ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 958

ਮਃ ੫ ॥ ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥ {ਪੰਨਾ 958}

ਪਦ ਅਰਥ: ਜਿ = ਜੋ ਕੁਝ। ਦੁਖਾ ਕੈ ਸਿਰਿ ਦੁਖ = ਦੁੱਖਾਂ ਦੇ ਸਿਰ ਤੇ ਦੁੱਖ, ਭਾਰੇ ਦੁੱਖ। ਸੰਤੋਖੀਆ = ਮੈਨੂੰ ਸੰਤੋਖ ਆ ਜਾਏ। ਭੁਖ = ਤ੍ਰਿਸ਼ਨਾ। ਗੁਰਿ = ਗੁਰੂ ਨੇ। ਵਣੁ = ਬਨ, ਜੰਗਲ। ਤਿਣੁ = ਤੀਲਾ, ਘਾਹ ਦਾ ਤੀਲਾ।

ਅਰਥ: ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਤੈਥੋਂ) ਕੁਝ ਹੋਰ ਮੰਗਣਾ ਭਾਰੇ ਦੁੱਖ ਸਹੇੜਨੇ ਹਨ; (ਹੇ ਪ੍ਰਭੂ!) ਮੈਨੂੰ ਆਪਣਾ ਨਾਮ ਦੇਹ ਤਾਂ ਜੁ ਮੈਨੂੰ ਸੰਤੋਖ ਆ ਜਾਏ ਤੇ ਮੇਰੇ ਮਨ ਦੀ ਤ੍ਰਿਸ਼ਨਾ ਮੁੱਕ ਜਾਏ।

ਹੇ ਨਾਨਕ! ਜਿਸ ਗੁਰੂ ਨੇ ਜੰਗਲ ਤੇ (ਜੰਗਲ ਦਾ ਸੁੱਕਾ) ਘਾਹ ਹਰਾ ਕਰ ਦਿੱਤਾ, ਮਨੁੱਖਾਂ ਨੂੰ ਹਰਾ ਕਰਨਾ ਉਸ ਦੇ ਵਾਸਤੇ ਕੇਹੜੀ ਵੱਡੀ ਗੱਲ ਹੈ?।2।

ਪਉੜੀ ॥ ਸੋ ਐਸਾ ਦਾਤਾਰੁ ਮਨਹੁ ਨ ਵੀਸਰੈ ॥ ਘੜੀ ਨ ਮੁਹਤੁ ਚਸਾ ਤਿਸੁ ਬਿਨੁ ਨਾ ਸਰੈ ॥ ਅੰਤਰਿ ਬਾਹਰਿ ਸੰਗਿ ਕਿਆ ਕੋ ਲੁਕਿ ਕਰੈ ॥ ਜਿਸੁ ਪਤਿ ਰਖੈ ਆਪਿ ਸੋ ਭਵਜਲੁ ਤਰੈ ॥ ਭਗਤੁ ਗਿਆਨੀ ਤਪਾ ਜਿਸੁ ਕਿਰਪਾ ਕਰੈ ॥ ਸੋ ਪੂਰਾ ਪਰਧਾਨੁ ਜਿਸ ਨੋ ਬਲੁ ਧਰੈ ॥ ਜਿਸਹਿ ਜਰਾਏ ਆਪਿ ਸੋਈ ਅਜਰੁ ਜਰੈ ॥ ਤਿਸ ਹੀ ਮਿਲਿਆ ਸਚੁ ਮੰਤ੍ਰੁ ਗੁਰ ਮਨਿ ਧਰੈ ॥੩॥ {ਪੰਨਾ 958}

ਪਦ ਅਰਥ: ਮਨਹੁ = ਮਨ ਤੋਂ। ਮੁਹਤੁ = 48 ਮਿੰਟਾਂ ਜਿਤਨਾ ਸਮਾ। ਚਸਾ = ਪਲ ਦਾ ਤੀਹਵਾਂ ਹਿੱਸਾ। ਨਾ ਸਰੈ = ਨਹੀਂ ਨਿਭਦੀ। ਲੁਕਿ = ਲੁਕ ਕੇ। ਭਵਜਲੁ = ਸੰਸਾਰ-ਸਮੁੰਦਰ। ਪਰਧਾਨੁ = ਸ੍ਰੇਸ਼ਟ ਮਨੁੱਖ। ਬਲੁ ਧਰੈ = ਆਤਮਕ ਤਾਕਤ ਦੇਵੇ। ਅਜਰੁ = ਮਾਨਸਕ ਤਾਕਤ ਦੀ ਉਹ ਅਵਸਥਾ ਜਿਸ ਨੂੰ ਜਰਨਾ ਬੜਾ ਔਖਾ ਹੈ। ਜਰੈ = ਜਰਦਾ ਹੈ, ਸਹਾਰਦਾ ਹੈ, ਸੰਭਾਲਦਾ ਹੈ। ਮੰਤ੍ਰੁ ਗੁਰ = ਗੁਰੂ ਦਾ ਉਪਦੇਸ਼। ਮਨਿ = ਮਨ ਵਿਚ। ਪੂਰਾ = ਸਫਲ ਕਮਾਈ ਵਾਲਾ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਤਿਸ ਹੀ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}।

ਅਰਥ: ਅਜੇਹਾ ਦਾਤਾਂ ਦੇਣ ਵਾਲਾ ਪ੍ਰਭੂ ਮਨ ਤੋਂ ਭੁੱਲਣਾ ਨਹੀਂ ਚਾਹੀਦਾ, (ਕਿਉਂਕਿ) ਉਸ ਤੋਂ ਬਿਨਾ (ਉਸ ਨੂੰ ਭੁਲਾ ਕੇ, ਜ਼ਿੰਦਗੀ ਦੀ) ਘੜੀ ਦੋ ਘੜੀਆਂ ਪਲ ਆਦਿਕ (ਥੋੜਾ ਭੀ ਸਮਾ) ਸੌਖਾ ਨਹੀਂ ਗੁਜ਼ਰਦਾ। ਪ੍ਰਭੂ ਜੀਵ ਦੇ (ਸਦਾ) ਅੰਦਰ (ਵੱਸਦਾ ਹੈ,) ਉਸ ਦੇ ਬਾਹਰ (ਚੁਗਿਰਦੇ ਭੀ) ਮੌਜੂਦ ਹੈ, ਕੋਈ ਜੀਵ ਕੋਈ ਕੰਮ ਉਸ ਤੋਂ ਲੁਕਾ-ਛਿਪਾ ਕੇ ਨਹੀਂ ਕਰ ਸਕਦਾ।

ਉਹੀ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ (ਸੰਸਾਰ ਦੇ ਵਿਕਾਰਾਂ ਤੋਂ ਬਚਦਾ ਹੈ) ਜਿਸ ਦੀ ਇੱਜ਼ਤ ਦੀ ਰਾਖੀ ਪ੍ਰਭੂ ਆਪ ਕਰਦਾ ਹੈ। ਉਹੀ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਤਪੀ ਹੈ, ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ। ਜਿਸ ਨੂੰ (ਵਿਕਾਰਾਂ ਦਾ ਟਾਕਰਾ ਕਰਨ ਲਈ) ਪ੍ਰਭੂ (ਆਤਮਕ) ਤਾਕਤ ਬਖ਼ਸ਼ਦਾ ਹੈ, ਉਸ ਦੀ ਕਮਾਈ ਸਫਲ ਹੋ ਜਾਂਦੀ ਹੈ, ਉਹ ਆਦਰ ਪਾਂਦਾ ਹੈ। (ਉਂਞ ਮਾਨਸਕ ਤਾਕਤ ਭੀ ਇਕ ਐਸੀ ਅਵਸਥਾ ਹੈ ਜਿਸ ਦੀ ਪ੍ਰਾਪਤੀ ਤੇ ਸੰਭਲਣ ਦੀ ਬੜੀ ਲੋੜ ਹੁੰਦੀ ਹੈ, ਆਮ ਤੌਰ ਤੇ ਮਨੁੱਖ ਰਿੱਧੀਆਂ-ਸਿੱਧੀਆਂ ਵਲ ਪਰਤ ਪੈਂਦਾ ਹੈ) ਇਸ ਡੁਲਾ ਦੇਣ ਵਾਲੀ ਅਵਸਥਾ ਨੂੰ ਉਹੀ ਮਨੁੱਖ ਸੰਭਾਲਦਾ ਹੈ, ਜਿਸ ਨੂੰ ਪ੍ਰਭੂ ਆਪ ਸੰਭਲਣ ਦੀ ਸਹੈਤਾ ਦੇਵੇ।

ਜੋ ਮਨੁੱਖ ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾਂਦਾ ਹੈ, ਉਸਨੂੰ ਸਦਾ-ਥਿਰ ਪ੍ਰਭੂ ਮਿਲਦਾ ਹੈ।3।

ਸਲੋਕੁ ਮਃ ੫ ॥ ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ॥ ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ ॥ ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਸਦ ਬਲਿਹਾਰੈ ਜਾਉ ॥ ਤਿਨ ਕੀ ਧੂੜਿ ਹਮ ਬਾਛਦੇ ਕਰਮੀ ਪਲੈ ਪਾਇ ॥ ਜੋ ਰਤੇ ਰੰਗਿ ਗੋਵਿਦ ਕੈ ਹਉ ਤਿਨ ਬਲਿਹਾਰੈ ਜਾਉ ॥ ਆਖਾ ਬਿਰਥਾ ਜੀਅ ਕੀ ਹਰਿ ਸਜਣੁ ਮੇਲਹੁ ਰਾਇ ॥ ਗੁਰਿ ਪੂਰੈ ਮੇਲਾਇਆ ਜਨਮ ਮਰਣ ਦੁਖੁ ਜਾਇ ॥ ਜਨ ਨਾਨਕ ਪਾਇਆ ਅਗਮ ਰੂਪੁ ਅਨਤ ਨ ਕਾਹੂ ਜਾਇ ॥੧॥ {ਪੰਨਾ 958}

ਪਦ ਅਰਥ: ਸੁਰੰਗੜੇ = ਸੋਹਣੇ। ਆਲਾਪਤ = ਅਲਾਪਦਿਆਂ, ਉਚਾਰਦਿਆਂ। ਤਿਖ = ਤ੍ਰਿਸ਼ਨਾ, ਪਿਆਸ। ਬਾਛਦੇ = ਚਾਹੁੰਦੇ ਹਾਂ। ਕਰਮੀ = (ਪ੍ਰਭ ਦੀ) ਮੇਹਰ ਨਾਲ। ਪਲੈ ਪਾਇ = ਮਿਲਦੀ ਹੈ। ਰੰਗਿ = ਪਿਆਰ ਵਿਚ। ਬਿਰਥਾ = {ÒXQw} ਪੀੜਾ, ਦੁੱਖ। ਗੁਰਿ = ਗੁਰੂ ਨੇ। ਜਨਮ ਮਰਣ ਦੁਖੁ = ਸਾਰੀ ਉਮਰ ਦਾ ਦੁੱਖ। ਅਗਮ = ਅਪਹੁੰਚ। ਅਗਮ ਰੂਪੁ = ਉਹ ਪ੍ਰਭੂ ਜਿਸ ਦੇ ਸਰੂਪ ਦੀ ਸਹੀ ਸਮਝ ਨਹੀਂ ਪੈ ਸਕਦੀ। ਅਨਤ = ਕਿਸੇ ਹੋਰ ਥਾਂ {ANX>}।
ਰਾਇ = ਪਾਤਸ਼ਾਹ।

ਅਰਥ: ਉਹ ਸੋਹਣੇ ਰਾਗ ਮੁਬਾਰਿਕ ਹਨ ਜਿਨ੍ਹਾਂ ਦੇ ਗਾਂਵਿਆਂ (ਮਨ ਦੀ) ਤ੍ਰਿਸ਼ਨਾ ਨਾਸ ਹੋ ਜਾਏ; ਉਹ ਸੋਹਣੇ ਜੀਵ ਭਾਗਾਂ ਵਾਲੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦੇ ਹਨ।

ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਹਾਂ ਜੋ ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ, ਅਸੀਂ (ਮੈਂ) ਉਹਨਾਂ ਦੇ ਚਰਨਾਂ ਦੀ ਧੂੜ ਚਾਹੁੰਦੇ (ਚਾਹੁੰਦਾ) ਹਾਂ, ਪਰ ਇਹ ਧੂੜ ਪ੍ਰਭੂ ਦੀ ਮੇਹਰ ਨਾਲ ਮਿਲਦੀ ਹੈ।

ਜੋ ਮਨੁੱਖ ਪਰਮਾਤਮਾ ਦੇ ਪਿਆਰ ਵਿਚ ਰੰਗੇ ਹੋਏ ਹਨ, ਮੈਂ ਉਹਨਾਂ ਤੋਂ ਕੁਰਬਾਨ ਹਾਂ ਮੈਂ ਉਹਨਾਂ ਅੱਗੇ ਦਿਲ ਦਾ ਦੁੱਖ ਦੱਸਦਾ ਹਾਂ (ਤੇ ਆਖਦਾ ਹਾਂ ਕਿ) ਮੈਨੂੰ ਪਿਆਰਾ ਪ੍ਰਭੂ ਪਾਤਿਸ਼ਾਹ ਮਿਲਾਓ।

ਜਿਸ ਮਨੁੱਖ ਨੂੰ ਪੂਰੇ ਸਤਿਗੁਰੂ ਨੇ ਪ੍ਰਭੂ ਮਿਲਾ ਦਿੱਤਾ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਮਿਟ ਜਾਂਦਾ ਹੈ, ਤੇ, ਹੇ ਨਾਨਕ! ਉਸ ਮਨੁੱਖ ਨੂੰ ਅਪਹੁੰਚ ਪ੍ਰਭੂ ਮਿਲ ਪੈਂਦਾ ਹੈ ਤੇ ਉਹ ਕਿਸੇ ਹੋਰ ਪਾਸੇ ਨਹੀਂ ਭਟਕਦਾ।1।

ਮਃ ੫ ॥ ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥ ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥ ਮਨ ਕੀਆ ਇਛਾ ਪੂਰੀਆ ਹਰਿ ਪਾਇਆ ਅਗਮ ਅਪਾਰੁ ॥ ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ ॥ ਜਨੁ ਨਾਨਕੁ ਲਗਾ ਸੇਵ ਹਰਿ ਉਧਰਿਆ ਸਗਲ ਸੰਸਾਰੁ ॥੨॥ {ਪੰਨਾ 958}

ਪਦ ਅਰਥ: ਮੂਰਤੁ = ਮੁਹੂਰਤ। ਸਾਰੁ = ਸ੍ਰੇਸ਼ਟ। ਸੰਜੋਗੜਾ = ਸੋਹਣਾ ਸੰਜੋਗ। ਜਿਤੁ = ਜਿਸ ਵਿਚ। ਅਗਮ = ਅਪਹੁੰਚ। ਅਪਾਰੁ = ਬੇਅੰਤ, ਅ+ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਮੋਹੜਾ = ਚੰਦਰਾ ਮੋਹ। ਆਧਾਰੁ = ਆਸਰਾ। ਸੇਵ ਹਰਿ = ਹਰੀ ਦੀ ਸੇਵਾ ਵਿਚ। ਉਧਰਿਆ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਸਗਲ = ਸਾਰਾ। ਸਚੁ = ਸਦਾ ਕਾਇਮ ਰਹਿਣ ਵਾਲਾ।

ਅਰਥ: ਉਹ ਵੇਲਾ ਉਹ ਘੜੀ ਭਾਗਾਂ ਵਾਲੇ ਹਨ, ਉਹ ਮੁਹੂਰਤ ਮੁਬਾਰਿਕ ਹੈ, ਉਹ ਪਲ ਸੋਹਣਾ ਹੈ, ਉਹ ਦਿਨ ਤੇ ਉਹ ਸੋਹਣਾ ਸੰਜੋਗ ਮੁਬਾਰਿਕ ਹਨ ਜਦੋਂ ਸਤਿਗੁਰੂ ਦਾ ਦਰਸ਼ਨ ਹੁੰਦਾ ਹੈ। (ਸਤਿਗੁਰੂ ਦੇ ਦੀਦਾਰ ਦੀ ਬਰਕਤਿ ਨਾਲ) ਮਨ ਦੀਆਂ ਸਾਰੀਆਂ ਤਾਂਘਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਮਨ ਵਾਸਨਾ-ਰਹਿਤ ਹੋ ਜਾਂਦਾ ਹੈ) ਤੇ ਅਗੰਮ ਬੇਅੰਤ ਪ੍ਰਭੂ ਮਿਲ ਪੈਂਦਾ ਹੈ, ਹਉਮੈ ਨਾਸ ਹੋ ਜਾਂਦੀ ਹੈ, ਚੰਦਰਾ ਮੋਹ ਮੁੱਕ ਜਾਂਦਾ ਹੈ ਤੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜੀਵਨ ਦਾ) ਆਸਰਾ ਬਣ ਜਾਂਦਾ ਹੈ।

ਦਾਸ ਨਾਨਕ ਭੀ (ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਪ੍ਰਭੂ ਦੇ ਸਿਮਰਨ ਵਿਚ ਲੱਗਾ ਹੈ (ਜਿਸ ਸਿਮਰਨ ਦਾ ਸਦਕਾ) ਸਾਰਾ ਜਗਤ (ਵਿਕਾਰ ਆਦਿਕ ਤੋਂ) ਬਚ ਜਾਂਦਾ ਹੈ।2।

ਪਉੜੀ ॥ ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ ॥ ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ ॥ ਜਿਸ ਨੋ ਲਗਾ ਰੰਗੁ ਸੇ ਰੰਗਿ ਰਤਿਆ ॥ ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ ॥ ਓਨਾ ਪਿਛੈ ਜਗੁ ਭੁੰਚੈ ਭੋਗਈ ॥ ਓਨਾ ਪਿਆਰਾ ਰਬੁ ਓਨਾਹਾ ਜੋਗਈ ॥ ਜਿਸੁ ਮਿਲਿਆ ਗੁਰੁ ਆਇ ਤਿਨਿ ਪ੍ਰਭੁ ਜਾਣਿਆ ॥ ਹਉ ਬਲਿਹਾਰੀ ਤਿਨ ਜਿ ਖਸਮੈ ਭਾਣਿਆ ॥੪॥ {ਪੰਨਾ 958}

ਪਦ ਅਰਥ: ਦਿਤੀਅਨੁ = ਉਸ (ਪ੍ਰਭੂ) ਨੇ ਦਿੱਤੀ ਹੈ। ਭੰਡਾਰ = ਸਿਫ਼ਤਿ-ਸਾਲਾਹ ਦੇ ਖ਼ਜ਼ਾਨੇ। ਪੁਛ = ਕੀਤੇ ਕਰਮਾਂ ਦਾ ਲੇਖਾ। ਲੀਤੀਅਨੁ = ਉਸ (ਪ੍ਰਭੂ) ਨੇ ਲਈ। ਰੰਗਿ = (ਪਿਆਰ ਦੇ) ਰੰਗ ਵਿਚ। ਅਧਾਰੁ = ਆਸਰਾ। ਭਤਿਆ = ਭੱਤਾ, ਖ਼ੁਰਾਕ (ਆਤਮਕ) । ਭੁੰਚੈ = (ਸਿਫ਼ਤਿ-ਸਾਲਾਹ ਦੀ ਖ਼ੁਰਾਕ) ਖਾਂਦਾ ਹੈ। ਓਨਾਹਾ ਜੋਗਈ = ਉਹਨਾਂ (ਸਿਫ਼ਤਿ-ਸਾਲਾਹ ਕਰਨ ਵਾਲਿਆਂ) ਦੇ ਵੱਸ ਵਿਚ ਹੋ ਜਾਂਦਾ ਹੈ। ਆਇ = ਆ ਕੇ। ਤਿਨਿ = ਉਸ (ਮਨੁੱਖ) ਨੇ। ਖਸਮੈ = ਖਸਮ-ਪ੍ਰਭੂ ਨੂੰ।

ਅਰਥ: ਸਿਫ਼ਤਿ-ਸਾਲਾਹ ਅਤੇ ਭਗਤੀ (ਦੀ ਦਾਤਿ) ਉਸ (ਪ੍ਰਭੂ) ਨੇ ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਦਿੱਤੀ ਹੈ। ਜਿਸ (ਮਨੁੱਖ) ਨੂੰ ਉਸ ਨੇ (ਸਿਫ਼ਤਿ-ਸਾਲਾਹ ਦੇ) ਖ਼ਜ਼ਾਨੇ ਸੌਂਪੇ ਹਨ; ਉਸ ਪਾਸੋਂ ਫਿਰ ਕੀਤੇ ਕਰਮਾਂ ਦਾ ਲੇਖਾ ਨਹੀਂ ਲਿਆ, ਕਿਉਂਕਿ ਜਿਸ ਜਿਸ ਮਨੁੱਖ ਨੂੰ (ਸਿਫ਼ਤਿ-ਸਾਲਾਹ ਦਾ) ਇਸ਼ਕ-ਪਿਆਰ ਲੱਗ ਗਿਆ, ਉਹ ਉਸੇ ਰੰਗ ਵਿਚ (ਸਦਾ ਲਈ) ਰੰਗੇ ਗਏ, ਪ੍ਰਭੂ ਦੀ ਯਾਦ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਇਹੀ ਇਕ ਨਾਮ ਉਹਨਾਂ ਦੀ (ਆਤਮਕ) ਖ਼ੁਰਾਕ ਹੋ ਜਾਂਦਾ ਹੈ।

ਅਜੇਹੇ ਬੰਦਿਆਂ ਦੇ ਪੂਰਨਿਆਂ ਤੇ ਤੁਰ ਕੇ (ਸਾਰਾ) ਜਗਤ (ਸਿਫ਼ਤਿ-ਸਾਲਾਹ ਦੀ) ਖ਼ੁਰਾਕ ਖਾਂਦਾ ਮਾਣਦਾ ਹੈ। ਉਹਨਾਂ ਨੂੰ ਰੱਬ (ਇਤਨਾ) ਪਿਆਰਾ ਲੱਗਦਾ ਹੈ ਕਿ ਰੱਬ ਉਹਨਾਂ ਦੇ ਪਿਆਰ ਦੇ ਵੱਸ ਵਿਚ ਹੋ ਜਾਂਦਾ ਹੈ।

ਪਰ ਪ੍ਰਭੂ ਨਾਲ (ਸਿਰਫ਼) ਉਸ ਮਨੁੱਖ ਨੇ ਜਾਣ-ਪਛਾਣ ਪਾਈ ਹੈ ਜਿਸ ਨੂੰ ਗੁਰੂ ਆ ਕੇ ਮਿਲ ਪਿਆ ਹੈ।

ਮੈਂ ਸਦਕੇ ਹਾਂ ਉਹਨਾਂ (ਸੁਭਾਗ) ਬੰਦਿਆਂ ਤੋਂ ਜੋ ਖਸਮ-ਪ੍ਰਭੂ ਨੂੰ ਚੰਗੇ ਲੱਗ ਗਏ ਹਨ।4।

ਸਲੋਕ ਮਃ ੫ ॥ ਹਰਿ ਇਕਸੈ ਨਾਲਿ ਮੈ ਦੋਸਤੀ ਹਰਿ ਇਕਸੈ ਨਾਲਿ ਮੈ ਰੰਗੁ ॥ ਹਰਿ ਇਕੋ ਮੇਰਾ ਸਜਣੋ ਹਰਿ ਇਕਸੈ ਨਾਲਿ ਮੈ ਸੰਗੁ ॥ ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਨ ਭੰਗੁ ॥ ਜਾਣੈ ਬਿਰਥਾ ਜੀਅ ਕੀ ਕਦੇ ਨ ਮੋੜੈ ਰੰਗੁ ॥ ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ ॥ ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ ॥ ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ ॥ ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ ॥ ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ ॥ ਮਨ ਕੀਆ ਇਛਾ ਪੂਰੀਆ ਪਾਇਆ ਧੁਰਿ ਸੰਜੋਗ ॥ ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ ॥੧॥ {ਪੰਨਾ 958}

ਪਦ ਅਰਥ: ਰੰਗੁ = ਪਿਆਰ। ਸੰਗੁ = ਸਾਥ। ਮੈ = ਮੇਰਾ। ਗੋਸਟਿ = ਬਹਿਣ-ਖਲੋਣ, ਮੇਲ-ਜੋਲ। ਭੰਗੁ = ਵੱਟ। ਬਿਰਥਾ = ਪੀੜਾ। ਮਸਲਤੀ = ਸਲਾਹਕਾਰ। ਸਿਰਿ = ਸਿਰ ਉਤੇ। ਸਤਿਗੁਰਿ = ਗੁਰੂ ਨੇ। ਸੰਤੁ = ਸ਼ਾਂਤੀ ਦਾ ਸੋਮਾ ਪਰਮਾਤਮਾ। ਮਸਤਕਿ = ਮੱਥੇ ਉਤੇ। ਜਿਨਿ = ਜਿਸ (ਹਰੀ) ਨੇ। ਧੁਰਿ = ਧੁਰਿ ਤੋਂ।

ਅਰਥ: ਮੇਰੀ ਇਕ ਪ੍ਰਭੂ ਨਾਲ ਹੀ ਮਿਤ੍ਰਤਾ ਹੈ, ਸਿਰਫ਼ ਪ੍ਰਭੂ ਨਾਲ ਹੀ ਮੇਰਾ ਪਿਆਰ ਹੈ, ਕੇਵਲ ਪ੍ਰਭੂ ਹੀ ਮੇਰਾ ਸੱਚਾ ਮਿਤ੍ਰ ਹੈ ਇਕ ਪ੍ਰਭੂ ਨਾਲ ਹੀ ਮੇਰਾ ਸੱਚਾ ਸਾਥ ਹੈ, ਤੇ ਕੇਵਲ ਪ੍ਰਭੂ ਨਾਲ ਹੀ ਮੇਰਾ ਮੇਲ-ਜੋਲ ਹੈ, (ਕਿਉਂਕਿ) ਉਹ ਪ੍ਰਭੂ ਕਦੇ ਮੂੰਹ ਮੋਟਾ ਨਹੀਂ ਕਰਦਾ, ਕਦੇ ਮੱਥੇ ਵੱਟ ਨਹੀਂ ਪਾਂਦਾ, ਮੇਰੇ ਦਿਲ ਦੀ ਵੇਦਨ ਜਾਣਦਾ ਹੈ, ਉਹ ਕਦੇ ਮੇਰੇ ਪਿਆਰ ਨੂੰ ਧੱਕਾ ਨਹੀਂ ਲਾਂਦਾ।

(ਸਭ ਜੀਵਾਂ ਨੂੰ) ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਇਕ ਪਰਮਾਤਮਾ ਹੀ ਮੇਰਾ ਸਲਾਹਕਾਰ ਹੈ; ਜਗਤ ਦੇ ਸਭ ਦਾਨੀਆਂ ਦੇ ਸਿਰ ਉਤੇ ਜਿਸ ਪ੍ਰਭੂ ਦਾ ਹੱਥ ਹੈ ਕੇਵਲ ਉਹੀ ਮੈਨੂੰ ਦਾਤਾਂ ਦੇਣ ਵਾਲਾ ਹੈ।

ਜੋ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਬਲੀ ਹੈ ਮੈਨੂੰ ਕੇਵਲ ਉਸੇ ਦਾ ਹੀ ਆਸਰਾ ਹੈ, ਉਹ ਸ਼ਾਂਤੀ ਦਾ ਸੋਮਾ ਪਰਮਾਤਮਾ ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਾਇਆ ਹੈ, ਉਹ ਵੱਡਾ ਮਾਲਕ ਜਿਸ ਨੇ ਸਾਰਾ ਸੰਸਾਰ ਤਾਰਿਆ ਹੈ (ਭਾਵ, ਜੋ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ) ਮੈਨੂੰ ਗੁਰੂ ਨੇ ਮਿਲਾਇਆ ਹੈ।

ਹੇ ਨਾਨਕ! ਜਿਸ ਨੂੰ ਧੁਰੋਂ ਇਹ ਢੋ ਢੁਕਦਾ ਹੈ ਉਸ ਨੂੰ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲਦਾ ਹੈ, ਉਸ ਦੇ ਮਨ ਦੀਆਂ ਸਭ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹ ਵਾਸਨਾ-ਰਹਿਤ ਹੋ ਜਾਂਦਾ ਹੈ) ਤੇ ਉਹ ਸਦਾ ਹੀ ਆਨੰਦ ਮਾਣਦਾ ਹੈ (ਸਦਾ ਹੀ ਖਿੜਿਆ ਰਹਿੰਦਾ ਹੈ) ।1।

TOP OF PAGE

Sri Guru Granth Darpan, by Professor Sahib Singh