ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 957

ਰਾਮਕਲੀ ਕੀ ਵਾਰ ਮਹਲਾ ੫ {ਪੰਨਾ 957}

ਰਾਮਕਲੀ ਕੀ ਵਾਰ ਮਹਲਾ ੫

ਪਉੜੀ-ਵਾਰ ਭਾਵ:

1. ਇਹ ਸਾਰੀ ਜਗਤ ਰਚਨਾ ਪਰਮਾਤਮਾ ਨੇ ਆਪ ਰਚੀ ਹੈ, ਅਤੇ ਇਸ ਵਿਚ ਹਰ ਥਾਂ ਉਹ ਆਪ ਹੀ ਵਿਆਪਕ ਹੈ। ਇਤਨੀ ਬੇਅੰਤ ਕੁਦਰਤਿ ਰਚਣ ਵਾਲਾ ਉਹ ਆਪ ਹੀ ਹੈ। ਇਸ ਕੰਮ ਵਿਚ ਕੋਈ ਉਸ ਦਾ ਸਲਾਹਕਾਰ ਨਹੀਂ ਹੈ।

2. ਜਗਤ ਵਿਚ ਬੇਅੰਤ ਜੀਅ-ਜੰਤ ਪੈਦਾ ਕਰ ਕੇ ਸਭ ਨੂੰ ਰਿਜ਼ਕ ਭੀ ਉਹ ਪਰਮਾਤਮਾ ਆਪ ਹੀ ਅਪੜਾਂਦਾ ਹੈ। ਸਭਨਾਂ ਦਾ ਆਸਰਾ-ਪਰਨਾ ਉਹ ਆਪ ਹੀ ਹੈ। ਜੀਵਾਂ ਦੀ ਪਾਲਣਾ ਇਉਂ ਕਰਦਾ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ। ਕਿਸੇ ਨੂੰ ਕਿਸੇ ਗੋਚਰਾ ਨਹੀਂ ਰੱਖਦਾ।

3. ਪਰਮਾਤਮਾ ਸਭ ਜੀਵਾਂ ਦੇ ਅੰਗ-ਸੰਗ ਵੱਸਦਾ ਹੈ। ਕੋਈ ਜੀਵ ਕੋਈ ਕੰਮ ਉਸ ਤੋਂ ਲੁਕਾ-ਛੁਪਾ ਕੇ ਨਹੀਂ ਕਰ ਸਕਦਾ। ਜਗਤ ਵਿਚ ਕਾਮਾਦਿਕ ਅਨੇਕਾਂ ਵਿਕਾਰ ਭੀ ਹਨ। ਪਰਮਾਤਮਾ ਜਿਸ ਮਨੁੱਖ ਨੂੰ ਆਤਮਕ ਤਾਕਤ ਬਖ਼ਸ਼ਦਾ ਹੈ ਉਹ ਇਹਨਾਂ ਵਿਕਾਰਾਂ ਵਿਚ ਖ਼ੁਆਰ ਹੋਣੋਂ ਬਚ ਜਾਂਦਾ ਹੈ।

4. ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੀ ਸਰਨ ਵਿਚ ਰੱਖ ਕੇ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ ਉਸ ਦਾ ਮਨ ਪਰਮਾਤਮਾ ਦੇ ਪਿਆਰ-ਰੰਗ ਵਿਚ ਇਤਨਾ ਰੰਗਿਆ ਜਾਂਦਾ ਹੈ ਕਿ ਕਾਮਾਦਿਕ ਵਿਕਾਰ ਉਸ ਉਤੇ ਜ਼ੋਰ ਨਹੀਂ ਪਾ ਸਕਦੇ। ਅਜੇਹੇ ਮਨੁੱਖ ਦੀ ਸੰਗਤਿ ਵਿਚ ਹੋਰ ਭੀ ਅਨੇਕਾਂ ਬੰਦੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲੈਂਦੇ ਹਨ।

5. ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਬੰਦਿਆਂ ਦੀ ਸੰਗਤਿ ਵਿਚ ਰਹਿ ਕੇ ਉਹ ਮਨ ਭੀ ਪਵਿੱਤਰ ਹੋ ਜਾਂਦਾ ਹੈ ਜੋ ਵਿਕਾਰਾਂ ਨਾਲ ਮੈਲਾ ਹੋ ਕੇ ਵਿਕਾਰ-ਰੂਪ ਹੀ ਹੋ ਚੁੱਕਾ ਹੁੰਦਾ ਹੈ। ਅਜੇਹੇ ਗੁਰਮੁਖਾਂ ਦੀ ਸੰਗਤਿ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦੀ ਹੈ। ਜਿਸ ਦੇ ਮੱਥੇ ਦੇ ਭਾਗ ਜਾਗ ਪੈਣ, ਉਸੇ ਨੂੰ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਹੁੰਦੀ ਹੈ।

6. ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗਦੀ ਹੈ ਉਸ ਦੇ ਅੰਦਰੋਂ ਤੰਗ-ਦਿਲੀ ਦੂਰ ਹੋ ਜਾਂਦੀ ਹੈ ਉਸ ਨੂੰ ਸਾਰਾ ਸੰਸਾਰ ਹੀ ਇਕ ਵੱਡਾ ਪਰਵਾਰ ਦਿੱਸਣ ਲੱਗ ਪੈਂਦਾ ਹੈ। ਕੋਈ ਚਿੰਤਾ ਉਸ ਨੂੰ ਪੋਹ ਨਹੀਂ ਸਕਦੀ।

7. ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਉਸ ਦਾ ਆਪਾ-ਭਾਵ ਮਿਟ ਜਾਂਦਾ ਹੈ, ਉਹ ਮਾਇਆ ਦੇ ਹੱਲਿਆਂ ਦੇ ਟਾਕਰੇ ਤੇ ਅਡੋਲ ਹੋ ਜਾਂਦਾ ਹੈ ਤ੍ਰਿਸ਼ਨਾ ਦੀ ਅੱਗ ਉਸ ਨੂੰ ਪੋਹ ਨਹੀਂ ਸਕਦੀ। ਇਹ ਸੁਚੱਜਾ ਜੀਵਨ ਉਸ ਨੂੰ ਗੁਰੂ ਪਾਸੋਂ ਹਾਸਲ ਹੁੰਦਾ ਹੈ।

8. ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਕੋਈ ਵਿਕਾਰ ਉਸ ਦੇ ਆਤਮਕ ਜੀਵਨ ਨੂੰ ਵਿਗਾੜ ਨਹੀਂ ਸਕਦਾ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਤੇ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ।

9. ਪਰਮਾਤਮਾ ਹਰ ਥਾਂ ਹਰੇਕ ਜੀਵ ਦੀ ਸੰਭਾਲ ਕਰਦਾ ਹੈ। ਜਿਸ ਉਤੇ ਉਸ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਆਤਮਕ ਜੀਵਨ ਦੀ ਬੇੜੀ ਨੂੰ ਸਹੀ-ਸਲਾਮਤ ਪਾਰ ਲੰਘਾ ਲੈਂਦਾ ਹੈ।

10. ਪਰਮਾਤਮਾ ਉਹਨਾਂ ਬੰਦਿਆਂ ਨਾਲ ਪਿਆਰ ਕਰਦਾ ਹੈ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਪਰਮਾਤਮਾ ਨੂੰ ਹੀ ਆਪਣਾ ਆਸਰਾ-ਪਰਨਾ ਬਣਾਈ ਰੱਖਦੇ ਹਨ। ਵਿਖਾਵੇ ਦੇ ਤਰਲੇ, ਧਰਮ-ਪੁਸਤਕਾਂ ਦੇ ਪਠਨ-ਪਾਠਨ, ਤੀਰਥ-ਇਸ਼ਨਾਨ, ਧਰਤੀ ਦਾ ਰਟਨ, ਚਤੁਰਾਈ-ਸਿਆਣਪ = ਅਜੇਹਾ ਕੋਈ ਭੀ ਸਾਧਨ ਪਰਮਾਤਮਾ ਦਾ ਪਿਆਰ ਜਿੱਤਣ ਜੋਗਾ ਨਹੀਂ ਹੈ।

11. ਜਿਸ ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ ਲਗਨ ਲੱਗ ਜਾਂਦੀ ਹੈ, ਉਹ ਵਿਕਾਰਾਂ ਦੇ ਢਹੇ ਚੜ੍ਹ ਕੇ ਮਨੁੱਖਾ ਜਨਮ ਦੀ ਬਾਜ਼ੀ ਹਾਰਦਾ ਨਹੀਂ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਹ ਮਨੁੱਖ ਦੀ ਆਤਮਕ ਖ਼ੁਰਾਕ ਬਣ ਜਾਂਦੀ ਹੈ। ਇਸ ਖ਼ੁਰਾਕ ਤੋਂ ਬਿਨਾ ਉਹ ਰਹਿ ਨਹੀਂ ਸਕਦਾ।

12. ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਸੁਣ ਕੇ ਮਨੁੱਖ ਦੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮਨੁੱਖ ਦੇ ਅੰਦਰੋਂ ਪਸ਼ੂ-ਸੁਭਾਉ ਨੀਵਾਂ ਸੁਭਾਉ ਦੂਰ ਹੋ ਜਾਂਦਾ ਹੈ। ਨਾਮ ਦੀ ਬਰਕਤਿ ਨਾਲ ਮਾਇਆ ਦੀ ਭੁੱਖ-ਤ੍ਰਿਹ ਮਿਟ ਜਾਂਦੀ ਹੈ, ਕੋਈ ਦੁੱਖ ਕੋਈ ਵਿਕਾਰ ਮਨੁੱਖ ਦੇ ਮਨ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਪਰ ਇਹ ਨਾਮ-ਹੀਰਾ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਪ੍ਰਾਪਤ ਹੁੰਦਾ ਹੈ।

13. ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਜੀਵਨ-ਬਾਜ਼ੀ ਹਾਰ ਕੇ ਨਹੀਂ ਜਾਂਦਾ। ਗੁਰੂ ਉਸ ਨੂੰ ਜ਼ਰੂਰ ਵਿਕਾਰਾਂ ਦੀਆਂ ਲਹਿਰਾਂ ਵਿਚ ਡੁੱਬਣੋਂ ਬਚਾ ਲੈਂਦਾ ਹੈ, ਮਾਇਆ ਵਾਲੀ ਭਟਕਣਾ ਉਸ ਦੇ ਅੰਦਰੋਂ ਮੁੱਕ ਜਾਂਦੀ ਹੈ। ਉਹ ਮਨੁੱਖ ਸਭਨਾਂ ਦੀ ਧੂੜ ਬਣਿਆ ਰਹਿੰਦਾ ਹੈ।

14. ਪਰਮਾਤਮਾ ਦੀ ਯਾਦ ਤੋਂ ਖੁੰਝਿਆਂ ਮਨੁੱਖ ਨੂੰ ਸਾਰੇ ਦੁੱਖ-ਕਲੇਸ਼ ਆ ਦਬਾਂਦੇ ਹਨ, ਕਿਸੇ ਭੀ ਉਪਾਵ ਨਾਲ ਇਹਨਾਂ ਤੋਂ ਖ਼ਲਾਸੀ ਨਹੀਂ ਹੁੰਦੀ। ਆਤਮਕ ਗੁਣਾਂ ਵਲੋਂ ਉਹ ਮਨੁੱਖ ਕੰਗਾਲ ਹੀ ਰਹਿੰਦਾ ਹੈ, ਅਨੇਕਾਂ ਵਿਕਾਰਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ, ਸਾਰੀ ਉਮਰ ਉਹ 'ਮੈਂ, ਮੈਂ' ਕਰਨ ਵਿਚ ਹੀ ਗੁਜ਼ਾਰਦਾ ਹੈ, ਤੇ ਖਿੱਝਿਆ ਹੀ ਰਹਿੰਦਾ ਹੈ।

15. ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਸਾਰੇ ਗਿਆਨ-ਇੰਦ੍ਰੇ ਵੱਸ ਵਿਚ ਆਏ ਰਹਿੰਦੇ ਹਨ ਉਸ ਦੇ ਅੰਦਰੋਂ ਮਾਇਆ ਦੀ ਖ਼ਾਤਰ ਭਟਕਣਾ ਦੀ ਝਾਕ ਮੁੱਕ ਜਾਂਦੀ ਹੈ, ਉਸ ਨੂੰ ਹਰੇਕ ਦੇ ਅੰਦਰ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਦੀ ਸੁਰਤਿ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ।

16. ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ। ਪਰਮਾਤਮਾ ਨਾਲ ਸਦਾ ਸਾਂਝ ਪਾਈ ਰੱਖਣ ਵਾਲੇ ਬੰਦਿਆਂ ਉਤੇ ਕੋਈ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ।

17. ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਜਿਹੜਾ ਮਨੁੱਖ ਉਸ ਦੀ ਸੇਵਾ-ਭਗਤੀ ਵਿਚ ਲੱਗਦਾ ਹੈ ਉਹ ਵਿਕਾਰਾਂ ਦੇ ਹੱਲਿਆਂ ਵਲੋਂ ਸਦਾ ਸੁਚੇਤ ਰਹਿੰਦਾ ਹੈ, ਉਹ ਆਪਣੇ ਮਨ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ ਉਹ ਵਿਕਾਰਾਂ ਦਾ ਟਾਕਰਾ ਕਰਨ ਜੋਗਾ ਹੋ ਜਾਂਦਾ ਹੈ।

18. ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪਰਮਾਤਮਾ ਸਭ ਜੀਵਾਂ ਵਿਚ ਮੌਜੂਦ ਹੈ, ਤੇ, ਸਭ ਤਾਕਤਾਂ ਦਾ ਮਾਲਕ ਹੈ, ਇਤਨੇ ਜਗਤ-ਖਿਲਾਰੇ ਦਾ ਮਾਲਕ ਹੁੰਦਿਆਂ ਵੀ ਉਸ ਨੂੰ ਕੋਈ ਖਿੱਝ ਨਹੀਂ ਹੁੰਦੀ।

19. ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਉਸ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ ਜਿਸ ਦੀ ਬਰਕਤਿ ਨਾਲ ਉਸ ਦਾ ਜੀਵਨ ਬਹੁਤ ਉੱਚਾ ਹੋ ਜਾਂਦਾ ਹੈ।

20. ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਹਰਿ-ਨਾਮ ਦੀ ਦਾਤਿ ਮਿਲਦੀ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਇਸ ਜਗਤ-ਖਿਲਾਰੇ ਦਾ ਰਚਣਹਾਰ ਪਰਮਾਤਮਾ ਆਪ ਹੀ ਹੈ, ਇਸ ਵਿਚ ਹਰ ਥਾਂ ਵਿਆਪਕ ਹੁੰਦਿਆਂ ਉਹ ਇਸ ਤੋਂ ਨਿਰਲੇਪ ਭੀ ਰਹਿੰਦਾ ਹੈ। ਹਰਿ-ਨਾਮ ਦੀ ਬਰਕਤਿ ਨਾਲ ਉਸ ਮਨੁੱਖ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ।

21. ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਨੂੰ ਨਾਮ ਦੀ ਦਾਤਿ ਮਿਲਦੀ ਹੈ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। ਇਸ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਰਮਾਤਮਾ ਉਸ ਦੀ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤ ਪਾਰ ਲੰਘਾ ਦੇਂਦਾ ਹੈ, ਉਸ ਨੂੰ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਖੂਹ ਵਿਚੋਂ ਬਾਹਰ ਕੱਢ ਲੈਂਦਾ ਹੈ।

22. ਸਿਮਰਨ ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਪਰਮਾਤਮਾ ਨੇ ਆਪ ਹੀ ਇਹ ਜਗਤ ਰਚਿਆ ਹੈ ਤੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ, ਸਰਬ-ਵਿਆਪਕ ਹੁੰਦਾ ਹੋਇਆ ਉਹ ਨਿਰਲੇਪ ਭੀ ਹੈ।

ਮੁੱਖ-ਭਾਵ:

ਇਸ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਤੇ ਇਸ ਵਿਚ ਹਰ ਥਾਂ ਵਿਆਪਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ, ਗੁਰੂ ਦੀ ਸਰਨ ਪਾ ਕੇ ਉਸ ਨੂੰ ਆਪਣੀ ਸਿਫ਼ਤਿ-ਸਾਲਾਹ ਬਖ਼ਸ਼ਦਾ ਹੈ।

ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦਾ ਆਤਮਕ ਜੀਵਨ ਬਹੁਤ ਉੱਚਾ ਹੋ ਜਾਂਦਾ ਹੈ, ਕੋਈ ਵਿਕਾਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।

'ਵਾਰ' ਦੀ ਬਣਤਰ

ਇਸ 'ਵਾਰ' ਵਿਚ 22 ਪਉੜੀਆਂ ਹਨ, ਹਰੇਕ ਪਉੜੀ ਵਿਚ ਅੱਠ ਅੱਠ ਤੁਕਾਂ ਹਨ। ਕਿਸੇ ਭੀ ਪਉੜੀ ਵਿਚ ਗਿਣਤੀ ਦੀ ਉਲੰਘਣਾ ਨਹੀਂ ਹੈ।

ਇਸ 'ਵਾਰ' ਦੇ ਨਾਲ ਜੋ ਸ਼ਲੋਕ ਦਰਜ ਹਨ ਉਹ ਭੀ 'ਵਾਰ' ਵਾਂਗ ਸਾਰੇ ਗੁਰੂ ਅਰਜਨ ਸਾਹਿਬ ਦੇ ਹੀ ਹਨ। ਪਰ ਕਈ ਸ਼ਲੋਕ ਬਹੁਤ ਵੱਡੇ ਹਨ ਤੇ ਕਈ ਸ਼ਲੋਕ ਸਿਰਫ਼ ਦੋ ਦੋ ਤੁਕਾਂ ਦੇ ਹਨ। ਪਉੜੀ ਨੰ: 20 ਦੇ ਨਾਲ ਦਰਜ ਸ਼ਲੋਕ ਹਨ ਤਾਂ ਗੁਰੂ ਅਰਜਨ ਸਾਹਿਬ ਦੇ, ਪਰ ਹਨ ਇਹ ਕਬੀਰ ਜੀ ਦੇ ਇਕ ਸ਼ਲੋਕ ਦੇ ਪਰਥਾਇ। ਪਉੜੀ ਨੰ: 21 ਦੇ ਨਾਲ ਦਰਜ ਸ਼ਲੋਕ ਭੀ ਹਨ ਤਾਂ ਗੁਰੂ ਅਰਜਨ ਸਾਹਿਬ ਦੇ, ਪਰ ਇਹ ਹਨ ਬਾਬਾ ਫਰੀਦ ਜੀ ਦੇ ਇਕ ਸ਼ਲੋਕ ਦੇ ਪਰਥਾਇ। ਇਸ ਵਿਚਾਰ ਤੋਂ ਯਕੀਨੀ ਨਤੀਜਾ ਇਹ ਨਿਕਲਦਾ ਹੈ ਕਿ ਪਉੜੀਆਂ ਅਤੇ ਸ਼ਲੋਕ ਇਕੋ ਸਮੇ ਦੇ ਉਚਾਰੇ ਹੋਏ ਨਹੀਂ ਹਨ। ਇਹ 'ਵਾਰ' ਪਹਿਲਾਂ ਸਿਰਫ਼ ਪਉੜੀਆਂ ਦਾ ਹੀ ਸੰਗ੍ਰਹ ਸੀ।

ਇਸ ਦੇ ਟਾਕਰੇ ਤੇ ਵੇਖੋ ਗੁਰੂ ਅਰਜਨ ਸਾਹਿਬ ਦੀ ਜੈਤਸਰੀ ਰਾਗ ਦੀ 'ਵਾਰ'। ਉਥੇ ਪਉੜੀਆਂ ਦੀ ਇਕ ਸਾਰਤਾ ਵਾਂਗ ਸ਼ਲੋਕ ਭੀ ਇਕ ਸਾਰ ਹੀ ਹਨ। ਸ਼ਲੋਕਾਂ ਤੇ ਪਉੜੀਆਂ ਦੇ ਲਫ਼ਜ਼ ਭੀ ਮਿਲਦੇ-ਜੁਲਦੇ ਹਨ। ਸਾਫ਼ ਪਰੱਤਖ ਹੈ ਕਿ ਉਹ 'ਵਾਰ' ਸ਼ਲੋਕਾਂ ਸਮੇਤ ਇਕੋ ਸਮੇ ਦੀ ਹੀ ਲਿਖੀ ਹੋਈ ਹੈ।

ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੫ ॥ ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥ ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥ ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥ {ਪੰਨਾ 957}

ਪਦ ਅਰਥ: ਬਸੀਠੁ = ਵਿਚੋਲਾ, ਵਕੀਲ। ਮੰਤ੍ਰੁ = ਉਪਦੇਸ਼। ਧੁਰੇ = ਧੁਰ ਤੋਂ, ਮੁੱਢ ਤੋਂ। ਸੰਜੋਗੁ = ਮੇਲ, ਮਿਲਾਪ।

ਅਰਥ: ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ (ਅੱਖੀਂ) ਵੇਖ ਲਿਆ ਹੈ, ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ, ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ (ਜੀਵ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ ਉਸ ਦਾ) ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ।

ਪਰ, ਹੇ ਨਾਨਕ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ।1।

ਮਃ ੫ ॥ ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥ ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥ ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥ ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥ {ਪੰਨਾ 957}

ਪਦ ਅਰਥ: ਵਾਦਿ = ਝਗੜਾ ਕਰਨ ਵਾਲੇ, ਵੈਰੀ। ਬਾਦਿ = ਵਿਅਰਥ। ਸਾਕਤ = ਰੱਬ ਨਾਲੋਂ ਟੁੱਟੇ ਹੋਏ। ਸਾਦਿ = ਸੁਆਦ ਵਿਚ। ਨਾਨਕਿ = ਨਾਨਕ ਨੇ। ਪਰਸਾਦਿ = ਮੇਹਰ ਨਾਲ। ਬੁਝਿਆ = ਗਿਆਨ ਹਾਸਲ ਕਰ ਲਿਆ ਹੈ, ਸਾਂਝ ਪਾ ਲਈ ਹੈ।

ਅਰਥ: ਜੇ ਇਕ ਪ੍ਰਭੂ ਮਿਤ੍ਰ ਬਣ ਜਾਏ ਤਾਂ ਸਾਰੇ ਜੀਵ ਮਿੱਤ੍ਰ ਬਣ ਜਾਂਦੇ ਹਨ; ਪਰ ਜੇ ਇਕ ਅਕਾਲ ਪੁਰਖ ਵੈਰੀ ਹੋ ਜਾਏ ਤਾਂ ਸਾਰੇ ਜੀਵ ਵੈਰੀ ਬਣ ਜਾਂਦੇ ਹਨ (ਭਾਵ, ਇਕ ਪ੍ਰਭੂ ਨੂੰ ਮਿੱਤ੍ਰ ਬਣਾਇਆਂ ਸਾਰੇ ਜੀਵ ਪਿਆਰੇ ਲੱਗਦੇ ਹਨ, ਤੇ ਪ੍ਰਭੂ ਤੋਂ ਵਿੱਛੁੜਿਆਂ ਜਗਤ ਦੇ ਸਾਰੇ ਜੀਵਾਂ ਨਾਲੋਂ ਵਿੱਥ ਪੈ ਜਾਂਦੀ ਹੈ) । ਇਹ ਗੱਲ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਕਿ ਨਾਮ ਸਿਮਰਨ ਤੋਂ ਬਿਨਾ (ਪ੍ਰਭੂ ਨੂੰ ਸੱਜਣ ਬਣਾਉਣ ਤੋਂ ਬਿਨਾ) ਹੋਰ ਹਰੇਕ ਕਾਰ ਵਿਅਰਥ ਹੈ, (ਕਿਉਂਕਿ) ਰੱਬ ਤੋਂ ਟੁੱਟੇ ਹੋਏ ਵਿਕਾਰੀ ਬੰਦੇ ਜੋ ਮਾਇਆ ਦੇ ਸੁਆਦ ਵਿਚ ਮਸਤ ਰਹਿੰਦੇ ਹਨ ਉਹ ਭਟਕਦੇ ਫਿਰਦੇ ਹਨ।

ਦਾਸ ਨਾਨਕ ਨੇ ਸਤਿਗੁਰੂ ਦੀ ਮੇਹਰ ਦਾ ਸਦਕਾ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ।2।

ਪਉੜੀ ॥ ਥਟਣਹਾਰੈ ਥਾਟੁ ਆਪੇ ਹੀ ਥਟਿਆ ॥ ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥ ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥ ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥ ਅਗਮ ਅਥਾਹ ਬੇਅੰਤ ਪਰੈ ਪਰਟਿਆ ॥ ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥ ਕੋਇ ਨ ਜਾਣੈ ਕੀਮ ਕੇਵਡੁ ਮਟਿਆ ॥ ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥ {ਪੰਨਾ 957}

ਪਦ ਅਰਥ: ਥਟਣਹਾਰੈ = ਬਣਾਣ ਵਾਲੇ (ਪ੍ਰਭੂ) ਨੇ। ਥਾਟੁ = ਬਨਾਵਟ। ਆਪੇ = ਆਪ ਹੀ। ਥਟਿਆ = ਬਣਾਇਆ। ਖਟਿਆ = (ਹਰਿ-ਨਾਮ ਵਪਾਰ ਦੀ) ਕਮਾਈ ਕੀਤੀ ਹੈ। ਪਸਾਰੁ = ਜਗ-ਰਚਨਾ ਦਾ ਖਿਲਾਰਾ। ਰਟਿਆ = ਰੱਤਾ ਹੋਇਆ। ਕੀਮ = ਕੀਮਤ। ਅਲਖ = ਜਿਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਪਰੈ ਪਰਟਿਆ = ਪਰੇ ਤੋਂ ਪਰੇ। ਵਜੀਰਟਿਆ = ਵਜ਼ੀਰ, ਸਲਾਹ ਦੇਣ ਵਾਲਾ। ਮਟਿਆ = ਮਟ, ਟਿਕਾਣਾ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਸਨਮੁਖ ਹੋਇਆਂ, ਗੁਰੂ ਦੇ ਦੱਸੇ ਰਾਹ ਉਤੇ ਤੁਰਿਆਂ।

ਅਰਥ: ਬਣਾਣ ਵਾਲੇ (ਪ੍ਰਭੂ) ਨੇ ਆਪ ਹੀ ਇਹ (ਜਗਤ-) ਬਣਤਰ ਬਣਾਈ ਹੈ। (ਇਹ ਜਗਤ-ਹੱਟ ਵਿਚ) ਉਹ ਆਪ ਹੀ ਪੂਰਾ ਸ਼ਾਹ ਹੈ, ਤੇ ਆਪ ਹੀ (ਆਪਣੇ ਨਾਮ ਦੀ) ਖੱਟੀ ਖੱਟ ਰਿਹਾ ਹੈ। ਪ੍ਰਭੂ ਆਪ ਹੀ (ਜਗਤ-) ਖਿਲਾਰਾ ਖਿਲਾਰ ਕੇ ਆਪ ਹੀ (ਇਸ ਖਿਲਾਰੇ ਦੇ) ਰੰਗਾਂ ਵਿਚ ਮਿਲਿਆ ਹੋਇਆ ਹੈ। ਉਸ ਅਲੱਖ ਪਰਮਾਤਮਾ ਦੀ ਰਚੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ। ਪ੍ਰਭੂ ਅਪਹੁੰਚ ਹੈ, (ਉਹ ਇਕ ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੇ ਤੋਂ ਪਰੇ ਹੈ।

ਪ੍ਰਭੂ ਆਪ ਹੀ ਵੱਡਾ ਪਾਤਿਸ਼ਾਹ ਹੈ, ਆਪ ਹੀ ਆਪਣਾ ਸਲਾਹਕਾਰ ਹੈ। ਕੋਈ ਜੀਵ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪਾ ਸਕਦਾ, ਕੋਈ ਨਹੀਂ ਜਾਣਦਾ ਕਿ ਉਸ ਦਾ ਕੇਡਾ ਵੱਡਾ (ਉੱਚਾ) ਟਿਕਾਣਾ ਹੈ। ਪ੍ਰਭੂ ਆਪ ਹੀ ਸਦਾ-ਥਿਰ ਰਹਿਣ ਵਾਲਾ ਮਾਲਕ ਹੈ। ਗੁਰੂ ਦੀ ਰਾਹੀਂ ਹੀ ਉਸ ਦੀ ਸੋਝੀ ਪੈਂਦੀ ਹੈ।1।

ਸਲੋਕੁ ਮਃ ੫ ॥ ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥ ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥ ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥ ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥ {ਪੰਨਾ 957}

ਪਦ ਅਰਥ: ਮੈ = ਮੈਨੂੰ। ਹਉ = ਮੈਂ। ਤਿਸੁ = ਉਸ (ਗੁਰੂ) ਨੂੰ। ਬਾਹਰਾ = ਬਾਝੋਂ। ਸੰਸਾਰਿ = ਜਗਤ ਵਿਚ। ਮਿਲਾਇਅਨੁ = ਮਿਲਾਇਆ ਹੈ ਉਸ (ਪ੍ਰਭੂ) ਨੇ। ਵਰਤੈ = ਰਹਿੰਦਾ ਹੈ। ਧ੍ਰਿਗੁ = ਫਿਟਕਾਰ-ਜੋਗ।

ਅਰਥ: ਹੇ ਮੇਰੇ ਪਿਆਰੇ ਸੱਜਣ ਪ੍ਰਭੂ! (ਮੇਰੀ ਬੇਨਤੀ) ਸੁਣ, ਮੈਨੂੰ ਗੁਰੂ ਦਾ ਦੀਦਾਰ ਕਰਾ ਦੇਹ; ਮੈਂ ਗੁਰੂ ਨੂੰ ਆਪਣਾ ਮਨ ਦੇ ਦੇਵਾਂਗਾ ਤੇ ਉਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਾਂਗਾ, (ਕਿਉਂਕਿ) ਇਕ ਗੁਰੂ ਤੋਂ ਬਿਨਾ ਜਗਤ ਵਿਚ ਜਿਊਣਾ ਫਿਟਕਾਰ-ਜੋਗ ਹੈ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਜਗਤ ਵਿਚ ਫਿਟਕਾਰਾਂ ਹੀ ਪੈਂਦੀਆਂ ਹਨ) । ਹੇ ਦਾਸ ਨਾਨਕ! ਉਸ (ਪ੍ਰਭੂ) ਨੇ ਉਹਨਾਂ (ਭਾਗਾਂ ਵਾਲਿਆਂ) ਨੂੰ ਗੁਰੂ ਮਿਲਾਇਆ ਹੈ, ਜਿਨ੍ਹਾਂ ਦੇ ਨਾਲ ਪ੍ਰਭੂ ਆਪ ਸਦਾ ਵੱਸਦਾ ਹੈ।1।

ਮਃ ੫ ॥ ਮੇਰੈ ਅੰਤਰਿ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹਿ ॥ ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ ॥ ਗੁਰਿ ਪੂਰੈ ਮੇਲਾਇਆ ਜਤ ਦੇਖਾ ਤਤ ਸੋਇ ॥ ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਨ ਕੋਇ ॥੨॥ {ਪੰਨਾ 957}

ਪਦ ਅਰਥ: ਲੋਚਾ = ਤਾਂਘ। ਪਾਵਾ = ਪਾਵਾਂ, ਮਿਲਾਂ। ਪ੍ਰਭ = ਹੇ ਪ੍ਰਭੂ! ਤੋਹਿ = ਤੈਨੂੰ। ਲੋੜਿ ਲਹੁ = ਲੱਭ ਦਿਉ। ਮੋਹਿ = ਮੈਨੂੰ। ਗੁਰਿ ਪੂਰੈ = ਪੂਰੇ ਗੁਰੂ ਨੇ। ਜਤ = ਜਿਧਰ। ਤਤ = ਓਧਰ। ਸੇਵਿਆ = ਸਿਮਰਿਆ ਹੈ। ਜੇਵਡੁ = ਜੇਡਾ, ਬਰਾਬਰ ਦਾ।

ਅਰਥ: ਹੇ ਪ੍ਰਭੂ! ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ ਤਾਂਘ ਹੈ, ਕਿਵੇਂ ਤੈਨੂੰ ਮਿਲਾਂ? (ਹੇ ਭਾਈ!) ਮੈਨੂੰ ਕੋਈ ਅਜੇਹਾ ਮਿੱਤਰ ਲੱਭ ਦਿਉ ਜੋ ਮੈਨੂੰ ਪਿਆਰਾ ਪ੍ਰਭੂ ਮਿਲਾ ਦੇਵੇ। (ਮੇਰੀ ਅਰਜ਼ੋਈ ਸੁਣ ਕੇ) ਪੂਰੇ ਗੁਰੂ ਨੇ ਮੈਨੂੰ ਪ੍ਰਭੂ ਮਿਲਾ ਦਿੱਤਾ ਹੈ, (ਹੁਣ) ਮੈਂ ਜਿਧਰ ਤੱਕਦਾ ਹਾਂ ਓਧਰ ਉਹ ਪ੍ਰਭੂ ਹੀ ਦਿੱਸਦਾ ਹੈ। ਹੇ ਦਾਸ ਨਾਨਕ! (ਆਖ-) ਮੈਂ ਹੁਣ ਉਸ ਪ੍ਰਭੂ ਨੂੰ ਸਿਮਰਦਾ ਹਾਂ, ਉਸ ਪ੍ਰਭੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।2।

ਪਉੜੀ ॥ ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥ ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥ ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ ॥ ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥ ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥ ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ ॥ ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥ ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥ {ਪੰਨਾ 957}

ਪਦ ਅਰਥ: ਕਿਤੁ ਮੁਖਿ = ਕੇਹੜੇ ਮੂੰਹ ਨਾਲ? ਧਾਰਿ = ਧਾਰ ਕੇ, ਕਰ ਕੇ। ਸਮਾਹੀਐ = ਅਪੜਾਂਦਾ ਹੈ। ਵਸਿ = ਵੱਸ ਵਿਚ, ਆਸਰੇ। ਇਕ ਧਰ = ਇਕ (ਪ੍ਰਭੂ ਹੀ) ਆਸਰਾ। ਕਰ = ਹੱਥ {ਬਹੁ-ਵਚਨ}। ਬਿਨੋਦ = ਖੇਲ-ਤਮਾਸ਼ੇ। ਸਰਬ ਧਾਰ = ਸਭ ਨੂੰ ਆਸਰਾ ਦੇਣ ਵਾਲਾ। ਹਉ = ਮੈਂ। ਜੋ ਪਾਹਿ = ਜੇਹੜੇ (ਬੰਦੇ) ਪੈਂਦੇ ਹਨ। ਤਿਨੀ = ਉਹਨਾਂ ਨੇ ਹੀ। ਰਸੁ = ਆਨੰਦ। ਭੋਗਿਆ = ਮਾਣਿਆ।

ਅਰਥ: (ਸਭ ਜੀਵਾਂ ਨੂੰ ਰਿਜ਼ਕ) ਦੇਣ ਵਾਲੇ ਦਾਤੇ ਪ੍ਰਭੂ ਨੂੰ ਕਿਸੇ ਮੂੰਹ ਨਾਲ ਭੀ ਸਲਾਹਿਆ ਨਹੀਂ ਜਾ ਸਕਦਾ (ਕੋਈ ਭੀ ਜੀਵ ਉਸ ਦੀ ਸਿਫ਼ਤਿ ਪੂਰੀ ਤਰ੍ਹਾਂ ਨਹੀਂ ਕਰ ਸਕਦਾ) । ਪ੍ਰਭੂ ਮੇਹਰ ਕਰ ਕੇ ਜਿਸ ਜੀਵ ਦੀ ਰਾਖੀ ਕਰਦਾ ਹੈ ਉਸ ਨੂੰ ਰਿਜ਼ਕ ਅਪੜਾਂਦਾ ਹੈ। (ਅਸਲ ਵਿਚ) ਕੋਈ ਜੀਵ ਕਿਸੇ (ਹੋਰ ਜੀਵ) ਦੇ ਆਸਰੇ ਨਹੀਂ ਹੈ, ਸਭਨਾਂ ਜੀਵਾਂ ਦਾ ਆਸਰਾ ਇਕ ਪਰਮਾਤਮਾ ਹੀ ਹੈ। ਉਹ ਆਪ ਹੀ (ਆਪਣੇ) ਹੱਥ ਦੇ ਕੇ ਬਾਲਕ ਵਾਂਗ ਪਾਲਦਾ ਹੈ।

ਪ੍ਰਭੂ ਆਪ ਹੀ ਚੋਜ-ਤਮਾਸ਼ੇ ਕਰ ਰਿਹਾ ਹੈ, (ਉਸ ਦੇ ਇਹਨਾਂ ਚੋਜ-ਤਮਾਸ਼ਿਆਂ ਦੀ) ਕੋਈ ਸਮਝ ਨਹੀਂ ਪੈ ਸਕਦੀ। ਮੈਂ ਸਦਕੇ ਹਾਂ ਉਸ ਪ੍ਰਭੂ ਤੋਂ ਜੋ ਸਭ ਜੀਵਾਂ ਦਾ ਆਸਰਾ ਹੈ ਤੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।

ਰਾਤ ਦਿਨੇ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ। ਪਰਮਾਤਮਾ ਹੀ ਇਕ ਐਸੀ ਹਸਤੀ ਹੈ ਜਿਸ ਦੇ ਗੁਣ ਗਾਣੇ ਚਾਹੀਦੇ ਹਨ। (ਪਰ) ਉਹਨਾਂ ਬੰਦਿਆਂ ਨੇ ਪ੍ਰਭੂ (ਦੇ ਗੁਣ ਗਾਵਣ) ਦਾ ਆਨੰਦ ਮਾਣਿਆ ਹੈ ਜੋ ਸਤਿਗੁਰੂ ਦੇ ਚਰਨਾਂ ਤੇ ਪੈਂਦੇ ਹਨ।2।

ਸਲੋਕ ਮਃ ੫ ॥ ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ ॥ ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ ॥ ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ ॥ ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥ {ਪੰਨਾ 957}

ਪਦ ਅਰਥ: ਭੀੜਹੁ = ਭੀੜ ਤੋਂ, ਮੁਸੀਬਤ ਤੋਂ। ਮੋਕਲਾਈ = ਖ਼ਲਾਸੀ। ਕੀਤੀਅਨੁ = ਕੀਤੀ ਹੈ ਉਸ (ਪ੍ਰਭੂ) ਨੇ। ਕੁਟੰਬੈ ਨਾਲਿ = ਪਰਵਾਰ ਸਮੇਤ। ਸਵਾਰਿਅਨੁ = ਸਵਾਰੇ ਹਨ ਉਸ ਨੇ। ਸਭਾਲਿ = ਚੇਤੇ ਰੱਖ, ਯਾਦ ਕਰ। ਕੰਠਿ = ਗਲ ਨਾਲ। ਲਹੁੜੇ = ਛੋਟੇ, ਅੰਞਾਣੇ। ਪਾਲਿ = ਪਾਲ ਕੇ। ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲ = ਤੱਕਦਾ ਹੈ।

ਅਰਥ: (ਹੇ ਮਨ!) ਉਸ ਪ੍ਰਭੂ ਨੂੰ ਸਦਾ ਯਾਦ ਕਰ ਜੋ ਤੇਰੇ ਸਾਰੇ ਕੰਮ ਆਪ ਸੰਵਾਰਦਾ ਹੈ, ਜੋ ਤੈਨੂੰ ਦੁੱਖਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਤੇਰੇ ਸਾਰੇ ਪਰਵਾਰ ਸਮੇਤ ਤੇਰੀ ਰੱਖਿਆ ਕਰਦਾ ਹੈ। ਮਾਪਿਆਂ ਵਾਂਗ ਅੰਞਾਣੇ ਬਾਲਾਂ ਨੂੰ ਪਾਲ ਕੇ ਪ੍ਰਭੂ (ਜੀਵਾਂ ਨੂੰ) ਗਲ ਲਾਉਂਦਾ ਹੈ। ਹੇ ਨਾਨਕ! ਜਿਸ ਮਨੁੱਖ ਵਲ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਉਸ ਉਤੇ ਸਭ ਜੀਵ ਦਿਆਲ ਹੋ ਜਾਂਦੇ ਹਨ।1।

TOP OF PAGE

Sri Guru Granth Darpan, by Professor Sahib Singh