ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 967 ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥ ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥ {ਪੰਨਾ 967} ਪਦ ਅਰਥ: ਗੁਰ ਸਬਦਿ = ਸਤਿਗੁਰੂ ਦੇ ਸ਼ਬਦ ਦੀ ਰਾਹੀਂ। ਆਵੀ = ਆਉਂਦੀ। ਹਰਿ ਤੋਟਿ...ਖਟੀਐ = ਹਰਿ ਖਟੀਐ ਤੋਟਿ ਨ ਆਵੀ, ਹਰਿ-ਨਾਮ ਦੀ ਖੱਟੀ ਵਿਚ ਘਾਟਾ ਨਹੀਂ ਪੈਂਦਾ; (ਭਾਵ,) ਬਾਬਾ ਲਹਣਾ ਜੀ ਦੇ ਦਰ ਉਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਨਾਮ ਦਾ ਭੰਡਾਰਾ ਵਰਤ ਰਿਹਾ ਹੈ, (ਇਤਨਾ ਵੰਡਿਆਂ ਭੀ) ਬਾਬਾ ਲਹਣਾ ਜੀ ਦੀ ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ। ਖਰਚੇ = ਖਰਚ ਰਿਹਾ ਹੈ, ਵੰਡ ਰਿਹਾ ਹੈ। ਦਿਤਿ ਖਸੰਮ ਦੀ = ਖਸਮ (ਅਕਾਲ ਪੁਰਖ) ਦੀ (ਬਖ਼ਸ਼ੀ ਹੋਈ) ਦਾਤਿ। ਆਪ ਖਹਦੀ = (ਨਾਮ ਦੀ ਦਾਤਿ) ਆਪ ਵਰਤੀ। ਖੈਰਿ = ਖੈਰ ਵਿਚ, ਦਾਨ ਵਿਚ। ਦਬਟੀਐ = ਦਬਾ-ਦਬ ਵੰਡੀ। ਅਰਥ: (ਬਾਬਾ ਲਹਣਾ ਜੀ) ਅਕਾਲ ਪੁਰਖ ਦੀ ਦਿੱਤੀ ਹੋਈ ਨਾਮ-ਦਾਤਿ ਵੰਡ ਰਹੇ ਹਨ, ਆਪ (ਭੀ) ਵਰਤਦੇ ਹਨ ਤੇ (ਹੋਰਨਾਂ ਨੂੰ ਭੀ) ਦਬਾ-ਦਬ ਦਾਨ ਕਰ ਰਹੇ ਹਨ, (ਗੁਰੂ ਨਾਨਕ ਦੀ ਹੱਟੀ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ ਦਾ) ਲੰਗਰ ਚੱਲ ਰਿਹਾ ਹੈ, (ਪਰ ਬਾਬਾ ਲਹਣਾ ਜੀ ਦੀ) ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ। ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥ ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥ {ਪੰਨਾ 967} ਪਦ ਅਰਥ: ਨੂਰੁ = ਪ੍ਰਕਾਸ਼। ਅਰਸ = ਅਰਸ਼, ਆਸਮਾਨ, ਅਕਾਸ਼। ਕੁਰਸ = ਸੂਰਜ ਚੰਦ ਦੀ ਟਿੱਕੀ। ਅਰਸਹੁ ਕੁਰਸਹੁ = ਆਤਮਕ ਮੰਡਲ ਤੋਂ, ਰੂਹਾਨੀ ਦੇਸ ਤੋਂ। ਝਟੀਐ = ਝੱਟਿਆ ਜਾ ਰਿਹਾ ਹੈ, ਦਬਾ-ਦਬ ਸਿੰਜਿਆ ਜਾ ਰਿਹਾ ਹੈ, ਝੜ ਰਿਹਾ ਹੈ। ਸਚੇ ਪਾਤਿਸਾਹ = ਹੇ ਸੱਚੇ ਸਤਿਗੁਰੂ ਅੰਗਦ ਦੇਵ ਜੀ! ਜਨਮ ਜਨਮ ਦੀ = ਕਈ ਜਨਮਾਂ ਦੀ। ਅਰਥ: (ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ) ਮਾਲਕ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਹੋ ਰਹੀ ਹੈ, ਰੂਹਾਨੀ ਦੇਸਾਂ ਤੋਂ (ਉਸ ਦੇ ਦਰ ਤੇ) ਨੂਰ ਝੜ ਰਿਹਾ ਹੈ। ਹੇ ਸੱਚੇ ਸਤਿਗੁਰੂ (ਅੰਗਦ ਦੇਵ ਜੀ) ! ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਕੱਟੀ ਜਾ ਰਹੀ ਹੈ। ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥ ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥ {ਪੰਨਾ 967} ਪਦ ਅਰਥ: ਗੁਰਿ = ਗੁਰੂ (ਨਾਨਕ) ਨੇ। ਏਦੂ = ਇਸ ਤੋਂ। ਏਦੂ ਬੋਲਹੁ = ਇਸ ਬੋਲ ਤੋਂ, ਸਤਿਗੁਰੂ ਨਾਨਕ ਦੇ ਫੁਰਮਾਏ ਹੋਏ ਬੋਲ ਤੋਂ। ਕਿਉ ਹਟੀਐ = ਕਿਵੇਂ ਹਟਿਆ ਜਾ ਸਕੇ? ਭਾਵ, ਹੇ ਗੁਰੂ ਅੰਗਦ ਸਾਹਿਬ ਜੀ! ਆਪ ਨੇ ਗੁਰੂ ਨਾਨਕ ਦੇ ਫੁਰਮਾਏ ਹੋਏ ਹੁਕਮ ਦੇ ਮੰਨਣ ਤੋਂ ਨਾਹ ਨਹੀਂ ਕੀਤੀ। ਪੁਤ੍ਰੀ = ਪੁਤ੍ਰਾਂ ਨੇ। ਕਉਲੁ = ਬਚਨ, ਹੁਕਮ। ਨ ਪਾਲਿਓ = ਨਹੀਂ ਮੰਨਿਆ। ਕੰਨ੍ਹ੍ਹ = ਮੋਢੇ। ਕਰਿ ਕੰਨ੍ਹ੍ਹ = ਮੋਢਾ ਕਰ ਕੇ, ਮੂੰਹ ਮੋੜ ਕੇ, ਪਿੱਠ ਕਰ ਕੇ। ਪੀਰਹੁ = ਪੀਰ ਵਲੋਂ, ਸਤਿਗੁਰੂ ਵਲੋਂ। ਮੁਰਟੀਐ = ਮੋੜਦੇ ਰਹੇ। ਅਰਥ: (ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ; (ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ। ਦਿਲਿ ਖੋਟੈ ਆਕੀ ਫਿਰਨ੍ਹ੍ਹਿ ਬੰਨ੍ਹ੍ਹਿ ਭਾਰੁ ਉਚਾਇਨ੍ਹ੍ਹਿ ਛਟੀਐ ॥ ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥ ਕਉਣੁ ਹਾਰੇ ਕਿਨਿ ਉਵਟੀਐ ॥੨॥ {ਪੰਨਾ 967} ਪਦ ਅਰਥ: ਦਿਲਿ ਖੋਟੈ = ਖੋਟਾ ਦਿਲ ਹੋਣ ਦੇ ਕਾਰਨ। ਆਕੀ ਫਿਰਨ੍ਹ੍ਹਿ = (ਜੋ) ਆਕੀ ਫਿਰਦੇ ਹਨ। ਬੰਨ੍ਹ੍ਹਿ = ਬੰਨ੍ਹ ਕੇ। ਉਚਾਇਨ੍ਹ੍ਹਿ = ਚੁੱਕਦੇ ਹਨ, ਸਹਾਰਦੇ ਹਨ। ਭਾਰੁ ਛਟੀਐ = ਛੱਟ ਦਾ ਭਾਰ। ਨੋਟ: ਲਫ਼ਜ਼ 'ਫਿਰਨ੍ਹ੍ਹਿ', ਬੰਨ੍ਹ੍ਹਿ ਅਤੇ 'ਉਚਾਇਨ੍ਹ੍ਹਿ' ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ। ਜਿਨਿ = ਜਿਸ (ਗੁਰੂ ਨਾਨਕ) ਨੇ। ਆਖੀ = (ਹੁਕਮ ਮੰਨਣ ਦੀ ਸਿੱਖਿਆ) ਦੱਸੀ। ਸੋਈ = (ਉਹ ਗੁਰੂ) ਆਪ ਹੀ। ਕਰੇ = (ਹੁਕਮ ਵਿਚ ਤੁਰਨ ਦੀ ਕਾਰ) ਕਰ ਰਿਹਾ ਹੈ। ਜਿਨਿ = ਜਿਸ (ਗੁਰੂ ਨਾਨਕ) ਨੇ। ਕੀਤੀ = (ਇਹ ਰਜ਼ਾ ਵਿਚ ਤੁਰਨ ਵਾਲੀ ਖੇਡ) ਰਚਾਈ। ਤਿਨੈ = ਉਸ ਨੇ ਆਪ ਹੀ। ਥਟੀਐ = ਥੱਟਿਆ, (ਬਾਬਾ ਲਹਣਾ ਜੀ ਨੂੰ) ਥਾਪਿਆ, ਹੁਕਮ ਮੰਨਣ ਦੇ ਸਮਰੱਥ ਬਣਾਇਆ। ਕਉਣੁ ਹਾਰੇ = (ਹੁਕਮ ਵਿਚ ਤੁਰਨ ਦੀ ਬਾਜ਼ੀ) ਕੌਣ ਹਾਰਿਆ? ਕਿਨਿ = ਕਿਸ ਨੇ? ਉਵਟੀਐ = ਵੱਟਿਆ, ਖੱਟਿਆ, ਬਾਜ਼ੀ ਜਿੱਤੀ, ਲਾਭ ਖੱਟਿਆ। ਕਉਣੁ ਹਾਰੇ ਕਿਨਿ ਉਵਟੀਐ = ਕੌਣ (ਇਸ ਹੁਕਮ-ਖੇਡ) ਵਿਚ ਹਾਰਿਆ, ਤੇ ਕਿਸ ਨੇ (ਲਾਭ) ਖੱਟਿਆ? ਭਾਵ, (ਆਪਣੀ ਸਮਰੱਥਾ ਨਾਲ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਨ ਕੋਈ ਜਿੱਤਣ ਜੋਗਾ ਹੈ। ਅਰਥ: ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਉਹ ਲੋਕ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ। (ਪਰ ਜੀਵਾਂ ਦੇ ਕੀਹ ਵੱਸ ਹੈ? ਆਪਣੀ ਸਮਰੱਥਾ ਦੇ ਆਸਰੇ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਤੇ ਨ ਕੋਈ ਜਿੱਤਣ-ਜੋਗਾ ਹੈ। ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ।2। ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥ ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥ {ਪੰਨਾ 967} ਪਦ ਅਰਥ: ਜਿਨਿ = ਜਿਸ (ਗੁਰੂ ਅੰਗਦ ਦੇਵ ਜੀ) ਨੇ। ਕੀਤੀ = (ਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ) ਕੀਤੀ। ਮੰਨਣਾ = ਮੰਨਣ-ਜੋਗ, ਆਦਰ-ਜੋਗ। ਕੋ = ਕੌਣ, ਹੋਰ ਕੌਣ? ਸਾਲੁ = ਸਾਰ, ਸ੍ਰੇਸ਼ਟ, ਚੰਗਾ। ਜਿਵਾਹੇ = ਜਿਵਾਹਾਂ। {ਜਿਵਾਂਹ ਬੇਟ ਦੇ ਇਲਾਕੇ ਵਿਚ ਉਥੇ ਉੱਗਦੀ ਹੈ ਜਿਥੇ ਦਰਿਆ ਦੇ ਹੜ੍ਹਾਂ ਨਾਲ ਭਲ ਪੈ ਕੇ ਥਾਂ ਉੱਚੀ ਹੋ ਜਾਂਦੀ ਹੈ। ਵਰਖਾ-ਰੁਤੇ ਸੜ ਜਾਂਦੀ ਹੈ। ਪੋਹਲੀ ਵਾਂਗ ਜਿਵਾਂਹ ਨੂੰ ਕੰਡੇ ਹੁੰਦੇ ਹਨ}। ਸਾਲੀ = ਸ਼ਾਲੀ, ਮੁੰਜੀ ਜੋ ਨੀਵੇਂ ਥਾਂ ਹੀ ਪਲ੍ਹਰ ਸਕਦੀ ਹੈ) । ਲੈ ਗਲਾ = ਗੱਲਾਂ ਸੁਣ ਕੇ, ਅਰਜ਼ੋਈਆਂ ਸੁਣ ਕੇ। ਦਲਾਲੀ = ਵਿਚੋਲਾ-ਪਨ। ਅਰਥ: ਜਿਸ (ਗੁਰੂ ਅੰਗਦ ਦੇਵ ਜੀ) ਨੇ (ਨਿਮ੍ਰਤਾ ਵਿਚ ਰਹਿ ਕੇ ਸਤਿਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ) ਕੀਤੀ, ਉਹ ਮੰਨਣ-ਜੋਗ ਹੋ ਗਿਆ। (ਦੋਹਾਂ ਵਿਚੋਂ) ਕੌਣ ਸ੍ਰੇਸ਼ਟ ਹੈ? ਜਿਵਾਂਹ ਕਿ ਮੁੰਜੀ? (ਮੁੰਜੀ ਹੀ ਚੰਗੀ ਹੈ, ਜੋ ਨੀਵੇਂ ਥਾਂ ਪਲਦੀ ਹੈ। ਇਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈ ਉਹ ਆਦਰ ਪਾ ਲੈਂਦਾ ਹੈ) । ਗੁਰੂ ਅੰਗਦ ਸਾਹਿਬ ਧਰਮ ਦਾ ਰਾਜਾ ਹੋ ਗਿਆ ਹੈ, ਧਰਮ ਦਾ ਦੇਵਤਾ ਹੋ ਗਿਆ ਹੈ, ਜੀਵਾਂ ਦੀਆਂ ਅਰਜ਼ੋਈਆਂ ਸੁਣ ਕੇ ਪਰਮਾਤਮਾ ਨਾਲ ਜੋੜਨ ਦਾ ਵਿਚੋਲਾ-ਪਨ ਕਰ ਰਿਹਾ ਹੈ। ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥ ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥ {ਪੰਨਾ 967} ਪਦ ਅਰਥ: ਸਚਾ = ਅਕਾਲ ਪੁਰਖ। ਕਰੇ = ਵਰਤੋਂ ਵਿਚ ਲਿਆਉਂਦਾ ਹੈ। ਸਾ = ਉਹੀ। ਦਰਹਾਲੀ = ਤੁਰਤ, ਉਸੇ ਵੇਲੇ। ਦੋਹੀ ਫਿਰੀ = ਵਡਿਆਈ ਦੀ ਧੁੰਮ ਪੈ ਗਈ। ਕਰਤੈ = ਕਰਤਾਰ ਨੇ। ਬੰਧਿ = ਬੰਨ੍ਹ ਕੇ, ਪੱਕੀ ਕਰ ਕੇ। ਬਹਾਲੀ = ਟਿਕਾ ਦਿੱਤੀ, ਕਾਇਮ ਕਰ ਦਿੱਤੀ। ਅਰਥ: (ਹੁਣ) ਸਤਿਗੁਰੂ (ਅੰਗਦ ਦੇਵ) ਜੋ ਬਚਨ ਬੋਲਦਾ ਹੈ ਅਕਾਲ ਪੁਰਖ ਉਹੀ ਕਰਦਾ ਹੈ, ਉਹੀ ਗੱਲ ਤੁਰਤ ਹੋ ਜਾਂਦੀ ਹੈ। ਗੁਰੂ ਅੰਗਦ ਦੇਵ (ਜੀ) ਵਡਿਆਈ ਦੀ ਧੁੰਮ ਪੈ ਗਈ ਹੈ, ਸੱਚੇ ਕਰਤਾਰ ਨੇ ਪੱਕੀ ਕਰ ਕੇ ਕਾਇਮ ਕਰ ਦਿੱਤੀ ਹੈ। ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥ ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥ ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥ {ਪੰਨਾ 967} ਪਦ ਅਰਥ: ਕਾਇਆ = ਸਰੀਰ। ਪਲਟੁ ਕਰਿ = ਵਟਾ ਕੇ। ਮਲਿ ਤਖਤੁ = ਗੱਦੀ ਸੰਭਾਲ ਕੇ। ਸੈ ਡਾਲੀ = ਸੈਂਕੜੇ ਡਾਲੀਆਂ ਵਾਲਾ, ਸੈਂਕੜੇ ਸਿੱਖਾਂ ਵਾਲਾ। ਉਮਤਿ = ਸੰਗਤਿ। ਖੜੀ = ਖਲੋਤੀ ਹੋਈ, ਸਾਵਧਾਨ ਹੋ ਕੇ, ਪ੍ਰੇਮ ਨਾਲ। ਦਰੁ ਸੇਵੇ = ਦਰਵਾਜ਼ਾ ਸੇਂਵਦੀ ਹੈ, ਦਰ ਮੱਲੀ ਬੈਠੀ ਹੈ। ਮਸਕਲੈ = ਮਸਕਲੇ ਨਾਲ। ਹੋਇ ਜੰਗਾਲੀ = ਜੰਗਾਲ ਵਾਲੀ ਧਾਤ (ਸਾਫ਼) ਹੋ ਜਾਂਦੀ ਹੈ। ਦਰਿ = (ਗੁਰੂ ਨਾਨਕ ਦੇ) ਦਰ ਤੇ। ਦਰਵੇਸੁ = ਨਾਮ ਦੀ ਦਾਤਿ ਦਾ ਸੁਆਲੀ। ਖਸੰਮ ਦੈ ਨਾਇ ਸਚੈ = ਮਾਲਕ ਦੇ ਸੱਚੇ ਨਾਮ ਦੀ ਰਾਹੀਂ, ਮਾਲਕ ਦਾ ਸੱਚਾ ਨਾਮ ਸਿਮਰਨ ਦੀ ਬਰਕਤਿ ਨਾਲ। ਬਾਣੀ = ਬਣੀ ਹੋਈ ਹੈ। ਅਰਥ: ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ (ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤਿ ਹੈ, ਕੇਵਲ ਸਰੀਰ ਪਲਟਿਆ ਹੈ) । ਸੰਗਤਿ (ਗੁਰੂ ਅੰਗਦ ਦੇਵ ਜੀ ਦਾ) ਦਰ (ਮੱਲ ਕੇ) ਪ੍ਰੇਮ ਨਾਲ ਸੇਵਾ ਕਰ ਰਹੀ ਹੈ (ਅਤੇ ਆਪਣੇ ਆਤਮਾ ਨੂੰ ਪਵਿਤ੍ਰ ਕਰ ਰਹੀ ਹੈ, ਜਿਵੇਂ) ਜੰਗਾਲੀ ਹੋਈ ਧਾਤ ਮਸਕਲੇ ਨਾਲ (ਸਾਫ਼) ਹੋ ਜਾਂਦੀ ਹੈ। (ਗੁਰੂ ਨਾਨਕ ਦੇ) ਦਰ ਤੇ (ਗੁਰੂ ਅੰਗਦ) ਨਾਮ ਦੀ ਦਾਤਿ ਦਾ ਸੁਆਲੀ ਹੈ। ਅਕਾਲ ਪੁਰਖ ਦਾ ਸੱਚਾ ਨਾਮ ਸਿਮਰਨ ਦੀ ਬਰਕਤਿ ਨਾਲ (ਗੁਰੂ ਅੰਗਦ ਸਾਹਿਬ ਦੇ ਮੂੰਹ ਉਤੇ) ਲਾਲੀ ਬਣੀ ਹੋਈ ਹੈ। ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥ ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥ {ਪੰਨਾ 967} ਪਦ ਅਰਥ: ਬਲਵੰਡ = ਹੇ ਬਲਵੰਡ! ਖੀਵੀ = ਗੁਰੂ ਅੰਗਦ ਜੀ ਦੀ ਪਤਨੀ (ਮਾਤਾ) ਖੀਵੀ। ਜਿਸੁ = ਜਿਸ (ਮਾਤਾ ਖੀਵੀ ਜੀ) ਦੀ। ਪਤ੍ਰਾਲੀ = ਪੱਤ੍ਰਾਂ ਵਾਲੀ, ਸੰਘਣੀ। ਲੰਗਰਿ = ਲੰਗਰ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਘਿਆਲੀ = ਘਿਉ ਵਾਲੀ। ਪਰਾਲੀ = ਮੁੰਜੀ ਦਾ ਬੂਟਾ ਜਿਸ ਨਾਲੋਂ ਦਾਣੇ ਝਾੜ ਲਏ ਹੁੰਦੇ ਹਨ, ਬੂਟੇ ਦਾ ਰੰਗ ਪੀਲਾ ਹੋ ਗਿਆ ਹੁੰਦਾ ਹੈ; ਪੀਲੇ ਮੂੰਹ ਵਾਲੇ, ਸ਼ਰਮਿੰਦੇ। ਨੋਟ: ਇਸ 'ਵਾਰ' ਦੇ ਆਰੰਭ ਵਿਚ ਲਿਖਿਆ ਹੈ ਕਿ ਇਹ ਵਾਰ 'ਰਾਇ ਬਲਵੰਡ' ਅਤੇ 'ਸੱਤੇ ਡੂੰਮ' ਨੇ ਉਚਾਰੀ ਸੀ। ਇਸ ਪਉੜੀ ਨੰ: 3 ਵਿਚ ਲਫ਼ਜ਼ 'ਬਲਵੰਡ' ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਪਹਿਲੀਆਂ 3 ਪਉੜੀਆਂ 'ਬਲਵੰਡ' ਦੀਆਂ ਉਚਾਰੀਆਂ ਹੋਈਆਂ ਹਨ। ਅਰਥ: ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ) । (ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ। (ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ) ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ। ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥ ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥ {ਪੰਨਾ 967} ਪਦ ਅਰਥ: ਪਏ ਕਬੂਲੁ = (ਗੁਰੂ ਅੰਗਦ ਦੇਵ ਜੀ) ਕਬੂਲ ਹੋਏ। ਖਸੰਮ ਨਾਲਿ = ਆਪਣੇ ਸਤਿਗੁਰੂ (ਗੁਰੂ ਅਰਥ: ਮਾਤਾ ਖੀਵੀ ਜੀ ਦਾ ਉਹ ਪਤੀ (ਗੁਰੂ ਅੰਗਦ ਦੇਵ ਐਸਾ ਸੀ) ਜਿਸ ਨੇ (ਸਾਰੀ) ਧਰਤੀ (ਦਾ ਭਾਰ) ਚੁੱਕ ਲਿਆ ਹੋਇਆ ਸੀ। ਜਦੋਂ (ਗੁਰੂ ਅੰਗਦ ਦੇਵ ਜੀ ਨੇ) ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਸਤਿਗੁਰੂ (ਗੁਰੂ ਨਾਨਕ) ਦੇ ਦਰ ਤੇ ਕਬੂਲ ਹੋਏ।3। ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥ ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥ {ਪੰਨਾ 967} ਪਦ ਅਰਥ: ਹੋਰਿਂਓ = ਹੋਰ ਪਾਸਿਓਂ, ਹੋਰ ਪਾਸੇ ਵਲੋਂ। ਵਹਾਈਐ = ਵਹਾਈ ਹੈ, ਚਲਾਈ ਹੈ। ਦੁਨਿਆਈ = ਲੁਕਾਈ, ਦੁਨੀਆ ਦੇ ਲੋਕ। ਕਿ = ਕੀਹ? ਕਿਓਨੁ = ਕੀਆ ਉਨਿ, ਕੀਤਾ ਹੈ ਉਸ ਨੇ। ਈਸਰਿ = ਈਸਰ ਨੇ, ਮਾਲਕ ਨੇ, ਗੁਰੂ ਨੇ। ਜਗਨਾਥਿ = ਜੱਗਨਾਥ ਨੇ, ਜਗਤ ਦੇ ਨਾਥ ਨੇ। ਉਚਹਦੀ = ਹੱਦ ਤੋਂ ਉੱਚਾ। ਵੈਣੁ = ਬਚਨ। ਵਿਰਿਕਿਓਨੁ = ਵਿਰਕਿਆ ਹੈ ਉਸ ਨੇ, ਬਿਰਕਿਆ ਹੈ ਉਸ ਨੇ, ਬੋਲਿਆ ਹੈ ਉਸ ਨੇ। ਅਰਥ: ਦੁਨੀਆ ਆਖਦੀ ਹੈ ਜਗਤ ਦੇ ਨਾਥ ਗੁਰੂ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ ਉਸ ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ। ਇਹ ਉਸ ਨੇ ਕੀਹ ਕੀਤਾ ਹੈ? ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥ ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥ {ਪੰਨਾ 967} ਪਦ ਅਰਥ: ਪਰਬਤੁ = ਸੁਮੇਰ ਪਰਬਤ (ਭਾਵ, ਉੱਚੀ ਸੁਰਤ। ਪੁਰਾਣਿਕ ਕਥਾ ਅਨੁਸਾਰ ਜਿਵੇਂ ਦੇਵਤਿਆਂ ਨੇ ਖੀਰ ਸਮੁੰਦਰ ਨੂੰ ਰਿੜਕਣ ਵੇਲੇ ਸੁਮੇਰ ਪਰਬਤ ਨੂੰ ਮਧਾਣੀ ਬਣਾਇਆ, ਤਿਵੇਂ ਗੁਰੂ ਨਾਨਕ ਨੇ ਉੱਚੀ ਸੁਰਤਿ ਨੂੰ ਮਧਾਣੀ ਬਣਾਇਆ) । ਬਾਸਕੁ = ਸੰ: (bwsuik) ਸੱਪਾਂ ਦਾ ਰਾਜਾ। ਨੇਤ੍ਰਿ = ਨੇਤ੍ਰੇ ਵਿਚ। ਕਰਿ ਨੇਤ੍ਰਿ ਬਾਸਕੁ = ਬਾਸਕ ਨਾਗ ਨੂੰ ਨੇਤ੍ਰੇ ਵਿਚ ਕਰ ਕੇ (ਭਾਵ, ਮਨ-ਰੂਪ ਸੱਪ ਨੂੰ ਨੇਤ੍ਰਾ ਬਣਾ ਕੇ, ਮਨ ਨੂੰ ਕਾਬੂ ਕਰ ਕੇ) । ਨਿਕਾਲਿਅਨੁ = ਨਿਕਾਲੇ ਉਸ (ਗੁਰੂ ਨਾਨਕ) ਨੇ। ਆਵਾਗਉਣੁ = ਸੰਸਾਰ। ਚਿਲਕਿਓਨੁ = ਚਿਲਕਾਇਆ ਉਸ ਨੇ, ਲਿਸ਼ਕਾ ਦਿੱਤਾ ਉਸ ਨੇ, ਸੁਖ-ਰੂਪ ਬਣਾ ਦਿੱਤਾ ਉਸ (ਗੁਰੂ ਨਾਨਕ) ਨੇ। ਅਰਥ: ਉਸ (ਗੁਰੂ ਨਾਨਕ) ਨੇ ਉੱਚੀ ਸੁਰਤਿ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) 'ਸ਼ਬਦ' ਵਿਚ ਰੇੜਕਾ ਪਾਇਆ (ਭਾਵ, 'ਸ਼ਬਦ' ਨੂੰ ਵਿਚਾਰਿਆ; ਇਸ ਤਰ੍ਹਾਂ) ਉਸ (ਗੁਰੂ ਨਾਨਕ) ਨੇ (ਇਸ 'ਸ਼ਬਦ'-ਸਮੁੰਦਰ ਵਿਚੋਂ 'ਰੱਬੀ ਗੁਣ'-ਰੂਪ) ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਕੱਢੇ ਤੇ (ਇਹ ਉੱਦਮ ਕਰ ਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ। ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥ ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥ {ਪੰਨਾ 967} ਪਦ ਅਰਥ: ਕੁਦਰਤਿ = ਸਮਰੱਥਾ, ਤਾਕਤ। ਅਹਿ = ਇਹੋ ਜਿਹੀ। ਵੇਖਾਲੀਅਨੁ = ਵਿਖਾਲੀ ਉਸ (ਗੁਰੂ ਨਾਨਕ) ਨੇ। ਜਿਣਿ = ਜਿੱਤ ਕੇ, (ਬਾਬਾ ਲਹਣਾ ਜੀ ਦੇ ਮਨ ਨੂੰ ਜਿੱਤ ਕੇ) । ਐਵਡ = ਇਤਨਾ ਵੱਡਾ। ਪਿਡ = ਸਰੀਰ। ਐਵਡ ਪਿਡ = ਇਤਨੀ ਉੱਚੀ ਆਤਮਾ। ਠਿਣਕਿਓਨੁ = ਠਣਕਾਇਆ ਉਸ ਨੇ, ਟੁਣਕਾਇਆ ਉਸ (ਗੁਰੂ ਨਾਨਕ) ਨੇ, ਜਿਵੇਂ ਨਵਾਂ ਭਾਂਡਾ ਲੈਣ ਲੱਗਿਆਂ ਟੁਣਕਾ ਕੇ ਵੇਖੀਦਾ ਹੈ, ਪਰਖਿਆ ਉਸ ਗੁਰੂ ਨਾਨਕ ਨੇ। ਲਹਣੇ ਸਿਰਿ = ਲਹਣੇ ਦੇ ਸਿਰ ਉਤੇ। ਧਰਿਓਨੁ = ਧਰਿਆ ਉਸ ਨੇ। ਅਸਮਾਨਿ = ਅਸਮਾਨ ਤਕ। ਕਿਆੜਾ = ਗਿੱਚੀ। ਛਿਕਿਓਨੁ = ਖਿੱਚਿਆ ਉਸ ਨੇ। ਅਰਥ: ਉਸ (ਗੁਰੂ ਨਾਨਕ) ਨੇ ਐਸੀ ਸਮਰੱਥਾ ਵਿਖਾਈ ਕਿ (ਪਹਿਲਾਂ ਬਾਬਾ ਲਹਣਾ ਜੀ ਦਾ ਮਨ) ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਪਰਖਿਆ, (ਫਿਰ) ਬਾਬਾ ਲਹਣਾ ਜੀ ਦੇ ਸਿਰ ਉਤੇ (ਗੁਰਿਆਈ ਦਾ) ਛਤਰ ਧਰਿਆ ਤੇ (ਉਹਨਾਂ ਦੀ) ਸੋਭਾ ਅਸਮਾਨ ਤਕ ਅਪੜਾਈ। ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ {ਪੰਨਾ 967} ਪਦ ਅਰਥ: ਆਪੁ = ਆਪਣੇ ਆਪ ਨੂੰ। ਆਪੈ ਸੇਤੀ = ਆਪਣੇ 'ਆਪੇ' ਦੇ ਨਾਲ। ਮਿਕਿਓਨੁ = ਮਿੱਕਿਆ ਉਸ (ਗੁਰੂ ਨਾਨਕ) ਨੇ, ਬਰਾਬਰ ਕੀਤਾ ਉਸ (ਗੁਰੂ ਨਾਨਕ) ਨੇ। {ਨੋਟ: ਕਬੱਡੀ ਆਦਿਕ ਖੇਡ ਖੇਡਣ ਵੇਲੇ ਇਕੋ ਜਿਹੀ ਤਾਕਤ ਤੇ ਕੱਦ ਵਾਲੇ ਮੁੰਡੇ ਪਹਿਲਾਂ 'ਮਿੱਕ ਕੇ' ਆਉਂਦੇ ਹਨ, ਦੋ ਬਰਾਬਰ ਦੇ ਮੁੰਡੇ ਆਉਂਦੇ ਹਨ ਜਿਨ੍ਹਾਂ ਨੂੰ ਦੋਹਾਂ ਪਾਸਿਆਂ ਵਲ ਚੁਣਿਆ ਜਾਂਦਾ ਹੈ}। ਘੋਖਿ ਕੈ = ਪਰਖ ਕੇ {ਨੋਟ: ਪੁਰਾਣੀ ਪੰਜਾਬੀ ਦੇ 'ਕੈ' ਦੇ ਥਾਂ ਅੱਜ ਕੱਲ ਅਸੀਂ 'ਕੇ' ਵਰਤਦੇ ਹਾਂ}। ਉਮਤਿ = ਸੰਗਤਿ। ਜਿ = ਜੋ ਕੁਝ। ਕਿਓਨੁ = ਕੀਤਾ ਉਸ (ਗੁਰੂ ਨਾਨਕ) ਨੇ। ਸੁਧੋਸੁ = ਸੋਧਿਆ ਉਸ ਨੂੰ; ਸੋਧ ਕੀਤੀ ਉਸ ਦੀ। ਟਿਕਿਓਨੁ = ਟਿੱਕਿਆ ਉਸ ਨੇ; ਚੁਣਿਆ ਉਸ (ਗੁਰੂ ਨਾਨਕ) ਨੇ। ਅਰਥ: (ਗੁਰੂ ਨਾਨਕ ਸਾਹਿਬ ਦੀ) ਆਤਮਾ (ਬਾਬਾ ਲਹਣਾ ਜੀ ਦੀ) ਆਤਮਾ ਵਿਚ ਇਉਂ ਮਿਲ ਗਈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ 'ਆਪੇ' (ਬਾਬਾ ਲਹਣਾ ਜੀ) ਨਾਲ ਸਾਂਵਾਂ ਕਰ ਲਿਆ। ਹੇ ਸਾਰੀ ਸੰਗਤਿ! ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਤੇ ਪੁਤ੍ਰਾਂ ਨੂੰ ਪਰਖ ਕੇ ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ (ਆਪਣੇ ਥਾਂ ਲਈ ਬਾਬਾ) ਲਹਣਾ (ਜੀ ਨੂੰ) ਚੁਣਿਆ।4। ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥ ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥ {ਪੰਨਾ 967} ਪਦ ਅਰਥ: ਖਾਡੂਰੁ ਵਸਾਇਆ = ਨਗਰ ਖਡੂਰ ਦੀ ਰੌਣਕ ਵਧਾਈ। ਫੇਰੁਆਣਿ ਸਤਿਗੁਰਿ = (ਬਾਬਾ) ਫੇਰੂ ਦੇ ਪੁਤ੍ਰ ਸਤਿਗੁਰੂ ਨੇ। ਹੋਰੁ = ਹੋਰ ਸੰਸਾਰ। ਮੁਚੁ = ਬਹੁਤ। ਗਰੂਰੁ = ਗ਼ਰੂਰੁ, ਅਹੰਕਾਰ। ਫੇਰਿ = ਇਸ ਤੋਂ ਪਿਛੋਂ। ਅਰਥ: ਫਿਰ (ਜਦੋਂ ਬਾਬਾ ਲਹਣਾ ਜੀ ਨੂੰ ਗੁਰਿਆਈ ਮਿਲੀ ਤਾਂ) ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ ਨੇ ਖਡੂਰ ਦੀ ਰੌਣਕ ਵਧਾਈ (ਭਾਵ, ਕਰਤਾਰਪੁਰ ਤੋਂ ਖਡੂਰ ਆ ਟਿਕੇ) । (ਹੇ ਸਤਿਗੁਰੂ!) ਹੋਰ ਜਗਤ ਤਾਂ ਬਹੁਤ ਅਹੰਕਾਰ ਕਰਦਾ ਹੈ, ਪਰ ਤੇਰੇ ਪਾਸ ਜਪ ਤਪ ਸੰਜਮ (ਆਦਿਕ ਦੀ ਬਰਕਤਿ ਹੋਣ ਕਰ ਕੇ ਤੂੰ ਪਹਿਲੇ ਵਾਂਗ ਗਰੀਬੀ ਸੁਭਾਵ ਵਿਚ ਹੀ) ਰਿਹਾ। ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥ ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥ ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥ ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥ {ਪੰਨਾ 967} ਪਦ ਅਰਥ: ਵਿਣਾਹੇ = ਨਾਸ ਕਰਦਾ ਹੈ। ਵਰ੍ਹਿਐ = ਵਰ੍ਹਨ ਕਰ ਕੇ, ਵਰਖਾ ਹੋਣ ਕਰ ਕੇ। ਕੁਦਰਤੀ = ਰੱਬੀ। ਜਿਤੁ = ਜਿਸ ਵਿਚ। ਹਾਥ = ਡੂੰਘਾਈ ਦਾ ਅੰਤ। ਠਰੂਰੁ = ਠਰਿਆ ਹੋਇਆ ਜਲ, ਸੀਤਲ ਸਮੁੰਦਰ। ਨਉਨਿਧਿ = ਨੌ ਖ਼ਜ਼ਾਨੇ। ਨਿਧਾਨੁ = ਖ਼ਜ਼ਾਨਾ। ਭਰਪੂਰੁ = ਨਕਾ-ਨਕ ਭਰਿਆ ਹੋਇਆ। ਅਰਥ: ਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰਦਾ ਹੈ ਤਿਵੇਂ ਮਨੁੱਖਾਂ ਨੂੰ ਲੱਬ ਤਬਾਹ ਕਰਦਾ ਹੈ, (ਪਰ) ਗੁਰੂ (ਨਾਨਕ) ਦੀ ਦਰਗਾਹ ਵਿਚ ('ਨਾਮ' ਦੀ) ਵਰਖਾ ਹੋਣ ਕਰ ਕੇ (ਹੇ ਗੁਰੂ ਅੰਗਦ! ਤੇਰੇ ਉਤੇ) ਰੱਬੀ ਨੂਰ (ਡਲ੍ਹਕਾਂ ਮਾਰ ਰਿਹਾ) ਹੈ। ਤੂੰ ਉਹ ਸੀਤਲ ਸਮੁੰਦਰ ਹੈਂ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ। ਜੋ (ਜਗਤ ਦੇ) ਨੌਂ ਹੀ ਖ਼ਜ਼ਾਨੇ-ਰੂਪ ਪ੍ਰਭੂ ਦਾ ਨਾਮ-ਖ਼ਜ਼ਾਨਾ ਹੈ, (ਹੇ ਗੁਰੂ!) (ਉਹ ਖ਼ਜ਼ਾਨਾ) ਤੇਰੇ ਹਿਰਦੇ ਵਿਚ ਨਕਾ-ਨਕ ਭਰਿਆ ਹੋਇਆ ਹੈ। ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥ ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥ ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥ {ਪੰਨਾ 967} ਪਦ ਅਰਥ: ਵੰਞੈ ਚੂਰੁ = ਚੂਰ ਹੋ ਜਾਂਦਾ ਹੈ। ਨੇੜੈ = ਨੇੜੇ ਦੇ ਪਦਾਰਥ। ਅਰਥ: (ਹੇ ਗੁਰੂ ਅੰਗਦ!) ਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ (ਆਪੇ ਹੀ) ਤਬਾਹ ਹੋ ਜਾਂਦਾ ਹੈ (ਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ) ; ਸੰਸਾਰਕ ਜੀਆਂ ਨੂੰ ਤਾਂ ਨੇੜੇ ਦੇ ਹੀ ਪਦਾਰਥ ਦਿੱਸਦੇ ਹਨ (ਉਹ ਦੁਨੀਆ ਦੀ ਖ਼ਾਤਰ ਨਿੰਦਿਆ ਦਾ ਪਾਪ ਕਰ ਬੈਠਦੇ ਹਨ, ਇਸ ਦਾ ਸਿੱਟਾ ਨਹੀਂ ਜਾਣਦੇ, ਪਰ ਹੇ ਗੁਰੂ!) ਤੈਨੂੰ ਅਗਾਂਹ ਵਾਪਰਨ ਵਾਲਾ ਹਾਲ ਭੀ ਸੁੱਝਦਾ ਹੈ। (ਹੇ ਭਾਈ!) ਫਿਰ ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ (ਅੰਗਦ ਦੇਵ ਜੀ) ਨੇ ਖਡੂਰ ਨੂੰ ਭਾਗ ਲਾਇਆ।5। |
Sri Guru Granth Darpan, by Professor Sahib Singh |