ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 968 ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥ ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥ ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥ {ਪੰਨਾ 968} ਪਦ ਅਰਥ: ਟਿਕਾ = ਮੱਥੇ ਦਾ ਨੂਰ। ਬੈਹਣਾ = ਤਖ਼ਤ। ਦੀਬਾਣੁ = ਦਰਬਾਰ। ਪਿਯੂ ਜੇਵਿਹਾ = ਪਿਉ (ਗੁਰੂ ਅੰਗਦ) ਜੈਸਾ। ਦਾਦੇ ਜੇਵਿਹਾ = ਦਾਦੇ (ਗੁਰੂ ਨਾਨਕ) ਵਰਗਾ। ਪਰਵਾਣੁ = ਕਬੂਲ, ਮੰਨਣ-ਜੋਗ। ਜਿਨਿ = ਜਿਸ (ਪੋਤਰੇ-ਗੁਰੂ) ਨੇ। ਨੇਹੀ = ਨੇਹਣੀ। ਬਾਸਕੁ = ਟੇਢਾ ਮਨ-ਰੂਪ ਨਾਗ। ਤਾਣੁ = ਆਤਮਕ ਬਲ। ਵਿਰੋਲਿਆ = ਰਿੜਕਿਆ। ਮੇਰੁ = ਸੁਮੇਰ ਪਰਬਤ, ਉੱਚੀ ਸੁਰਤਿ। ਕੀਤੋਨੁ = ਕੀਤਾ ਉਸ ਨੇ। ਅਰਥ: ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ (ਗੁਰੂ) ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ; (ਇਸ ਦੇ ਮੱਥੇ ਉਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ) । ਇਸ ਗੁਰੂ ਅਮਰਦਾਸ ਨੇ ਭੀ ਆਤਮਕ ਬਲ ਨੂੰ ਨੇਹਣੀ ਬਣਾ ਕੇ (ਮਨ-ਰੂਪ) ਨਾਗ ਨੂੰ ਨੇਤ੍ਰੇ ਵਿਚ ਪਾਇਆ ਹੈ, (ਉੱਚੀ ਸੁਰਤਿ-ਰੂਪ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਗੁਰ-ਸ਼ਬਦ ਰੂਪ) ਸਮੁੰਦਰ ਨੂੰ ਰਿੜਕਿਆ ਹੈ, (ਉਸ 'ਸ਼ਬਦ-ਸਮੁੰਦਰ' ਵਿਚੋਂ ਰੱਬੀ ਗੁਣ-ਰੂਪ) ਚੌਦਾਂ ਰਤਨ ਕੱਢੇ (ਜਿਨ੍ਹਾਂ ਨਾਲ) ਉਸ ਨੇ (ਜਗਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਕੀਤਾ। ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥ ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥ ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥ ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥ {ਪੰਨਾ 968} ਪਦ ਅਰਥ: ਸਹਜ = ਅਡੋਲ ਅਵਸਥਾ। ਜਤੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੀ ਤਾਕਤ। ਪਲਾਣੁ = ਕਾਠੀ। ਧਣਖੁ = ਕਮਾਨ। ਸਤ = ਸੁੱਚਾ ਆਚਰਣ। ਜਸ ਹੰਦਾ = (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ। ਕਲਿ = ਕਲੇਸ਼ਾਂ-ਭਰਿਆ ਸੰਸਾਰ। ਧੂ ਅੰਧਾਰੁ = ਘੁੱਪ ਹਨੇਰਾ। ਰੈ = {rX} ਕਿਰਨਾਂ। ਭਾਣੁ = {Bwnu} ਭਾਨੁ, ਸੂਰਜ। ਸਤਹੁ = 'ਸਤ' ਤੋਂ, ਸੁੱਚੇ ਆਚਰਣ ਦੇ ਬਲ ਨਾਲ। ਛਾਵਾਣੁ = ਛਾਂ, ਰਾਖੀ। ਸਾ = ਸੀ। ਬਾਣੁ = ਤੀਰ। ਅਰਥ: (ਗੁਰੂ ਅਮਰਦਾਸ ਨੇ) ਸਹਿਜ-ਅਵਸਥਾ ਦਾ ਘੋੜਾ ਬਣਾਇਆ, ਵਿਕਾਰਾਂ ਵਲੋਂ ਇੰਦ੍ਰਿਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ; ਸੁੱਚੇ ਆਚਰਨ ਦਾ ਕਮਾਨ ਕੱਸਿਆ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਤੀਰ (ਪਕੜਿਆ) । ਸੰਸਾਰ ਵਿਚ (ਵਿਕਾਰਾਂ ਦਾ) ਘੁੱਪ ਹਨੇਰਾ ਸੀ। (ਗੁਰੂ ਅਮਰਦਾਸ, ਮਾਨੋ) ਕਿਰਨਾਂ ਵਾਲਾ ਸੂਰਜ ਚੜ੍ਹ ਪਿਆ, ਜਿਸ ਨੇ 'ਸਤ' ਦੇ ਬਲ ਨਾਲ ਹੀ (ਉੱਜੜੀ) ਖੇਤੀ ਜਮਾਈ ਤੇ 'ਸਤ' ਨਾਲ ਹੀ ਉਸ ਦੀ ਰਾਖੀ ਕੀਤੀ। ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥ ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥ ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥ {ਪੰਨਾ 968} ਪਦ ਅਰਥ: ਖਾਣੁ = ਖੰਡ। ਸੁਝੀਓਸੁ = ਉਸ ਨੂੰ ਸੁੱਝੀਆਂ। ਨੀਸਾਣੁ = ਨਿਸ਼ਾਨ, ਪਰਵਾਨਾ, ਰਾਹਦਾਰੀ। ਅਰਥ: (ਹੇ ਗੁਰੂ ਅਮਰਦਾਸ!) ਤੇਰੇ ਲੰਗਰ ਵਿਚ (ਭੀ) ਨਿੱਤ ਘਿਉ, ਮੈਦਾ ਤੇ ਖੰਡ (ਆਦਿਕ ਉੱਤਮ ਪਦਾਰਥ ਵਰਤ ਰਹੇ ਹਨ; ਜਿਸ ਮਨੁੱਖ ਨੇ ਆਪਣੇ ਮਨ ਵਿਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚਹੁ ਕੁੰਡਾਂ (ਵਿਚ ਵੱਸਦੇ ਪਰਮਾਤਮਾ) ਦੀ ਸੂਝ ਆ ਗਈ ਹੈ। (ਹੇ ਗੁਰੂ!) ਜਿਸ ਨੂੰ ਤੂੰ ਮੇਹਰ ਦੀ ਨਜ਼ਰ ਕਰ ਕੇ (ਸ਼ਬਦ-ਰੂਪ) ਰਾਹ-ਦਾਰੀ ਬਖ਼ਸ਼ੀ ਹੈ ਉਸ ਦਾ ਜੰਮਣ-ਮਰਨ ਦਾ ਗੇੜ ਤੂੰ ਮੁਕਾ ਦਿੱਤਾ ਹੈ। ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥ ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥ ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥ {ਪੰਨਾ 968} ਪਦ ਅਰਥ: ਅਉਤਰਿਆ = ਜੰਮਿਆ ਹੈ। ਪੁਰਖੁ ਸੁਜਾਣੁ = ਸੁਜਾਨ ਅਕਾਲ ਪੁਰਖ। ਝਖੜਿ = ਝੱਖੜ ਵਿਚ। ਮੇਰਾਣੁ = ਸੁਮੇਰ। ਬਿਰਥਾ ਜੀਅ ਕੀ = ਦਿਲ ਦੀ ਪੀੜਾ। ਅਰਥ: ਉਹ ਸੁਜਾਨ ਅਕਾਲ ਪੁਰਖ (ਆਪ ਗੁਰੂ ਅਮਰਦਾਸ ਦੇ ਰੂਪ ਵਿਚ) ਅਵਤਾਰ ਲੈ ਕੇ ਜਗਤ ਵਿਚ ਆਇਆ ਹੈ। (ਗੁਰੂ ਅਮਰਦਾਸ ਵਿਕਾਰਾਂ ਦੇ) ਝੱਖੜ ਵਿਚ ਨਹੀਂ ਡੋਲਦਾ, (ਵਿਕਾਰਾਂ ਦੀ) ਹਨੇਰੀ ਭੀ ਝੁੱਲ ਪਏ ਤਾਂ ਨਹੀਂ ਡੋਲਦਾ, ਉਹ ਤਾਂ (ਮਾਨੋ) ਸੁਮੇਰ ਪਰਬਤ ਹੈ; ਜੀਵਾਂ ਦੇ ਦਿਲ ਦੀ ਪੀੜਾ ਜਾਣਦਾ ਹੈ, ਜਾਣੀ-ਜਾਣ ਹੈ। ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥ ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥ {ਪੰਨਾ 968} ਪਦ ਅਰਥ: ਸੁਖੜੁ = ਸੋਹਣੀ ਘਾੜਤ ਵਾਲਾ। ਸੁਜਾਣੁ = ਸਿਆਣਾ। ਦਾਨੁ = ਬਖ਼ਸ਼ੀਸ਼। ਸਤਿਗੁਰ ਭਾਵਸੀ = ਗੁਰੂ ਨੂੰ ਚੰਗੀ ਲੱਗੇ। ਸੋ ਸਤੇ ਦਾਣੁ = (ਮੈਨੂੰ) ਸੱਤੇ ਨੂੰ ਤੇਰੀ ਉਹ ਬਖ਼ਸ਼ੀਸ਼ (ਚੰਗੀ) ਹੈ। ਅਰਥ: ਹੇ ਸਦਾ-ਥਿਰ ਰਾਜ ਵਾਲੇ ਪਾਤਸ਼ਾਹ! ਮੈਂ ਤੇਰੀ ਕੀਹ ਸਿਫ਼ਤਿ ਕਰਾਂ? ਤੂੰ ਸੁੰਦਰ ਆਤਮਾ ਵਾਲਾ ਤੇ ਸਿਆਣਾ ਹੈਂ। ਮੈਨੂੰ ਸੱਤੇ ਨੂੰ ਤੇਰੀ ਉਹੀ ਬਖ਼ਸ਼ੀਸ਼ ਚੰਗੀ ਹੈ ਜੋ (ਤੈਨੂੰ) ਸਤਿਗੁਰੂ ਨੂੰ ਚੰਗੀ ਲੱਗਦੀ ਹੈ। ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥ ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥ {ਪੰਨਾ 968} ਪਦ ਅਰਥ: ਹੰਦਾ = ਸੰਦਾ, ਦਾ। ਸਿਰਿ = ਸਿਰ ਉੱਤੇ। ਉਮਤਿ = ਸੰਗੀਤ। ਅਰਥ: (ਗੁਰੂ ਅਮਰਦਾਸ ਜੀ ਦੇ) ਸਿਰ ਉਤੇ ਗੁਰੂ ਨਾਨਕ ਵਾਲਾ ਛਤਰ ਸੰਗਤਿ (ਵੇਖ ਕੇ) ਅਸਚਰਜ ਹੋ ਰਹੀ ਹੈ। ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ ਗੁਰੂ ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ, (ਇਸ ਦੇ ਮੱਥੇ ਉੱਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ) ।6। ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥ {ਪੰਨਾ 968} ਪਦ ਅਰਥ: ਜਿਨਿ = ਜਿਸ (ਪ੍ਰਭੂ) ਨੇ। ਸਿਰਿਆ = ਪੈਦਾ ਕੀਤਾ। ਸਿਖੀ = ਸਿੱਖੀਂ, ਸਿੱਖਾਂ ਨੇ। ਅਤੈ = ਤੇ। ਅਰਥ: ਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ। ਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ। ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ। ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥ ਜਿਨ੍ਹ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥ ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥ ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥ {ਪੰਨਾ 968} ਪਦ ਅਰਥ: ਅਥਾਹੁ = ਜਿਸ ਦੀ ਥਾਹ ਨ ਪਾਈ ਜਾ ਸਕੇ, ਬੜਾ ਗੰਭੀਰ। ਪਾਰਾਵਾਰਿਆ = ਪਾਰ-ਅਵਾਰ, ਪਾਰਲਾ ਤੇ ਉਰਲਾ ਬੰਨਾ। ਤੂ = ਤੈਨੂੰ। ਭਾਉ = ਪ੍ਰੇਮ। ਤੁਧੁ = ਤੂੰ। ਸਪਰਵਾਰਿਆ = (ਬਾਕੀ ਵਿਕਾਰਾਂ-ਰੂਪ) ਪਰਵਾਰ ਸਮੇਤ। ਪੈਸਕਾਰਿਆ = ਪੇਸ਼ਕਾਰਾ ਕਿਸੇ ਵੱਡੇ ਆਦਮੀ ਦੇ ਆਉਣ ਤੇ ਜੋ ਰੌਣਕ ਉਸ ਦੇ ਸੁਆਗਤ ਲਈ ਕੀਤੀ ਜਾਂਦੀ ਹੈ, ਸੰਗਤਿ-ਰੂਪ ਪਸਾਰਾ। ਅਰਥ: (ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇਕ ਐਸਾ ਸਮੁੰਦਰ ਹੈਂ ਜਿਸ ਦੀ) ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ। ਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ, ਉਹਨਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ। (ਹੇ ਗੁਰੂ ਰਾਮਦਾਸ!) ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤਿ ਸਦਾ ਅਟੱਲ ਹੈ। ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥ {ਪੰਨਾ 968} ਪਦ ਅਰਥ: ਵੀਚਾਰਿਆ = ਮੈਂ ਸਮਝਿਆ ਹੈ। ਸਾਧਾਰਿਆ = ਟਿਕਾਣੇ ਆਇਆ। ਤੂ = ਤੈਨੂੰ। ਅਰਥ: (ਹੇ ਗੁਰੂ ਰਾਮਦਾਸ ਜੀ!) ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ। (ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ।7। ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥ ਆਪੀਨ੍ਹ੍ਹੈ ਆਪੁ ਸਾਜਿਓਨੁ ਆਪੇ ਹੀ ਥੰਮ੍ਹ੍ਹਿ ਖਲੋਆ ॥ ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥ ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥ {ਪੰਨਾ 968} ਪਦ ਅਰਥ: ਚਾਰੇ = ਚਾਰੇ (ਪਹਿਲੇ ਗੁਰੂ) । ਚਹੁ ਜੁਗੀ = ਆਪਣੇ ਚਹੁੰਆਂ ਜਾਮਿਆਂ ਵਿਚ। ਜਾਗੇ = ਪਰਗਟ ਹੋਏ, ਰੌਸ਼ਨ ਹੋਏ। ਪੰਚਾਇਣੁ = (ਪੰਚ ਅਯਨ, ਪੰਜਾਂ ਦਾ ਘਰ, ਪੰਜ ਤੱਤਾਂ ਦਾ ਸੋਮਾ) ਅਕਾਲ ਪੁਰਖ; ਜਿਵੇਂ: ਮਾਣਕੁ ਮਨੁ ਮਹਿ ਮਨੁ ਮਾਰਸੀ, ਸਚਿ ਨ ਲਾਗੈ ਕਤੁ ॥ ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ ॥1॥ ਮਾਰੂ ਮਹਲਾ 1 ॥ {ਪੰਨਾ 992} ਭੈ ਪੰਚਾਇਣ = ਪੰਚਾਇਣ ਦੇ ਡਰ ਵਿਚ, ਪਰਮਾਤਮਾ ਦੇ ਡਰ ਵਿਚ। ਅਤੇ ਤਸਕਰ ਮਾਰਿ ਵਸੀ ਪੰਚਾਇਣ, ਅਦਲੁ ਕਰੇ ਵੀਚਾਰੇ ॥ ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ॥2॥1॥3॥ ਸੂਹੀ ਛੰਤੁ ਮ: 1 ਘਰੁ 3 ਪੰਚਾਇਣਿ = ਪੰਚਾਇਣ ਵਿਚ, ਪਰਮਾਤਮਾ ਵਿਚ। ਆਪੀਨ੍ਹ੍ਹੈ– ਆਪ ਹੀ ਨੇ; ਪ੍ਰਭੂ ਨੇ ਆਪ ਹੀ। ਆਪੁ = ਆਪਣੇ ਆਪ ਨੂੰ। ਸਾਜਿਓਨੁ = ਉਸ ਨੇ ਪਰਗਟ ਕੀਤਾ (ਸ੍ਰਿਸ਼ਟੀ ਦੇ ਰੂਪ ਵਿਚ) । ਥੰਮ੍ਹ੍ਹਿ = ਥੰਮ੍ਹ ਕੇ, ਸਹਾਰਾ ਦੇ ਕੇ। ਲਿਖਣਹਾਰਾ = ਲਿਖਣ ਵਾਲਾ, ਪੂਰਨੇ ਪਾਣ ਵਾਲਾ। ਉਮਤਿ = ਸ੍ਰਿਸ਼ਟੀ। ਨਿਰੋਆ = ਨਿਰ-ਰੋਗ, ਰੋਗ-ਰਹਿਤ। ਅਰਥ: ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲ ਪੁਰਖ ਆਪ ਹੀ (ਉਹਨਾਂ ਵਿਚ) ਪਰਗਟ ਹੋਇਆ। ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਜ਼ਾਹਰ ਕੀਤਾ ਤੇ ਆਪ ਹੀ (ਗੁਰੂ-ਰੂਪ ਹੋ ਕੇ) ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ। (ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ) ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ (ਗੁਰੂ-ਰੂਪ ਹੋ ਕੇ) ਆਪ ਹੀ ਪੂਰਨੇ ਲਿਖਣ ਵਾਲਾ ਹੈ। ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿਚ ਹੈ, ਪਰ ਪ੍ਰਭੂ ਆਪ (ਸਦਾ) ਨਵਾਂ ਹੈ ਤੇ ਨਿਰੋਆ ਹੈ (ਭਾਵ, ਹਰ ਨਵੇਂ ਰੰਗ ਵਿਚ ਹੀ ਹੈ ਤੇ ਨਿਰਲੇਪ ਭੀ ਹੈ) । ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥ ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥ {ਪੰਨਾ 968} ਪਦ ਅਰਥ: ਤਖਤਿ = ਤਖ਼ਤ ਉੱਤੇ। ਖਿਵੈ = ਚਮਕਦਾ ਹੈ (ਸੰ: i˜B` ਚਮਕਦਾ) । ਤੈ = ਅਤੇ। ਉਗਵਣਹੁ = ਸੂਰਜ ਉੱਗਣ ਤੋਂ। ਆਥਵਣਹੁ = ਸੂਰਜ ਡੁੱਬਣ ਤੋਂ। ਚਹੁ ਚਕੀ = ਚਹੁੰ ਕੂਟਾਂ ਵਿਚ। ਕੀਅਨੁ = ਕੀਤਾ ਹੈ ਉਸ ਨੇ। ਲੋਆ = ਲੋਅ, ਚਾਨਣ। ਅਰਥ: (ਉਸ ਨਵੇਂ ਨਿਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਦਾ ਤੇਜ-ਪ੍ਰਤਾਪ ਸਾਰੇ ਪਸਰ ਰਿਹਾ ਹੈ) । ਸੂਰਜ ਉੱਗਣ ਤੋਂ (ਡੁੱਬਣ ਤਕ) ਅਤੇ ਡੁੱਬਣ ਤੋਂ (ਚੜ੍ਹਨ ਤਕ) ਚਹੁੰ ਚੱਕਾਂ ਵਿਚ ਇਸ (ਗੁਰੂ ਅਰਜਨ) ਨੇ ਚਾਨਣ ਕਰ ਦਿੱਤਾ ਹੈ। ਜਿਨ੍ਹ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥ ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥ ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥ {ਪੰਨਾ 968} ਪਦ ਅਰਥ: ਮੋੁਆ = ਮਰੀ {ਨੋਟ: ਇਥੇ ਪਾਠ 'ਮੋਆ' ਹੈ, ਪਰ ਅਸਲ ਲਫ਼ਜ਼ 'ਮੁਆ' ਹੈ}। ਕਰਾਮਾਤਿ = ਬਜ਼ੁਰਗੀ, ਵਡਿਆਈ, ਕਰਾਮਾਤ। ਢੋਆ = ਸੁਗ਼ਾਤ, ਤੁਹਫ਼ਾ। ਚਉਣੀ = ਚਾਰ-ਗੁਣੀ। ਅਰਥ: ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾਹ ਮੰਨਿਆ ਉਹਨਾਂ ਨੂੰ ਮਰੀ ਪੈ ਗਈ, (ਭਾਵ, ਉਹ ਆਤਮਕ ਮੌਤੇ ਮਰ ਗਏ) । ਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ। ਚਾਰੇ ਗੁਰੂ ਆਪੋ ਆਪਣੇ ਸਮੇ ਵਿਚ ਰੌਸ਼ਨ ਹੋਏ, ਅਕਾਲ ਪੁਰਖ (ਉਹਨਾਂ ਵਿਚ) ਪਰਗਟ ਹੋਇਆ।8।1। ਰਾਮਕਲੀ ਬਾਣੀ ਭਗਤਾ ਕੀ ॥ ਕਬੀਰ ਜੀਉ ੴ ਸਤਿਗੁਰ ਪ੍ਰਸਾਦਿ ॥ ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥ ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥੧॥ ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥ ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ ॥ ਭਵਨ ਚਤੁਰ ਦਸ ਭਾਠੀ ਕੀਨ੍ਹ੍ਹੀ ਬ੍ਰਹਮ ਅਗਨਿ ਤਨਿ ਜਾਰੀ ਰੇ ॥ ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥੨॥ ਤੀਰਥ ਬਰਤ ਨੇਮ ਸੁਚਿ ਸੰਜਮ ਰਵਿ ਸਸਿ ਗਹਨੈ ਦੇਉ ਰੇ ॥ ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ ॥੩॥ ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ ॥ ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ ॥੪॥੧॥ {ਪੰਨਾ 968-969} ਪਦ ਅਰਥ: ਕਲਾਲਨਿ = ਉਹ ਮੱਟੀ ਜਿਸ ਵਿਚ ਗੁੜ ਸੱਕ ਆਦਿਕ ਚੀਜ਼ਾਂ ਪਾ ਕੇ ਸ਼ਰਾਬ ਕੱਢਣ ਲਈ ਖ਼ਮੀਰ ਤਿਆਰ ਕਰੀਦਾ ਹੈ। ਲਾਹਨਿ = ਖ਼ਮੀਰ ਲਈ ਸਮਗ੍ਰੀ। ਰੇ = ਹੇ ਭਾਈ! ਕੀਨੁ = ਮੈਂ ਬਣਾਇਆ ਹੈ। ਮਦ = ਹੰਕਾਰ। ਮਤਸਰ = ਈਰਖਾ। ਕਸੁ = ਸੱਕੇ। ਰੇ = ਹੇ ਭਾਈ! ਸਹਜ ਅੰਤਰਿ = ਅਡੋਲ ਅਵਸਥਾ ਵਿਚ ਟਿਕਿਆ ਹੋਇਆ। ਦਲਾਲ = ਉਹ ਮਨੁੱਖ ਜੋ ਦੋ ਧਿਰਾਂ ਵਿਚ ਕਿਸੇ ਚੀਜ਼ ਦਾ ਸੌਦਾ ਕਰਾਉਂਦਾ ਹੈ ਤੇ ਉਸ ਦੇ ਇਵਜ਼ ਵਿਚ ਦੋਹਾਂ ਪਾਸਿਆਂ ਤੋਂ ਜਾਂ ਇੱਕ ਧਿਰ ਤੋਂ ਨੀਯਤ ਰਕਮ ਲੈਂਦਾ ਹੈ, ਉਸ ਰਕਮ ਨੂੰ 'ਦਲਾਲੀ' ਆਖਦੇ ਹਨ। ਭਰਿ = ਦੇ ਬਰਾਬਰ। ਜੋ ਕਲਾਲੀ = ਜੋ ਸਾਕੀ, ਜੋ ਸ਼ਰਾਬ ਪਿਲਾਉਣ ਵਾਲਾ।1। ਰਹਾਉ। ਭਵਨ ਚਤੁਰ ਦਸ = ਚੌਦਾਂ ਭਵਨਾਂ (ਦਾ ਮੋਹ) , ਜਗਤ ਦਾ ਮੋਹ। ਤਨਿ = ਸਰੀਰ ਵਿਚ। ਮੁਦ੍ਰਾ = ਢੱਕਣ, ਡੱਟ। ਮਦਕ = ਸ਼ਰਾਬ ਜਾਂ ਅਰਕ ਕੱਢਣ ਵਾਲੀ ਨਾਲ। ਮੁਦ੍ਰਾ ਮਦਕ = ਮਦਕ ਦੀ ਮੁਦ੍ਰਾ, ਨਾਲ ਦਾ ਢੱਕਣ। ਧੁਨਿ = ਲਿਵ। ਸੁਖਮਨ = ਮਨ ਦੀ ਸੁਖ ਵਾਲੀ ਅਵਸਥਾ। ਪੋਚਨਹਾਰੀ = ਨਾਲ ਉੱਤੇ ਪੋਚਾ ਦੇਣ ਵਾਲੀ (ਨਾਲ ਉੱਤੇ ਪੋਚਾ ਦੇਈਦਾ ਹੈ ਤਾਂ ਜੋ ਭਾਪ ਠੰਢੀ ਹੋ ਹੋ ਕੇ ਅਰਕ ਜਾਂ ਸ਼ਰਾਬ ਬਣ ਕੇ ਭਾਂਡੇ ਵਿਚ ਪੈਂਦਾ ਜਾਏ) ।2। ਰਵਿ = ਸੂਰਜ, ਸੱਜੀ ਨਾਸ ਦੀ ਨਾੜੀ, ਪਿੰਗਲਾ ਸੁਰ। ਸਸਿ = ਚੰਦ੍ਰਮਾ, ਖੱਬੀ ਨਾਸ ਦੀ ਨਾੜੀ, ਇੜਾ ਸੁਰ। ਗਹਨੈ = ਗਿਰਵੀ। ਪਿਆਲ = ਪਿਆਲਾ। ਸੁਧਾ = ਅੰਮ੍ਰਿਤ। ਮਹਾ ਰਸੁ = ਸਭ ਤੋਂ ਸ੍ਰੇਸ਼ਟ ਅੰਮ੍ਰਿਤ। ਪੇਉ = ਮੈਂ ਪੀਂਦਾ ਹਾਂ।3। ਨਿਝਰ = (Skt. inBØLr) ਚਸ਼ਮਾ। ਮਨੂਆ = ਸੁਹਣਾ ਮਨ। ਛੂਛੇ = ਥੋਥੇ, ਫੋਕੇ। ਸਾਚੋ = ਸਦਾ ਟਿਕੇ ਰਹਿਣ ਵਾਲਾ।4। ਅਰਥ: ਹੇ ਭਾਈ! ਕੀ ਮੈਨੂੰ ਕੋਈ ਐਸਾ ਸੰਤ ਮਿਲ ਪਵੇਗਾ (ਭਾਵ, ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ) ਜੋ ਆਪ ਅਡੋਲ ਅਵਸਥਾ ਵਿਚ ਟਿਕਿਆ ਹੋਇਆ ਹੋਵੇ, ਸੁਖ ਵਿਚ ਟਿਕਿਆ ਹੋਵੇ? ਜੇ ਕੋਈ ਅਜਿਹਾ ਸਾਕੀ (-ਸੰਤ) ਮੈਨੂੰ (ਨਾਮ-ਅੰਮ੍ਰਿਤ-ਰੂਪ) ਨਸ਼ਾ ਪਿਲਾਏ, ਤਾਂ ਮੈਂ ਉਸ ਅੰਮ੍ਰਿਤ ਦੀ ਇਕ ਬੂੰਦ ਦੇ ਬਦਲੇ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ (ਜੋਗੀਆਂ ਤੇ ਪੰਡਿਤਾਂ ਦੇ ਦੱਸੇ ਹੋਏ) ਜਪ ਤੇ ਤਪ ਉਸ ਸੰਤ ਨੂੰ ਦਲਾਲੀ ਵਜੋਂ ਦੇ ਦਿਆਂ।1। ਰਹਾਉ। ਹੇ ਭਾਈ! ਮੈਂ ਸਿਆਣੇ ਸਰੀਰ ਨੂੰ ਮੱਟੀ ਬਣਾਇਆ ਹੈ, ਤੇ ਇਸ ਵਿਚ (ਨਾਮ-ਅੰਮ੍ਰਿਤ-ਰੂਪ ਸ਼ਰਾਬ ਤਿਆਰ ਕਰਨ ਲਈ) ਖ਼ਮੀਰ ਦੀ ਸਮਗ੍ਰੀ ਇਕੱਠੀ ਕਰ ਰਿਹਾ ਹਾਂ = ਸਤਿਗੁਰੂ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ ਹੈ, ਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ (ਟੁੱਕ ਟੁੱਕ ਕੇ ਉਸ ਗੁੜ ਵਿਚ) ਰਲਾ ਦਿੱਤਾ ਹੈ।1। ਚੌਦਾਂ ਭਵਨਾਂ ਨੂੰ ਮੈਂ ਭੱਠੀ ਬਣਾਇਆ ਹੈ, ਆਪਣੇ ਸਰੀਰ ਵਿਚ ਰੱਬੀ-ਜੋਤਿ ਰੂਪ ਅੱਗ ਬਾਲੀ ਹੈ (ਭਾਵ, ਸਾਰੇ ਜਗਤ ਦੇ ਮੋਹ ਨੂੰ ਮੈਂ ਸਰੀਰ ਵਿਚ ਦੀ ਬ੍ਰਹਮ-ਅਗਨੀ ਨਾਲ ਸਾੜ ਦਿੱਤਾ ਹੈ) । ਹੇ ਭਾਈ! ਮੇਰੀ ਲਿਵ ਅਡੋਲ ਅਵਸਥਾ ਵਿਚ ਲੱਗ ਗਈ ਹੈ, ਇਹ ਮੈਂ ਉਸ ਨਾਲ ਦਾ ਡੱਟ ਬਣਾਇਆ ਹੈ (ਜਿਸ ਵਿਚੋਂ ਦੀ ਸ਼ਰਾਬ ਨਿਕਲਦੀ ਹੈ) । ਮੇਰੇ ਮਨ ਦੀ ਸੁਖ-ਅਵਸਥਾ ਉਸ ਨਾਲ ਤੇ ਪੋਚਾ ਦੇ ਰਹੀ ਹੈ (ਜਿਉਂ ਜਿਉਂ ਮੇਰਾ ਮਨ ਅਡੋਲ ਹੁੰਦਾ ਹੈ, ਸੁਖ-ਅਵਸਥਾ ਵਿਚ ਅੱਪੜਦਾ ਹੈ, ਤਿਉਂ ਤਿਉਂ ਮੇਰੇ ਅੰਦਰ ਨਾਮ-ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ) ।2। ਹੇ ਭਾਈ! ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਆਪਣੀ ਸੁਰਤ ਨੂੰ ਮੈਂ ਪਿਆਲਾ ਬਣਾ ਲਿਆ ਹੈ ਤੇ (ਨਾਮ-) ਅੰਮ੍ਰਿਤ ਪੀ ਰਿਹਾ ਹਾਂ। ਇਹ ਨਾਮ-ਅੰਮ੍ਰਿਤ ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ। ਇਸ ਨਾਮ-ਅੰਮ੍ਰਿਤ ਦੇ ਬਦਲੇ ਮੈਂ (ਪੰਡਿਤਾਂ ਤੇ ਜੋਗੀਆਂ ਦੇ ਦੱਸੇ ਹੋਏ) ਤੀਰਥ ਇਸ਼ਨਾਨ, ਵਰਤ, ਨੇਮ, ਸੁੱਚ, ਸੰਜਮ, ਪ੍ਰਾਣਾਯਾਮ ਵਿਚ ਸੁਆਸ ਚਾੜ੍ਹਨੇ ਤੇ ਉਤਾਰਨੇ = ਇਹ ਸਭ ਕੁਝ ਗਿਰਵੀ ਰੱਖ ਦਿੱਤੇ ਹਨ।3। (ਹੁਣ ਮੇਰੇ ਅੰਦਰ ਨਾਮ-ਅੰਮ੍ਰਿਤ ਦੇ) ਚਸ਼ਮੇ ਦੀ ਬੜੀ ਸਾਫ਼ ਧਾਰ ਪੈ ਰਹੀ ਹੈ। ਮੇਰਾ ਮਨ, ਹੇ ਭਾਈ! ਇਸ ਦੇ ਸੁਆਦ ਵਿਚ ਰਤਾ ਹੋਇਆ ਹੈ। ਕਬੀਰ ਆਖਦਾ ਹੈ– ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਇਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ।4।1। ਨੋਟ: ਜੋਗੀ ਲੋਕ ਸ਼ਰਾਬ ਪੀਆ ਕਰਦੇ ਸਨ, ਉਹਨਾਂ ਦਾ ਖ਼ਿਆਲ ਸੀ ਕਿ ਸ਼ਰਾਬ ਪੀ ਕੇ ਸਮਾਧੀ ਲਾਇਆਂ ਸੁਰਤਿ ਚੰਗੀ ਜੁੜਦੀ ਹੈ। ਸ਼ਰਾਬ ਤਿਆਰ ਕਰਨ ਲਈ ਗੁੜ ਤੇ ਸੱਕ ਆਦਿਕ ਇਕ ਮੱਟੀ ਵਿਚ ਚੋਖਾ ਚਿਰ ਪਾ ਕੇ ਤ੍ਰਕਾਈਦਾ ਹੈ, ਤੇ ਫਿਰ ਉਸ ਤ੍ਰਕੇ ਹੋਏ ਖ਼ਮੀਰ ਦਾ ਅਰਕ ਕੱਢ ਲੈਂਦੇ ਹਨ। ਇਕ ਭੱਠੀ ਵਿਚ ਅੱਗ ਬਾਲ ਕੇ ਉਸ ਉੱਤੇ ਮੱਟੀ ਰੱਖ ਦੇਂਦੇ ਹਨ, ਮੱਟੀ ਦੇ ਮੂੰਹ ਉੱਤੇ 'ਨਾਲ' ਰੱਖ ਕੇ ਭਾਂਡੇ ਦੇ ਮੂੰਹ ਨੂੰ ਆਟੇ ਆਦਿਕ ਨਾਲ ਚੰਗੀ ਤਰ੍ਹਾਂ ਬੰਦ ਕਰ ਲੈਂਦੇ ਹਨ। ਅੱਗ ਦੇ ਸੇਕ ਨਾਲ ਮੱਟੀ ਦਾ ਪਾਣੀ ਰਿੱਝ ਕੇ ਭਾਫ ਬਣ ਕੇ 'ਨਾਲ' ਵਿਚ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ 'ਨਾਲ' ਉੱਤੇ ਠੰਡੇ ਪਾਣੀ ਨਾਲ ਪੋਚਾ ਫੇਰੀ ਜਾਂਦੇ ਹਨ, ਤੇ ਇਸ ਠੰਢਕ ਕਰਕੇ ਉਹ ਭਾਫ ਅਰਕ ਬਣ ਬਣ ਕੇ 'ਨਾਲ' ਦੇ ਦੂਜੇ ਮੂੰਹ ਅੱਗੇ ਰੱਖੇ ਹੋਏ ਬਰਤਨ ਵਿਚ ਪੈਂਦਾ ਜਾਂਦਾ ਹੈ। ਸ਼ਬਦ ਦਾ ਭਾਵ = ਸਮਾਧੀਆਂ ਨਾਲੋਂ ਸ੍ਰੇਸ਼ਟ ਚੀਜ਼ ਹੈ ਪਰਮਾਤਮਾ ਦੀ ਯਾਦ ਤੇ ਸਿਮਰਨ, ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੋ ਸਕਦਾ ਹੈ। ਸੁਰਤਿ-ਸ਼ਬਦ ਦੀ ਬਰਕਤਿ ਨਾਲ ਤ੍ਰਿਸ਼ਨਾ, ਕਾਮ ਆਦਿਕ ਵਿਕਾਰ ਕੱਟੇ ਜਾਂਦੇ ਹਨ, ਮਨ ਵਿਚ ਸੁਖ-ਅਵਸਥਾ ਬਣਦੀ ਜਾਂਦੀ ਹੈ ਤੇ ਸੁਰਤਿ ਹੋਰ ਹੋਰ 'ਨਾਮ' ਵਿਚ ਜੁੜਦੀ ਹੈ। ਇਸ ਨਾਮ-ਰਸ ਦੇ ਟਾਕਰੇ ਤੇ ਜਪ, ਸਮਾਧੀਆਂ, ਤੀਰਥ ਇਸ਼ਨਾਨ, ਸੁੱਚ ਅਤੇ ਪ੍ਰਾਣਾਯਾਮ ਆਦਿਕ ਦਾ ਕੌਡੀ ਭੀ ਮੁੱਲ ਨਹੀਂ ਹੈ। |
Sri Guru Granth Darpan, by Professor Sahib Singh |