ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 969

ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ ॥ ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ ॥੧॥ ਅਉਧੂ ਮੇਰਾ ਮਨੁ ਮਤਵਾਰਾ ॥ ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਵਨ ਭਇਆ ਉਜਿਆਰਾ ॥੧॥ ਰਹਾਉ ॥ ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ ॥ ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ ॥੨॥ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ ॥ ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ ॥੩॥੨॥ {ਪੰਨਾ 969}

ਪਦ ਅਰਥ: ਗਿਆਨੁ = ਉੱਚਾ ਸਮਝ। ਧਿਆਨੁ = ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤ। ਮਹੂਆ = ਇਕ ਰੁੱਖ ਜਿਸ ਦੇ ਫੁੱਲ ਸ਼ਰਾਬ ਤਿਆਰ ਕਰਨ ਵਾਸਤੇ ਵਰਤੇ ਜਾਂਦੇ ਹਨ। ਭਾਠੀ = ਅੱਗ ਵਾਲੀ ਭੱਠੀ। ਭਉ = ਪ੍ਰਭੂ ਦਾ ਡਰ। ਨਾਰੀ = ਨਾੜੀ। ਸਮਾਨੀ = ਲੀਨਤਾ। ਪੀਵਨਹਾਰ = ਪੀਣ-ਜੋਗਾ ਹੋਇਆ ਮਨ।1।

ਨੋਟ: ਜੋਗੀ ਗੁੜ, ਮਹੂਏ ਦੇ ਫੁੱਲ ਆਦਿਕ ਰਲਾ ਕੇ ਭੱਠੀ ਵਿਚ ਸ਼ਰਾਬ ਕੱਢਦੇ ਹਨ, ਉਹ ਸ਼ਰਾਬ ਪੀ ਕੇ ਪ੍ਰਾਣਾਯਾਮ ਦੀ ਰਾਹੀਂ ਸੁਖਮਨਾ ਨਾੜੀ ਵਿਚ ਪ੍ਰਾਣ ਟਿਕਾਉਂਦੇ ਹਨ। ਨਾਮ ਦਾ ਰਸੀਆ ਇਹਨਾਂ ਦੇ ਥਾਂ ਉੱਚੀ ਮੱਤ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਤੇ ਪ੍ਰਭੂ ਦਾ ਡਰ = ਇਹਨਾਂ ਦੀ ਸਹਾਇਤਾ ਨਾਲ ਸਹਿਜ ਅਵਸਥਾ ਵਿਚ ਅੱਪੜਦਾ ਹੈ। ਇਸ ਤਰ੍ਹਾਂ ਨਾਮ-ਅੰਮ੍ਰਿਤ ਪੀਣ ਦਾ ਅਧਿਕਾਰੀ ਹੋ ਜਾਂਦਾ ਹੈ।1।

ਅਉਧੂ = ਹੇ ਜੋਗੀ! ਮਤਵਾਰਾ = ਮਤਵਾਲਾ, ਮਸਤ। ਉਨਮਦ = (ਤੁਰੀਆ-ਅਵਸਥਾ ਦੀ) ਮਸਤੀ। ਮਦਨ = ਮਸਤ ਕਰਨ ਵਾਲਾ। ਤ੍ਰਿਭਵਣ = ਤਿੰਨਾਂ ਭਵਨਾਂ ਵਿਚ।1। ਰਹਾਉ।

ਦੁਇ ਪੁਰ ਜੋਰਿ = ਦੋਵੇਂ ਪੁੜ ਜੋੜ ਕੇ, ਧਰਤੀ ਅਕਾਸ਼ ਨੂੰ ਇਕੱਠਾ ਕਰ ਕੇ, ਸਾਰੇ ਜਗਤ ਦਾ ਮੋਹ ਕਾਬੂ ਕਰਕੇ, ਮਾਇਆ ਦੇ ਮੋਹ ਨੂੰ ਵੱਸ ਵਿਚ ਕਰ ਕੇ। ਰਸਾਇ = ਚਮਕਾਈ, ਮਘਾਈ। ਪੀਉ = ਮੈਂ ਪੀਂਦਾ ਹਾਂ। ਜਲੇਤਾ = ਬਾਲਣ। ਸੰਸਾਰੀ = ਸੰਸਾਰ ਵਿਚ ਖਚਿਤ ਹੋਣ ਵਾਲੀ ਬਿਰਤੀ।2।

ਗੰਮਿਤ = ਪ੍ਰਭੂ ਤਕ ਪਹੁੰਚ ਰੱਖਣ ਵਾਲਾ। ਸੁਧਿ = ਸੂਝ। ਤਾਸੁ = ਉਸ ਦੇ। ਮਦ = ਨਸ਼ਾ। ਉਚਕਿ ਨ ਜਾਈ = ਟੁੱਟਦਾ ਨਹੀਂ, ਮੁੱਕਦਾ ਨਹੀਂ।

ਨੋਟ: ਮੁਸਲਮਾਨ ਅਪਣੀ ਬੋਲੀ ਵਿਚ ਆਪਣੇ ਵਾਸਤੇ ਲਫ਼ਜ਼ 'ਦਾਸ' ਨਹੀਂ ਵਰਤਦੇ। ਲਫ਼ਜ਼ 'ਦਾਸ' ਜ਼ਾਹਰ ਕਰਦਾ ਹੈ ਕਿ ਕਬੀਰ ਜੀ ਹਿੰਦੂ ਸਨ।

ਅਰਥ: ਹੇ ਜੋਗੀ! ਮੇਰਾ (ਭੀ) ਮਨ ਮਸਤ ਹੋਇਆ ਹੋਇਆ ਹੈ, ਮੈਨੂੰ (ਉੱਚੀ ਆਤਮਕ ਅਵਸਥਾ ਦੀ) ਮਸਤੀ ਚੜ੍ਹੀ ਹੋਈ ਹੈ। (ਪਰ) ਮੈਂ ਮਸਤ ਕਰਨ ਵਾਲਾ (ਨਾਮ-) ਰਸ ਚੱਖਿਆ ਹੈ, (ਉਸ ਦੀ ਬਰਕਤਿ ਨਾਲ) ਸਾਰੇ ਹੀ ਜਗਤ ਵਿਚ ਮੈਨੂੰ ਉਸੇ ਦੀ ਜੋਤ ਜਗ ਰਹੀ ਦਿੱਸਦੀ ਹੈ।1। ਰਹਾਉ।

(ਨਾਮ-ਰਸ ਦੀ ਸ਼ਰਾਬ ਕੱਢਣ ਲਈ) ਮੈਂ ਆਤਮ-ਗਿਆਨ ਨੂੰ ਗੁੜ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ, ਤੇ ਆਪਣੇ ਮਨ ਵਿਚ ਟਿਕਾਏ ਹੋਏ ਪ੍ਰਭੂ ਦੇ ਭਉ ਨੂੰ ਭੱਠੀ ਬਣਾਇਆ ਹੈ। (ਇਸ ਗਿਆਨ-ਧਿਆਨ ਤੇ ਭਉ ਤੋਂ ਉਪਜਿਆ ਨਾਮ-ਰਸ ਪੀ ਕੇ, ਮੇਰਾ ਮਨ) ਅਡੋਲ ਅਵਸਥਾ ਵਿਚ ਲੀਨ ਹੋ ਗਿਆ ਹੈ (ਜਿਵੇਂ ਜੋਗੀ ਸ਼ਰਾਬ ਪੀ ਕੇ ਆਪਣੇ ਪ੍ਰਾਣ) ਸੁਖਮਨ ਨਾੜੀ ਵਿਚ ਟਿਕਾਉਂਦਾ ਹੈ। ਹੁਣ ਮੇਰਾ ਮਨ ਨਾਮ-ਰਸ ਨੂੰ ਪੀਣ-ਜੋਗਾ ਹੋ ਕੇ ਪੀ ਰਿਹਾ ਹੈ।

ਮਾਇਆ ਦੇ ਮੋਹ ਨੂੰ ਵੱਸ ਵਿਚ ਕਰ ਕੇ ਮੈਂ (ਜੋਗੀ ਵਾਲੀ) ਭੱਠੀ ਤਪਾਈ ਹੈ, ਹੁਣ ਮੈਂ ਵੱਡਾ ਮਹਾਨ ਨਾਮ-ਰਸ ਪੀ ਰਿਹਾ ਹਾਂ। ਕਾਮ ਤੇ ਕ੍ਰੋਧ ਦੋਹਾਂ ਨੂੰ ਮੈਂ ਬਾਲਣ ਬਣਾ ਦਿੱਤਾ ਹੈ (ਤੇ, ਉਸ ਭੱਠੀ ਵਿਚ ਸਾੜ ਦਿੱਤਾ ਹੈ, ਭਾਵ, ਮੋਹ ਨੂੰ ਵੱਸ ਕੀਤਿਆਂ ਕਾਮ ਕ੍ਰੋਧ ਭੀ ਮੁੱਕ ਗਏ ਹਨ) । ਇਸ ਤਰ੍ਹਾਂ ਸੰਸਾਰ ਵਿਚ ਫਸਣ ਵਾਲੀ ਬਿਰਤੀ ਖ਼ਤਮ ਹੋ ਗਈ ਹੈ।2।

(ਪ੍ਰਭੂ ਤਕ) ਪਹੁੰਚ ਵਾਲੇ ਗੁਰੂ ਦੇ ਗਿਆਨ ਦੀ ਬਰਕਤਿ ਨਾਲ ਮੇਰੇ ਅੰਦਰ (ਨਾਮ ਦਾ) ਪਰਕਾਸ਼ ਹੋ ਗਿਆ ਹੈ, ਗੁਰੂ ਤੋਂ ਮੈਨੂੰ (ਉੱਚੀ) ਸਮਝ ਪ੍ਰਾਪਤ ਹੋਈ ਹੈ। ਪ੍ਰਭੂ ਦਾ ਦਾਸ ਕਬੀਰ ਉਸ ਨਸ਼ੇ ਵਿਚ ਮਸਤ ਹੈ, ਉਸ ਦੀ ਮਸਤੀ ਕਦੇ ਮੁੱਕਣ ਵਾਲੀ ਨਹੀਂ ਹੈ।3।2।

ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥ ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥ ਅਬ ਤਬ ਜਬ ਕਬ ਤੁਹੀ ਤੁਹੀ ॥ ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥ ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥ ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥ ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ ॥ ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥ ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥ ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥ ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥ ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ {ਪੰਨਾ 969}

ਪਦ ਅਰਥ: ਮੇਰੁ ਪਰਬਤੁ = ਸਭ ਤੋਂ ਉੱਚਾ ਪਰਬਤ, ਸਭ ਤੋਂ ਵੱਡਾ ਆਸਰਾ। ਓਟ = ਆਸਰਾ। ਗਹੀ = ਫੜੀ ਹੈ। ਰਖਿ ਲੀਨੀ = (ਲਾਜ) ਰੱਖ ਲਈ ਹੈ।1।

ਅਬ ਤਬ = ਹੁਣ ਤੇ ਤਦੋਂ। ਜਬ ਕਬ = ਜਦ ਕਦੇ। ਤੁਅ ਪਰਸਾਦ = ਤੇਰੀ ਮਿਹਰ ਨਾਲ।1। ਰਹਾਉ।

ਮਗਹਰ = ਗੋਰਖ ਪੁਰ ਦੇ ਪਾਸ ਇਕ ਸ਼ਹਿਰ, ਜਿਸ ਬਾਰੇ ਪੁਰਾਣਾ ਖ਼ਿਆਲ ਹੈ ਕਿ ਇਸ ਥਾਂ ਨੂੰ ਸਰਾਪ ਮਿਲਿਆ ਹੋਇਆ ਹੈ, ਜੋ ਮਨੁੱਖ ਇੱਥੇ ਮਰਦਾ ਹੈ ਉਹ ਖੋਤੇ ਦੀ ਜੂਨੇ ਜਾ ਪੈਂਦਾ ਹੈ।2।

ਏਕੈ ਕਰਿ = ਇੱਕੋ ਜਿਹੀ। ਮਰਤੇ ਫੂਟਿ = ਫੁੱਟ ਮਰਦੇ ਹਨ, ਹੰਕਾਰ ਵਿਚ ਦੁਖੀ ਹੁੰਦੇ ਹਨ।3।

ਸੂਲਾ = ਚੋਭਾਂ, ਕੰਡੇ। ਅਜੈ = ਹੁਣ ਤਕ। ਪਚਾਹੀ = ਦੁਖੀ ਹੁੰਦੇ ਹਨ।4।

ਦੋਊ = ਦੋਵੇਂ ਹੀ। ਰਾਦੇ = ਰੱਦ ਕਰ ਦਿੱਤੇ ਹਨ। ਕਾਣਿ = ਮੁਥਾਜੀ।5।

ਸਿੰਘਾਸਨਿ = ਤਖ਼ਤ ਉੱਤੇ, ਦਸਮ ਦੁਆਰ ਵਿਚ, ਉੱਚੀ ਆਤਮਕ ਅਵਸਥਾ ਵਿਚ।6।

ਅਰਥ: ਹੇ ਪ੍ਰਭੂ! ਤੂੰ (ਹੀ) ਮੇਰਾ ਸਭ ਤੋਂ ਵੱਡਾ ਆਸਰਾ ਹੈਂ। ਮੈਂ ਤੇਰੀ ਹੀ ਓਟ ਫੜੀ ਹੈ (ਕਿਸੇ ਤੀਰਥ ਉੱਤੇ ਵੱਸਣ ਦਾ ਤਕੀਆ ਮੈਂ ਨਹੀਂ ਤੱਕਿਆ) ਤੂੰ ਸਦਾ ਅਡੋਲ ਰਹਿਣ ਵਾਲਾ ਹੈਂ (ਤੇਰਾ ਲੜ ਫੜ ਕੇ) ਮੈਂ ਭੀ ਨਹੀਂ ਡੋਲਦਾ, ਕਿਉਂਕਿ ਤੂੰ ਆਪ ਮੇਰੀ ਲਾਜ ਰੱਖ ਲਈ ਹੈ।1।

ਹੇ ਪ੍ਰਭੂ! ਸਦਾ ਲਈ ਤੂੰ ਹੀ ਤੂੰ ਹੀ ਮੇਰਾ ਸਹਾਰਾ ਹੈਂ। ਤੇਰੀ ਮਿਹਰ ਨਾਲ ਮੈਂ ਸਦਾ ਹੀ ਸੁਖੀ ਹਾਂ।1। ਰਹਾਉ।

(ਲੋਕ ਆਖਦੇ ਹਨ ਮਗਹਰ ਸਰਾਪੀ ਹੋਈ ਧਰਤੀ ਹੈ, ਪਰ) ਮੈਂ ਤੇਰੇ ਉੱਤੇ ਸ਼ਰਧਾ ਧਾਰ ਕੇ ਮਗਹਰ ਜਾ ਵੱਸਿਆ, (ਤੂੰ ਮਿਹਰ ਕੀਤੀ ਤੇ) ਮੇਰੇ ਸਰੀਰ ਦੀ (ਵਿਕਾਰਾਂ ਦੀ) ਤਪਸ਼ (ਮਗਹਰ ਵਿਚ ਹੀ) ਬੁਝਾ ਦਿੱਤੀ। ਮੈਂ, ਹੇ ਪ੍ਰਭੂ! ਤੇਰਾ ਦੀਦਾਰ ਪਹਿਲਾਂ ਮਗਹਰ ਵਿਚ ਰਹਿੰਦਿਆਂ ਹੀ ਕੀਤਾ ਸੀ, ਤੇ ਫੇਰ ਮੈਂ ਕਾਸ਼ੀ ਵਿਚ ਆ ਵੱਸਿਆ।2।

ਨੋਟ: ਇੱਥੋਂ ਇਹ ਜ਼ਾਹਰ ਹੁੰਦਾ ਹੈ ਕਿ ਕਬੀਰ ਜੀ ਦੋ ਵਾਰੀ ਮਗਹਰ ਜਾ ਕੇ ਰਹੇ ਹਨ। ਦੂਜੀ ਵਾਰੀ ਤਾਂ ਸਰੀਰ ਭੀ ਉੱਥੇ ਹੀ ਤਿਆਗਿਆ।

ਜਿਵੇਂ ਕਿਸੇ ਕੰਗਾਲ ਨੂੰ ਧਨ ਮਿਲ ਜਾਏ, (ਤਿਵੇਂ) ਮੈਨੂੰ ਕੰਗਾਲ ਨੂੰ ਤੇਰਾ ਨਾਮ ਧਨ ਮਿਲ ਗਿਆ ਹੈ, (ਉਸ ਦੀ ਬਰਕਤਿ ਨਾਲ) ਮੈਂ ਮਗਹਰ ਤੇ ਕਾਸ਼ੀ ਦੋਹਾਂ ਨੂੰ ਇਕੋ ਜਿਹਾ ਹੀ ਸਮਝਿਆ ਹੈ। ਪਰ (ਜਿਨ੍ਹਾਂ ਨੂੰ ਕਾਸ਼ੀ ਤੀਰਥ ਤੇ ਵੱਸਣ ਦਾ ਮਾਣ ਹੈ ਉਹ) ਹੰਕਾਰੀ ਹੰਕਾਰ ਵਿਚ ਦੁੱਖੀ ਹੁੰਦੇ ਹਨ।3।

ਜੋ ਮਨੁੱਖ ਮਾਣ ਕਰਦਾ ਹੈ (ਮਾਣ ਚਾਹੇ ਕਿਸੇ ਗੱਲ ਦਾ ਹੋਵੇ) ਉਸ ਨੂੰ (ਇਉਂ ਹੁੰਦਾ ਹੈ ਜਿਵੇਂ) ਸੂਲਾਂ ਚੁੱਭਦੀਆਂ ਹਨ। ਕੋਈ ਉਹਨਾਂ ਦੀਆਂ ਇਹ ਸੂਲਾਂ ਪੁੱਟ ਨਹੀਂ ਸਕਦਾ। ਸਾਰੀ ਉਮਰ (ਉਹ ਹੰਕਾਰੀ) ਉਹਨਾਂ ਚੋਭਾਂ ਦੇ ਮਾਰੇ ਵਿਲਕਦੇ ਹਨ, ਮਾਨੋ, ਘੋਰ ਨਰਕ ਵਿਚ ਸੜ ਰਹੇ ਹਨ।4।

(ਇਹ ਲੋਕ ਆਖਦੇ ਹਨ ਕਿ ਕਾਸ਼ੀ ਵਿਚ ਰਹਿਣ ਵਾਲਾ ਸੁਰਗ ਮਾਣਦਾ ਹੈ, ਪਰ) ਨਰਕ ਕੀਹ, ਤੇ, ਵਿਚਾਰਾ ਸੁਰਗ ਕੀਹ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ; ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ (ਨਾਹ ਸੁਰਗ ਤੇ ਨਾਹ ਨਰਕ) ਕਿਸੇ ਦੇ ਭੀ ਮੁਥਾਜ ਨਹੀਂ ਹਨ।5।

(ਆਪਣੇ ਗੁਰੂ ਦੀ ਕਿਰਪਾ ਨਾਲ) ਮੈਂ ਹੁਣ ਉੱਚੇ ਆਤਮਕ ਟਿਕਾਣੇ ਤੇ ਅੱਪੜ ਗਿਆ ਹਾਂ, ਜਿੱਥੇ ਮੈਨੂੰ ਪਰਮਾਤਮਾ ਮਿਲ ਪਿਆ ਹੈ। ਮੈਂ ਕਬੀਰ ਅਤੇ ਮੇਰਾ ਰਾਮ ਇੱਕ-ਰੂਪ ਹੋ ਗਏ ਹਾਂ, ਕੋਈ ਸਾਡੇ ਵਿਚ ਫ਼ਰਕ ਨਹੀ ਦੱਸ ਸਕਦਾ।6।3।

ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥ ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥੧॥ ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ ॥ ਪੂਰਬ ਜਨਮ ਹਮ ਤੁਮ੍ਹ੍ਹਰੇ ਸੇਵਕ ਅਬ ਤਉ ਮਿਟਿਆ ਨ ਜਾਈ ॥ ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥ ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥ ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥ ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥ ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮ੍ਹ੍ਹਾਰਿ ॥੪॥ ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥ ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥ {ਪੰਨਾ 969-970}

ਪਦ ਅਰਥ: ਮਾਨਉ = ਮਾਨਉਂ, ਮੈਂ ਆਦਰ ਦੇਂਦਾ ਹਾਂ, ਜੀ-ਆਇਆਂ ਆਖਦਾ ਹਾਂ। ਦੂਤ = ਵਿਕਾਰ। ਡਾਨਉ = ਮੈਂ ਡੰਨ ਦੇਂਦਾ ਹਾਂ, ਮਾਰ ਭਜਾਉਂਦਾ ਹਾਂ। ਕੁਟਵਾਰ = ਕੋਤਵਾਲ, ਸ਼ਹਿਰ ਦਾ ਰਾਖਾ, (ਸਰੀਰ-ਰੂਪ) ਸ਼ਹਿਰ ਦਾ ਰਾਖਾ। ਕੁਟਵਾਰੀ = ਸਰੀਰ-ਰੂਪ ਸ਼ਹਿਰ ਦੀ ਰਾਖੀ ਦਾ ਫ਼ਰਜ਼। ਦਿਵਸ = ਦਿਨ। ਪਲੋਸਉ = ਮੈਂ ਮਲਦਾ ਹਾਂ, ਘੁੱਟਦਾ ਹਾਂ। ਕਰਿ = ਬਣਾ ਕੇ। ਫੇਰੀ = ਫੇਰੀਂ, ਮੈਂ ਫੇਰਦਾ ਹਾਂ।1।

ਨੋਟ: ਜਿਸ ਮਨੁੱਖ ਦੇ ਆਪਣੇ ਸਿਰ ਉੱਤੇ ਕੇਸ ਨਾਹ ਹੋਣ, ਉਹ ਇਹ ਮੁਹਾਵਰਾ ਵਰਤ ਨਹੀਂ ਸਕਦਾ ਸੁਭਾਵਿਕ ਹੀ ਮਨੁੱਖ ਦੀ ਬੋਲੀ ਆਪਣੇ ਰੋਜ਼ਾਨਾ ਜੀਵਨ-ਅਨੁਸਾਰ ਹੋ ਜਾਂਦੀ ਹੈ। ਕਬੀਰ ਜੀ ਕੇਸਾਧਾਰੀ ਸਨ।

ਦਰਬਾਰਿ = ਦਰ ਤੇ। ਬਚਨੁ = ਮੂੰਹ। ਪਸਾਰਿ = ਖਿਲਾਰ ਕੇ, ਖੋਲ੍ਹ ਕੇ। ਹਮ = ਅਸੀ, ਮੈਂ।1। ਰਹਾਉ।

ਮਿਟਿਆ = ਹਟਿਆ। ਧੁਨਿ = ਆਵਾਜ਼, ਲਗਨ, ਰੌ। ਮਾਥੈ ਮੇਰੇ ਦਗਾਈ = ਮੇਰੇ ਮੱਥੇ ਉੱਤੇ ਦਾਗੀ ਗਈ ਹੈ, ਮੇਰੇ ਮੱਥੇ ਉਤੇ ਉੱਕਰੀ ਗਈ ਹੈ, ਮੇਰੇ ਭਾਗਾਂ ਵਿਚ ਆ ਗਈ ਹੈ, ਮੈਨੂੰ ਪ੍ਰਾਪਤ ਹੋ ਗਈ ਹੈ।2।

ਦਾਗੇ ਹੋਹਿ = ਜਿਨ੍ਹਾਂ ਉੱਤੇ ਨਿਸ਼ਾਨ ਹੁੰਦਾ ਹੈ। ਰਨ = ਲੜਾਈ ਦਾ ਮੈਦਾਨ। ਜੂਝਹਿ = ਲੜ ਮਰਦੇ ਹਨ। ਲਏ ਖਜਾਨੈ ਪਾਈ = ਕਬੂਲ ਕਰ ਲੈਂਦਾ ਹੈ, ਪ੍ਰਵਾਨ ਕਰ ਲੈਂਦਾ ਹੈ।3।

ਪਰਮ = ਸਭ ਤੋਂ ਚੰਗੀ। ਕੋਠਰਾ = ਨਿੱਕਾ ਜਿਹਾ ਕੋਠਾ। ਬੀਚਾਰਿ = ਨਾਮ ਦੀ ਵਿਚਾਰ ਨਾਲ। ਗੁਰਿ = ਗੁਰੂ ਨੇ। ਬਸਤੁ = ਨਾਮ-ਪਦਾਰਥ। ਸਮ੍ਹ੍ਹਾਰਿ = ਸਾਂਭ ਕੇ।4।

ਦੀਈ = ਦਿੱਤੀ ਹੈ। ਮਸਤਕਿ = ਮੱਥੇ ਉੱਤੇ। ਜਿਨਿ = ਜਿਸ (ਮਨੁੱਖ) ਨੇ। ਥਿਰੁ = ਸਦਾ ਟਿਕੇ ਰਹਿਣ ਵਾਲਾ। ਸੋਹਾਗੁ = {Skt. sOBwÀX = good luck} ਚੰਗੀ ਕਿਸਮਤ।5।

ਅਰਥ: ਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ, ਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ (ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤਿ-ਸਾਲਾਹ ਕਰ ਰਿਹਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ-ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ। ਇਹੀ ਗੱਲ ਸਤਿੁਗੁਰੂ ਨਾਨਕ ਦੇਵ ਜੀ ਨੇ ਆਖੀ ਹੈ:

ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ।1। ਰਹਾਉ। {ਬਿਲਾਵਲੁ ਮ: 1

ਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ, ਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ।1।

ਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ। ਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ।2।

ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਲੜ ਮਰਦੇ ਹਨ। ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ (ਟਾਕਰਾ ਪੈਣ ਤੇ) ਭਾਂਜ ਖਾ ਜਾਂਦੇ ਹਨ, (ਭਾਵ,) ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ।3।

(ਮਨੁੱਖਾ-ਸਰੀਰ, ਮਾਨੋ, ਇਕ ਨਿੱਕਾ ਜਿਹਾ ਕੋਠਾ ਹੈ, ਇਸ) ਨਿੱਕੇ ਜਿਹੇ ਸੁਹਣੇ ਕੋਠੇ ਵਿਚ (ਦਿਮਾਗ਼ ਇਕ ਹੋਰ) ਨਿੱਕੀ ਜਿਹੀ ਕੋਠੜੀ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਦੀ ਬਰਕਤਿ ਨਾਲ ਇਹ ਨਿੱਕੀ ਕੋਠੜੀ ਸੁਹਣੀ ਬਣਦੀ ਜਾਂਦੀ ਹੈ। ਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ।4।

ਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ। ਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ।5।4।

ਸ਼ਬਦ ਦਾ ਭਾਵ: ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਦੁਨੀਆ ਦੇ ਵਿਕਾਰ ਮਨੁੱਖ ਦੇ ਨੇੜੇ ਨਹੀਂ ਢੁੱਕਦੇ। ਪਰ ਇਹ ਦਾਤ ਕਿਸੇ ਭਾਗਾਂ ਵਾਲੇ ਨੂੰ ਗੁਰੂ ਪਾਸੋਂ ਮਿਲਦੀ ਹੈ।

TOP OF PAGE

Sri Guru Granth Darpan, by Professor Sahib Singh