ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 963

ਸਲੋਕ ਮਃ ੫ ॥ ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥ ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥ ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥ ਸੂਖ ਸਹਜ ਆਨਦੁ ਘਣਾ ਪ੍ਰਭ ਜਪਤਿਆ ਦੁਖੁ ਜਾਇ ॥ ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥ {ਪੰਨਾ 963}

ਪਦ ਅਰਥ: ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਰਾਹੀਂ। ਅਮਿਉ ਰਸੁ = ਅੰਮ੍ਰਿਤ ਦਾ ਸੁਆਦ। ਗੁਣ ਗਾਉ = ਸਿਫ਼ਤਿ-ਸਾਲਾਹ ਕਰੋ। ਸੁਆਉ = ਸੁਆਰਥ, ਮਨੋਰਥ। ਪਦਾਰਥੁ = ਕੀਮਤੀ ਚੀਜ਼। ਜਨਮੁ = ਮਨੁੱਖਾ ਜੀਵਨ। ਭਾਉ = ਪ੍ਰੇਮ, ਪਿਆਰ। ਸਹਜ = ਆਤਮਕ ਅਡੋਲਤਾ।

ਅਰਥ: ਪ੍ਰਭੂ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸੁਆਦ ਦੇਣ ਵਾਲਾ ਹੈ; (ਹੇ ਭਾਈ!) ਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੀ ਰਾਹੀਂ ਇਸ ਪ੍ਰਭੂ-ਨਾਮ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ।

ਹੇ ਗੁਰ-ਸਿੱਖੋ! (ਸਿਫ਼ਤਿ-ਸਾਲਾਹ ਵਾਲਾ ਇਹ) ਉਪਦੇਸ਼ ਸੁਣੋ, ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ। ਮਨ ਵਿਚ (ਪ੍ਰਭੂ ਦਾ) ਪਿਆਰ ਟਿਕਾਓ, ਇਹ ਮਨੁੱਖਾ ਜੀਵਨ-ਰੂਪ ਕੀਮਤੀ ਦਾਤਿ ਸਫਲ ਹੋ ਜਾਇਗੀ।

ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਜਪਿਆਂ (ਇਸ ਲੋਕ ਵਿਚ) ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ।1।

ਮਃ ੫ ॥ ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ॥ ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ ॥ ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ ॥ ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥ ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥ ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ ॥ ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥ ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥੨॥ {ਪੰਨਾ 963}

ਪਦ ਅਰਥ: ਧਿਆਈਐ = ਸਿਮਰਨਾ ਚਾਹੀਦਾ ਹੈ। ਭਾਣੈ = ਆਪਣੀ ਰਜ਼ਾ ਵਿਚ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਲਿਆਉਣ ਦੀ ਕ੍ਰਿਆ। ਬਖਸ = ਬਖ਼ਸ਼ਸ਼। ਕਰਮ = ਮੇਹਰ। ਮਿਟੀ = ਸਰੀਰ। ਜੋਤਿ = ਜਿੰਦ। ਮਨਹਿ ਕਰੇਇ = ਰੋਕ ਦੇਂਦਾ ਹੈ। ਅਉਤਾਰੇ = ਉਤਰਦਾ ਹੈ, ਪਾਂਦਾ ਹੈ। ਧਾਰਣਿ = ਧਰਤੀ। ਧਰਣਿ ਪਰੇਇ = ਧਰਤੀ ਤੇ ਡਿੱਗਦਾ ਹੈ, ਨਾਸ ਹੁੰਦਾ ਹੈ। ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ।

ਅਰਥ: ਹੇ ਨਾਨਕ! ਪੂਰਾ ਗੁਰੂ (ਤਾਂ ਇਹ) ਮਤਿ ਦੇਂਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ; (ਪਰ ਉਂਞ) ਜਪ ਤਪ ਸੰਜਮ (ਆਦਿਕ ਕਰਮ-ਕਾਂਡ) ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਹੇ ਹਨ, ਰਜ਼ਾ ਅਨੁਸਾਰ ਹੀ ਪ੍ਰਭੂ (ਇਸ ਕਰਮ ਕਾਂਡ ਵਿਚੋਂ ਜੀਵਾਂ ਨੂੰ) ਕੱਢ ਲੈਂਦਾ ਹੈ।

ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ ਜੂਨਾਂ ਵਿਚ ਭਟਕਦਾ ਹੈ, ਰਜ਼ਾ ਵਿਚ ਹੀ ਪ੍ਰਭੂ (ਜੀਵ ਉਤੇ) ਬਖ਼ਸ਼ਸ਼ ਕਰਦਾ ਹੈ। ਉਸ ਦੀ ਰਜ਼ਾ ਵਿਚ ਹੀ (ਜੀਵ ਨੂੰ) ਦੁੱਖ ਸੁਖ ਭੋਗਣਾ ਪੈਂਦਾ ਹੈ, ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਜੀਵਾਂ ਉਤੇ) ਮੇਹਰ ਕਰਦਾ ਹੈ।

ਪ੍ਰਭੂ ਆਪਣੀ ਰਜ਼ਾ ਵਿਚ ਹੀ ਸਰੀਰ ਬਣਾ ਕੇ (ਉਸ ਵਿਚ) ਜਿੰਦ ਪਾ ਦੇਂਦਾ ਹੈ, ਰਜ਼ਾ ਵਿਚ ਹੀ ਜੀਵਾਂ ਨੂੰ ਭੋਗਾਂ ਵਲ ਪ੍ਰੇਰਦਾ ਹੈ ਤੇ ਰਜ਼ਾ ਅਨੁਸਾਰ ਹੀ ਭੋਗਾਂ ਵਲੋਂ ਰੋਕਦਾ ਹੈ।

ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਕਿਸੇ ਨੂੰ) ਨਰਕ ਵਿਚ ਤੇ (ਕਿਸੇ ਨੂੰ) ਸੁਰਗ ਵਿਚ ਪਾਂਦਾ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਦਾ ਨਾਸ ਹੋ ਜਾਂਦਾ ਹੈ। ਆਪਣੀ ਰਜ਼ਾ ਅਨੁਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿਚ ਜੋੜਦਾ ਹੈ (ਉਹ ਮਨੁੱਖ ਬੰਦਗੀ ਕਰਦਾ ਹੈ, ਪਰ) ਹੇ ਨਾਨਕ! ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ।2।

ਪਉੜੀ ॥ ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ ॥ ਪਸੂ ਪਰੇਤ ਅਗਿਆਨ ਉਧਾਰੇ ਇਕ ਖਣੇ ॥ ਦਿਨਸੁ ਰੈਣਿ ਤੇਰਾ ਨਾਉ ਸਦਾ ਸਦ ਜਾਪੀਐ ॥ ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ ॥ ਰੋਗੁ ਸੋਗੁ ਦੁਖੁ ਵੰਞੈ ਜਿਸੁ ਨਾਉ ਮਨਿ ਵਸੈ ॥ ਤਿਸਹਿ ਪਰਾਪਤਿ ਲਾਲੁ ਜੋ ਗੁਰ ਸਬਦੀ ਰਸੈ ॥ ਖੰਡ ਬ੍ਰਹਮੰਡ ਬੇਅੰਤ ਉਧਾਰਣਹਾਰਿਆ ॥ ਤੇਰੀ ਸੋਭਾ ਤੁਧੁ ਸਚੇ ਮੇਰੇ ਪਿਆਰਿਆ ॥੧੨॥ {ਪੰਨਾ 963}

ਪਦ ਅਰਥ: ਸੁਣਿ ਸੁਣੇ = ਸੁਣਿ ਸੁਣਿ, ਸੁਣ ਸੁਣ ਕੇ। ਹਉ ਜੀਵਾ = ਮੈਂ ਜੀਊਂਦਾ ਹਾਂ। ਖਣੇ = ਖਿਨ ਵਿਚ। ਰੈਣਿ = ਰਾਤ। ਵਿਕਰਾਲ = ਡਰਾਉਣੀ, ਭਿਆਨਕ। ਨਾਇ ਤੇਰੈ = ਤੇਰੇ ਨਾਮ ਦੀ ਰਾਹੀਂ। ਧ੍ਰਾਪੀਐ = ਰੱਜ ਜਾਂਦੀ ਹੈ। ਵੰਞੈ = ਦੂਰ ਹੋ ਜਾਂਦਾ ਹੈ। ਜਿਸੁ ਮਨਿ = ਜਿਸ ਦੇ ਮਨ ਵਿਚ। ਰਸੈ = ਰਸਦਾ ਹੈ, ਰਸ-ਸਹਿਤ ਹੁੰਦਾ ਹੈ। ਤੁਧੁ = ਤੈਨੂੰ (ਹੀ ਫਬਦੀ ਹੈ) । ਸਚਾ = ਸਦਾ ਕਾਇਮ ਰਹਿਣ ਵਾਲਾ। ਸਦ = ਸਦਾ। ਉਧਾਰਣਹਾਰਿਆ = ਹੇ ਤਾਰਨਹਾਰ!

ਅਰਥ: ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫ਼ਤਾਂ (ਕਰ ਕੇ ਤੇ) ਸੁਣ ਸੁਣ ਕੇ ਮੇਰੇ ਅੰਦਰ ਜਿੰਦ ਪੈਂਦੀ ਹੈ (ਮੈਨੂੰ ਆਤਮਕ ਜੀਵਨ ਹਾਸਲ ਹੁੰਦਾ ਹੈ) , (ਪ੍ਰਭੂ ਦਾ ਨਾਮ) ਪਸ਼ੂ-ਸੁਭਾਵ, ਪ੍ਰੇਤ-ਸੁਭਾਵ ਤੇ ਗਿਆਨ-ਹੀਣਾਂ ਨੂੰ ਇਕ ਖਿਨ ਵਿਚ ਤਾਰ ਲੈਂਦਾ ਹੈ।

ਹੇ ਪ੍ਰਭੂ! ਦਿਨ ਰਾਤ ਸਦਾ ਹੀ ਤੇਰਾ ਨਾਮ ਜਪਣਾ ਚਾਹੀਦਾ ਹੈ, ਤੇਰੇ ਨਾਮ ਦੀ ਰਾਹੀਂ (ਮਾਇਆ ਦੀ) ਡਰਾਉਣੀ ਭੁੱਖ ਤ੍ਰੇਹ ਮਿਟ ਜਾਂਦੀ ਹੈ।

ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ ਉਸ ਦੇ ਮਨ ਵਿਚੋਂ (ਵਿਕਾਰ-) ਰੋਗ ਸਹਸਾ ਤੇ ਦੁੱਖ ਦੂਰ ਹੋ ਜਾਂਦਾ ਹੈ। ਪਰ ਇਹ ਨਾਮ-ਹੀਰਾ ਉਸ ਮਨੁੱਖ ਨੂੰ ਹੀ ਹਾਸਲ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿਚ ਰਚ-ਮਿਚ ਜਾਂਦਾ ਹੈ।

ਹੇ ਖੰਡਾਂ ਬ੍ਰਹਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ! ਹੇ ਸਦਾ-ਥਿਰ ਰਹਿਣ ਵਾਲੇ ਮੇਰੇ ਪਿਆਰੇ! ਤੇਰੀ ਸੋਭਾ ਤੈਨੂੰ ਹੀ ਫਬਦੀ ਹੈ (ਆਪਣੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ) ।12।

ਸਲੋਕ ਮਃ ੫ ॥ ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥ ਤਉ ਸਜਣ ਕੀ ਮੈ ਕੀਮ ਨ ਪਉਦੀ ਹਉ ਤੁਧੁ ਬਿਨੁ ਅਢੁ ਨ ਲਹਦੀ ॥੧॥ {ਪੰਨਾ 963}

ਪਦ ਅਰਥ: ਰੰਗਿ ਕਸੁੰਭੈ = ਕਸੁੰਭੇ ਦੇ ਰੰਗ ਵਿਚ {ਕਸੁੰਭੇ ਫੁੱਲ ਦਾ ਰੰਗ ਚੰਗਾ ਗੂੜ੍ਹਾ ਤੇ ਸ਼ੋਖ ਹੁੰਦਾ ਹੈ, ਪਰ ਦੋ ਚਾਰ ਦਿਨ ਵਿਚ ਹੀ ਖ਼ਰਾਬ ਹੋ ਜਾਂਦਾ ਹੈ; ਇਸੇ ਤਰ੍ਹਾਂ ਮਾਇਆ ਦੇ ਭੋਗ ਭੀ ਬੜੇ ਮਨ-ਮੋਹਣੇ ਹੁੰਦੇ ਹਨ, ਪਰ ਰਹਿੰਦੇ ਚਾਰ ਦਿਨ ਹੀ ਹਨ}। ਅਢੁ = ਅੱਧੀ ਦਮੜੀ। ਨ ਲਹਦੀ = ਮੈਂ ਨਹੀਂ ਲੈਂਦੀ। ਤਉ ਕੀ = ਤੇਰੀ। ਕੀਮ = ਕੀਮਤ, ਕਦਰ।

ਅਰਥ: ਹੇ ਨਾਨਕ ਜੀ! ਮੈ ਕਸੁੰਭੇ (ਵਰਗੀ ਮਾਇਆ) ਦੇ ਰੰਗ ਵਿਚ ਉਕਾਈ ਖਾ ਗਈ ਤੇ ਪਿਆਰਾ ਮਿੱਤਰ ਪ੍ਰਭੂ ਵਿਸਾਰ ਕੇ ਗੰਵਾ ਬੈਠੀ।

ਹੇ ਸੱਜਣ ਪ੍ਰਭੂ! (ਇਸ ਉਕਾਈ ਵਿਚ) ਮੈਥੋਂ ਤੇਰੀ ਕਦਰ ਨਾਹ ਪੈ ਸਕੀ, ਪਰ ਤੈਥੋਂ ਬਿਨਾ ਭੀ ਮੈਂ ਅੱਧੀ ਦਮੜੀ ਦੀ ਭੀ ਨਹੀਂ ਹਾਂ।1।

ਮਃ ੫ ॥ ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥ ਹਭੇ ਭਸੁ ਪੁਣੇਦੇ ਵਤਨੁ ਜਾ ਮੈ ਸਜਣੁ ਤੂਹੈ ॥੨॥ {ਪੰਨਾ 963}

ਪਦ ਅਰਥ: ਸਸੁ = ਅਵਿੱਦਿਆ। ਵਿਰਾਇਣਿ = ਵੈਰਨ। ਸਸੁਰਾ = ਸਹੁਰਾ, ਦੇਹ-ਅੱਧਿਆਸ, ਸਰੀਰ ਨਾਲ ਪਿਆਰ। ਵਾਦੀ = ਝਗੜਾਲੂ, ਸਰੀਰ ਦੇ ਪਾਲਣ ਲਈ ਮੁੜ ਮੁੜ ਮੰਗਣ ਵਾਲਾ। ਜੇਠ = ਜਮਰਾਜ, ਮੌਤ ਦਾ ਡਰ। ਪਉ ਪਉ = ਮੁੜ ਮੁੜ। {ਆਸਾ ਕਬੀਰ ਜੀ: "ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠਿ ਕੇ ਨਾਮਿ ਡਰਉ ਰੇ" ਭਾਵ, ਮਾਇਆ ਦੇ ਹੱਥੋਂ ਦੁਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ ਹੋਣ ਕਰਕੇ ਮਰਨ ਨੂੰ ਚਿੱਤ ਨਹੀਂ ਕਰਦਾ, ਜਮ ਤੋਂ ਡਰ ਆਉਂਦਾ ਹੈ}। ਹਭੇ = ਸਾਰੇ ਹੀ। ਭਸੁ = ਸੁਆਹ। ਪੁਣੇਦੇ ਵਤਨੁ = ਛਾਣਦੇ ਫਿਰਨ, ਬੇਸ਼ਕ ਜ਼ੋਰ ਲਾ ਲੈਣ, ਬੇਸ਼ੱਕ ਟੱਕਰਾਂ ਮਾਰਨ। {ਵਤਨੁ = ਹੁਕਮੀ ਭਵਿਖਤ ਕਾਲ, Imperative mood, ਅੱਨ ਪੁਰਖ, Third person, ਬਹੁ-ਵਚਨ, plural; ਵੇਖੋ 'ਗੁਰਬਾਣੀ ਵਿਆਕਰਣ'}। ਲੂਹੈ– ਸਾੜਦਾ ਹੈ, ਦੁਖੀ ਕਰਦਾ ਹੈ। ਮੈ = ਮੇਰਾ।

ਅਰਥ: ਹੇ ਨਾਨਕ ਜੀ! ਅਵਿੱਦਿਆ (ਜੀਵ-ਇਸਤ੍ਰੀ ਦੀ) ਵੈਰਨ ਹੈ, ਸਰੀਰ ਦਾ ਮੋਹ (ਸਰੀਰ ਦੀ ਪਾਲਣਾ ਲਈ ਨਿੱਤ) ਝਗੜਾ ਕਰਦਾ ਹੈ (ਭਾਵ, ਖਾਣ ਨੂੰ ਮੰਗਦਾ ਹੈ) , ਮੌਤ ਦਾ ਡਰ ਮੁੜ ਮੁੜ ਦੁਖੀ ਕਰਦਾ ਹੈ। ਪਰ, (ਹੇ ਪ੍ਰਭੂ!) ਜੇ ਤੂੰ ਮੇਰਾ ਮਿੱਤ੍ਰ ਬਣੇਂ, ਤਾਂ ਇਹ ਸਾਰੇ ਬੇਸ਼ਕ ਖੇਹ ਛਾਣਦੇ ਫਿਰਨ (ਭਾਵ, ਮੇਰੇ ਉਤੇ ਇਹ ਸਾਰੇ ਹੀ ਜ਼ੋਰ ਨਹੀਂ ਪਾ ਸਕਦੇ) ।2।

ਪਉੜੀ ॥ ਜਿਸੁ ਤੂ ਵੁਠਾ ਚਿਤਿ ਤਿਸੁ ਦਰਦੁ ਨਿਵਾਰਣੋ ॥ ਜਿਸੁ ਤੂ ਵੁਠਾ ਚਿਤਿ ਤਿਸੁ ਕਦੇ ਨ ਹਾਰਣੋ ॥ ਜਿਸੁ ਮਿਲਿਆ ਪੂਰਾ ਗੁਰੂ ਸੁ ਸਰਪਰ ਤਾਰਣੋ ॥ ਜਿਸ ਨੋ ਲਾਏ ਸਚਿ ਤਿਸੁ ਸਚੁ ਸਮ੍ਹ੍ਹਾਲਣੋ ॥ ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ ॥ ਜਿਸ ਨੋ ਇਕੋ ਰੰਗੁ ਭਗਤੁ ਸੋ ਜਾਨਣੋ ॥ ਓਹੁ ਸਭਨਾ ਕੀ ਰੇਣੁ ਬਿਰਹੀ ਚਾਰਣੋ ॥ ਸਭਿ ਤੇਰੇ ਚੋਜ ਵਿਡਾਣ ਸਭੁ ਤੇਰਾ ਕਾਰਣੋ ॥੧੩॥ {ਪੰਨਾ 963}

ਪਦ ਅਰਥ: ਵੁਠਾ = ਆ ਵੱਸਿਆ। ਚਿਤਿ = ਚਿੱਤ ਵਿਚ। ਜਿਸੁ ਚਿਤਿ = ਜਿਸ (ਮਨੁੱਖ) ਦੇ ਚਿੱਤ ਵਿਚ। ਨਿਵਾਰਣੋ = (ਤੂੰ) ਦੂਰ ਕਰ ਦੇਂਦਾ ਹੈਂ। ਸਰਪਰ = ਜ਼ਰੂਰ। ਸਚਿ = ਸੱਚ ਵਿਚ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਜਿਸੁ ਹਥਿ = ਜਿਸ ਦੇ ਹੱਥ ਵਿਚ। ਨਿਧਾਨੁ = ਨਾਮ-ਖ਼ਜ਼ਾਨਾ। ਰਹਿਆ = ਹਟ ਜਾਂਦਾ ਹੈ। ਰੇਣੁ = ਚਰਨਾਂ ਦੀ ਧੂੜ। ਬਿਰਹੀ = ਪ੍ਰੇਮੀ। ਚਾਰਣੋ = (ਪ੍ਰਭੂ ਦੇ) ਚਰਨਾਂ ਦਾ। ਸਭਿ = ਸਾਰੇ। ਵਿਡਾਣ = ਅਚਰਜ। ਕਾਹਣੋ = ਖੇਡ, ਬਣਤਰ। ਚੋਜ = ਤਮਾਸ਼ੇ।

ਅਰਥ: ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ ਉਸ ਦੇ ਮਨ ਦਾ ਦੁੱਖ-ਦਰਦ ਤੂੰ ਦੂਰ ਕਰ ਦੇਂਦਾ ਹੈਂ, ਉਹ ਮਨੁੱਖਾ ਜਨਮ ਦੀ ਬਾਜ਼ੀ ਕਦੇ ਹਾਰਦਾ ਨਹੀਂ।

(ਹੇ ਭਾਈ!) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, (ਗੁਰੂ) ਉਸ ਨੂੰ ਜ਼ਰੂਰ (ਸੰਸਾਰ-ਸਮੁੰਦਰ ਤੋਂ) ਬਚਾ ਲੈਂਦਾ ਹੈ (ਕਿਉਂਕਿ ਗੁਰੂ) ਜਿਸ ਮਨੁੱਖ ਨੂੰ ਸੱਚੇ ਹਰੀ ਵਿਚ ਜੋੜਦਾ ਹੈ, ਉਹ ਸਦਾ ਹਰੀ ਨੂੰ (ਆਪਣੇ ਮਨ ਵਿਚ) ਸੰਭਾਲ ਰੱਖਦਾ ਹੈ।

(ਹੇ ਭਾਈ! ਜਿਸ ਮਨੁੱਖ ਦੇ ਹੱਥ ਵਿਚ ਨਾਮ-ਖ਼ਜ਼ਾਨਾ ਆ ਜਾਂਦਾ ਹੈ, ਉਹ ਮਾਇਆ ਦੀ ਭਟਕਣਾ ਵਲੋਂ ਹਟ ਜਾਂਦਾ ਹੈ। ਉਸੇ ਮਨੁੱਖ ਨੂੰ ਭਗਤ ਸਮਝੋ ਜਿਸ ਦੇ ਮਨ ਵਿਚ (ਮਾਇਆ ਦੇ ਥਾਂ) ਇਕ ਪ੍ਰਭੂ ਦਾ ਹੀ ਪਿਆਰ ਹੈ, ਪ੍ਰਭੂ ਦੇ ਚਰਨਾਂ ਦਾ ਉਹ ਪ੍ਰੇਮੀ ਸਭਨਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ) ਹੈ।

(ਪਰ) ਹੇ ਪ੍ਰਭੂ! ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ, ਇਹ ਸਾਰਾ ਤੇਰਾ ਹੀ ਖੇਲ ਹੈ।13।

ਸਲੋਕ ਮਃ ੫ ॥ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥ {ਪੰਨਾ 963}

ਪਦ ਅਰਥ: ਉਸਤਤਿ = ਵਡਿਆਈ। ਹਭੁ = ਸਭ ਕੁਝ। ਵਞਾਈ = ਛੱਡ ਦਿੱਤੀ ਹੈ। ਕੂੜਾਵੇ = ਝੂਠੇ। ਤੈਡੈ ਪਲੈ = ਤੇਰੇ ਲੜ। ਤਉ = ਇਸ ਲਈ।

ਅਰਥ: ਹੇ ਨਾਨਕ! (ਆਖ - ਹੇ ਪ੍ਰਭੂ) ਜੀ! ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ = ਇਹ ਮੈਂ ਸਭ ਕੁਝ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ; ਮੈਂ ਵੇਖ ਲਿਆ ਹੈ ਕਿ (ਦੁਨੀਆ ਦੇ) ਸਾਰੇ ਸਾਕ ਝੂਠੇ ਹਨ (ਭਾਵ, ਕੋਈ ਤੋੜ ਨਿਭਣ ਵਾਲਾ ਨਹੀਂ) , ਇਸ ਲਈ (ਹੇ ਪ੍ਰਭੂ!) ਮੈਂ ਤੇਰੇ ਲੜ ਆ ਲੱਗੀ ਹਾਂ।1।

ਮਃ ੫ ॥ ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥ ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥ {ਪੰਨਾ 963}

ਪਦ ਅਰਥ: ਹਉ = ਮੈਂ। ਫਾਵੀ = ਡਉਰੀ-ਭਉਰੀ, ਵਿਆਕਲ। ਥੀਈ = ਹੋ ਗਈ। ਦਿਸਾਵਰ = {ਦੇਸ+ਅਵਰ} ਹੋਰ ਹੋਰ ਦੇਸ। ਦਿਸਾਵਰ ਪੰਧਾ = ਹੋਰ ਹੋਰ ਦੇਸਾਂ ਦੇ ਪੈਂਡੇ। ਸੁਖਿ = ਸੁਖ ਨਾਲ। ਤਾ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਾ = ਜਦੋਂ। ਸੁਖਾਲੀ = ਸੌਖੀ।

ਅਰਥ: ਹੇ ਨਾਨਕ ਜੀ! ਮੈਂ ਭਟਕਦੀ ਭਟਕਦੀ ਤੇ ਹੋਰ ਹੋਰ ਦੇਸਾਂ ਦੇ ਪੈਂਡੇ ਝਾਗਦੀ ਝਾਗਦੀ ਪਾਗਲ ਜਿਹੀ ਹੋ ਗਈ ਸਾਂ, ਪਰ ਜਦੋਂ ਸਤਿਗੁਰੂ ਜੀ ਨੂੰ ਮਿਲ ਕੇ ਮੈਨੂੰ ਸੱਜਣ-ਪ੍ਰਭੂ ਲੱਭ ਪਿਆ ਤਾਂ ਮੈਂ ਬੜੇ ਸੁਖ ਨਾਲ ਸੌਂ ਗਈ (ਭਾਵ, ਮੇਰੇ ਅੰਦਰ ਪੂਰਨ ਆਤਮਕ ਆਨੰਦ ਬਣ ਗਿਆ) ।2।

TOP OF PAGE

Sri Guru Granth Darpan, by Professor Sahib Singh