ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 964 ਪਉੜੀ ॥ ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥ ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥ ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥ ਜਿਸ ਨੋ ਵਿਸਰੈ ਨਾਉ ਸੁ ਜੋਨੀ ਹਾਂਢੀਐ ॥ ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥ ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥ ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥ ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥ {ਪੰਨਾ 964} ਪਦ ਅਰਥ: ਸੰਤਾਪ = ਮਨ ਦੇ ਕਲੇਸ਼। ਭੁਲੀਐ = ਖੁੰਝ ਜਾਈਏ। ਕੀਚਨਿ = ਕੀਤੇ ਜਾਣ। ਘੁਲੀਐ = ਛੁੱਟੀਦਾ। ਕਹੀ ਨ = ਕਿਸੇ ਭੀ ਉਪਾਵ ਨਾਲ ਨਹੀਂ। ਕਾਂਢੀਐ = ਆਖਿਆ ਜਾਂਦਾ ਹੈ। ਹਾਂਢੀਐ = ਭਟਕਦਾ ਹੈ। ਜਿਸੁ ਚਿਤਿ = ਜਿਸ (ਮਨੁੱਖ) ਦੇ ਚਿੱਤ ਵਿਚ। ਦੇ = ਦੇਂਦਾ ਹੈ। ਡੰਡੁ = ਸਜ਼ਾ। ਗਣੇ = ਗਿਣੇ ਜਾਂਦੇ ਹਨ। ਸੇ = ਉਹ ਬੰਦੇ। ਖਰੋ = ਬਹੁਤ। ਦੁਹੇਲਾ = ਦੁਖੀ। ਜਗਿ = ਜਗਤ ਵਿਚ। ਜਿਨਿ = ਜਿਸ ਨੇ। ਅਰਥ: ਜਦੋਂ ਹੇ ਪ੍ਰਭੂ! ਤੇਰੀ ਯਾਦ ਤੋਂ ਖੁੰਝ ਜਾਈਏ ਤਾਂ (ਮਨ ਨੂੰ) ਸਾਰੇ ਦੁੱਖ-ਕਲੇਸ਼ (ਆ ਵਾਪਰਦੇ ਹਨ) । (ਤੇਰੀ ਯਾਦ ਤੋਂ ਬਿਨਾ ਹੋਰ) ਜੇ ਲੱਖਾਂ ਉਪਰਾਲੇ ਭੀ ਕੀਤੇ ਜਾਣ, ਕਿਸੇ ਭੀ ਉਪਾਵ ਨਾਲ (ਉਹਨਾਂ ਦੁੱਖਾਂ-ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੁੰਦੀ। (ਹੇ ਭਾਈ!) ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ ਉਹ ਕੰਗਾਲ ਕਿਹਾ ਜਾਂਦਾ ਹੈ (ਜਿਵੇਂ ਕੋਈ ਕੰਗਾਲ ਮੰਗਤਾ ਦਰ ਦਰ ਤੇ ਰੁਲਦਾ ਹੈ, ਤਿਵੇਂ) ਉਹ ਜੂਨਾਂ ਵਿਚ ਭਟਕਦਾ ਫਿਰਦਾ ਹੈ। ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ (ਕਿਉਂਕਿ) ਅਜੇਹੇ ਬੰਦੇ ਰੋਗੀ ਗਿਣੇ ਜਾਂਦੇ ਹਨ, ਅਜੇਹਾ ਬੰਦਾ ਬੜਾ ਅਹੰਕਾਰੀ ਹੁੰਦਾ ਹੈ (ਹਰ ਵੇਲੇ 'ਮੈਂ ਮੈਂ' ਹੀ ਕਰਦਾ ਹੈ) । ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਉਹੀ ਜਗਤ ਵਿਚ ਦੁਖੀ ਹੈ।14। ਸਲੋਕ ਮਃ ੫ ॥ ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥ ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥ {ਪੰਨਾ 964} ਪਦ ਅਰਥ: ਤੈਡੀ = ਤੇਰੀ। ਬੰਦਸਿ = ਮਨ ਦੀ ਖੁਲ੍ਹ ਦੇ ਰਾਹ ਵਿਚ ਰੁਕਾਵਟ, ਬੰਨ੍ਹਣ। ਤੂੰ = ਤੈਨੂੰ। ਮਨਿ ਭਾਣਾ = ਮਨ ਵਿਚ ਪਿਆਰਾ ਲੱਗਣ ਵਾਲਾ। ਵਿਚੋਲਾ = ਵਕੀਲ, ਵਿੱਚ ਪੈ ਕੇ ਮਿਲਾਣ ਵਾਲਾ। ਜੈ ਮਿਲਿ = ਜਿਸ ਨੂੰ ਮਿਲ ਕੇ। ਕੰਤੁ = ਖਸਮ। ਅਰਥ: ਹੇ (ਗੁਰੂ) ਨਾਨਕ (ਜੀ) ! ਤੇਰੀ ਕੋਈ ਗੱਲ ਮੈਨੂੰ ਬੰਨ੍ਹਣ ਨਹੀਂ ਜਾਪਦੀ, ਮੈਂ ਤਾਂ ਤੈਨੂੰ (ਸਗੋਂ) ਮਨ ਵਿਚ ਪਿਆਰਾ ਲੱਗਣ ਵਾਲਾ ਵੇਖਿਆ ਹੈ। ਮੈਂ ਉਸ ਪਿਆਰੇ ਵਿਚੋਲੇ (ਗੁਰੂ) ਤੋਂ ਸਦਕੇ ਹਾਂ ਜਿਸ ਨੂੰ ਮਿਲ ਕੇ ਮੈਂ ਆਪਣਾ ਖਸਮ-ਪ੍ਰਭੂ ਪਛਾਣਿਆ ਹੈ (ਖਸਮ-ਪ੍ਰਭੂ ਨਾਲ ਸਾਂਝ ਪਾਈ ਹੈ) ।1। ਮਃ ੫ ॥ ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥ ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥ {ਪੰਨਾ 964} ਪਦ ਅਰਥ: ਪਾਵ = ਪੈਰ। ਸੁਹਾਵੇ = ਸੋਹਣੇ। ਤਉ ਧਿਰਿ = ਤੇਰੇ ਪਾਸੇ। ਜੁਲਦੇ = ਤੁਰਦੇ। ਜੀਉ = ਜਿੰਦ। ਤਉ = ਤੇਰਾ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। {ਨੋਟ: ਇਸ ਦੂਜੇ ਸਲੋਕ ਨੂੰ ਰਤਾ ਗਹੁ ਨਾਲ ਸਮਝਿਆਂ ਉਪਰਲੇ ਸ਼ਲੋਕ ਦੇ ਲਫ਼ਜ਼ 'ਬੰਦਸਿ' ਦਾ ਭਾਵ ਸਾਫ਼ ਹੋ ਜਾਂਦਾ ਹੈ– ਤੇਰੇ ਪਾਸੇ ਵਲ ਆਉਣਾ, ਤੇਰੇ ਦੱਸੇ ਰਾਹ ਉਤੇ ਤੁਰਨਾ ਮੈਨੂੰ ਕੋਈ ਬੰਨ੍ਹਣ ਨਹੀਂ ਜਾਪਦਾ, ਸਗੋਂ ਉਹ ਪੈਰ ਸੋਹਣੇ ਜੋ ਤੇਰੇ ਪਾਸੇ ਵਲ ਆਉਂਦੇ ਹਨ, ਉਹ ਸਿਰ ਸੋਹਣਾ ਜੋ ਤੇਰੇ ਪੈਰਾਂ ਉਤੇ ਡਿੱਗਦਾ ਹੈ}। ਅਰਥ: ਉਹ ਪੈਰ ਸੋਹਣੇ ਲੱਗਦੇ ਹਨ ਜੋ ਤੇਰੇ ਪਾਸੇ ਵਲ ਤੁਰਦੇ ਹਨ, ਉਹ ਸਿਰ ਭਾਗਾਂ ਵਾਲਾ ਹੈ ਜੋ ਤੇਰੇ ਕਦਮਾਂ ਉਤੇ ਡਿੱਗਦਾ ਹੈ; ਮੂੰਹ ਸੋਹਣਾ ਲੱਗਦਾ ਹੈ ਜਦੋਂ ਤੇਰਾ ਜਸ ਗਾਂਦਾ ਹੈ, ਜਿੰਦ ਸੁੰਦਰ ਜਾਪਦੀ ਹੈ ਜਦੋਂ ਤੇਰੀ ਸਰਨ ਪੈਂਦੀ ਹੈ।2। ਪਉੜੀ ॥ ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥ ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥ ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ ॥ ਸੀਲਵੰਤਿ ਪਰਧਾਨਿ ਰਿਦੈ ਸਚਾਵੀਆ ॥ ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥ ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥ ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥ ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥ {ਪੰਨਾ 964} ਪਦ ਅਰਥ: ਮਿਲਿ ਸਤਸੰਗਿ = ਸਤਸੰਗ ਵਿਚ ਮਿਲ ਕੇ। ਨਾਰੀ = (ਜਿਸ) ਜੀਵ-ਇਸਤ੍ਰੀ ਨੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਘਰ ਕਾ = ਉਸ (ਨਾਰੀ) ਦੇ (ਸਰੀਰ-) ਘਰ ਦਾ। ਬੰਧਾਨੁ = ਠੁਕ, ਮਰਯਾਦਾ। ਬਹੁੜਿ = ਮੁੜ, ਫਿਰ। ਨ ਧਾਵੀਆ = ਭਟਕਦੀ ਨਹੀਂ। ਬਿਨਠੀ = ਨਾਸ ਹੋ ਗਈ। ਦੁਰਤੁ = ਪਾਪ। ਸੋਇ ਕੂੜਾਵੀਆ = ਕੂੜ ਦੀ ਸੋਇ, ਨਾਸਵੰਤ ਪਦਾਰਥਾਂ ਦੀ ਝਾਕ। ਸੀਲਵੰਤਿ = ਚੰਗੇ ਸੁਭਾਵ ਵਾਲੀ। ਪਰਧਾਨਿ = ਮੰਨੀ-ਪ੍ਰਮੰਨੀ ਹੋਈ। ਰਿਦੈ = ਹਿਰਦੇ ਵਿਚ। ਸਚਾਵੀਆ = ਸੱਚ ਵਾਲੀ। ਰੀਤਾਵੀਆ = ਰੀਤ, ਜੀਵਨ-ਜੁਗਤਿ। ਦਾਸਾਵੀਆ = ਦਾਸੀ। ਖਸਮਿ = ਖਸਮ ਨੇ। ਰਾਵੀਆ = ਮਾਣੀ, ਆਪਣੇ ਨਾਲ ਮਿਲਾਈ। ਸੰਜੋਗਿ = (ਪ੍ਰਭੂ ਦੀ) ਸੰਜੋਗ-ਸਤਾ ਨਾਲ। ਤਿਸੁ = ਉਸ (ਪ੍ਰਭੂ) ਨੂੰ। ਅਰਥ: ਜਿਸ ਜੀਵ-ਇਸਤ੍ਰੀ ਨੇ ਸਤਸੰਗ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆ, ਉਸ ਦੇ ਸਰੀਰ-ਘਰ ਦਾ ਠੁਕ ਬਣ ਗਿਆ (ਭਾਵ, ਉਸ ਦੇ ਸਾਰੇ ਗਿਆਨ ਇੰਦ੍ਰੇ ਉਸ ਦੇ ਵੱਸ ਵਿਚ ਆ ਗਏ) , ਉਹ ਫਿਰ (ਮਾਇਆ ਪਿੱਛੇ) ਭਟਕਦੀ ਨਹੀਂ, (ਉਸ ਦੇ ਅੰਦਰੋਂ) ਭੈੜੀ ਮਤਿ ਪਾਪ ਤੇ ਨਾਸਵੰਤ ਪਦਾਰਥਾਂ ਦੀ ਝਾਕ ਮੁੱਕ ਜਾਂਦੀ ਹੈ। ਅਜੇਹੀ ਜੀਵ-ਇਸਤ੍ਰੀ ਚੰਗੇ ਸੁਭਾਵ ਵਾਲੀ ਹੋ ਜਾਂਦੀ ਹੈ, (ਸਹੇਲੀਆਂ ਵਿਚ) ਆਦਰ-ਮਾਣ ਪਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ ਦੀ ਲਗਨ ਟਿਕੀ ਰਹਿੰਦੀ ਹੈ, ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਇਕ ਪ੍ਰਭੂ ਹੀ ਦਿੱਸਦਾ ਹੈ, ਬੱਸ! ਇਹੀ ਉਸ ਦੀ ਜੀਵਨ-ਜੁਗਤੀ ਬਣ ਜਾਂਦੀ ਹੈ। ਉਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦੇ ਦੀਦਾਰ ਦੀ ਤਾਂਘ ਬਣੀ ਰਹਿੰਦੀ ਹੈ, ਉਹ ਪ੍ਰਭੂ ਦੇ ਚਰਨਾਂ ਦੀ ਹੀ ਦਾਸੀ ਬਣੀ ਰਹਿੰਦੀ ਹੈ। ਜਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਤਾਂ ਇਹ ਮਿਲਾਪ ਹੀ ਉਸ ਲਈ ਸੋਭਾ ਤੇ ਸਿੰਗਾਰ ਹੁੰਦਾ ਹੈ! ਜਦੋਂ ਉਸ ਪ੍ਰਭੂ ਨੂੰ ਉਹ ਜਿੰਦ-ਵਹੁਟੀ ਪਿਆਰੀ ਲੱਗ ਪੈਂਦੀ ਹੈ, ਤਾਂ ਪ੍ਰਭੂ ਦੀ ਸੰਜੋਗ-ਸੱਤਾ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ।15। ਸਲੋਕ ਮਃ ੫ ॥ ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥ ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥ {ਪੰਨਾ 964} ਪਦ ਅਰਥ: ਹਭਿ = ਸਾਰੇ। ਜੀਉ = ਹੇ ਪ੍ਰਭੂ ਜੀ! ਮੈ ਕੂ = ਮੈਨੂੰ। ਥੀਏ = ਮਿਲੇ ਹਨ। ਕਿਆ ਹੋਵੈ = ਕੁਝ ਨਹੀਂ ਹੋ ਸਕਦਾ। ਤਉ ਜੇਵਡੁ = ਤੇਰੇ ਜੇਡਾ। ਜਾਚਕੁ = ਮੰਗਤਾ। ਜਾਚੋਵੈ = ਮੰਗਦਾ ਹੈ। ਅਰਥ: ਹੇ ਨਾਨਕ! (ਆਖ - ਹੇ ਪ੍ਰਭੂ) ਜੀ! ਸਾਰੇ ਗੁਣ ਤੇਰੇ ਹੀ ਹਨ, ਤੈਥੋਂ ਹੀ ਮੈਨੂੰ ਮਿਲੇ ਹਨ, ਮੈਥੋਂ ਗੁਣ-ਹੀਨ ਤੋਂ ਕੁਝ ਨਹੀਂ ਹੋ ਸਕਦਾ, ਤੇਰੇ ਜੇਡਾ ਕੋਈ ਹੋਰ ਦਾਤਾ ਨਹੀਂ ਹੈ, ਮੈਂ ਮੰਗਤੇ ਨੇ ਸਦਾ ਤੈਥੋਂ ਮੰਗਣਾ ਹੀ ਮੰਗਣਾ ਹੈ।1। ਮਃ ੫ ॥ ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥ ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥ {ਪੰਨਾ 964} ਪਦ ਅਰਥ: ਦੇਹ = ਸਰੀਰ। ਛਿਜੰਦੜੀ = ਛਿੱਜ ਗਈ। ਊਣਮ = ਊਣਾ, ਖਾਲੀ। ਝੂਣਾ = ਉਦਾਸ। ਗੁਰਿ = ਗੁਰੂ ਨੇ। ਸਜਣਿ = ਸੱਜਣ ਨੇ। ਜੀਉ = ਜਿੰਦ। ਧਰਾਇਆ = ਧਰਵਾਸ ਦਿੱਤਾ। ਸੁਹੇਲੜਾ = ਸੌਖਾ। ਜਿਤਾ = ਜਿੱਤ ਲਿਆ। ਸਬਾਇਆ = ਸਾਰਾ। ਅਰਥ: ਮੇਰਾ ਸਰੀਰ ਢਹਿੰਦਾ ਜਾ ਰਿਹਾ ਸੀ, ਚਿੱਤ ਵਿਚ ਖੋਹ ਪੈ ਰਹੀ ਸੀ ਤੇ ਚਿੰਤਾਤੁਰ ਹੋ ਰਿਹਾ ਸੀ; ਪਰ ਜਦੋਂ ਪਿਆਰੇ ਸਤਿਗੁਰੂ ਨੇ ਜਿੰਦ ਨੂੰ ਧਰਵਾਸ ਦਿੱਤਾ ਤਾਂ (ਹੁਣ) ਸਾਰੇ ਹੀ ਸੁਖ ਹੋ ਗਏ ਹਨ, ਮੈਂ ਸੌਖਾ ਟਿਕਿਆ ਹੋਇਆ ਹਾਂ, (ਇਉਂ ਜਾਪਦਾ ਹੈ ਜਿਵੇਂ ਮੈਂ) ਸਾਰਾ ਜਹਾਨ ਜਿੱਤ ਲਿਆ ਹੈ।2। ਪਉੜੀ ॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥ ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥ ਜੋ ਕੀਨ੍ਹ੍ਹੀ ਕਰਤਾਰਿ ਸਾਈ ਭਲੀ ਗਲ ॥ ਜਿਨ੍ਹ੍ਹੀ ਪਛਾਤਾ ਖਸਮੁ ਸੇ ਦਰਗਾਹ ਮਲ ॥ ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥ {ਪੰਨਾ 964} ਪਦ ਅਰਥ: ਸਚਾ = ਸਦਾ-ਥਿਰ ਰਹਿਣ ਵਾਲਾ। ਸਿਰਿ = ਸਿਰ ਉਤੇ। ਛਤੁ = ਛਤਰ। ਨਿਆਉ = ਇਨਸਾਫ਼। ਕਰਤਾਰਿ = ਕਰਤਾਰ ਨੇ। ਸਾਈ = ਓਹੀ। ਮਲ = ਮੱਲ, ਪਹਲਵਾਨ। ਦਰਗਾਹ ਮਲ = ਦਰਗਾਹ ਦੇ ਪਹਿਲਵਾਨ, ਹਜ਼ੂਰੀ ਪਹਿਲਵਾਨ। ਕਰੀਮ = ਬਖ਼ਸ਼ਸ਼ ਕਰਨ ਵਾਲਾ। ਕਾਰਣ ਕਰਣ = ਸ੍ਰਿਸ਼ਟੀ ਦਾ ਕਰਤਾ। ਅਰਥ: ਹੇ ਪ੍ਰਭੂ! ਤੇਰਾ ਦਰਬਾਰ ਵੱਡਾ ਹੈ, ਤੇਰਾ ਤਖ਼ਤ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਚਵਰ ਤੇ ਛਤਰ ਅਟੱਲ ਹੈ, ਤੂੰ (ਦੁਨੀਆ ਦੇ ਸਾਰੇ) ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈਂ। (ਹੇ ਭਾਈ!) ਉਹੀ ਇਨਸਾਫ਼ ਅਟੱਲ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੇ ਉਸ ਨੂੰ ਚੰਗਾ ਲੱਗੇ ਤਾਂ ਨਿਆਸਰਿਆਂ ਨੂੰ ਆਸਰਾ ਮਿਲ ਜਾਂਦਾ ਹੈ। (ਜੀਵਾਂ ਵਾਸਤੇ) ਉਹੀ ਗੱਲ ਚੰਗੀ ਹੈ ਜੋ ਕਰਤਾਰ ਨੇ (ਆਪ ਉਹਨਾਂ ਵਾਸਤੇ) ਕੀਤੀ ਹੈ। ਜਿਨ੍ਹਾਂ ਬੰਦਿਆਂ ਨੇ ਖ਼ਸਮ-ਪ੍ਰਭੂ ਨਾਲ ਸਾਂਝ ਪਾ ਲਈ, ਉਹ ਹਜ਼ੂਰੀ ਪਹਿਲਵਾਨ ਬਣ ਜਾਂਦੇ ਹਨ (ਕੋਈ ਵਿਕਾਰ ਉਹਨਾਂ ਨੂੰ ਪੋਹ ਨਹੀਂ ਸਕਦਾ) । ਹੇ ਪ੍ਰਭੂ! ਤੇਰਾ ਹੁਕਮ (ਸਦਾ) ਠੀਕ ਹੁੰਦਾ ਹੈ, ਕਿਸੇ ਜੀਵ ਨੇ (ਕਦੇ) ਉਹ ਮੋੜਿਆ ਨਹੀਂ। ਹੇ ਸ੍ਰਿਸ਼ਟੀ ਦੇ ਰਚਨਹਾਰ! ਹੇ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲੇ! (ਇਹ ਸਾਰੀ) ਤੇਰੀ ਹੀ (ਰਚੀ ਹੋਈ) ਕੁਦਰਤਿ ਹੈ। 16। ਸਲੋਕ ਮਃ ੫ ॥ ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥ ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥ {ਪੰਨਾ 964} ਪਦ ਅਰਥ: ਸੋਇ = ਖ਼ਬਰ, ਸੋਭਾ। ਮਉਲਾ = ਹਰਿਆ ਹੋ ਜਾਂਦਾ ਹੈ। ਪੰਧਿ = (ਤੇਰੇ) ਰਾਹ ਤੇ। ਜੁਲੰਦੜੀ = ਤੁਰਦਿਆਂ। ਅੰਦਰੁ = ਹਿਰਦਾ। ਦੇਖਿ = ਦੇਖ ਕੇ। ਨਿਹਾਲੀ = ਖਿੜੀ ਹੋਈ। ਅਰਥ: (ਹੇ ਪ੍ਰਭੂ!) ਤੇਰੀਆਂ ਸੋਆਂ ਸੁਣ ਕੇ ਮੇਰਾ ਤਨ ਮਨ ਹਰਿਆ ਹੋ ਆਉਂਦਾ ਹੈ, ਤੇਰਾ ਨਾਮ ਜਪਦਿਆਂ ਮੈਨੂੰ ਖ਼ੁਸ਼ੀ ਦੀ ਲਾਲੀ ਚੜ੍ਹ ਜਾਂਦੀ ਹੈ, ਤੇਰੇ ਰਾਹ ਉਤੇ ਤੁਰਦਿਆਂ ਮੇਰਾ ਹਿਰਦਾ ਠਰ ਜਾਂਦਾ ਹੈ ਤੇ ਸਤਿਗੁਰੂ ਦਾ ਦੀਦਾਰ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ।1। ਮਃ ੫ ॥ ਹਠ ਮੰਝਾਹੂ ਮੈ ਮਾਣਕੁ ਲਧਾ ॥ ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥ ਢੂੰਢ ਵਞਾਈ ਥੀਆ ਥਿਤਾ ॥ ਜਨਮੁ ਪਦਾਰਥੁ ਨਾਨਕ ਜਿਤਾ ॥੨॥ {ਪੰਨਾ 964} ਪਦ ਅਰਥ: ਹਠ = ਹਿਰਦਾ। ਮੰਝਾਹੂ = ਵਿਚ। ਮਾਣਕੁ = ਲਾਲ। ਘਿਧਾ = ਲਿਆ। ਮੈਕੂ = ਮੈਨੂੰ। ਸਤਿਗੁਰਿ = ਸਤਿਗੁਰੂ ਨੇ। ਢੂੰਢ = ਭਾਲ, ਭਟਕਣਾ। ਵਞਾਈ = ਮੁਕਾ ਲਈ ਹੈ। ਥੀਆ ਥਿਤਾ = ਟਿਕ ਗਿਆ ਹਾਂ। ਪਦਾਰਥੁ = ਕੀਮਤੀ ਚੀਜ਼। ਅਰਥ: ਮੈਂ ਆਪਣੇ ਹਿਰਦੇ ਵਿਚ ਇਕ ਲਾਲ ਲੱਭਾ ਹੈ, (ਪਰ ਮੈਂ ਕਿਸੇ) ਮੁੱਲ ਤੋਂ ਨਹੀਂ ਲਿਆ, (ਇਹ ਲਾਲ) ਮੈਨੂੰ ਸਤਿਗੁਰੂ ਨੇ ਦਿੱਤਾ ਹੈ, (ਇਸ ਦੀ ਬਰਕਤਿ ਨਾਲ) ਮੇਰੀ ਭਟਕਣਾ ਮੁੱਕ ਗਈ ਹੈ, ਮੈਂ ਟਿਕ ਗਿਆ ਹਾਂ, ਹੇ ਨਾਨਕ! ਮੈਂ ਮਨੁੱਖਾ ਜੀਵਨ-ਰੂਪ ਕੀਮਤੀ ਚੀਜ਼ (ਦਾ ਲਾਭ) ਹਾਸਲ ਕਰ ਲਿਆ ਹੈ।2। ਪਉੜੀ ॥ ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥ ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ ॥ ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥ ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ ॥ ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥ ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ ॥ ਜਿਸੁ ਪ੍ਰਭੁ ਮਿਲਿਆ ਆਪਣਾ ਸੋ ਪੁਰਖੁ ਸਭਾਗਾ ॥ ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥੧੭॥ {ਪੰਨਾ 964-965} ਪਦ ਅਰਥ: ਮਸਤਕਿ = ਮੱਥੇ ਉਤੇ। ਕਰਮੁ = ਬਖ਼ਸ਼ਸ਼, ਪ੍ਰਭੂ ਦੀ ਬਖ਼ਸ਼ਸ਼ ਦਾ ਲੇਖਾ। ਜਿਸੁ ਕਮਲੁ = ਜਿਸ ਦਾ ਹਿਰਦਾ-ਕਮਲ। ਅਨਦਿਨੁ = ਹਰ ਰੋਜ਼, ਸਦਾ। ਜਾਗਾ = (ਵਿਕਾਰਾਂ ਦੀ ਘਾਤ ਵਲੋਂ) ਸੁਚੇਤ। ਚਰਣਾਰਬਿੰਦ = ਚਰਣ-ਅਰਬਿੰਦ। ਅਰਬਿੰਦ = ਕਮਲ ਫੁੱਲ। ਆਗੰਜਤ = ਅਵਿਨਾਸੀ ਪ੍ਰਭੂ। ਪਾਗਾ = ਪਾ ਲੈਂਦਾ ਹੈ। ਜਿਸਹਿ = ਜਿਸ ਹੀ ਨੇ। ਤਾਗਾ = ਟਾਕਰਾ ਕਰਨ ਜੋਗਾ। ਮਜਨਾਗਾ = ਇਸ਼ਨਾਨ। ਅਰਥ: ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਹੋਵੇ ਉਹ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ। ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦਾ ਹਿਰਦਾ-ਕੰਵਲ ਖਿੜ ਪੈਂਦਾ ਹੈ, ਉਹ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦਾ ਹੈ। ਜਿਸ ਮਨੁੱਖ (ਦੇ ਮਨ) ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਪਿਆਰ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਉਸ ਦਾ ਡਰ ਭਉ ਦੂਰ ਹੋ ਜਾਂਦਾ ਹੈ, ਕਿਉਂਕਿ ਗੁਰੂ ਦੀ ਮਤਿ ਲੈ ਕੇ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਤੇ ਉਸ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ। ਜਿਸ ਹੀ ਮਨੁੱਖ ਨੇ ਪਰਮਾਤਮਾ ਨੂੰ ਸਿਮਰਿਆ ਹੈ ਉਹ ਸੰਸਾਰ ਵਿਚ (ਵਿਕਾਰਾਂ ਦਾ) ਟਾਕਰਾ ਕਰਨ ਜੋਗਾ ਹੋ ਜਾਂਦਾ ਹੈ, ਗੁਰਮੁਖਾਂ ਦੀ ਸੰਗਤਿ ਵਿਚ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਮਾਨੋ, ਉਸ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। |
Sri Guru Granth Darpan, by Professor Sahib Singh |