾਂਦਾ ਹੈ) । ਹੇ ਨਾਨਕ! ਜੋ ਪ੍ਰਭੂ ਸਦਾ ਹੀ (ਜੀਵਾਂ ਨੂੰ ਦਾਤਾਂ) ਦੇਂਦਾ ਹੈ ਉਸ ਨੂੰ ਸਿਮਰਨਾ ਚਾਹੀਦਾ ਹੈ।

ਹੇ ਨਾਨਕ! ਉਸ ਪ੍ਰਭੂ ਨੂੰ ਹੀ ਸਿਮਰਨਾ ਚਾਹੀਦਾ ਹੈ ਜਿਸ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ, ਅਉਗਣ ਦੂਰ ਹੋ ਜਾਂਦੇ ਹਨ, ਗੁਣ (ਹਿਰਦੇ ਵਿਚ) ਵੱਸ ਪੈਂਦੇ ਹਨ ਤੇ ਸੁਖ ਮਨ ਵਿਚ ਆ ਵੱਸਦਾ ਹੈ।2।

ਪਉੜੀ ॥ ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥ ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥ ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਅਨੁ ॥ ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ ॥ {ਪੰਨਾ 956}

ਪਦ ਅਰਥ: ਲਾਇਅਨੁ = ਲਾਈ ਹੈ ਉਸ ਨੇ। ਗੁਰਮੁਖਿ = ਗੁਰੂ ਦੀ ਰਾਹੀਂ। ਪਤੀਆਈਨੁ = (ਸ੍ਰਿਸ਼ਟੀ) ਪਤੀਆਈ ਹੈ ਉਸ ਨੇ। ਇਕਿ = ਕਈ ਜੀਵ। ਉਝੜਿ = ਕੁਰਾਹੇ। ਲਾਇਅਨੁ = ਲਾਏ ਹਨ ਉਸ ਨੇ। ਨਾਇ = ਨਾਮ ਵਿਚ। ਲਾਈਅਨੁ = (ਦ੍ਰਿਸ਼ਟੀ) ਲਾਈ ਹੈ ਉਸ ਨੇ।

ਅਰਥ: (ਸ੍ਰਿਸ਼ਟੀ ਵਿਚ) ਪ੍ਰਭੂ ਆਪ ਹੀ (ਹਰ ਥਾਂ) ਮੌਜੂਦ ਹੈ ਉਸ ਨੇ ਆਪ ਹੀ ਤਾੜੀ ਲਾਈ ਹੋਈ ਹੈ (ਭਾਵ, ਆਪ ਹੀ ਗੁਪਤ ਵਰਤ ਰਿਹਾ ਹੈ) ; (ਗੁਰੂ-ਰੂਪ ਹੋ ਕੇ) ਆਪ ਹੀ (ਜੀਵਾਂ ਨੂੰ) ਉਪਦੇਸ਼ ਦੇ ਰਿਹਾ ਹੈ, ਗੁਰੂ ਦੀ ਰਾਹੀਂ ਆਪ ਹੀ ਉਸ ਨੇ ਸ੍ਰਿਸ਼ਟੀ ਨੂੰ ਪਤਿਆਇਆ ਹੈ। ਕਈ ਜੀਵ ਉਸ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ ਤੇ ਕਈ ਜੀਵ ਉਸ ਨੇ ਬੰਦਗੀ ਵਿਚ ਲਾਏ ਹੋਏ ਹਨ। ਪ੍ਰਭੂ ਆਪ ਜਿਸ ਜੀਵ ਨੂੰ ਸਮਝ ਦੇਂਦਾ ਹੈ ਉਹ ਹੀ (ਸਹੀ ਰਸਤੇ ਨੂੰ) ਸਮਝਦਾ ਹੈ, ਉਸ ਨੇ ਆਪ ਹੀ (ਸ੍ਰਿਸ਼ਟੀ) ਆਪਣੇ ਨਾਮ ਵਿਚ ਲਾਈ ਹੈ।

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਹੈ। 21।

TOP OF PAGE

Sri Guru Granth Darpan, by Professor Sahib Singh