ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 970 ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥ ਜਾ ਕੈ ਪਾਇ ਜਗਤੁ ਸਭੁ ਲਾਗੈ ਸੋ ਕਿਉ ਪੰਡਿਤੁ ਹਰਿ ਨ ਕਹੈ ॥੧॥ ਕਾਹੇ ਮੇਰੇ ਬਾਮ੍ਹ੍ਹਨ ਹਰਿ ਨ ਕਹਹਿ ॥ ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥੧॥ ਰਹਾਉ ॥ ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥ ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥ ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥ ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥ {ਪੰਨਾ 970} ਪਦ ਅਰਥ: ਜਿਹ ਮੁਖ = ਜਿਸ ਪਰਮਾਤਮਾ ਦੇ ਮੂੰਹ ਵਿਚੋਂ। ਨਿਕਸੈ = ਨਿਕਲਦਾ ਹੈ। ਬਿਸਰੁ ਕਰੈ = ਵਿਸਾਰਦਾ ਹੈ। ਜਾ ਕੈ ਜਾਇ = ਜਿਸ ਦੇ ਪੈਰ ਉੱਤੇ, ਜਿਸ ਦੀ ਪੈਰੀਂ।1। ਬਾਮ੍ਹ੍ਹਨ– ਹੇ ਬ੍ਰਾਹਮਣ! {ਨੋਟ: ਪਹਿਲੀ ਤੁਕ ਵਿਚ ਲਫ਼ਜ਼ 'ਬ੍ਰਹਮਨ' ਕਰਤਾ ਕਾਰਕ ਇਕ-ਵਚਨ ਹੈ, 'ਰਹਾਉ' ਵਿਚ ਲਫ਼ਜ਼ 'ਬਾਮ੍ਹ੍ਹਨ' ਸੰਬੋਧਨ ਇਕ-ਵਚਨ ਹੈ) । ਰਹਾਉ। ਉਦਰੁ = ਪੇਟ। ਰਚਿ ਰਚਿ = (ਬਨਾਉਟੀ) ਬਣਾ ਬਣਾ ਕੇ। ਕਰ ਦੀਪਕੁ = ਹੱਥਾਂ ਉੱਤੇ ਦੀਵਾ। ਕੂਪਿ = ਖੂਹ ਵਿਚ।2। ਕਾਸੀਕ = ਕਾਸ਼ੀ ਦਾ। ਉਬਰੇ = (ਸੰਸਾਰ-ਸਮੁੰਦਰ ਤੋਂ) ਬਚ ਗਏ।3। ਅਰਥ: ਹੇ ਮੇਰੇ ਬ੍ਰਾਹਮਣ! ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ? ਹੇ ਪੰਡਿਤ! ਤੂੰ ਰਾਮ ਨਹੀਂ ਬੋਲਦਾ, ਤੇ ਦੋਜਕ (ਦਾ ਦੁੱਖ) ਸਹਾਰ ਰਿਹਾ ਹੈਂ।1। ਰਹਾਉ। ਬ੍ਰਾਹਮਣ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਜਿਸ ਦੇ ਮੂੰਹ ਵਿਚੋਂ ਵੇਦ ਤੇ ਗਾਇਤ੍ਰੀ (ਆਦਿਕ) ਨਿਕਲੇ (ਮੰਨਦਾ) ਹੈ? ਪੰਡਿਤ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ, ਜਿਸ ਦੇ ਚਰਨਾਂ ਤੇ ਸਾਰਾ ਸੰਸਾਰ ਪੈਂਦਾ ਹੈ?।1। ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ) , ਪਰ ਭੋਜਨ ਪਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ। ਤੂੰ ਹਠ ਵਾਲੇ ਕਰਮ ਕਰ ਕੇ (ਤੇ ਲੋਕਾਂ ਨੂੰ ਵਿਖਾ ਵਿਖਾ ਕੇ) ਆਪਣਾ ਪੇਟ ਪਾਲਦਾ ਹੈਂ। ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ।2। ਤੂੰ (ਆਪਣੇ ਆਪ ਨੂੰ ਉੱਚੀ ਕੁਲ ਦਾ) ਬ੍ਰਹਮਣ (ਸਮਝਦਾ ਹੈਂ) , ਮੈਂ (ਤੇਰੀਆਂ ਨਜ਼ਰਾਂ ਵਿਚ) ਕਾਸ਼ੀ ਦਾ (ਗ਼ਰੀਬ) ਜੁਲਾਹ ਹਾਂ। ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ? (ਭਾਵ, ਤੂੰ ਮੇਰੀ ਗੱਲ ਆਪਣੇ ਮਾਣ ਵਿਚ ਗਹੁ ਨਾਲ ਸੁਣਨ ਨੂੰ ਤਿਆਰ ਨਹੀਂ ਹੋ ਸਕਦਾ) । ਪਰ ਅਸੀਂ (ਜੁਲਾਹੇ ਤਾਂ) ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ) ਬਚ ਰਹੇ ਹਾਂ, ਤੇ ਤੁਸੀਂ, ਹੇ ਪਾਂਡੇ! ਵੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ।3।5। ਨੋਟ: ਕਬੀਰ ਜੀ ਦੇ ਖ਼ਿਆਲ ਅਨੁਸਾਰ ਮੱਸਿਆ-ਸੰਗ੍ਰਾਂਦ ਆਦਿਕ ਬਨਾਵਟੀ ਥਿੱਤਾਂ ਬਣਾਣ ਵਾਲਿਆਂ ਨੇ ਆਪਣੀ ਉਦਰ-ਪੂਰਨਾ ਦੀ ਖ਼ਾਤਰ ਹੀ ਬਣਾਈਆਂ ਹੋਈਆਂ ਹਨ। ਤੇ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥ ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥ ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ ॥ ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥ ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥ ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥ {ਪੰਨਾ 970} ਪਦ ਅਰਥ: ਤਰਵਰੁ = ਰੁੱਖ। ਡਾਰ = ਡਾਲੀਆਂ। ਸਾਖਾ = ਸ਼ਾਖਾਂ, ਟਾਹਣੀਆਂ। ਪੁਹਮ = {puÕp} ਫੁੱਲ। ਭਰੀਆ = ਭਰੀਆਂ ਹੋਈਆਂ, ਲੱਦੀਆਂ ਹੋਈਆਂ। ਬਾੜੀ = ਬਗ਼ੀਚੇ। ਰੇ = ਹੇ ਭਾਈ! ਤਿਨਿ ਹਰਿ = ਉਸ ਪ੍ਰਭੂ ਨੇ। ਕਰੀਆ = ਬਣਾਈ।1। ਹੇ = ਹੇ ਭਾਈ! ਜਾਨੀ = ("ਬਿਰਲੈ ਗੁਰਮਖਿ" ਨੇ) ਜਾਣੀ ਹੈ। ਕਹਾਨੀ = ਕਿਸੇ ਬੀਤ ਚੁਕੀ ਜਾਂ ਵਰਤ ਰਹੀ ਘਟਨਾ ਦਾ ਹਾਲ। ਰਾਜਾ ਰਾਮ ਕੀ ਕਹਾਨੀ = ਉਸ ਘਟਨਾ ਦਾ ਹਾਲ ਜੋ ਪ੍ਰਕਾਸ਼-ਰੂਪ ਪ੍ਰਭੂ ਦਾ ਸਿਮਰਨ ਕੀਤਿਆਂ ਕਿਸੇ ਮਨੁੱਖ ਦੇ ਮਨ ਵਿਚ ਵਾਪਰਦੀ ਹੈ; ਪ੍ਰਭੂ-ਮਿਲਾਪ ਦਾ ਹਾਲ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਪੂਰਨ ਤੌਰ ਤੇ ਤੁਰ ਪੈਂਦਾ ਹੈ।1। ਰਹਾਉ। ਭਵਰੁ = ਭੌਰਾ। ਪੁਹਪ = ਫੁੱਲ। ਬੀਧਾ = ਵਿੱਝਾ ਹੋਇਆ, ਮਸਤ। ਬਾਰਹ = ਫੁੱਲ ਦੀਆਂ ਬਾਰ੍ਹਾਂ ਖਿੜੀਆ ਹੋਈਆਂ ਪੱਤੀਆਂ, ਖਿੜਿਆ ਹੋਇਆ ਫੁੱਲ, ਪੂਰਨ ਖਿੜਾਉ। ਸੋਰਹ = ਸੋਲਾਂ (ਪੱਤੀਆਂ ਵਾਲਾ ਵਿਸ਼ੱਧੀ ਚੱਕਰ, ਜੋ ਗਲੇ ਵਿਚ ਜੋਗੀ ਮੰਨਦੇ ਹਨ) । ਸੋਰਹ ਮਧੇ = ਜਾਪ ਵਿਚ ਲੱਗ ਕੇ। ਸੋਰਹ...ਝਕੋਰਿਆ = ਸੁਆਸ ਸੁਆਸ ਨਾਮ ਜਪਦਾ ਹੈ। ਆਕਾਸੇ = ਆਕਾਸ਼ ਵਿਚ, ਉੱਚੀ ਅਵਸਥਾ ਵਿਚ, ਦਸਮ-ਦੁਆਰ ਵਿਚ। ਫਰੁ ਫਰਿਆ = ਫੜ-ਫੜਾਇਆ, ਉਡਾਰੀ ਲਾਈ।2। ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ। ਬਿਰਵਾ = ਕੋਮਲ ਬੂਟਾ। ਧਰਤੀ = ਸਰੀਰ-ਰੂਪ ਧਰਤੀ ਦਾ। ਜਲਹਰ = ਜਲਧਰ, ਬੱਦਲ (ਤ੍ਰਿਸ਼ਨਾ) । ਸੋਖਿਆ = ਸੁਕਾ ਦਿੱਤਾ, ਚੂਸ ਲਿਆ। ਜਿਨਿ = ਜਿਸ (ਗੁਰਮੁਖਿ) ਨੇ।3। ਨੋਟ: 'ਰਹਾਉ' ਦੀ ਤੁਕ ਸਾਰੇ ਸ਼ਬਦ ਦਾ ਬੀਜ-ਰੂਪ ਹੈ। ਇੱਥੇ ਦੱਸਿਆ ਗਿਆ ਹੈ ਕਿ ਜੋ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਕੇ ਨਾਮ ਸਿਮਰਦਾ ਹੈ, ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਉਸ ਦੀ ਜਾਣ-ਪਛਾਣ ਹੋ ਜਾਂਦੀ ਹੈ। ਸ਼ਬਦ ਦੇ ਤਿੰਨ ਬੰਦਾਂ ਵਿਚ ਉਸ ਮੇਲ-ਅਵਸਥਾ ਦੇ ਲੱਛਣ ਦਿੱਤੇ ਹਨ: (1) ਇਹ ਜਗਤ ਉਸ ਨੂੰ ਪ੍ਰਭੂ ਦੀ ਬਣਾਈ ਹੋਈ ਇਕ ਬਗ਼ੀਚੀ ਜਾਪਦੀ ਹੈ, ਜਿਸ ਵਿਚ ਇਹ ਜੀਅ ਜੰਤ, ਸ਼ਾਖ਼ਾਂ, ਫੁੱਲ, ਪੱਤਰ ਆਦਿਕ ਹਨ; (2) ਜਿਵੇਂ ਭੌਰਾ ਫੁੱਲ ਦੇ ਰਸ ਵਿਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ, ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਝਕੋਲਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਸਿਮਰਨ ਕਰਨ ਵਾਲਾ ਨਾਮ-ਰਸ ਵਿਚ ਮਸਤ ਹੁੰਦਾ ਹੈ ਤੇ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ; ਅਤੇ (3) ਉਸ ਦੇ ਹਿਰਦੇ ਵਿਚ ਇਕ ਐਸੀ ਕੋਮਲਤਾ ਪੈਦਾ ਹੁੰਦੀ ਹੈ, ਜਿਸ ਦੀ ਬਰਕਤਿ ਨਾਲ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਅਰਥ: ਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ।1। ਰਹਾਉ। (ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸੰਸਾਰ ਇਕ ਰੁਖ (ਸਮਾਨ) ਹੈ, (ਜਗਤ ਦੇ ਜੀਆ-ਜੰਤ, ਮਾਨੋ, ਉਸ ਰੁੱਖ ਦੀਆਂ) ਬੇਅੰਤ ਡਾਲੀਆਂ ਤੇ ਟਹਿਣੀਆਂ ਹਨ, ਜੋ ਫੁੱਲਾਂ, ਪੱਤਰਾਂ ਤੇ ਰਸ-ਭਰੇ ਫਲਾਂ ਨਾਲ ਲੱਦੀਆਂ ਹੋਈਆਂ ਹਨ। ਇਹ ਸੰਸਾਰ ਅੰਮ੍ਰਿਤ ਦੀ ਇਕ ਬਗ਼ੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ।1। (ਜਿਵੇਂ) ਇਕ ਭੌਰਾ ਫੁੱਲ ਦੇ ਰਸ ਵਿਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿਚ ਆਪਣੇ ਆਪ ਨੂੰ ਜਾ ਬੰਨ੍ਹਾਉਂਦਾ ਹੈ, (ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ) ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ-ਰਸ ਵਿਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿਚ ਟਿਕਾਂਦਾ ਹੈ, ਤੇ ਸੋਚ-ਮੰਡਲ ਵਿਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਂਦਾ ਹੈ।2। ਉਸ ਗੁਰਮੁਖ ਦੀ ਉਸ ਅਡੋਲ ਤੇ ਅਫੁਰ ਅਵਸਥਾ ਵਿਚ ਉਸ ਦੇ ਅੰਦਰ (ਕੋਮਲਤਾ-ਰੂਪ) ਮਾਨੋ, ਇਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦੇਂਦਾ ਹੈ। ਕਬੀਰ ਆਖਦਾ ਹੈ– ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ (ਆਪਣੇ ਅੰਦਰ ਉੱਗਿਆ ਹੋਇਆ) ਇਹ ਕੋਮਲ ਬੂਟਾ ਵੇਖਿਆ ਹੈ।3।6। ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥ ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥ ਐਸਾ ਜੋਗੁ ਕਮਾਵਹੁ ਜੋਗੀ ॥ ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥ ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥ ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥ ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥ {ਪੰਨਾ 970} ਪਦ ਅਰਥ: ਮੋਨਿ = ਚੁੱਪ, ਮਨ ਦੀ ਚੁੱਪ, ਮਨ ਦੀ ਸ਼ਾਂਤੀ। ਝੋਲੀ = ਜਿਸ ਵਿਚ ਜੋਗੀ ਆਟਾ ਮੰਗ ਕੇ ਪਾਂਦਾ ਹੈ। ਪਤ੍ਰਕਾ = ਸੁਹਣਾ ਖੱਪਰ {ਪਾਤ੍ਰ = ਖੱਪਰ}। ਰੇ = ਹੇ ਜੋਗੀ! ਖਿੰਥਾ = ਗੋਦੜੀ। ਇਹੁ ਤਨੁ ਸੀਅਉ = ਇਸ ਸਰੀਰ ਨੂੰ ਸੀਊਂਦਾ ਹਾਂ, ਵਿਕਾਰਾਂ ਵਲੋਂ ਬਚਾਈ ਰੱਖਦਾ ਹਾਂ।1। ਗੁਰਮੁਖਿ = ਗੁਰੂ ਦੇ ਸਨਮੁਖ। ਭੋਗੀ = ਗ੍ਰਿਹਸਤੀ।1। ਰਹਾਉ। ਬਿਭੂਤਿ = ਸੁਆਹ। ਸਿੰਗੀ = ਛੋਟਾ ਜਿਹਾ ਸਿੰਙ ਜੋ ਜੋਗੀ ਵਜਾਂਦੇ ਹਨ। ਕਿੰਗੁਰੀ = ਛੋਟੀ ਕਿੰਗ।2। ਪੰਚ ਤਤੁ = ਪੰਜਾਂ ਦਾ ਤੱਤ, ਪੰਜਾਂ ਦਾ ਮੂਲ, ਪੰਜਾਂ ਤੱਤਾਂ ਦਾ ਮੂਲ ਕਾਰਨ-ਪ੍ਰਭੂ। ਨਿਰਾਲਮ = {inrwlMb} ਬਿਨਾ ਕਿਸੇ (ਬਾਹਰਲੇ) ਆਸਰੇ ਦੇ, ਇੱਕ-ਟਕ। ਤਾੜੀ = ਸਮਾਧੀ। ਬਾੜੀ = ਬਗ਼ੀਚੀ।3। ਅਰਥ: ਹੇ ਜੋਗੀ! ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ, ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ ਹੈ, ਇਹੀ ਤਪ ਹੈ, ਤੇ ਇਹੀ ਸੰਜਮ ਹੈ। ਬੱਸ! ਇਹੀ ਜੋਗ-ਅੱਭਿਆਸ ਕਰੋ।1। ਰਹਾਉ। ਹੇ ਜੋਗੀ! (ਮਨ ਨੂੰ ਵਿਕਾਰਾਂ ਵਲੋਂ) ਸ਼ਾਂਤੀ (ਦੇਣੀ, ਇਹ ਕੰਨਾਂ ਦੀ) ਮੁੰਦ੍ਰਾ ਬਣਾ, ਅਤੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਨੂੰ ਖੱਪਰ ਬਣਾ। (ਮੈਂ ਭੀ ਤੇਰੇ ਵਾਂਗ ਇਕ ਜੋਗੀ ਹਾਂ, ਪਰ) ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਬਚਾਉਂਦਾ ਹਾਂ, ਇਹ ਮੈਂ ਗੋਦੜੀ ਸੀਤੀ ਹੋਈ ਹੈ, ਜੋਗੀ! ਮੈਂ ਪ੍ਰਭੂ ਦੇ ਨਾਮ ਨੂੰ (ਆਪਣੀ ਜਿੰਦ ਦਾ) ਆਸਰਾ ਬਣਾਇਆ ਹੋਇਆ ਹੈ (ਇਹ ਮੇਰਾ ਸੁਆਹ ਦਾ ਬਟੂਆ ਹੈ) ।1। (ਹੇ ਜੋਗੀ!) ਆਪਣੀ ਅਕਲ ਨੂੰ ਮੈਂ (ਉੱਚੇ ਟਿਕਾਣੇ ਪ੍ਰਭੂ-ਚਰਨਾਂ ਵਿਚ) ਚੜ੍ਹਾਈ ਰੱਖਦਾ ਹਾਂ, ਇਹ ਮੈਂ (ਪਿੰਡੇ ਉੱਤੇ) ਸੁਆਹ ਮਲੀ ਹੋਈ ਹੈ; ਮੈਂ ਆਪਣੇ ਮਨ ਦੀ ਸੁਰਤ ਨੂੰ (ਪ੍ਰਭੂ-ਚਰਨਾਂ ਵਿਚ) ਜੋੜਿਆ ਹੈ, ਇਹ ਮੇਰੀ ਸਿੰਙੀ ਹੈ। ਮਾਇਆ ਵਲੋਂ ਵੈਰਾਗ ਕਰ ਕੇ ਮੈਂ ਭੀ (ਸਾਧੂ ਬਣ ਕੇ) ਫਿਰਦਾ ਹਾਂ, ਪਰ ਮੈਂ ਆਪਣੇ ਹੀ ਸਰੀਰ-ਰੂਪ ਨਗਰ ਵਿਚ ਫਿਰਦਾ ਹਾਂ (ਭਾਵ, ਖੋਜ ਕਰਦਾ ਹਾਂ) ; ਮੈਂ ਆਪਣੇ ਮਨ ਦੀ ਹੀ ਕਿੰਗ ਵਜਾਉਂਦਾ ਹਾਂ (ਭਾਵ, ਮਨ ਵਿਚ ਪ੍ਰਭੂ ਦੀ ਲਗਨ ਲਾਈ ਰੱਖਦਾ ਹਾਂ) ।2। (ਹੇ ਜੋਗੀ!) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪ੍ਰੋ ਰੱਖੋ, ਇਸ ਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ। ਕਬੀਰ ਆਖਦਾ ਹੈ– ਹੇ ਸੰਤ ਜਨੋ। ਸੁਣੋ, (ਪ੍ਰਭੂ-ਚਰਨਾਂ ਵਿਚ ਜੁੜ ਕੇ) ਧਰਮ ਤੇ ਦਇਆ ਦੀ (ਆਪਣੇ) ਮਨ ਵਿਚ ਸੋਹਣੀ ਬਗ਼ੀਚੀ ਬਣਾਓ।3।7। ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥ ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥੧॥ ਗੋਬਿੰਦ ਹਮ ਐਸੇ ਅਪਰਾਧੀ ॥ ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥ ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥ ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥੨॥ ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨ੍ਹ੍ਹੋ ਮੈ ਫੇਰਾ ॥ ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥੩॥ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥ ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥੪॥ ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ ॥ ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮ੍ਹ੍ਹਾਰੀ ॥੫॥੮॥ {ਪੰਨਾ 970-971} ਪਦ ਅਰਥ: ਕਾਜ = ਕੰਮ। ਸਿਰਜੇ = ਪੈਦਾ ਹੋਏ। ਜਨਮਿ = ਜੰਮ ਕੇ। ਭਵਨਿਧਿ = ਸੰਸਾਰ-ਸਮੁੰਦਰ। ਤਰਨ = ਬੇੜੀ, ਜਹਾਜ਼। ਚਿੰਤਾਮਨਿ = ਮਨ-ਇੱਛਤ ਫਲ ਦੇਣ ਵਾਲੀ ਮਣੀ।1। ਹਮ = ਅਸੀਂ ਜੀਵ। ਜਿਨਿ ਪ੍ਰਭਿ = ਜਿਸ ਪ੍ਰਭੂ ਨੇ। ਜੀਉ = ਜਿੰਦ। ਪਿੰਡੁ = ਸਰੀਰ।1। ਰਹਾਉ। ਪਰ ਤਨ = ਪਰਾਇਆ ਸਰੀਰ, ਪਰਾਈ ਇਸਤ੍ਰੀ। ਪਰਤੀ = ਪਰਾਈ (ਨੋਟ: 'ਪਰਾਈ ਇਸਤ੍ਰੀ' ਦਾ ਜ਼ਿਕਰ ਤਾਂ ਲਫ਼ਜ਼ 'ਪਰ ਤਨ' ਵਿਚ ਆ ਗਿਆ ਹੈ, ਲਫ਼ਜ਼ 'ਪਰਤੀ' ਨੂੰ 'ਪਰ' ਅਤੇ 'ਤੀ' ਕਰ ਕੇ ਪੜ੍ਹਨਾ ਅਤੇ ਲਫ਼ਜ਼ 'ਤੀ' ਦਾ ਅਰਥ 'ਤ੍ਰਿਆ' ਕਰਨਾ ਗ਼ਲਤ ਹੈ। ਚਾਰ ਚੀਜ਼ਾਂ ਦਾ ਇੱਥੇ ਜ਼ਿਕਰ ਹੈ– ਧਨ, ਤਨ, ਨਿੰਦਾ ਅਤੇ ਅਪਬਾਦ; ਹਰੇਕ ਦੇ ਨਾਲ ਲਫ਼ਜ਼ 'ਪਰ' ਵਰਤਿਆ ਗਿਆ ਹੈ। ਜੇ ਲਫ਼ਜ਼ 'ਤੀ' ਵਖਰਾ ਕੀਤਾ ਜਾਏ, ਤਾਂ ਲਫ਼ਜ਼ 'ਨਿੰਦਾ' ਦੇ ਨਾਲ ਬਾਕੀ ਲਫ਼ਜ਼ ਧਨ, ਤਨ ਤੀ ਅਤੇ ਅਪਬਾਦ ਵਾਂਗ ਲਫ਼ਜ਼ 'ਪਰ' ਨਹੀਂ ਰਹਿ ਜਾਂਦਾ। ਸੋ, 'ਪਰਤੀ' ਇਕੋ ਲਫ਼ਜ਼ ਹੈ। ਬਾਣੀ ਵਿਚ ਹੋਰ ਪ੍ਰਮਾਣ ਭੀ ਐਸੇ ਮਿਲਦੇ ਹਨ, ਜੋ ਸਾਬਤ ਕਰਦੇ ਹਨ ਕਿ ਲਫ਼ਜ਼ 'ਤਨ' ਇਸਤ੍ਰੀ ਵਾਸਤੇ ਹੈ; ਜਿਵੇਂ: (1) ਪਰ ਧਨ, ਪਰ ਤਨ, ਪਰ ਕੀ ਨਿੰਦਾ, ਇਨ ਸਿਉ ਪ੍ਰੀਤਿ ਨ ਲਾਗੈ ॥2॥14॥ {ਧਨਾਸਰੀ ਮ: 5 ਨੋਟ: ਕਬੀਰ ਜੀ ਨੇ "ਪਰਤੀ ਨਿੰਦਾ" ਲਿਖਿਆ ਹੈ, ਸਤਿਗੁਰੂ ਅਰਜਨ ਸਾਹਿਬ ਨੇ "ਪਰ ਕੀ ਨਿੰਦਾ" ਆਖਿਆ ਹੈ। (2) ਪਰ ਧਨ, ਪਰ ਤਨ ਪਰਤੀ ਨਿੰਦਾ, ਅਖਾਧਿ ਤਾਹਿ ਹਰਕਾਇਆ ॥3॥3॥125॥ {ਆਸਾ ਮ: 5 ਨੋਟ: ਇੱਥੇ ਤਾਂ ਹੂ-ਬ-ਹੂ ਕਬੀਰ ਜੀ ਵਾਲੇ ਹੀ ਲਫ਼ਜ਼ ਹਨ। (3) ਪਰ ਧਨ, ਪਰ ਅਪਵਾਦ, ਨਾਰਿ, ਨਿੰਦਾ, ਯਹ ਮੀਠੀ ਜੀਅ ਮਾਹਿ ਹਿਤਾਨੀ ॥1॥ {ਸਵਯੇ ਸ੍ਰੀ ਮੁਖ ਬਾਕ੍ਯ੍ਯ ਮਹਲਾ 5 ਨੋਟ: ਇੱਥੇ ਚਾਰ ਵਿਚਾਰਾਂ ਦਾ ਜ਼ਿਕਰ ਹੈ– ਪਰਾਇਆ ਧਨ, ਦੂਜਿਆਂ ਨਾਲ ਵਿਰੋਧ, ਪਰਾਈ ਇਸਤ੍ਰੀ ਅਤੇ ਪਰਾਈ ਨਿੰਦਾ। ਇਹਨਾਂ ਹੀ ਚਹੁੰਆਂ ਦਾ ਜ਼ਿਕਰ ਕਬੀਰ ਜੀ ਨੇ ਕੀਤਾ ਹੋਇਆ ਹੈ। ਸੋ, ਲਫ਼ਜ਼ 'ਪਰਤੀ' ਇੱਕੋ ਲਫ਼ਜ਼ ਹੈ, ਇਸ ਦਾ ਅਰਥ ਹੈ ਪਰਾਈ। ਅਪਬਾਦੁ = ਵਿਰੋਧ, ਝਗੜਾ। ਫੁਨਿ ਫੁਨਿ = ਮੁੜ ਮੁੜ। ਪਰਸੰਗੁ = ਝੇੜਾ।2। ਲੰਪਟ = ਵਿਸ਼ਿਆਂ ਵਿਚ ਲਿੱਬੜੇ ਹੋਏ। ਦੂਤ = ਮਾੜੇ ਬੰਦੇ। ਮਤਵਾਰੇ = ਸ਼ਰਾਬੀ।3। ਮਦ = ਅਹੰਕਾਰ। ਮਤਸਰ = ਈਰਖਾ। ਸੰਪੈ = ਧਨ। ਮੋ ਮਾਹੀ = ਮੇਰੇ ਅੰਦਰ। ਸੁਪਨੰਤਰਿ = ਸੁਪਨੇ ਵਿਚ ਭੀ।4। ਭੈ ਹਾਰੀ = ਡਰ ਨਾਸ ਕਰਨ ਵਾਲੇ ਪ੍ਰਭੂ! ਭੀਰ = ਮੁਸੀਬਤ, ਬਿਪਤਾ। ਕਰਉ = ਕਰਉਂ, ਮੈਂ ਕਰਾਂ।5। ਅਰਥ: ਹੇ ਗੋਬਿੰਦ! ਅਸੀਂ ਜੀਵ ਅਜਿਹੇ ਵਿਕਾਰੀ ਹਾਂ ਕਿ ਜਿਸ ਤੈਂ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤਾ ਉਸ ਦੀ ਬੰਦਗੀ ਨਹੀਂ ਕੀਤੀ, ਉਸ ਨਾਲ ਪਿਆਰ ਨਹੀਂ ਕੀਤਾ।1। ਰਹਾਉ। ਕਿਹੜੇ ਕੰਮਾਂ ਲਈ ਅਸੀਂ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ? ਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ।1। (ਹੇ ਗੋਬਿੰਦ!) ਪਰਾਏ ਧਨ (ਦੀ ਲਾਲਸਾ) , ਪਰਾਈ ਇਸਤ੍ਰੀ (ਦੀ ਕਾਮਨਾ) , ਪਰਾਈ ਚੁਗ਼ਲੀ, ਦੂਜਿਆਂ ਨਾਲ ਵਿਰੋਧ = ਇਹ ਵਿਕਾਰ ਦੂਰ ਨਹੀਂ ਹੁੰਦੇ, ਮੁੜ ਮੁੜ ਜਨਮ ਮਰਨ ਦਾ ਗੇੜ (ਸਾਨੂੰ) ਮਿਲ ਰਿਹਾ ਹੈ– ਫਿਰ ਭੀ ਪਰ ਮਨ, ਪਰ ਤਨ ਆਦਿਕ ਦਾ ਇਹ ਲੰਮਾ ਝੇੜਾ ਮੁੱਕਦਾ ਨਹੀਂ।2। ਜਿਨ੍ਹੀਂ ਥਾਈਂ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉੱਥੇ ਮੈਂ ਇਕ ਪਲਕ ਲਈ ਭੀ ਫੇਰਾ ਨਹੀਂ ਮਾਰਦਾ। ਪਰ ਵਿਸ਼ਈ, ਚੋਰ, ਬਦਮਾਸ਼, ਸ਼ਰਾਬੀ = ਇਹਨਾਂ ਨਾਲ ਮੇਰਾ ਸਾਥ ਰਹਿੰਦਾ ਹੈ।3। ਕਾਮ, ਕ੍ਰੋਧ, ਮਾਇਆ ਦਾ ਮੋਹ, ਹੰਕਾਰ, ਈਰਖਾ = ਮੇਰੇ ਪੱਲੇ, ਬੱਸ! ਇਹੀ ਧਨ ਹੈ। ਦਇਆ, ਧਰਮ, ਸਤਿਗੁਰੂ ਦੀ ਸੇਵਾ = ਮੈਨੂੰ ਇਹਨਾਂ ਦਾ ਖ਼ਿਆਲ ਕਦੇ ਸੁਪਨੇ ਵਿਚ ਭੀ ਨਹੀਂ ਆਇਆ।4। ਕਬੀਰ ਆਖਦਾ ਹੈ– ਹੇ ਦੀਨਾਂ ਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਦਮੋਦਰ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਭੈ-ਹਰਨ! ਮੈਨੂੰ ਦਾਸ ਨੂੰ (ਵਿਕਾਰਾਂ ਦੀ) ਬਿਪਤਾ ਵਿਚੋਂ ਬਚਾ ਲੈ, ਮੈਂ (ਨਿੱਤ) ਤੇਰੀ ਹੀ ਬੰਦਗੀ ਕਰਾਂ।5।8। |
Sri Guru Granth Darpan, by Professor Sahib Singh |