ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 962 ਪਉੜੀ ॥ ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ ॥ ਓਥੈ ਤੇਰੀ ਰਖ ਅਗਨੀ ਉਦਰ ਮਾਹਿ ॥ ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ ॥ ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ ॥ ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥ ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ ॥ ਸਭਸੈ ਨੋ ਕਿਰਪਾਲੁ ਸਮ੍ਹ੍ਹਾਲੇ ਸਾਹਿ ਸਾਹਿ ॥ ਬਿਰਥਾ ਕੋਇ ਨ ਜਾਇ ਜਿ ਆਵੈ ਤੁਧੁ ਆਹਿ ॥੯॥ {ਪੰਨਾ 962} ਪਦ ਅਰਥ: ਸਮਰਥੁ = ਸਹਾਇਤਾ ਕਰਨ ਜੋਗਾ। ਰਖ = ਰਖਿਆ, ਆਸਰਾ। ਉਦਰ ਅਗਨੀ = (ਮਾਂ ਦੇ) ਪੇਟ ਦੀ ਅੱਗ। ਬਿਖਮੁ = ਔਖਾ। ਅਸਗਾਹੁ = ਬਹੁਤ ਡੂੰਘਾ, ਜਿਸ ਦੀ ਹਾਥ ਨ ਪੈ ਸਕੇ। ਪਾਰਿ ਪਾਹਿ = ਪਾਰ ਲੰਘ ਜਾਂਦੇ ਹਨ। ਸੇਇ = ਉਹੀ ਬੰਦੇ। ਕਲਿ = ਸੰਸਾਰ। ਪੁੰਨ = ਨੇਕ ਕੰਮ। ਗਾਹਿ = ਗਾਂਦੇ ਹਨ। ਸਭਸੈ ਨੋ = ਹਰੇਕ ਜੀਵ ਨੂੰ। ਸਾਹਿ ਸਾਹਿ = ਹਰੇਕ ਸੁਆਸ ਵਿਚ। ਬਿਰਥਾ = ਖ਼ਾਲੀ। ਤੁਧੁ ਆਹਿ = ਤੇਰੀ ਸਰਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਖਾਹਿ = ਖਾਂਦੇ ਹਨ, ਛਕਦੇ ਹਨ। ਜਿ = ਜਿਹੜਾ। ਅਰਥ: (ਹੇ ਪ੍ਰਭੂ!) ਜਿੱਥੇ ਹੋਰ ਕੋਈ (ਜੀਵ ਸਹਾਇਤਾ ਕਰਨ ਜੋਗਾ) ਨਹੀਂ ਉਥੇ, ਹੇ ਪ੍ਰਭੂ! ਤੂੰ ਹੀ ਮਦਦ ਕਰਨ ਜੋਗਾ ਹੈਂ, ਮਾਂ ਦੇ ਪੇਟ ਦੀ ਅੱਗ ਵਿਚ ਜੀਵ ਨੂੰ ਤੇਰਾ ਹੀ ਸਹਾਰਾ ਹੁੰਦਾ ਹੈ। (ਹੇ ਪ੍ਰਭੂ! ਤੇਰਾ ਨਾਮ) ਸੁਣ ਕੇ ਜਮਦੂਤ (ਨੇੜੇ ਨਹੀਂ ਢੁਕਦੇ) , ਤੇਰੇ ਨਾਮ ਦੀ ਬਰਕਤਿ ਨਾਲ (ਜੀਵ ਨੂੰ) ਛੱਡ ਕੇ ਚਲੇ ਜਾਂਦੇ ਹਨ। ਇਸ ਔਖੇ ਤੇ ਅਥਾਹ ਸੰਸਾਰ-ਸਮੁੰਦਰ ਨੂੰ ਜੀਵ ਗੁਰੂ ਦੇ ਸ਼ਬਦ (ਦੀ ਸਹਾਇਤਾ) ਨਾਲ ਪਾਰ ਕਰ ਲੈਂਦੇ ਹਨ। ਪਰ ਉਹੀ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ ਜਿਨ੍ਹਾਂ ਦੇ ਅੰਦਰ ਇਸ ਦੀ ਭੁੱਖ-ਪਿਆਸ ਪੈਦਾ ਹੋਈ ਹੈ, ਜੇਹੜੇ ਸੰਸਾਰ ਵਿਚ ਨਾਮ-ਸਿਮਰਨ ਨੂੰ ਹੀ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਂਦੇ ਹਨ। ਕਿਰਪਾਲ ਪ੍ਰਭੂ ਹਰੇਕ ਜੀਵ ਦੀ ਸੁਆਸ ਸੁਆਸ ਸੰਭਾਲ ਕਰਦਾ ਹੈ। ਹੇ ਪ੍ਰਭੂ! ਜਿਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ) ਖ਼ਾਲੀ ਨਹੀਂ ਜਾਂਦਾ।9। ਸਲੋਕ ਮਃ ੫ ॥ ਦੂਜਾ ਤਿਸੁ ਨ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥ ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ ॥ ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ ॥ ਕੀਮਤਿ ਕਹਣੁ ਨ ਜਾਈਐ ਅੰਤੁ ਨ ਪਾਰਾਵਾਰੁ ॥ ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ ॥ ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ ॥ ਜਿਨਾ ਲਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ ॥ ਨਾਨਕ ਇਕੁ ਆਰਾਧੇ ਸੰਤਨ ਰੇਣਾਰੁ ॥੧॥ {ਪੰਨਾ 962} ਪਦ ਅਰਥ: ਤਿਸੁ = ਉਸ ਮਨੁੱਖ ਨੂੰ। ਆਧਾਰੁ = ਆਸਰਾ। ਨਿਹਚਲੁ = ਅਟੱਲ। ਪਾਰਾਵਾਰੁ = ਪਾਰ+ਅਵਾਰ, ਪਾਰਲਾ ਤੇ ਉਰਲਾ ਪਾਸਾ। ਬਿਖਿਆ = ਮਾਇਆ। ਰਸ = ਚਸਕੇ। ਛਾਰੁ = ਸੁਆਹ। ਰੇਣਾਰੁ = ਚਰਨ-ਧੂੜ। ਸਾਰੁ = ਸ੍ਰੇਸ਼ਟ। ਸਹਜ = ਆਤਮਕ ਅਡੋਲਤਾ। ਅਰਥ: ਹੇ ਪਾਰਬ੍ਰਹਮ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਆਸਰਾ ਦੇਂਦਾ ਹੈਂ, ਉਸ ਨੂੰ ਤੂੰ ਕੋਈ ਹੋਰ ਆਸਰਾ ਨਹੀਂ ਸੁਝਾਉਂਦਾ; ਤੂੰ ਅਪਹੁੰਚ ਹੈਂ; ਇੰਦ੍ਰਿਆਂ ਦੀ ਦੌੜ ਤੋਂ ਪਰੇ ਹੈਂ, ਤੂੰ ਹਰੇਕ ਸੱਤਿਆ ਵਾਲਾ ਮਾਲਕ ਹੈਂ, ਤੂੰ ਸਦਾ-ਥਿਰ ਰਹਿਣ ਵਾਲਾ ਦਾਤਾ ਹੈਂ, ਤੂੰ ਅਟੱਲ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ; ਤੇਰਾ ਅੰਤ ਨਹੀਂ ਪੈ ਸਕਦਾ, ਤੇਰਾ ਹੱਦ-ਬੰਨਾ ਨਹੀਂ ਲੱਭ ਸਕਦਾ, ਤੇਰਾ ਮੁੱਲ ਨਹੀਂ ਪੈ ਸਕਦਾ। (ਹੇ ਭਾਈ!) ਪਰਮਾਤਮਾ ਨੂੰ ਵਿਸਾਰ ਕੇ ਹੋਰ ਹੋਰ ਚੀਜ਼ਾਂ ਮੰਗਣੀਆਂ = ਇਹ ਸਭ ਮਾਇਆ ਦੇ ਚਸਕੇ ਹਨ ਤੇ ਸੁਆਹ-ਤੁੱਲ ਹਨ। (ਅਸਲ ਵਿਚ) ਉਹੀ ਬੰਦੇ ਸੁਖੀ ਹਨ, ਉਹੀ ਸਦਾ ਕਾਇਮ ਰਹਿਣ ਵਾਲੇ ਸ਼ਾਹ ਹਨ ਜਿਨ੍ਹਾਂ ਨੇ ਸਦਾ-ਥਿਰ ਰਹਿਣ ਵਾਲਾ ਨਾਮ ਦਾ ਵਪਾਰ ਕੀਤਾ ਹੈ। ਜਿਨ੍ਹਾਂ ਬੰਦਿਆਂ ਦੀ ਪ੍ਰੀਤਿ ਪ੍ਰਭੂ ਦੇ ਨਾਮ ਨਾਲ ਬਣੀ ਹੈ ਉਹਨਾਂ ਨੂੰ ਆਤਮਕ ਅਡੋਲਤਾ ਦਾ ਸ੍ਰੇਸ਼ਟ ਸੁਖ ਨਸੀਬ ਹੈ। ਹੇ ਨਾਨਕ! ਉਹ ਮਨੁੱਖ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਰਹਿ ਕੇ ਇਕ ਪ੍ਰਭੂ ਨੂੰ ਅਰਾਧਦੇ ਹਨ।1। ਮਃ ੫ ॥ ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ ॥ ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥੨॥ {ਪੰਨਾ 962} ਪਦ ਅਰਥ: ਗਾਇ = ਗਾਂਵਿਆਂ, ਗਾ ਕੇ। ਨਾਇ = ਨਾਮ ਦੀ ਰਾਹੀਂ। ਉਧਰਸਿ = ਤੂੰ ਬਚ ਜਾਹਿਂਗਾ। ਅਰਥ: ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਸਦਾ ਅਨੰਦ ਸਦਾ ਸੁਖ ਤੇ ਸਦਾ ਸ਼ਾਂਤੀ ਬਣੀ ਰਹਿੰਦੀ ਹੈ। ਹੇ ਨਾਨਕ! ਹੋਰ ਚਤੁਰਾਈਆਂ ਛੱਡ ਦੇਹ, ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਤਰ ਜਾਹਿਂਗਾ।2। ਪਉੜੀ ॥ ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥ ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥ ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥ ਨਾ ਤੂ ਆਵਹਿ ਵਸਿ ਧਰਤੀ ਧਾਈਐ ॥ ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥ ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥ ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥ ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥ {ਪੰਨਾ 962} ਪਦ ਅਰਥ: ਘਿਣਾਵਣੇ = ਘਿਘਿਆਉਣ ਨਾਲ, ਵਿਖਾਵੇ ਦੇ ਤਰਲੇ ਲਿਆਂ। ਤੀਰਥਿ = ਤੀਰਥ ਉਤੇ। ਧਰਤੀ ਧਾਈਐ = ਸਾਰੀ ਧਰਤੀ ਉਤੇ ਜੇ ਦੌੜਦੇ ਫਿਰੀਏ। ਅਗਮ = ਹੇ ਅਪਹੁੰਚ! ਅਗੋਚਰ = ਅ-ਗੋ-ਚਰ। ਗੋ-ਗਿਆਨ ਇੰਦ੍ਰੇ। ਚਰ = ਪਹੁੰਚ। ਅਗੋਚਰ = ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਤਾਣੁ = ਬਲ, ਆਸਰਾ। ਭਗਤ = ਭਜਨ ਕਰਨ ਵਾਲੇ। ਵਸਿ = ਵੱਸ ਵਿਚ। ਨਾਈਐ = ਜੇ ਇਸ਼ਨਾਨ ਕੀਤਾ ਜਾਏ। ਦੇ = ਦੇ ਕੇ। ਸਭੁ ਕੋ = ਹਰੇਕ ਜੀਵ। ਅਰਥ: ਹੇ ਪ੍ਰਭੂ! ਬਹੁਤੇ ਵਿਖਾਵੇ ਦੇ ਤਰਲੇ ਲਿਆਂ, ਵੇਦ ਪੜ੍ਹਨ ਪੜ੍ਹਾਉਣ ਨਾਲ, ਤੀਰਥ ਉਤੇ ਇਸ਼ਨਾਨ ਕਰਨ ਨਾਲ, (ਰਮਤੇ ਸਾਧੂਆਂ ਵਾਂਗ) ਸਾਰੀ ਧਰਤੀ ਗਾਹਣ ਨਾਲ, ਕਿਸੇ ਚਤੁਰਾਈ-ਸਿਆਣਪ ਨਾਲ, ਬਹੁਤਾ ਦਾਨ ਦੇਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ (ਕਿਸੇ ਉਤੇ ਰੀਝਦਾ ਨਹੀਂ) । ਹੇ ਅਪਹੁੰਚ ਤੇ ਅਗੋਚਰ ਪ੍ਰਭੂ! ਹਰੇਕ ਜੀਵ ਤੇਰੇ ਅਧੀਨ ਹੈ (ਇਹਨਾਂ ਵਿਖਾਵੇ ਦੇ ਉੱਦਮਾਂ ਨਾਲ ਕੋਈ ਜੀਵ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ) । ਤੂੰ ਸਿਰਫ਼ ਉਹਨਾਂ ਉਤੇ ਰੀਝਦਾ ਹੈਂ ਜੋ ਸਦਾ ਤੇਰਾ ਸਿਮਰਨ ਕਰਦੇ ਹਨ, (ਕਿਉਂਕਿ) ਤੇਰਾ ਭਜਨ-ਸਿਮਰਨ ਕਰਨ ਵਾਲਿਆਂ ਨੂੰ (ਸਿਰਫ਼) ਤੇਰਾ ਆਸਰਾ-ਪਰਨਾ ਹੁੰਦਾ ਹੈ।10। ਸਲੋਕ ਮਃ ੫ ॥ ਆਪੇ ਵੈਦੁ ਆਪਿ ਨਾਰਾਇਣੁ ॥ ਏਹਿ ਵੈਦ ਜੀਅ ਕਾ ਦੁਖੁ ਲਾਇਣ ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਖਾਇਣ ॥ ਨਾਨਕ ਜਿਸੁ ਮਨਿ ਵਸੈ ਤਿਸ ਕੇ ਸਭਿ ਦੂਖ ਮਿਟਾਇਣ ॥੧॥ {ਪੰਨਾ 962} ਪਦ ਅਰਥ: ਏਹਿ ਵੈਦ = ਇਹ (ਦੁਨੀਆ ਵਾਲੇ) ਹਕੀਮ, ਪਖੰਡੀ ਧਰਮ-ਆਗੂ। ਜੀਅ ਕਾ = ਜਿੰਦ ਦਾ, ਆਤਮਾ ਦਾ। ਖਾਇਣ = ਖਾਣ ਲਈ (ਭੋਜਨ) । ਜਿਸੁ ਮਨਿ = ਜਿਸ ਦੇ ਮਨ ਵਿਚ। ਨਾਰਾਇਣੁ = ਪਰਮਾਤਮਾ। ਸਭਿ = ਸਾਰੇ। ਅਰਥ: ਪਰਮਾਤਮਾ ਆਪ ਹੀ (ਆਤਮਾ ਦੇ ਰੋਗ ਹਟਾਣ ਵਾਲਾ) ਹਕੀਮ ਹੈ, ਇਹ (ਦੁਨੀਆ ਵਾਲੇ) ਹਕੀਮ (ਪਖੰਡੀ ਧਰਮ-ਆਗੂ) ਆਤਮਾ ਨੂੰ ਸਗੋਂ ਦੁੱਖ ਚੰਬੋੜਦੇ ਹਨ; (ਆਤਮਾ ਦੇ ਰੋਗ ਕੱਟਣ ਲਈ) ਖਾਣ-ਜੋਗੀ ਚੀਜ਼ ਸਤਿਗੁਰੂ ਦਾ ਸ਼ਬਦ ਹੈ (ਜਿਸ ਵਿਚੋਂ) ਅੰਮ੍ਰਿਤ ਦਾ ਸੁਆਦ (ਆਉਂਦਾ ਹੈ) , ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ (ਗੁਰੂ ਦਾ ਸ਼ਬਦ) ਵੱਸਦਾ ਹੈ ਉਸ ਦੇ ਸਾਰੇ ਦੁੱਖ ਮਿਟ ਜਾਂਦੇ ਹਨ।1। ਮਃ ੫ ॥ ਹੁਕਮਿ ਉਛਲੈ ਹੁਕਮੇ ਰਹੈ ॥ ਹੁਕਮੇ ਦੁਖੁ ਸੁਖੁ ਸਮ ਕਰਿ ਸਹੈ ॥ ਹੁਕਮੇ ਨਾਮੁ ਜਪੈ ਦਿਨੁ ਰਾਤਿ ॥ ਨਾਨਕ ਜਿਸ ਨੋ ਹੋਵੈ ਦਾਤਿ ॥ ਹੁਕਮਿ ਮਰੈ ਹੁਕਮੇ ਹੀ ਜੀਵੈ ॥ ਹੁਕਮੇ ਨਾਨ੍ਹ੍ਹਾ ਵਡਾ ਥੀਵੈ ॥ ਹੁਕਮੇ ਸੋਗ ਹਰਖ ਆਨੰਦ ॥ ਹੁਕਮੇ ਜਪੈ ਨਿਰੋਧਰ ਗੁਰਮੰਤ ॥ ਹੁਕਮੇ ਆਵਣੁ ਜਾਣੁ ਰਹਾਏ ॥ ਨਾਨਕ ਜਾ ਕਉ ਭਗਤੀ ਲਾਏ ॥੨॥ {ਪੰਨਾ 962} ਪਦ ਅਰਥ: ਉਛਲੈ = ਉਛਾਲਦਾ ਹੈ, ਕੁੱਦਦਾ ਹੈ, ਭਟਕਦਾ ਹੈ। ਰਹੈ– ਟਿਕਦਾ ਹੈ। ਸਮ = ਬਰਾਬਰ। ਦਾਤਿ = ਬਖ਼ਸ਼ਸ਼। ਨਾਨ੍ਹ੍ਹਾ = ਨਿੱਕਾ ਜਿਹਾ। ਹਰਖ = ਖ਼ੁਸ਼ੀ। ਨਿਰੁਧ = {ਸੰ: to ward off evil} ਦੁੱਖ-ਕਲੇਸ਼ ਵਿਕਾਰ ਆਦਿਕ ਨੂੰ ਦੂਰ ਕਰਨਾ। ਨਿਰੋਧਰ = ਵਿਕਾਰਾਂ ਨੂੰ ਦੂਰ ਕਰਨ ਵਾਲਾ। ਹੁਕਮਿ = ਹੁਕਮ ਅਨੁਸਾਰ। ਅਰਥ: ਪ੍ਰਭੂ ਦੇ ਹੁਕਮ ਅਨੁਸਾਰ ਜੀਵ ਭਟਕਦਾ ਹੈ, ਹੁਕਮ ਅਨੁਸਾਰ ਹੀ ਟਿਕਿਆ ਰਹਿੰਦਾ ਹੈ; ਪ੍ਰਭੂ ਦੇ ਹੁਕਮ ਵਿਚ ਹੀ ਜੀਵ ਦੁੱਖ ਸੁਖ ਨੂੰ ਇਕੋ ਜਿਹਾ ਜਾਣ ਕੇ ਸਹਾਰਦਾ ਹੈ। ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਹ ਉਸ ਦੇ ਹੁਕਮ ਵਿਚ ਹੀ ਦਿਨ ਰਾਤ ਉਸ ਦਾ ਨਾਮ ਜਪਦਾ ਹੈ। ਪ੍ਰਭੂ ਦੇ ਹੁਕਮ ਵਿਚ ਜੀਵ ਮਰਦਾ ਹੈ, ਹੁਕਮ ਵਿਚ ਹੀ ਜਿਊਂਦਾ ਹੈ, ਹੁਕਮ ਵਿਚ ਹੀ (ਪਹਿਲਾਂ) ਨਿੱਕਾ ਜਿਹਾ (ਤੇ ਫਿਰ) ਵੱਡਾ ਹੋ ਜਾਂਦਾ ਹੈ; ਹੁਕਮ ਵਿਚ ਹੀ (ਜੀਵ ਨੂੰ) ਚਿੰਤਾ ਤੇ ਖ਼ੁਸ਼ੀ ਆਨੰਦ ਵਾਪਰਦੇ ਹਨ, ਪ੍ਰਭੂ ਦੇ ਹੁਕਮ ਵਿਚ ਹੀ (ਕੋਈ ਜੀਵ) ਗੁਰੂ ਦਾ ਸ਼ਬਦ ਜਪਦਾ ਹੈ ਜੋ ਵਿਕਾਰਾਂ ਨੂੰ ਦੂਰ ਕਰਨ ਦੇ ਸਮਰਥ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪਣੀ ਭਗਤੀ ਵਿਚ ਜੋੜਦਾ ਹੈ ਉਸ ਦਾ ਜੰਮਣਾ ਮਰਨਾ ਭੀ ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਰੋਕਦਾ ਹੈ।2। ਪਉੜੀ ॥ ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ ॥ ਹਉ ਤਿਸੁ ਢਾਢੀ ਬਲਿਹਾਰ ਜਿ ਗਾਵੈ ਗੁਣ ਅਪਾਰ ॥ ਸੋ ਢਾਢੀ ਧਨੁ ਧੰਨੁ ਜਿਸੁ ਲੋੜੇ ਨਿਰੰਕਾਰੁ ॥ ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥ ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ ॥ ਮੰਗੈ ਅੰਮ੍ਰਿਤ ਨਾਮੁ ਨ ਆਵੈ ਕਦੇ ਹਾਰਿ ॥ ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ ॥ ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ ॥੧੧॥ {ਪੰਨਾ 962} ਪਦ ਅਰਥ: ਢਾਢੀ = ਵਾਰਾਂ ਗਾਵਣ ਵਾਲਾ, ਸਿਫ਼ਤਾਂ ਕਰਨ ਵਾਲਾ। ਹਉ = ਮੈਂ। ਅਪਾਰ = ਬੇਅੰਤ ਪ੍ਰਭੂ ਦੇ। ਧਨੁ ਧੰਨੁ = ਭਾਗਾਂ ਵਾਲਾ। ਲੋੜੇ = ਪਿਆਰ ਕਰਦਾ ਹੈ। ਭਾਗਠੁ = ਭਾਗਾਂ ਵਾਲਾ। ਬਾਰੁ = ਦਰਵਾਜ਼ਾ। ਕਲਾਣੇ = ਸਿਫ਼ਤਾਂ ਕਰਦਾ ਹੈ। ਦਿਨੁ ਰੈਣਾਰ = ਦਿਨੇ ਰਾਤ, ਹਰ ਵੇਲੇ। ਹਾਰਿ = ਹਾਰ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸਚਾ = ਸਦਾ ਕਾਇਮ ਰਹਿਣ ਵਾਲਾ। ਅਰਥ: ਹੇ ਪ੍ਰਭੂ! ਮੈਂ ਉਸ ਢਾਢੀ ਤੋਂ ਸਦਕੇ ਜਾਂਦਾ ਹਾਂ ਜੋ ਤੇਰੀ ਸੇਵਾ-ਭਗਤੀ ਕਰਦਾ ਹੈ, ਮੈਂ ਉਸ ਢਾਢੀ ਤੋਂ ਵਾਰਨੇ ਜਾਂਦਾ ਹਾਂ ਜੋ ਤੇਰੇ ਬੇਅੰਤ ਗੁਣ ਗਾਂਦਾ ਹੈ। ਭਾਗਾਂ ਵਾਲਾ ਹੈ ਉਹ ਢਾਢੀ, ਜਿਸ ਨੂੰ ਅਕਾਲ ਪੁਰਖ ਆਪ ਚਾਹੁੰਦਾ ਹੈ, ਮੁਬਾਰਿਕ ਹੈ ਉਹ ਢਾਢੀ, ਜਿਸ ਨੂੰ ਪ੍ਰਭੂ ਦਾ ਸੱਚਾ ਦਰ ਪ੍ਰਾਪਤ ਹੈ। ਹੇ ਪ੍ਰਭੂ! ਅਜੇਹਾ (ਸੁਭਾਗਾ) ਢਾਢੀ ਸਦਾ ਤੈਨੂੰ ਧਿਆਉਂਦਾ ਹੈ, ਦਿਨ ਰਾਤ ਤੇਰੇ ਗੁਣ ਗਾਂਦਾ ਹੈ, ਤੈਥੋਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਉਹ ਢਾਢੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਤੇਰੇ ਪਾਸ ਨਹੀਂ ਆਉਂਦਾ (ਜਿੱਤ ਕੇ ਹੀ ਆਉਂਦਾ ਹੈ) । ਹੇ ਪ੍ਰਭੂ! ਤੇਰਾ ਸਦਾ-ਥਿਰ ਨਾਮ ਹੀ (ਉਸ ਢਾਢੀ ਪਾਸ, ਪੜਦਾ ਕੱਜਣ ਲਈ) ਕੱਪੜਾ ਹੈ, ਤੇ (ਆਤਮਕ) ਖ਼ੁਰਾਕ ਹੈ, ਉਹ ਸਦਾ ਇਕ-ਰਸ ਤੇਰੀ ਯਾਦ ਵਿਚ ਜੁੜਿਆ ਰਹਿੰਦਾ ਹੈ। (ਅਸਲ) ਗੁਣਵਾਨ ਉਹੀ ਢਾਢੀ ਹੈ ਜਿਸ ਨੂੰ ਪ੍ਰਭੂ ਦਾ ਪਿਆਰ ਹਾਸਲ ਹੈ।11। |
Sri Guru Granth Darpan, by Professor Sahib Singh |