ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 966

ਸਲੋਕ ਮਃ ੫ ॥ ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥ ਜੋ ਨਰ ਪੀਰਿ ਨਿਵਾਜਿਆ ਤਿਨ੍ਹ੍ਹਾ ਅੰਚ ਨ ਲਾਗ ॥੧॥ ਮਃ ੫ ॥ ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ ਵਿਰਲੇ ਕੇਈ ਪਾਈਅਨ੍ਹ੍ਹਿ ਜਿਨ੍ਹ੍ਹਾ ਪਿਆਰੇ ਨੇਹ ॥੨॥ {ਪੰਨਾ 966}

ਨੋਟ: ਇਹ ਦੋਵੇਂ ਸ਼ਲੋਕ ਗੁਰੁ ਅਰਜਨ ਦੇਵ ਜੀ ਦੇ ਹਨ। ਫਰੀਦ ਜੀ ਦੇ ਸ਼ਲੋਕ-ਸੰਗ੍ਰਹ ਵਿਚ ਨੰ: 82 ਅਤੇ 83 ਹਨ। ਇਹ ਦੋਵੇਂ ਸ਼ਲੋਕ ਫਰੀਦ ਜੀ ਦੇ ਸ਼ਲੋਕ ਨੰ: 81 ਦੇ ਪਰਥਾਇ ਹਨ, ਜੋ ਇਉਂ ਹੈ:

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ, ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ, ਤਾਂ ਘਰਿ ਘਰਿ ਏਹਾ ਅਗਿ ॥81॥

ਫਰੀਦ ਜੀ ਸ਼ਲੋਕ ਨੰ: 74 ਵਿਚ ਮਨ ਦੇ "ਟੋਏ ਟਿਬੇ" ਦੱਸ ਕੇ ਸ਼ਲੋਕ ਨੰ: 81 ਵਿਚ ਉਹਨਾਂ ਟੋਏ-ਟਿੱਬਿਆਂ ਦਾ ਅਸਰ ਬਿਆਨ ਕਰਦੇ ਹਨ ਕਿ ਇਹਨਾਂ ਦੇ ਕਾਰਨ ਸਾਰੇ ਜਗਤ ਵਿਚ ਦੁੱਖ ਹੀ ਦੁੱਖ ਵਾਪਰ ਰਿਹਾ ਹੈ। ਪਰ ਇਸ ਗੱਲ ਦੀ ਸਮਝ ਉਸ ਨੂੰ ਪੈਂਦੀ ਹੈ ਜੋ ਆਪ ਮਨ ਦੇ "ਟੋਏ ਟਿਬੇ" ਤੋਂ ਉਚੇਰਾ ਹੁੰਦਾ ਹੈ।

ਗੁਰੂ ਅਰਜਨ ਦੇਵ ਜੀ ਆਪਣੇ ਦੋ ਸ਼ਲੋਕਾਂ ਵਿਚ ਲਿਖਦੇ ਹਨ ਕਿ ਉਹੀ ਵਿਰਲੇ ਬੰਦੇ ਦੁਖਾਂ ਦੀ ਮਾਰ ਤੋਂ ਬਚੇ ਹੋਏ ਹਨ ਜੋ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ।

ਪਦ ਅਰਥ: ਭੂਮਿ = ਧਰਤੀ। ਰੰਗਾਵਲੀ = ਰੰਗ-ਆਵਲੀ। ਆਵਲੀ = ਕਤਾਰ, ਸਿਲਸਿਲਾ। ਰੰਗ = ਆਨੰਦ। ਰੰਗਾਵਲੀ = ਸੁਹਾਵਣੀ। ਮੰਝਿ = (ਇਸ) ਵਿਚ। ਵਿਸੂਲਾ = ਵਿਸ-ਭਰਿਆ, ਵਿਹੁਲਾ।1।

ਸੁਹਾਵੜੀ = ਸੁਹਾਵਲੀ, ਸੁਖਾਵਲੀ, ਸੁਖ-ਭਰੀ। ਸੰਗਿ = (ਉਮਰ ਦੇ) ਨਾਲ। ਸੁਵੰਨ = ਸੋਹਣਾ ਰੰਗ। ਸੁਵੰਨੜੀ = ਸੋਹਣੇ ਰੰਗ ਵਾਲੀ। ਦੇਹ = ਸਰੀਰ। ਪਾਈਅਨ੍ਹ੍ਹਿ = ਪਾਏ ਜਾਂਦੇ ਹਨ, ਮਿਲਦੇ ਹਨ। ਨੇਹ = ਪਿਆਰ।

ਅਰਥ: ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ਼ (ਲੱਗਾ ਹੋਇਆ) ਹੈ (ਜਿਸ ਵਿਚ ਦੁਖਾਂ ਦੀ ਅੱਗ ਬਲ ਰਹੀ ਹੈ) । ਜਿਸ ਜਿਸ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨੀ ਦਾ) ਸੇਕ ਨਹੀਂ ਲੱਗਦਾ।1।

ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੂੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ।2।

ਪਉੜੀ ॥ ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥ ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥ ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥ ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥ ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥ ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥ ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥ ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥ {ਪੰਨਾ 966}

ਪਦ ਅਰਥ: ਦੇਹਿ = ਤੂੰ ਦੇਵੇਂ। ਬੁਝਾਇਹਿ = ਤੂੰ ਮਿਟਾ ਦੇਵੇਂ। ਜਿਸੁ ਅਗਨਿ = ਜਿਸ (ਮਨੁੱਖ) ਦੀ ਤ੍ਰਿਸ਼ਨਾ-ਅੱਗ। ਰੰਗੁ = ਪਿਆਰ। ਸਿਉ = ਨਾਲ। ਕਟਿ = ਕੱਟ ਕੇ। ਨਾਮਿ = ਨਾਮ ਦੀ ਰਾਹੀਂ। ਕਟਿਓਨੁ = ਉਸ (ਪ੍ਰਭੂ) ਨੇ ਕੱਟ ਦਿੱਤਾ। ਅੰਧ ਕੂਪ = ਅੰਨ੍ਹਾ ਖੂਹ, ਉਹ ਖੂਹ ਜਿਸ ਵਿਚ ਅਗਿਆਨਤਾ ਦਾ ਹਨੇਰਾ ਹੀ ਹਨੇਰਾ ਹੈ। ਕਾਢਿਅਨੁ = ਉਸ (ਪ੍ਰਭੂ) ਨੇ ਕੱਢ ਲਏ। ਲੜੁ = ਪੱਲਾ। ਬਖਸਿ = ਬਖ਼ਸ਼ ਕੇ, ਮੇਹਰ ਕਰ ਕੇ। ਮਿਲਾਇਅਨੁ = ਉਸ ਨੇ ਮਿਲਾ ਲਏ। ਗਲਿ = ਗਲ ਨਾਲ।

ਅਰਥ: ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਨਾਮ ਦੀ ਦਾਤਿ) ਦੇਂਦਾ ਹੈਂ ਉਹ (ਮਾਨੋ) ਜਪ ਤਪ ਸੰਜਮ ਦਇਆ ਤੇ ਧਰਮ ਪ੍ਰਾਪਤ ਕਰ ਲੈਂਦਾ ਹੈ (ਪਰ) ਤੇਰਾ ਨਾਮ ਉਹੀ ਸਿਮਰਦਾ ਹੈ ਜਿਸ ਦੀ ਤ੍ਰਿਸ਼ਨਾ-ਅੱਗ ਤੂੰ ਆਪ ਬੁਝਾਂਦਾ ਹੈਂ।

ਘਟ ਘਟ ਦੀ ਜਾਣਨ ਵਾਲਾ ਅਪਹੁੰਚ ਵਿਆਪਕ ਪ੍ਰਭੂ ਜਿਸ ਮਨੁੱਖ ਵਲ ਮੇਹਰ ਦੀ ਇਕ ਨਿਗਾਹ ਕਰਦਾ ਹੈ, ਉਹ ਸਤਸੰਗ ਦੇ ਆਸਰੇ ਰਹਿ ਕੇ ਪਰਮਾਤਮਾ ਨਾਲ ਪਿਆਰ ਪਾ ਲੈਂਦਾ ਹੈ। ਪਰਮਾਤਮਾ ਉਸ ਦੇ ਸਾਰੇ ਅਉਗਣ ਕੱਟ ਕੇ ਉਸ ਨੂੰ ਸੁਰਖ਼ਰੂ ਕਰਦਾ ਹੈ ਤੇ ਆਪਣੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਉਸ (ਪਰਮਾਤਮਾ) ਨੇ ਉਸ ਮਨੁੱਖ ਦਾ ਜਨਮ ਮਰਨ ਦਾ ਡਰ ਦੂਰ ਕਰ ਦਿੱਤਾ ਹੈ, ਤੇ ਉਸ ਨੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਾਂਦਾ।

ਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਪੱਲਾ ਫੜਾਇਆ ਹੈ, ਉਹਨਾਂ ਨੂੰ (ਮਾਇਆ-ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ (ਬਾਹਰ) ਕੱਢ ਲਿਆ ਹੈ। ਹੇ ਨਾਨਕ! ਪ੍ਰਭੂ ਨੇ ਉਹਨਾਂ ਨੂੰ ਮੇਹਰ ਕਰ ਕੇ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਗਲ ਨਾਲ ਲਾ ਲਿਆ ਹੈ। 21।

ਸਲੋਕ ਮਃ ੫ ॥ ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥ ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥ {ਪੰਨਾ 966}

ਪਦ ਅਰਥ: ਮੁਹਬਤਿ = ਪਿਆਰ। ਰੰਗਿ = ਰੰਗ ਵਿਚ। ਚਲੂਲਿ ਰੰਗਿ = ਗੂੜੇ ਲਾਲ ਰੰਗ ਵਿਚ। ਚਲੂਲ = ਗੂੜ੍ਹਾ ਲਾਲਾ {ਚੂੰ ਲਾਲਹ, ਗੁਲੇ ਲਾਲਹ ਵਾਂਗ}। ਪਾਈਅਹਿ = ਮਿਲਦੇ ਹਨ। ਕੀਮ = ਕੀਮਤ। ਨ ਮੂਲਿ = ਬਿਲਕੁਲ ਨਹੀਂ, ਮੂਲੋਂ ਨਹੀਂ।

ਅਰਥ: ਜਿਸ ਮਨੁੱਖ ਨੂੰ ਰੱਬ ਦਾ ਪਿਆਰ (ਪ੍ਰਾਪਤ ਹੋ ਜਾਂਦਾ ਹੈ) , ਤੇ ਉਹ (ਉਸ ਪਿਆਰ ਦੇ) ਗੂੜੇ ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ। ਪਰ, ਹੇ ਨਾਨਕ! ਅਜੇਹੇ ਬੰਦੇ ਵਿਰਲੇ ਹੀ ਲੱਭਦੇ ਹਨ।1।

ਮਃ ੫ ॥ ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥ ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥ {ਪੰਨਾ 966}

ਪਦ ਅਰਥ: ਅੰਦਰੁ = ਅੰਦਰਲਾ, ਹਿਰਦਾ। ਸਚਿ = ਸੱਚ ਵਿਚ। ਨਾਇ = ਨਾਮ ਵਿਚ। ਡਿਠੋਮਿ = ਮੈਂ ਡਿੱਠਾ। ਰਵਿਆ = ਵਿਆਪਕ। ਹਭ ਥਾਇ = ਹਰੇਕ ਥਾਂ ਵਿਚ। ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ। ਤ੍ਰਿਭਵਣਿ = ਤ੍ਰਿਭਵਣ ਵਿਚ। ਰੋਮਿ = ਰੋਮ ਰੋਮ ਵਿਚ।

ਅਰਥ: ਜਦੋਂ ਮੇਰਾ ਅੰਦਰਲਾ (ਭਾਵ, ਮਨ) ਸੱਚੇ ਨਾਮ ਵਿਚ ਵਿੱਝ ਗਿਆ, ਤਾਂ ਮੈਂ ਬਾਹਰ ਭੀ ਉਸ ਸਦਾ-ਥਿਰ ਪ੍ਰਭੂ ਨੂੰ ਵੇਖ ਲਿਆ। ਹੇ ਨਾਨਕ! (ਹੁਣ ਮੈਨੂੰ ਇਉਂ ਦਿੱਸਦਾ ਹੈ ਕਿ) ਪਰਮਾਤਮਾ ਹਰੇਕ ਥਾਂ ਵਿਚ ਮੌਜੂਦ ਹੈ, ਹਰੇਕ ਵਣ ਵਿਚ, ਹਰੇਕ ਤੀਲੇ ਵਿਚ, ਸਾਰੇ ਹੀ ਤ੍ਰਿਭਵਣੀ ਸੰਸਾਰ ਵਿਚ, ਰੋਮ ਰੋਮ ਵਿਚ।2।

ਪਉੜੀ ॥ ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥ ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥ ਆਪੇ ਸਭਨਾ ਮੰਝਿ ਆਪੇ ਬਾਹਰਾ ॥ ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥ ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥ ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥ ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ ॥ ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥ {ਪੰਨਾ 966}

ਪਦ ਅਰਥ: ਕੀਤੋ ਰਚਨੁ = ਜਗਤ-ਰਚਨਾ ਰਚੀ। ਰਤਿਆ = (ਰਚਨਾ ਵਿਚ) ਮਿਲਿਆ ਹੋਇਆ ਹੈ। ਇਕੁ = ਨਿਰਾਕਾਰ-ਰੂਪ ਆਪ ਹੀ ਆਪ। ਬਹੁ ਭਤਿਆ = ਸਰਗੁਣ ਰੂਪ ਵਿਚ ਅਨੇਕਾਂ ਰੰਗਾਂ ਰੂਪਾਂ ਵਾਲਾ। ਮੰਝਿ = ਵਿਚ। ਜਾਣਹਿ = ਤੂੰ ਜਾਣਦਾ ਹੈਂ। ਦੂਰਿ = ਰਚੀ ਰਚਨਾ ਤੋਂ ਵੱਖਰਾ। ਤੇਰੀ ਥਟੀਐ = ਤੇਰੀ ਕੁਦਰਤਿ ਦੀ। ਅਗਣਤੁ = ਜਿਸ ਦੇ ਗੁਣ ਗਿਣੇ ਨ ਜਾ ਸਕਣ।

ਅਰਥ: ਇਹ ਜਗਤ-ਰਚਨਾ ਪ੍ਰਭੂ ਨੇ ਆਪ ਹੀ ਰਚੀ ਹੈ, ਤੇ ਆਪ ਹੀ ਇਸ ਵਿਚ ਮਿਲਿਆ ਹੋਇਆ ਹੈ। (ਕਦੇ ਰਚਨਾ ਨੂੰ ਸਮੇਟ ਕੇ) ਇਕ ਆਪ ਹੀ ਆਪ ਹੋ ਜਾਂਦਾ ਹੈ, ਤੇ ਕਦੇ ਅਨੇਕਾਂ ਰੰਗਾਂ ਰੂਪਾਂ ਵਾਲਾ ਬਣ ਜਾਂਦਾ ਹੈ। ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ, ਤੇ ਨਿਰਲੇਪ ਭੀ ਆਪ ਹੀ ਹੈ।

ਹੇ ਪ੍ਰਭੂ! ਤੂੰ ਆਪ ਹੀ ਆਪਣੇ ਆਪ ਨੂੰ ਰਚਨਾ ਤੋਂ ਵੱਖਰਾ ਜਾਣਦਾ ਹੈਂ, ਤੇ ਆਪ ਹੀ ਹਰ ਥਾਂ ਹਾਜ਼ਰ-ਨਾਜ਼ਰ ਹੈਂ। ਤੂੰ ਆਪ ਹੀ ਲੁਕਿਆ ਹੈਂ, ਤੇ ਪਰਗਟ ਭੀ ਆਪ ਹੀ ਹੈਂ। ਤੇਰੀ ਇਸ ਰਚਨਾ ਦਾ ਮੁੱਲ ਕਿਸੇ ਨਹੀਂ ਪਾਇਆ। ਤੂੰ ਗੰਭੀਰ ਹੈਂ, ਤੇਰੀ ਹਾਥ ਨਹੀਂ ਪੈ ਸਕਦੀ, ਤੂੰ ਬੇਅੰਤ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।

ਹੇ ਨਾਨਕ! ਹਰ ਥਾਂ ਇਕ ਪ੍ਰਭੂ ਹੀ ਮੌਜੂਦ ਹੈ। ਹੇ ਪ੍ਰਭੂ! ਇਕ ਤੂੰ ਹੀ ਤੂੰ ਹੈਂ। 22।

ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ     ੴ ਸਤਿਗੁਰ ਪ੍ਰਸਾਦਿ ॥ {ਪੰਨਾ 966}

ਸੱਤੇ ਬਲਵੰਡ ਦੀ ਵਾਰ

'ਵਾਰ' ਕਿਸ ਨੂੰ ਆਖੀਦਾ ਹੈ?

ਹੋਰ ਅਨੇਕਾਂ ਪੰਜਾਬੀ ਸ਼ਬਦਾਂ ਵਾਂਗ ਲਫ਼ਜ਼ 'ਵਾਰ' ਭੀ ਸੰਸਕ੍ਰਿਤ ਬੋਲੀ ਵਿਚੋਂ ਆਪਣੇ ਅਸਲੀ ਰੂਪ ਵਿਚ ਹੀ ਪੰਜਾਬੀ ਬੋਲੀ ਵਿਚ ਟਿਕਿਆ ਆ ਰਿਹਾ ਹੈ। ਸੰਸਕ੍ਰਿਤ ਵਿਚ ਇਸ ਲਫ਼ਜ਼ ਦੇ ਕਈ ਅਰਥ ਹਨ, ਪੰਜਾਬੀ ਵਿਚ ਭੀ ਇਹ ਲਫ਼ਜ਼ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ।

ਪੰਜਾਬੀ ਸਹਿੱਤ ਵਿਚ 'ਵਾਰ' ਉਸ ਕਵਿਤਾ ਨੂੰ ਆਖੀਦਾ ਹੈ ਜਿਸ ਵਿਚ ਕਿਸੇ ਸੂਰਮੇ ਦੇ ਰਣ-ਭੂਮੀ ਆਦਿਕ ਵਿਚ ਵਿਖਾਏ ਸੂਰਮਤਾ ਦੇ ਕਿਸੇ ਕਰਤੱਬ ਦਾ ਜ਼ਿਕਰ ਕੀਤਾ ਹੋਵੇ। 'ਵਾਰ' ਵਿਚ ਕਿਸੇ ਮਨੁੱਖ ਦਾ ਸਾਰਾ ਜੀਵਨ ਨਹੀਂ ਵਿਖਾਈਦਾ, ਜੀਵਨ ਵਿਚੋਂ ਕੋਈ ਇੱਕੋ ਉੱਘੀ ਝਾਕੀ ਵਿਖਾਈਦੀ ਹੈ।

ਜੋਧਿਆਂ ਦੀਆਂ 'ਵਾਰਾਂ' ਗਾਵਣ ਦਾ ਰਿਵਾਜ:

ਪਿੰਡਾਂ ਵਿਚ 'ਜਾਗਰੇ' ਕਰਨ ਦੀ ਬਹੁਤ ਪੁਰਾਣੀ ਰੀਤ ਚਲੀ ਆਉਂਦੀ ਹੈ। ਇਹ 'ਜਾਗਰਾ' ਆਮ ਤੌਰ ਤੇ ਦੇਵੀ ਦੇ ਵਾਰ ਤੇ ਕੀਤਾ ਜਾਂਦਾ ਹੈ। 'ਵਾਰਾਂ' ਦੇ ਗਵਈਏ ਬਹੁਤੇ ਝੀਊਰ ਬਿਰਾਦਰੀ ਵਿਚ ਹੀ ਮਿਲਦੇ ਹਨ। ਸਾਰੀ ਰਾਤ ਜਾਗਣ ਕਰਕੇ ਇਸ ਦਾ ਨਾਮ 'ਜਾਗਰ' ਹੈ। 'ਜਾਗਰਾ' ਸ਼ੁਰੂ ਕਰਨ ਲੱਗਿਆਂ ਪਹਿਲਾਂ ਦੇਵੀ ਦੀ ਉਪਮਾ ਵਿਚ ਭਜਨ ਗਾਏ ਜਾਂਦੇ ਹਨ, ਫਿਰ ਆਮ ਤੌਰ ਤੇ ਕੈਰਵਾਂ ਪਾਂਡਵਾਂ ਦੇ ਜੁੱਧ ਦੀ ਵਾਰ ਜਾਂ ਸ੍ਰੀ ਰਾਮ ਚੰਦ੍ਰ ਜੀ ਤੇ ਰਾਵਣ ਦੇ ਜੁੱਧ ਦੀ ਵਾਰ ਗਾਉਂਦੇ ਹਨ। ਇਹਨਾਂ 'ਵਾਰਾਂ' ਦੀ ਰਾਹੀਂ ਪਿੰਡਾਂ ਦੇ ਅਨ-ਪੜ੍ਹ ਇਸਤ੍ਰੀ ਮਰਦਾਂ ਵਿਚ ਭੀ ਹਿੰਦੂ ਧਰਮ ਦਾ ਪ੍ਰਭਾਵ ਜਿਊਂਦਾ ਟਿਕਿਆ ਰਹਿੰਦਾ ਹੈ, ਬੱਚਿਆਂ ਨੂੰ ਭੀ ਆਪਣੇ ਉਹਨਾਂ ਬਜ਼ੁਰਗਾਂ ਦੇ ਨਾਮ ਤੇ ਕਾਰਨਾਮੇ ਯਾਦ ਰਹਿੰਦੇ ਹਨ। ਪਿੰਡਾਂ ਦੇ ਵਸਨੀਕ ਜਾਣਦੇ ਹਨ ਕਿ 'ਜਾਗਰੇ' ਵਾਲੀ ਰਾਤ ਕਿਵੇਂ ਬੱਚੇ ਤੋਂ ਲੈ ਕੇ ਬੁੱਢੇ ਤਕ ਹਰੇਕ ਪਿੰਡ-ਵਾਸੀ ਦੇ ਅੰਦਰ ਚਾਅ-ਉਤਸ਼ਾਹ ਹੁੰਦਾ ਹੈ। ਲੱਖਾਂ ਰੁਪਏ ਖ਼ਰਚ ਕੇ ਭੀ ਪਿੰਡ ਵਿਚ ਉਤਨਾ ਧਰਮ-ਪ੍ਰਚਾਰ ਨਹੀਂ ਕੀਤਾ ਜਾ ਸਕਦਾ, ਜਿਤਨਾ ਇਹ ਗਰੀਬ ਜੀਊਰ ਢਾਢੀ ਪੈਂਚ ਥੋੜੇ ਜਿਹੇ ਖ਼ਰਚ ਨਾਲ ਕਰਦੇ ਰਹਿੰਦੇ ਹਨ।

ਗੁਰੂ ਨਾਨਕ ਦੇਵ ਜੀ ਦੀਆਂ 'ਵਾਰਾਂ':

ਸਤਿਗੁਰੂ ਨਾਨਕ ਦੇਵ ਜੀ ਨੇ ਜੰਗਾਂ ਵਿਚ ਹੁੰਦੀ ਇਨਸਾਨੀ ਕੱਟ-ਵੱਢ ਸੁਣਨ ਦੀ ਲੋਕਾਂ ਦੀ ਇਸ ਰੁਚੀ ਨੂੰ ਪਰਮਾਤਮਾ ਅਤੇ ਖ਼ਲਕਤਿ ਦੇ ਪਿਆਰ ਵਲ ਪਰਤਾਣ ਲਈ ਤਿੰਨ 'ਵਾਰਾਂ' ਲਿਖੀਆਂ, ਜੋ ਹੁਣ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਲਾਰ, ਮਾਝ ਅਤੇ ਆਸਾ ਵਿਚ ਦਰਜ ਹਨ।

ਸੰਨ 1521 ਵਿਚ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ, ਐਮਨਾਬਾਦ ਅੱਪੜ ਕੇ ਇਸ ਸ਼ਹਿਰ ਨੂੰ ਅੱਗ ਲਵਾ ਦਿੱਤੀ, ਸ਼ਹਿਰ ਵਿਚ ਹੋਰ ਅੱਤਿਆਚਾਰਾਂ ਤੋਂ ਇਲਾਵਾ ਕਤਲਾਮ ਭੀ ਕਰਾਈ। ਗੁਰੂ ਨਾਨਕ ਦੇਵ ਜੀ ਇਸ ਦੁਰ-ਘਟਨਾ ਵੇਲੇ ਐਮਨਾਬਾਦ ਹੀ ਸਨ। ਹਜ਼ੂਰ ਤੀਜੀ 'ਉਦਾਸੀ' ਦੇ ਸੰਬੰਧ ਵਿਚ ਮੱਕੇ ਮਦੀਨੇ ਬਗਦਾਦ ਤੋਂ ਕਾਬਲ ਦੇ ਰਸਤੇ ਹਸਨ-ਅਬਦਾਲ ਭੇਰੇ ਡਿੰਗੇ ਹੁੰਦੇ ਹੋਏ ਐਮਨਾਬਾਦ ਆਏ ਸਨ। ਐਮਨਾਬਾਦ ਵਿਚ ਸਤਿਗੁਰੂ ਜੀ ਨੇ 'ਵਾਰ' ਦਾ ਨਕਸ਼ਾ ਲੋਕਾਂ ਦੀ ਹੱਡੀਂ ਵਰਤਦਾ ਆਪਣੀ ਅੱਖੀਂ ਵੇਖਿਆ। ਹੋਰ ਕਵੀ ਤਾਂ ਅਜੇਹੇ ਸਮੇ ਆਪਣੇ ਕਿਸੇ ਸਾਥੀ ਸੂਰਮੇ ਮਨੁੱਖ ਦੇ ਕਿਸੇ ਉੱਘੇ ਜੰਗੀ ਕਾਰਨਾਮੇ ਨੂੰ ਕਵਿਤਾ ਵਿਚ ਲਿਖਦੇ ਹਨ; ਪਰ ਗੁਰੂ ਨਾਨਕ ਦੇਵ ਜੀ ਨੂੰ ਇਕ ਐਸਾ ਮਹਾਨ ਜੋਧਾ ਨਜ਼ਰੀਂ ਆ ਰਿਹਾ ਸੀ, ਜਿਸ ਦੇ ਇਸ਼ਾਰੇ ਤੇ ਜਗਤ ਦੇ ਸਾਰੇ ਹੀ ਜੀਵ ਕਾਮਾਦਿਕ ਵੈਰੀਆਂ ਨਾਲ ਇਕ ਮਹਾਨ ਜੰਗ ਵਿਚ ਲੱਗੇ ਪਏ ਹਨ। ਐਮਨਾਬਾਦ ਦਾ ਜੰਗ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਭੀ ਇਕ ਜੰਗੀ ਕਾਰਨਾਮੇ ਤੇ ਹੀ 'ਵਾਰ' ਲਿਖੀ, ਪਰ ਉਹਨਾਂ ਦਾ ਸ਼ਿਰੋਮਣੀ ਪਾਤ੍ਰ ਅਕਾਲ ਪੁਰਖ ਆਪ ਸੀ। ਐਮਨਾਬਾਦ ਦੇ ਜੰਗ ਤੋਂ ਪ੍ਰੇਰਿਤ ਹੋ ਕੇ ਗੁਰੂ ਨਾਨਕ ਦੇਵ ਜੀ ਨੇ ਜੇਹੜੀ 'ਵਾਰ' ਲਿਖੀ ਸੀ, ਉਹ ਹੁਣ ਗੁਰੂ ਗ੍ਰੰਥ ਸਾਹਿਬ ਦੇ 'ਮਲਾਰ' ਰਾਗ ਵਿਚ ਦਰਜ ਹੈ। ਇਸ ਵਿਚ ਰਣ-ਭੂਮੀ ਦਾ ਤੇ ਲੜਨ ਵਾਲਿਆਂ ਦਾ ਜ਼ਿਕਰ ਹੈ; ਵੇਖੋ ਉਸ 'ਵਾਰ' ਦੀ ਪਉੜੀ ਨੰ: 4:

ਆਪੇ ਛਿੰਝ ਪਵਾਇ, ਮਲਾਖਾੜਾ ਰਚਿਆ ॥ ਲਥੇ ਭੜਥੂ ਪਾਇ, ਗੁਰਮੁਖਿ ਮਚਿਆ ॥ ਮਨਮੁਖ ਮਾਰੇ ਪਛਾੜਿ, ਮੂਰਖ ਕਚਿਆ ॥ ਆਪਿ ਭਿੜੈ ਮਾਰੇ ਆਪਿ, ਆਪਿ ਕਾਰਜੁ ਰਚਿਆ ॥

ਐਮਨਾਬਾਦ ਦਾ ਜੰਗ ਵੇਖ ਕੇ ਸਤਿਗੁਰੂ ਜੀ ਨੇ ਮਹਾਬਲੀ ਜੋਧੇ ਅਕਾਲ ਪੁਰਖ ਦੇ ਉਸ ਜੰਗ ਦਾ ਹਾਲ ਲਿਖਿਆ ਹੈ ਜੋ ਸਾਰੇ ਜਗਤ-ਰੂਪ ਰਣ-ਭੂਮੀ ਵਿਚ ਹੋ ਰਿਹਾ ਹੈ। ਐਮਨਾਬਾਦ ਦੀ ਕਤਲਾਮ ਦੀ ਦੁਰ-ਘਟਨਾ ਸੰਨ 1521 ਵਿਚ ਹੋਈ ਸੀ। ਸੋ, 'ਮਲਾਰ ਕੀ ਵਾਰ' ਸੰਨ 1521 ਵਿਚ ਕਰਤਾਰਪੁਰੇ ਲਿਖੀ ਗਈ। ਇਸ ਸਾਰੀ 'ਵਾਰ' ਦਾ ਮਜ਼ਮੂਨ ਇਕੋ ਹੀ ਹੈ– ਤ੍ਰਿਸ਼ਨਾ ਦੀ ਅੱਗ ਜੋ ਪਰਮਾਤਮਾ ਦੇ ਹੁਕਮ ਵਿਚ ਜੀਆਂ ਨੂੰ ਸਾੜ ਰਹੀ ਹੈ। ਪਉੜੀ ਨੰ: 26 ਵਿਚ ਹਜ਼ੂਰ ਲਿਖਦੇ ਹਨ:

ਸਿਰੀ ਸਿਰਿ ਹੋਇ ਨਿਬੇੜੁ, ਹੁਕਮਿ ਚਲਾਇਆ ॥ ਤੇਰੈ ਹਥਿ ਨਿਬੇੜੁ, ਤੂ ਹੈ ਮਨਿ ਭਾਇਆ ॥ ਕਾਲੁ ਚਲਾਏ ਬੰਨ੍ਹ੍ਹਿ, ਕੋਇ ਨ ਰਖਸੀ ॥ ਜਰੁ ਜਰਵਾਣਾ, ਕੰਨ੍ਹ੍ਹਿ ਚੜਿਆ ਨਚਸੀ ॥ ਸਤਿਗੁਰੁ ਬੋਹਿਥੁ ਬੇੜੁ, ਸਚਾ ਰਖਸੀ ॥ ਅਗਨਿ ਭਖੈ ਭੜਹਾੜੁ, ਅਨਦਿਨੁ ਭਖਸੀ ॥ ਫਾਥਾ ਚੁਗੈ ਚੋਗ, ਹੁਕਮੀ ਛੁਟਸੀ ॥ ਕਰਤਾ ਕਰੇ ਸੁ ਹੋਗ, ਕੂੜੁ ਨਿਖੁਟਸੀ ॥26॥

ਇਸੇ ਹੀ "ਭਖਦੀ ਅਗਨਿ" ਦਾ ਜ਼ਿਕਰ ਹਜ਼ੂਰ ਨੇ ਪਉੜੀ ਨੰ: 9 ਵਿਚ ਇਉਂ ਕੀਤਾ ਹੈ:

ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥ ਗੁਰਮੁਖਿ ਨਾਮੁ ਧਿਆਇ, ਤੁਝੈ ਸਮਾਇਆ ॥ ਜੁਗ ਛਤੀਹ ਗੁਬਾਰੁ, ਤਿਸ ਹੀ ਬੁਝਾਇਆ ॥ ਜਲਾ ਬਿੰਬੁ ਅਸਰਾਲੁ, ਤਿਨੈ ਵਰਤਾਇਆ ॥ ਨੀਲੁ ਅਨੀਲੁ ਅਗੰਮੁ, ਸਰਜੀਤ ਸਬਾਇਆ ॥ ਅਗਨਿ ਉਪਾਈ ਵਾਦੁ, ਭੁਖ ਤਿਹਾਇਆ ॥ ਦੁਨੀਆ ਕੈ ਸਿਰਿ ਕਾਲੁ, ਦੂਜਾ ਭਾਇਆ ॥ ਰਖੈ ਰਖਣਹਾਰ, ਜਿਨਿ ਸਬਦੁ ਬੁਝਾਇਆ ॥9॥

ਹਜ਼ੂਰ ਲਿਖਦੇ ਹਨ ਕਿ ਇਸ ਭਖਦੀ ਤ੍ਰਿਸ਼ਨਾ-ਅੱਗ ਤੋਂ ਜੰਗਲਵਾਸ, ਸਰੇਵੜਿਆਂ ਵਾਲੀ ਕੁਚੀਲਤਾ, ਅੰਨ ਦਾ ਤਿਆਗ, ਵਿੱਦਵਤਾ, ਭਗਵਾ ਵੇਸ ਆਦਿਕ ਬਚਾ ਨਹੀਂ ਸਕਦੇ:

ਇਕਿ ਰਣਖੰਡਿ ਬੈਸਹਿ ਜਾਇ, ਸਦ ਨ ਦੇਵਹੀ ॥...

ਇਕਿ ਅਗਨਿ ਜਲਾਵਹਿ ਅੰਗੁ, ਆਪੁ ਵਿਗੋਵਹੀ ॥15॥...

ਇਕਿ ਜੈਨੀ ਉਝੜਿ ਪਾਇ, ਧੁਰਹੁ ਖੁਆਇਆ ॥16॥

ਇਕਿ ਅੰਨੁ ਨ ਖਾਹਿ ਮੂਰਖ, ਤਿਨਾ ਕਿਆ ਕੀਜਈ ॥ ਤ੍ਰਿਸਨਾ ਹੋਈ ਬਹੁਤੁ, ਕਿਵੈ ਨ ਧੀਜਈ ॥17॥

ਪੜਿਆ ਲੇਖੇਦਾਰੁ, ਲੇਖਾ ਮੰਗੀਐ ॥ ਵਿਣੁ ਨਾਵੈ ਕੂੜਿਆਰ, ਅਉਖਾ ਤੰਗੀਐ ॥23॥

ਇਕਿ ਭਗਵਾ ਵੇਸ ਕਰਿ ਭਰਮਦੇ, ਵਿਣੁ ਸਤਿਗੁਰ ਕਿਨੈ ਨ ਪਾਇਆ ॥ ਦੇਸ ਦਿਸੰਤਰ ਭਵਿ ਥਕੇ, ਤੁਧੁ ਅੰਦਰਿ ਆਪੁ ਲੁਕਾਇਆ ॥25॥

ਇਸ 'ਵਾਰ' ਦੀਆਂ ਕੁੱਲ 28 ਪਉੜੀਆਂ ਹਨ, ਪਰ ਪਉੜੀ ਨੰ: 27 ਗੁਰੂ ਅਰਜਨ ਦੇਵ ਜੀ ਦੀ ਹੈ, ਗੁਰੂ ਨਾਨਕ ਸਾਹਿਬ ਦੀਆਂ ਲਿਖੀਆਂ ਹੋਈਆਂ ਸਿਰਫ਼ 27 ਪਉੜੀਆਂ ਹਨ, ਤੇ ਹਰੇਕ ਪਉੜੀ ਵਿਚ ਅੱਠ ਅੱਠ ਤੁਕਾਂ ਹਨ।

ਹੁਣ ਇਸ 'ਵਾਰ' ਦਾ ਟਾਕਰਾ ਕਰੋ 'ਮਾਝ ਕੀ ਵਾਰ' ਦੇ ਨਾਲ। ਉਸ ਵਿਚ ਭੀ 27 ਪਉੜੀਆਂ ਹਨ ਤੇ ਹਰੇਕ ਪਉੜੀ ਵਿਚ ਅੱਠ ਅੱਠ ਤੁਕਾਂ ਹਨ। ਦੋਹਾਂ ਵਾਰਾਂ ਦਾ ਮਜ਼ਮੂਨ ਭੀ ਇਕੋ ਜਿਹਾ ਹੀ ਹੈ– ਤ੍ਰਿਸ਼ਨਾ ਦੀ ਅੱਗ। 'ਮਾਝ ਕੀ ਵਾਰ' ਦੀ ਪਉੜੀ ਨੰ: 2 ਵਿਚ ਇਸ 'ਤ੍ਰਿਸ਼ਨਾ ਦੀ ਅੱਗ' ਦਾ ਜ਼ਿਕਰ ਇਉਂ ਹੈ:

ਤੁਧੁ ਆਪੇ ਜਗਤ ਉਪਾਇ ਕੈ, ਤੁਧੁ ਆਪੇ ਧੰਧੈ ਲਾਇਆ ॥ ਮੋਹ ਠਗਉਲੀ ਪਾਇ ਕੈ, ਤੁਧੁ ਆਪਹੁ ਜਗਤੁ ਖੁਆਇਆ ॥ ਤਿਸਨਾ ਅੰਦਰਿ ਅਗਨਿ ਹੈ, ਨਹ ਤਿਪਤੈ ਭੁਖਾ ਤਿਹਾਇਆ ॥ ਸਹਸਾ ਇਹੁ ਸੰਸਾਰੁ ਹੈ, ਮਰਿ ਜੰਮੈ ਆਇਆ ਜਾਇਆ ॥ ਬਿਨੁ ਸਤਿਗੁਰ ਮੋਹੁ ਨ ਤੁਟਈ, ਸਭਿ ਥਕੇ ਕਰਮ ਕਮਾਇਆ ॥ ਗੁਰਮਤੀ ਨਾਮੁ ਧਿਆਈਐ, ਸੁਖ ਰਜਾ ਜਾ ਤੁਧੁ ਭਾਇਆ ॥ ਕੁਲ ਉਧਾਰੇ ਆਪਣਾ, ਧੰਨੁ ਜਣੇਦੀ ਮਾਇਆ ॥ ਸਭਾ ਸੁਰਤਿ ਸੁਹਾਵਣੀ, ਜਿਨਿ ਹਰਿ ਸੇਤੀ ਚਿਤੁ ਲਾਇਆ ॥2॥

'ਮਲਾਰ ਕੀ ਵਾਰ' ਵਾਂਗ ਇਸ 'ਵਾਰ' ਵਿਚ ਭੀ ਸਤਿਗੁਰੂ ਜੀ ਆਖਦੇ ਹਨ ਕਿ ਇਸ ਤ੍ਰਿਸ਼ਨਾ-ਅੱਗ ਤੋਂ ਜੰਗਲ-ਵਾਸ, ਅੰਨ ਦਾ ਤਿਆਗ, ਭਗਵਾ ਵੇਸ, ਵਿੱਦਿਆ ਆਦਿਕ ਬਚਾ ਨਹੀਂ ਸਕਦੇ:

ਇਕਿ ਕੰਦ ਮੂਲੁ ਚੁਣਿ ਖਾਹਿ, ਵਣ ਖੰਡਿ ਵਾਸਾ ॥ ਇਕਿ ਭਗਵਾ ਵੇਸੁ ਕਰਿ ਫਿਰਹਿ, ਜੋਗੀ ਸੰਨਿਆਸਾ ॥ ਅੰਦਰਿ ਤ੍ਰਿਸਨਾ ਬਹੁਤੁ, ਛਾਦਨ ਭੋਜਨ ਕੀ ਆਸਾ ॥ ਪਉੜੀ ਨੰ: 5 ॥

ਤੂੰ ਗਣਤੈ ਕਿਨੈ ਨ ਪਾਇਓ, ਸਚੇ ਅਲਖ ਅਪਾਰਾ ॥ ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ ॥ ਪਉੜੀ ਨੰ: 6 ॥

ਇਹਨਾਂ ਦੋਹਾਂ 'ਵਾਰਾਂ' ਦੇ ਇਸ ਟਾਕਰੇ ਤੋਂ ਇਹ ਸਾਫ਼ ਸਿੱਧ ਹੁੰਦਾ ਹੈ ਕਿ 'ਮਲਾਰ ਕੀ ਵਾਰ' ਲਿਖਣ ਤੋਂ ਥੋੜਾ ਹੀ ਚਿਰ ਪਿਛੋਂ ਸਤਿਗੁਰੂ ਨਾਨਕ ਦੇਵ ਜੀ ਨੇ ਇਹ ਦੂਜੀ 'ਮਾਝ ਕੀ ਵਾਰ' ਲਿਖੀ ਸੰਨ 1521 ਵਿਚ ਕਰਤਾਰਪੁਰੇ। ਤ੍ਰੈਵੇ 'ਉਦਾਸੀਆਂ' ਮੁਕਾ ਕੇ ਅਜੇ ਕਰਤਾਰਪੁਰੇ ਟਿਕੇ ਹੀ ਸਨ। 'ਉਦਾਸੀਆਂ' ਸਮੇਂ ਕਈ ਜੋਗੀਆਂ, ਸੰਨਿਆਸੀਆਂ, ਸਰੇਵੜਿਆਂ ਤੇ ਵਿਦਵਾਨ ਪੰਡਿਤ ਆਦਿਕਾਂ ਨੂੰ ਮਿਲੇ ਸਨ, ਉਹ ਖ਼ਿਆਲ ਅਜੇ ਤਾਜ਼ਾ ਸਨ, ਜੋ ਇਹਨਾਂ ਦੋਹਾਂ 'ਵਾਰਾਂ' ਵਿਚ ਪਰਗਟ ਕੀਤੇ ਹਨ, ਜਿਵੇਂ ਕਿ ਉਪਰ ਦੱਸਿਆ ਗਿਆ ਹੈ।

ਪਰ 'ਆਸਾ ਦੀ ਵਾਰ' ਇਹਨਾਂ ਤੋਂ ਵੱਖਰੀ ਕਿਸਮ ਦੀ ਹੈ। ਇਸ ਵਿਚ 24 ਪਉੜੀਆਂ ਹਨ। ਕਿਤੇ ਭੀ ਇਹਨਾਂ ਜੋਗੀਆਂ, ਸੰਨਿਆਸੀਆਂ, ਸਰੇਵੜਿਆਂ ਤੇ ਵਿਦਵਾਨ ਪੰਡਿਤਾਂ ਵਲ ਇਸ਼ਾਰਾ ਨਹੀਂ, ਜਿਨ੍ਹਾਂ ਨੂੰ 'ਉਦਾਸੀਆਂ' ਵਿਚ ਮਿਲੇ ਸਨ। ਇਸ 'ਵਾਰ' ਵਿਚ ਇਕ ਐਸੇ ਜੀਵਨ ਦੀ ਤਸਵੀਰ ਦਿੱਤੀ ਗਈ ਹੈ, ਜਿਸ ਦੀ ਹਰੇਕ ਮਨੁੱਖ-ਮਾਤ੍ਰ ਨੂੰ ਲੋੜ ਹੈ, ਜਿਸ ਦਾ ਚੇਤਾ ਹਰੇਕ ਇਨਸਾਨ ਲਈ ਹਰ ਰੋਜ਼ ਕਰਨਾ ਜ਼ਰੂਰੀ ਜਿਹਾ ਜਾਪਦਾ ਹੈ। ਸ਼ਾਇਦ ਇਸੇ ਵਾਸਤੇ ਇਸ 'ਵਾਰ' ਦਾ ਕੀਰਤਨ ਨਿੱਤ ਕਰਨਾ ਸਿੱਖ-ਮਰਯਾਦਾ ਵਿਚ ਦੱਸਿਆ ਗਿਆ ਹੈ। 'ਆਸਾ ਦੀ ਵਾਰ' ਕੀਹ ਹੈ? ਜੀਵਨ-ਮਨੋਰਥ ਦੀ ਵਿਆਖਿਆ, ਇਕ ਉੱਚੇ ਦਰਜੇ ਦੀ ਜੀਵਨ-ਫ਼ਿਲਾਸਫ਼ੀ। ਐਮਨਾਬਾਦ ਦੀ ਕਤਲਾਮ, ਸਰੇਵੜਿਆਂ ਦੀ ਕੁਚੀਲਤਾ, ਪੰਡਿਤਾਂ ਦਾ ਵਿੱਦਿਆ-ਅਹੰਕਾਰ ਇਸ ਤੋਂ ਦੂਰ ਪਿਛਾਂਹ ਰਹਿ ਗਏ ਹਨ। ਸੋ, ਇਹ 'ਵਾਰ' ਗੁਰੂ ਨਾਨਕ ਸਾਹਿਬ ਦੇ ਜੀਵਨ-ਸਫ਼ਰ ਦੇ ਅਖ਼ੀਰਲੇ ਹਿੱਸੇ ਦੀ ਹੈ, ਰਾਵੀ ਦੇ ਕੰਢੇ, ਕਿਸੇ ਨਿਰੋਲ ਰੱਬੀ ਇਕਾਂਤ ਵਿਚ ਬੈਠਿਆਂ।

ਗੁਰੂ ਗ੍ਰੰਥ ਸਾਹਿਬ ਦੀਆਂ ਹੋਰ ਵਾਰਾਂ:

ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ਉਤੇ ਤੁਰ ਕੇ ਗੁਰੂ ਅਮਰ ਦਾਸ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਨੇ ਭੀ 'ਵਾਰਾਂ' ਲਿਖੀਆਂ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹਨਾਂ ਦਾ ਵੇਰਵਾ ਇਉਂ ਹੈ:

ਗੁਰੂ ਅਮਰਦਾਸ ਜੀ = 4 'ਵਾਰਾਂ', ਜੋ ਹੇਠ-ਲਿਖੇ ਰਾਗਾਂ ਵਿਚ ਦਰਜ ਹਨ:

ਗੂਜਰੀ, ਸੂਹੀ, ਰਾਮਕਲੀ, ਮਾਰੂ।

ਗੁਰੂ ਰਾਮਦਾਸ ਜੀ = 8 'ਵਾਰਾਂ, ਜੋ ਹੇਠ-ਲਿਖੇ ਰਾਗਾਂ ਵਿਚ ਦਰਜ ਹਨ:

ਸਿਰੀ ਰਾਗ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ, ਕਾਨੜਾ।

ਗੁਰੂ ਅਰਜਨ ਸਾਹਿਬ = 6 'ਵਾਰਾਂ' ਜੋ ਹੇਠ-ਲਿਖੇ ਰਾਗਾਂ ਵਿਚ ਦਰਜ ਹਨ:

ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ, ਬਸੰਤ।

ਇੱਕ ਵਾਰ ਸੱਤੇ ਬਲਵੰਡ ਦੀ ਹੈ ਜੋ ਰਾਮਕਲੀ ਰਾਗ ਵਿਚ ਦਰਜ ਹੈ। ਸਾਰੀਆਂ 'ਵਾਰਾਂ' ਦਾ ਜੋੜ 22 ਹੈ:

ਗੁਰੂ ਨਾਨਕ ਦੇਵ . . . . . . . . . 3
ਗੁਰੂ ਅਮਰਦਾਸ ਜੀ . . . . . . . .4
ਗੁਰੂ ਰਾਮਦਾਸ ਜੀ . . . . . . . . .8
ਗੁਰੂ ਅਰਜਨ ਸਾਹਿਬ . . . . . . .6
ਸੱਤਾ ਬਲਵੰਡ . . . . . . . . . . . .1
. . . . ਜੋੜ . . . . . . . . . . . . . 22

ਸ਼ੁਰੂ ਵਿਚ 'ਵਾਰਾਂ' ਸਿਰਫ਼ ਪਉੜੀਆਂ ਦਾ ਸੰਗ੍ਰਹਿ ਸੀ:

ਗੁਰੂ ਗ੍ਰੰਥ ਸਾਹਿਬ ਦੀਆਂ 22 'ਵਾਰਾਂ' ਵਿਚੋਂ ਸਿਰਫ਼ 2 ਐਸੀਆਂ 'ਵਾਰਾਂ' ਹਨ ਜਿਨ੍ਹਾਂ ਦੇ ਨਾਲ ਕੋਈ ਸ਼ਲੋਕ ਨਹੀਂ ਹੈ– ਬਸੰਤ ਕੀ ਵਾਰ ਮਹਲੁ 5 ਅਤੇ ਸੱਤੇ ਬਲਵੰਡ ਦੀ ਵਾਰ। ਬਾਕੀ ਸਾਰੀਆਂ 'ਵਾਰਾਂ' ਦੇ ਨਾਲ ਸ਼ਲੋਕ ਹਨ, ਹਰੇਕ ਪਉੜੀ ਦੇ ਨਾਲ ਘਟ ਤੋਂ ਘਟ 2 ਸ਼ਲੋਕ। ਇਹ ਸ਼ਲੋਕ ਸਾਰੇ ਗੁਰ-ਵਿਅਕਤੀਆਂ ਦੇ ਸ਼ਲੋਕਾਂ ਦੇ ਸੰਗ੍ਰਹਿ ਵਿਚੋਂ ਚੁਣ ਚੁਣ ਕੇ ਫਬਵੇਂ ਭਾਵ ਅਨੁਸਾਰ ਹਰੇਕ ਪਉੜੀ ਦੇ ਨਾਲ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਸਨ। ਉਹਨਾਂ ਸੰਗ੍ਰਹਿਆਂ ਵਿਚੋਂ ਜਿਹੜੇ ਸ਼ਲੋਕ ਫਿਰ ਭੀ ਵਧ ਰਹੇ, ਉਹ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅਖ਼ੀਰ ਤੇ ਦਰਜ ਕਰ ਦਿੱਤੇ। ਇਹ ਗੱਲ ਉਹਨਾਂ ਸ਼ਲੋਕਾਂ ਦੇ ਸਿਰ-ਲੇਖ ਤੋਂ ਸਾਫ਼ ਪਰਗਟ ਹੁੰਦੀ ਹੈ। ਸਿਰ-ਲੇਖ ਹੈ "ਸਲੋਕ ਵਾਰਾਂ ਤੇ ਵਧੀਕ"।

ਜੇ ਅਸੀਂ ਹਰੇਕ 'ਵਾਰ' ਦੀ ਅੰਦਰਲੀ ਬਣਤਰ ਨੂੰ ਗਹੁ ਨਾਲ ਵੇਖੀਏ, ਤਾਂ ਭੀ ਇਸੇ ਨਤੀਜੇ ਤੇ ਅੱਪੜੀਦਾ ਹੈ ਕਿ ਵਧੀਕ 'ਵਾਰ' ਪਹਿਲਾਂ ਪਹਿਲ ਸਿਰਫ਼ ਪਉੜੀਆਂ ਦਾ ਸੰਗ੍ਰਹਿ ਸੀ। ਪਾਠਕਾਂ ਦੀ ਵਾਕਫ਼ੀ ਅਤੇ ਤਸੱਲੀ ਵਾਸਤੇ ਅਸੀਂ ਕੁਝ ਕੁ 'ਵਾਰਾਂ' ਦੀ ਬਣਤਰ ਵਿਚਾਰ ਲਈ ਪੇਸ਼ ਕਰਦੇ ਹਾਂ:

1. ਸਿਰੀ ਰਾਗ ਕੀ ਵਾਰ ਮ: 4:

ਇਸ 'ਵਾਰ' ਵਿਚ 21 ਪਉੜੀਆਂ ਹਨ। ਹਰੇਕ ਪਉੜੀ ਦੇ ਨਾਲ ਦੋ ਦੋ ਸ਼ਲੋਕ ਹਨ, ਪਰ ਪਉੜੀ ਨੰ: 14 ਦੇ ਨਾਲ ਤਿੰਨ ਸ਼ਲੋਕ ਹਨ। ਸ਼ਲੋਕਾਂ ਦੀ ਕੁੱਲ ਗਿਣਤੀ 43 ਹੈ। ਹਰੇਕ ਪਉੜੀ ਦੀਆਂ ਪੰਜ ਪੰਜ ਤੁਕਾਂ ਹਨ। ਸ਼ਲੋਕਾਂ ਦਾ ਵੇਰਵਾ ਇਉਂ ਹੈ:

ਸਲੋਕ ਮਹਲਾ 1 . . . . . . 7
ਸਲੋਕ ਮਹਲਾ 2 . . . . . . 2
ਸਲੋਕ ਮਹਲਾ 3 . . . . . .33
ਸਲੋਕ ਮਹਲਾ 5 . . . . . . 1
. . ਜੋੜ . . . . . . . . . . . 43

'ਵਾਰ' ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ, ਪਰ ਉਹਨਾਂ ਦਾ ਆਪਣਾ ਸਲੋਕ ਇੱਕ ਭੀ ਨਹੀਂ ਹੈ। ਇਥੋਂ ਸਿੱਧ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਤੋਂ ਪਹਿਲਾਂ ਇਹ 'ਵਾਰ' ਸਿਰਫ਼ ਪਉੜੀਆਂ ਹੀ ਸੀ। ਇਸ ਦੇ ਨਾਲ ਦਰਜ ਹੋਏ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ।

ਇਥੇ ਇਕ ਹੋਰ ਕਿਆਸ ਭੀ ਲਾਇਆ ਜਾ ਸਕਦਾ ਹੈ ਕਿ 42 ਸਲੋਕ ਉਹਨਾਂ ਗੁਰ-ਵਿਅਕਤੀਆਂ ਦੇ ਹਨ ਜੋ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਸਰੀਰਕ ਜਾਮੇ ਵਿਚ ਹੋ ਚੁਕੇ ਸਨ। ਕੀ ਇਹ ਨਹੀਂ ਹੋ ਸਕਦਾ ਕਿ ਗੁਰੂ ਰਾਮਦਾਸ ਜੀ ਨੇ ਆਪ ਹੀ ਗੁਰੂ ਨਾਨਕ ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਦੇ ਸਲੋਕ ਦਰਜ ਕੀਤੇ ਹੋਣ? ਇਹ ਇਤਰਾਜ਼ ਮੰਨ ਲਿਆਂ ਉਂਞ ਤਾਂ ਇਥੋਂ ਇਕ ਹੋਰ ਸੁਆਦਲਾ ਸਿੱਟਾ ਨਿਕਲ ਸਕਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਪਾਸ ਪਹਿਲੇ ਗੁਰੂ ਸਾਹਿਬਾਨ ਦੀ ਸਾਰੀ ਬਾਣੀ ਮੌਜੂਦ ਸੀ। ਪਰ, ਜਿਥੋਂ ਤਕ ਇਸ 'ਵਾਰ' ਦਾ ਸੰਬੰਧ ਹੈ, ਇਹ ਸਲੋਕ ਗੁਰੂ ਰਾਮਦਾਸ ਜੀ ਨੇ ਆਪ ਦਰਜ ਨਹੀਂ ਕੀਤੇ। ਹਰੇਕ ਪਉੜੀ ਵਿਚ ਇਕੋ ਜਿਤਨੀਆਂ ਤੁਕਾਂ ਵੇਖ ਕੇ ਇਹ ਮੰਨਣਾ ਪਏਗਾ ਕਿ ਕਵਿਤਾ ਦੇ ਦ੍ਰਿਸ਼ਟੀ-ਕੋਣ ਤੋਂ ਗੁਰੂ ਰਾਮਦਾਸ ਜੀ ਜਿਵੇਂ ਪਉੜੀਆਂ ਦੀਆਂ ਤੁਕਾਂ ਦੀ ਗਿਣਤੀ ਇਕੋ ਜਿਹੀ ਰੱਖਣ ਦਾ ਖ਼ਿਆਲ ਰੱਖਦੇ ਰਹੇ, ਪਉੜੀ ਨੰ: 15 ਦੇ ਨਾਲ ਸਿਰਫ਼ ਇਕੋ ਹੀ ਸਲੋਕ ਦਰਜ ਨਾਹ ਕਰਦੇ। ਇਸ ਪਉੜੀ ਦੇ ਨਾਲ ਇਕ ਸਲੋਕ ਗੁਰੂ ਅਰਜਨ ਸਾਹਿਬ ਦਾ ਹੈ। ਸੋ, ਇਹ ਸਾਰੇ ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਸਨ। ਪਹਿਲਾਂ ਇਹ 'ਵਾਰ' ਸਿਰਫ਼ ਪਉੜੀਆਂ ਦਾ ਸੰਗ੍ਰਹਿ ਸੀ।

(2) ਮਾਝ ਕੀ ਵਾਰ ਮਹਲਾ 1:

ਇਸ 'ਵਾਰ' ਦੀ ਬਣਤਰ ਵਿਚ ਹੇਠ-ਲਿਖੀਆਂ ਗੱਲਾਂ ਧਿਆਨ-ਜੋਗ ਹਨ:

(ੳ) ਕੁੱਲ 27 ਪਉੜੀਆਂ ਹਨ, ਤੇ ਹਰੇਕ ਪਉੜੀ ਦੀਆਂ ਅੱਠ ਅੱਠ ਤੁਕਾਂ ਹਨ।

(ਅ) 27 ਪਉੜੀਆਂ ਵਿਚੋਂ ਸਿਰਫ਼ 14 ਐਸੀਆਂ ਹਨ ਜਿਨ੍ਹਾਂ ਨਾਲ ਸਲੋਕ ਸਿਰਫ਼ ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਦੀ ਇਹ 'ਵਾਰ' ਹੈ।

(ੲ) ਪਰ ਇਹਨਾਂ ਸਲੋਕਾਂ ਦੀ ਗਿਣਤੀ ਹਰੇਕ ਪਉੜੀ ਨਾਲ ਇਕੋ ਜਿਹੀ ਨਹੀਂ ਹੈ। 10 ਪਉੜੀਆਂ ਨਾਲ ਦੋ ਦੋ ਸਲੋਕ ਹਨ, ਤੇ ਹੇਠ ਲਿਖੀਆਂ 4 ਪਉੜੀਆਂ ਦੇ ਸਲੋਕ ਇਉਂ ਹਨ:

ਪਉੜੀ ਨੰ: 2 ਦੇ ਨਾਲ 3 ਸਲੋਕ
ਪਉੜੀ ਨੰ: 7 ਦੇ ਨਾਲ 3 ਸਲੋਕ
ਪਉੜੀ ਨੰ: 9 ਦੇ ਨਾਲ 4 ਸਲੋਕ
ਪਉੜੀ ਨੰ: 13 ਦੇ ਨਾਲ 7 ਸਲੋਕ

(ਸ) ਪਉੜੀ 3, 18, 22 ਅਤੇ 25 ਦੇ ਨਾਲ ਕੋਈ ਭੀ ਸਲੋਕ ਗੁਰੂ ਨਾਨਕ ਦੇਵ ਜੀ ਦਾ ਨਹੀਂ ਹੈ।

(ਹ) ਬਾਕੀ ਰਹਿ ਗਈਆਂ 9 ਪਉੜੀਆਂ। ਇਹਨਾਂ ਨਾਲ ਇਕ ਇਕ ਸਲੋਕ ਗੁਰੂ ਨਾਨਕ ਦੇਵ ਜੀ ਦਾ ਹੈ ਅਤੇ ਇਕ ਇਕ ਹੋਰ ਗੁਰ-ਵਿਅਕਤੀ ਦਾ।

ਹਰੇਕ ਪਉੜੀ ਵਿਚ ਤੁਕਾਂ ਦੀ ਗਿਣਤੀ ਇਕੋ ਜਿਹੀ ਹੋਣ ਤੋਂ ਇਹ ਗੱਲ ਸਾਫ਼ ਪਈ ਜਾਪਦੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਇਹ 'ਵਾਰ' ਲਿਖਣ ਵੇਲੇ 'ਕਵਿਤਾ' ਦੇ ਸੋਹਜ ਵਲ ਭੀ ਧਿਆਨ ਰੱਖਿਆ ਹੈ। ਪਰ ਜਿਸ ਕਵੀ-ਗੁਰੂ ਨੇ ਪਉੜੀਆਂ ਦੀ ਬਣਤਰ ਵਲ ਇਤਨਾ ਧਿਆਨ ਦਿੱਤਾ ਹੈ, ਉਸ ਸੰਬੰਧੀ ਇਹ ਨਹੀਂ ਮੰਨਿਆ ਜਾ ਸਕਦਾ ਕਿ ਸਲੋਕ ਲਿਖਣ ਵੇਲੇ ਉਹ ਕਿਤੇ ਦੋ ਦੋ ਲਿਖਦੇ ਕਿਤੇ ਤਿੰਨ, ਕਿਤੇ ਚਾਰ, ਕਿਤੇ ਸੱਤ ਲਿਖਦੇ ਤੇ ਕਈ ਪਉੜੀਆਂ ਖ਼ਾਲੀ ਹੀ ਰਹਿਣ ਦੇਂਦੇ। ਅਸਲ ਗੱਲ ਇਹੀ ਹੈ ਕਿ ਪਹਿਲਾਂ ਇਹ 'ਵਾਰ' ਸਿਰਫ਼ 'ਪਉੜੀਆਂ' ਦਾ ਸੰਗ੍ਰਹਿ ਸੀ।

(3) ਆਸਾ ਕੀ ਵਾਰ ਮਹਲਾ 1:

ਇਸ 'ਵਾਰ' ਦੀਆਂ 24 ਪਉੜੀਆਂ ਹਨ, ਤੇ ਇਹਨਾਂ ਨਾਲ 59 ਸਲੋਕ ਹਨ। ਵੇਰਵਾ ਇਉਂ ਹੈ:

ਸਲੋਕ ਮਹਲਾ 1 . . . . . .44
ਸਲੋਕ ਮਹਲਾ 2 . . . . . .15

ਪਉੜੀ ਨੰ: 1, 2, 11, 12, 15, 18 ਅਤੇ 22 = ਇਹਨਾਂ 7 ਪਉੜੀਆਂ ਨੂੰ ਛੱਡ ਕੇ ਬਾਕੀ ਦੀਆਂ 17 ਪਉੜੀਆਂ ਦੇ ਨਾਲ ਦੋ ਦੋ ਸ਼ਲੋਕ ਹਨ, ਜੋੜ = 34।

ਪਉੜੀ ਨੰ: 1, 2, 11 ਅਤੇ 18 ਦੇ ਨਾਲ ਤਿੰਨ ਤਿੰਨ ਸਲੋਕ ਹਨ; ਜੋੜ = 12।
ਪਉੜੀ ਨੰ: 12 ਅਤੇ 15 ਦੇ ਨਾਲ ਚਾਰ ਚਾਰ ਸਲੋਕ ਹਨ; ਜੋੜ = 8।
ਪਉੜੀ ਨੰ: 22 ਦੇ ਨਾਲ 5 ਸਲੋਕ ਹਨ।
. . . ਕੁੱਲ ਜੋੜ = 34+12+8+5=59।

ਪਉੜੀ ਨੰ: 21, 22 ਅਤੇ 23 ਦੇ ਨਾਲ ਗੁਰੂ ਨਾਨਕ ਸਾਹਿਬ ਦਾ ਕੋਈ ਭੀ ਸਲੋਕ ਨਹੀਂ ਹੈ। ਪਉੜੀ ਨੰ: 7 ਅਤੇ 24 ਨਾਲ ਸਤਿਗੁਰੂ ਨਾਨਕ ਦੇਵ ਜੀ ਦਾ ਇਕ ਇਕ ਸਲੋਕ ਹੈ। ਪਉੜੀ ਨੰ: 11 ਅਤੇ 18 ਨਾਲ ਤਿੰਨ ਤਿੰਨ ਹਨ ਅਤੇ ਪਉੜੀ ਨੰ: 15 ਦੇ ਨਾਲ ਗੁਰੂ ਨਾਨਕ ਸਾਹਿਬ ਦੇ ਚਾਰ ਸਲੋਕ ਹਨ।

ਕਵਿਤਾ ਦੇ ਦ੍ਰਿਸ਼ਟੀ-ਕੋਣ ਤੋਂ ਪਉੜੀਆਂ ਦੀ ਬਨਾਵਟ ਵਲ ਵੇਖੋ। ਪਉੜੀ ਨੰ: 18, 22 ਅਤੇ 23 ਨੂੰ ਛੱਡ ਕੇ ਬਾਕੀ ਸਭ ਦੀ ਬਨਾਵਟ ਇਕੋ ਜਿਹੀ ਹੈ, ਤੁਕਾਂ ਦੀ ਗਿਣਤੀ ਇਕ-ਸਮਾਨ ਹੈ। ਜੇ ਗੁਰੂ ਨਾਨਕ ਦੇਵ ਜੀ ਨੇ 'ਵਾਰ' ਉਚਾਰਨ ਵੇਲੇ ਸਲੋਕ ਭੀ ਨਾਲੋ ਨਾਲ ਹੀ ਉਚਾਰੇ ਹੁੰਦੇ, ਤੇ ਆਪ ਹੀ ਇਹਨਾਂ ਪਉੜੀਆਂ ਦੇ ਨਾਲ ਦਰਜ ਕੀਤੇ ਹੁੰਦੇ, ਤਾਂ ਇਹ ਨਹੀਂ ਸੀ ਹੋ ਸਕਦਾ ਕਿ ਕੁਝ ਪਉੜੀਆਂ ਸਲੋਕਾਂ ਤੋਂ ਉੱਕਾ ਹੀ ਸੱਖਣੀਆਂ ਰਹਿਣ ਦੇਂਦੇ। ਫਿਰ, ਸਲੋਕਾਂ ਦੇ ਮਜ਼ਮੂਨ ਵਲ ਤੱਕੋ, ਸਾਫ਼ ਦਿੱਸਦਾ ਹੈ ਕਿ ਵਖੋ ਵਖ ਸਮੇ ਦੇ ਹਨ; ਜਨੇਊ, ਸੂਤਕ, ਮੁਰਦੇ ਦੱਬਣੇ ਸਾੜਨੇ, ਚੌਕੇ ਦੀ ਸੁੱਚ, ਰਾਸਾਂ ਆਦਿਕ। ਸੋ, ਇਹ ਵਿਚਾਰਾਂ ਸਾਨੂੰ ਪ੍ਰਗਟ ਕਰਦੀਆਂ ਹਨ ਕਿ ਇਹ 'ਵਾਰ' ਪਹਿਲਾਂ ਸਿਰਫ਼ ਪਉੜੀਆਂ ਹੀ ਸੀ। ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਲੈ ਕੇ ਗੁਰੂ ਰਾਮਦਾਸ ਜੀ ਦੇ ਸਮੇ ਤਕ ਇਹ ਇਸੇ ਹੀ ਸ਼ਕਲ ਵਿਚ ਰਹੀ। ਸਲੋਕ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ ਸਨ।

ਇਸ ਮਜ਼ਮੂਨ ਨੂੰ ਹੋਰ ਲੰਮਾ ਨਹੀਂ ਕੀਤਾ ਜਾ ਸਕਦਾ। ਵਿਚਾਰ ਦੇ ਇਸ ਉੱਪਰ-ਦਿੱਤੇ ਧੁਰੇ ਤੋਂ ਹੋਰ 'ਵਾਰਾਂ' ਦੀ ਬਣਤਰ ਪਾਠਕ ਸੱਜਣ ਆਪ ਵਿਚਾਰ ਕੇ ਵੇਖ ਲੈਣ। ਇਸੇ ਹੀ ਨਤੀਜੇ ਤੇ ਅੱਪੜਨਗੇ ਕਿ ਸ਼ੁਰੂ ਵਿਚ 'ਵਾਰਾਂ' ਸਿਰਫ਼ ਪਉੜੀਆਂ ਦਾ ਸੰਗ੍ਰਹਿ ਸੀ।

ਵਾਰਾਂ' ਦਾ ਕੇਂਦਰੀ ਮਜ਼ਮੂਨ:

ਜੋਧਿਆਂ ਦੀਆਂ 'ਵਾਰਾਂ' ਵਿਚ ਕਿਸੇ ਭੀ ਜੋਧੇ ਦਾ ਸਾਰਾ ਜੀਵਨ ਨਹੀਂ ਦਿੱਤਾ ਜਾਂਦਾ। ਉਸ ਦੇ ਜੀਵਨ ਵਿਚੋਂ ਕੋਈ ਇੱਕ ਉੱਘਾ ਕਾਰਨਾਮਾ ਚੁਣ ਲਿਆ ਜਾਂਦਾ ਹੈ, ਤੇ ਦਿਲ-ਖਿੱਚਵੀਂ ਕਵਿਤਾ ਵਿਚ ਸ੍ਰੋਤਿਆਂ ਦੇ ਸਾਹਮਣੇ ਗਾਂਵਿਆ ਜਾਂਦਾ ਹੈ, ਤਾਕਿ ਆਮ ਜਨਤਾ ਵਿਚ ਭੀ ਉਹੀ ਜੀਵਨ-ਤਰੰਗ ਲਹਿਰਾਂ ਮਾਰ ਸਕਣ।

ਦੁਨੀਆ ਦੇ ਕਵੀਆਂ ਨੇ ਕਿਸੇ ਸੂਰਮੇ ਦੀ ਉਹ ਬਹਾਦਰੀ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜੋ ਉਸ ਨੇ ਰਣ-ਭੂਮੀ ਵਿਚ ਤਲਵਾਰ ਫੜ ਕੇ ਵਿਖਾਈ। ਗੁਰ-ਵਿਅਕਤੀਆਂ ਨੇ ਇਸ ਸਾਰੇ ਜਗਤ ਨੂੰ ਇਕ ਰਣ-ਭੂਮੀ ਵੇਖਿਆ, ਸਭ ਜੀਵ-ਸਿਪਾਹੀ ਕਾਮਾਦਿਕ ਬੇਅੰਤ ਵੈਰੀਆਂ ਨਾਲ ਲੜ ਰਹੇ ਹਨ। ਆਮ ਦੁਨੀਆ ਤਾਂ ਭਾਂਜ ਖਾ ਰਹੀ ਹੈ, ਪਰ ਵਿਰਲੇ ਵਿਰਲੇ ਗੁਰਮੁਖਿ-ਜੋਧੇ ਇਹਨਾਂ ਵੈਰੀਆਂ ਨੂੰ ਕਰਾਰੇ ਹੱਥ ਵਿਖਾਂਦੇ ਹਨ। ਤਲਵਾਰ ਵਾਲੀ ਰਣ-ਭੂਮੀ ਵਿਚ ਤਲਵਾਰ ਚਲਾਣ ਦੇ ਕਈ ਦਾਅ-ਪੇਚ ਹੁੰਦੇ ਹਨ, ਤੇ ਕਵੀ ਉੱਘੇ ਜੋਧਿਆਂ ਦੇ ਉਹ ਉੱਘੇ ਦਾਅ-ਪੇਚ ਕਵਿਤਾ ਵਿਚ ਬਿਆਨ ਕਰਦੇ ਹਨ। ਆਤਮ-ਸੰਗ੍ਰਾਮ ਵਿਚ ਭੀ ਕਾਮਾਦਿਕ ਵੈਰੀਆਂ ਦਾ ਟਾਕਰਾ ਕਰਨ ਲਈ ਕਈ ਸੁਚੱਜੇ ਦਾਅ-ਪੇਚ ਹਨ ਜੋ ਗੁਰਮੁਖਿ-ਜੋਧੇ ਵਰਤਦੇ ਹਨ। ਸਿਮਰਨ, ਸੇਵਾ, ਕੀਰਤਨ, ਸਤਸੰਗ, ਪ੍ਰੇਮ ਆਦਿਕ ਇਸ ਅਖਾੜੇ ਦੇ ਦਾਅ-ਪੇਚ ਹਨ। ਗੁਰ-ਵਿਅਕਤੀਆਂ ਨੇ ਆਤਮ-ਸੰਗ੍ਰਾਮ ਦੇ ਕਾਰਨਾਮਿਆਂ ਤੇ ਜੋ 'ਵਾਰਾਂ' ਲਿਖੀਆਂ ਹਨ, ਇਹਨਾਂ ਵਿਚ ਭੀ ਕੋਈ ਇਕੋ ਇਕ ਕਾਰਨਾਮਾ ਚੁਣਿਆ ਹੁੰਦਾ ਹੈ, ਕਿਸੇ ਇਕੋ ਇਕ ਆਤਮ ਦਾਅ-ਪੇਚ ਦੀ ਵਿਆਖਿਆ ਕੀਤੀ ਹੁੰਦੀ ਹੈ। ਮਿਸਾਲ ਦੇ ਤੌਰ ਤੇ:

1. ਸਿਰੀ ਰਾਗ ਕੀ ਵਾਰ ਮ: 4 ਵਿਚ 'ਮਨੁੱਖਾ ਜੀਵਨ ਦਾ ਮਨੋਰਥ'।
2. ਮਾਝ ਕੀ ਵਾਰ ਮ: 1 ਵਿਚ 'ਬਹੁ ਰੰਗੀ ਜਗਤ ਦੀ ਮਮਤਾ'।
3. ਗਉੜੀ ਕੀ ਵਾਰ ਮ: 4 ਵਿਚ 'ਸਤਿਗੁਰ ਦੀ ਸਰਨ'।
4. ਗਉੜੀ ਕੀ ਵਾਰ ਮ: 5 ਵਿਚ 'ਸਾਧ ਸੰਗਤਿ'।
5. ਆਸਾ ਕੀ ਵਾਰ ਮ: 1 ਵਿਚ 'ਮਨੁੱਖਾ ਜੀਵਨ ਦਾ ਮਨੋਰਥ'।
6. ਗੂਜਰੀ ਕੀ ਵਾਰ ਮ: 3 ਵਿਚ 'ਮਾਇਆ ਦਾ ਪ੍ਰਭਾਵ'।
7. ਗੂਜਰੀ ਕੀ ਵਾਰ ਮ: 5 ਵਿਚ 'ਜਗਤ ਦੇ ਵਿਕਾਰ'।
8. ਬਿਹਾਗੜੇ ਕੀ ਵਾਰ ਮ: 4 ਵਿਚ 'ਪ੍ਰਭੂ ਦੀ ਸਿਫ਼ਤਿ-ਸਾਲਾਹ'।
9. ਵਡਹੰਸ ਕੀ ਵਾਰ ਮ: 4 ਵਿਚ 'ਸਤਿਗੁਰੂ'।
10. ਸੋਰਠਿ ਕੀ ਵਾਰ ਮ: 4 ਵਿਚ 'ਜਗਤ ਦੇ ਵਿਕਾਰ'।

ਹਰੇਕ 'ਵਾਰ' ਦਾ ਕੇਂਦਰੀ ਮਜ਼ਮੂਨ ਇਕੋ ਹੀ ਹੋਇਆ ਕਰਦਾ ਹੈ।

ਪੰਜਾਬੀ ਦੀਆਂ ਹੋਰ 'ਵਾਰਾਂ':

ਪ੍ਰਾਂਤ ਪੰਜਾਬ ਹਿੰਦੁਸਤਾਨ ਦੇ ਉੱਤਰ-ਪੱਛਮੀ ਸਿਰੇ ਦੀ ਹੱਦ ਉਤੇ ਹੋਣ ਕਰਕੇ ਇਥੇ ਕਾਬੁਲ ਵਾਲੇ ਪਾਸਿਓਂ ਹੱਲੇ ਨਿੱਤ ਹੁੰਦੇ ਹੀ ਰਹਿੰਦੇ ਸਨ ਤੇ ਜੁੱਧਾਂ ਜੰਗਾਂ ਦੀ ਸੰਭਾਵਨਾ ਸਦਾ ਟਿਕੀ ਰਹਿੰਦੀ ਸੀ। ਦੇਸ ਦੀ ਇੱਜ਼ਤ-ਅਣਖ ਬਚਾਣ ਲਈ ਇਸ ਧਰਤੀ ਉਤੇ ਜੋਧਿਆਂ ਸੂਰਮਿਆਂ ਦਾ ਪੈਦਾ ਹੋਣਾ ਭੀ ਕੁਦਰਤੀ ਗੱਲ ਸੀ, ਤੇ ਕਵੀ ਲੋਕ ਇਹਨਾਂ ਜੋਧਿਆਂ ਦਾ ਕੋਈ ਨ ਕੋਈ ਕਾਰਨਾਮਾ ਲਿਖ ਕੇ ਆਮ ਜਨਤਾ ਦੇ ਅੰਦਰ ਦਲੇਰੀ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਸਨ। ਸੋ, ਪੰਜਾਬ ਵਿਚ ਕਈ 'ਵਾਰਾਂ' ਲੋਕਾਂ ਨੂੰ ਯਾਦ ਸਨ, ਤੇ 'ਜਾਗਰੇ' ਆਦਿਕਾਂ ਵਿਚ ਗਾਂਵੀਆਂ ਜਾਂਦੀਆਂ ਸਨ।

ਉਸ ਸਮੇਂ ਦੀਆਂ ਪ੍ਰਸਿੱਧ 'ਵਾਰਾਂ' ਵਿਚੋਂ ਹੇਠ-ਲਿਖੀਆਂ ਨੌ 'ਵਾਰਾਂ' ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀਆਂ 'ਵਾਰਾਂ' ਦੇ ਸਿਰ-ਲੇਖਾਂ ਵਿਚ ਮਿਲਦਾ ਹੈ:

1. ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਦੀ ਵਾਰ।
2. ਰਾਇ ਕਮਾਲ ਦੀ ਮੋਜਦੀ ਦੀ ਵਾਰ।
3. ਲਲਾ ਬਹਿਲੀਮਾ ਦੀ ਵਾਰ।
4. ਟੁੰਡੇ ਅਸ ਰਾਜੇ ਦੀ ਵਾਰ।
5. ਸਿਕੰਦਰ ਬਿਰਾਹਿਮ ਦੀ ਵਾਰ।
6. ਹਸਨੇ ਮਹਮੇ ਦੀ ਵਾਰ।
7. ਮੂਸੇ ਦੀ ਵਾਰ।
8. ਜੋਧੇ ਵੀਰੇ ਦੀ ਵਾਰ।
9. ਰਾਣਾ ਕੈਲਾਸਦੇਵ ਮਾਲਦੇ ਦੀ ਵਾਰ।

ਪੰਜਾਬ ਵਿਚ ਬਹੁਤ 'ਵਾਰਾਂ' ਪ੍ਰਚਲਤ ਸਨ। ਲੋਕਾਂ ਦੇ ਘਟਦੇ ਸ਼ੌਕ ਦੇ ਕਾਰਨ ਕਈ ਵਾਰਾਂ ਤਾਂ ਢਾਢੀਆਂ ਦੇ ਨਾਲ ਹੀ ਮੁੱਕ ਗਈਆਂ। ਕੁਝ ਕੁ ਪ੍ਰਸਿੱਧ 'ਵਾਰਾਂ' ਦੇ ਨਾਮ ਹੇਠ ਦਿੱਤੇ ਜਾਂਦੇ ਹਨ:

1. ਜੈਮਲ ਫੱਤੇ ਦੀ ਵਾਰ।
2. ਦਹੂਦ ਦੀ ਵਾਰ।
3. ਬੰਦਾ ਸਾਹਿਬ ਦੀ ਵਾਰ = ਹਾਕਮ ਰਾਇ।
4. ਨਾਦਰ ਸ਼ਾਹ ਦੀ ਵਾਰ = ਨਜਾਬਤ ਕਵੀ।
5. ਸਿੰਘਾਂ ਦੀ ਵਾਰ = ਭਾਈ ਗੁਰਦਾਸ ਜੀ ਦੂਜੇ।
6. ਗਾਜਾ ਸਿੰਘ ਦੀ ਵਾਰ।
7. ਸਰਦਾਰ ਮਾਂਹ ਸਿੰਘ ਦੀ ਵਾਰ = ਹਾਸ਼ਮ ਕਵੀ।
8. ਚੱਠਿਆਂ ਦੀ ਵਾਰ = ਮੀਆਂ ਪੀਰ ਮੁਹੱਮਦ ਕਵੀ।
9. ਹਕੀਕਤ ਰਾਇ ਦੀ ਵਾਰ = ਅਗਰਾ ਕਵੀ।
10. ਸਰਦਾਰ ਹਰੀ ਸਿੰਘ ਦੀ ਵਾਰ = ਕਾਦਰ ਯਾਰ ਕਵੀ।
11. ਭਾਈ ਗੁਰਦਾਸ ਜੀ ਦੀਆਂ ਵਾਰਾਂ।
12. ਸ੍ਰੀ ਭਗਉਤੀ ਜੀ ਦੀ ਵਾਰ।

ਸੱਤੇ ਬਲਵੰਡ ਦੀ ਬਾਣੀ 'ਵਾਰ' ਕਿਵੇਂ ਅਖਵਾ ਸਕਦੀ ਹੈ?

ਅਸੀਂ ਪਿੱਛੇ ਵਿਚਾਰ ਕਰ ਆਏ ਹਾਂ ਕਿ 'ਵਾਰ' ਵਿਚ ਕਿਸੇ ਜੋਧੇ ਦੇ ਕਿਸੇ ਇੱਕੋ ਉੱਘੇ ਕਾਰਨਾਮੇ ਨੂੰ ਦਿਲ-ਖਿੱਚਵੀਂ ਕਵਿਤਾ ਦੀ ਰਾਹੀਂ ਬਿਆਨ ਕੀਤਾ ਜਾਂਦਾ ਹੈ। ਗੁਰ-ਵਿਅਕਤੀਆਂ ਨੇ ਜੋ 'ਵਾਰਾਂ' ਲਿਖੀਆਂ, ਉਹਨਾਂ ਵਿਚ ਭੀ ਸੰਸਾਰ ਤੇ ਆਤਮ-ਸੰਗ੍ਰਾਮ ਦੀ ਕੋਈ ਇੱਕੋ ਝਾਕੀ ਵਿਖਾਈ ਹੋਈ ਹੈ।

ਕੀ ਸੱਤੇ ਬਲਵੰਡ ਦੀ ਬਾਣੀ ਵਿਚ ਭੀ ਕੋਈ ਇਕੋ ਹੀ ਕੇਂਦਰੀ ਮਜ਼ਮੂਨ ਹੈ, ਜਿਸ ਦੇ ਅਧਾਰ ਤੇ ਇਸ ਨੂੰ 'ਵਾਰ' ਲਿਖਿਆ ਗਿਆ ਹੈ?

ਇਸ ਬਾਣੀ ਦੀਆਂ ਕੁੱਲ 8 ਪਉੜੀਆਂ ਹਨ। ਇਸ ਦੀ ਚੌਥੀ ਪਉੜੀ ਪੜ੍ਹ ਕੇ ਵੇਖੋ, ਸਤਿਗੁਰੂ ਨਾਨਕ ਦੇਵ ਜੀ ਦੇ ਚਲਾਏ ਨਵੇਂ ਰਸਤੇ ਨੂੰ ਵਿਚਾਰ ਕੇ ਸੱਤਾ ਬੜਾ ਹੈਰਾਨ ਹੁੰਦਾ ਹੈ ਤੇ ਲਿਖਦਾ ਹੈ ਕਿ ਦੁਨੀਆ ਦੇ ਲੋਕ ਅਚਰਜ ਹੋ ਕੇ ਆਖਦੇ ਹਨ 'ਗੁਰੂ ਨਾਨਕ ਜਗਤ ਦੇ ਨਾਥ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ, ਉਸ ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ, ਇਹ ਉਸ ਨੇ ਕੀਹ ਕੀਤਾ ਹੈ'?

ਹੋਰਿਂਓ ਗੰਗ ਵਹਾਈਐ, ਦੁਨੀਆਈ ਆਖੈ ਕਿ ਕਿਓਨੁ ॥
ਨਾਨਕ ਈਸਰਿ ਜਗਨਾਥਿ, ਉਚਹਦੀ ਵੈਣੁ ਵਿਰਿਕਿਓਨੁ ॥

ਉਹ ਹੈਰਾਨੀ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਜੀ ਦੇ ਸਿਰ ਉਤੇ ਗੁਰਿਆਈ ਦਾ ਛਤਰ ਧਰ ਕੇ ਉਹਨਾਂ ਦੀ ਸੋਭਾ ਅਸਮਾਨ ਤਕ ਅਪੜਾ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਦੀ ਆਤਮਾ ਬਾਬਾ ਲਹਿਣਾ ਜੀ ਦੀ ਆਤਮਾ ਵਿਚ ਇਉਂ ਮਿਲ ਗਈ ਹੈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ 'ਆਪੇ' ਬਾਬਾ ਲਹਿਣਾ ਜੀ ਦੇ ਨਾਲ ਸਾਂਵਾਂ ਕਰ ਲਿਆ ਹੈ:

ਲਹਣੇ ਧਰਿਓਨੁ ਛਤ੍ਰੁ ਸਿਰਿ, ਅਸਮਾਨਿ ਕਿਆੜਾ ਛਿਕਿਓਨੁ ॥
ਜੋਤਿ ਸਮਾਣੀ ਜੋਤਿ ਮਾਹਿ, ਆਪੁ ਆਪੈ ਸੇਤੀ ਮਿਕਿਓਨੁ ॥

ਦੁਨੀਆ ਨੇ ਸਿੱਖ-ਧਰਮ ਦੀ ਇਹ ਇਕ ਨਵੀਂ ਚਾਲ ਵੇਖੀ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੇਵਕ ਨੂੰ ਆਪਣੇ ਵਰਗਾ ਬਣਾ ਲਿਆ, ਤੇ ਉਸ ਅੱਗੇ ਆਪਣਾ ਸਿਰ ਨਿਵਾਇਆ।

ਬਲਵੰਡ ਨੇ ਭੀ ਪਹਿਲੀ ਪਉੜੀ ਵਿਚ ਇਸੇ ਨਵੀਂ ਮਰਯਾਦਾ ਨੂੰ ਹੈਰਾਨੀ ਨਾਲ ਵੇਖਿਆ ਤੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਇਕ ਨਵਾਂ ਰਾਜ ਚਲਾਇਆ ਹੈ, ਆਪਣੇ ਸੇਵਕ ਬਾਬਾ ਲਹਿਣਾ ਜੀ ਨੂੰ ਆਪਣੇ ਵਰਗਾ ਬਣਾ ਕੇ ਗੁਰੂ ਹੁੰਦਿਆਂ ਆਪਣੇ ਚੇਲੇ ਅੱਗੇ ਮੱਥਾ ਟੇਕਿਆ ਹੈ।

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥...
ਗੁਰਿ ਚੇਲੇ ਰਹਿਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ ॥1॥

ਦੂਜੀ ਪਉੜੀ ਵਿਚ ਭੀ ਬਲਵੰਡ ਇਸੇ ਅਚਰਜ ਨਵੀਂ ਮਰਯਾਦਾ ਦਾ ਜ਼ਿਕਰ ਕਰਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਿਣਾ ਜੀ ਨੂੰ ਦੇ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਬਰਕਤਿ ਨਾਲ ਬਾਬਾ ਲਹਿਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ, ਕਿਉਂਕਿ ਬਾਬਾ ਲਹਿਣਾ ਜੀ ਦੇ ਅੰਦਰ ਉਹੀ ਗੁਰੂ ਨਾਨਕ ਦੇਵ ਜੀ ਵਾਲੀ ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ ਗੁਰੂ ਨਾਨਕ ਦੇਵ ਜੀ ਵਾਲਾ ਸੀ, ਗੁਰੂ ਨਾਨਕ ਨੇ ਕੇਵਲ ਸਰੀਰ ਦਾ ਮੁੜ ਵਟਾਇਆ ਸੀ:

ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ ॥
ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ ॥

ਤੀਜੀ ਪਉੜੀ ਵਿਚ ਬਲਵੰਡ ਫਿਰ ਉਹੀ ਗੱਲ ਆਖਦਾ ਹੈ ਕਿ ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ। ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤਿ ਹੈ, ਕੇਵਲ ਸਰੀਰ ਪਲਟਿਆ ਹੈ:

ਗੁਰ ਅੰਗਦ ਦੀ ਦੋਹੀ ਫਿਰੀ, ਸਚੁ ਕਰਤੈ ਬੰਧਿ ਬਹਾਲੀ ॥
ਨਾਨਕੁ ਕਾਇਆ ਪਲਟੁ ਕਰਿ, ਮਲਿ ਤਖਤੁ ਬੈਠਾ ਸੈ ਡਾਲੀ ॥

ਇਹ ਪਹਿਲੀਆਂ 3 ਪਉੜੀਆਂ ਬਲਵੰਡ ਦੀਆਂ ਹਨ। ਚੌਥੀ ਪਉੜੀ ਵਿਚ ਸੱਤਾ ਸ਼ੁਰੂ ਕਰਦਿਆਂ ਹੀ ਆਖਦਾ ਹੈ ਕਿ ਇਸ ਨਵੇਂ ਕੌਤਕ ਨੂੰ ਵੇਖ ਕੇ ਸਾਰੀ ਦੁਨੀਆ ਹੈਰਾਨ ਹੋ ਰਹੀ ਹੈ। ਛੇਵੀਂ ਪਉੜੀ ਵਿਚ ਸੱਤਾ ਗੁਰੂ ਅਮਰਦਾਸ ਜੀ ਦਾ ਜ਼ਿਕਰ ਕਰਦਾ ਹੈ, ਤੇ ਮੁੜ ਉਸੇ ਅਚਰਜ ਮਰਯਾਦਾ ਬਾਰੇ ਆਖਦਾ ਹੈ ਕਿ ਪੋਤਰਾ-ਗੁਰੂ (ਭਾਵ, ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ ਗੁਰੂ ਹੈ, ਕਿਉਂਕਿ ਉਹ ਭੀ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ, ਇਸ ਦੇ ਮੱਥੇ ਤੇ ਭੀ ਉਹੀ ਨੂਰ ਹੈ, ਇਸ ਦਾ ਭੀ ਉਹੀ ਤਖ਼ਤ ਹੈ ਉਹੀ ਦਰਬਾਰ ਹੈ ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ:

ਸੋ ਟਿਕਾ ਸੋ ਬੈਹਣਾ, ਸੋਈ ਦੀਬਾਣੁ ॥
ਪਿਯੂ ਦਾਦੇ ਜੇਵਿਹਾ, ਪੋਤਾ ਪਰਵਾਣੁ ॥

ਅਗਲੀ ਪਉੜੀ ਵਿਚ ਗੁਰੂ ਰਾਮਦਾਸ ਜੀ ਨੂੰ ਸੰਬੋਧਨ ਕਰ ਕੇ ਭੀ ਸੱਤਾ ਉਹੀ ਖ਼ਿਆਲ ਪਰਗਟ ਕਰਦਾ ਹੈ:

ਨਾਨਕੁ ਤੂ, ਲਹਣਾ ਤੂ ਹੈ, ਗੁਰੁ ਅਮਰੁ ਤੂ ਵੀਚਾਰਿਆ ॥

ਤੇ ਅਖ਼ੀਰਲੀ ਪਉੜੀ ਵਿਚ ਭੀ ਸੱਤਾ ਆਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਹੀ:

ਤਖਤਿ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ ॥

ਅਸਾਂ ਵੇਖ ਲਿਆ ਹੈ ਕਿ ਇਸ ਸਾਰੀ ਹੀ ਰਚਨਾ ਵਿਚ ਇਕੋ ਕੇਂਦਰੀ ਖ਼ਿਆਲ ਹੈ: "ਗੁਰੂ ਦੀ ਆਪਣੇ ਚੇਲੇ ਅਗੇ ਰਹਿਰਾਸਿ" ॥ ਇਸ ਵਾਸਤੇ ਇਸ ਬਾਣੀ ਨੂੰ 'ਵਾਰ' ਆਖਿਆ ਗਿਆ ਹੈ।

'ਵਾਰ' ਦੇ ਅਖ਼ੀਰ ਤੇ ਮਿਲਦੇ ਲਫ਼ਜ਼ 'ਸੁਧੁ' ਦਾ ਨਿਰਨਾ

ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 22 'ਵਾਰਾਂ' ਹਨ। ਇਹਨਾਂ ਵਿਚੋਂ ਹੇਠ ਲਿਖੀਆਂ 16 'ਵਾਰਾਂ' ਦੇ ਖ਼ਤਮ ਹੋਣ ਤੇ ਅਖ਼ੀਰ ਵਿਚ ਲਫ਼ਜ਼ 'ਸੁਧੁ' ਲਿਖਿਆ ਮਿਲਦਾ ਹੈ:

1. ਸਿਰੀ ਰਾਗ ਕੀ ਵਾਰ ਮ: 4। 2. ਮਾਝ ਕੀ ਵਾਰ ਮਹਲਾ 1।
3. ਗਉੜੀ ਕੀ ਵਾਰ ਮ: 4। 4. ਆਸਾ ਦੀ ਵਾਰ ਮ: 1।
5. ਗੂਜਰੀ ਕੀ ਵਾਰ ਮ: 3। 6. ਗੂਜਰੀ ਕੀ ਵਾਰ ਮ: 5।
7. ਬਿਹਾਗੜੇ ਕੀ ਵਾਰ ਮ: 4। 8. ਵਡਹੰਸ ਕੀ ਵਾਰ ਮ: 4।
9. ਸੋਰਠਿ ਕੀ ਵਾਰ ਮ: 4। 10. ਬਿਲਾਵਲ ਕੀ ਵਾਰ ਮ: 4।
11. ਰਾਮਕਲੀ ਕੀ ਵਾਰ ਮ: 3। 12. ਰਾਮਕਲੀ ਕੀ ਵਾਰ ਮ: 5।
13. ਮਾਰੂ ਕੀ ਵਾਰ ਮ: 3। 14. ਸਾਰੰਗ ਕੀ ਵਾਰ ਮ: 4।
15. ਮਲਾਰ ਕੀ ਵਾਰ ਮ: 1। 16. ਕਾਨੜੇ ਕੀ ਵਾਰ ਮ: 4।
ਹੇਠ-ਲਿਖੀ ਇੱਕ 'ਵਾਰ' ਦੇ ਅਖ਼ੀਰ ਤੇ ਲਫ਼ਜ਼ 'ਸੁਧੁ ਕੀਚੇ' ਹੈ:

1. ਗਉੜੀ ਕੀ ਵਾਰ ਮ: 5।

ਹੇਠ-ਲਿਖੀਆਂ 5 'ਵਾਰਾਂ' ਦੇ ਅਖ਼ੀਰ ਤੇ 'ਸੁਧੁ' ਜਾਂ 'ਸੁਧੁ ਕੀਚੇ' ਕੋਈ ਲਫ਼ਜ਼ ਨਹੀਂ ਹੈ:

1. ਜੈਤਸਰੀ ਕੀ ਵਾਰ ਮ: 5।
2. ਸੂਹੀ ਕੀ ਵਾਰ ਮ: 3।
3. ਸੱਤੇ ਬਲਵੰਡ ਦੀ ਵਾਰ (ਰਾਗ ਰਾਮਕਲੀ) ।
4. ਮਾਰੂ ਕੀ ਵਾਰ ਮ: 5।
5. ਬਸੰਤ ਕੀ ਵਾਰ ਮਹਲੁ 5।

ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ ਹੋਈ ਜੋ 'ਬੀੜ' ਕਰਤਾਰਪੁਰ ਸਾਹਿਬ ਹੈ, ਉਸ ਵਿਚ 'ਵਾਰਾਂ' ਸੰਬੰਧੀ ਦੋ ਅਨੋਖੀਆਂ ਗੱਲਾਂ ਮਿਲਦੀਆਂ ਹਨ:

(ੳ) ਜਿਥੇ ਵਾਰ ਖ਼ਤਮ ਹੁੰਦੀ ਹੈ, ਬਾਕੀ ਦਾ ਸਫ਼ਾ ਖ਼ਾਲੀ ਰਹਿਣ ਦਿੱਤਾ ਗਿਆ ਹੈ। (ਨੋਟ: ਖ਼ਾਲੀ ਸਫ਼ੇ ਹੋਰ ਭੀ ਕਈ ਥਾਈਂ ਹਨ) । ਫਿਰ ਭੀ ਇਹ ਲਫ਼ਜ਼ 'ਸੁਧੁ' ਜਾਂ 'ਸੁਧੁ ਕੀਚੇ' ਸਫ਼ੇ ਦੇ ਹਾਸ਼ੀਏ ਤੋਂ ਬਾਹਰਲੇ ਪਾਸੇ ਲਿਖਿਆ ਹੈ। ਜਿਵੇਂ ਛਾਪੇ ਦੀਆਂ 'ਬੀੜਾਂ' ਵਿਚ 'ਵਾਰ' ਦੇ ਨਾਲ ਹੀ ਅਖ਼ੀਰ ਤੇ ਦਰਜ ਹੈ, ਉਥੇ ਇਉਂ ਨਹੀਂ।

(ਅ) ਪਉੜੀਆਂ ਦੇ ਨਾਲ ਜੋ ਲਫ਼ਜ਼ 'ਸਲੋਕ ਮ: 1' ਆਦਿਕ ਵਰਤੇ ਹੋਏ ਹਨ, ਉਹ ਬਾਰੀਕ ਕਲਮ ਦੇ ਲਿਖੇ ਹੋਏ ਹਨ। ਇਉਂ ਜਾਪਦਾ ਹੈ ਜਿਵੇਂ ਸਲੋਕ ਲਿਖਣ ਵੇਲੇ 'ਸਿਰ-ਲੇਖ' ਵਾਸਤੇ ਥਾਂ ਖ਼ਾਲੀ ਰੱਖਿਆ ਤੇ ਮੁੜ ਉਹ ਬਾਰੀਕ ਕਲਮ ਨਾਲ ਪੁਰ ਕੀਤਾ ਗਿਆ।

ਨੋਟ: ਲਫ਼ਜ਼ 'ਸੁਧੁ' ਜਾਂ 'ਸੁਧੁ ਕੀਚੇ' ਸਿਰਫ਼ 'ਵਾਰਾਂ' ਦੇ ਅਖ਼ੀਰ ਤੇ ਹੀ ਲਿਖੇ ਹੋਏ ਹਨ (ਹਾਂ, ਟੋਡੀ ਮਹਲਾ 5 "ਹਰਿ ਹਰਿ ਚਰਨ ਰਿਦੈ ਉਰਧਾਰੈ" ਦੇ ਅਖ਼ੀਰ ਤੇ ਭੀ ਲਫ਼ਜ਼ 'ਸੁਧੁ' ਸਾਹਮਣੇ ਪਾਸੇ ਹਾਸ਼ੀਏ ਵਿਚ ਹੀ ਹੈ) ।

ਨੋਟ: ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਜਿਸ 'ਵਾਰ' ਦੇ ਅਖ਼ੀਰ ਤੇ ਲਫ਼ਜ਼ 'ਸੁਧੁ ਕੀਚੇ' ਹੈ, ਉਹ 'ਵਾਰ' ਗੁਰੂ ਅਰਜਨ ਸਾਹਿਬ ਦੀ ਆਪਣੀ ਉਚਾਰੀ ਹੋਈ ਹੈ ਤੇ ਉਸ ਵਿਚ ਸਾਰੇ ਹੀ ਸਲੋਕ ਗੁਰੂ ਅਰਜਨ ਸਾਹਿਬ ਦੇ ਹੀ ਹਨ।

ਗਹੁ ਨਾਲ ਵਿਚਾਰਿਆਂ ਲਫ਼ਜ਼ 'ਸੁਧੁ' ਜਾਂ 'ਸੁਧੁ ਕੀਚੇ' ਬਾਰੇ ਅਸੀਂ ਹੇਠ-ਲਿਖੇ ਨਤੀਜਿਆਂ ਤੇ ਅੱਪੜਦੇ ਹਾਂ:

(1) ਹਾਸ਼ੀਏ ਤੋਂ ਬਾਹਰ ਇਹ ਲਫ਼ਜ਼ ਲਿਖੇ ਜਾਣ ਕਰਕੇ ਇਹ ਸਿਰਫ਼ ਭਾਈ ਗੁਰਦਾਸ ਜੀ ਨੂੰ ਹਿਦਾਇਤ ਕੀਤੀ ਗਈ ਸੀ। 'ਬੀੜ' ਵਿਚ ਦੇ ਸਿਰ-ਲੇਖਾਂ ਅਤੇ ਗਿਣਤੀ ਦੇ ਹਿੰਦਸਿਆਂ ਵਾਂਗ ਲਫ਼ਜ਼ 'ਸੁਧੁ' ਜਾਂ 'ਸੁਧੁ ਕੀਚੇ' ਦਾ ਸੰਬੰਧ ਮੂਲ-ਬਾਣੀ ਦੇ ਨਾਲ ਨਹੀਂ।

(2) 'ਵਾਰਾਂ ਦੇ ਲਫ਼ਜ਼ਾਂ ਦੇ 'ਜੋੜਾਂ, ਲਗਾਂ-ਮਾਤ੍ਰਾਂ' ਨਾਲ ਭੀ ਲਫ਼ਜ਼ 'ਸੁਧੁ' ਦਾ ਕੋਈ ਸੰਬੰਧ ਨਹੀਂ ਹੈ। ਇਹ 'ਸੁਧਾਈ' ਸਿਰਫ਼ ਇਹ ਵੇਖਣ ਵਾਸਤੇ ਕੀਤੀ ਗਈ ਸੀ ਕਿ ਪਉੜੀਆਂ ਦੇ ਨਾਲ ਜੋ ਸ਼ਲੋਕ ਦਰਜ ਕੀਤੇ ਗਏ ਹਨ, ਉਹਨਾਂ ਦੇ ਕਰਤਾ-ਗੁਰੂ ਦਾ ਅੰਕ (ਮਹਲਾ 1, 2, 3, 4, 5) ਲਿਖਣ ਵਿਚ ਕਿਤੇ ਉਕਾਈ ਨਾਹ ਹੋ ਗਈ ਹੋਵੇ।

(3) ਜਿਸ 'ਵਾਰ' (ਗਉੜੀ ਕੀ ਵਾਰ ਮ: 5) ਦੇ ਅਖ਼ੀਰ ਤੇ ਹਿਦਾਇਤ ਹੈ 'ਸੁਧੁ ਕੀਚੇ', ਉਸ 'ਵਾਰ' ਵਿਚ ਗੁਰੂ ਅਰਜਨ ਸਾਹਿਬ ਦੇ ਆਪਣੇ ਹੀ ਸਲੋਕ ਤੇ ਪਉੜੀਆਂ ਹਨ। ਇਥੇ ਬਹੁਤੀ ਇਹਤੀਆਤ ਦੀ ਲੋੜ ਨਹੀਂ ਸੀ।

(4) ਖ਼ਾਲੀ 'ਵਾਰਾਂ' (ਜੈਤਸਰੀ, ਮਾਰੂ) ਦੋਵੇਂ ਹੀ ਗੁਰੂ ਅਰਜਨ ਸਾਹਿਬ ਦੀਆਂ ਹਨ, ਸਲੋਕਾਂ ਸਮੇਤ ਹੀ। ਸ਼ਲੋਕਾਂ ਦੇ ਕਰਤਾ-ਗੁਰੂ ਬਾਰੇ ਇਥੇ ਭੀ ਕਿਸੇ ਭੁਲੇਖੇ ਦੀ ਸੰਭਾਵਨਾ ਨਹੀਂ ਸੀ।

(5) 'ਵਾਰ' ਬਸੰਤ ਮਹਲੁ 5 ਅਤੇ ਸੱਤੇ ਬਲਵੰਡ ਦੀ ਵਾਰ ਦੇ ਨਾਲ ਕੋਈ ਭੀ ਸ਼ਲੋਕ ਨਹੀਂ ਹੈ। ਇਸ ਵਾਸਤੇ ਇਥੇ ਤਾਂ ਸ਼ਲੋਕਾਂ ਦੇ ਕਰਤਾ-ਗੁਰੂ ਬਾਰੇ ਕਿਸੇ 'ਸੁਧਾਈ' ਦਾ ਸੁਆਲ ਹੀ ਨਹੀਂ ਉੱਠਦਾ। ਇਹਨਾਂ ਨਾਲ ਭੀ ਲਫ਼ਜ਼ 'ਸੁਧੁ' ਨਹੀਂ ਵਰਤਿਆ ਗਿਆ।

(6) ਬਾਕੀ ਰਹਿ ਗਈ 'ਸੂਹੀ ਕੀ ਵਾਰ ਮ: 3'। 'ਵਾਰਾਂ' ਦੇ ਪਰਸਪਰ ਟਾਕਰੇ ਤੋਂ ਜਿਸ ਨਤੀਜੇ ਤੇ ਅਸੀਂ ਅੱਪੜੇ ਹਾਂ, ਉਸ ਅਨੁਸਾਰ ਇਸ 'ਵਾਰ' ਦੇ ਅਖ਼ੀਰ ਤੇ ਲਫ਼ਜ਼ 'ਸੁਧੁ' ਦੀ ਵਰਤੋਂ ਫਬ ਸਕਦੀ ਹੈ ਪਰ ਇਥੇ ਇਹ ਲਿਖਿਆ ਨਹੀਂ ਮਿਲਦਾ।

ਸੱਤੇ ਬਲਵੰਡ ਦੀ ਵਾਰ ਅਤੇ ਗੁਰਬਾਣੀ ਵਿਚ ਡੂੰਘੀ ਵਿਆਕਰਣਿਕ ਸਾਂਝ

ਲਫ਼ਜ਼ਾਂ ਦੀ ਬਨਾਵਟ ਵਲ ਥੋੜਾ ਜਿਹਾ ਭੀ ਦਿੱਤਾ ਧਿਆਨ ਪਾਠਕਾਂ ਨੂੰ ਇਹ ਯਕੀਨ ਦਿਵਾ ਦੇਵੇਗਾ ਕਿ ਸ੍ਰੀ ਮੁਖ ਵਾਕ ਬਾਣੀ ਅਤੇ ਇਸ 'ਵਾਰ' ਵਿਚ ਵਰਤੇ ਹੋਏ ਵਿਆਕਰਣ ਦੇ ਨਿਯਮ ਸਾਂਝੇ ਹਨ। ਸਹੂਲਤ ਵਾਸਤੇ ਕੁਝ ਪ੍ਰਮਾਣ ਇਥੇ ਦਿੱਤੇ ਜਾਂਦੇ ਹਨ:

1. 'ਗੁਰਿ ਚੇਲੇ ਰਹਰਾਸਿ ਕੀਈ' = ਪਉੜੀ ਨੰ: 1 ਸੱਤੇ ਬਲਵੰਡ ਦੀ ਵਾਰ।

ਗੁਰਿ = ਗੁਰੂ ਨੇ।

'ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ'।4।1। ਬਿਲਾਵਲੁ ਮ: 5।

ਗੁਰਿ = ਗੁਰੂ ਨੇ।

2. 'ਨਾਨਕਿ ਰਾਜੁ ਚਲਾਇਆ' = ਪਉੜੀ ਨੰ: 1।

ਨਾਨਕਿ = ਨਾਨਕ ਨੇ।

'ਸਾਧ ਸੰਗਿ ਨਾਨਕਿ ਰੰਗੁ ਮਾਣਿਆ।

ਘਰਿ ਆਇਆ ਪੂਰੈ ਗੁਰਿ ਆਣਿਆ'।4। 27। 27। ਬਿਲਾਵਲੁ ਮ: 5।

ਨਾਨਕਿ = ਨਾਨਕ ਨੇ।

ਗੁਰਿ = ਗੁਰੂ ਨੇ।

3. 'ਲਹਣੇ ਧਰਿਓਨੁ ਛਤੁ ਸਿਰਿ' = ਪਉੜੀ ਨੰ: 1।

ਸਿਰਿ = ਸਿਰ ਉਤੇ।

'ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ' = 19। ਜਪੁ ਮ: 1।

ਸਿਰਿ = ਸਿਰ ਉਤੇ।

4. 'ਲਹਣੇ ਧਰਿਓਨੁ ਛਤੁ ਸਿਰਿ' = ਪਉੜੀ ਨੰ: 1।

'ਆਪੁ ਆਪੈ ਸੇਤੀ ਮਿਕਿਓਨੁ' = ਪਉੜੀ ਨੰ: 4।

'ਲਹਣਾ ਟਿਕਿਓਨੁ' = ਪਉੜੀ ਨੰ: 4।

'ਅਸਮਾਨਿ ਕਿਆੜਾ ਛਿਕਿਓਨੁ' = ਪਉੜੀ ਨੰ: 4।

ਧਰਿਓਨੁ = ਧਰਿਆ ਉਸ ਨੇ।

ਮਿਕਿਓਨੁ = ਮੇਚਿਆ ਉਸ ਨੇ।

ਟਿਕਿਓਨੁ = ਉਸ ਨੇ ਟਿੱਕਿਆ।

ਛਿਕਿਓਨੁ = ਉਸ ਨੇ ਖਿੱਚਿਆ।

'ਜੇਹਾ ਧੁਰਿ ਲਿਖਿ ਪਾਇਓਨੁ'। ਸੂਹੀ ਕੀ ਵਾਰ ਮ: 4।

ਪਾਇਓਨੁ = ਪਾਇਆ ਉਸ ਨੇ।

'ਸਚਾ ਅਮਰੁ ਚਲਾਇਓਨੁ'।11। ਸੂਹੀ ਕੀ ਵਾਰ ਮ: 4।

ਚਲਾਇਓਨੁ = ਚਲਾਇਆ ਉਸ ਨੇ।

'ਇਕਨਾ ਨੋ ਨਾਉ ਬਖਸਿਓਨੁ'।3। ਰਾਮਕਲੀ ਕੀ ਵਾਰ ਮ: 3।

ਬਖਸਿਓਨੁ = ਬਖ਼ਸਿਆ ਉਸ ਨੇ।

'ਘਟਿ ਅੰਤਰਿ ਅੰਮ੍ਰਿਤੁ ਰਖਿਓਨੁ'।9। ਰਾਮਕਲੀ ਕੀ ਵਾਰ ਮ: 3।

ਰਖਿਓਨੁ = ਰੱਖਿਆ ਉਸ ਨੇ।

5. 'ਕੁਦਰਤਿ ਅਹਿ ਵੇਖਾਲੀਅਨੁ' = ਪਉੜੀ ਨੰ: 4।

ਵੇਖਾਲੀਅਨੁ = ਵਿਖਾਲੀ ਉਸ ਨੇ।

'ਹੁਕਮੀ ਸ੍ਰਿਸਟਿ ਸਾਜੀਅਨੁ'।2। ਸੂਹੀ ਕੀ ਵਾਰ ਮ: 4।

ਸਾਜੀਅਨੁ = ਸਾਜੀ ਉਸ ਨੇ।

6. 'ਚਉਦਹ ਰਤਨ ਨਿਕਾਲਿਅਨੁ' = ਪਉੜੀ ਨੰ: 5।

ਨਿਕਾਲਿਅਨੁ = ਨਿਕਾਲੇ ਉਸ ਨੇ।

7. 'ਰਾਤਿ ਦਿਨਸੁ ਉਪਾਇਅਨੁ'।5। ਰਾਮਕਲੀ ਕੀ ਵਾਰ ਮ: 3।

ਉਪਾਇਅਨੁ = ਉਪਾਏ ਉਸ ਨੇ।

ਜੇ ਪਾਠਕ ਸੱਜਣ ਵਿਆਕਰਣ ਦੇ ਧੁਰੇ ਤੋਂ ਇਸ 'ਵਾਰ' ਨੂੰ ਗਹੁ ਨਾਲ ਪੜ੍ਹਨਗੇ, ਤਾਂ ਵੇਖਣਗੇ ਕਿ ਇਕ ਇਕ ਲਫ਼ਜ਼ ਦਾ ਵਿਆਕਰਣਿਕ ਰੂਪ ਸ੍ਰੀ ਮੁਖ ਵਾਕ ਬਾਣੀ ਦੇ ਨਾਲ ਪੂਰੇ ਤੌਰ ਤੇ ਮੇਲ ਖਾਂਦਾ ਹੈ। ਇਥੇ ਵਧੀਕ ਪ੍ਰਮਾਣ ਦਿੱਤਿਆਂ ਲੇਖ ਦਾ ਆਕਾਰ ਬੇ-ਲੋੜਵਾਂ ਵਧਣ ਦਾ ਡਰ ਹੈ।

ਵਾਰ ਦਾ ਸਿਰਲੇਖ:

ਪਾਠਕਾਂ ਦਾ ਧਿਆਨ ਇਸ 'ਵਾਰ' ਦੇ ਸਿਰਲੇਖ ਵਲ ਦਿਵਾਣਾ ਜ਼ਰੂਰੀ ਜਾਪਦਾ ਹੈ। ਸਿਰ-ਲੇਖ ਹੈ– ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ। ਇਸ ਸਿਰ-ਲੇਖ ਵਿਚ ਲਫ਼ਜ਼ "ਆਖੀ" ਬਹੁਤ ਅਨੋਖਾ ਪ੍ਰਤੀਤ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀਆਂ 22 'ਵਾਰਾਂ' ਵਿਚੋਂ ਕਿਸੇ ਦੇ ਭੀ ਸਿਰ-ਲੇਖ ਵਿਚ ਇਹ ਲਫ਼ਜ਼ ਨਹੀਂ ਆਇਆ। 'ਆਖੀ' ਦਾ ਅਰਥ ਹੈ 'ਸੁਣਾਈ'। ਪਹਿਲਾਂ ਪਹਿਲ ਬਲਵੰਡ ਅਤੇ ਸੱਤੇ ਨੇ ਰਲ ਕੇ ਇਹ 'ਵਾਰ' ਸਤਿਗੁਰੂ ਜੀ ਦੀ ਹਜ਼ੂਰੀ ਵਿਚ ਸਿਰਫ਼ 'ਸੁਣਾਈ' ਸੀ। ਇਸ ਨੂੰ ਲਿਖਤੀ ਰੂਪ ਉਹਨਾਂ ਨੇ ਨਹੀਂ ਦਿੱਤਾ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਆਕਰਣ ਅੱਜ ਕੱਲ ਦੇ ਪੰਜਾਬੀ ਨੂੰ ਅਨੋਖਾ ਜਿਹਾ ਭਾਵੇਂ ਜਾਪੇ, ਪਦ ਜਦੋਂ ਇਹ ਬਾਣੀ ਉਚਾਰੀ ਲਿਖੀ ਗਈ ਸੀ, ਤਦੋਂ ਦੇ ਪੰਜਾਬੀਆਂ ਨੂੰ ਇਸ ਦੇ ਸਮਝਣ ਪੜ੍ਹਨ ਲਿਖਣ ਵਿਚ ਕੋਈ ਔਖਿਆਈ ਨਹੀਂ ਸੀ, ਕਿਉਂਕਿ ਉਸ ਵੇਲੇ ਦੀ ਪੰਜਾਬੀ ਬੋਲੀ ਦਾ ਵਿਆਕਰਣ ਹੀ ਇਹੀ ਸੀ। ਸੱਤੇ ਬਲਵੰਡ ਦੀ 'ਵਾਰ' ਦੇ ਵਿਆਕਰਣ ਦੀ ਸ੍ਰੀ ਮੁਖ ਵਾਕ ਬਾਣੀ ਦੇ ਵਿਆਕਰਣ ਨਾਲ ਸਾਂਝ ਹੋਣੀ ਇਕ ਕੁਦਰਤੀ ਗੱਲ ਸੀ। ਇਹ ਤਾਂ ਹੈ ਸਨ ਭੀ ਗੁਰੂ ਘਰ ਦੇ ਕੀਰਤਨੀਏ, ਹਰ ਰੋਜ਼ ਬਾਣੀ ਗਾਉਣ ਸੁਣਨ ਵਾਲੇ। ਇਹਨਾਂ ਨੂੰ ਸਾਧਾਰਨ ਸਿੱਖਾਂ ਨਾਲੋਂ ਬਾਣੀ ਦੇ ਸਹੀ ਵਿਆਕਰਣਿਕ ਸਰੂਪ ਦੀ ਵਧੀਕ ਵਾਕਫ਼ੀ ਹੋਵੇਗੀ।

ਇੱਕੋ ਅੱਖਰ ਨਾਲ ਦੋ ਲਗਾਂ:

ਪੁਰਾਣੀ ਪੰਜਾਬੀ ਨੂੰ ਪੜ੍ਹ ਕੇ ਵੇਖੋ। ਲਫ਼ਜ਼ਾਂ ਦੇ ਬਹੁਤ ਸਾਰੇ ਵਿਆਕਰਣਿਕ ਰੂਪ ਸੰਸਕ੍ਰਿਤ ਆਦਿਕ ਬੋਲੀਆਂ ਵਿਚੋਂ ਕੁਝ ਕੁ ਬਦਲੇ ਹੋਏ ਰੂਪ ਵਿਚ ਮਿਲ ਰਹੇ ਹਨ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਕ ਵਿਆਰਕਣਿਕ ਰੀਤ ਐਸੀ ਮਿਲਦੀ ਹੈ ਜੋ ਸੰਸਕ੍ਰਿਤ ਆਦਿਕ ਹੋਰ ਕਿਸੇ ਬੋਲੀ ਵਿਚ ਨਹੀਂ। ਇਹ ਰੀਤ ਗੁਰੂ ਅਰਜਨ ਸਾਹਿਬ ਦੀ ਹੀ ਚਲਾਈ ਹੋਈ ਹੈ। ਕਈ ਅੱਖਰਾਂ ਦੇ ਨਾਲ ਦੋ ਲਗਾਂ ਵਰਤੀਆਂ ਹੋਈਆਂ ਹਨ।

ਕਵਿਤਾ ਵਿਚ ਕਈ ਵਾਰੀ ਛੰਦ ਦੀ ਚਾਲ ਨੂੰ ਠੀਕ ਰੱਖਣ ਵਾਸਤੇ ਲਫ਼ਜ਼ਾਂ ਦੀਆਂ ਲਗਾਂ ਮਾਤ੍ਰਾਂ ਨੂੰ ਵਧ ਘਟ ਕਰਨਾ ਪੈ ਜਾਂਦਾ ਹੈ। 'ਗੁਰੂ' ਮਾਤ੍ਰਾ ਨੂੰ 'ਲਘੂ' ਕਰ ਦੇਣਾ, ਜਾਂ, ਲਘੂ ਮਾਤ੍ਰਾ ਨੂੰ 'ਗੁਰੂ' ਕਰ ਦੇਣਾ = ਇਹ ਰੀਤ ਪੰਜਾਬੀ ਕਵੀਆਂ ਵਿਚ ਪੁਰਾਣੀ ਚਲੀ ਆ ਰਹੀ ਹੈ। ਗੁਰਬਾਣੀ ਦੇ ਵਰਣਿਕ ਰੂਪ ਨੂੰ ਖੋਜ ਨਾਲ ਪੜ੍ਹਨ ਦੇ ਚਾਹਵਾਨਾਂ ਵਾਸਤੇ ਇਹ ਰੀਤ ਪਰਖਣੀ ਬਹੁਤ ਸੁਆਦਲੀ ਹੋਵੇਗੀ।

(ੳ) (ੁ) = ਅੰਤ ਅੱਖਰ ਇੱਕ ਮਾਤ੍ਰਾਂ ਵਾਲਾ ਹੈ। ਜਦੋਂ ਇਸ ਨੂੰ ਦੋ-ਮਾਤ੍ਰਿਕ ਕਰਨ ਦੀ ਲੋੜ ਪਈ ਹੈ, ਤਾਂ (ੁ) ਦੇ ਥਾਂ (ੋ) ਵਰਤਿਆ ਗਿਆ ਹੈ।

(ਅ) (ੋ) = ਅੰਤ ਅੱਖਰ ਦੋ ਮਾਤ੍ਰਾਂ ਵਾਲਾ ਹੈ, ਜਦੋਂ ਇਸ ਨੂੰ ਇਕ-ਮਾਤ੍ਰਿਕ ਕੀਤਾ ਗਿਆ ਹੈ, ਤਾਂ (ੁ) ਵਰਤਿਆ ਗਿਆ ਹੈ।

ਪਰ ਕਈ ਥਾਈਂ ਲਫ਼ਜ਼ ਦੀ ਅਸਲੀ ਸ਼ਕਲ ਭੀ ਕਾਇਮ ਰੱਖਣ ਦੀ ਲੋੜ ਸੀ, ਉਥੇ ਇਕੋ ਅੱਖਰ ਦੇ ਨਾਲ ਦੋਵੇਂ ਲਗਾਂ (ੋ, ਅਤੇ ੁ) ਵਰਤੀਆਂ ਹਨ। ਇਸ ਗੱਲ ਨੂੰ ਸਮਝਣ ਵਾਸਤੇ ਥੋੜੇ ਜਿਹੇ ਪ੍ਰਮਾਣ ਵੇਖ ਲਈਏ:

(1) ਗੁਰਮੁਖਿ ਮੇਲਿ ਮਿਲਾਏ 'ਸੋੁਜਾਣੈ'।

. . ਨਾਨਕ ਗੁਰਮੁਖਿ ਸਬਦਿ ਪਛਾਣੈ। 17। {ਸਿਧ ਗੋਸਟਿ ਮ: 1

ਇਥੇ ਪਾਠ 'ਸੋਜਾਣੈ' ਹੈ, ਅਸਲੀ ਲਫ਼ਜ਼ 'ਸੁਜਾਣੈ' ਹੈ।

(2) ਪ੍ਰਭ ਕਿਰਪਾਲ ਦਇਆਲ 'ਗੋੁਬਿੰਦ'।

. . ਜੀਅ ਜੰਤ ਸਗਲੇ ਬਖਸਿੰਦ।1।13।15। {ਗੋਂਡ ਮ: 5

ਇਥੇ ਪਾਠ 'ਗੁਬਿੰਦ' ਹੈ, ਅਸਲੀ 'ਲਫ਼ਜ਼' 'ਗੋਬਿੰਦ' ਹੈ।

(3) ਗੁਰਮੁਖਿ ਗਾਵੈ ਗੁਰਮੁਖਿ ਬੋਲੈ।

. . ਗੁਰਮੁਖਿ ਤੋਲਿ 'ਤੋੁਲਾਵੈ ਤੋਲੈ'। 22। {ਓਅੰਕਾਰੁ

ਇਥੇ ਪਾਠ 'ਤੁਲਾਵੈ' ਹੈ, ਅਸਲੀ ਲਫ਼ਜ਼ 'ਤੋਲਾਵੈ' ਹੈ।

ਇਕੋ ਜਿਹੇ ਹੋਰ ਕਈ ਪ੍ਰਮਾਣ ਪਾਠਕ ਜਨ ਆਪ ਲੱਭ ਸਕਦੇ ਹਨ। ਅਸਾਂ ਇਸ ਅਨੋਖੀ ਬਨਾਵਟ ਸੰਬੰਧੀ ਹੇਠ-ਲਿਖੀਆਂ ਗੱਲਾਂ ਵਲ ਧਿਆਨ ਦਿਵਾਉਣਾ ਹੈ:

(ੳ) ਉਚਾਰਨ ਵੇਲੇ ਕੇਵਲ ਇਕੋ ਹੀ ਲਗ ਉਚਾਰੀ ਜਾ ਸਕਦੀ ਹੈ, ਭਾਵੇਂ (ੋ) ਉਚਾਰੋ, ਭਾਵੇਂ (ੁ) ਦੋਵੇਂ ਇਕੱਠੀਆਂ ਉਚਾਰਨੀਆਂ ਅਸੰਭਵ ਹਨ।

(ਅ) ਲਫ਼ਜ਼ਾਂ ਦੇ ਬਹੁਤ ਸਾਰੇ ਵਿਆਕਰਣਿਕ ਰੂਪ ਤਾਂ ਸੰਸਕ੍ਰਿਤ ਆਦਿਕ ਬੋਲੀਆਂ ਵਿਚੋਂ ਬਦਲੇ ਹੋਏ ਰੂਪ ਵਿਚ ਮਿਲ ਰਹੇ ਹਨ, ਪਰ ਇਹ ਦੋਹਰੀ 'ਲਗ' ਉਹਨਾਂ ਬੋਲੀਆਂ ਵਿਚ ਨਹੀਂ ਮਿਲਦੀ। ਇਹ ਰੀਤ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਆਪਣੀ ਜਾਰੀ ਕੀਤੀ ਹੋਈ ਹੈ।

(ੲ) ਸੱਤੇ ਬਲਵੰਡ ਨੇ ਇਹ 'ਵਾਰ' ਕੇਵਲ 'ਆਖੀ' ਸੀ। 'ਆਖਣ' (ਉੱਚਾਰਨ) ਸਮੇਂ ਉਹ ਕਿਸੇ ਲੋੜੀਂਦੇ ਥਾਂ ਤੇ ਇਹ ਦੋਵੇਂ 'ਲਗਾਂ' ਇਕੱਠੀਆਂ ਨਹੀਂ ਵਰਤ ਸਕਦੇ ਸਨ। ਦੋ ਲਗਾਂ ਕੇਵਲ ਲਿਖਣ ਵੇਲੇ ਹੀ ਆ ਸਕਦੀਆਂ ਸਨ।

(ਸ) ਇਸ ਵਾਰ ਵਿਚੋਂ ਹੇਠ-ਲਿਖੀ ਤੁਕ ਵਿਚ ਇਹ ਦੋਵੇਂ ਲਗਾਂ ਇਕੱਠੀਆਂ ਵਰਤੀਆਂ ਹੋਈਆਂ ਪਰਖ ਕਰਨ ਵਾਲੇ ਸੱਜਣ ਨੂੰ ਪੂਰਨ ਵਿਸ਼ਵਾਸ ਦਿਵਾਂਦੀਆਂ ਹਨ ਕਿ ਇਸ ਵਾਰ ਨੂੰ 'ਬੀੜ' ਵਿਚ ਦਰਜ ਕਰਨ ਵਾਲੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਹਨ।

'ਜਿਨ੍ਹ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ।8।1।

ਇਥੇ ਪਾਠ 'ਮੋਆ' ਹੈ, ਅਸਲੀ ਲਫ਼ਜ਼ 'ਮੁਆ' ਹੈ।

ਆਦਿ ਬੀੜ

ਅਤੇ

ਸੱਤੇ ਬਲਵੰਡ ਦੀ ਵਾਰ

ਭਗਤ ਬਾਣੀ ਦੇ ਵਿਰੋਧੀ ਸੱਜਣਾਂ ਨੇ ਬੜੀ ਮਿਹਨਤ ਨਾਲ ਇਹ ਸਾਬਤ ਕਰਨ ਦੇ ਯਤਨ ਕੀਤੇ ਹਨ ਕਿ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਿਛੋਂ ਬਾਬਾ ਪ੍ਰਿਥੀ ਚੰਦ ਅਤੇ ਚੰਦੂ ਦੀ ਸਾਜ਼ਸ਼ ਨਾਲ ਸ਼ਾਮਲ ਕੀਤੀ ਗਈ ਸੀ। ਇਸ ਉੱਦਮ ਵਿਚ ਉਹਨਾਂ ਨੇ ਇਕ ਨਵੀਂ ਸਾਖੀ ਭੀ ਲਿਖੀ ਹੈ ਕਿ ਜਹਾਂਗੀਰ ਨੇ ਪੰਚਮ ਪਾਤਿਸ਼ਾਹ ਜੀ ਨੂੰ ਸ਼ਹੀਦ ਕਰ ਕੇ 'ਪੋਥੀ ਸਾਹਿਬ' (ਗੁਰੂ ਗ੍ਰੰਥ ਸਾਹਿਬ) ਨੂੰ ਜ਼ਬਤ (ਕਾਨੂੰਨ ਵਿਰੁੱਧ) ਕਰਾਰ ਦੇ ਦਿੱਤਾ ਸੀ।

ਇਸ ਬਾਰੇ ਮੈਂ 'ਦਰਪਣ' ਦੀ ਤੀਜੀ ਪੋਥੀ ਵਿਚ ਵਿਸਥਾਰ ਸਹਿਤ ਵਿਚਾਰ ਪੇਸ਼ ਕਰ ਦਿੱਤੀ ਹੈ। ਉਸ ਵਿਚ ਮੈਂ ਇਸ ਕਹਾਣੀ ਦੀਆਂ ਖ਼ਾਮੀਆਂ ਦੱਸ ਕੇ ਤੇ ਉਸ ਸਾਖੀ ਦੇ ਹਰੇਕ ਪਹਿਲੂ ਤੇ ਵਿਚਾਰ ਕਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਭਗਤ-ਬਾਣੀ ਗੁਰੂ ਅਰਜਨ ਸਾਹਿਬ ਨੇ ਆਪ ਹੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਾਈ ਸੀ।

ਉਪ੍ਰੋਕਤ ਲੇਖਕ ਜੀ ਗੁਰੂ ਗ੍ਰੰਥ ਸਹਿਬ ਦੀ ਜ਼ਬਤੀ ਦੀ ਕਹਾਣੀ ਦੇ ਅਖ਼ੀਰ ਤੇ ਭੱਟਾਂ ਦੇ ਸਵਈਆਂ ਅਤੇ ਸੱਤੇ ਬਲਵੰਡ ਦੀ ਵਾਰ ਬਾਰੇ ਭੀ ਇਉਂ ਲਿਖਦੇ ਹਨ: "ਉਕਤ ਪੈਕਟ ਜਹਾਂਗੀਰ ਅਤੇ ਪ੍ਰਿਥੀਏ ਦੀ ਪਾਰਟੀ ਨਾਲ ਹੋਇਆ। ਇਹ ਸਮਾਂ ਖ਼ਾਲਸੇ ਵਾਸਤੇ ਜ਼ਿੰਦਗੀ ਮੌਤ ਦਾ ਸੀ। ਜਦ ਨਿਰੋਲ ਬਾਣੀ ਅੰਦਰ ਹਿੰਦੂ ਮੁਸਲਮਾਨ ਭਗਤਾਂ, ਭੱਟਾਂ ਅਤੇ ਡੂਮਾਂ ਦੀ ਰਚਨਾ ਮਿਲਾ ਕੇ 'ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ' ਦੀ ਉਲੰਘਣਾ ਕਰ ਕੇ ਹਮੇਸ਼ਾ ਵਾਸਤੇ ਬਾਣੀ ਨੂੰ ਮਿਲ-ਭੋਗਾ ਬਾਣੀ ਬਣਾ ਦਿੱਤਾ ਹੈ। "

ਪੁਸਤਕ ਦੀ ਸਿਫ਼ਾਰਸ਼ ਕਰਨ ਵਾਲੇ ਅਪੀਲ ਕਰਦੇ ਹਨ ਕਿ 'ਪੂਰਨ ਨਿਸ਼ਚਾ ਹੈ ਕਿ ਗੁਰਮਤਿ-ਖੋਜੀ ਸੱਜਣ ਸ਼ਾਂਤ-ਚਿੱਤ ਹੋ ਕੇ ਵਿਚਾਰ ਕਰਨਗੇ। ' ਪਰ ਪੁਸਤਕ ਦੇ ਲੇਖਕ ਜੀ ਨੇ ਆਪ ਕੁਝ ਕੁ ਖਰ੍ਹਵਾ-ਪਨ ਵਰਤਿਆ ਹੈ। ਸੱਤੇ ਬਲਵੰਡ ਦਾ ਜ਼ਿਕਰ ਕਰਦਿਆਂ ਪੁਸਤਕ ਦੇ ਪੰਨਾ 149 ਉਤੇ ਗੁਰੂ-ਘਰ ਦੇ ਇਨ੍ਹਾਂ ਕੀਰਤਨੀਆਂ ਬਾਰੇ ਇਉਂ ਲਿਖਿਆ ਹੈ– "ਇਹ ਠੀਕ ਹੋ ਸਕਦਾ ਹੈ ਕਿ ਲਾਲਚੀ ਡੂਮ (ਰਬਾਬੀਆਂ) ਨੂੰ ਗੁਰੂ-ਨਿੰਦਿਆ ਦਾ ਫਲ ਕੁਸ਼ਟ ਦਾ ਹੋ ਜਾਣਾ ਭੁਗਤਣਾ ਪਿਆ ਹੋਊ। ...ਸਾਬਤ ਹੁੰਦਾ ਹੈ ਕਿ ਉਕਤ ਦੋਵੇਂ ਮਰਾਸੀਆਂ ਨੇ ਗੁਰੂ ਜੀ ਦੀ ਸ਼ਰਨ ਕੇਵਲ ਲਾਲਚ ਦੇ ਖ਼ਿਆਲ ਨਾਲ ਲਈ ਸੀ। ...'ਟਕਾ ਕਰਮੰ ਟਕਾ ਧਰਮੰ' ਇਨ੍ਹਾਂ ਦਾ ਵਿਹਾਰ ਸੀ। "

ਇਸ ਮਜ਼ਮੂਨ ਦੇ ਅਖ਼ੀਰ ਤੇ ਲੇਖਕ ਸੱਜਣ 'ਸੱਤੇ ਬਲਵੰਡ ਦੀ ਵਾਰ' ਬਾਰੇ ਆਪਣੀ ਰਾਇ ਇਉਂ ਦੇਂਦੇ ਹਨ: "ਇਸ ਵਾਰ ਦੀਆਂ ਅੱਠੇ ਪਉੜੀਆਂ ਉਨ੍ਹਾਂ ਵਲੋਂ ਮੁਆਫ਼ੀ-ਨਾਮਾ ਹੈ। ਉਨ੍ਹਾਂ ਨੇ ਇਹ ਮੁਆਫ਼ੀ-ਨਾਮਾ ਦੇ ਕੇ ਆਪਣਾ ਅਪਰਾਧ ਬਖ਼ਸ਼ਾਇਆ ਸੀ। ਸੋ ਇਹ ਰਚਨਾ ਬਾਣੀ ਦੀ ਤੁਲਤਾ ਨਹੀਂ ਰੱਖਦੀ। ਇਹ ਇਕ ਫ਼ੈਸਲਾ ਹੈ ਜੋ ਖ਼ਾਲਸਾ ਦਰਬਾਰ ਦੀਆਂ ਫਾਇਲਾਂ ਵਿਚ ਬਤੌਰ ਰਿਕਾਰਡ ਦੇ ਰਹਿਣਾ ਚਾਹੀਦਾ ਸੀ। ਹਾਂ, ਇਤਿਹਾਸ ਦਾ ਅੰਗ ਜ਼ਰੂਰ ਹੈ। ਪਰ ਇਸ ਨੂੰ ਗੁਰਬਾਣੀ ਦਾ ਦਰਜਾ ਦੇਣਾ ਜਾਂ ਗੁਰਬਾਣੀ ਕਹਿਣਾ ਗੁਰਮਤਿ ਵਿਰੁੱਧ ਹੈ। "

ਅਸਾਂ ਆਪਣੇ ਇਸ ਲੇਖ ਵਿਚ ਇਹ ਵੇਖਣਾ ਹੈ ਕਿ 'ਸੱਤੇ ਬਲਵੰਡ ਦੀ ਵਾਰ' ਗੁਰੂ ਅਰਜਨ ਸਾਹਿਬ ਦੇ ਵੇਲੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸੀ ਜਾਂ ਨਹੀਂ। ਜੇ ਦਰਜ ਸੀ, ਤਾਂ ਇਸ ਦਾ ਆਦਰ-ਸਤਕਾਰ ਕਰਨ ਜਾਂ ਨਾਹ ਕਰਨ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੇ ਤੌਰ ਤੇ ਹੀ ਗੁਰੂ ਮੰਨ ਕੇ ਇਸ ਦੇ ਅੱਗੇ ਸਿਰ ਨਿਵਾਂਦੇ ਹਾਂ।

ਪ੍ਰਾਚੀਨ ਬੀੜਾਂ:

'ਪ੍ਰਾਚੀਨ ਬੀੜਾਂ' ਦੇ ਲੇਖਕ ਸਰਦਾਰ ਜੀ. ਬੀ. ਸਿੰਘ ਜੀ ਨੇ ਪੁਰਾਣੀਆਂ ਲਿਖਤੀ ਬੀੜਾਂ ਦੀ ਖੋਜ ਕਰਨ ਵਿਚ ਬੜੀ ਮਿਹਨਤ ਤੋਂ ਕੰਮ ਲਿਆ ਹੋਇਆ ਹੈ। ਉਨ੍ਹਾਂ ਦੀ ਲਿਖਤ ਵਿਚੋਂ ਇਹ ਭੀ ਸਾਫ਼ ਦਿੱਸਦਾ ਹੈ ਕਿ ਉਹ ਸਿੱਖ ਧਰਮ ਦੇ ਹਮਦਰਦ ਨਹੀਂ ਸਨ, ਗੁਰੂ ਸਾਹਿਬ ਵਿਚ ਉਨ੍ਹਾਂ ਦੀ ਸ਼ਰਧਾ ਨਹੀਂ ਸੀ, ਕਿਉਂਕਿ ਉਹਨਾਂ ਕਈ ਥਾਈਂ ਸਤਿਗੁਰੂ ਜੀ ਦੀ ਸ਼ਾਨ ਵਿਚ ਕੁਝ ਖਰ੍ਹਵੇ ਬੋਲ ਭੀ ਵਰਤੇ ਹੋਏ ਹਨ। ਭਾਈ ਬੰਨੋ ਵਾਲੀ ਬੀੜ ਨੂੰ ਅਸਲੀ ਪਹਿਲੀ ਪੁਰਾਤਨ ਬੀੜ ਤੇ ਕਰਤਾਰਪੁਰ ਵਾਲੀ 'ਆਦਿ ਬੀੜ' ਨੂੰ ਭਾਈ ਬੰਨੋ ਦੀ ਬੀੜ ਦਾ ਉਤਾਰਾ ਸਾਬਤ ਕਰਨ ਲਈ ਸਰਦਾਰ ਜੀ. ਬੀ. ਸਿੰਘ ਜੀ ਨੇ ਕਾਫ਼ੀ ਜ਼ੋਰ ਲਾਇਆ ਹੈ। ਪਰ ਇਸ ਦਾ ਭਾਵ ਇਹ ਨਹੀਂ ਕਿ ਅਸੀਂ ਉਹਨਾਂ ਦੀ ਨੀਅਤ ਉਤੇ ਸ਼ੱਕ ਕਰੀਏ। ਪੁਰਾਣੀਆਂ ਬੀੜਾਂ ਦੀ ਖੋਜ ਦਾ ਉਨ੍ਹਾਂ ਨੂੰ ਸ਼ੌਕ ਸੀ। ਜਿਥੇ ਜਿਥੇ ਉਨ੍ਹਾਂ ਨੂੰ ਮੌਕਾ ਮਿਲਿਆ, ਉਨ੍ਹਾਂ ਇਸ ਲਗਨ ਵਿਚ ਸਮਾ ਦਿੱਤਾ। ਹਾਂ, ਸਾਡੀ ਇਹ ਰਾਇ ਜ਼ਰੂਰ ਹੈ ਕਿ ਉਹ ਆਪਣੀ ਇਤਨੀ ਭਾਰੀ ਕੀਤੀ ਮੇਹਨਤ ਦੇ ਸਿੱਟੇ ਕੱਢਣ ਵਿਚ ਕਈ ਥਾਈਂ ਉਕਾਈ ਖਾਂਦੇ ਗਏ।

ਜੀ. ਬੀ. ਸਿੰਘ ਜੀ ਨੇ ਆਪਣੀ ਪੁਸਤਕ ਵਿਚ ਕਈ ਪੁਰਾਤਨ ਹੱਥ-ਲਿਖੀਆਂ ਬੀੜਾਂ ਦੇ ਹਵਾਲੇ ਦਿੱਤੇ ਹਨ, ਉਨ੍ਹਾਂ ਦੇ ਉਤਾਰਿਆਂ ਦੀਆਂ ਤਾਰੀਖ਼ਾਂ ਭੀ ਦਿੱਤੀਆਂ ਹਨ। ਭਾਈ ਬੰਨੋ ਵਾਲੀ ਬੀੜ ਅਤੇ ਪਿੰਡ ਬੋਹਤ (ਜ਼ਿਲਾ ਗੁਜਰਾਤ) ਵਾਲੀ ਬੀੜ ਇਹ ਦੋਵੇਂ ਗੁਰੂ ਅਰਜਨ ਸਾਹਿਬ ਦੀ ਜ਼ਿੰਦਗੀ ਵਿਚ ਹੀ ਲਿਖੀਆਂ ਗਈਆਂ ਸਨ। ਪਿੰਡ ਬੋਹਤ ਵਾਲੀ ਬੀੜ ਅਖ਼ੀਰਲੇ 26 ਵਰਕਿਆਂ ਤੋਂ ਛੁਟ ਬਾਕੀ ਸਾਰੀ ਦੀ ਸਾਰੀ ਇਕੋ ਹੱਥ ਦੀ ਲਿਖੀ ਹੋਈ ਹੈ। ਜੀ. ਬੀ. ਸਿੰਘ ਜੀ ਨੇ ਅੱਖੀਂ ਵੇਖ ਕੇ ਇਹ ਸਾਖ ਭਰੀ ਹੈ। ਜੇਹੜੀਆਂ ਫ਼ਾਲਤੂ ਬਾਣੀਆਂ ਦਰਜ ਹੋਈਆਂ ਹਨ, ਉਹਨਾਂ ਬਾਰੇ ਜੀ. ਬੀ. ਸਿੰਘ ਜੀ ਨੇ ਵੱਜ-ਵਜਾ ਕੇ ਲਿਖਿਆ ਹੈ, ਕੋਈ ਲੁਕ-ਲੁਕਾ ਨਹੀਂ ਰੱਖਿਆ। ਜੇ ਭਗਤਾਂ ਦੀ ਸਾਰੀ ਬਾਣੀ, ਭੱਟਾਂ ਦੇ ਸਵਈਏ, ਤੇ ਸੱਤੇ ਬਲਵੰਡ ਦੀ ਵਾਰ, ਬੋਹਤ ਵਾਲੀ ਬੀੜ ਕਿਸੇ ਹੋਰ ਹੱਥ ਦੇ ਲਿਖੇ ਹੁੰਦੇ, ਤਾਂ ਸਰਦਾਰ ਜੀ. ਬੀ. ਸਿੰਘ ਜੀ ਰਤਾ ਲੁਕਾ ਨਾ ਰੱਖਦੇ। ਖੋਜੀ ਕੀਹ ਤੇ ਲੁਕਾ ਕੀਹ? ਖੋਜੀ ਭੀ ਉਹ ਜੋ ਨਾਲੋ ਨਾਲ ਸਿੱਖ ਧਰਮ ਤੇ ਇਤਿਹਾਸ ਦਾ ਕੁਝ ਮਖ਼ੌਲ ਭੀ ਉਡਾ ਰਿਹਾ ਹੈ।

ਮਾਂਗਟ ਦੇ ਰਾਹਾਂ ਵਿਚ ਨਹੀਂ:

ਸਿੱਖ ਇਤਿਹਾਸਕਾਰਾਂ ਨੇ ਤਾਂ ਇਹ ਲਿਖਿਆ ਸੀ ਕਿ ਭਾਈ ਬੰਨੋ ਵਾਲੀ ਬੀੜ ਮਾਂਗਟ (ਜ਼ਿਲਾ ਗੁਜਰਾਤ) ਦੇ ਰਾਹਾਂ ਵਿਚ ਲਿਖੀ ਗਈ ਸੀ, ਪਰ ਅਸੀਂ ਸਾਬਤ ਕਰ ਚੁਕੇ ਹਾਂ {ਨੋਟ: ਇਹ ਲੇਖ ਪੁਸਤਕ 'ਗੁਰੂ ਗ੍ਰੰਥ ਪ੍ਰਕਾਸ਼' ਵਿਚ ਪੇਸ਼ ਕੀਤਾ ਜਾਇਗਾ} ਕਿ ਇਹ ਬੀੜ ਅੰਮ੍ਰਿਤਸਰ ਵਿਚ ਹੀ ਲਿਖੀ ਗਈ, ਤੇ ਭਾਈ ਗੁਰਦਾਸ ਜੀ ਦੇ ਸਾਹਮਣੇ ਲਿਖੀ ਗਈ ਸੀ। ਭਾਈ ਗੁਰਦਾਸ ਜੀ ਦੀ ਨਿਗਰਾਨੀ ਹੁੰਦਿਆਂ ਇਸ ਬੀੜ ਵਿਚ ਕਿਸੇ ਮਿਲਾਵਟ ਦੀ ਗੁੰਜਾਇਸ਼ ਨਹੀਂ ਹੋ ਸਕਦੀ ਸੀ। ਭਾਈ ਬੰਨੋ ਦੀ ਬੀੜ ਤੋਂ ਬੋਹਤ ਪਿੰਡ ਵਾਲੀ ਬੀੜ ਲਿਖੀ ਗਈ, ਇਕ ਸਾਲ ਦੇ ਅੰਦਰ ਅੰਦਰ ਹੀ, ਸੰਮਤ 1662 ਵਿਚ, ਅਜੇ ਗੁਰੂ ਅਰਜਨ ਸਾਹਿਬ ਜੀ ਜ਼ਿੰਦਾ ਸਨ। ਬੋਹਤ ਵਾਲੀ ਬੀੜ ਲਿਖੀ ਹੋਈ ਭੀ ਇੱਕੇ ਹੱਥ ਦੀ ਹੈ। ਸੋ, ਸਿਰਫ਼ ਇਹੀ ਗਵਾਹੀ ਇਹ ਸਾਬਤ ਕਰਨ ਲਈ ਕਾਫ਼ੀ ਹੈ ਕਿ ਬਾਬਾ ਪ੍ਰਿਥੀ ਚੰਦ ਤੇ ਚੰਦੂ ਜਹਾਂਗੀਰ ਨਾਲ ਸਾਜ਼ਸ਼ ਕਰ ਕੇ 'ਆਦਿ ਬੀੜ' ਵਿਚ ਕੋਈ ਮਿਲਾਵਟ ਨਹੀਂ ਕਰ ਸਕੇ। ਸਾਰੀ ਭਗਤ-ਬਾਣੀ, ਭੱਟਾਂ ਦੇ ਸਵਈਏ, ਤੇ ਸੱਤੇ ਬਲਵੰਡ ਦੀ ਵਾਰ = ਇਹ ਸਾਰੀਆਂ ਬਾਣੀਆਂ ਭਾਈ ਗੁਰਦਾਸ ਜੀ ਦੀ ਹੱਥੀਂ ਹੀ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈਆਂ ਸਨ।

ਆਦਰ-ਸਤਕਾਰ:

ਬਾਕੀ ਰਿਹਾ ਸਵਾਲ 'ਸੱਤੇ ਬਲਵੰਡ ਦੀ ਵਾਰ' ਦੇ ਆਦਰ-ਸਤਕਾਰ ਦਾ। ਸਾਨੂੰ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਦੀ ਹੀ ਇਕ ਭਰੋਸੇ-ਜੋਗ ਗਵਾਹੀ ਮਿਲ ਰਹੀ ਹੈ, ਜੋ ਇਹ ਸਾਬਤ ਕਰਦੀ ਹੈ ਕਿ ਇਹ ਬਾਣੀ ਉਸੇ ਤਰ੍ਹਾਂ ਹੀ ਪੜ੍ਹੀ ਸੁਣੀ ਤੇ ਵਰਤੀ ਜਾ ਰਹੀ ਸੀ, ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚ ਲਿਖੀਆਂ ਹੋਰ ਬਾਣੀਆਂ।

ਭਾਈ ਗੁਰਦਾਸ ਜੀ ਅਤੇ ਗੁਰਬਾਣੀ:

ਭਾਈ ਗੁਰਦਾਸ ਜੀ ਦਾ ਨਾਮ ਸਿੱਖ ਪੰਥ ਵਿਚ ਸੂਰਜ ਵਾਂਗੂ ਰੌਸ਼ਨ ਹੈ। ਇਹ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਹੀ ਇਨ੍ਹਾਂ ਨੂੰ ਯੂ. ਪੀ. ਵਿਚ ਸਿੱਖ ਧਰਮ ਦਾ ਪਰਚਾਰ ਕਰਨ ਲਈ ਭੇਜਿਆ ਜਾਂਦਾ ਰਿਹਾ। ਪਰਚਾਰ ਆਖ਼ਰ ਗੁਰਬਾਣੀ ਦੀ ਰਾਹੀਂ ਹੀ ਹੋ ਸਕਦਾ ਸੀ, ਤੇ ਭਾਈ ਗੁਰਦਾਸ ਜੀ ਬਾਣੀ ਦੇ ਪ੍ਰਸਿੱਧ ਵਿਦਵਾਨ ਤੇ ਰਸੀਏ ਸਨ। ਇਹਨਾਂ ਨੇ ਆਪ ਭੀ ਗੁਰਮਤਿ ਉਤੇ ਦੋ ਪੁਸਤਕ ਲਿਖੇ = 'ਵਾਰਾਂ' ਅਤੇ 'ਕਬਿਤ'। 'ਵਾਰਾਂ' ਠੇਠ ਪੰਜਾਬੀ ਵਿਚ, 'ਕਬਿਤ' ਬ੍ਰਿਜ-ਭਾਸ਼ਾ ਵਿਚ। ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਆਖੀ ਜਾਂਦੀ ਹੈ। ਇਸ ਦਾ ਇਹ ਭਾਵ ਲਿਆ ਜਾ ਸਕਦਾ ਹੈ ਕਿ ਇਨ੍ਹਾਂ ਨੇ ਗੁਰਮਤਿ ਦੇ ਸਿੱਧਾਂਤ ਆਪਣੀ ਬਾਣੀ ਵਿਚ ਸਪੱਸ਼ਟ ਤੌਰ ਤੇ ਸਮਝਾਏ ਹਨ, ਤੇ ਇਸ ਕੰਮ ਲਈ ਇਨ੍ਹਾਂ ਨੇ ਆਪਣੀ ਬਾਣੀ ਲਿਖਣ ਵਿਚ ਗੁਰਬਾਣੀ ਦਾ ਬਹੁਤ ਆਸਰਾ ਲਿਆ ਹੈ। ਇਸ ਖ਼ਿਆਲ ਨੂੰ ਖੋਲ੍ਹ ਕੇ ਦੱਸਣ ਲਈ ਅਸੀਂ ਭਾਈ ਗੁਰਦਾਸ ਜੀ ਦੀ 26ਵੀਂ ਵਾਰ ਪਾਠਕਾਂ ਦੇ ਸਾਹਮਣੇ ਪੇਸ਼ ਕਰਦੇ ਹਾਂ। ਇਸ ਵਿਚ ਵੇਖੋਗੇ ਕਿ ਥਾਂ ਥਾਂ ਭਾਈ ਗੁਰਦਾਸ ਜੀ ਦੀਆਂ ਤੁਕਾਂ ਗੁਰਬਾਣੀ ਨਾਲ ਮਿਲਦੀਆਂ ਹਨ:

(1) ਪਉੜੀ ਨੰ: 2:

ਆਦਿ ਪੁਰਖੁ ਆਦੇਸੁ ਹੈ, ਓਹੁ ਵੇਖੈ ਓਨ੍ਹਾ ਨਦਰਿ ਨ ਆਇਆ। ੱ ਜਪੁ ਜੀ:

ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ਪਉੜੀ ਨੰ: 30।

(2) ਪਉੜੀ ਨੰ: 3

ਅੰਬਰੁ ਧਰਤਿ ਵਿਛੋੜਿਅਨੁ, ਕੁਦਰਤਿ ਕਰਿ ਕਰਤਾਰ ਕਹਾਇਆ ॥ ਧਰਤੀ ਅੰਦਰਿ ਪਾਣੀਐ, ਵਿਣੁ ਥੰਮਾਂ ਆਗਾਸੁ ਰਹਾਇਆ ॥ ਇੰਨਣ ਅੰਦਰਿ ਅਗਿ ਧਰਿ, ਅਹਿਨਿਸਿ ਸੂਰਜੁ ਚੰਦੁ ਉਪਾਇਆ।

ਮਲਾਰ ਕੀ ਵਾਰ ਮ: 1 ਪਉੜੀ 1:

ਆਪੀਨ੍ਹ੍ਹੈ ਆਪੁ ਸਾਜਿ, ਆਪੁ ਪਛਾਣਿਆ ॥ ਅੰਬਰੁ ਧਰਤਿ ਵਿਛੋੜਿ, ਚੰਦੋਆ ਤਾਣਿਆ ॥ ਵਿਣੁ ਥੰਮ੍ਹ੍ਹਾ ਗਗਨੁ ਰਹਾਇ, ਸਬਦੁ ਨੀਸਾਣਿਆ ॥ ਸੂਰਜੁ ਚੰਦੁ ਉਪਾਇ, ਜੋਤਿ ਸਮਾਣਿਆ ॥ ਕੀਏ ਰਾਤਿ ਦਿਨੰਤੁ, ਚੋਜ ਵਿਡਾਣਿਆ ॥

(3) ਪਉੜੀ ਨੰ: 5:

ਓਅੰਕਾਰਿ ਆਕਾਰੁ ਕਰਿ, ਲਖ ਦਰੀਆਉ ਨ ਕੀਮਤਿ ਪਾਈ। .....ਕੇਵਡੁ ਵਡਾ ਆਖੀਐ, ਕਵਣੁ ਥਾਉ ਕਿਸੁ ਪੁਛਾਂ ਜਾਈ। ਅਪੜਿ ਕੋਇ ਨ ਹੰਘਈ, ਸੁਣਿ ਸੁਣਿ ਆਖਣ ਆਖਿ ਸੁਣਾਈ।

ਸਿਰੀ ਰਾਗੁ ਮ: 1:

ਭੀ ਤੇਰੀ ਕੀਮਤਿ ਨਾ ਪਵੈ, ਹਉ ਕੇਵਡੁ ਆਖਾ ਨਾਉ ॥1॥ ਸਾਚਾ ਨਿਰੰਕਾਰੁ ਨਿਜ ਥਾਇ ॥ ਸੁਣਿ ਸੁਣਿ ਆਖਣ ਆਖਣਾ, ਜੇ ਭਾਵੈ ਕਰੇ ਤਮਾਇ ॥ਰਹਾਉ॥

(4) ਪਉੜੀ ਨੰ: 7:

ਕਲਿਜੁਗਿ ਬੀਜੈ ਸੋ ਲੁਣੈ, ਵਰਤੈ ਧਰਮ ਨਿਆਉ ਸੁਖਾਲਾ।

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ {ਬਾਰਹ ਮਾਹਾ ਮਾਂਝ ਮ: 5

(5) ਪਉੜੀ ਨੰ: 8:

ਸਤਿਜੁਗਿ ਸਤਿ ਤ੍ਰੇਤੈ ਜਗੀ, ਦੁਆਪਰਿ ਪੂਜਾ ਬਹਲੀ ਘਾਲਾ।

ਕਲਿਜੁਗਿ ਗੁਰਮੁਖਿ ਨਾਉ ਲੈ, ਪਾਰਿ ਪਵੈ ਭਵਜਲ ਭਰਨਾਲਾ।

ਗਉੜੀ ਬੈਰਾਗਣਿ, ਭਗਤ ਰਵਿਦਾਸ ਜੀ:

ਸਤਜੁਗਿ ਸਤੁ, ਤ੍ਰੇਤਾ ਜਗੀ, ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ, ਕਲਿ ਕੇਵਲ ਨਾਮ ਆਧਾਰ ॥1॥

ਨੋਟ: ਇਥੇ ਇਹ ਭੀ ਵੇਖ ਲਵੋ ਕਿ ਗੁਰੂ ਗ੍ਰੰਥ ਸਾਹਿਬ ਵਿਚ ਭਾਈ ਗੁਰਦਾਸ ਜੀ ਦੇ ਸਾਹਮਣੇ ਭਗਤ ਰਵਿਦਾਸ ਜੀ ਦੀ ਬਾਣੀ ਭੀ ਮੌਜੂਦ ਹੈ।

(6) (ੳ) ਪਉੜੀ ਨੰ: 9:

ਜਿਨ੍ਹਾਂ ਭਾਉ ਤਿਨ ਨਾਹਿ ਭਉ, ਮੁਚੁ ਭਉ ਅਗੈ ਨਿਭਵਿਆਹਾ ॥

ਸਲੋਕ ਮ: 2:

ਜਿਨਾ ਭਉ ਤਿਨ੍ਹ੍ਹਾ ਨਾਹਿ ਭਉ, ਮੁਚੁ ਭਉ ਨਿਭਵਿਆਹ ॥

(ਅ) ਧਰਿ ਤਾਰਾਜੂ ਤੋਲੀਐ, ਹਉਲਾ ਭਾਰਾ ਤੋਲੁ ਤੁਲਾਹਾ।

ਮ: 1, ਆਸਾ ਦੀ ਵਾਰ:

ਧਰਿ ਤਾਰਾਜੂ ਤੋਲੀਐ, ਨਿਵੈ ਸੁ ਗਉਰਾ ਹੋਇ ॥

(7) ਪਉੜੀ ਨੰ: 10:

ਕਾਰਣੁ ਕਰਤੈ ਵਸਿ ਹੈ, ਵਿਰਲੈ ਦਾ ਓਹੁ ਕਰੈ ਕਰਾਇਆ।

ਮ: 2।:

ਕਾਰਣੁ ਕਰਤੇ ਵਸਿ ਹੈ, ਜਿਨਿ ਕਲ ਰਖੀ ਧਾਰਿ ॥

(8) ਪਉੜੀ ਨੰ: 13:

ਗੁਰੁ ਦਰੀਆਉ ਅਮਾਉ ਹੈ, ਲਖ ਦਰੀਆਉ ਸਮਾਉ ਕਰੰਦਾ। .....

ਸਾਇਰੁ ਸਣੁ ਰਤਨਾਵਲੀ, ਚਾਰਿ ਪਦਾਰਥੁ ਮੀਨ ਤਰੰਦਾ।

ਪ੍ਰਭਾਤੀ ਮ: 1:

ਗੁਰ ਉਪਦੇਸਿ ਜਵਾਹਰ ਮਾਣਕ, ਸੇਵੇ ਸਿਖੁ ਸੋੁ ਖੋਜਿ ਲਹੈ ॥.....

ਗੁਰੁ ਦਰੀਆਉ ਸਦਾ ਜਲੁ ਨਿਰਮਲੁ, ਮਿਲਿਆ ਦੁਰਮਤਿ ਮੈਲੁ ਹਰੈ ॥

ਅਸਾਂ ਵੰਨਗੀ ਦੇ ਤੌਰ ਤੇ ਇਹ ਵਾਰ ਨੰ: 26 ਪੇਸ਼ ਕੀਤੀ ਹੈ। ਜਿਉਂ ਜਿਉਂ ਤੁਸੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਗਹੁ ਨਾਲ ਪੜ੍ਹੋਗੇ ਤੁਹਾਨੂੰ ਇਹ ਗੱਲ ਸਾਫ਼ ਦਿੱਸਦੀ ਜਾਇਗੀ ਕਿ ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦੀ ਡੂੰਘੀ ਵਾਕਫ਼ੀ ਸੀ, ਅਤੇ ਉਹ ਆਪਣੀ ਬਾਣੀ ਵਿਚ ਗੁਰਬਾਣੀ ਵਿਚੋਂ ਬਹੁਤ ਪ੍ਰਮਾਣ ਵਰਤਦੇ ਸਨ।

ਹੁਣ ਵੇਖੋ ਵਾਰ ਨੰ: 24:

ਹੂ-ਬ-ਹੂ ਇਸੇ ਤਰ੍ਹਾਂ ਹੀ ਭਾਈ ਸਾਹਿਬ 'ਸੱਤੇ ਬਲਵੰਡ ਦੀ ਵਾਰ' ਨੂੰ ਵਰਤਦੇ ਹਨ। ਪੜ੍ਹੋ ਉਨ੍ਹਾਂ ਦੀ ਵਾਰ ਨੰ: 24। ਇਸ ਵਾਰ ਦੀਆਂ 25 ਪਉੜੀਆਂ ਹਨ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਇਹ ਲਿਖੀ ਗਈ ਸੀ, ਕਿਉਂਕਿ ਇਸ ਵਿਚ ਗੁਰੂ ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਜ਼ਿਕਰ ਹੈ, ਅਤੇ ਗੁਰੂ ਹਰਿ ਗੋਬਿੰਦ ਸਾਹਿਬ ਦੀ ਉਸਤਤਿ ਭੀ ਦਰਜ ਹੈ। ਹਰੇਕ ਗੁਰ ਵਿਅਕਤੀ ਦੀ ਵਡਿਆਈ ਵਿਚ ਹੇਠ-ਲਿਖੇ ਅਨੁਸਾਰ ਪਉੜੀਆਂ ਦਰਜ ਹਨ:

1 ਤੋਂ 4 ਤਕ ਗੁਰੂ ਨਾਨਕ ਦੇਵ ਜੀ

5 ਤੋਂ 8 ਤਕ ਗੁਰੂ ਅੰਗਦ ਸਾਹਿਬ ਜੀ

9 ਤੋਂ 13 ਤਕ ਗੁਰੂ ਅਮਰਦਾਸ ਸਾਹਿਬ ਜੀ

14 ਤੋਂ 17 ਤਕ ਗੁਰੂ ਰਾਮਦਾਸ ਸਾਹਿਬ ਜੀ

18 ਤੋਂ 21 ਤਕ ਗੁਰੂ ਅਰਜਨ ਸਾਹਿਬ ਜੀ

21, 22 ਗੁਰੂ ਹਰਿ ਗੋਬਿੰਦ ਸਾਹਿਬ ਜੀ

23 ਗੁਰੂ ਅਰਜਨ ਜੀ ਦੀ ਸ਼ਹੀਦੀ

24 ਗੁਰੂ ਹਰਿ ਗੋਬਿੰਦ ਸਾਹਿਬ ਜੀ

25 'ਗੁਰ-ਮੂਰਤਿ ਗੁਰੂ-ਸ਼ਬਦੁ ਹੈ'।

ਹੁਣ ਅਸੀਂ ਪਾਠਕਾਂ ਦੀ ਦਿਲਚਸਪੀ ਵਾਸਤੇ ਇਸ 'ਵਾਰ' ਵਿਚੋਂ ਉਹ ਪ੍ਰਮਾਣ ਪੇਸ਼ ਕਰਦੇ ਹਾਂ ਜੋ 'ਸੱਤੇ ਬਲਵੰਡ ਦੀ ਵਾਰ' ਨਾਲ ਡੂੰਘੀ ਸਾਂਝ ਰੱਖਦੇ ਹਨ:

(1) ਪਉੜੀ ਨੰ: 2, ਭਾਈ ਗੁਰਦਾਸ ਜੀ:

ਨਿਹਚਲ ਨੀਉ ਧਰਾਈਓਨੁ, ਸਾਧ ਸੰਗਤਿ ਸਚ ਖੰਡ ਸਮੇਉ।

ਪਉੜੀ ਨੰ: 1, ਬਲਵੰਡ:

ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ ॥

(2) ਪਉੜੀ ਨੰ: 3, ਭਾਈ ਗੁਰਦਾਸ ਜੀ:

ਇਕੁ-ਛਤਿ ਰਾਜੁ ਕਮਾਂਵਦਾ, ਦੁਸਮਣੁ ਦੂਤੁ ਨ ਸੋਰ ਸ਼ਰਾਬਾ।

ਨੰ: 1, ਬਲਵੰਡ:

ਨਾਨਕਿ ਰਾਜੁ ਚਲਾਇਆ..... ॥

(3) ਪਉੜੀ ਨੰ: 2; 3, ਭਾਈ ਗੁਰਦਾਸ ਜੀ:

ਜਗਤੁ ਗੁਰੂ ਗੁਰੁ ਨਾਨਕੁ ਦੇਉ। = 2

ਜਾਹਰ ਪੀਰੁ ਜਗਤੁ ਗੁਰੁ ਬਾਬਾ। = 3

ਬਲਵੰਡ ਪਉੜੀ ਨੰ: 1 ਵਿਚ ਆਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਨਾਮਣਾ ਬਿਆਨ ਨਹੀਂ ਕੀਤਾ ਜਾ ਸਕਦਾ:

ਨਾਉ ਕਰਤਾ ਕਾਦਰੁ ਕਰੇ, ਕਿਉ ਬੋਲੁ ਹੋਵੈ ਜੋਖੀਵਦੈ ॥ = 1

(4) ਪਉੜੀ ਨੰ: 6 = ਭਾਈ ਗੁਰਦਾਸ ਜੀ

ਜੋਤਿ ਸਮਾਣੀ ਜੋਤਿ ਵਿਚਿ, ਗੁਰਮਤਿ ਸੁਖੁ, ਦੁਰਮਤਿ ਦੁਖ ਦਹਣਾ।

ਪਉੜੀ ਨੰ: 4 ਸੱਤਾ:

ਜੋਤਿ ਸਮਾਣੀ ਜੋਤਿ ਮਾਹਿ, ਆਪੁ ਆਪੈ ਸੇਤੀ ਮਿਕਿਓਨੁ ॥

(5) ਪਉੜੀ ਨੰ: 7 = ਭਾਈ ਗੁਰਦਾਸ ਜੀ

'ਪੁਤੁ ਸਪੁਤੁ ਬਬਾਣੇ ਲਹਿਣਾ। ' ਇਸ ਦੇ ਟਾਕਰੇ ਤੇ

ਬਲਵੰਡ, ਪਉੜੀ ਨੰ: 2:

ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥

(6) ਪਉੜੀ ਨੰ: 10, ਭਾਈ ਗੁਰਦਾਸ ਜੀ:

ਪੋਤਾ ਪਰਵਾਣੀਕ ਨਵੇਲਾ।

ਨੰ: 6, ਸੱਤਾ:

ਪਿਯੂ ਦਾਦੇ ਜੇਵਿਹਾ, ਪੋਤਾ ਪਰਵਾਣੁ ॥

(7) ਗੁਰੂ ਅਮਰਦਾਸ ਜੀ ਦੀ ਬਾਬਤ

ਪਉੜੀ ਨੰ: 12, ਭਾਈ ਗੁਰਦਾਸ ਜੀ:

ਸੋ ਟਿਕਾ ਸੋ ਬੈਹਣਾ, ਸੋਈ ਸਚਾ ਹੁਕਮ ਚਲਾਇਆ।

ਪਉੜੀ ਨੰ: 6, ਸੱਤਾ:

ਸੋ ਟਿਕਾ ਸੋ ਬੈਹਣਾ, ਸੋਈ ਦੀਬਾਣੁ ॥

(8) ਪਉੜੀ ਨੰ: 15, ਭਾਈ ਗੁਰਦਾਸ ਜੀ:

ਪੀਊ ਦਾਦੇ ਜੇਵੇਹਾ, ਪੜਦਾਦੇ ਪਰਵਾਣੁ ਪੜੋਤਾ।

ਪਉੜਾ ਨੰ: 6, ਸੱਤਾ:

ਪਿਯੂ ਦਾਦੇ ਜੇਵਿਹਾ, ਪੋਤਾ ਪਰਵਾਣੁ ॥

(9) ਪਉੜੀ ਨੰ: 19, ਭਾਈ ਗੁਰਦਾਸ ਜੀ:

ਤਖਤੁ ਬਖਤੁ ਲੈ ਮੱਲਿਆ, ਸਬਦ ਸੁਰਤਿ ਵਾਪਾਰਿ ਸਪੱਤਾ।

ਪਉੜੀ ਨੰ: 8, ਸੱਤਾ:

ਤਖਤਿ ਬੈਠਾ ਅਰਜਨ ਗੁਰੂ.....॥

(10) ਪਉੜੀ ਨੰ: 20, ਭਾਈ ਗੁਰਦਾਸ ਜੀ:

ਲੰਗਰੁ ਚਲੈ ਗੁਰ ਸਬਦਿ, ਪੂਰੇ ਪੂਰੀ ਬਣੀ ਬਣੱਤਾ।

ਪਉੜੀ ਨੰ: 2, ਬਲਵੰਡ:

ਲੰਗਰੁ ਚਲੈ ਗੁਰ ਸਬਦਿ, ਹਰਿ ਤੋਟਿ ਨ ਆਵੀ ਖਟੀਐ ॥

(11) ਪਉੜੀ ਨੰ: 20, ਭਾਈ ਗੁਰਦਾਸ ਜੀ:

ਗੁਰਮੁਖਿ ਛਤ੍ਰੁ ਨਿਰੰਜਨੀ, ਪੂਰਨ ਬ੍ਰਹਮ ਪਰਮਪਦ ਪੱਤਾ।

ਪਉੜੀ ਨੰ: 2, ਬਲਵੰਡ:

ਝੁਲੈ ਸੁ ਛਤੁ ਨਿਰੰਜਨੀ, ਮਲਿ ਤਖਤੁ ਬੈਠਾ ਗੁਰ ਹਟੀਐ ॥

ਉਪਰੋਕਤ ਪੁਸਤਕ ਵਿਚ ਸੱਤੇ ਬਲਵੰਡ ਦੇ ਵਿਰੁੱਧ ਇਕ ਇਹ ਦੂਸ਼ਣ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਗੁਰੂ ਅੰਗਦ ਸਾਹਿਬ ਦਾ ਨਾਮ 'ਲਹਿਣਾ' ਲਿਖ ਕੇ ਮਨ ਮਤਿ ਕੀਤੀ ਹੈ। ਵੇਖੋ ਪੰਨਾ ਨੰ: 151। {ਨੋਟ: ਗੁਰੂ ਅੰਗਦ ਸਾਹਿਬ ਨੂੰ ਲਹਿਣਾ ਸ਼ਬਦ ਵਰਤ ਕੇ ਅਤੀ ਗ਼ਲਤੀ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਬਾਬੇ ਲਹਿਣੇ ਨੂੰ ਗੁਰਤਾ ਦੇ ਕੇ ਗੁਰੂ ਅੰਗਦ ਵਿਚ ਤਬਦੀਲ ਕਰ ਦਿੱਤਾ ਸੀ, ਕਿਉਂਕਿ ਮਿਰਾਸੀ ਗੁਰਮਤਿ ਫ਼ਿਲਾਸਫ਼ੀ ਤੋਂ ਨਾਵਾਕਫ਼ ਸਨ, ਇਸ ਵਾਸਤੇ ਉਨ੍ਹਾਂ ਨੇ ਕੀਤਾ ਹੋਵੇਗਾ। ਪਰ ਸਿੱਖੀ ਨੁਕਤਾ ਨਿਗਾਹ ਅਨੁਸਾਰ ਅਪਰਾਧ ਹੈ। }

ਇਸ ਸੰਬੰਧੀ ਅਸੀਂ ਇਸ ਦੇ ਲੇਖਕ ਜੀ ਦੀ ਵਿਚਾਰ ਵਾਸਤੇ ਭਾਈ ਗੁਰਦਾਸ ਜੀ ਦੀ ਉਸੇ 'ਵਾਰ' ਨੰ: 24 ਵਿਚੋਂ ਪ੍ਰਮਾਣ ਪੇਸ਼ ਕਰਦੇ ਹਾਂ।

ਭਾਈ ਗੁਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਵਡਿਆਈ ਕਰਦੇ ਹੋਏ ਇਉਂ ਲਿਖਦੇ ਹਨ:

(ੳ) ਬਾਬਾਣੈ ਘਰਿ ਚਾਨਣੁ ਲਹਣਾ। = ਪਉੜੀ ਨੰ: 6

(ਅ) ਪੁਤੁ ਸਪੁਤੁ ਬਬਾਣੈ ਲਹਣਾ। = ਪਉੜੀ ਨੰ: 7

ਭਾਈ ਗੁਰਦਾਸ ਜੀ ਦੀ ਇਸ 'ਵਾਰ' ਨੰ: 24 ਅਤੇ ਸੱਤੇ ਬਲਵੰਡ ਦੀ ਵਾਰ ਵਿਚ ਹੋਰ ਭੀ ਕਈ ਸਾਂਝਾਂ ਹਨ। ਅਸਾਂ ਇਥੇ ਪਾਠਕਾਂ ਨੂੰ ਸਿਰਫ਼ ਵੰਨਗੀ ਵਿਖਾਈ ਹੈ। ਪਾਠਕ ਆਪ ਨਿਰਨਾ ਕਰ ਲੈਣਗੇ ਕਿ 'ਸੱਤੇ ਬਲਵੰਡ ਦੀ ਵਾਰ' ਗੁਰੂ ਅਰਜਨ ਸਾਹਿਬ ਦੀ ਹਯਾਤੀ ਵਿਚ ਹੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸੀ।

ੴ ਸਤਿਗੁਰ ਪ੍ਰਸਦਿ ॥

ਸੱਤੇ ਬਲਵੰਡ ਨੇ ਇਹ 'ਵਾਰ' ਕਦੋਂ ਤੇ ਕਿਉਂ ਉਚਾਰੀ?

ਕਵੀ ਸੰਤੋਖ ਸਿੰਘ ਜੀ ਨੇ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਵਿਚ ਇਹਨਾਂ ਦੀ ਜੋ ਸਾਖੀ ਲਿਖੀ ਹੈ ਉਹ ਬੜੀ ਸੁੰਦਰ ਤੇ ਦਿਲ-ਖਿਚਵੀਂ ਹੈ। ਕਵੀ ਜੀ ਨੇ ਇਹ ਘਟਨਾ ਗੁਰੂ ਅਰਜਨ ਸਾਹਿਬ ਦੇ ਵੇਲੇ ਦੀ ਦੱਸੀ ਹੈ। ਸਾਖੀ ਇਉਂ ਹੈ ਕਿ ਬਲਵੰਡ ਤੇ ਸੱਤਾ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ ਕੀਰਤਨ ਕਰਦੇ ਸਨ। ਲੜਕੀ ਦੀ ਸ਼ਾਦੀ ਤੇ ਮਾਇਆ ਮੰਗੀਓ ਨੇ। ਉਹਨਾਂ ਦੀ ਆਪਣੀ ਮਰਜ਼ੀ ਅਨੁਸਾਰ ਤਸੱਲੀ ਨਾਹ ਹੋਈ, ਤਾਂ ਕੀਰਤਨ ਕਰਨੋਂ ਵਿੱਟਰ ਬੈਠੇ, ਗੁਰੂ ਅਰਜਨ ਸਾਹਿਬ ਆਪ ਸੱਦਣ ਗਏ ਤਾਂ ਭੀ ਉਹ ਨਾਹ ਮੰਨੇ; ਸਗੋਂ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਵਿਚ ਕੁਬੋਲ ਵਰਤਿਓ ਨੇ। ਸਤਿਗੁਰੂ ਜੀ ਨੇ ਸੰਗਤਿ ਨੂੰ ਖ਼ੁਦ ਕੀਰਤਨ ਕਰਨ ਲਈ ਹੁਕਮ ਕੀਤਾ ਤੇ ਕਿਹਾ ਕਿ ਬਲਵੰਡ ਸੱਤੇ ਪਾਸੋਂ ਕੋਈ ਸਿੱਖ ਕੀਰਤਨ ਨਾਹ ਸੁਣੇ। ਇਹ ਜਦੋਂ ਭੁੱਖੇ ਮਰਨ ਲੱਗੇ, ਮਾਣ ਟੁੱਟੋ ਨੇ, ਤਾਂ ਲਾਹੌਰ-ਨਿਵਾਸੀ ਭਾਈ ਲੱਧਾ ਜੀ ਨੂੰ ਸਿਫ਼ਾਰਸ਼ ਲਈ ਨਾਲ ਲਿਆਏ। ਮਾਫ਼ੀ ਮਿਲੀ ਤੇ ਗੁਰ-ਉਸਤਤਿ ਵਿਚ ਇਹ 'ਵਾਰ' ਉਚਾਰੀਓ ਨੇ।

ਕੁਝ ਲਿਖਾਰੀ ਇਸ 'ਵਾਰ' ਦਾ ਸੰਬੰਧ ਗੁਰੂ ਅੰਗਦ ਦੇਵ ਜੀ ਨਾਲ ਜੋੜਦੇ ਹਨ

ਮਿਸਟਰ ਮੈਕਾਲਿਫ਼ ਨੇ ਆਪਣੇ ਸਿੱਖ-ਸਲਾਹਕਾਰਾਂ ਦੀ ਦੱਸੀ ਵਿਚਾਰ-ਅਨੁਸਾਰ ਇਹ ਸਾਖੀ ਗੁਰੂ ਅੰਗਦ ਸਾਹਿਬ ਦੇ ਸਮੇ ਦੀ ਲਿਖੀ ਹੈ। ਇਸ ਦੀ ਪ੍ਰੋੜ੍ਹਤਾ ਵਿਚ ਉਹ ਲਿਖਦੇ ਹਨ ਕਿ ਅਸਾਂ ਗਿਆਨੀ ਸਰਦੂਲ ਸਿੰਘ ਤੇ ਗਿਆਨੀ ਧਿਆਨ ਸਿੰਘ ਤੋਂ ਇਹ ਖ਼ਿਆਲ ਲਿਆ ਹੈ। ਗਿਆਨੀ ਬਿਸ਼ਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਵਿਚ ਦੋਹਾਂ ਖ਼ਿਆਲਾਂ ਦਾ ਮਿਲਭੋਗਾ ਕਰ ਦਿੱਤਾ ਹੈ। ਸ਼ੁਰੂ ਵਿਚ ਲਿਖਦੇ ਹਨ ਕਿ ਇਹ ਘਟਨਾ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਈ, ਪਰ ਅਖ਼ੀਰ ਵਿਚ ਲਿਖਦੇ ਹਨ ਕਿ ਇਹ 'ਵਾਰ' ਗੁਰੂ ਅੰਗਦ ਸਾਹਿਬ ਦੀ ਗੁਰਿਆਈ ਵੇਲੇ ਪੜ੍ਹੀ ਗਈ। 'ਸ਼ਬਦਾਰਥ' ਦੇ ਲਿਖਾਰੀ ਲਿਖਦੇ ਹਨ ਕਿ ਮਰਦਾਨੇ ਦੀ ਔਲਾਦ ਵਿਚ ਸੱਤਾ ਤੇ ਬਲਵੰਡ ਦੋ ਭਰਾ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ ਕੀਰਤਨ ਕਰਦੇ ਸਨ; ਲੜਕੀ ਦੀ ਸ਼ਾਦੀ ਤੇ ਵੈਸਾਖੀ ਦੀ ਚੜ੍ਹਤ ਮਿਲੀਓ ਨੇ: ਥੋੜੀ ਸੀ, ਰੁੱਸ ਗਏ। ਭਾਈ ਲੱਧਾ ਜੀ ਦੀ ਸਿਫਾਰਸ਼ ਤੇ ਫੇਟਾ ਦੂਰ ਹੋਇਆ ਤੇ ਉਹਨਾਂ ਨੇ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਇਹ 'ਵਾਰ' ਉਚਾਰੀ। 'ਸ਼ਬਦਾਰਥ' ਦੇ ਅਨੁਸਾਰ ਇਹ ਡੂਮ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇ ਤਕ ਜਿਊਂਦੇ ਰਹੇ, ਹਰੇਕ ਗੁਰੂ ਦੀ 'ਗੱਦੀ-ਨਸ਼ੀਨੀ' ਵੇਲੇ ਉਸਤਤਿ ਦੀ ਪਉੜੀ ਰਚਦੇ ਰਹੇ; ਜੋ ਪਉੜੀ ਉਹਨਾਂ ਗੁਰੂ ਹਰਿਗੋਬਿੰਦ ਜੀ ਦੀ 'ਗੱਦੀ-ਨਸ਼ੀਨੀ' ਵੇਲੇ ਉਚਾਰੀ, ਉਹ ਸ਼ਹਿਰ ਰਾਵਲ-ਪਿੰਡੀ ਧਰਮਸਾਲਾ ਭਾਈ ਬੂਟਾ ਸਿੰਘ ਦੀ ਵਿਚ ਇਕ ਪੁਰਾਤਨ ਬੀੜ ਵਿਚ ਦਰਜ ਹੈ। ਮਿਸਟਰ ਮੈਕਾਲਿਫ਼ ਲਿਖਦਾ ਹੈ ਕਿ ਇਹ 'ਵਾਰ' ਬਲਵੰਡ ਨੇ ਗੁਰੂ ਅੰਗਦ ਸਾਹਿਬ ਤੋਂ ਮਾਫ਼ੀ ਮਿਲਣ ਤੇ ਲਿਖੀ ਸੀ, ਝਗੜਾ ਹੈ ਹੀ ਬਲਵੰਡ ਦਾ ਸੀ। ਸੱਤੇ ਨੇ ਅਖ਼ੀਰਲੀਆਂ 3 ਪਉੜੀਆਂ ਗੁਰੂ ਅਰਜਨ ਸਾਹਿਬ ਦੇ ਸਮੇ ਲਿਖੀਆਂ, ਕੇਵਲ ਇਸ ਵਾਸਤੇ ਕਿ ਪੰਜਾਂ ਗੁਰੂਆਂ ਦੀ ਉਸਤਤਿ ਮੁਕੰਮਲ ਹੋ ਜਾਏ ਤੇ 'ਵਾਰ' 'ਬੀੜ' ਵਿਚ ਚੜ੍ਹਾਈ ਜਾ ਸਕੇ। ਇਸ 'ਵਾਰ' ਦੀ ਪੰਜਵੀਂ ਪਉੜੀ ਦਾ ਅਰਥ ਕਰਨ ਲੱਗਿਆਂ ਤੁਕ "ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ" ਤੇ ਮੈਕਾਲਿਫ਼ ਨੋਟ ਲਿਖਦਾ ਹੈ ਕਿ ਇਥੇ "ਬਲਵੰਡ" ਆਪਣੇ ਆਪ ਨੂੰ ਫਿਟਕਾਰ ਪਾਂਦਾ ਹੈ। ਸੋ, ਮੈਕਾਲਿਫ਼ ਦੇ ਖ਼ਿਆਲ ਅਨੁਸਾਰ ਪਹਿਲੀਆਂ 5 ਪਉੜੀਆਂ ਬਲਵੰਡ ਨੇ ਉਚਾਰੀਆਂ, ਤੇ ਝਗੜਾ ਭੀ ਇਸੇ ਨਾਲ ਹੋਇਆ ਸੀ। 'ਸ਼ਬਦਾਰਥ' ਵਾਲਿਆਂ ਨੇ ਇਹ ਨਿਰਨਾ ਨਹੀਂ ਕੀਤਾ ਕਿ ਕਿਸ ਕਿਸ ਕੇਹੜੀ ਕੇਹੜੀ ਪਉੜੀ ਉਚਾਰੀ। ਆਖ਼ਰ ਦੋਵੇਂ ਇਕੱਠੇ ਤਾਂ ਇਕੋ ਚੀਜ਼ ਦੇ ਕਰਤਾ ਨਹੀਂ ਸਨ ਹੋ ਸਕਦੇ।

ਇਹਨਾਂ ਉੱਪਰ-ਦੱਸੇ ਸੱਜਣਾਂ ਦੀ ਸਾਰੀ ਵਿਚਾਰ ਦਾ ਸਿੱਟਾ:

(1) ਬਲਵੰਡ ਤੇ ਸੱਤਾ ਮਰਦਾਨੇ ਦੀ ਔਲਾਦ ਵਿਚੋਂ ਸਨ। = ਸ਼ਬਦਾਰਥ

(2) ਗੁਰੂ ਅੰਗਦ ਸਾਹਿਬ ਨਾਲ ਇਹ ਨਾਰਾਜ਼ ਹੋਏ ਸਨ। = ਮੈਕਾਲਿਫ਼ ਤੇ ਸ਼ਬਦਾਰਥ

(3) ਭਾਈ ਲੱਧਾ ਜੀ ਦੀ ਰਾਹੀਂ ਗੁਰੂ ਅੰਗਦ ਸਾਹਿਬ ਤੋਂ ਮਾਫ਼ੀ ਮਿਲੀ ਸੀ।

(4) ਪਹਿਲੀਆਂ ਪੰਜ ਪਉੜੀਆਂ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਦੋਹਾਂ ਨੇ ਉਚਾਰੀਆਂ।

(5) ਪਿਛਲੀਆਂ 3 ਪਉੜੀਆਂ ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਦੀ ਗੁਰਿਆਈ ਵੇਲੇ ਇਹਨਾਂ ਦੋਹਾਂ ਨੇ ਉਚਾਰੀਆਂ।

(6) ਗੁਰੂ ਹਰਿ ਗੋਬਿੰਦ ਸਾਹਿਬ ਦੀ ਉਸਤਤਿ ਵਾਲੀ ਪਉੜੀ ਦਰਜ ਹੋਣੋਂ ਰਹਿ ਗਈ ਹੈ।

(7) ਪਹਿਲੀਆਂ 5 ਪਉੜੀਆਂ ਬਲਵੰਡ ਨੇ ਉਚਾਰੀਆਂ, ਝਗੜਾ ਇਸੇ ਨਾਲ ਸੀ; ਸੱਤੇ ਨੇ ਤਾਂ ਗੁਰੂ ਅਰਜਨ ਸਾਹਿਬ ਦੇ ਵੇਲੇ ਇਸ 'ਵਾਰ' ਨੂੰ ਮੁਕੰਮਲ ਕਰਨ ਲਈ 3 ਪਉੜੀਆਂ ਉਚਾਰੀਆਂ। = ਮੈਕਾਲਿਫ਼

(8) ਇਹ 'ਵਾਰ' ਗੁਰੂ ਅੰਗਦ ਸਾਹਿਬ ਦੀ ਗੁਰਿਆਈ ਵੇਲੇ ਪੜ੍ਹੀ ਗਈ।

(9) ਬਲਵੰਡ ਤੇ ਸੱਤੇ ਦੀ ਲੜਕੀ ਦੀ ਸ਼ਾਦੀ ਤੇ ਇਹ ਨਾਰਾਜ਼ਗੀ ਹੋਈ। ਪਰ ਦੋਹਾਂ ਵਿਚੋਂ ਲੜਕੀ ਕਿਸ ਦੀ ਸੀ? ਇਹ ਕਿਸੇ ਨੇ ਭੀ ਨਹੀਂ ਲਿਖਿਆ। ਹਾਂ, ਮੈਕਾਲਿਫ਼ ਦੇ ਇਹ ਲਿਖਣ ਤੋਂ ਕਿ ਝਗੜਾ ਬਲਵੰਡ ਨਾਲ ਸੀ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਮੈਕਾਲਿਫ਼-ਅਨੁਸਾਰ ਲੜਕੀ 'ਬਲਵੰਡ' ਦੀ ਸੀ।

ਇਹਨਾਂ ਖ਼ਿਆਲਾਂ ਨੂੰ ਇਕ ਇਕ ਕਰ ਕੇ ਵਿਚਾਰੀਏ:

ਕੀ ਬਲਵੰਡ ਤੇ ਸੱਤਾ ਗੁਰੂ ਅੰਗਦ ਸਾਹਿਬ ਨਾਲ ਨਾਰਾਜ਼ ਹੋਏ ਸਨ?

ਸਾਖੀ-ਅਨੁਸਾਰ, ਬਲਵੰਡ ਜਾਂ ਸੱਤੇ ਦੀ ਲੜਕੀ ਦੀ ਸ਼ਾਦੀ ਦੇ ਮੌਕੇ ਤੇ ਨਾਰਾਜ਼ਗੀ ਹੋਈ ਸੀ। ਇਹਨਾਂ ਵਿਚੋਂ ਜਿਸ ਧਿਰ ਦੀ ਭੀ ਲੜਕੀ ਸੀ, ਵਿਆਹੁਣ-ਜੋਗ ਲੜਕੀ ਦੀ ਉਮਰ ਜੇ 16 ਸਾਲ ਮਿਥੀ ਜਾਏ ਤੇ ਜੇ ਇਹ ਜੇਠੀ ਲੜਕੀ ਭੀ ਸੀ ਤਾਂ ਜੇ ਲੜਕੀ ਦੇ ਪਿਤਾ ਦੀ ਉਮਰ ਲੜਕੀ ਦੇ ਜੰਮਣ ਵੇਲੇ ਘਟ ਤੋਂ ਘਟ 20 ਸਾਲ ਮਿਥ ਲਈ ਜਾਵੇ ਤਾਂ ਲੜਕੀ ਦੀ ਸ਼ਾਦੀ ਵੇਲੇ ਉਸ ਦੀ ਉਮਰ 36 ਸਾਲ ਹੋਣੀ ਚਾਹੀਦੀ ਹੈ।

ਰੁੱਸਣ ਦਾ ਕਾਰਨ ਇਹ ਸੀ ਕਿ ਵਿਆਹ ਵਾਸਤੇ ਜਿਤਨੀ ਕੁ ਮਾਇਆ ਇਹਨਾਂ ਨੂੰ ਚਾਹੀਦੀ ਸੀ, ਉਤਨੀ ਇਹਨਾਂ ਨੂੰ ਗੁਰੂ-ਦਰ ਤੋਂ ਮਿਲ ਨਾਹ ਸਕੀ। ਸਾਖੀ-ਅਨੁਸਾਰ, ਵੈਸਾਖੀ ਦੇ ਪੁਰਬ ਸਮੇ ਦੀ ਸਾਰੀ ਚੜ੍ਹਤ ਭੀ ਇਹਨਾਂ ਲਈ ਕਾਫ਼ੀ ਨਾਹ ਹੋ ਸਕੀ। ਇਹ ਰੁੱਸ ਕੇ ਚਲੇ ਗਏ; ਸਤਿਗੁਰੂ ਜੀ ਮਨਾਣ ਗਏ ਪਰ ਉਹ ਨਾਹ ਆਏ। ਇਹਨਾਂ ਨੂੰ ਮਾਣ ਸੀ ਕਿ ਜਿਥੇ ਭੀ ਜਾ ਕੇ ਕੀਰਤਨ ਕਰਾਂਗੇ, ਰੋਜ਼ੀ ਕਮਾ ਲਵਾਂਗੇ। ਰੁਸੇਵੇਂ ਦਾ ਕਾਰਨ ਵਿਆਹ ਲਈ ਲੋੜੀਂਦੀ ਮਾਇਆ ਦਾ ਨਾਹ ਮਿਲਣਾ ਹੀ ਸੀ, ਜੇ ਉਹਨਾਂ ਨੂੰ ਮਾਇਆ ਮਿਲ ਜਾਂਦੀ ਤਾਂ ਰੁੱਸਣ ਦੀ ਲੋੜ ਨਾਹ ਪੈਂਦੀ। ਸੋ, ਜੇ ਇਸ ਸਾਖੀ ਦੇ ਡੂੰਘ ਵਿਚ ਗਹੁ ਨਾਲ ਜਾਈਏ ਤਾਂ ਹੇਠ-ਲਿਖੇ ਸੰਸੇ ਉਠਦੇ ਹਨ:

(ੳ) ਕੀ ਸਚ ਮੁਚ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ ਇਤਨੀ ਭੇਟਾ ਭੀ ਨਹੀਂ ਸੀ ਆਉਂਦੀ ਕਿ ਉਹ ਗੁਰੂ-ਦਰ ਦੇ ਕੀਰਤਨੀਆਂ ਦੀ ਇਕ ਮਾਮੂਲੀ ਜਿਹੀ ਲੋੜ ਭੀ ਪੂਰੀ ਨਾਹ ਕਰ ਸਕੇ?

(ਅ) ਬਲਵੰਡ ਤੇ ਸੱਤੇ ਦਾ ਰੁਜ਼ਗਾਰ ਸਤਿਗੁਰੂ ਜੀ ਦੇ ਦਰ ਤੇ ਕੀਰਤਨ ਕਰਨਾ ਸੀ; ਉਹਨਾਂ ਦੀਆਂ ਮਾਇਕ ਲੋੜਾਂ ਉਸੇ ਦਰ ਤੋਂ ਹੀ ਪੂਰੀਆਂ ਹੋਣੀਆਂ ਸਨ। ਇਹ ਗੱਲ ਅਣ-ਹੋਣੀ ਜਾਪਦੀ ਹੈ ਕਿ ਸਤਿਗੁਰੂ ਜੀ ਨੇ ਕਿਸੇ ਖ਼ਾਸ ਇਕ ਦਿਨ ਦੀ ਹੀ ਭੇਟਾ ਦੇਣ ਦਾ ਇਕਰਾਰ ਕੀਤਾ ਹੋਵੇ, ਭਾਵੇਂ ਉਸ ਵਿਚ ਉਹਨਾਂ ਦੀ ਲੋੜ ਪੂਰੀ ਹੋਵੇ ਭਾਵੇਂ ਨਾਹ ਹੋਵੇ। ਉਹਨਾਂ ਦੀ ਥੁੜ ਪੂਰੀ ਨਾਹ ਕਰ ਕੇ ਕਿਸੇ ਜ਼ਬਾਨੀ ਢਾਰਸ ਦੇ ਆਸਰੇ ਉਹਨਾਂ ਨੂੰ ਮਨਾਣ ਜਾਣਾ ਵਿਅਰਥ ਜਾਪਦਾ ਹੈ।

(ੲ) ਕਈ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਬਲਵੰਡ ਤੇ ਸੱਤੇ ਨੇ ਲੜਕੀ ਦੇ ਵਿਆਹ ਲਈ ਮਾਇਆ ਮੰਗੀ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਦੋ ਮਹੀਨਿਆਂ ਨੂੰ ਵੈਸਾਖੀ ਦੇ ਮੇਲੇ ਤੇ ਪ੍ਰਬੰਧ ਕਰ ਦਿਆਂਗੇ, ਪਰ ਰਬਾਬੀ ਇਸ ਗੱਲੋਂ ਰੁੱਸ ਗਏ ਕਿ ਹੁਣੇ ਹੀ ਕਿਉਂ ਨਹੀਂ ਪ੍ਰਬੰਧ ਕੀਤਾ ਜਾਂਦਾ। ਇਹ ਖ਼ਿਆਲ ਬਹੁਤ ਹੀ ਕੱਚਾ ਜਿਹਾ ਹੈ। ਹਰੇਕ ਮਨੁੱਖ ਜਿਸ ਨੂੰ ਆਪਣੀ ਹੱਥੀਂ ਨੌਕਰੀ ਜਾਂ ਮਜ਼ਦੂਰੀ ਆਦਿਕ ਨਾਲ ਰੋਜ਼ੀ ਕਮਾਣੀ ਪੈਂਦੀ ਹੈ ਆਪਣੇ ਅੰਦਰ ਧਿਆਨ ਮਾਰ ਕੇ ਵੇਖ ਲਏ ਕਿ ਕੀ ਇਸ ਸਾਧਾਰਨ ਜਿਹੀ ਗੱਲ ਪਿੱਛੇ ਉਹ ਆਪਣੇ ਰੁਜ਼ਗਾਰ ਦੇ ਵਸੀਲੇ ਨਾਲ ਇਸ ਤਰ੍ਹਾਂ ਤੋੜ-ਵਿਛੋੜੇ ਕਰ ਸਕਦਾ ਹੈ। ਹਾਂ, ਸੱਤਾ ਤੇ ਬਲਵੰਡ ਇਹ ਤਦੋਂ ਹੀ ਕਰ ਸਕਦੇ ਸਨ, ਜੇ:

(1) ਉਹਨਾਂ ਨੂੰ ਦੋ ਮਹੀਨੇ ਵਿਚ ਭੀ ਲੋੜੀਂਦੀ ਮਾਇਆ ਮਿਲਣ ਦੀ ਆਸ ਨਹੀਂ ਸੀ, ਤੇ

(2) ਕਿਸੇ ਹੋਰ ਪਾਸੇ ਵਲੋਂ ਉਹਨਾਂ ਨੂੰ ਚੁੱਕ ਸੀ ਜਾਂ ਆਸ ਸੀ ਕਿ ਇਸ ਗੁਰੂ ਨੂੰ ਛੱਡ ਕੇ ਇਹਨਾਂ ਵਰਗੇ ਕਿਸੇ ਹੋਰ ਪਾਸ ਚੱਲ ਕੀਰਤਨ ਕਰਨਗੇ।

(3) ਇਹ 'ਚੁੱਕ' ਜਾਂ 'ਆਸ' ਭੀ ਤਾਂ ਹੀ ਸੰਭਵ ਹੋ ਸਕਦੀ ਸੀ ਜੇ ਸਤਿਗੁਰੂ ਜੀ ਦਾ ਕੋਈ ਵਿਰੋਧੀ ਹੋਵੇ ਜੋ ਗੁਰਿਆਈ ਦੀ ਗੱਦੀ ਦਾ ਸ਼ਰੀਕ ਹੋਵੇ, ਤੇ

(4) ਜਿਸ ਗੁਰੂ ਨਾਲ ਇਹ ਰੁੱਸੇ ਸਨ ਉਹ ਅਜੇ ਨਵੇਂ ਨਵੇਂ ਹੀ ਗੱਦੀ ਤੇ ਬੈਠੇ ਹੋਣ, ਤੇ

(5) ਉਹਨਾਂ ਦਾ ਆਪਣਾ ਜੀਵਨ ਅਜੇ ਇਤਨਾ ਉੱਘਾ ਨਾਹ ਹੋਇਆ ਹੋਵੇ ਜਿਸ ਦਾ ਡੂੰਘਾ ਪ੍ਰਭਾਵ ਸੱਤੇ ਬਲਵੰਡ ਦੇ ਮਨ ਉਤੇ ਇਤਨਾ ਪੈ ਸਕਦਾ ਕਿ ਉਹ ਮਾਇਆ ਦੀ ਥੁੜ ਵਿਚ ਭੀ ਤੋੜ-ਵਿਛੋੜੇ ਨਾਹ ਕਰਦੇ।

(6) ਉਮਰ ਦਾ ਭੀ ਬੜਾ ਅਸਰ ਪੈਂਦਾ ਹੈ। ਵਡੇਰੀ ਉਮਰ ਦੇ ਅੱਗੇ ਸਹਜ ਸੁਭਾਇ ਸਿਰ ਨਿਉਂ ਜਾਂਦਾ ਹੈ; ਤੇ ਜਿਨ੍ਹਾਂ ਦਾ ਰੋਜ਼ੀ ਦਾ ਸੁਆਲ ਹੋਵੇ ਉਹ ਤਾਂ ਮਾਮੂਲੀ ਜਿਹੀ ਗੱਲ ਤੋਂ ਆਕੀ ਹੋ ਹੀ ਨਹੀਂ ਸਕਦੇ। ਕੀ ਗੁਰੂ ਅੰਗਦ ਸਾਹਿਬ ਦੀ ਉਮਰ ਇਸ ਘਟਨਾ ਵੇਲੇ ਲੜਕੀ ਦੇ ਪਿਉ-ਰਬਾਬੀ ਦੀ ਉਮਰ ਨਾਲੋਂ ਕਾਫ਼ੀ ਘੱਟ ਸੀ ਕਿ ਉਹ ਇਸ ਬਿਲਕੁਲ ਸਾਦਾ ਜਿਹੀ ਗੱਲ ਤੋਂ ਭੀ ਅੱਗੇ ਬੋਲ ਪਿਆ?

(7) ਇਕ ਗੱਲ ਹੈਰਾਨੀ ਵਾਲੀ ਹੋਰ ਹੈ। ਸੱਤਾ ਤੇ ਬਲਵੰਡ ਭਾਈ ਮਰਦਾਨੇ ਦੀ ਔਲਾਦ ਵਿਚੋਂ ਸਨ, ਤਾਂ ਇਤਨੇ ਖਰ੍ਹਵੇ ਹੋ ਕੇ ਸਤਿਗੁਰੂ ਜੀ ਨਾਲੋਂ ਤੋੜਨ ਵੇਲੇ ਉਹਨਾਂ ਨੂੰ ਇਹ ਭੀ ਖ਼ਿਆਲ ਨਾਹ ਆਇਆ ਕਿ ਉਹਨਾਂ ਦੇ ਬਜ਼ੁਰਗਾਂ ਨੇ ਆਪਣੀ ਸਾਰੀ ਉਮਰ ਗੁਰੂ ਨਾਨਕ ਸਾਹਿਬ ਨਾਲ ਗੁਜ਼ਾਰੀ ਸੀ। ਅਜੇ ਕੋਈ ਲੰਮੀ ਵਿੱਥ ਨਹੀਂ ਸੀ ਪਈ, ਗੁਰੂ ਦੀ ਅਜੇ ਇਹ ਦੂਜੀ ਹੀ ਪੀੜ੍ਹੀ ਸੀ। ਤੋੜੀ ਭੀ ਕਿਸ ਗੱਲੋਂ? ਭਲਾ ਘਰਾਂ ਵਿਚ ਕਈ ਕਾਰਨਾਂ ਕਰਕੇ ਮਿਥੇ ਹੋਏ ਵਿਆਹ ਭੀ ਕਈ ਵਾਰ ਸਾਲ ਸਾਲ ਛੇ ਛੇ ਮਹੀਨੇ ਪਿਛੇਤਰ ਨਹੀਂ ਕਰਨੇ ਪੈਂਦੇ?

(8) ਫਿਰ, ਜਿਸ ਦਰ ਉਤੇ ਹਿੰਦੁਸਤਾਨ ਦਾ ਮੁਗ਼ਲ ਪਾਤਸ਼ਾਹ ਭੀ ਆ ਕੇ ਨਿਵੇਂ, ਉਸ ਅੱਗੇ ਗ਼ਰੀਬ ਮਿਰਾਸੀਆਂ ਦਾ ਕੁਬੋਲ ਬੋਲਣ ਦੀ ਹਿੰਮਤ ਕਰ ਲੈਣਾ ਇਕ ਬੜੀ ਅਚਰਜ ਗੱਲ ਹੈ। ਸੋ, ਜੇ ਇਹ ਘਟਨਾ ਸਚ-ਮੁੱਚ ਗੁਰੂ ਅੰਗਦ ਸਾਹਿਬ ਦੇ ਹੀ ਵੇਲੇ ਹੋਈ ਸੀ, ਤਾਂ ਹਮਾਯੂੰ ਬਾਦਸ਼ਾਹ ਦੇ ਆਉਣ ਤੋਂ ਪਹਿਲਾਂ ਹੀ ਹੋ ਗਈ ਹੋਵੇਗੀ। ਹਮਾਯੂੰ ਨੂੰ ਸ਼ੇਰਸ਼ਾਹ ਤੋਂ ਸੰਨ 1540 ਵਿਚ ਹਾਰ ਹੋਈ ਸੀ ਤੇ ਗੁਰੂ ਅੰਗਦ ਸਾਹਿਬ ਪਾਸ ਖਡੂਰ ਸਾਹਿਬ ਆਇਆ ਸੀ।

ਆਓ, ਹੁਣ ਇਹ ਸਾਰੇ ਸੰਸੇ ਨਿਵਿਰਤ ਕਰਨ ਲਈ ਗੁਰੂ ਅੰਗਦ ਸਾਹਿਬ ਦੇ ਜੀਵਨ ਨੂੰ ਗਹੁ ਨਾਲ ਚੇਤੇ ਕਰੀਏ।

ਗੁਰਿਆਈ ਬਾਰੇ ਗੁਰੂ ਅੰਗਦ ਸਾਹਿਬ ਦਾ ਕੋਈ ਸ਼ਰੀਕ ਨਹੀਂ ਸੀ, ਜਿਸ ਤੋਂ ਬਲਵੰਡ ਨੂੰ ਸ਼ਹਿ ਮਿਲਦੀ:

ਸਤਿਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਣਾ ਜੀ ਨੂੰ ਘਟ ਤੋਂ ਘਟ 7 ਸਾਲ ਚੰਗੀ ਤਰ੍ਹਾਂ ਇਸ ਨਵੇਂ ਜੀਵਨ ਤੇ ਜ਼ਿੰਮੇਵਾਰੀ ਲਈ ਤਿਆਰ ਕੀਤਾ, ਕਈ ਵਾਰੀ ਪਰਖਿਆ; ਜਦੋਂ ਕਸਵੱਟੀ ਤੇ ਹਰ ਵਾਰੀ ਖਰੇ ਸਾਬਤ ਹੁੰਦੇ ਰਹੇ, ਤਾਂ ਸਤੰਬਰ ਸੰਨ 1539 ਵਿਚ ਗੁਰਿਆਈ ਦਿੱਤੀ। ਬਾਬਾ ਲਹਣਾ ਜੀ ਦਾ ਜੀਵਨ ਇਤਨਾ ਉੱਚਾ ਬਣਿਆ ਕਿ ਗੁਰੂ ਨਾਨਕ ਦੇਵ ਜੀ ਆਪ ਇਹਨਾਂ ਅੱਗੇ ਨਿਵੇਂ। ਉਸ ਵੇਲੇ ਬਾਬਾ ਲਹਣਾ ਜੀ ਦੀ ਉਮਰ 35 ਸਾਲ ਤੋਂ ਵਧੀਕ ਸੀ, ਕਿਉਂਕਿ ਇਹਨਾਂ ਦਾ ਜਨਮ ਅਪ੍ਰੈਲ ਸੰਨ 1504 ਵਿਚ ਹੋਇਆ ਸੀ। ਇਹ ਠੀਕ ਹੈ ਕਿ ਗੁਰੂ ਨਾਨਕ ਜੀ ਦੀ ਪਰਖ-ਕਸਵੱਟੀ ਤੇ ਉਹਨਾਂ ਦੇ ਸਾਹਿਬਜ਼ਾਦੇ ਪੂਰੇ ਨਾਹ ਉਤਰ ਸਕੇ, ਪਰ ਇਸ ਦਾ ਇਹ ਭਾਵ ਨਹੀਂ ਕਿ ਬਾਬਾ ਸਿਰੀ ਚੰਦ ਜੀ ਕੋਈ ਸਾਧਾਰਨ ਜਿਹੇ ਬੰਦੇ ਸਨ। ਬਾਬਾ ਜੀ ਨੇ ਆਪਣੀ ਸਾਰੀ ਉਮਰ ਬੰਦਗੀ ਵਿਚ ਗੁਜ਼ਾਰੀ ਤੇ ਗੁਰੂ ਅੰਗਦ ਸਾਹਿਬ ਦੀ ਕਦੇ ਭੀ ਕੋਈ ਵਿਰੋਧਤਾ ਨਾਹ ਕੀਤੀ। ਇਤਿਹਾਸ ਵਿਚ ਕਿਤੇ ਇਹ ਜ਼ਿਕਰ ਨਹੀਂ ਆਉਂਦਾ ਕਿ ਗੁਰੂ ਅੰਗਦ ਸਾਹਿਬ ਦੇ ਲੰਗਰ ਵਿਚ ਕਦੇ ਥੁੜ ਆਈ ਹੋਵੇ; ਸਗੋਂ ਗੁਰਿਆਈ ਤੋਂ ਅਗਲੇ ਹੀ ਸਾਲ ਹਿੰਦੁਸਤਾਨ ਦੇ ਬਾਦਸ਼ਾਹ ਹਮਾਯੂੰ ਦਾ ਉਹਨਾਂ ਪਾਸ ਸੁਆਲੀ ਹੋ ਕੇ ਆਉਣਾ ਦੱਸਦਾ ਹੈ ਕਿ ਗੁਰੂ ਅੰਗਦ ਸਾਹਿਬ ਦਾ ਤੇਜ-ਪ੍ਰਤਾਪ ਭੀ ਗੁਰੂ ਨਾਨਕ ਸਾਹਿਬ ਜੈਸਾ ਹੀ ਸੀ।

ਸੋ, ਇਸ ਵਿਚਾਰ ਵਿਚ ਅਸੀਂ ਇਹ ਗੱਲਾਂ ਵੇਖ ਚੁਕੇ ਹਾਂ:

ਗੁਰਿਆਈ ਦੇ ਮਾਮਲੇ ਵਿਚ ਗੁਰੂ ਅੰਗਦ ਸਾਹਿਬ ਦਾ ਕੋਈ ਸ਼ਰੀਰ ਨਹੀਂ ਸੀ, ਜਿਥੇ ਸੱਤਾ ਤੇ ਬਲਵੰਡ ਇਹਨਾਂ ਤੋਂ ਮੂੰਹ ਫੇਰ ਕੇ ਜਾ ਸਕਦੇ ਸਨ। ਗੁਰਿਆਈ ਬਾਰੇ ਕੋਈ ਸ਼ਰੀਕ ਨਾਹ ਹੋਣ ਕਰਕੇ ਸੱਤੇ ਬਲਵੰਡ ਨੂੰ ਕਿਤੋਂ ਚੁੱਕ ਭੀ ਨਹੀਂ ਸੀ। ਗੁਰੂ ਅੰਗਦ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੇ ਵੇਲੇ ਦੀ 7 ਸਾਲ ਦੀ ਘਾਲੀ ਹੋਈ ਘਾਲ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਇਤਨਾ ਉੱਚਾ ਕਰ ਗਈ ਸੀ ਕਿ ਕਿਸੇ ਨੂੰ ਭੀ ਇਸ ਬਾਰੇ ਕੋਈ ਸ਼ੱਕ ਨਹੀਂ ਸੀ ਪੈ ਸਕਦਾ। ਸੋ, ਸੱਤੇ ਤੇ ਬਲਵੰਡ ਨੂੰ ਇਹ ਆਸ ਕਦੇ ਭੀ ਨਹੀਂ ਹੋ ਸਕਦੀ ਸੀ ਕਿ ਇਹਨਾਂ ਤੋਂ ਮੂੰਹ ਮੋੜ ਕੇ ਸਿੱਖ ਸੰਗਤਾਂ ਵਿਚ ਕਿਤੇ ਭੀ ਆਦਰ-ਮਾਣ ਪਾ ਸਕਦੇ ਜਾਂ ਰੋਜ਼ੀ ਕਮਾ ਸਕਦੇ।

ਵੱਡੀ ਛੋਟੀ ਉਮਰ ਦਾ ਸਵਾਲ

ਇਤਨੇ ਉੱਚੇ ਆਤਮਕ ਜੀਵਨ ਦੇ ਹੁੰਦਿਆਂ, ਛੋਟੀ ਵੱਡੀ ਉਮਰ ਦਾ ਸਵਾਲ ਉੱਠਦਾ ਹੀ ਨਹੀਂ, ਪਰ ਉਮਰੋਂ ਭੀ ਗੁਰੂ ਅੰਗਦ ਸਾਹਿਬ ਛੋਟੇ ਨਹੀਂ ਸਨ, ਹਮਾਯੂੰ ਦੇ ਆਉਣ ਵੇਲੇ ਸਤਿਗੁਰੂ ਜੀ ਦੀ ਉਮਰ 36 ਸਾਲਾਂ ਤੋਂ ਵਧੀਕ ਸੀ।

ਸੋ, ਕਿਤੇ ਭੀ ਕੋਈ ਐਸੀ ਗੁੰਜਾਇਸ਼ ਨਹੀਂ ਦਿੱਸਦੀ ਜਿਸ ਦਾ ਆਸਰਾ ਲੈ ਕੇ ਇਹ ਮੰਨਿਆ ਜਾ ਸਕੇ ਕਿ ਬਲਵੰਡ ਤੇ ਸੱਤਾ ਗੁਰੂ ਅੰਗਦ ਸਾਹਿਬ ਦੇ ਵੇਲੇ ਰੁੱਸੇ ਸਨ।

ਪਰ, ਜਦੋਂ ਅਸੀਂ ਇਹ ਸੁਣਦੇ-ਪੜ੍ਹਦੇ ਹਾਂ ਕਿ ਭਾਈ ਮਰਦਾਨੇ ਜੀ ਦੀ ਔਲਾਦ ਵਿਚੋਂ ਹੋਏ ਸੱਤੇ ਬਲਵੰਡ ਨੇ ਗੁਰੂ ਅੰਗਦ ਸਾਹਿਬ ਤੋਂ ਇਕ ਨਿੱਕੀ ਜਿਹੀ ਗੱਲ ਪਿੱਛੇ ਮੂੰਹ ਮੋੜਿਆ, ਤਾਂ ਇਹ ਗੱਲ ਉੱਕਾ ਹੀ ਨਿਰਮੂਲ ਜਾਪਦੀ ਹੈ। ਇਤਿਹਾਸਕ ਤੌਰ ਤੇ ਇਸ ਨੂੰ ਪਰਖ ਕੇ ਵੇਖ ਲਵੋ। ਅਸੀਂ ਇਹ ਦੱਸ ਆਏ ਹਾਂ ਕਿ ਇਹ ਆਕੀ-ਪੁਣਾ ਗੁਰਿਆਈ ਦੇ ਪਹਿਲੇ ਹੀ ਸਮੇ ਵਿਚ ਹੋ ਸਕਦਾ ਸੀ, ਜਦੋਂ ਸਤਿਗੁਰੂ ਜੀ ਦਾ ਤੇਜ-ਪ੍ਰਤਾਪ ਅਜੇ ਚਮਕਿਆ ਨਾਹ ਹੋਵੇ। ਭਾਈ ਮਰਦਾਨਾ ਸੰਨ 1521 ਵਿਚ ਅਜੇ ਜਿਊਂਦਾ ਸੀ, ਕਿਉਂਕਿ ਇਸ ਸਮੇ ਇਹ ਗੁਰੂ ਨਾਨਕ ਸਾਹਿਬ ਦੇ ਨਾਲ ਐਮਨਾਬਾਦ ਵਿਚ ਮੌਜੂਦ ਸੀ ਜਦੋਂ ਬਾਬਰ ਨੇ ਹਮਲਾ ਕੀਤਾ। ਇਸ ਤੋਂ ਕੁਝ ਸਾਲ ਪਿਛੋਂ ਇਸ ਨੇ ਚੜ੍ਹਾਈ ਕੀਤੀ। ਗੁਰੂ ਨਾਨਕ ਦੇਵ ਜੀ 1539 ਵਿਚ ਜੋਤੀ ਜੋਤਿ ਸਮਾਏ। ਸੋ, ਉਮਰੋਂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਤਕਰੀਬਨ ਹਾਣੀ ਸਨ। ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਸਮਾਣ ਵੇਲੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦੀ ਉਮਰ 42 ਸਾਲ ਦੇ ਕਰੀਬ ਸੀ। ਸੋ, ਗੁਰੂ ਅੰਗਦ ਸਾਹਿਬ ਦੇ ਗੱਦੀ ਤੇ ਬੈਠਣ ਤੋਂ ਥੋੜ੍ਹਾ ਹੀ ਸਮਾਂ ਪਿਛੋਂ ਇਹ ਘਟਨਾ ਹੋਣ ਦੀ ਹਾਲਤ ਵਿਚ ਭਾਈ ਮਰਦਾਨੇ ਦੇ ਪੁੱਤਰਾਂ ਦੀ ਉਮਰ ਭੀ ਬਾਬਾ ਸਿਰੀ ਚੰਦ ਜੀ ਦੇ ਬਰਾਬਰ ਹੀ ਕਹੀ ਜਾ ਸਕਦੀ ਹੈ। ਜੇ ਬੜੀ ਖਿੱਚ-ਘਸੀਟ ਭੀ ਕਰੀਏ, ਤਾਂ ਭੀ ਮਸਾਂ ਇਹ ਮੰਨ ਸਕਾਂਗੇ ਕਿ ਸੱਤਾ ਤੇ ਬਲਵੰਡ ਭਾਈ ਮਰਦਾਨੇ ਦੇ (ਜੇ ਉਹ ਇਸੇ ਖ਼ਾਨਦਾਨ ਵਿਚੋਂ ਸਨ ਤਾਂ) ਪੋਤਰੇ ਹੋਏ ਹਨ। ਪਰ ਜੇ ਇਹ ਗੱਲ ਠੀਕ ਹੁੰਦੀ ਤਾਂ ਹਰੇਕ ਇਤਿਹਾਸਕਾਰ ਆਸਾਨੀ ਨਾਲ ਲਿਖ ਜਾਂਦਾ ਕਿ ਸੱਤਾ ਤੇ ਬਲਵੰਡ ਭਾਈ ਮਰਦਾਨੇ ਦੇ ਪੋਤਰੇ ਸਨ। 1539 ਤਕ ਗੁਰੂ ਨਾਨਕ ਦੇਵ ਜੀ ਪਾਸ ਭਾਈ ਮਰਦਾਨੇ ਦੇ ਪਿਛੋਂ ਉਸ ਦਾ ਪੁਤ੍ਰ ਕੀਰਤਨ ਕਰਦਾ ਰਿਹਾ; ਜੇ ਪੋਤਰੇ ਅਗਲੇ ਹੀ ਸਾਲ ਜਾਂ ਅਗਲੇ 12 ਸਾਲਾਂ ਦੇ ਅੰਦਰ (ਗੁਰੂ ਅੰਗਦ ਸਾਹਿਬ ਦੇ ਜੋਤੀ ਜੋਤੀ ਸਮਾਣ ਦੇ ਸਮੇ ਤਕ) ਵਰ-ਜੋਗ ਕੰਨਿਆਂ ਦੇ ਪਿਉ ਹੋ ਸਕਦੇ ਹਨ ਤਾਂ ਇਹ ਭੀ ਮੰਨਣਾ ਪਏਗਾ ਕਿ ਇਹ ਪੋਤਰੇ ਭੀ ਗੁਰੂ ਨਾਨਕ ਸਾਹਿਬ ਪਾਸ ਕੀਰਤਨ ਕਰਦੇ ਰਹੇ। ਸੋ, ਇਤਨੀ ਛੇਤੀ ਇਹ ਪੋਤਰੇ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਮੂੰਹ ਨਹੀਂ ਸਨ ਮੋੜ ਸਕਦੇ।

ਅਸਲ ਗੱਲ ਇਹ ਹੈ ਕਿ ਭਾਈ ਬਲਵੰਡ ਤੇ ਸੱਤਾ ਭਾਈ ਮਰਦਾਨੇ ਦੀ ਔਲਾਦ ਵਿਚੋਂ ਨਹੀਂ ਸਨ। ਭਾਈ ਮਰਦਾਨਾ ਚੋਂਹਬੜ ਜ਼ਾਤਿ ਦਾ ਮਿਰਾਸੀ ਸੀ, ਤੇ ਸੱਤਾ ਤੇ ਬਲਬੰਡ ਮੋਖੜ ਜ਼ਾਤਿ ਦੇ ਮਿਰਾਸੀ।

ਮਾਫ਼ੀ ਦਿਵਾਣ ਵਾਲੇ ਭਾਈ ਲੱਧਾ ਜੀ ਕਦੋਂ ਹੋਏ ਹਨ?

ਇਤਿਹਾਸ ਵਿਚ ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਸੱਤੇ ਤੇ ਬਲਵੰਡ ਨੂੰ ਭਾਈ ਲੱਧਾ ਜੀ ਪਰਉਪਕਾਰੀ ਦੀ ਰਾਹੀਂ ਮਾਫ਼ੀ ਮਿਲੀ ਸੀ। ਭਾਈ ਲੱਧਾ ਜੀ ਦੀ ਸਿਫ਼ਾਰਸ਼ ਤਦੋਂ ਹੀ ਕਾਰਗਰ ਹੋ ਸਕਦੀ ਸੀ ਜਦੋਂ ਉਹ ਆਪ ਆਪਣੇ ਜੀਵਨ ਦੀ ਰਾਹੀਂ ਉੱਘਾ ਹੋ ਕੇ ਗੁਰੂ-ਨਜ਼ਰਾਂ ਵਿਚ ਕਬੂਲ ਪੈ ਚੁਕਾ ਹੋਵੇ। ਜੇ ਭਾਈ ਲੱਧਾ ਜੀ ਦਾ ਉੱਚਾ ਜੀਵਨ ਗੁਰੂ ਅੰਗਦ ਸਾਹਿਬ ਦੇ ਸਮੇ ਉੱਘਾ ਹੋ ਚੁਕਾ ਹੁੰਦਾ ਤਾਂ ਭਾਈ ਗੁਰਦਾਸ ਜੀ ਇਹਨਾਂ ਦਾ ਨਾਮ ਗੁਰੂ ਅੰਗਦ ਸਾਹਿਬ ਜੀ ਦੇ ਸਿੱਖਾਂ ਦੀ ਫ਼ਰਿਸਤ ਵਿਚ ਲਿਖਦੇ। ਭਾਈ ਬੂੜਾ ਜੀ (ਬਾਬਾ ਬੁੱਢਾ ਜੀ) ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਪ੍ਰਸਿੱਧ ਹੋ ਗਏ, ਉਹਨਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿਚ ਲਿਖਿਆ ਹੈ। ਫਿਰ ਹੋਰ ਕਿਸੇ ਥਾਂ ਜ਼ਿਕਰ ਨਹੀਂ ਆਇਆ। ਪਰ ਬਾਬਾ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੀ ਤਿਲਕ ਦਿੱਤਾ ਸੀ। ਸੋ, ਭਾਈ ਲੱਧਾ ਜੀ ਗੁਰੂ ਅਰਜਨ ਸਾਹਿਬ ਦੇ ਵੇਲੇ ਹੀ ਪ੍ਰਸਿੱਧ ਹੋਏ। ਗੁਰੂ ਅੰਗਦ ਸਾਹਿਬ ਦੇ ਵੇਲੇ ਦਾ ਇਤਿਹਾਸ ਇਹਨਾਂ ਤੋਂ ਵਾਕਫ਼ ਨਹੀਂ ਹੈ।

ਸੱਤੇ ਬਲਵੰਡ ਦੀ ਘਟਨਾ ਗੁਰੂ ਅਰਜਨ ਸਾਹਿਬ ਦੇ ਸਮੇ ਹੋਈ ਸੀ:

ਗੁਰ-ਵਿਅਕਤੀਆਂ ਵਿਚ ਸਭ ਤੋਂ ਪਹਿਲੇ ਗੁਰੂ ਰਾਮਦਾਸ ਜੀ ਹੀ ਸਨ, ਜਿਨ੍ਹਾਂ ਦੀ ਸੰਤਾਨ ਨੂੰ ਜਨਮ ਹੀ ਤੋਂ ਲੈ ਕੇ ਗੁਰ-ਮਤ ਦੇ ਸੰਸਕਾਰਾਂ ਦੇ ਅਸਰ ਹੇਠ ਪਲਣ ਦਾ ਮੌਕਾ ਮਿਲਿਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਗੁਰੂ ਰਾਮਦਾਸ ਜੀ ਤੋਂ ਪਿਛੋਂ ਗੁਰਿਆਈ ਦੀ ਜ਼ਿੰਮੇਵਾਰੀ ਵਾਸਤੇ ਕਿਸੇ ਐਸੀ ਤਿਆਰੀ ਤੇ ਘਾਲ ਦੀ ਲੋੜ ਨਾਹ ਪਈ ਜੋ ਬਾਬਾ ਲਹਣਾ ਜੀ, ਗੁਰੂ ਅਮਰਦਾਸ ਜੀ ਅਤੇ ਭਾਈ ਜੇਠਾ ਜੀ ਵਾਸਤੇ ਕਰਨੀ ਪਈ ਸੀ। ਸਤਿਗੁਰੂ ਜੀ ਆਪ ਹੀ ਆਪਣੇ ਬੱਚਿਆਂ ਵਿਚੋਂ ਉਹਨਾਂ ਦੇ ਰੋਜ਼ਾਨਾ ਜੀਵਨ ਤੇ ਸੁਭਾਵ ਆਦਿਕ ਵੇਖ ਕੇ ਫ਼ੈਸਲਾ ਕਰ ਲੈਂਦੇ ਰਹੇ ਕਿ ਕੌਣ ਇਸ ਜ਼ਿੰਮੇਵਾਰੀ ਨੂੰ ਠੀਕ ਨਿਬਾਹੁਣ ਦੇ ਸਮਰਥ ਹੈ। ਪਰ, ਇਸ ਦਾ ਇਕ ਹੋਰ ਭੀ ਸਿੱਟਾ ਨਿਕਲਿਆ। ਗੁਰਿਆਈ ਲਈ ਸ਼ਰੀਕ ਖੜੇ ਹੋਏ ਸ਼ੁਰੂ ਹੋ ਗਏ। ਸਤਿਗੁਰੂ ਤਾਂ ਕਸਵੱਟੀ ਉਹੀ ਵਰਤਦਾ ਸੀ ਜੋ ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੇ ਵਰਤੀ ਸੀ, ਪਰ ਕੁਝ ਆਪਣਾ ਬਿੰਦੀ ਹੱਕ ਸਮਝ ਕੇ ਚੁਣੇ ਗਏ ਵੀਰ-ਗੁਰੂ ਨਾਲ ਈਰਖਾ ਕਰਨ ਲੱਗ ਪੈਂਦੇ ਸਨ। ਸਿੱਖ-ਗੁਰ-ਇਤਿਹਾਸ ਵਿਚ ਸ਼ਰੀਕੇ ਤੇ ਈਰਖਾ ਦੀ ਹੱਡ-ਬੀਤੀ ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਦੇ ਹਿੱਸੇ ਆਈ। ਇਹਨਾਂ ਦੇ ਵੱਡੇ ਵੀਰ ਬਾਬਾ ਪ੍ਰਿਥੀ ਚੰਦ ਜੀ ਨੇ ਸਿਰੋਂ ਪਰੇ ਜ਼ੋਰ ਲਾ ਕੇ ਵਿਰੋਧਤਾ ਕੀਤੀ, ਇਹਨਾਂ ਦੀ ਕਾਮਯਾਬੀ ਦੇ ਰਾਹ ਵਿਚ ਕਈ ਅਟਕਾਂ ਪਾਈਆਂ। ਗੁਰ-ਗੱਦੀ ਦੇ ਵੇਲੇ ਪਿਤਾ ਗੁਰੂ ਰਾਮਦਾਸ ਜੀ ਨੂੰ ਕੁਬੋਲ ਬੋਲੇ, ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਣ ਤੇ ਗੋਇੰਦਵਾਲ ਦਸਤਾਰ-ਬੰਦੀ ਦੀ ਰਸਮ ਵੇਲੇ ਰੌਲਾ ਪਾਇਆ, ਅੰਮ੍ਰਿਤਸਰ ਆ ਕੇ ਨਗਰ ਦੇ ਪੈਂਚਾਂ ਨੂੰ ਚੁੱਕਿਆ। ਜਦੋਂ ਦੂਰੋਂ ਸਿੱਖ-ਸੰਗਤਾਂ ਦਰਸ਼ਨ ਨੂੰ ਆਉਣ ਤਾਂ ਬਾਬਾ ਪ੍ਰਿਥੀ ਚੰਦ ਜੀ ਆਪਣੇ ਧੜੇ ਵਲ ਕੀਤੇ ਕੁਝ ਬੰਦਿਆਂ ਦੀ ਰਾਹੀਂ ਆਏ ਸਿੱਖਾਂ ਨੂੰ ਟਪਲਾ ਲੁਆ ਕੇ ਉਹਨਾਂ ਪਾਸੋਂ ਭੇਟਾ ਲੈ ਲਿਆ ਕਰਦੇ ਸਨ, ਤੇ ਆਮ ਤੌਰ ਤੇ ਲੰਗਰ ਦੇ ਵੇਲੇ ਓਹਨਾਂ ਨੂੰ ਗੁਰੂ ਕੇ ਲੰਗਰ ਵਿਚ (ਜੋ ਗੁਰੂ ਅਰਜਨ ਸਾਹਿਬ ਦੀ ਨਿਗਰਾਨੀ ਵਿਚ ਸਭ ਵਾਸਤੇ ਸਾਂਝਾ ਚੱਲਦਾ ਸੀ) ਭੇਜ ਦੇਂਦੇ ਸਨ। ਆਮਦਨ ਬਾਬਾ ਪ੍ਰਿਥੀ ਚੰਦ ਵਲ ਜਾਂਦੀ ਸੀ ਤੇ ਖ਼ਰਚ ਗੁਰੂ ਅਰਜਨ ਸਾਹਿਬ ਨੂੰ ਕਰਨਾ ਪੈਂਦਾ ਸੀ। ਇਤਿਹਾਸਕਾਰ ਲਿਖਦੇ ਹਨ ਕਿ ਨਤੀਜਾ ਇਹ ਨਿਕਲਿਆ ਕਿ ਕਈ ਵਾਰੀ ਲੰਗਰ ਇੱਕੋ ਵੇਲੇ ਪੱਕਦਾ ਸੀ ਤੇ ਛੋਲਿਆਂ ਦੀ ਰੋਟੀ ਭੀ ਮਿਲਣ ਲੱਗ ਪਈ ਸੀ। ਜਦੋਂ ਭਾਈ ਗੁਰਦਾਸ ਜੀ ਆਗਰੇ ਵਲੋਂ ਆਏ, ਇਹ ਹਾਲਤ ਵੇਖੀਓ ਨੇ, ਤਾਂ ਬਾਬਾ ਬੁੱਢਾ ਜੀ ਵਰਗੇ ਸਿਆਣੇ ਸਿੱਖਾਂ ਨਾਲ ਸਲਾਹ ਕਰ ਕੇ ਇਹਨਾਂ ਰਲ ਕੇ ਸਿੱਖ-ਸੰਗਤਾਂ ਨੂੰ ਇਸ ਟਪਲੇ ਤੋਂ ਬਚਾਣਾ ਸ਼ੁਰੂ ਕੀਤਾ। ਗੁਰੂ ਰਾਮਦਾਸ ਜੀ ਅਗਸਤ ਸੰਨ 1581 ਵਿਚ ਜੋਤੀ ਜੋਤਿ ਸਮਾਏ ਸਨ, ਬਾਬਾ ਪ੍ਰਿਥੀ ਚੰਦ ਜੀ ਨੇ ਤਦੋਂ ਇਹ ਵਿਰੋਧਤਾ ਸ਼ੁਰੂ ਕੀਤੀ ਸੀ। ਸੱਤੇ ਬਲਵੰਡ ਦੀ ਲੜਕੀ ਦੀ ਸ਼ਾਦੀ ਵੈਸਾਖੀ ਤੋਂ ਦੋ ਮਹੀਨੇ ਪਹਿਲਾਂ ਜਾਂ ਵੈਸਾਖੀ ਦੇ ਨੇੜੇ-ਤੇੜੇ ਸੀ। ਸੋ, ਸੱਤੇ ਬਲਵੰਡ ਦੇ ਆਕੀ ਹੋਣ ਦੀ ਘਟਨਾ ਵੈਸਾਖੀ ਸੰਨ 1582 ਦੀ ਹੀ ਹੋ ਸਕਦੀ ਹੈ, ਕਿਉਂਕਿ ਇਹਨਾਂ ਹੀ ਮਹੀਨਿਆਂ ਵਿਚ ਇਤਿਹਾਸ-ਅਨੁਸਾਰ ਹੇਠ-ਲਿਖੀਆਂ ਘਟਨਾਂ ਵਾਪਰ ਰਹੀਆਂ ਸਨ:

(ੳ) ਗੁਰਿਆਈ ਦੀ ਖ਼ਾਤਰ ਸ਼ਰੀਕਾ ਤੇ ਵਿਰੋਧਤਾ।

(ਅ) ਵਿਰੋਧੀ ਸ਼ਰੀਕ ਭਰਾ ਬਾਬਾ ਪ੍ਰਿਥੀ ਚੰਦ ਜੀ ਉਥੇ ਵੱਸਦਾ ਸੀ ਜਿਥੇ ਗੁਰੂ ਅਰਜਨ ਸਾਹਿਬ ਰਹਿੰਦੇ ਹਨ।

(ੲ) ਚੜ੍ਹਤ ਤੇ ਭੇਟਾ ਬਾਬਾ ਪ੍ਰਿਥੀ ਚੰਦ ਵਲ ਜਾਂਦੀ ਸੀ ਤੇ ਖ਼ਰਚ ਗੁਰੂ ਅਰਜਨ ਸਾਹਿਬ ਦੇ ਲੰਗਰ ਤੇ ਪੈਂਦਾ ਸੀ।

(ਸ) ਗੁਰੂ ਕੇ ਖ਼ਜ਼ਾਨੇ ਵਲ ਆਮਦਨ ਬਹੁਤ ਘੱਟ ਸੀ।

ਕਿਹੜੇ ਹਾਲਾਤ ਵਿਚ ਸੱਤਾ ਬਲਵੰਡ ਰੁੱਸੇ?

ਬਲਵੰਡ ਤੇ ਸੱਤਾ ਰੋਜ਼ੀ ਦੀ ਖ਼ਾਤਰ ਹੀ ਕੀਰਤਨ ਕਰਦੇ ਸਨ, ਜਿਵੇਂ ਹੁਣ ਤਕ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਰਬਾਬੀ ਕਰਦੇ ਆਏ ਹਨ। ਕੋਈ ਸਿੱਖ ਭੀ ਹੋਵੇ ਤਾਂ ਭੀ ਜਿਸ ਦਾ ਰੋਜ਼ੀ ਦਾ ਵਸੀਲਾ ਕੀਰਤਨ ਹੀ ਬਣ ਜਾਏ ਤਦ ਤਕ ਹੀ ਇਹ ਕੰਮ ਕਰੇਗਾ ਜਦ ਤਕ ਉਸ ਦੀ ਰੋਜ਼ੀ ਕਾਇਮ ਹੈ। ਬਲਵੰਡ ਤੇ ਸੱਤੇ ਨੇ ਲੜਕੀ ਦੀ ਸ਼ਾਦੀ ਤੇ ਖ਼ਰਚ ਲਈ ਭੀ ਮਾਇਆ ਉਥੋਂ ਹੀ ਲੈਣੀ ਸੀ ਜਿਥੇ ਉਹ ਕੰਮ ਕਰਦੇ ਸਨ। ਪਰ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਸਾਹਿਬ ਦੇ ਰਾਹ ਵਿਚ ਰੋਕਾਂ ਪਾਣ ਲਈ ਤੁਲੇ ਹੋਏ ਸਨ। ਅੰਮ੍ਰਿਤਸਰ ਵਿਚ ਵੱਸਦੇ ਕਈ ਬੰਦਿਆਂ ਨੂੰ ਲਾਲਚ ਦੇ ਕੇ ਚੁੱਕਦੇ ਹੋਣਗੇ; ਸੰਗਤਾਂ ਨੂੰ ਟਪਲਾ ਲਾਣ ਲਈ ਭੀ ਤਾਂ ਆਖ਼ਰ ਕੁਝ ਸਾਥੀ ਨਾਲ ਰਲਾਏ ਹੋਏ ਹੀ ਸਨ। ਇਹ ਹੋ ਸਕਦਾ ਹੈ ਕਿ ਸੱਤੇ ਬਲਵੰਡ ਨੂੰ ਭੀ ਪ੍ਰੇਰਨਾ ਕੀਤੀ ਗਈ ਹੋਵੇ; ਪਰ ਉਹ ਨਾਹ ਮੰਨੇ ਹੋਣ। ਇਹ ਭੀ ਹੋ ਸਕਦਾ ਹੈ ਕਿ ਲੜਕੀ ਦੀ ਸ਼ਾਦੀ ਸਮੇ ਗੁਰੂ ਅਰਜਨ ਸਾਹਿਬ ਪਾਸੋਂ ਵਿਤੋਂ ਵਧੀਕ ਮਾਇਆ ਮੰਗਣ ਦੀ ਪ੍ਰੇਰਨਾ ਬਾਬਾ ਪ੍ਰਿਥੀ ਚੰਦ ਜੀ ਦੇ ਆਦਮੀਆਂ ਵਲੋਂ ਕਰਾਈ ਗਈ ਹੋਵੇ। ਜੇ ਇਹ ਚੁੱਕ ਜਾਂ ਪ੍ਰੇਰਨਾ ਨਾਹ ਭੀ ਹੋਵੇ ਤਾਂ ਭੀ ਇਹ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਦੇ ਦਰ ਤੋਂ ਉਸ ਵੇਲੇ ਆਪਣੀ ਲੋੜ ਪੂਰੀ ਨਾਹ ਹੁੰਦੀ ਵੇਖ ਕੇ ਸੱਤਾ ਤੇ ਬਲਵੰਡ ਇਹ ਆਸ ਬਣਾ ਬੈਠੇ ਹੋਣ ਕਿ ਜੇ ਬਾਬਾ ਪ੍ਰਿਥੀ ਚੰਦ ਜੀ ਦਾ ਵਧੀਕ ਜ਼ੋਰ ਪੈ ਗਿਆ ਤੇ ਗੁਰੂ ਅਰਜਨ ਸਾਹਿਬ ਵਾਲਾ ਪਾਸਾ ਢਿੱਲਾ ਹੋ ਗਿਆ ਤਾਂ ਦੂਜੇ ਪਾਸੇ ਚੱਲ ਕੀਰਤਨ ਕਰਾਂਗੇ। ਸੋ, ਇਹ ਰੁੱਸ ਪਏ। ਗੁਰੂ ਅਰਜਨ ਸਾਹਿਬ ਇਹਨਾਂ ਨੂੰ ਮਨਾਣ ਗਏ। ਮਾਇਆ ਹੁੰਦੀ ਤਾਂ ਇਹ ਰੁੱਸਦੇ ਹੀ ਕਿਉਂ? ਗੁਰੂ ਅਰਜਨ ਸਾਹਿਬ ਦੀ ਉਮਰ ਭੀ ਅਜੇ ਅਠਾਰਾਂ ਉੱਨੀ ਸਾਲ ਦੀ ਹੀ ਸੀ, ਅਜੇ ਤਕ ਇਹਨਾਂ ਲੋਕਾਂ ਨੇ ਸਤਿਗੁਰੂ ਜੀ ਦੇ ਜੀਵਨ ਵਿਚੋਂ ਕੋਈ ਐਸੇ ਉੱਚੇ ਚਮਕਾਰੇ ਭੀ ਨਹੀਂ ਵੇਖੇ ਸਨ, ਜੋ ਬਾਬਾ ਲਹਣਾ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਗੁਰੂ ਬਣਨ ਤੋਂ ਪਹਿਲਾਂ ਵਿਖਾ ਚੁਕੇ ਸਨ। ਸੋ, ਗੁਰੂ ਅਰਜਨ ਸਾਹਿਬ ਜੀ ਦਾ ਆਪ ਚੱਲ ਕੇ ਜਾਣਾ ਭੀ ਸੱਤੇ ਬਲਵੰਡ ਨੂੰ ਪ੍ਰੇਰ ਨਾਹ ਸਕਿਆ। ਇਹ ਸਗੋਂ ਹੋਰ ਖੁੰਝ ਗਏ; ਸਮਝ ਬੈਠੇ, ਪ੍ਰਿਥੀ ਚੰਦ ਜੀ ਦੀ ਵਿਰੋਧਤਾ ਦੇ ਕਾਰਨ ਗੁਰੂ ਅਰਜਨ ਸਾਹਿਬ ਦੀ ਗੁਰੂ-ਪਦਵੀ ਭੀ ਸਾਡੇ ਹੀ ਆਸਰੇ ਹੈ। ਹਉਮੈ ਵਿਚ ਆ ਗਏ ਤੇ ਗੁਰੂ ਨਾਨਕ ਸਾਹਿਬ ਦੀ ਸ਼ਾਨ ਵਿਚ ਭੀ ਕੁਬੋਲ ਬੋਲਿਓ ਨੇ। ਬੱਸ! ਸੰਬੰਧ ਟੁੱਟ ਗਿਆ। ਸਤਿਗੁਰੂ ਜੀ ਨੇ ਆ ਕੇ ਸੰਗਤਾਂ ਨੂੰ ਸੱਤੇ ਬਲਵੰਡ ਤੋਂ ਕੀਰਤਨ ਸੁਣਨ ਤੋਂ ਮਨ੍ਹਾ ਕਰ ਦਿੱਤਾ। ਰਬਾਬੀਆਂ ਨੇ ਸੰਗਤਾਂ ਨੂੰ ਮੋਹਣ ਲਈ ਆਪਣੇ ਹੁਨਰ ਦਾ ਬਥੇਰਾ ਜ਼ੋਰ ਲਾਇਆ ਹੋਵੇਗਾ, ਪਰ ਸਿੱਖ-ਭੌਰੇ ਅਸਲ ਫੁੱਲ ਨੂੰ ਪਛਾਣ ਚੁਕੇ ਸਨ, ਕਿਸੇ ਨੇ ਟਪਲਾ ਨਾਹ ਖਾਧਾ। ਉਧਰੋਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੇ ਉੱਦਮ ਨਾਲ ਭੇਟਾ ਤੇ ਲੰਗਰ ਬਾਰੇ ਪ੍ਰਿਥੀ ਚੰਦ ਜੀ ਦੀ ਸਿਆਣਪ ਭੀ ਰਹਿ ਗਈ। ਸੋ, ਸੱਤਾ ਬਲਵੰਡ ਕਿਸੇ ਥਾਂ ਜੋਗੇ ਭੀ ਨਾਹ ਰਹੇ। ਜਦੋਂ ਭੁੱਖ ਨਾਲ ਬਹੁਤ ਦੁਖੀ ਹੋਏ ਤਾਂ ਲਾਹੌਰ ਤੋਂ ਸਤਿਗੁਰੂ ਅਰਜਨ ਸਾਹਿਬ ਦੇ ਉਘੇ ਸਿੱਖ ਭਾਈ ਲੱਧਾ ਜੀ ਨੂੰ ਨਾਲ ਲਿਆ ਕੇ ਮਾਫ਼ੀ ਲਈਓ ਨੇ।

ਇਸ 'ਵਾਰ' ਦਾ ਕਿਸੇ ਗੁਰ-ਵਿਅਕਤੀ ਦੀ ਗੱਦੀ-ਨਸ਼ੀਨੀ ਨਾਲ ਕੋਈ ਸੰਬੰਧ ਨਹੀਂ ਪੈਂਦਾ:

ਰਾਵਲਪਿੰਡੀ ਦੀ ਕਿਸੇ ਧਰਮਸਾਲਾ ਵਾਲੀ ਇਕ ਪੁਰਾਣੀ 'ਬੀੜ' ਵਲ ਧਿਆਨ ਦਿਵਾਣ ਤੋਂ ਕੋਈ ਨਿੱਗਰ ਲਾਭ ਨਹੀਂ ਹੋ ਸਕਦਾ। ਲਿਖਤੀ ਬੀੜਾਂ ਵਿਚ ਲੋਕਾਂ ਨੇ ਕਈ ਥਾਈਂ ਹੋਰ ਹੋਰ ਵਾਧੂ ਅਖੌਤੀ "ਸ਼ਬਦ" ਦਰਜ ਕੀਤੇ ਹੋਏ ਹਨ, ਸਿੱਖ ਗ਼ਲਤੀ ਕਰ ਕੇ ਇਹਨਾਂ ਦਾ ਕੀਰਤਨ ਭੀ ਕਰਿਆ ਕਰਦੇ ਹਨ। ਕੀ ਇਹਨਾਂ ਬਾਹਰਲੇ "ਸ਼ਬਦਾਂ" ਦਾ ਰਿਵਾਜ ਪਾਣਾ "ਗੁਰੂ ਗ੍ਰੰਥ ਸਾਹਿਬ" ਬਾਰੇ ਸਿੱਖਾਂ ਦੇ ਦਿਲ ਵਿਚ ਸ਼ੱਕ ਨਹੀਂ ਪੈਦਾ ਕਰੇਗਾ? ਇਸ ਤਰ੍ਹਾਂ ਤਾਂ ਕੌਮ ਨੂੰ ਕਈ ਟਪਲੇ ਲਾਏ ਜਾ ਸਕਦੇ ਹਨ।

ਇਸ 'ਵਾਰ' ਦੀ ਕਿਸੇ ਭੀ ਪਉੜੀ ਦੇ ਨਾਲ ਇਹ ਜ਼ਿਕਰ ਨਹੀਂ ਕਿ ਅਖ਼ੀਰਲੀਆਂ 3 ਪਉੜੀਆਂ ਤੀਜੇ, ਚੌਥੇ ਤੇ ਪੰਜਵੇਂ ਗੁਰੂ ਦੀ 'ਗੱਦੀ-ਨਸ਼ੀਨੀ' ਵੇਲੇ ਸੱਤਾ ਤੇ ਬਲਵੰਡ ਉਚਾਰਦੇ ਰਹੇ। ਰੁਸੇਵੇਂ ਤੇ ਗੱਦੀ-ਨਸ਼ੀਨੀ ਦੇ ਦੋ ਵਖੋ ਵਖਰੇ ਮਾਮਲੇ ਇਕ ਲੜੀ ਵਿਚ ਪਰੋਤੇ ਨਹੀਂ ਜਾ ਸਕਦੇ। ਇਸ 'ਵਾਰ' ਦਾ ਅਖ਼ੀਰਲਾ ਅੰਕ '1' ਭੀ ਪਟਗਟ ਕਰਦਾ ਹੈ ਕਿ ਇਹ ਸਾਰੀ ਬਾਣੀ ਸਮੁੱਚੇ ਤੌਰ ਤੇ ਇੱਕ ਚੀਜ਼ ਹੈ, ਕਿਸੇ ਇੱਕ ਘਟਨਾ ਬਾਰੇ ਹੈ। 'ਵਾਰ' ਵਿਚ ਸਦਾ ਕਿਸੇ ਇੱਕੋ ਹੀ ਜੀਵਨ-ਝਾਕੀ ਦਾ ਜ਼ਿਕਰ ਹੋਇਆ ਕਰਦਾ ਹੈ।

ਇਸ 'ਵਾਰ' ਵਿਚ ਸੱਤੇ ਬਲਵੰਡ ਦਾ ਵੱਖਰਾ ਵੱਖਰਾ ਹਿੱਸਾ:

ਪਹਿਲੀਆਂ 3 ਪਉੜੀਆਂ ਬਲਵੰਡ ਦੀਆਂ:

ਮੈਕਾਲਿਫ਼ ਨੇ ਨੋਟ ਵਿਚ ਲਿਖਿਆ ਹੈ ਕਿ ਜਦੋਂ ਇਸ 'ਵਾਰ' ਦੀ ਬਾਣੀ ਨੂੰ ਗਹੁ ਨਾਲ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਪਹਿਲੀਆਂ ਪੰਜ ਪਉੜੀਆਂ ਬਲਵੰਡ ਨੇ ਉਚਾਰੀਆਂ ਸਨ। ਝਗੜਾ ਭੀ ਇਸੇ ਦਾ ਹੀ ਸੀ; ਸੋ, ਮੈਕਾਲਿਫ਼ ਦੇ ਖ਼ਿਆਲ-ਅਨੁਸਾਰ ਲੜਕੀ ਭੀ ਇਸੇ ਦੀ ਹੀ ਹੋਵੇਗੀ ਕਿਉਂਕਿ ਸੱਤੇ ਨੇ ਤਾਂ ਗੁਰੂ ਅਰਜਨ ਸਾਹਿਬ ਦੇ ਵੇਲੇ 'ਵਾਰ' ਨੂੰ ਕੇਵਲ 'ਮੁਕੰਮਲ' ਕਰਨ ਦੀ ਖ਼ਾਤਰ ਬਾਕੀ 3 ਪਉੜੀਆਂ ਉਚਾਰੀਆਂ।

ਹੁਣ ਅਸੀਂ 'ਬਾਣੀ' ਨੂੰ ਗਹੁ ਨਾਲ ਵਿਚਾਰ ਕੇ ਇਹ ਵੇਖਾਂਗੇ ਕਿ ਬਲਵੰਡ ਦੀ "ਆਖੀ" ਹੋਈ ਕਿਤਨੀ ਹੈ, ਸੱਤੇ ਦੀ ਕਿਤਨੀ ਅਤੇ ਇਹਨਾਂ ਵਿਚੋਂ ਲੜਕੀ ਕਿਸ ਦੀ ਸੀ, ਭਾਵ, ਅਸਲ ਝਗੜਾ ਕਿਸ ਨੇ ਚੁੱਕਿਆ ਸੀ।

ਪਹਿਲੀ ਪਉੜੀ:

ਪਹਿਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਕੀਤੀ ਗਈ ਹੈ ਤੇ ਆਖਿਆ ਗਿਆ ਹੈ ਕਿ ਗੁਰੂ ਨਾਨਕ ਜੀ ਦਾ 'ਨਾਮਣਾ' ਕਾਦਰ ਕਰਤਾਰ ਨੇ ਆਪ ਵੱਡਾ ਕੀਤਾ ਤੇ ਇਹ ਧਰਮ ਦਾ ਰਾਜ ਗੁਰੂ ਨਾਨਕ ਨੇ ਚਲਾਇਆ। ਗੁਰੂ ਨਾਨਕ ਦੇਵ ਨੇ ਆਪਣੇ ਸੇਵਕ ਬਾਬਾ ਲਹਣਾ ਜੀ ਅੱਗੇ ਮੱਥਾ ਟੇਕਿਆ ਤੇ ਆਪਣੀ ਹਯਾਤੀ ਵਿਚ ਹੀ ਉਹਨਾਂ ਨੂੰ ਆਪਣੇ ਥਾਂ ਚੁਣ ਲਿਆ। ਇਸ ਪਉੜੀ ਵਿਚ ਪਉੜੀ ਦੇ ਉੱਚਾਰਨ ਵਾਲੇ ਦਾ ਨਾਮ ਨਹੀਂ ਹੈ।

ਦੂਜੀ ਪਉੜੀ:

ਦੂਜੀ ਪਉੜੀ ਵਿਚ ਬਾਬਾ ਲਹਣਾ ਜੀ ਦੀ ਵਡਿਆਈ ਹੈ। ਕਿਹਾ ਹੈ ਕਿ ਗੁਰੂ ਨਾਨਕ ਦੇਵ ਦੀ ਵਡਿਆਈ ਦੀ ਬਰਕਤਿ ਨਾਲ ਲਹਣਾ ਜੀ ਦੀ ਭੀ ਧੁੰਮ ਪੈ ਗਈ; ਇਹਨਾਂ ਨੇ ਹੁਕਮ ਮੰਨਣ ਦੀ ਅਲੂਣੀ ਸਿਲ ਚੱਟੀ ਸੀ, ਪਰ ਗੁਰੂ ਨਾਨਕ ਦੇਵ ਜੀ ਦੇ ਪੁਤ੍ਰ ਇਸ ਗੱਲੋਂ ਰਹਿ ਗਏ ਸਨ।

ਇਸ ਪਉੜੀ ਵਿਚ ਭੀ ਲੇਖਕ ਦਾ ਨਾਮ ਨਹੀਂ ਹੈ।

ਤੀਜੀ ਪਉੜੀ:

ਤੀਜੀ ਪਉੜੀ ਵਿਚ ਫਿਰ ਗੁਰੂ ਅੰਗਦ ਸਾਹਿਬ ਦਾ ਜ਼ਿਕਰ ਹੈ; ਖ਼ਿਆਲ ਭੀ ਪਿਛਲੀ ਪਉੜੀ ਵਾਲੇ ਦੁਹਰਾਏ ਹੋਏ ਹਨ।

(1) ਪਉੜੀ ਨੰ: 2 ਵਿਚ ਲਿਖਿਆ ਹੈ:

"ਸਹਿ ਕਾਇਆ ਫੇਰਿ ਪਲਟੀਐ"।

ਇਥੇ ਨੰ: 3 ਵਿਚ ਕਿਹਾ ਹੈ:

"ਨਾਨਕੁ ਕਾਇਆ ਪਲਟੁ ਕਰਿ"।

(2) ਪਉੜੀ ਨੰ: 2 ਵਿਚ ਕਿਹਾ ਹੈ:

"ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ"।

ਨੰ: 3 ਵਿਚ ਆਖਿਆ ਹੈ:

"ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ"।

(3) ਪਉੜੀ ਨੰ: 2 ਵਿਚ ਬਾਬਾ ਲਹਣਾ ਜੀ ਦੇ "ਹੁਕਮ ਮੰਨਣ" ਦਾ ਜ਼ਿਕਰ ਹੈ:

"ਕਰਹਿ ਜਿ ਗੁਰ ਫੁਰਮਾਇਆ"।

ਨੰ: 3 ਵਿਚ ਭੀ:

"ਜਿਨਿ ਕੀਤੀ ਸੋ ਮੰਨਣਾ"।

(4) ਫਿਰ, ਪਉੜੀ ਨੰ: 2:

"ਲੰਗਰੁ ਚਲੈ ਗੁਰ ਸਬਦਿ... ਖਰਚੇ ਦਿਤਿ ਖਸੰਮ ਦੀ..."।

ਪਉੜੀ ਨੰ: 3:

"ਲੰਗਰਿ ਦਉਲਤਿ ਵੰਡੀਐ..."।

(5) ਪਉੜੀ ਨੰ: 2:

"ਮਲਿ ਤਖਤੁ ਬੈਠਾ ਗੁਰ ਹਟੀਐ"।

ਪਉੜੀ ਨੰ: 3

"ਮਲਿ ਤਖਤੁ ਬੈਠਾ ਸੈ ਡਾਲੀ"।

ਇਸ ਪਉੜੀ ਨੰ: 3 ਵਿਚ ਉਚਾਰਨ ਵਾਲੇ ਦਾ ਨਾਮ 'ਬਲਵੰਡ' ਦਰਜ ਹੈ। ਸੋ, ਇਹ ਤਿੰਨੇ ਪਉੜੀਆਂ ਬਲਵੰਡ ਦੀਆਂ ਹਨ; ਪਹਿਲੀ ਗੁਰੂ ਨਾਨਕ ਦੇਵ ਦੀ ਉਸਤਤਿ ਵਿਚ, ਤੇ ਦੂਜੀ ਤੀਜੀ ਗੁਰੂ ਅੰਗਦ ਸਾਹਿਬ ਦੀ ਸਿਫ਼ਤਿ ਵਿਚ।

ਚਉਥੀ ਪਉੜੀ:

ਚਉਥੀ ਪਉੜੀ ਵਿਚ ਫਿਰ ਨਵੇਂ ਸਿਰੇ ਗੁਰੂ ਨਾਨਕ ਸਾਹਿਬ ਦੀ ਉਸਤਤਿ ਸ਼ੁਰੂ ਹੋ ਗਈ ਹੈ। ਸਿੱਖਾਂ ਨੂੰ, ਪੁਤ੍ਰਾਂ ਨੂੰ ਪਰਖਣਾ; ਤੇ, ਸੋਧ ਕਰ ਕੇ ਬਾਬਾ ਲਹਣਾ ਜੀ ਨੂੰ ਚੁਣਨਾ। ਜੇ ਇਹ ਪਉੜੀ ਬਲਵੰਡ ਨੇ ਹੀ ਉਚਾਰੀ ਹੁੰਦੀ ਤਾਂ ਬਾਬਾ ਲਹਣਾ ਜੀ ਦੀ ਉਸਤਤਿ ਤੱਕ ਅੱਪੜ ਕੇ ਪਿਛਾਂਹ ਜਾਣ ਦੀ ਲੋੜ ਨਹੀਂ ਸੀ; ਇਸ ਪਉੜੀ ਨੂੰ ਭੀ ਪਉੜੀ ਨੰ: 1 ਦੇ ਨਾਲ ਰੱਖਿਆ ਹੁੰਦਾ। ਪਰ ਇਹ ਨਹੀਂ ਹੋਇਆ। ਬਲਵੰਡ 'ਵਾਰ' ਦਾ ਹਿੱਸਾ ਮੁਕਾ ਚੁੱਕਾ ਹੈ, ਦੂਜਾ ਸਾਥੀ ਸ਼ੁਰੂ ਕਰਦਾ ਹੈ, ਉਹ ਭੀ ਗੁਰੂ ਨਾਨਕ ਸਾਹਿਬ ਤੋਂ ਹੀ ਆਰੰਭ ਕਰਦਾ ਹੈ।

ਇਸ ਪਉੜੀ ਵਿਚ ਕਿਸੇ ਦਾ ਨਾਮ ਦਰਜ ਨਹੀਂ ਹੈ।

ਪੰਜਵੀਂ ਪਉੜੀ ਬਲਵੰਡ ਦੀ ਨਹੀਂ ਹੈ:

ਪਉੜੀ ਨੰ: 5 ਵਿਚ ਗੁਰੂ ਅੰਗਦ ਸਾਹਿਬ ਦੀ ਵਡਿਆਈ ਦਰਜ ਹੈ। ਇਸ ਵਿਚ ਦੋ ਤੁਕਾਂ ਐਸੀਆਂ ਹਨ ਜਿਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਇਸ ਪਉੜੀ ਦਾ ਉਚਰਨ ਵਾਲਾ ਆਪਣੀ ਕੀਤੀ ਭੁੱਲ ਤੇ ਪਸ਼ੇਮਾਨ ਹੋ ਰਿਹਾ ਹੈ:

"ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ"...

"ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ"

ਬਲਵੰਡ ਗੁਰੂ ਅੰਗਦ ਸਾਹਿਬ ਦੀ ਵਡਿਆਈ ਪਉੜੀ ਨੰ: 2 ਤੇ 3 ਵਿਚ ਕਰ ਚੁੱਕਾ ਹੈ; ਨੰ: 3 ਵਿਚ ਉਸ ਦਾ ਨਾਮ ਭੀ ਆ ਗਿਆ ਹੈ। ਇਹ ਗੱਲ ਮੰਨਣ-ਜੋਗ ਨਹੀਂ ਜਾਪਦੀ ਕਿ ਉਹ ਫਿਰ ਮੁੱਢੋਂ ਲੱਗ ਪਿਆ ਹੋਵੇ। ਇਥੇ ਇਹ ਹੋਰ ਸੁਆਦਲੀ ਗੱਲ ਭੀ ਹੈ। ਤੀਜੀ ਪਉੜੀ ਵਿਚ ਬਲਵੰਡ ਗੁਰੂ ਅੰਗਦ ਸਾਹਿਬ ਦੇ ਲੰਗਰ ਦੀ ਸਿਫ਼ਤਿ ਕਰਦਾ ਰਿਹਾ ਹੈ, ਕਿਹਾ ਸੁ,

"ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ"

ਲੰਗਰ ਦਾ ਜ਼ਿਕਰ ਕਰ ਕੇ ਤੇ ਗੁਰੂ ਕੇ ਮਹਲ ਮਾਤਾ ਖੀਵੀ ਜੀ ਦਾ ਭੀ ਜ਼ਿਕਰ ਕਰ ਕੇ, ਫਿਰ ਨਵੇਂ ਸਿਰਿਓਂ ਗੁਰੂ ਨਾਨਕ ਸਾਹਿਬ ਦੀ ਉਸਤਤਿ ਕਰ ਕੇ ਬਲਵੰਡ ਦਾ ਪੰਜਵੀਂ ਪਉੜੀ ਵਿਚ ਇਹ ਆਖਣਾ ਕਿ ਟਿੱਕਾ ਲੈ ਕੇ 'ਲੈ ਕੇ' 'ਫੇਰੁਆਣਿ' ਸਤਿਗੁਰ ਨੇ ਖਡੂਰ ਨੂੰ ਜਾ ਭਾਗ ਲਾਇਆ, ਬੜੀ ਅਸਚਰਜ ਤੇ ਅਫਬਵੀਂ ਬਣਤਰ ਜਾਪਦੀ ਹੈ। ਜੇ ਬਲਵੰਡ ਹੀ ਇਹ ਗੱਲ ਆਖਦਾ ਤਾਂ ਗੁਰਿਆਈ ਤੋਂ ਪਿਛੋਂ ਉਹਨਾਂ ਦੇ ਖਡੂਰ ਚਲੇ ਜਾਣ ਦਾ ਜ਼ਿਕਰ ਕਰ ਕੇ ਉਹਨਾਂ ਦੇ ਲੰਗਰ ਆਦਿਕ ਦੀ ਵਡਿਆਈ ਕਰਦਾ। ਸੋ, ਇਹ ਪਉੜੀ ਬਲਵੰਡ ਦੀ ਨਹੀਂ ਹੈ।

ਚੌਥੀ ਤੇ ਛੇਵੀਂ ਪਉੜੀ ਦਾ ਉੱਚਾਰਨ ਵਾਲਾ ਇੱਕੋ ਹੀ ਹੈ:

ਤੇ ਉਹ ਹੈ ਸੱਤਾ:

ਛੇਵੀਂ ਪਉੜੀ ਵਿਚ ਲਫ਼ਜ਼ 'ਪੋਤਾ' ਦੱਸਦਾ ਹੈ ਕਿ ਇਹ ਪਉੜੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਸਾਰੀ ਗਈ ਹੈ। ਕਿਹਾ ਹੈ ਕਿ ਗੁਰੂ ਅਮਰਦਾਸ ਜੀ ਨੇ 'ਬਾਸਕੁ' ਨੂੰ ਨੇਤ੍ਰੇ ਪਾ ਕੇ 'ਮੇਰੁ' ਨੂੰ 'ਮਧਾਣੁ' ਬਣਾ ਕੇ 'ਸਮੁੰਦੁ' ਰਿੜਕਿਆ ਤੇ 'ਚਉਦਹ ਰਤਨ' ਕੱਢੇ ਜਿਨ੍ਹਾਂ ਨਾਲ ਜਗਤ ਵਿਚ ਚਾਨਣ ਕਰ ਦਿੱਤਾ। ਚਉਥੀ ਪਉੜੀ ਵਿਚ ਭੀ ਜਿੱਥੇ ਕਿ ਗੁਰੂ ਨਾਨਕ ਸਾਹਿਬ ਦੀ ਉਸਤਤਿ ਹੈ ਇਹੀ ਖ਼ਿਆਲ ਦਿੱਤਾ ਗਿਆ ਹੈ, ਨਿਰਾ ਖ਼ਿਆਲ ਹੀ ਨਹੀਂ, ਲਫ਼ਜ਼ ਭੀ ਦੋਹਾਂ ਵਿਚ ਸਾਂਝੇ ਹਨ।

ਚਉਥੀ ਪਉੜੀ ਵਿਚ:

ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥

ਚਉਦਹ ਰਤਨ ਨਿਕਾਲਿਅਨੁ ਕਰਿ ਆਵਾਗਉਣੁ ਚਿਲਕਿਓਨੁ ॥

ਛੇਵੀਂ ਪਉੜੀ ਵਿਚ:

ਜਿਨਿ ਬਾਸਕੁ ਨੇਤ੍ਰੇ ਘਤਿਆ ਕਰਿ ਨੇਹੀ ਤਾਣੁ ॥

ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥

ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥

{ਇਸ ਵਿਚ ਕੋਈ ਸ਼ਕ ਨਹੀਂ ਕਿ ਚਉਥੀ ਪਉੜੀ ਦੀ ਤੁਕ "ਲਹਣੇ ਧਰਿਓਨੁ ਛਤੁ ਸਿਰਿ" ਪਹਿਲੀ ਪਉੜੀ ਵਿਚ ਭੀ ਮਿਲਦੀ ਹੈ, ਪਰ ਅਸੀਂ ਦੱਸ ਆਏ ਹਾਂ ਕਿ ਜੇ ਚੌਥੀ ਪਉੜੀ ਬਲਵੰਡ ਦੀ ਉਚਾਰੀ ਹੋਈ ਹੁੰਦੀ ਤਾਂ ਇਸ ਦਾ ਸਹੀ ਥਾਂ ਪਹਿਲੀ ਪਉੜੀ ਦੇ ਨਾਲ ਸੀ। }

ਚੌਥੀ ਪਉੜੀ ਵਿਚ ਕਿਹਾ ਹੈ:

"ਆਵਾਗਉਣੁ ਚਿਲਕਿਓਨੁ"

ਛੇਵੀਂ ਵਿਚ:

"ਆਵਾ ਗਉਣੁ ਨਿਵਾਰਿਓ"

ਇਸ ਛੇਵੀਂ ਪਉੜੀ ਦਾ ਉਚਾਰਨ ਵਾਲਾ 'ਸੱਤਾ' ਹੈ। ਹੇਠ-ਲਿਖੀ ਤੁਕ ਵਿਚ ਇਹ ਨਾਮ ਮਿਲਦਾ ਹੈ:

"ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥"

ਪਉੜੀ ਨੰ: 4, 5, 6 ਸੱਤੇ ਦੀਆਂ ਹਨ:

ਚੌਥੀ ਤੇ ਛੇਵੀਂ ਪਉੜੀ ਦੇ ਖ਼ਿਆਲ ਤੇ ਲਫ਼ਜ਼ ਸਾਂਝੇ ਹੋਣ ਕਰਕੇ ਇਹ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਚੌਥੀ ਭੀ 'ਸੱਤੇ' ਨੇ ਹੀ 'ਆਖੀ' ਸੀ। ਪੰਜਵੀਂ ਪਉੜੀ ਬਾਰੇ ਅਸੀਂ ਪਹਿਲਾਂ ਦੱਸ ਆਏ ਹਾਂ ਕਿ ਉਹ ਬਲਵੰਡ ਦੀ ਨਹੀਂ ਹੋ ਸਕਦੀ। ਸੋ, ਇਹ ਨਿਸ-ਸੰਦੇਹ ਪ੍ਰਤੱਖ ਹੋ ਗਈ ਕਿ ਚੌਥੀ, ਪੰਜਵੀਂ ਤੇ ਛੇਵੀਂ ਤਿੰਨੇ ਪਉੜੀਆਂ 'ਸੱਤੇ' ਨੇ ਆਖੀਆਂ ਸਨ।

ਲੜਕੀ ਸੱਤੇ ਦੀ ਸੀ:

ਹੁਣ ਰਤਾ ਗਹੁ ਨਾਲ ਇਹ ਵੇਖੋ ਕਿ ਛੇਵੀਂ ਪਉੜੀ ਵਿਚ ਸੱਤਾ ਆਖਦਾ ਕੀਹ ਹੈ:

"ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥"

ਇਹਨਾਂ ਦੋਹਾਂ ਭਰਾਵਾਂ ਨੇ ਲੜਕੀ ਦੇ ਵਿਆਹ ਦਾ ਖ਼ਰਚ ਪੂਰਾ ਕਰਨ ਲਈ 'ਦਾਨੁ' ਮੰਗਿਆ ਸੀ, ਪਰ ਜਿਤਨੀ ਬਖ਼ਸ਼ੀਸ਼ ਗੁਰੂ ਅਰਜਨ ਸਾਹਿਬ ਕੀਤੀ, ਉਸ ਤੇ ਉਹ ਰੁੱਸ ਗਏ ਸਨ। ਹੁਣ 'ਸੱਤਾ' ਪਛੁਤਾਇਆ ਤੇ ਕਹਿਣ ਲੱਗਾ = ਹਜ਼ੂਰ! ਮੈਨੂੰ 'ਸੱਤੇ' ਨੂੰ ਬਖ਼ਸ਼ੀਸ਼ ਉਹੀ ਚੰਗੀ ਹੈ ਜੋ ਸਤਿਗੁਰੂ ਨੂੰ ਚੰਗੀ ਲੱਗੇ।

ਤਾਂ ਫਿਰ ਦੋਹਾਂ ਵਿਚੋਂ ਲੜਕੀ ਕਿਸ ਦੀ ਸੀ? 'ਸੱਤੇ' ਦੀ । ਕੁਬੋਲ ਵਧੀਕ ਕਿਸ ਬੋਲੇ ਸਨ? ਸੱਤੇ ਨੇ, ਕਿਉਂਕਿ ਚੌਥੀ ਪਉੜੀ ਵਿਚ ਸੱਤਾ ਹੀ ਪਛੁਤਾਉਂਦਾ ਹੈ ਤੇ ਆਖਦਾ ਹੈ:

"ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ

. ... ... ... ... ...

ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥"

ਇਹ 'ਵਾਰ' ਗੁਰੁ ਅਰਜਨ ਸਾਹਿਬ ਦੀ ਹਜ਼ੂਰੀ ਵਿਚ ਉਚਾਰੀ ਗਈ ਸੀ:

ਇਕ ਗੱਲ ਹੋਰ ਵੇਖਣ ਵਾਲੀ ਹੈ ਕਿ 'ਸੱਤਾ' ਜਦੋਂ 'ਬਖ਼ਸ਼ੀਸ਼' ਬਾਰੇ ਪਛੁਤਾਂਦਾ ਹੈ ਤਾਂ ਗੁਰੂ ਅਮਰਦਾਸ ਜੀ ਨੂੰ ਸੰਬੋਧਨ ਕਰ ਰਿਹਾ ਹੈ, ਕਹਿੰਦਾ ਹੈ:

"ਕਿਆ ਸਾਲਾਹੀ ਸਚੇ ਪਾਤਿਸਾਹ, ਜਾਂ ਤੂ ਸੁਘੜੁ ਸੁਜਾਣੁ ॥

ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥"

ਗੁਰੂ ਅੰਗਦ ਸਾਹਿਬ ਦੀ ਉਸਤਤਿ ਕਰਦਾ ਹੋਇਆ ਭੀ ਸੱਤਾ ਗੁਰੂ ਅੰਗਦ ਸਾਹਿਬ ਨੂੰ ਸੰਬੋਧਨ ਕਰ ਕੇ ਆਖਦਾ ਹੈ:

"ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥

... ... ... ... ... ...

ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥"

ਇਹ 'ਵਾਰ' ਨਾਹ ਗੁਰੂ ਅਮਰਦਾਸ ਜੀ ਹਜ਼ੂਰੀ ਵਿਚ ਤੇ ਨਾਹ ਹੀ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿਚ ਉਚਾਰੀ ਗਈ। ਫਿਰ ਇਸ 'ਸੰਬੋਧਨ' ਕਰਨ ਦਾ ਕੀਹ ਭਾਵ? ਭੱਟਾਂ ਵਾਂਗ ਇਹ ਭੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤਕ ਸਾਰੇ "ਗੁਰ ਮਹਿਲਾਂ" ਨੂੰ ਇੱਕੋ ਰੂਪ ਜਾਣ ਕੇ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿਚ ਕੇਵਲ "ਗੁਰੂ" ਅੱਗੇ ਇਹ ਉਸਤਤਿ ਆਖ ਰਹੇ ਹਨ।

ਇਸ ਖ਼ਿਆਲ ਨੂੰ ਹੋਰ ਭੀ ਵਧੀਕ ਪ੍ਰੋੜ੍ਹਤਾ ਮਿਲ ਜਾਂਦੀ ਹੈ ਜਦੋਂ ਅਸੀਂ ਅਗਲੀ ਪਉੜੀ ਵਿਚ ਦੇਖਦੇ ਹਾਂ ਕਿ ਪੰਜਵੀਂ ਤੇ ਛੇਵੀਂ ਪਉੜੀ ਵਿਚ ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੂੰ ਸੰਬੋਧਨ ਕਰਨ ਵਾਲਾ 'ਸੱਤਾ' ਗੁਰੂ ਰਾਮਦਾਸ ਜੀ ਨੂੰ ਭੀ ਸੰਬੋਧਨ ਕਰ ਕੇ ਆਖਦਾ ਹੈ:

"ਨਾਨਕੁ ਤੂ ਲਹਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ ॥"

ਛੇਵੀਂ ਪਉੜੀ ਗੁਰੂ ਅਮਰਦਾਸ ਜੀ ਦੀ ਗੁਰ-ਗੱਦੀ ਵੇਲੇ ਦੀ ਨਹੀਂ ਹੈ:

ਹੁਣ ਤਕ ਅਸੀਂ ਇਹ ਵੇਖ ਆਏ ਹਾਂ ਕਿ ਬਲਵੰਡ ਨੇ ਪਹਿਲੀਆਂ 3 ਤੇ ਸੱਤੇ ਨੇ ਅਗਲੀਆਂ 3 ਪਉੜੀਆਂ ਉਚਾਰੀਆਂ ਮਾਫ਼ੀ ਮਿਲਣ ਵੇਲੇ। ਲਾਲਚ ਤੇ ਨਿੰਦਿਆ ਵਾਲੇ ਅਪਰਾਧ 'ਸੱਤਾ' ਹੀ ਮੰਨਦਾ ਹੈ, ਗੁਰੂ-ਦਰ ਤੋਂ 'ਦਾਨ' ਮਿਲਣ ਤੇ ਉਸ ਵਿਚ ਸੰਤੋਖ ਨਾਹ ਕਰਨ ਦੀ ਭੁੱਲ ਭੀ 'ਸੱਤਾ' ਹੀ ਮੰਨਦਾ ਹੈ, ਤੇ ਮੰਨਦਾ ਉਸ ਪਉੜੀ ਵਿਚ ਹੈ ਜੋ ਉਸ ਨੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੀ ਸੀ। ਇਥੇ "ਗੱਦੀ ਨਸ਼ੀਨੀ" ਵੇਲੇ ਪਉੜੀਆਂ ਉਚਾਰਨ ਵਾਲਾ ਭੁਲੇਖਾ ਭੀ ਕੱਟਿਆ ਗਿਆ, ਕਿਉਂਕਿ ਅਸਲੀ ਭੁੱਲ ਦਾ ਜ਼ਿਕਰ ਤਾਂ ਹੈ ਹੀ ਇਸ ਛੇਵੀਂ ਪਉੜੀ ਵਿਚ, ਜੋ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਹੈ।

ਸਤਵੀਂ ਅਠਵੀਂ ਪਉੜੀ ਦਾ ਭੀ ਕਿਸੇ ਗੁਰ-ਗੱਦੀ ਨਾਲ ਸੰਬੰਧ ਨਹੀਂ:

ਛੇਵੀਂ ਪਉੜੀ ਸੰਬੰਧੀ ਤਾਂ ਸਾਬਤ ਹੋ ਗਿਆ ਹੈ ਕਿ ਇਹ ਗੱਦੀ-ਨਸ਼ੀਨੀ ਵੇਲੇ ਦੀ ਨਹੀਂ ਹੈ, ਇਹ ਸੱਤੇ ਨੂੰ ਮਾਫ਼ੀ ਮਿਲਣ ਵੇਲੇ ਹੀ ਉਚਾਰੀ ਸੀ । ਜੇ ਇਹ ਮਾਫ਼ੀ ਗੁਰੂ ਅੰਗਦ ਸਾਹਿਬ ਪਾਸੋਂ ਮੰਗੀ ਹੁੰਦੀ ਤਾਂ ਮਾਫ਼ੀ ਮੰਗਣ ਵਾਲਾ ਸੱਤਾ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਖਲੋ ਕੇ ਗੁਰੂ ਅਮਰਦਾਸ ਜੀ ਬਾਰੇ ਇਹ ਪਉੜੀ ਉਚਾਰ ਨਹੀਂ ਸੀ ਸਕਦਾ ਕਿਉਂਕਿ ਅਜੇ ਤਾਂ ਪਹਿਰਾ ਗੁਰੂ ਅੰਗਦ ਸਾਹਿਬ ਦਾ ਸੀ। ਗੁਰੂ ਅਮਰਦਾਸ ਜੀ ਦੇ ਵੇਲੇ ਭੀ ਇਹ ਘਟਨਾ ਨਹੀਂ ਹੋਈ, ਕਿਸੇ ਇਤਿਹਾਸਕਾਰ ਨੇ ਨਹੀਂ ਲਿਖਿਆ। ਨਾਹ ਹੀ ਗੁਰਿਆਈ ਬਾਰੇ ਕੋਈ ਸ਼ਰੀਕਾ ਜਾਂ ਵਿਰੋਧਤਾ ਸੀ, ਜਿਸ ਕਰਕੇ ਸੱਤੇ ਬਲਵੰਡ ਨੂੰ ਕੋਈ ਸ਼ਹਿ ਮਿਲ ਸਕਦੀ। ਬਾਬਾ ਦਾਤੂ ਜੀ ਨੇ ਰਤਾ ਕੁ ਝਗੜਾ ਪਾਇਆ ਸੀ, ਉਹ ਭੀ ਸਿਰਫ਼ ਇਕ ਦਿਨ ਵਿਚ ਮੁੱਕ ਗਿਆ ਸੀ ਕਿ ਅਗਲੇ ਹੀ ਦਿਨ ਬਾਬਾ ਜੀ ਖਡੂਰ ਸਾਹਿਬ ਵਾਪਸ ਮੁੜ ਆਏ ਸਨ। ਇਸੇ ਹੀ ਵਿਚਾਰ-ਅਨੁਸਾਰ ਗੁਰੂ ਰਾਮਦਾਸ ਜੀ ਦੇ ਸਮੇ ਭੀ ਸੱਤੇ ਬਲਵੰਡ ਦੇ ਰੋਸ ਦੀ ਕੋਈ ਸੰਭਾਵਨਾ ਨਹੀਂ ਸੀ ਹੋ ਸਕਦੀ। ਜਦੋਂ ਛੇਵੀਂ ਪਉੜੀ ਦੀ ਬਾਬਤ ਇਹ ਪੱਕਾ ਨਿਰਨਾ ਹੋ ਗਿਆ ਕਿ ਉਹ ਤਾਂ 'ਸੱਤੇ' ਨੇ (ਜਿਸ ਦੀ ਲੜਕੀ ਦੀ ਸ਼ਾਦੀ ਸੀ) ਮਾਫ਼ੀ ਲਿਖਣ ਵੇਲੇ ਹੀ ਉਚਾਰੀ ਸੀ, ਤਾਂ 'ਗੱਦੀ-ਨਸ਼ੀਨੀ' ਵੇਲੇ ਬਾਕੀ ਦੀਆਂ ਦੋ ਪਉੜੀਆਂ ਉਚਾਰਨ ਵਾਲਾ ਖ਼ਿਆਲ ਭੀ ਨਾਲ ਹੀ ਗ਼ਲਤ ਸਾਬਤ ਹੋ ਜਾਂਦਾ ਹੈ।

ਸੱਤਾ ਬਲਵੰਡ ਗੁਰੂ ਅਰਜਨ ਸਾਹਿਬ ਦੇ ਵੇਲੇ ਹੀ ਹੋਏ:

ਬਾਕੀ ਰਿਹਾ ਇਹ ਖ਼ਿਆਲ ਕਿ ਸੱਤਾ ਤੇ ਬਲਵੰਡ ਖਡੂਰ ਸਾਹਿਬ ਦੇ ਰਹਿਣ ਵਾਲੇ ਸਨ। ਸ਼ਾਇਦ ਇਸੇ ਖ਼ਿਆਲ ਨੇ ਹੀ ਸਾਖੀ ਨੂੰ ਗ਼ਲਤ ਇਤਿਹਾਸਕ ਥਾਂ ਤੇ ਰੱਖ ਦੇਣ ਵਿਚ ਸਹੈਤਾ ਕੀਤੀ ਹੋਵੇ। ਖਡੂਰ ਸਾਹਿਬ ਦੇ ਵਸਨੀਕ ਹੁੰਦਿਆਂ ਭੀ ਇਹ ਜ਼ਰੂਰੀ ਨਹੀਂ ਕਿ ਉਹ ਗੁਰੂ ਅੰਗਦ ਸਾਹਿਬ ਦੇ ਵੇਲੇ ਹੋਏ ਹੋਣ। ਜਦੋਂ ਅੰਮ੍ਰਿਤਸਰ ਸ਼ਹਿਰ ਵੱਸਿਆ ਤਾਂ ਗੁਰੂ ਅਰਜਨ ਸਾਹਿਬ ਨੇ ਵਖੋ ਵਖ ਕਮਾਮਾਂ ਵਾਲੇ ਲੋਕ ਲਾਂਭਾਂ ਤੋਂ ਇਥੇ ਮੰਗਾ ਕੇ ਵਸਾਏ ਸਨ। ਸੱਤਾ ਤੇ ਬਲਵੰਡ ਭੀ ਖਡੂਰ ਸਾਹਿਬ ਤੋਂ ਇਥੇ ਆ ਵੱਸੇ ਹੋਣਗੇ; ਇਹਨਾਂ ਦਾ ਤਾਂ ਕਮਾਮ ਭੀ 'ਕੀਰਤਨ' ਸੀ ਜਿਸ ਦੀ ਵਧੀਕ ਮੰਗ ਗੁਰੂ ਕੇ ਦਰਬਾਰ ਵਿਚ ਹੀ ਹੋ ਸਕਦੀ ਸੀ।

ਸ਼ਾਇਦ ਕਈ ਸੱਜਣ ਇਹ ਖ਼ਿਆਲ ਬਣਾ ਲੈਣ ਕਿ ਸੱਤੇ ਤੇ ਬਲਵੰਡ ਨੇ ਭੁੱਲ ਤਾਂ ਗੁਰੂ ਅੰਗਦ ਸਾਹਿਬ ਵੇਲੇ ਕੀਤੀ ਸੀ, ਪਰ ਮਾਫ਼ੀ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਦੇ ਵੇਲੇ ਮਿਲੀ ਸੀ। ਇਹ ਭੀ ਅਣਹੋਣੀ ਹੈ। ਰੁਸੇਵਾਂ ਮਾਇਆ ਦੇ ਕਾਰਨ ਸੀ। ਜੇ ਸੱਤਾ ਤੇ ਬਲਵੰਡ ਪੈਸੇ ਵਾਲੇ ਹੁੰਦੇ ਤਾਂ ਝਗੜਾ ਉੱਠਦਾ ਹੀ ਕਿਉਂ? ਤੇ ਜੇ ਉਹ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚੋਂ ਧੱਕੇ ਜਾਣ ਪਿਛੋਂ 30 ਸਾਲ ਤਕ ਨਿਰਬਾਹ ਕਰ ਸਕੇ ਤਾਂ ਉਹਨਾਂ ਮਾਫ਼ੀ ਕਾਹਦੇ ਲਈ ਮੰਗਣੀ ਸੀ? {ਗੁਰੂ ਅੰਗਦ ਸਾਹਿਬ ਦੇ ਜੋਤੀ ਜੋਤਿ ਸਮਾਣ ਤੋਂ 30 ਸਾਲ ਪਿਛੋਂ ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਮਿਲੀ ਸੀ}।

ਉੱਪਰ-ਲਿਖੀ ਸਾਰੀ ਵਿਚਾਰ ਦਾ ਸਾਰ:

(1) ਸੱਤਾ ਤੇ ਬਲਵੰਡ ਭਾਈ ਮਰਦਾਨੇ ਦੀ ਸੰਤਾਨ ਵਿਚੋਂ ਨਹੀਂ ਸਨ, ਭਾਈ ਮਰਦਾਨਾ 'ਚੌਂਹਬੜ' ਸੀ ਤੇ ਇਹ 'ਮੋਖੜ' ਸਨ।

(2) ਇਹ ਦੋਵੇਂ ਗੁਰੂ ਅਰਜਨ ਸਾਹਿਬ ਪਾਸ ਕੀਰਤਨ ਕਰਦੇ ਸਨ।

(3) ਸੱਤੇ ਦੀ ਲੜਕੇ ਦੀ ਸ਼ਾਦੀ ਸੀ; ਤੇ ਇਹਨਾਂ ਸਤਿਗੁਰੂ ਜੀ ਤੋਂ ਵਿਆਹ ਲਈ ਮਾਇਆ ਮੰਗੀ, ਜੋ ਇਹਨਾਂ ਦੀ ਆਸ-ਅਨੁਸਾਰ ਨਾਹ ਮਿਲ ਸਕੀ ਕਿਉਂਕਿ ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ ਕਰਕੇ ਭੇਟਾ ਗੁਰੂ-ਘਰ ਵਲ ਅੱਪੜਦੀ ਹੀ ਬਹੁਤ ਥੋੜ੍ਹੀ ਸੀ।

(4) ਇਹ ਘਟਨਾ ਮਾਰਚ-ਅਪ੍ਰੈਲ ਸੰਨ 1582 ਦੀ ਹੈ।

(5) ਕੁਝ ਮਹੀਨਿਆਂ ਪਿਛੋਂ ਭਾਈ ਲੱਧਾ ਜੀ ਲਾਹੌਰ ਵਾਲਿਆਂ ਨੇ ਇਹਨਾਂ ਨੂੰ ਮਾਫ਼ੀ ਲੈ ਦਿੱਤੀ। ਮਾਫ਼ੀ ਮਿਲਣ ਤੇ ਗੁਰ-ਉਸਤਤਿ ਵਿਚ ਬਲਵੰਡ ਨੇ ਪਹਿਲੀਆਂ 3 ਪਉੜੀਆਂ ਤੇ ਸੱਤੇ ਨੇ ਅਖ਼ੀਰਲੀਆਂ 5 ਪਉੜੀਆਂ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਸੰਗਤਿ ਵਿਚ ਉਚਾਰੀਆਂ।

(6) ਜਿਵੇਂ ਭੱਟਾਂ ਦੀ 'ਗੁਰ ਮਹਿਮਾ' ਦੀ ਬਾਣੀ, ਜੋ ਉਹਨਾਂ ਨੇ ਸਤੰਬਰ 1581 ਵਿਚ ਉਚਾਰੀ ਸੀ, ਸਤਿਗੁਰ ਜੀ ਨੇ 'ਬੀੜ' ਵਿਚ ਦਰਜ ਕੀਤੀ, ਤਿਵੇਂ ਇਹ 'ਵਾਰ' ਭੀ 'ਬੀੜ' ਤਿਆਰ ਕਰਨ ਵੇਲੇ ਦਰਜ ਕੀਤੀ।

(7) ਇਹ ਦੋਵੇਂ 'ਬਾਣੀਆਂ' ਸਿੱਖ-ਇਤਿਹਾਸ ਸੰਬੰਧੀ ਬੜੀਆਂ ਜ਼ਰੂਰੀ 'ਯਾਦਗਾਰਾਂ' ਹਨ। ਦਸਤਾਰਬੰਦੀ ਦੇ ਵੇਲੇ ਬਾਬਾ ਪ੍ਰਿਥੀ ਚੰਦ ਜੀ ਨੇ ਧੱਕੇ ਨਾਲ 'ਦਸਤਾਰ' ਖੋਹਣੀ ਚਾਹੀ; ਇਸ ਤਰ੍ਹਾਂ ਉਹ ਗੁਰੂ ਨਾਨਕ ਸਾਹਿਬ ਦੇ ਪਵਿਤ੍ਰ ਅੰਮ੍ਰਿਤ ਦੇ ਪ੍ਰਵਾਹ ਨੂੰ ਦੁਨਿਆਵੀ ਧੜੇ ਦੀ ਨਾਲੀ ਵਿਚੋਂ ਲੰਘਾਣਾ ਚਾਹੁੰਦੇ ਸਨ। ਉਸ ਸਮੇ ਦੂਰੋਂ ਆਏ ਨਿਰਪੱਖ ਪਰਦੇਸੀ ਭੱਟਾਂ ਨੇ ਭਰੇ ਦਰਬਾਰ ਵਿਚ ਇਸ ਬਾਣੀ 'ਸਵਈਆਂ' ਦੀ ਰਾਹੀਂ ਸੱਚਾਈ ਦਾ ਹੋਕਾ ਦਿੱਤਾ। ਇਹ ਘਟਨਾ ਗੋਇੰਦਵਾਲ ਹੋਈ ਸੀ। ਇਥੋਂ ਆ ਕੇ ਬਾਬਾ ਜੀ ਨੇ ਅੰਮ੍ਰਿਤਸਰ ਵਿਚ ਆਪਣੇ ਸਾਥੀਆਂ ਦੀ ਸਹੈਤਾ ਨਾਲ ਉਸ ਅੰਮ੍ਰਿਤ ਦੇ ਸੋਮੇ ਨੂੰ ਸੁਕਾਣ ਲਈ ਕਈ ਮਹੀਨੇ ਗੁਰੂ-ਘਰ ਦੀ ਇਕ ਕਿਸਮ ਦੀ ਨਾਕਾ-ਬੰਦੀ ਕੀਤੀ ਰੱਖੀ, ਜਿਸ ਨਾਕਾ-ਬੰਦੀ ਦੇ ਟੁੱਟਣ ਦੀ ਯਾਦਗਾਰ ਇਹ 'ਰੱਬੀ ਕਲਾਣ' ਰੂਪ 'ਵਾਰ' ਹੈ।

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ {ਪੰਨਾ 966}

ਪਦ ਅਰਥ: ਰਾਇ ਬਲਵੰਡਿ = ਰਾਇ ਬਲਵੰਡ ਨੇ। ਤਥਾ = ਅਤੇ। ਸਤੈ = ਸੱਤੇ ਨੇ। ਡੂਮਿ = ਡੂਮ ਨੇ, ਮਿਰਾਸੀ ਨੇ, ਰਬਾਬੀ ਨੇ। ਸਤੈ ਡੂਮਿ = ਸੱਤੇ ਰਬਾਬੀ ਨੇ। ਆਖੀ = ਉਚਾਰੀ, ਸੁਣਾਈ।

ਅਰਥ: ਰਾਮਕਲੀ ਰਾਗਣੀ ਦੀ ਇਹ ਉਹ 'ਵਾਰ' ਹੈ ਜੋ ਰਾਇ ਬਲਵੰਡ ਨੇ ਅਤੇ ਸੱਤੇ ਡੂਮ ਨੇ ਸੁਣਾਈ ਸੀ।

ਨੋਟ: ਕਿਸੇ ਕਾਵਿ-ਰਚਨਾ ਨੂੰ ਕੋਈ ਇਕੋ ਹੀ ਲਿਖਾਰੀ ਲਿਖ ਸਕਦਾ ਹੈ, ਇਕ ਰਚਨਾ ਦੇ ਇਕ ਤੋਂ ਵਧੀਕ ਲੇਖਕ ਨਹੀਂ ਹੋ ਸਕਦੇ। ਇਸ ਉਪਰਲੇ ਸਿਰ-ਲੇਖ ਵਿਚ ਦੋ ਨਾਮ ਹਨ– ਬਲਵੰਡ ਅਤੇ ਸੱਤਾ। ਇਸ ਦਾ ਭਾਵ ਹੈ ਕਿ ਇਹਨਾਂ ਇਕੱਠਿਆਂ ਰਲ ਕੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ ਇਹ 'ਵਾਰ' 'ਆਖੀ' ਸੀ, ਸੁਣਾਈ ਸੀ। ਇਸ 'ਵਾਰ' ਦੀਆਂ ਅੱਠ ਪਉੜੀਆਂ ਹਨ। ਪਹਿਲੀਆਂ 3 ਪਉੜੀਆਂ ਦਾ ਕਰਤਾ ਬਲਵੰਡ ਹੈ ਅਤੇ ਅਖ਼ੀਰਲੀਆਂ 5 ਪਉੜੀਆਂ ਦਾ ਕਰਤਾ ਸੱਤਾ ਹੈ।

ੴ ਸਤਿਗੁਰ ਪ੍ਰਸਾਦਿ ॥ ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥ ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥ ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ {ਪੰਨਾ 966}

ਪਦ ਅਰਥ: ਨਾਉ = ਨਾਮ, ਨਾਮਣਾ, ਇੱਜ਼ਤ, ਵਡਿਆਈ। ਬੋਲੁ = ਬਚਨ, ਗੱਲ। ਜੋਖੀਵਦੈ = ਜੋਖਣ ਵਾਸਤੇ, ਜੋਖੇ ਜਾਣ ਲਈ, (ਉਸ ਨਾਮਣੇ ਦੇ) ਜੋਖਣ ਲਈ, ਤੋਲਣ ਲਈ। ਕਿਉ ਹੋਵੈ = ਕਿਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ। ਦੇ ਗੁਨਾ ਸਤਿ = ਸਤਿ ਆਦਿਕ ਦੈਵੀ ਗੁਣ, ਸੱਚਾਈ ਆਦਿਕ ਰੱਬੀ ਗੁਣ। ਪਾਰੰਗਤਿ = ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ। ਦਾਨੁ = ਬਖ਼ਸ਼ਿਸ਼। ਪੜੀਵਦੈ = ਪ੍ਰਾਪਤ ਕਰਨ ਲਈ। ਨਾਨਕਿ = ਨਾਨਕ ਨੇ। ਕੋਟੁ = ਕਿਲ੍ਹਾ। ਸਤਾਣੀ = ਤਾਣ ਵਾਲੀ, ਬਲ ਵਾਲੀ। ਨੀਵ = ਨੀਂਹ। ਦੈ = ਦੇ ਕੇ।

ਅਰਥ: (ਕਿਸੇ ਪੁਰਖ ਦਾ) ਜੋ ਨਾਮਣਾ ਕਾਦਰ ਕਰਤਾ ਆਪਿ (ਉੱਚਾ) ਕਰੇ, ਉਸ ਨੂੰ ਤੋਲਣ ਲਈ (ਕਿਸੇ ਪਾਸੋਂ) ਕੋਈ ਗੱਲ ਨਹੀਂ ਹੋ ਸਕਦੀ (ਭਾਵ, ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਗੁਰੂ ਜੀ ਦੇ ਉੱਚੇ ਮਰਤਬੇ ਨੂੰ ਬਿਆਨ ਕਰ ਸਕਾਂ?) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮ ਅਵਸਥਾ ਦੀ ਬਖ਼ਸ਼ਸ਼ ਹਾਸਲ ਕਰਨ ਲਈ ਜੋ ਸਤਿ ਆਦਿਕ ਰੱਬੀ ਗੁਣ (ਲੋਕ ਬੜੇ ਜਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ ਸਤਿਗੁਰੂ ਜੀ ਦੇ ਤਾਂ) ਭੈਣ ਭਰਾਵ ਹਨ (ਭਾਵ) ਉਹਨਾਂ ਦੇ ਅੰਦਰ ਤਾਂ ਸੁਭਾਵਿਕ ਹੀ ਮੌਜੂਦ ਹਨ। (ਇਸ ਉੱਚੇ ਨਾਮਣੇ ਵਾਲੇ ਗੁਰੂ) ਨਾਨਕ ਦੇਵ ਜੀ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ।

ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥ ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ {ਪੰਨਾ 966}

ਪਦ ਅਰਥ: ਧਰਿਓਨੁ = ਧਰਿਆ ਉਨਿ (ਗੁਰੂ ਨਾਨਕ ਨੇ) । ਲਹਣੇ ਧਰਿਓਨੁ ਛਤੁ ਸਿਰਿ = ਲਹਿਣੇ ਸਿਰਿ ਛਤੁ ਧਰਿਓਨੁ, ਲਹਿਣੇ ਦੇ ਸਿਰ ਉਤੇ ਉਨਿ (ਗੁਰੂ ਨਾਨਕ ਨੇ) ਛਤਰ ਧਰਿਆ। ਕਰਿ ਸਿਫਤੀ = ਸਿਫ਼ਤਾਂ ਕਰ ਕੇ। ਅੰਮ੍ਰਿਤੁ ਪੀਵਦੈ = ਨਾਮ-ਅੰਮ੍ਰਿਤ ਪੀਂਦੇ (ਲਹਿਣੇ ਜੀ ਦੇ ਸਿਰ ਉਤੇ) । ਮਤਿ ਗੁਰ ਆਤਮ ਦੇਵ ਦੀ = ਆਤਮਦੇਵ ਗੁਰੂ ਦੀ ਮਤਿ ਦੀ ਰਾਹੀਂ। ਆਤਮਦੇਵ = ਅਕਾਲ ਪੁਰਖ। ਖੜਗਿ = ਖੜਗ ਦੀ ਰਾਹੀਂ। ਜੋਰਿ = ਜ਼ੋਰ ਨਾਲ। ਪਰਾਕੁਇ = ਪਰਾਕਉ ਦੁਆਰਾ, ਪ੍ਰਾਕ੍ਰਮ ਦੀ ਰਾਹੀਂ, ਤਾਕਤ ਨਾਲ।

{ਨੋਟ: ਲਫ਼ਜ਼ 'ਪਰਾਕੁਇ' ਲਫ਼ਜ਼ 'ਪਰਾਕਉ' ਤੋਂ ਕਰਣ ਕਾਰਕ ਇਕ-ਵਚਨ ਹੈ। 'ਪਰਾਕਉ' ਸੰਸਕ੍ਰਿਤ-ਸ਼ਬਦ 'ਪ੍ਰਾਕ੍ਰਮ' ਤੋਂ ਪ੍ਰਾਕ੍ਰਿਤ-ਰੂਪ ਹੈ}। ਜੀਅ = ਜੀਅ-ਦਾਨ, ਆਤਮ-ਦਾਨ, ਆਤਮਕ ਜੀਵਨ। ਦੈ = ਦੇ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

ਅਰਥ: ਗੁਰੂ ਅਕਾਲ ਪੁਰਖ ਦੀ (ਬਖ਼ਸ਼ੀ ਹੋਈ) ਮਤਿ-ਰੂਪ ਤਲਵਾਰ ਨਾਲ, ਜ਼ੋਰ ਨਾਲ ਅਤੇ ਬਲ ਨਾਲ (ਅੰਦਰੋਂ ਪਹਿਲਾ ਜੀਵਨ ਕੱਢ ਕੇ) ਆਤਮਕ ਜ਼ਿੰਦਗੀ ਬਖ਼ਸ਼ ਕੇ, (ਬਾਬਾ) ਲਹਿਣਾ ਜੀ ਦੇ ਸਿਰ ਉਤੇ, ਜੋ ਸਿਫ਼ਤਿ-ਸਾਲਾਹ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ, ਗੁਰੂ ਨਾਨਕ ਦੇਵ ਜੀ ਨੇ (ਗੁਰਿਆਈ ਦਾ) ਛਤਰ ਧਰਿਆ।

ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ {ਪੰਨਾ 966}

ਪਦ ਅਰਥ: ਗੁਰਿ = ਗੁਰੂ ਨੇ, ਗੁਰੂ ਨਾਨਕ ਦੇਵ ਜੀ ਨੇ। ਚੇਲੇ ਰਹਰਾਸਿ = ਚੇਲੇ (ਬਾਬਾ ਲਹਣਾ ਜੀ) ਦੀ ਰਹਰਾਸਿ। ਰਹਰਾਸਿ = ਅਰਦਾਸ, ਪਰਨਾਮ, ਨਮਸਕਾਰ। ਕੀਈ = ਕੀਤੀ। ਗੁਰਿ ਨਾਨਕਿ = ਗੁਰੂ ਨਾਨਕ ਨੇ। ਸਲਾਮਤਿ ਥੀਵਦੈ = ਸਲਾਮਤ ਹੁੰਦਿਆਂ ਹੀ, ਆਪਣੀ ਸਲਾਮਤੀ ਵਿਚ ਹੀ, ਸਰੀਰਕ ਤੌਰ ਤੇ ਜਿਊਂਦਿਆਂ ਹੀ। ਸਹਿ = ਸਹੁ ਨੇ, ਮਾਲਕ ਨੇ, ਗੁਰੂ ਨੇ। ਦਿਤੋਸੁ = ਦਿੱਤਾ, ਉਸ ਨੂੰ ਦਿੱਤਾ। ਜੀਵਦੈ = ਜਿਊਂਦਿਆਂ ਹੀ।

ਅਰਥ: (ਹੁਣ) ਆਪਣੀ ਸਲਾਮਤੀ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ (ਬਾਬਾ ਲਹਣਾ ਜੀ) ਅੱਗੇ ਮੱਥਾ ਟੇਕਿਆ, ਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ ਨੂੰ) ਦੇ ਦਿੱਤਾ।1।

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ {ਪੰਨਾ 966}

ਪਦ ਅਰਥ: ਲਹਣੇ ਦੀ = ਲਹਿਣੇ ਦੀ (ਦੋਹੀ) , ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ। ਫੇਰਾਈਐ = ਫਿਰ ਗਈ, ਪਸਰ ਗਈ, ਖਿੱਲਰ ਗਈ। ਨਾਨਕਾ ਦੋਹੀ ਖਟੀਐ = (ਗੁਰੂ) ਨਾਨਕ ਦੀ ਦੁਹਾਈ ਦੀ ਬਰਕਤਿ ਨਾਲ। ਦੋਹੀ = ਸੋਭਾ ਦੀ ਧੁੰਮ। ਖਟੀਐ = ਖੱਟੀ ਦੇ ਕਾਰਨ, ਬਰਕਤਿ ਨਾਲ। ਸਾਇ = ਉਹੀ। ਜੁਗਤਿ = ਜੀਵਚ ਦਾ ਢੰਗ। ਸਹਿ = ਸਹੁ (ਗੁਰੂ) ਨੇ। ਕਾਇਆ = ਸਰੀਰ।

ਅਰਥ: (ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ।

ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥ {ਪੰਨਾ 966}

ਪਦ ਅਰਥ: ਸੁ ਛਤੁ ਨਿਰੰਜਨੀ = ਸੁੰਦਰ ਰੱਬੀ ਛਤਰ। ਮਲਿ = ਮੱਲ ਕੇ, ਸਾਂਭ ਕੇ। ਗੁਰ ਹਟੀਐ = ਗੁਰੂ (ਨਾਨਕ) ਦੀ ਹੱਟੀ ਵਿਚ, ਗੁਰੂ ਨਾਨਕ ਦੇ ਘਰ ਵਿਚ। ਕਰਹਿ = (ਬਾਬਾ ਲਹਣਾ ਜੀ) ਕਰਦੇ ਹਨ। ਗੁਰ ਫੁਰਮਾਇਆ = ਗੁਰੂ ਦਾ ਫੁਰਮਾਇਆ ਹੋਇਆ ਹੁਕਮ। ਜੋਗੁ = 'ਗੁਰ ਫੁਰਮਾਇਆ'-ਰੂਪ ਜੋਗ। ਸਿਲ ਅਲੂਣੀ ਚਟੀਐ = (ਗੁਰੂ ਦਾ ਹੁਕਮ ਕਮਾਇਣ-ਰੂਪ ਜੋਗ, ਜੋ) ਅਲੂਣੀ ਸਿਰ ਚੱਟਣ ਸਮਾਨ (ਬੜਾ ਕਰੜਾ ਕੰਮ) ਹੈ।

ਅਰਥ: (ਬਾਬਾ ਲਹਣਾ ਦੇ ਸਿਰ ਉਤੇ) ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿਚ (ਬਾਬਾ ਲਹਣਾ) (ਗੁਰੂ ਨਾਨਕ ਦੇਵ ਜੀ ਪਾਸੋਂ 'ਨਾਮ' ਪਦਾਰਥ ਲੈ ਕੇ ਵੰਡਣ ਲਈ) ਗੱਦੀ ਮੱਲ ਕੇ ਬੈਠਾ ਹੈ। (ਬਾਬਾ ਲਹਣਾ ਜੀ) ਗੁਰੂ ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ– ਇਹ "ਹੁਕਮ ਪਾਲਣ"-ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ (ਵਾਂਗ ਬੜੀ ਕਰੜੀ ਕਾਰ) ਹੈ।

TOP OF PAGE

Sri Guru Granth Darpan, by Professor Sahib Singh