ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 959

ਮਃ ੫ ॥ ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ ॥ ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥ ਜਿਚਰੁ ਪੈਨਨਿ ਖਾਵਨ੍ਹ੍ਹੇ ਤਿਚਰੁ ਰਖਨਿ ਗੰਢੁ ॥ ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥ ਜੀਅ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧੁ ॥ ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ ॥ ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ ॥ ਝੂਠੈ ਮੋਹਿ ਲਪਟਾਇਆ ਹਉ ਹਉ ਕਰਤ ਬਿਹੰਧੁ ॥ ਕ੍ਰਿਪਾ ਕਰੇ ਜਿਸੁ ਆਪਣੀ ਧੁਰਿ ਪੂਰਾ ਕਰਮੁ ਕਰੇਇ ॥ ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਣਿ ਪਰੇ ॥੨॥ {ਪੰਨਾ 959}

ਪਦ ਅਰਥ: ਕੇਰੀ = ਦੀ। ਸਨਬੰਧੁ = ਜੋੜ। ਵੇਖਦਿਆ ਹੀ = ਵੇਂਹਦਿਆਂ ਵੇਂਹਦਿਆਂ, ਬੜੀ ਛੇਤੀ। ਭਜਿ ਜਾਨਿ = ਨੱਠ ਜਾਂਦੇ ਹਨ, ਸਾਥ ਛੱਡ ਜਾਂਦੇ ਹਨ। ਪਾਇਨਿ = ਪਾਂਦੇ ਹਨ। ਬੰਧੁ = ਬੰਨ੍ਹ, ਪੱਕੀ ਗੰਢ। ਪੈਨਨਿ = ਪਹਿਨਦੇ ਹਨ, ਪਾਣ ਨੂੰ ਕੱਪੜ ਮਿਲਦਾ ਹੈ। ਖਾਵਨੇ = ਖਾਵਨਿ, ਖਾਂਦੇ ਹਨ, ਖਾਣ ਨੂੰ ਮਿਲਦਾ ਹੈ। ਗੰਢੁ = ਗਾਂਢਾ, ਮੇਲ। ਗੰਧੁ = ਰੁੱਖਾ ਬੋਲ। ਚਿਕੜਿ = ਚਿੱਕੜ ਨਾਲ। ਪਥਰ ਬੰਧੁ = ਪੱਥਰਾਂ ਦਾ ਬੰਨ੍ਹ। ਫਕੜੁ ਧੰਧੁ = ਫ਼ਜ਼ੂਲ ਟੰਟਾ। ਬਿਹੰਧੁ = ਬੀਤਦੀ ਹੈ। ਕਰਮੁ = ਮੇਹਰ। ਸੇ ਜਨ = ਉਹ ਬੰਦੇ।

ਅਰਥ: ਮਨ ਦੇ ਮੁਰੀਦ ਬੰਦਿਆਂ ਨਾਲ ਮਿਤ੍ਰਤਾ ਨਿਰੀ ਮਾਇਆ ਦੀ ਖ਼ਾਤਰ ਹੀ ਗਾਂਢਾ-ਤੋਪਾ ਹੁੰਦਾ ਹੈ, ਉਹ ਕਦੇ (ਮਿਤ੍ਰਤਾ ਦੀ) ਪੱਕੀ ਗੰਢ ਨਹੀਂ ਪਾਂਦੇ, ਛੇਤੀ ਹੀ ਸਾਥ ਛੱਡ ਜਾਂਦੇ ਹਨ। ਮਨਮੁਖਾਂ ਨੂੰ ਜਿਤਨਾ ਚਿਰ ਪਹਿਨਣ ਤੇ ਖਾਣ ਨੂੰ ਮਿਲਦਾ ਰਹੇ ਉਤਨਾ ਚਿਰ ਜੋੜ ਰੱਖਦੇ ਹਨ, ਜਿਸ ਦਿਨ ਉਹਨਾਂ ਦੇ ਖਾਣ-ਹੰਢਾਣ ਦੀ ਕੋਈ ਗੱਲ ਪੁੱਜ ਨ ਆਵੇ, ਉਸ ਦਿਨ ਉਹ ਫਿੱਕਾ ਬੋਲ ਬੋਲਣ ਲੱਗ ਪੈਂਦੇ ਹਨ; ਅੰਨ੍ਹੇ ਗਿਆਨ-ਹੀਣ ਮਨਮੁਖਾਂ ਨੂੰ (ਨਿਰਾ ਸਰੀਰ ਦਾ ਹੀ ਝੁਲਕਾ ਰਹਿੰਦਾ ਹੈ) ਆਤਮਾ ਦੀ ਕੋਈ ਸੂਝ ਨਹੀਂ ਹੁੰਦੀ।

ਮਨਮੁਖਾਂ ਦਾ ਕੱਚਾ ਗਾਂਢਾ-ਤੋਪਾ (ਬਹੁਤ ਚਿਰ) ਨਹੀਂ ਤੱਗਦਾ ਜਿਵੇਂ ਚਿੱਕੜ ਨਾਲ ਬੱਝਾ ਹੋਇਆ ਪੱਥਰਾਂ ਦਾ ਬੰਨ੍ਹ (ਛੇਤੀ ਢਹਿ ਪੈਂਦਾ ਹੈ) ; ਅੰਨ੍ਹੇ ਮਨਮੁਖ ਆਪਣੇ ਅਸਲੇ ਨੂੰ ਨਹੀਂ ਸਮਝਦੇ (ਨਿਰਾ ਬਾਹਰਲਾ) ਵਿਅਰਥ ਪਿੱਟਣਾ ਪਿੱਟਦੇ ਰਹਿੰਦੇ ਹਨ, ਨਿਕੰਮੇ ਮੋਹ ਵਿਚ ਫਸੇ ਹੋਏ ਮਨਮੁਖਾਂ ਦੀ ਉਮਰ 'ਮੈਂ, ਮੈਂ' ਕਰਦਿਆਂ ਹੀ ਗੁਜ਼ਰ ਜਾਂਦੀ ਹੈ।

ਹੇ ਨਾਨਕ! ਜਿਸ ਜਿਸ ਮਨੁੱਖ ਉਤੇ ਪ੍ਰਭੂ ਆਪਣੀ ਕਿਰਪਾ ਕਰਦਾ ਹੈ, ਧੁਰੋਂ ਹੀ ਪੂਰੀ ਬਖ਼ਸ਼ਸ਼ ਕਰਦਾ ਹੈ ਉਹ ਬੰਦੇ (ਇਸ ਕੂੜੇ ਮੋਹ ਵਿਚੋਂ) ਬਚ ਜਾਂਦੇ ਹਨ, ਉਹ ਸਤਿਗੁਰੂ ਦੀ ਸਰਨ ਪੈਂਦੇ ਹਨ।2।

ਪਉੜੀ ॥ ਜੋ ਰਤੇ ਦੀਦਾਰ ਸੇਈ ਸਚੁ ਹਾਕੁ ॥ ਜਿਨੀ ਜਾਤਾ ਖਸਮੁ ਕਿਉ ਲਭੈ ਤਿਨਾ ਖਾਕੁ ॥ ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ ॥ ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥ ਜਿਸਹਿ ਦਿਖਾਲੇ ਮਹਲੁ ਤਿਸੁ ਨ ਮਿਲੈ ਧਾਕੁ ॥ ਮਨੁ ਤਨੁ ਹੋਇ ਨਿਹਾਲੁ ਬਿੰਦਕ ਨਦਰਿ ਝਾਕੁ ॥ ਨਉ ਨਿਧਿ ਨਾਮੁ ਨਿਧਾਨੁ ਗੁਰ ਕੈ ਸਬਦਿ ਲਾਗੁ ॥ ਤਿਸੈ ਮਿਲੈ ਸੰਤ ਖਾਕੁ ਮਸਤਕਿ ਜਿਸੈ ਭਾਗੁ ॥੫॥ {ਪੰਨਾ 959}

ਪਦ ਅਰਥ: ਹਾਕੁ = ਆਖੁ, ਸਮਝ। ਕਿਉ = ਕਿਵੇਂ? ਕਿਸੇ ਤਰ੍ਹਾਂ। ਖਾਕੁ = ਚਰਨ-ਧੂੜ। ਪਾਕੁ = ਪਵਿਤ੍ਰ। ਮਹਲੁ = ਟਿਕਾਣਾ। ਤਾਕੁ = ਦਰਵਾਜ਼ਾ। ਧਾਕੁ = ਧੱਕਾ। ਨਿਹਾਲ = ਪ੍ਰਸੰਨ। ਬਿੰਦਕ = ਰਤਾ ਭਰ ਭੀ। ਝਾਕੁ = ਝਾਤੀ। ਸਬਦਿ = ਸ਼ਬਦ ਵਿਚ। ਸੰਤ ਖਾਕੁ = ਗੁਰੂ ਦੇ ਚਰਨਾਂ ਦੀ ਧੂੜ। ਮਸਤਕਿ = ਮੱਥੇ ਉਤੇ।

ਅਰਥ: ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਦੇ ਦਰਸ਼ਨ ਦਾ ਰੰਗ ਚੜ੍ਹ ਗਿਆ ਹੈ, ਉਹਨਾਂ ਨੂੰ ਹੀ ਸੱਚੇ ਪ੍ਰਭੂ ਦਾ ਰੂਪ ਸਮਝੋ। ਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਜਤਨ ਕਰੋ ਕਿ ਕਿਸੇ ਨ ਕਿਸੇ ਤਰ੍ਹਾਂ ਉਹਨਾਂ ਦੀ ਚਰਨ-ਧੂੜ ਮਿਲ ਜਾਏ, ਕਿਉਂਕਿ ਜੇਹੜਾ ਮਨ (ਵਿਕਾਰਾਂ ਨਾਲ) ਮੈਲਾ ਹੋ ਕੇ ਵਿਕਾਰ-ਰੂਪ ਹੀ ਬਣ ਚੁਕਾ ਹੈ ਉਹ ਉਹਨਾਂ ਦੀ ਸੰਗਤਿ ਵਿਚ ਪਵਿਤ੍ਰ ਹੋ ਜਾਂਦਾ ਹੈ, (ਉਨ੍ਹਾਂ ਦੀ ਸੰਗਤਿ ਦੀ ਬਰਕਤ ਨਾਲ) ਪ੍ਰਭੂ ਦਾ ਦਰ ਦਿੱਸ ਪੈਂਦਾ ਹੈ, ਤੇ ਭਰਮ-ਭੁਲੇਖਿਆਂ ਦੇ ਕਾਰਨ (ਬੰਦ ਹੋਇਆ ਹੋਇਆ ਆਤਮਕ) ਦਰਵਾਜ਼ਾ ਖੁਲ੍ਹ ਜਾਂਦਾ ਹੈ।

(ਪਰ ਇਹ ਪ੍ਰਭੂ ਦੀ ਆਪਣੀ ਮੇਹਰ ਹੀ ਹੈ) ਜਿਸ ਨੂੰ ਆਪਣਾ ਟਿਕਾਣਾ ਵਿਖਾਲ ਦੇਂਦਾ ਹੈ, ਉਸ ਨੂੰ (ਉਸ ਦੇ ਉਸ ਟਿਕਾਣੇ ਤੋਂ ਫਿਰ) ਧੱਕਾ ਨਹੀਂ ਮਿਲਦਾ, ਉਸ ਪ੍ਰਭੂ ਦੀ ਮੇਹਰ ਦੀ ਰਤਾ ਭਰ ਝਾਤੀ ਨਾਲ ਉਸ ਦਾ ਤਨ ਮਨ ਖਿੜ ਪੈਂਦਾ ਹੈ।

(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ, ਪਰਮਾਤਮਾ ਦਾ ਨਾਮ-ਰੂਪ ਨੌ ਖ਼ਜ਼ਾਨੇ (ਮਿਲ ਜਾਣਗੇ) । ਜਿਸ ਦੇ ਮੱਥੇ ਉਤੇ ਭਾਗ ਜਾਗ ਪਏ, ਉਸੇ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲਦੀ ਹੈ।5।

ਸਲੋਕ ਮਃ ੫ ॥ ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥ ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ ॥ ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥ ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ ॥ ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ ॥ ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥ ਸਾਈ ਸੋੁਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥ ਪਿਰਿ ਅਉਗਣ ਤਿਸ ਕੇ ਸਭਿ ਗਵਾਏ ਗਲ ਸੇਤੀ ਲਾਇ ਸਵਾਰੀ ॥ ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥੧॥ {ਪੰਨਾ 959}

ਪਦ ਅਰਥ: ਹਰਣਾਖੀ = ਹਰਨ ਦੀਆਂ ਅੱਖਾਂ ਵਰਗੀਆਂ ਅੱਖਾਂ ਵਾਲੀ, ਸੁੰਦਰ ਜੀਵ-ਇਸਤ੍ਰੀ। ਕੂ = ਨੂੰ। ਤਉ = ਤੇਰਾ। ਛਬੀਲੀ = ਹੇ ਸੁੰਦਰੀ! ਮਨ ਸਾਧਾਰਣੁ = ਮਨ ਨੂੰ ਆਸਰਾ ਦੇਣ ਵਾਲਾ। ਵਿਖਾ = ਮੈਂ ਵੇਖਾਂ। ਊਣੀ = ਘੱਟ, ਖ਼ਾਲੀ। ਝੂਣੀ = ਉਦਾਸ। ਕਰਮ = ਭਾਗ। ਜੈ = ਜਿਸ ਉਤੇ। ਪਿਰਿ = ਪਿਰ ਨੇ। ਵੈਣੁ = ਵਚਨ, ਗੱਲ। ਜਿਤੁ = ਜਿਸ ਪਾਸੇ। ਧਨ = ਇਸਤ੍ਰੀ। ਕਦਿ = ਕਦੋਂ। ਮੁਰਾਰੀ = ਹੇ ਪ੍ਰਭੂ!

ਅਰਥ: ਹੇ ਸੁੰਦਰ ਜੀਵ-ਇਸਤ੍ਰੀ! ਮੈਂ ਤੈਨੂੰ ਇਕ ਸੱਚੀ ਗੱਲ ਸੁਣਾਉਂਦੀ ਹਾਂ ਜੋ ਤੇਰਾ ਉੱਧਾਰ ਕਰੇਗੀ; ਹੇ ਸੁੰਦਰੀ! ਤੂੰ ਉਹ ਸੋਹਣੇ ਬਚਨ ਸੁਣ = ਤੇਰਾ ਪਤੀ-ਪ੍ਰਭੂ ਮਨ ਨੂੰ ਆਸਰਾ ਦੇਣ ਵਾਲਾ ਹੈ (ਉਸ ਨੂੰ ਵਿਸਾਰ ਕੇ) ਤੂੰ ਦੁਰਜਨ ਨਾਲ ਪਿਆਰ ਪਾ ਲਿਆ ਹੈ, ਮੈਨੂੰ ਦੱਸ, ਮੈਂ ਵੇਖਾਂ ਇਸ ਦਾ ਕੀਹ ਕਾਰਨ ਹੈ। ਤੂੰ ਕਿਸੇ ਗੱਲੇ ਘੱਟ ਨਹੀ ਹੈਂ, ਕਿਸੇ ਗੁਣੋਂ ਸੱਖਣੀ ਨਹੀਂ ਹੈਂ, ਪਰ ਤੂੰ ਕਰਮਾਂ ਦੀ ਮਾਰੀ ਨੇ ਭੈੜੀ ਮੱਤੇ ਲੱਗ ਕੇ ਸੋਹਣਾ ਬਾਂਕਾ ਪਤੀ-ਪ੍ਰਭੂ ਭੁਲਾ ਦਿੱਤਾ ਹੈ।

(ਹੇ ਸਖੀ!) ਤੂੰ ਸੱਚਾ ਉੱਤਰ ਸੁਣ ਲੈ = ਮੈਂ ਭੁੱਲ ਨਹੀਂ ਕੀਤੀ, ਮੈਂ ਉਕਾਈ ਨਹੀਂ ਖਾਧੀ, ਮੇਰੇ ਵਿਚ ਦੋਸ ਨਹੀਂ, ਮੈਨੂੰ ਜਿਸ ਪਾਸੇ ਉਸ ਨੇ ਲਾਇਆ ਹੈ, ਮੈਂ ਓਧਰ ਲੱਗੀ ਹੋਈ ਹਾਂ। ਉਹੀ ਜੀਵ-ਇਸਤ੍ਰੀ ਸੋਹਾਗ-ਭਾਗ ਵਾਲੀ ਹੋ ਸਕਦੀ ਹੈ ਜਿਸ ਉਤੇ ਪਤੀ ਨੇ ਆਪ ਮੇਹਰ ਕੀਤੀ ਹੈ, ਪਤੀ-ਪ੍ਰਭੂ ਨੇ ਉਸ ਇਸਤ੍ਰੀ ਦੇ ਸਾਰੇ ਹੀ ਔਗੁਣ ਦੂਰ ਕਰ ਦਿੱਤੇ ਹਨ ਤੇ ਉਸ ਨੂੰ ਗਲ ਨਾਲ ਲਾ ਕੇ ਸੰਵਾਰ ਦਿੱਤਾ ਹੈ।

ਮੈਂ ਭਾਗ-ਹੀਣ ਜੀਵ-ਇਸਤ੍ਰੀ ਅਰਜ਼ੋਈ ਕਰਦੀ ਹਾਂ, ਮੈਂ ਨਾਨਕ ਦੀ ਕਦੋਂ ਵਾਰੀ ਆਵੇਗੀ? ਹੇ ਪ੍ਰਭੂ! ਸਾਰੀਆਂ ਸੁਹਾਗਣਾਂ ਮੌਜਾਂ ਮਾਣ ਰਹੀਆਂ ਹਨ, ਮੈਨੂੰ ਭੀ (ਮਿਲਣ ਲਈ) ਇਕ ਰਾਤ ਦੇਹ।1।

ਮਃ ੫ ॥ ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ॥ ਸਤਿਗੁਰੁ ਪੁਰਖੁ ਧਿਆਇ ਤੂ ਸਭਿ ਦੁਖ ਵਿਸਾਰਣਹਾਰੁ ॥ ਹਰਿ ਨਾਮਾ ਆਰਾਧਿ ਮਨ ਸਭਿ ਕਿਲਵਿਖ ਜਾਹਿ ਵਿਕਾਰ ॥ ਜਿਨ ਕਉ ਪੂਰਬਿ ਲਿਖਿਆ ਤਿਨ ਰੰਗੁ ਲਗਾ ਨਿਰੰਕਾਰ ॥ ਓਨੀ ਛਡਿਆ ਮਾਇਆ ਸੁਆਵੜਾ ਧਨੁ ਸੰਚਿਆ ਨਾਮੁ ਅਪਾਰੁ ॥ ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥ ਜਨੁ ਨਾਨਕੁ ਮੰਗੈ ਦਾਨੁ ਇਕੁ ਦੇਹੁ ਦਰਸੁ ਮਨਿ ਪਿਆਰੁ ॥੨॥ {ਪੰਨਾ 959}

ਪਦ ਅਰਥ: ਮਨਸਾ = ਮਨ ਦੀ ਕਾਮਨਾ। ਪੁਰਖੁ = ਵਿਆਪਕ ਪ੍ਰਭੂ। ਸਭਿ = ਸਾਰੇ। ਮਨ = ਹੇ ਮਨ! ਕਿਲਵਿਖ = ਪਾਪ। ਜਾਹਿ = ਨਾਸ ਹੋ ਜਾਣਗੇ। ਪੂਰਬਿ = ਮੁੱਢ ਤੋਂ। ਰੰਗੁ = ਪ੍ਰੇਮ। ਸੁਆਵੜਾ = ਕੋਝਾ ਸੁਆਦ, ਭੈੜਾ ਚਸਕਾ। ਸੰਚਿਆ = ਜੋੜਿਆ। ਇਕਤੈ = ਇੱਕ ਵਿਚ ਹੀ। ਮਨਿ = ਮਨ ਵਿਚ।

ਅਰਥ: ਹੇ ਮਨ! ਤੂੰ ਕਿਉਂ ਡੋਲਦਾ ਹੈਂ? ਪਰਮਾਤਮਾ ਤੇਰੀ ਕਾਮਨਾ ਪੂਰੀ ਕਰਨ ਵਾਲਾ ਹੈ, ਗੁਰੂ ਨੂੰ ਅਕਾਲ ਪੁਰਖ ਨੂੰ ਸਿਮਰ, ਉਹ ਸਾਰੇ ਦੁੱਖ ਨਾਸ ਕਰਨ ਵਾਲਾ ਹੈ। ਹੇ ਮਨ! ਪ੍ਰਭੂ ਦਾ ਨਾਮ ਜਪ, ਤੇਰੇ ਸਾਰੇ ਪਾਪ ਤੇ ਵਿਕਾਰ ਦੂਰ ਹੋ ਜਾਣਗੇ।

ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਵੇ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ, ਉਹ ਮਾਇਆ ਦਾ ਭੈੜਾ ਚਸਕਾ ਛੱਡ ਦੇਂਦੇ ਹਨ, ਤੇ ਬੇਅੰਤ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ, ਉਹ ਅੱਠੇ ਪਹਰ ਇਕ ਪ੍ਰਭੂ ਦੀ ਹੀ ਯਾਦ ਵਿਚ ਜੁੜੇ ਰਹਿੰਦੇ ਹਨ, ਪ੍ਰਭੂ ਦਾ ਹੀ ਹੁਕਮ ਮੰਨਦੇ ਹਨ।

(ਹੇ ਪ੍ਰਭੂ!) ਦਾਸ ਨਾਨਕ ਭੀ (ਤੇਰੇ ਦਰ ਤੋਂ) ਇਕ ਖੈਰ ਮੰਗਦਾ ਹੈ– ਮੈਨੂੰ ਦੀਦਾਰ ਦੇਹ ਤੇ ਮੈਨੂੰ ਮਨ ਵਿਚ ਆਪਣਾ ਪਿਆਰ ਬਖ਼ਸ਼।2।

TOP OF PAGE

Sri Guru Granth Darpan, by Professor Sahib Singh