ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 965

ਭਾਗਾਂ ਵਾਲਾ ਹੈ ਉਹ ਮਨੁੱਖ ਜਿਸ ਨੂੰ ਪਿਆਰਾ ਪ੍ਰਭੂ ਮਿਲ ਪਿਆ। ਹੇ ਨਾਨਕ! (ਆਖ-) ਮੈਂ ਸਦਕੇ ਹਾਂ ਉਸ ਉਤੋਂ ਜਿਸ ਦੇ ਇਤਨੇ ਵੱਡੇ ਭਾਗ ਹਨ। 17।

ਸਲੋਕ ਮਃ ੫ ॥ ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥ ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥ ਬਿਨੁ ਨਾਵੈ ਬਹੁ ਫੇਰ ਫਿਰਾਹਰਿ ॥ ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥ ਜਨ ਨਾਨਕ ਸਚੇ ਸਚਿ ਸਮਾਹਰਿ ॥੧॥ {ਪੰਨਾ 965}

ਪਦ ਅਰਥ: ਪਿਰੁ = ਪਤੀ-ਪਰਮਾਤਮਾ। ਅੰਦਰਿ = ਹਿਰਦੇ ਵਿਚ (ਪ੍ਰਤੱਖ) । ਧਨ = ਜੀਵ-ਇਸਤ੍ਰੀ। ਬਾਹਰਿ = ਨਿਰਲੇਪ (ਧੰਧਿਆਂ ਤੋਂ) । ਜਾਂ ਪਿਰੁ ਬਾਹਰਿ = ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੀ ਯਾਦ ਤੋਂ ਪਰੇ ਹੋ ਜਾਂਦਾ ਹੈ। ਮਾਹਰਿ = ਚੌਧਰਾਣੀ, ਧੰਧਿਆਂ ਵਿਚ ਖਚਿਤ। ਫੇਰ = ਜਨਮਾਂ ਦੇ ਗੇੜ, ਭਟਕਣਾ। ਸਤਿਗੁਰਿ = ਗੁਰੂ ਨੇ। ਸੰਗਿ = ਅੰਦਰ ਨਾਲ ਹੀ। ਸਚੇ ਸਚਿ = ਨਿਰੋਲ ਸਦਾ-ਥਿਰ ਹਰੀ ਵਿਚ। ਸਮਾਹਰਿ = ਸਮਾਇਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਜਾਹਰਿ = ਪਰਤੱਖ।

ਅਰਥ: ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਤੱਖ ਮੌਜੂਦ ਹੋਵੇ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਝੰਬੇਲਿਆਂ ਤੋਂ ਨਿਰਲੇਪ ਰਹਿੰਦੀ ਹੈ। ਜਦੋਂ ਪਤੀ-ਪ੍ਰਭੂ ਯਾਦ ਤੋਂ ਦੂਰ ਹੋ ਜਾਏ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਵਿਚ ਖਚਿਤ ਹੋਣ ਲੱਗ ਪੈਂਦੀ ਹੈ। ਪ੍ਰਭੂ ਦੀ ਯਾਦ ਤੋਂ ਬਿਨਾ ਜੀਵ ਅਨੇਕਾਂ ਭਟਕਣਾਂ ਵਿਚ ਭਟਕਦਾ ਹੈ।

ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਹਿਰਦੇ ਵਿਚ ਪ੍ਰਤੱਖ ਪ੍ਰਭੂ ਵਿਖਾ ਦਿੱਤਾ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਟਿਕਿਆ ਰਹਿੰਦਾ ਹੈ।1।

ਮਃ ੫ ॥ ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥ ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥੨॥ {ਪੰਨਾ 965}

ਪਦ ਅਰਥ: ਸਭਿ = ਸਾਰੇ। ਇਕੁ ਆਹਰੁ = ਇਕ ਪ੍ਰਭੂ ਨੂੰ ਯਾਦ ਕਰਨ ਦਾ ਉੱਦਮ। ਜਿਤੁ ਆਹਰਿ = ਜਿਸ ਆਹਰ ਦੀ ਰਾਹੀਂ। ਉਧਰੈ = (ਵਿਕਾਰਾਂ ਤੋਂ) ਬਚਦਾ ਹੈ। {ਨੋਟ: ਲਫ਼ਜ਼ 'ਆਹਰੁ', 'ਆਹਰ', 'ਆਹਰਿ'। ਵਿਆਕਰਣ ਅਨੁਸਾਰ ਤਿੰਨ ਵਖ ਵਖ ਰੂਪ}।

ਅਰਥ: ਹੇ ਨਾਨਕ! ਮਨੁੱਖ ਹੋਰ ਸਾਰੇ ਉੱਦਮ ਕਰਦਾ ਫਿਰਦਾ ਹੈ, ਪਰ ਇਕ ਪ੍ਰਭੂ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ। ਜਿਸ ਉੱਦਮ ਦੀ ਰਾਹੀਂ ਜਗਤ ਵਿਕਾਰਾਂ ਤੋਂ ਬਚ ਸਕਦਾ ਹੈ (ਉਸ ਉੱਦਮ ਨੂੰ) ਕੋਈ ਵਿਰਲਾ ਮਨੁੱਖ ਸਮਝਦਾ ਹੈ।

ਪਉੜੀ ॥ ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥ ਰੰਗ ਪਰੰਗ ਅਨੇਕ ਨ ਜਾਪਨ੍ਹ੍ਹਿ ਕਰਤਬਾ ॥ ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥ ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥ ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥ ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥ ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥ ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥ {ਪੰਨਾ 965}

ਪਦ ਅਰਥ: ਅਪਾਰੁ = ਅ-ਪਾਰੁ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਮਰਤਬਾ = ਰੁਤਬਾ। ਰੰਗ ਪਰੰਗ = ਰੰਗ-ਬਰੰਗੇ। ਨ ਜਾਪਨਿ = ਸਮਝੇ ਨਹੀਂ ਜਾ ਸਕਦੇ। ਜੀਉ = ਜਿੰਦ, ਸਹਾਰਾ। ਜਾਣਲਾ = ਜਾਣਨ ਵਾਲਾ। ਵਸਿ = ਵੱਸ ਵਿਚ। ਭਲਾ = ਸੋਹਣਾ। ਘਰਿ = ਘਰ ਵਿਚ। ਤੁਧੁ ਘਰਿ = ਤੇਰੇ ਘਰ ਵਿਚ। ਵਧਾਈ = ਖ਼ੁਸ਼ੀਆਂ, ਸ਼ਾਦੀਆਨੇ। ਮਹਤਾ = ਮਹੱਤਤਾ, ਵਡਿਆਈ। ਤੇਜੁ = ਪਰਤਾਪ। ਜਰਿ = ਜਰਦਾ ਹੈਂ। ਕਲਾ = ਤਾਕਤ, ਸੱਤਿਆ। ਜਤ ਕਤਾ = ਹਰ ਥਾਂ। ਦਾਸਨਿ ਦਾਸੁ = ਦਾਸਾਂ ਦਾ ਦਾਸ।

ਅਰਥ: ਹੇ ਪ੍ਰਭੂ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ, (ਸੰਸਾਰ ਵਿਚ) ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ ਜੋ ਸਮਝੇ ਨਹੀਂ ਜਾ ਸਕਦੇ। ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ-ਰੂਪ ਹੈਂ, ਤੂੰ (ਜੀਵਾਂ ਦੀ) ਹਰੇਕ ਗੱਲ ਜਾਣਦਾ ਹੈਂ। ਸੋਹਣਾ ਹੈ ਤੇਰਾ ਟਿਕਾਣਾ, ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ।

(ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਭੀ) ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ, ਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈਂ।

(ਹੇ ਭਾਈ!) ਸਾਰੀਆਂ ਤਾਕਤਾਂ ਦਾ ਮਾਲਕ-ਪ੍ਰਭੂ ਹਰ ਥਾਂ ਦਿੱਸ ਰਿਹਾ ਹੈ। ਹੇ ਪ੍ਰਭੂ! ਨਾਨਕ ਤੇਰੇ ਦਾਸਾਂ ਦਾ ਦਾਸ ਤੇਰੇ ਅੱਗੇ (ਹੀ) ਅਰਦਾਸ-ਬੇਨਤੀ ਕਰਦਾ ਹੈ। 18।

ਸਲੋਕ ਮਃ ੫ ॥ ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ ॥ ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥੧॥ {ਪੰਨਾ 965}

ਪਦ ਅਰਥ: ਛਤੜੇ = (ਆਕਾਸ਼-ਛੱਤ ਨਾਲ) ਛੱਤੇ ਹੋਏ। ਬਾਜਾਰ = ਸਾਰੇ ਜਗਤ-ਮੰਡਲ (ਮਾਨੋ, ਬਾਜ਼ਾਰ ਹਨ) । ਵਿਚਿ = ਇਹਨਾਂ ਜਗਤ-ਮੰਡਲਾਂ ਵਿਚ। ਵਪਾਰੀਏ = ਪ੍ਰਭੂ-ਨਾਮ ਦਾ ਵਪਾਰ ਕਰਨ ਵਾਲੇ। ਵਖਰੁ = ਪ੍ਰਭੂ-ਨਾਮ ਦਾ ਸੌਦਾ। ਹਿਕੁ = ਇੱਕ। ਧਣੀ = ਧਨਾਢ, ਧਨਵੰਤ। ਅਪਾਰੁ = ਕਦੇ ਨਾਹ ਮੁੱਕਣ ਵਾਲਾ।

ਅਰਥ: (ਇਸ ਉਪਰ ਦਿੱਸਦੇ ਆਕਾਸ਼-ਛੱਤ ਦੇ ਹੇਠ) ਛੱਤੇ ਹੋਏ (ਬੇਅੰਤ ਜਗ-ਮੰਡਲ, ਮਾਨੋ) ਬਾਜ਼ਾਰ ਹਨ, ਇਹਨਾਂ ਵਿਚ (ਪ੍ਰਭੂ-ਨਾਮ ਦਾ ਵਪਾਰ ਕਰਨ ਵਾਲੇ ਜੀਵ-) ਵਪਾਰੀ ਹੀ ਸੋਹਣੇ ਲੱਗਦੇ ਹਨ। ਹੇ ਨਾਨਕ! (ਇਸ ਜਗਤ-ਮੰਡੀ ਵਿਚ) ਉਹ ਮਨੁੱਖ ਧਨਵਾਨ ਹੈ ਜੋ ਇਕ ਅਖੁੱਟ (ਹਰਿ-ਨਾਮ) ਸੌਦਾ ਹੀ ਖੱਟਦਾ ਹੈ।1।

ਮਹਲਾ ੫ ॥ ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥ ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨॥ {ਪੰਨਾ 965}

ਨੋਟ: ਇਹ ਸ਼ਲੋਕ ਗੁਰੂ ਅਰਜਨ ਦੇਵ ਜੀ ਦਾ ਹੈ। ਵੇਖੋ ਸ਼ਲੋਕ ਨੰ: 214 "ਸਲੋਕ ਕਬੀਰ ਜੀ ਕੇ"। ਕਬੀਰ ਜੀ ਦੇ ਹੇਠ-ਲਿਖੇ ਸਲੋਕ ਨੰ: 212 ਅਤੇ 213 ਦੇ ਪਰਥਾਇ ਹੈ:

ਨਾਮਾ ਮਾਇਆ ਮੋਹਿਆ, ਕਹੈ ਤਿਲੋਚਨੁ ਮੀਤੁ ॥ ਕਾਹੇ ਛੀਪਹੁ ਛਾਇਲੇ ਰਾਮ ਨ ਲਾਵਹੁ ਚੀਤੁ ॥212॥

ਨਾਮਾ ਕਹੈ ਤਿਰਲੋਚਨਾ, ਮੁਖ ਤੇ ਰਾਮੁ ਸਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭ, ਚੀਤੁ ਨਿਰੰਜਨ ਨਾਲਿ ॥213॥

ਜੋ ਉੱਤਰ ਨਾਮਦੇਵ ਜੀ ਨੇ ਤ੍ਰਿਲੋਚਨ ਜੀ ਨੂੰ ਦਿੱਤਾ ਸੀ, ਉਸ ਦਾ ਹਵਾਲਾ ਦੇ ਕੇ ਕਬੀਰ ਜੀ ਇਹਨਾਂ ਸਲੋਕਾਂ ਵਿਚ ਆਖਦੇ ਹਨ ਕਿ ਦੁਨੀਆ ਦੀ ਕਿਰਤ-ਕਾਰ ਨਹੀਂ ਛੱਡਣੀ, ਇਹ ਕਰਦਿਆਂ ਹੋਇਆਂ ਹੀ ਅਸਾਂ ਆਪਣਾ ਚਿੱਤ ਇਸ ਤੋਂ ਵੱਖਰਾ ਰੱਖਣਾ ਹੈ।

ਸਲੋਕ ਨੰ: 214 ਵਿਚ ਗੁਰੂ ਅਰਜਨ ਸਾਹਿਬ ਨੇ ਇਹ ਦੱਸਿਆ ਹੈ ਕਿ ਸਾਕਾਂ-ਅੰਗਾਂ ਵਿਚ ਰਹਿੰਦਿਆਂ ਤੇ ਮਾਇਆ ਵਿਚ ਵਰਤਦਿਆਂ ਹਰ ਵੇਲੇ ਇਹ ਚੇਤਾ ਰੱਖਣਾ ਹੈ ਕਿ ਇਹ ਸਭ ਕੁਝ ਇਥੇ ਸਿਰਫ਼ ਚਾਰ ਦਿਨ ਦੇ ਸਾਥੀ ਹਨ, ਅਸਲ ਸਾਥੀ ਪਰਮਾਤਮਾ ਦਾ ਨਾਮ ਹੈ ਤੇ ਕਿਰਤ-ਕਾਰ ਕਰਦਿਆਂ ਉਸ ਨੂੰ ਭੀ ਹਰ ਵੇਲੇ ਯਾਦ ਰੱਖਣਾ ਹੈ।

ਨੋਟ: ਇਹ ਸਲੋਕ ਸਤਿਗੁਰੂ ਜੀ ਨੇ ਕਬੀਰ ਜੀ ਦੇ ਸ਼ਲੋਕ ਨੰ: 212, 213 ਦੇ ਪਰਥਾਇ ਲਿਖਿਆ ਹੈ, ਇਸ ਵਾਸਤੇ ਇਸ ਵਿਚ ਨਾਮ 'ਨਾਨਕ' ਦੇ ਥਾਂ 'ਕਬੀਰ' ਵਰਤਿਆ ਹੈ।

ਅਰਥ: ਹੇ ਕਬੀਰ! ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ, ਕਿਉਂਕਿ ਨਾਹ ਕੋਈ ਸਾਡਾ ਹੀ ਸਦਾ ਦਾ ਸਾਥੀ ਹੈ, ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਬੇੜੀ ਦੇ ਪੂਰ ਦਾ ਮੇਲਾ ਹੈ) ।2।

ਵੇਖੋ ਮੇਰਾ "ਸਟੀਕ ਸ਼ਲੋਕ ਭਗਤ ਕਬੀਰ ਜੀ"।

ਪਉੜੀ ॥ ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥ ਮਨੁ ਲੋਚੈ ਉਨ੍ਹ੍ਹ ਮਿਲਣ ਕਉ ਕਿਉ ਵੰਞੈ ਘਿਤਾ ॥ ਵਰਨਾ ਚਿਹਨਾ ਬਾਹਰਾ ਓਹੁ ਅਗਮੁ ਅਜਿਤਾ ॥ ਓਹੁ ਪਿਆਰਾ ਜੀਅ ਕਾ ਜੋ ਖੋਲ੍ਹ੍ਹੈ ਭਿਤਾ ॥ ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ ॥ ਕੁਰਬਾਣੀ ਵੰਞਾ ਵਾਰਣੈ ਬਲੇ ਬਲਿ ਕਿਤਾ ॥ ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ ॥ ਜਿਸੁ ਲਿਖਿਆ ਨਾਨਕ ਦਾਸ ਤਿਸੁ ਨਾਉ ਅੰਮ੍ਰਿਤੁ ਸਤਿਗੁਰਿ ਦਿਤਾ ॥੧੯॥ {ਪੰਨਾ 965}

ਪਦ ਅਰਥ: ਸਫਲਿਉ = ਫਲ ਵਾਲਾ, ਜੋ ਹਰੇਕ ਦੀ ਮੇਹਨਤ ਨੂੰ ਫਲ ਲਾਵੇ। ਸੁਹਾਵੜਾ = ਸੋਹਣਾ। ਘਿਤਾ ਵੰਞੈ = ਲਿਆ ਜਾ ਸਕੇ। ਵਰਨ = ਰੰਗ। ਚਿਹਨ– ਨਿਸਾਨ। ਅਗਮ = ਅਪਹੁੰਚ। ਜੀਅ ਕਾ = ਜਿੰਦ ਦਾ। ਭਿਤਾ = ਭੇਤ। ਕਰੀ = ਕਰੀਂ, ਮੈਂ ਕਰਾਂ। ਮੈ = ਮੈਨੂੰ। ਮਿਤਾ = ਹੇ ਮਿੱਤਰ! ਬਲੇ ਬਲਿ = ਬਲਿ ਬਲਿ। ਕਿਤਾ = ਕੀਤਾ। ਦਸਨਿ = ਦੱਸਦੇ ਹਨ। ਸਤਿਗੁਰਿ = ਸਤਿਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ।

ਅਰਥ: ਪਰਮਾਤਮਾ (ਮਾਨੋ) ਇਕ ਸੋਹਣਾ ਫਲਦਾਰ ਰੁੱਖ ਹੈ ਜਿਸ ਨੂੰ ਆਤਮਕ ਜੀਵਨ ਦੇਣ ਵਾਲੇ ਫਲ ਲੱਗੇ ਹੋਏ ਹਨ।

ਮੇਰਾ ਮਨ ਉਸ ਪ੍ਰਭੂ ਨੂੰ ਮਿਲਣ ਲਈ ਤਾਂਘਦਾ ਹੈ (ਪਰ ਪਤਾ ਨਹੀਂ ਲੱਗਦਾ ਕਿ) ਕਿਵੇਂ ਮਿਲਿਆ ਜਾਏ ਕਿਉਂਕਿ ਨਾਹ ਉਸ ਦਾ ਕੋਈ ਰੰਗ ਹੈ ਨਾਹ ਨਿਸ਼ਾਨ, ਉਸ ਤਕ ਪਹੁੰਚਿਆ ਨਹੀਂ ਜਾ ਸਕਦਾ, ਉਸ ਨੂੰ ਜਿੱਤਿਆ ਨਹੀਂ ਜਾ ਸਕਦਾ।

ਜੇਹੜਾ ਸੱਜਣ (ਮੈਨੂੰ) ਇਹ ਭੇਤ ਸਮਝਾ ਦੇਵੇ, ਉਹ ਮੇਰੀ ਜਿੰਦ-ਜਾਨ ਨੂੰ ਪਿਆਰਾ ਲੱਗੇਗਾ। ਹੇ ਮਿੱਤਰ! ਮੈਨੂੰ (ਇਹ ਭੇਤ) ਦੱਸੋ, ਮੈਂ ਤੁਹਾਡੀ ਸੇਵਾ ਕਰਾਂਗਾ, ਮੈਂ ਤੁਹਾਥੋਂ ਸਦਕੇ ਕੁਰਬਾਨ ਵਾਰਨੇ ਜਾਵਾਂਗਾ।

ਪਿਆਰੇ ਸੰਤ (ਗੁਰਮੁਖਿ ਉਹ ਭੇਤ) ਦੱਸਦੇ ਹਨ (ਤੇ ਆਖਦੇ ਹਨ ਕਿ) ਧਿਆਨ ਨਾਲ ਸੁਣ = ਹੇ ਦਾਸ ਨਾਨਕ! ਜਿਸ ਦੇ ਮੱਥੇ ਉਤੇ ਲੇਖ ਲਿਖਿਆ (ਉੱਘੜਦਾ) ਹੈ ਉਸ ਨੂੰ ਸਤਿਗੁਰੂ ਨੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ। 19।

ਸਲੋਕ ਮਹਲਾ ੫ ॥ ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੧॥ ਮਹਲਾ ੫ ॥ ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥ ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥੨॥ {ਪੰਨਾ 965}

ਨੋਟ: ਇਹ ਦੋਵੇਂ ਸ਼ਲੋਕ "ਕਬੀਰ ਜੀ ਦੇ ਸਲੋਕ ਸੰਗ੍ਰਹ" ਵਿਚ ਨੰ: 210 ਅਤੇ 211 ਵਿਚ ਦਰਜ ਹਨ। ਕਬੀਰ ਜੀ ਦੇ ਸ਼ਲੋਕ ਨੰ: 208 ਦੇ ਪਰਥਾਇ ਗੁਰੂ ਅਰਜਨ ਸਾਹਿਬ ਦੇ 3 ਸ਼ਲੋਕ ਹਨ– 208, 210, 211। ਕਬੀਰ ਜੀ ਦਾ ਸਲੋਕ ਇਉਂ ਹੈ:

ਕਬੀਰ ਟਾਲੈ ਟੋਲੈ ਦਿਨੁ ਗਇਆ, ਵਿਆਜੁ ਬਢੰਤਉ ਜਾਇ ॥ ਨਾ ਹਰਿ ਭਜਿਓ ਨ ਖਤੁ ਫਟਿਓ, ਕਾਲੁ ਪਹੂੰਚੋ ਆਇ ॥208॥

ਇਸ ਸ਼ਲੋਕ ਦੇ ਨਾਲ ਗੁਰੂ ਅਰਜਨ ਸਾਹਿਬ ਦਾ ਸ਼ਲੋਕ ਨੰ: 208 ਇਉਂ ਹੈ:

ਕਬੀਰ ਕੂਕਰੁ ਭਉਕਨਾ, ਕਰੰਗ ਪਿਛੈ ਉਠਿ ਧਾਇ ॥ ਕਰਮੀ ਸਤਿਗੁਰੁ ਪਾਇਆ, ਜਿਨਿ ਹਉ ਲੀਆ ਛਡਾਇ ॥209॥

ਸ਼ਲੋਕ ਨੰ: 207 ਵਿਚ ਕਬੀਰ ਜੀ ਨੇ ਆਖਿਆ ਸੀ ਕਿ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ ਉਹਨਾਂ ਨੂੰ ਉਹ ਵਿਕਾਰਾਂ ਤੇ ਆਸਾਂ ਦੇ ਗੇੜ ਵਿਚੋਂ ਕੱਢ ਲੈਂਦਾ ਹੈ। ਨੰ: 208 ਵਿਚ ਆਖਦੇ ਹਨ ਕਿ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ, ਉਹ ਹਰੀ ਦਾ ਸਿਮਰਨ ਨਹੀਂ ਕਰ ਸਕਦੇ, ਤੇ ਨਾਹ ਹੀ ਵਿਕਾਰਾਂ ਤੇ ਆਸਾਂ ਤੋਂ ਉਹਨਾਂ ਦੀ ਖ਼ਲਾਸੀ ਹੋ ਸਕਦੀ ਹੈ। ਕਬੀਰ ਜੀ ਦੇ ਇਸੇ ਹੀ ਖ਼ਿਆਲ ਨੂੰ ਗੁਰੂ ਅਰਜਨ ਸਾਹਿਬ ਹੋਰ ਖੋਲ੍ਹ ਕੇ ਬਿਆਨ ਕਰਦੇ ਹਨ ਕਿ ਗੁਰੂ ਤੋਂ ਬਿਨਾ ਇਹ ਜੀਵ ਟਾਲ-ਮਟੋਲੇ ਕਰਨ ਤੇ ਮਜਬੂਰ ਹੈ ਕਿਉਂਕਿ ਇਸ ਦਾ ਸੁਭਾਉ ਕੁੱਤੇ ਵਰਗਾ ਹੈ, ਇਸ ਦੀ ਵਾਦੀ ਹੀ ਇਹ ਹੈ ਕਿ ਹਰ ਵੇਲੇ ਮੁਰਦਾਰ ਦੇ ਪਿੱਛੇ ਦੌੜਦਾ ਫਿਰੇ। ਸ਼ਲੋਕ ਨੰ: 209 ਵਾਲੇ ਹੀ ਖ਼ਿਆਲ ਨੂੰ ਜਾਰੀ ਰੱਖ ਕੇ ਨੰ: 210 ਵਿਚ ਆਖਦੇ ਹਨ ਕਿ ਵਿਕਾਰੀ ਬੰਦਿਆਂ ਦਾ ਜ਼ੋਰ ਗੁਰੂ ਅਤੇ ਗੁਰ-ਸੰਗਤਿ ਉਤੇ ਨਹੀਂ ਪੈ ਸਕਦਾ, ਕਿਉਂਕਿ ਗੁਰੂ ਮਹਾਨ ਉੱਚਾ ਹੈ। ਪਰ ਹਾਂ, ਗੁਰੂ ਅਤੇ ਉਸ ਦੀ ਸੰਗਤਿ ਦੀ ਬਰਕਤਿ ਨਾਲ ਵਿਕਾਰੀਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ। 'ਸਾਧ ਕੀ ਧਰਤੀ' ਅਤੇ 'ਤਸਕਰ' ਦੀ ਮਿਸਾਲ ਦੇ ਕੇ ਆਖਦੇ ਹਨ ਕਿ 'ਤਸਕਰਾਂ' ਦਾ ਅਸਰ 'ਧਰਤੀ' ਉਤੇ ਨਹੀਂ ਪੈ ਸਕਦਾ। ਕਿਉਂ? ਕਿਉਂਕਿ 'ਧਰਤੀ' ਦਾ ਭਾਰ 'ਤਸਕਰਾਂ' ਦੇ ਭਾਰ ਨਾਲੋਂ ਬਹੁਤ ਵਧੀਕ ਹੈ। ਜੇ ਭਲਾਈ ਵਾਲਾ ਪਾਸਾ ਤਕੜਾ ਹੋਵੇ, ਤਾਂ ਉਥੇ ਵਿਕਾਰੀ ਬੰਦੇ ਭੀ ਆ ਕੇ ਭਲਾਈ ਵਲ ਪਰਤ ਪੈਂਦੇ ਹਨ। ਨੰ: 211 ਵਿਚ 'ਚਾਵਲ' ਅਤੇ 'ਤੁਖ' ਦੀ ਮਿਸਾਲ ਹੈ। ਵਜ਼ਨ ਵਿਚ 'ਚਾਵਲ' ਭਾਰਾ ਹੈ। 'ਤੁਖ' ਹੌਲਾ ਹੈ। ਕਮਜ਼ੋਰ ਹੋਣ ਕਰਕੇ 'ਤੁਖ' (ਤੋਹ) ਮਾਰ ਖਾਂਦਾ ਹੈ। ਇਸੇ ਤਰ੍ਹਾਂ ਵਿਕਾਰੀਆਂ ਦੇ ਤਕੜੇ ਇਕੱਠ ਵਿਚ ਜੇ ਕੋਈ ਸਾਧਾਰਨ ਜਿਹਾ ਮਨੁੱਖ (ਭਾਵੇਂ ਉਹ ਭਲਾ ਹੀ ਹੋਵੇ, ਪਰ ਉਹਨਾਂ ਦੇ ਟਾਕਰੇ ਤੇ ਕਮਜ਼ੋਰ-ਦਿਲ ਹੋਵੇ) ਬੈਠਣਾ ਸ਼ੁਰੂ ਕਰ ਦੇਵੇ; ਤਾਂ ਉਹ ਭੀ ਉਸੇ ਸੁਭਾਵ ਦਾ ਬਣ ਕੇ ਵਿਕਾਰਾਂ ਤੋਂ ਮਾਰ ਖਾਂਦਾ ਹੈ।

ਪਦ ਅਰਥ: ਧਰਤੀ ਸਾਧ ਕੀ = ਸਤਿਗੁਰੂ ਦੀ ਧਰਤੀ, ਸਤਿਗੁਰੂ ਦੀ ਸੰਗਤਿ। ਤਸਕਰ = ਚੋਰ, ਵਿਕਾਰੀ ਬੰਦੇ। ਬੈਸਹਿ = ਆ ਬੈਠਦੇ ਹਨ, ਜੇ ਆ ਬੈਠਣ। ਗਾਹਿ = ਗਹਿ, ਮੱਲ ਕੇ, ਸਿਦਕ ਨਾਲ, ਹੋਰ ਖ਼ਿਆਲ ਛੱਡ ਕੇ। ਭਾਰਿ = ਭਾਰ ਨਾਲ, ਭਾਰ ਦੇ ਹੇਠ, ਤਸਕਰਾਂ ਦੇ ਭਾਰ ਹੇਠ। ਨ ਬਿਆਪਈ = ਦਬਦੀ ਨਹੀਂ, ਅਸਰ ਹੇਠ ਨਹੀਂ ਆਉਂਦੀ। ਉਨ ਕਉ = ਉਹਨਾਂ (ਤਸਕਰਾਂ) ਨੂੰ। ਲਾਹੂ = ਲਾਹ ਹੀ, ਲਾਭ ਹੀ (ਮਿਲਦਾ ਹੈ) । ਲਾਹਿ = ਲਹਹਿ, ਉਹ ਤਸਕਰ ਲਾਭ ਹੀ ਲਹਹਿ, ਉਹ ਵਿਕਾਰੀ ਸਗੋਂ ਲਾਭ ਹੀ ਉਠਾਂਦੇ ਹਨ।1।

ਤੁਖ = ਤੋਹ, ਚੌਲਾਂ ਦੇ ਸਿੱਕੜ। ਲਾਇ = ਲੱਗਦੀ ਹੈ, ਵੱਸਦੀ ਹੈ।2।

ਅਰਥ: ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤਿ ਵਿਚ ਆ ਬੈਠਣ, ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤਿ ਉਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ।1।

ਹੇ ਕਬੀਰ! (ਤੋਹਾਂ ਨਾਲੋਂ) ਚੌਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੋਹਲੀ (ਦੀ ਸੱਟ) ਵੱਜਦੀ ਹੈ। ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ।2।

ਪਉੜੀ ॥ ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ ॥ ਆਪਣੀ ਕੀਮਤਿ ਆਪਿ ਆਪੇ ਹੀ ਜਾਤੀਆ ॥ ਸਭੁ ਕਿਛੁ ਆਪੇ ਆਪਿ ਆਪਿ ਉਪੰਨਿਆ ॥ ਆਪਣਾ ਕੀਤਾ ਆਪਿ ਆਪਿ ਵਰੰਨਿਆ ॥ ਧੰਨੁ ਸੁ ਤੇਰਾ ਥਾਨੁ ਜਿਥੈ ਤੂ ਵੁਠਾ ॥ ਧੰਨੁ ਸੁ ਤੇਰੇ ਭਗਤ ਜਿਨ੍ਹ੍ਹੀ ਸਚੁ ਤੂੰ ਡਿਠਾ ॥ ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥ ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥ {ਪੰਨਾ 965}

ਪਦ ਅਰਥ: ਵਡ ਪਰਵਾਰੁ = (ਜਗਤ-ਰੂਪ) ਵੱਡੇ ਪਰਵਾਰ ਵਾਲਾ। ਇਕਾਤੀਆ = ਇਕਾਂਤ ਵਿਚ ਰਹਿਣ ਵਾਲਾ, ਇਕੱਲਾ ਰਹਿਣ ਵਾਲਾ। ਜਾਤੀਆ = ਜਾਣੀ। ਉਪੰਨਿਆ = ਪੈਦਾ ਹੋਇਆ, ਦਿੱਸਦੇ ਰੂਪ ਵਿਚ ਆਇਆ। ਵਰੰਨਿਆ = ਬਿਆਨ ਕੀਤਾ। ਵੁਠਾ = ਵੱਸਿਆ। ਤੂੰ ਡਿਠਾ = ਤੈਨੂੰ ਵੇਖਿਆ। ਭੇਟੈ = ਮਿਲੇ। ਸੁਧੁ = ਪਵਿਤ੍ਰ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}।

ਅਰਥ: ਹੇ ਪ੍ਰਭੂ! ਤੂੰ ਆਪ ਹੀ (ਜਗਤ-ਰੂਪ) ਵੱਡੇ ਪਰਵਾਰ ਵਾਲਾ ਹੈਂ, ਤੇ (ਇਸ ਤੋਂ ਨਿਰਲੇਪ) ਇਕੱਲਾ ਰਹਿਣ ਵਾਲਾ ਭੀ ਹੈਂ। ਆਪਣੀ ਬਜ਼ੁਰਗੀ ਦੀ ਕਦਰ ਬਣਾਣ ਵਾਲਾ ਭੀ ਤੂੰ ਆਪ ਹੀ ਹੈਂ, ਤੇ ਕਦਰ ਜਾਣਨ ਵਾਲਾ ਭੀ ਤੂੰ ਆਪ ਹੀ ਹੈਂ।

ਇਹ ਸਾਰਾ ਜਗਤ ਤੇਰਾ ਆਪਣਾ ਹੀ (ਸਰਗੁਣ) ਰੂਪ ਹੈ, ਤੇ ਇਹ ਤੈਥੋਂ ਹੀ ਇਸ ਦਿੱਸਦੇ ਰੂਪ ਵਿਚ ਆਇਆ ਹੈ, ਇਸ ਸਾਰੇ ਪੈਦਾ ਕੀਤੇ ਜਗਤ ਨੂੰ ਰੂਪ-ਰੰਗ ਦੇਣ ਵਾਲਾ ਭੀ ਤੂੰ ਆਪ ਹੀ ਹੈਂ।

ਉਹ ਅਸਥਾਨ ਭਾਗਾਂ ਵਾਲਾ ਹੈ ਜਿਥੇ, ਹੇ ਪ੍ਰਭੂ! ਤੂੰ ਵੱਸਦਾ ਹੈਂ, ਤੇਰੇ ਉਹ ਭਗਤ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਤੇਰਾ ਦੀਦਾਰ ਕੀਤਾ ਹੈ।

ਉਹੀ ਬੰਦਾ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹੈ ਜਿਸ ਉਤੇ ਤੇਰੀ ਮੇਹਰ ਹੁੰਦੀ ਹੈ। ਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ) ਜਿਸ ਨੂੰ ਗੁਰੂ ਮਿਲ ਪਏ, ਉਹ ਸੁੱਧ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ। 20।

TOP OF PAGE

Sri Guru Granth Darpan, by Professor Sahib Singh