ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 961 ਪਉੜੀ ॥ ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥ ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥ ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥ ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥ ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥ ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥ ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥ ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥ {ਪੰਨਾ 961} ਪਦ ਅਰਥ: ਤੁਧੁ = ਤੈਨੂੰ। ਭਾਣਾ = ਪਿਆਰਾ ਲੱਗਾ। ਬੁਝਈ = ਸਮਝਦਾ ਹੈ, ਸਾਂਝ ਪਾ ਲੈਂਦਾ ਹੈ। ਸਿਝਈ = ਕਾਮਯਾਬ ਹੋ ਜਾਂਦਾ ਹੈ। ਤਿਸੁ = ਉਸ ਦੀ। ਹਉਮੈ = ਮੈਂ ਮੈਂ, ਅਹੰਕਾਰ, ਆਪਾ-ਭਾਵ, ਖ਼ੁਦ-ਗ਼ਰਜ਼ੀ। ਸੰਤੁਸਟੁ = ਪ੍ਰਸੰਨ। ਕਲਮਲ = ਪਾਪ। ਖਈ = ਨਾਸ ਹੋ ਗਏ। ਥਿਅਈ = ਹੋ ਜਾਂਦਾ ਹੈ। ਮਇਆ = ਦਇਆ। ਅਗਨਈ = (ਵਿਕਾਰਾਂ ਦੀ) ਅੱਗ। ਜਿਨਿ = ਜਿਸ (ਮਨੁੱਖ) ਨੇ। ਮਤਿ = ਅਕਲ। ਵਲਿ = ਪੱਖ ਤੇ। ਸਚਾ = ਅਡੋਲ-ਚਿੱਤ। ਤਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਤੇ = ਤੋਂ। ਅਰਥ: ਹੇ ਪ੍ਰਭੂ! ਜੇਹੜਾ ਜੀਵ ਤੈਨੂੰ ਪਿਆਰਾ ਲੱਗਦਾ ਹੈ, ਉਹ ਤੇਰੇ ਨਾਲ ਸਾਂਝ ਪਾ ਲੈਂਦਾ ਹੈ, ਉਹ (ਜੀਵਨ-ਸਫ਼ਰ ਵਿਚ) ਕਾਮਯਾਬ (ਹੋ ਕੇ) ਤੇਰੀ ਹਜ਼ੂਰੀ ਵਿਚ ਪਹੁੰਚਦਾ ਹੈ। ਜਿਸ ਉਤੇ ਤੇਰੀ ਮੇਹਰ ਦੀ ਨਜ਼ਰ ਹੋਵੇ, ਉਸ ਦਾ ਆਪਾ-ਭਾਵ ਦੂਰ ਹੋ ਜਾਂਦਾ ਹੈ। ਜਿਸ ਉਤੇ ਤੂੰ ਖ਼ੁਸ਼ ਹੋ ਜਾਏਂ ਉਸ ਦੇ ਸਾਰੇ ਪਾਪ ਮੁੱਕ ਜਾਂਦੇ ਹਨ। (ਹੇ ਭਾਈ!) ਮਾਲਕ-ਪ੍ਰਭੂ ਜਿਸ ਮਨੁੱਖ ਦੇ ਪੱਖ ਤੇ ਹੋਵੇ, ਉਹ (ਦੁਨੀਆ ਦੇ ਡਰ-ਸਹਿਮਾਂ ਵਲੋਂ) ਨਿਡਰ ਹੋ ਜਾਂਦਾ ਹੈ। ਹੇ ਪ੍ਰਭੂ! ਜਿਸ ਉਤੇ ਤੂੰ ਦਿਆਲ ਹੋਵੇਂ, ਉਹ (ਮਾਇਆ ਦੇ ਹੱਲਿਆਂ ਅੱਗੇ) ਅਡੋਲ ਹੋ ਜਾਂਦਾ ਹੈ, ਜਿਸ ਉਤੇ ਮੇਹਰ ਹੋਵੇ ਉਸ ਨੂੰ (ਮਾਇਆ ਦੀ) ਅੱਗ ਪੋਹ ਹੀ ਨਹੀਂ ਸਕਦੀ। ਪਰ, (ਹੇ ਪ੍ਰਭੂ!) ਤੂੰ ਉਸੇ ਉਤੇ ਸਦਾ ਦਿਆਲ ਹੈਂ, ਜਿਸ ਨੇ ਗੁਰੂ ਪਾਸੋਂ (ਮਨੁੱਖਾ ਜੀਵਨ ਜੀਊਣ ਦੀ) ਅਕਲ ਸਿੱਖੀ।7। ਸਲੋਕ ਮਃ ੫ ॥ ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥ ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥ ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥ ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥ ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥ ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥ ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥ ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥ ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥ ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥ {ਪੰਨਾ 961} ਪਦ ਅਰਥ: ਆਪੇ = ਆਪ ਹੀ। ਜਪੀ = ਜਪੀਂ, ਮੈਂ ਜਪਾਂ। ਪਾਇ = ਪੈਰਾਂ ਤੇ। ਨ ਵਿਆਪੈ = ਜ਼ੋਰ ਨ ਪਾ ਲਏ। ਰੈਣਿ = ਰਾਤ। ਕੰਮਿ = ਕੰਮ ਵਿਚ। ਨਿਰੰਤਰਿ = ਇਕ-ਰਸ ਸਭ ਵਿਚ। ਰਵਿ ਰਹਿਆ = ਮੌਜੂਦ ਹੈ। ਲੋਹਿਆ = ਲੱਭ ਲਿਆ। ਅਰਥ: ਹੇ ਕਿਰਪਾਲ (ਪ੍ਰਭੂ) ! ਮੇਹਰ ਕਰ, ਤੇ ਤੂੰ ਆਪ ਹੀ ਮੈਨੂੰ ਬਖ਼ਸ਼ ਲੈ, ਸਤਿਗੁਰੂ ਦੇ ਚਰਨਾਂ ਉਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ। (ਹੇ ਕਿਰਪਾਲ!) ਮੇਰੇ ਮਨ ਵਿਚ ਤਨ ਵਿਚ ਆ ਵੱਸ (ਤਾਕਿ) ਮੇਰੇ ਦੁੱਖ ਮੁੱਕ ਜਾਣ; ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ, ਕੋਈ ਡਰ ਮੇਰੇ ਉਤੇ ਜ਼ੋਰ ਨਾ ਪਾ ਸਕੇ। (ਹੇ ਕਿਰਪਾਲ!) ਮੈਨੂੰ ਇਸੇ ਕੰਮ ਲਾਈ ਰੱਖ ਕਿ ਮੈਂ ਦਿਨ ਰਾਤ ਮੇਰੇ ਗੁਣ ਗਾਂਦਾ ਰਹਾਂ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮੇਰਾ ਹਉਮੈ ਦਾ ਰੋਗ ਕੱਟਿਆ ਜਾਏ। (ਹੇ ਭਾਈ! ਭਾਵੇਂ) ਖਸਮ-ਪ੍ਰਭੂ ਹੀ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਪਰ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮੇਹਰ ਨਾਲ ਲੱਭਾ ਹੈ। ਹੇ ਦਿਆਲ ਪ੍ਰਭੂ! ਦਇਆ ਕਰ, ਮੈਨੂੰ ਆਪਣੀ ਸਿਫ਼ਤਿ-ਸਾਲਾਹ ਬਖ਼ਸ਼, (ਮੈਨੂੰ) ਨਾਨਕ ਨੂੰ ਇਹੀ ਤਾਂਘ ਹੈ ਕਿ ਤੇਰਾ ਦਰਸਨ ਕਰ ਕੇ ਖਿੜਿਆ ਰਹਾਂ।1। ਮਃ ੫ ॥ ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥ ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥ ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥ ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥ ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥ ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥ ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥ {ਪੰਨਾ 961} ਪਦ ਅਰਥ: ਮਨੈ ਮਾਹਿ = ਮਨ ਹੀ ਵਿਚ। ਪਿਰਹੜੀ = ਪ੍ਰੇਮ। ਜਾਇ = ਥਾਂ। ਪਲੈ ਪਾਇ = ਮਿਲਦਾ ਹੈ। ਸਭੁ ਕਿਛੁ = ਹਰੇਕ ਚੀਜ਼। ਗਿਰਾਸਿ = ਗਿਰਾਹੀ ਦੇ ਨਾਲ, ਖਾਂਦਿਆਂ ਪੀਂਦਿਆਂ। ਨਿਧਾਨੁ = ਖ਼ਜ਼ਾਨਾ। ਸਚੁ = ਸਦਾ-ਥਿਰ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਵਡਭਾਗੀ = ਵੱਡੇ ਭਾਗਾਂ ਵਾਲੇ। ਮਨਿ = ਮਨ ਵਿਚ। ਵੁਠਾ = ਵੱਸਿਆ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਧਰਤੀ ਦੇ ਉਪਰ, ਆਕਾਸ਼ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਅਰਥ: ਇਕ ਪ੍ਰਭੂ ਨੂੰ ਹੀ ਮਨ ਵਿਚ ਧਿਆਉਣਾ ਚਾਹੀਦਾ ਹੈ, ਇਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ। ਹੇ ਮਨ! ਇਕ ਪ੍ਰਭੂ ਨਾਲ ਹੀ ਪ੍ਰੇਮ ਪਾ, ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ। ਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ। ਹੇ ਭਾਈ! ਮਨ ਦੀ ਰਾਹੀਂ ਸਰੀਰ ਦੀ ਰਾਹੀਂ ਸੁਆਸ ਸੁਆਸ ਖਾਂਦਿਆਂ ਪੀਂਦਿਆਂ ਇਕ ਪ੍ਰਭੂ ਨੂੰ ਹੀ ਸਿਮਰ। ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖ਼ਜ਼ਾਨਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ। ਉਹ ਗੁਰਮੁਖਿ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ। ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਹੈ। ਹੇ ਨਾਨਕ! (ਅਰਦਾਸ ਕਰ ਕਿ) ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ, ਨਾਮ (ਮੂੰਹ ਨਾਲ) ਉਚਾਰਾਂ ਤੇ ਉਸ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਾਂ।2। ਪਉੜੀ ॥ ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥ ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥ ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥ ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥ ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥ ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥ ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥ ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥ {ਪੰਨਾ 961} ਪਦ ਅਰਥ: ਤਿਨੈ = ਉਸੇ ਨੇ। ਭੈਣੁ = ਭਵਨ, ਜਗਤ। ਅੰਗੁ = ਪੱਖ, ਆਸਰਾ। ਤਿਸੁ ਮੁਖੁ = ਉਸ ਦਾ ਮੂੰਹ। ਲੇਖਾ = ਜ਼ਿੰਦਗੀ ਵਿਚ ਕੀਤੇ ਕਰਮਾਂ ਦਾ ਹਿਸਾਬ। ਤਿਨਿ = ਉਸ ਨੇ। ਭੁੰਚੀਐ = ਵਰਤਿਆ ਹੈ, ਮਾਣਿਆ ਹੈ, ਭੋਗਿਆ ਹੈ। ਮੁਹਛੰਦਗੀ = ਮੁਥਾਜੀ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਅਰਥ: (ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੂੰ ਕੋਈ (ਵਿਕਾਰ ਆਦਿਕ) ਮਾਰ ਨਹੀਂ ਸਕਦਾ, ਕਿਉਂਕਿ ਉਸ ਨੇ ਤਾਂ (ਸਾਰਾ) ਜਗਤ (ਹੀ) ਜਿੱਤ ਲਿਆ ਹੈ। (ਹੇ ਪ੍ਰਭੂ!) ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ (ਮਨੁੱਖਤਾ ਦੀ ਜ਼ਿੰਮੇਵਾਰੀ ਵਿਚ) ਸੁਰਖ਼ਰੂ ਹੋ ਗਿਆ ਹੈ, ਉਹ ਬੜੇ ਹੀ ਪਵਿਤ੍ਰ ਜੀਵਨ ਵਾਲਾ ਬਣ ਗਿਆ ਹੈ। (ਹੇ ਪ੍ਰਭੂ!) ਜਿਸ ਨੂੰ ਤੇਰੀ (ਮੇਹਰ ਦੀ) ਨਜ਼ਰ ਨਸੀਬ ਹੋਈ ਹੈ ਉਸ ਨੂੰ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਨਹੀਂ ਪੁੱਛਿਆ ਜਾਂਦਾ, ਕਿਉਂਕਿ ਹੇ ਪ੍ਰਭੂ! ਜਿਸ ਨੂੰ ਤੇਰੀ ਖ਼ੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ-ਰੂਪ ਨੌ ਖ਼ਜ਼ਾਨੇ ਮਾਣ ਲਏ ਹਨ। ਹੇ ਪ੍ਰਭੂ! ਜਿਸ ਬੰਦੇ ਦੇ ਧੜੇ ਤੇ ਤੂੰ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ (ਕਿਉਂਕਿ) ਜਿਸ ਉਤੇ ਤੇਰੀ ਮੇਹਰ ਹੈ ਉਹ ਤੇਰੀ ਭਗਤੀ ਕਰਦਾ ਹੈ।8। ਸਲੋਕ ਮਹਲਾ ੫ ॥ ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥ ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥ {ਪੰਨਾ 961} ਪਦ ਅਰਥ: ਵਿਹਾਵੇ = ਬੀਤ ਜਾਏ। ਸਿ = ਉਹ ਬੰਦੇ। ਤਿਨ = ਉਹਨਾਂ ਦੇ। ਹਾਵੇ = ਹਾਹੁਕੇ। ਚੁਕਨਿ = ਮੁੱਕਦੇ। ਅਰਥ: ਹੇ ਮੇਰੇ ਸੁਆਮੀ! ਮੇਰੇ ਉਤੇ ਦਇਆ ਕਰ, ਮੇਰੀ ਉਮਰ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਬੀਤੇ। ਜੋ ਮਨੁੱਖ ਤੈਥੋਂ ਵਿੱਛੜ ਜਾਂਦੇ ਹਨ ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਉਹਨਾਂ ਦੇ ਹਾਹੁਕੇ ਕਦੇ ਮੁੱਕਦੇ ਨਹੀਂ।1। ਮਃ ੫ ॥ ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥ ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥੨॥ {ਪੰਨਾ 961} ਪਦ ਅਰਥ: ਘਟਿ = ਹਿਰਦੇ ਵਿਚ। ਅਵਘਟਿ = ਹਿਰਦੇ ਵਿਚ। ਘਟ = ਘਾਟੀ। ਘਾਟ = ਪੱਤਣ। ਘਟ ਘਾਟ = ਘਾਟੀ ਹੋਵੇ ਚਾਹੇ ਪੱਤਣ, (ਭਾਵ,) ਹਰ ਸਮੇ ਹਰ ਥਾਂ। ਕੋਇ = ਕੋਈ (ਵਿਕਾਰ) । ਬੰਧੈ = ਰੋਕ ਸਕਦਾ, ਰੁਕਾਵਟ ਪਾ ਸਕਦਾ। ਵਾਟ = ਰਸਤਾ, ਜ਼ਿੰਦਗੀ ਦਾ ਰਸਤਾ। ਅਰਥ: (ਹੇ ਭਾਈ!) ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਉੱਠਦਿਆਂ ਬੈਠਦਿਆਂ ਹਰ ਸਮੇ (ਹਰ ਥਾਂ) ਚੇਤੇ ਰੱਖੋ। ਪਰਮਾਤਮਾ ਦਾ ਨਾਮ ਸਿਮਰਿਆਂ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾ ਸਕਦਾ।2। |
Sri Guru Granth Darpan, by Professor Sahib Singh |