ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 960 ਪਉੜੀ ॥ ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ ॥ ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ ॥ ਜਿਸੁ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ ॥ ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ ॥ ਜਿਸੁ ਤੂ ਆਵਹਿ ਚਿਤਿ ਸੋ ਪਰਵਾਣੁ ਜਨੁ ॥ ਜਿਸੁ ਤੂ ਆਵਹਿ ਚਿਤਿ ਬਹੁਤਾ ਤਿਸੁ ਧਨੁ ॥ ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ ॥ ਜਿਸੁ ਤੂ ਆਵਹਿ ਚਿਤਿ ਤਿਨਿ ਕੁਲ ਉਧਾਰਿਆ ॥੬॥ {ਪੰਨਾ 960} ਪਦ ਅਰਥ: ਚਿਤਿ = ਚਿੱਤ ਵਿਚ। ਜਮ ਦੁਖ = ਜਮਾਂ ਦੇ ਦੁੱਖ-ਸਹਿਮ। ਕਿ ਕਾੜਿਆ = ਕੇਹੜੀ ਚਿੰਤਾ? ਸਭਿ = ਸਾਰੇ। ਪਰਵਾਣੁ = ਕਬੂਲ। ਵਡ ਪਰਵਾਰਿਆ = ਵੱਡੇ ਪਰਵਾਰ ਵਾਲਾ, ਜਿਸ ਨੂੰ ਸਾਰਾ ਜਗਤ ਹੀ ਆਪਣਾ ਪਰਵਾਰ ਦਿੱਸਦਾ ਹੈ। ਤਿਨਿ = ਉਹ (ਮਨੁੱਖ) ਨੇ। ਉਧਾਰਿਆ = (ਵਿਕਾਰਾਂ ਤੋਂ) ਬਚਾ ਲਿਆ। ਅਰਥ: ਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਨੂੰ ਸਦਾ ਦੇ ਸੁਖ ਮਿਲ ਜਾਂਦੇ ਹਨ, ਉਸ ਨੂੰ ਮੌਤ ਦੇ ਡਰ-ਸਹਿਮ ਨਹੀਂ ਰਹਿ ਜਾਂਦੇ, ਉਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ, ਕਿਉਂਕਿ ਕਰਤਾਰ ਆਪ ਜਿਸ ਦਾ ਮਿੱਤਰ ਬਣ ਜਾਏ, ਉਸ ਦੇ ਸਾਰੇ ਕਾਰਜ ਸੰਵਰ ਜਾਂਦੇ ਹਨ। ਹੇ ਪ੍ਰਭੂ! ਜਿਸ ਮਨੁੱਖ ਦੇ ਅੰਦਰ ਤੇਰੀ ਯਾਦ ਟਿਕ ਜਾਏ, ਉਹ ਮਨੁੱਖ (ਤੇਰੀਆਂ ਨਜ਼ਰਾਂ ਵਿਚ) ਕਬੂਲ ਹੋ ਗਿਆ, ਉਸ ਦੇ ਕੋਲ ਤੇਰਾ ਨਾਮ-ਧਨ ਬੇਅੰਤ ਇਕੱਠਾ ਹੋ ਜਾਂਦਾ ਹੈ, (ਤੇਰੀ ਯਾਦ ਦੀ ਬਰਕਤਿ ਨਾਲ) ਸਾਰਾ ਜਗਤ ਹੀ ਉਸ ਨੂੰ ਆਪਣਾ ਪਰਵਾਰ ਦਿੱਸਦਾ ਹੈ, ਉਸ ਨੇ ਆਪਣੀਆਂ (ਭੀ) ਸਾਰੀਆਂ ਕੁਲਾਂ (ਦੇ ਜੀਵਾਂ) ਨੂੰ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲਿਆ ਹੈ।6। ਸਲੋਕ ਮਃ ੫ ॥ ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥ ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥ ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ ॥ ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ ॥ ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ ॥ ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥ ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥ ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥ ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ ॥ ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ ॥ ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ ॥ ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ ਆਵੈ ॥ ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ ॥ ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥ ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥ {ਪੰਨਾ 960} ਪਦ ਅਰਥ: ਅੰਦਰਹੁ ਬਾਹਰਹੁ = ਮਨੋਂ ਭੀ ਤੇ ਕਰਤੂਤਾਂ ਤੋਂ ਭੀ। ਕੂੜੀ ਕੂੜੀ = ਝੂਠ-ਮੂਠ। ਦੇਹੀ = ਸਰੀਰ। ਧਾਵੈ = ਭਟਕਦਾ ਹੈ। ਕਾਮਿ = ਕਾਮ ਦੀ ਰਾਹੀਂ। ਬੈਸਨੋ = ਵਿਸ਼ਨੂੰ ਦਾ ਭਗਤ। ਹਉ = ਹਉਮੈ। ਜੁਗਤਾ = ਜੁੜਿਆ ਹੋਇਆ। ਤੁਹੁ = ਚਾਉਲਾਂ ਦੇ ਛਿੱਲੜ। ਬਗੁ = ਬਗਲਾ। ਤਾਰ = ਤਾੜੀ, ਸੁਰਤਿ। ਮੰਞੁ = ਮੇਰਾ ਆਪਾ। ਹੋਵੈ ਲਖਾਵੈ = ਲਖਿਆ ਜਾਏ, ਉੱਘੜ ਆਵੇ। ਜਿਤੁ = ਜਿਸ ਪਾਸੇ। ਦਿਚੈ = ਦਿੱਤਾ ਜਾਏ। ਭਾਵੈ = ਚੰਗਾ ਲੱਗਦਾ ਹੈ। ਸਰਵਰੁ = ਸੋਹਣਾ ਤਲਾਬ। ਸਰਵਰਿ = ਸਰੋਵਰ ਵਿਚ। ਹੁਕਮਾਵੈ = ਹੁਕਮ ਅਨੁਸਾਰ। ਤਿਤ ਹੀ = {ਲਫ਼ਜ਼ 'ਤਿਤੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਅਰਥ: ਜੇ ਮਨੁੱਖ ਮਨੋਂ ਮਾਇਆ ਵਿਚ ਫਸਿਆ ਹੋਇਆ ਹੈ ਤੇ ਕਰਤੂਤਾਂ ਭੀ ਕਾਲੀਆਂ ਹਨ, ਪਰ ਝੂਠੀ ਮੂਠੀ (ਬਿਸ਼ਨ-ਪਦੇ) ਗਾਉਂਦਾ ਹੈ, ਸਰੀਰ ਨੂੰ ਇਸ਼ਨਾਨ ਕਰਾਉਂਦਾ ਹੈ (ਪਿੰਡ ਉਤੇ) ਚੱਕਰ ਬਣਾਉਂਦਾ ਹੈ, ਤੇ ਉਂਞ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ, (ਇਹਨਾਂ ਚੱਕ੍ਰ ਆਦਿਕਾਂ ਨਾਲ) ਮਨ ਵਿਚੋਂ ਹਉਮੈ ਦੀ ਮੈਲ ਨਹੀਂ ਉਤਰਦੀ, ਉਹ ਮੁੜ ਮੁੜ ਜਨਮ ਦੇ ਚੱਕ੍ਰ ਵਿਚ ਪਿਆ ਰਹਿੰਦਾ ਹੈ; ਗ਼ਫ਼ਲਤਿ ਦੀ ਨੀਂਦ ਦਾ ਦੱਬਿਆ ਹੋਇਆ, ਕਾਮ ਦਾ ਮਾਰਿਆ ਹੋਇਆ, ਮੂੰਹ ਨਾਲ ਹੀ 'ਹਰੇ! ਹਰੇ!' ਆਖਦਾ ਹੈ, ਆਪਣਾ ਨਾਮ ਭੀ ਵੈਸ਼ਨੋ (ਵਿਸ਼ਨੂੰ ਦਾ ਭਗਤ) ਰੱਖਿਆ ਹੋਇਆ ਹੈ, ਪਰ ਕਰਤੂਤਾਂ ਕਰਕੇ ਹਉਮੈ ਵਿਚ ਜਕੜਿਆ ਪਿਆ ਹੈ, (ਸੋ, ਸਰੀਰ ਧੋਣ, ਚੱਕ੍ਰ ਬਨਾਉਣ ਆਦਿਕ ਕਰਮ ਤੋਹ ਕੁੱਟਣ ਸਮਾਨ ਹਨ) ਤੋਹ ਕੁੱਟਿਆਂ (ਉਹਨਾਂ ਵਿਚੋਂ) ਚਉਲ ਨਹੀਂ ਲੱਭ ਪੈਣੇ। ਹੰਸਾਂ ਵਿਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣ ਜਾਂਦਾ, (ਹੰਸਾਂ ਵਿਚ) ਬੈਠਾ ਹੋਇਆ ਭੀ ਉਹ ਸਦਾ ਮੱਛੀ (ਫੜਨ) ਲਈ ਤਾੜੀ ਲਾਂਦਾ ਹੈ; ਜਦੋਂ ਹੰਸ ਰਲ ਕੇ ਵਿਚਾਰ ਕਰ ਕੇ ਵੇਖਦੇ ਹਨ ਤਾਂ (ਇਹੀ ਸਿੱਟਾ ਨਿਕਲਦਾ ਹੈ ਕਿ) ਬਗਲਿਆਂ ਨਾਲ ਉਹਨਾਂ ਦਾ ਜੋੜ ਫਬਦਾ ਨਹੀਂ, (ਕਿਉਂਕਿ) ਹੰਸਾਂ ਦੀ ਖ਼ੁਰਾਕ ਹੀਰੇ ਮੋਤੀ ਹਨ ਤੇ ਬਗਲਾ ਡੱਡੀਆਂ ਲੱਭਣ ਜਾਂਦਾ ਹੈ; ਵਿਚਾਰਾ ਬਗਲਾ (ਆਖ਼ਰ ਹੰਸਾਂ ਦੀ ਡਾਰ ਵਿਚੋਂ) ਉੱਡ ਹੀ ਜਾਂਦਾ ਹੈ ਕਿ ਮਤਾਂ ਮੇਰਾ ਪਾਜ ਖੁਲ੍ਹ ਨ ਜਾਏ। ਪਰ, ਦੋਸ ਕਿਸ ਨੂੰ ਦਿੱਤਾ ਜਾਏ? ਪਰਮਾਤਮਾ ਨੂੰ ਵੀ ਇਹੀ ਗੱਲ ਚੰਗੀ ਲੱਗਦੀ ਹੈ; ਜਿੱਧਰ ਕੋਈ ਜੀਵ ਲਾਇਆ ਜਾਂਦਾ ਹੈ ਓਧਰ ਹੀ ਉਹ ਲੱਗਦਾ ਹੈ। ਸਤਿਗੁਰੂ (ਮਾਨੋ) ਇਕ ਸਰੋਵਰ ਹੈ ਜੋ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ, ਜਿਸ ਦੇ ਭਾਗ ਹੋਣ ਉਸੇ ਨੂੰ ਹੀ ਮਿਲਦਾ ਹੈ। ਸਤਿਗੁਰੂ ਦੇ ਹੁਕਮ ਅਨੁਸਾਰ ਹੀ ਸਿੱਖ-ਹੰਸ (ਗੁਰੂ ਦੀ ਸਰਨ-ਰੂਪ) ਸਰੋਵਰ ਵਿਚ ਆ ਇਕੱਠੇ ਹੁੰਦੇ ਹਨ, ਉਸ ਸਰੋਵਰ ਵਿਚ (ਪ੍ਰਭੂ ਦੇ ਗੁਣ ਰੂਪ) ਹੀਰੇ-ਮੋਤੀ ਨਕਾ-ਨਕ ਭਰੇ ਹੋਏ ਹਨ, ਸਿੱਖ ਇਹਨਾਂ ਨੂੰ ਆਪ ਵਰਤਦੇ ਤੇ ਹੋਰਨਾਂ ਨੂੰ ਵੰਡਦੇ ਹਨ ਇਹ ਹੀਰੇ-ਮੋਤੀ ਮੁੱਕਦੇ ਨਹੀਂ। ਕਰਤਾਰ ਨੂੰ ਇਉਂ ਹੀ ਭਾਉਂਦਾ ਹੈ ਕਿ ਸਿੱਖ-ਹੰਸ ਗੁਰੂ-ਸਰੋਵਰ ਤੋਂ ਦੂਰ ਨਹੀਂ ਜਾਂਦਾ। ਹੇ ਨਾਨਕ! ਧੁਰੋਂ ਜਿਸ ਦੇ ਮੱਥੇ ਉਤੇ ਲਿਖਿਆ ਲੇਖ ਹੋਵੇ ਉਹ ਸਿੱਖ ਸਤਿਗੁਰੂ ਦੀ ਸਰਨੀਂ ਆਉਂਦਾ ਹੈ, (ਗੁਰ-ਸਰਨ ਆ ਕੇ) ਉਹ ਆਪ ਤਰ ਜਾਂਦਾ ਹੈ, ਸਾਰੇ ਸਨਬੰਧੀਆਂ ਨੂੰ ਤਾਰ ਲੈਂਦਾ ਹੈ ਤੇ ਸਾਰੇ ਜਗਤ ਨੂੰ ਬਚਾ ਲੈਂਦਾ ਹੈ।1। ਮਃ ੫ ॥ ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥ ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ ॥ ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ॥ ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ ॥ ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ ॥ ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ ॥ ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ ॥ ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ ॥ ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ ॥ ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ ॥ ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ ॥ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥ ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥੨॥ {ਪੰਨਾ 960} ਪਦ ਅਰਥ: ਬਹੁਤੀ ਰਾਹੀ = ਬਹੁਤ ਸ਼ਾਸਤ੍ਰ ਆਦਿਕਾਂ ਨੂੰ ਪੜ੍ਹਨ ਕਰ ਕੇ। ਜਿਨੇਹਾ = ਵਰਗਾ। ਤਿਸਟਸਿ = ਟਿਕਦਾ। ਤਿਸਟਸਿ ਨਾਹੀ ਦੇਹਾ = ਸਰੀਰ ਟਿਕਦਾ ਨਹੀਂ, ਭਟਕਣਾ ਖ਼ਤਮ ਨਹੀਂ ਹੁੰਦੀ। ਕੂੜੀ = ਝੂਠ-ਮੂਠ, ਵਿਅਰਥ। ਜੋਹਾ = ਤੱਕ, ਝਾਕ। ਛੋਹ = ਖਿੱਝ। ਰੋਹ = ਗੁੱਸਾ। ਕੁਮੂੜਾ = ਬਹੁਤ ਮੂਰਖ। ਮਨਿ = ਮਨ ਵਿਚ। ਸੇਤੀ = ਨਾਲ। ਨਦਰੀ ਵਿਚਦੋ ਕਢੈ = ਨਜ਼ਰ ਵਿਚੋਂ ਦੀ ਕੱਢਦਾ ਹੈ, ਗਹੁ ਨਾਲ ਪਰਖਦਾ ਹੈ। ਮਨੂਰ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ। ਸਤ੍ਰ = ਵੈਰੀ। ਸਮਾਨੇ = ਬਰਾਬਰ, ਇਕੋ ਜਿਹੇ। ਸੁਧੁ = ਪਵਿਤ੍ਰ। ਸਨੇਹਾ = ਪਿਆਰ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ। ਅਰਥ: ਬਹੁਤੇ ਸ਼ਾਸਤ੍ਰ ਆਦਿਕ ਪੜ੍ਹਨ ਕਰ ਕੇ (ਹੀ ਜੇ ਆਪਣੇ ਆਪ ਨੂੰ ਕੋਈ ਮਨੁੱਖ) ਪੰਡਿਤ ਅਖਵਾਉਂਦਾ ਹੈ (ਪਰ) ਹੈ ਉਹ ਕੋੜਕੂ ਮੋਠ ਵਰਗਾ (ਜੋ ਰਿੰਨ੍ਹਿਆਂ ਗਲਦਾ ਨਹੀਂ) , ਉਸ ਦੇ ਮਨ ਵਿਚ ਮੋਹ (ਪ੍ਰਬਲ) ਹੈ, ਉਸ ਪੰਡਿਤ ਦੀ (ਵਿੱਦਿਆ ਵਾਲੀ) ਸਾਰੀ ਦੌੜ-ਭੱਜ ਝੂਠ-ਮੂਠ ਹੈ (ਕਿਉਂਕਿ) ਉਸ ਨੂੰ ਸਦਾ ਮਾਇਆ ਦੀ ਹੀ ਝਾਕ ਲੱਗੀ ਰਹਿੰਦੀ ਹੈ। ਜੇ ਕੋਈ ਉਸ ਨੂੰ ਇਹ ਅਸਲੀਅਤ ਦੱਸੇ ਤਾਂ ਉਸ ਨੂੰ ਖਿੱਝ ਆਉਂਦੀ ਹੈ (ਕਿਉਂਕਿ ਸ਼ਾਸਤ੍ਰ ਆਦਿਕ ਪੜ੍ਹ ਕੇ ਭੀ) ਉਸ ਦੇ ਮਨ ਵਿਚ ਗੁੱਸਾ ਬਹੁਤ ਹੈ। (ਅਜੇਹਾ ਪੰਡਿਤ ਅਸਲ ਵਿਚ) ਭੈੜੀ ਕੋਝੀ ਮਤਿ ਦਾ ਮਾਰਿਆ ਹੋਇਆ ਮਹਾ ਮੂਰਖ ਹੁੰਦਾ ਹੈ ਕਿਉਂਕਿ ਉਸ ਦੇ ਮਨ ਵਿਚ ਮਾਇਆ ਦਾ ਮੋਹ (ਬਲਵਾਨ) ਹੈ; ਅਜੇਹੇ ਠੱਗ ਨਾਲ ਇਕ ਹੋਰ ਇਹੋ ਜਿਹਾ ਹੀ ਠੱਗ ਰਲ ਪੈਂਦਾ ਹੈ, ਦੋਹਾਂ ਦਾ ਵਾਹ-ਵਾਹ ਮੇਲ ਬਣ ਜਾਂਦਾ ਹੈ। ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖ ਕਰਦਾ ਹੈ ਤਾਂ (ਇਹ ਬਾਹਰੋਂ ਵਿੱਦਿਆ ਨਾਲ ਚਮਕਦਾ ਸੋਨਾ ਦਿੱਸਣ ਵਾਲਾ, ਪਰ ਅੰਦਰੋਂ) ਲੋਹਾ ਉੱਘੜ ਆਉਂਦਾ ਹੈ। ਕਈ ਥਾਈਂ ਭਾਵੇਂ ਇਸ ਨੂੰ ਰਲਾ ਰਲਾ ਕੇ ਰੱਖੀਏ, ਪਰ ਇਸ ਦਾ ਪਾਜ ਖੁਲ੍ਹ ਕੇ ਅਸਲੀਅਤ ਅੱਗੇ ਆ ਹੀ ਜਾਂਦੀ ਹੈ। (ਅਜੇਹਾ ਬੰਦਾ ਭੀ) ਜੇ ਸਤਿਗੁਰੂ ਦੀ ਸਰਨ ਵਿਚ ਆ ਜਾਏ ਤਾਂ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ। ਸਤਿਗੁਰੂ ਨੂੰ ਕਿਸੇ ਨਾਲ ਵੈਰ ਨਹੀਂ, ਉਸ ਨੂੰ ਪੁਤ੍ਰ ਤੇ ਵੈਰੀ ਇਕੋ ਜਿਹੇ ਪਿਆਰੇ ਹਨ (ਜੋ ਕੋਈ ਭੀ ਉਸ ਦੀ ਸਰਨ ਆਵੇ ਉਸ ਦੇ) ਔਗੁਣ ਕੱਟ ਕੇ (ਗੁਰੂ) ਉਸ ਦੇ ਸਰੀਰ ਨੂੰ ਸੁੱਧ ਕਰ ਦੇਂਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਇਆ ਹੋਵੇ, ਉਸ ਦਾ ਗੁਰੂ ਨਾਲ ਪ੍ਰੇਮ ਬਣਦਾ ਹੈ; ਪੂਰੇ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ ਵਿਚ ਵੱਸਦੀ ਹੈ ਜਿਸ ਉਤੇ ਗੁਰੂ ਮੇਹਰ ਕਰੇ। ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਮੁੱਕ ਜਾਂਦਾ ਹੈ, ਉਸ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ।2। |
Sri Guru Granth Darpan, by Professor Sahib Singh |