ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 971

ਜਿਹ ਸਿਮਰਨਿ ਹੋਇ ਮੁਕਤਿ ਦੁਆਰੁ ॥ ਜਾਹਿ ਬੈਕੁੰਠਿ ਨਹੀ ਸੰਸਾਰਿ ॥ ਨਿਰਭਉ ਕੈ ਘਰਿ ਬਜਾਵਹਿ ਤੂਰ ॥ ਅਨਹਦ ਬਜਹਿ ਸਦਾ ਭਰਪੂਰ ॥੧॥ ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥੩॥ ਜਿਹ ਸਿਮਰਨਿ ਤੇਰੀ ਗਤਿ ਹੋਇ ॥ ਸੋ ਸਿਮਰਨੁ ਰਖੁ ਕੰਠਿ ਪਰੋਇ ॥ ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ ॥ ਗੁਰ ਪਰਸਾਦੀ ਉਤਰਹਿ ਪਾਰਿ ॥੪॥ ਜਿਹ ਸਿਮਰਨਿ ਨਾਹੀ ਤੁਹਿ ਕਾਨਿ ॥ ਮੰਦਰਿ ਸੋਵਹਿ ਪਟੰਬਰ ਤਾਨਿ ॥ ਸੇਜ ਸੁਖਾਲੀ ਬਿਗਸੈ ਜੀਉ ॥ ਸੋ ਸਿਮਰਨੁ ਤੂ ਅਨਦਿਨੁ ਪੀਉ ॥੫॥ ਜਿਹ ਸਿਮਰਨਿ ਤੇਰੀ ਜਾਇ ਬਲਾਇ ॥ ਜਿਹ ਸਿਮਰਨਿ ਤੁਝੁ ਪੋਹੈ ਨ ਮਾਇ ॥ ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥ ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥੬॥ ਸਦਾ ਸਦਾ ਸਿਮਰਿ ਦਿਨੁ ਰਾਤਿ ॥ ਊਠਤ ਬੈਠਤ ਸਾਸਿ ਗਿਰਾਸਿ ॥ ਜਾਗੁ ਸੋਇ ਸਿਮਰਨ ਰਸ ਭੋਗ ॥ ਹਰਿ ਸਿਮਰਨੁ ਪਾਈਐ ਸੰਜੋਗ ॥੭॥ ਜਿਹ ਸਿਮਰਨਿ ਨਾਹੀ ਤੁਝੁ ਭਾਰ ॥ ਸੋ ਸਿਮਰਨੁ ਰਾਮ ਨਾਮ ਅਧਾਰੁ ॥ ਕਹਿ ਕਬੀਰ ਜਾ ਕਾ ਨਹੀ ਅੰਤੁ ॥ ਤਿਸ ਕੇ ਆਗੇ ਤੰਤੁ ਨ ਮੰਤੁ ॥੮॥੯॥ {ਪੰਨਾ 971}

ਪਦ ਅਰਥ: ਸਿਮਰਨਿ = ਸਿਮਰਨ ਕਰਨ ਵਾਲਾ। ਦੁਆਰੁ = ਬੂਹਾ, ਦਰਵਾਜ਼ਾ। ਹੋਇ = ਦਿੱਸ ਪੈਂਦਾ ਹੈ। ਜਾਹਿ = ਤੂੰ ਜਾਏਂਗਾ। ਸੰਸਾਰਿ = ਸੰਸਾਰ ਵਿਚ, ਸੰਸਾਰ-ਸਮੁੰਦਰ ਵਿਚ। ਘਰਿ = ਘਰ ਵਿਚ। ਤੂਰ = ਵਾਜੇ। ਅਨਹਦ = ਇੱਕ-ਰਸ। ਵਜਹਿ = (ਤੂਰ) ਵਜਹਿ, ਵਾਜੇ ਵੱਜਦੇ ਹਨ। ਭਰਪੂਰ = ਨਕਾ-ਨਕ, ਕਿਸੇ ਊਣਤਾ ਤੋਂ ਬਿਨਾ।1।

ਕਤ = ਕਿਤੇ ਭੀ, ਕਿਸੇ ਭੀ ਹੋਰ ਤਰੀਕੇ ਨਾਲ।1। ਰਹਾਉ।

ਨਨਕਾਰੁ = ਇਨਕਾਰ, ਰੋਕ-ਟੋਕ, ਵਿਕਾਰਾਂ ਵਲੋਂ ਰੁਕਾਵਟ। ਭਾਰੁ = ਵਿਕਾਰਾਂ ਦਾ ਬੋਝ।2।

ਕੇਲ = ਖ਼ੁਸ਼ੀਆਂ, ਅਨੰਦ। ਬਾਂਧਿ ਧਰਿਓ = (ਜਗਦਾ ਦੀਵਾ) ਟਿਕਾ ਰੱਖਿਆ ਹੈ। ਅਮਰਕੁ = ਅਮਰ ਕਰਨ ਵਾਲਾ। ਸੰਸਾਰਿ = ਸੰਸਾਰ ਵਿਚ। ਬਿਖੁ = ਜ਼ਹਿਰ।3।

ਗਤਿ = ਮੁਕਤੀ, ਉੱਚੀ ਆਤਮਕ ਅਵਸਥਾ। ਨਹੀ ਰਾਖੁ ਉਤਾਰਿ = (ਕੰਠ ਤੋਂ) ਲਾਹ ਕੇ ਨਾਹ ਰੱਖ।4।

ਕਾਨਿ = ਕਾਣ, ਮੁਥਾਜੀ। ਮੰਦਰਿ = ਘਰ ਵਿਚ, ਹਿਰਦੇ-ਘਰ ਵਿਚ, ਸ੍ਵੈ-ਸਰੂਪ ਵਿਚ। ਪਟੰਬਰ = ਪਟ-ਅੰਬਰ, ਪੱਟ ਕੇ ਕੱਪੜੇ। ਪਟੰਬਰ ਤਾਨਿ = ਪੱਟ ਦੇ ਕੱਪੜੇ ਤਾਣ ਕੇ, ਬੇ-ਫ਼ਿਕਰ ਹੋ ਕੇ। ਸੇਜ = ਹਿਰਦਾ। ਬਿਗਸੈ = ਖਿੜ ਪੈਂਦਾ ਹੈ। ਅਨਦਿਨੁ = ਹਰ ਰੋਜ਼।5।

ਬਲਾਇ = ਰੋਗ। ਮਾਇ = ਮਾਇਆ। ਮਨਿ = ਮਨ ਵਿਚ।6।

ਸਾਸਿ = ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ। ਸੋਇ = ਸੌਂ। ਸੰਜੋਗ = ਭਾਗਾਂ ਨਾਲ।7।

ਅਧਾਰੁ = ਆਸਰਾ। ਤੰਤੁ = ਟੂਣਾ।8।

ਅਰਥ: ਹੇ ਭਾਈ! ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ (ਮਾਇਆ ਦੇ ਬੰਧਨਾਂ) ਤੋਂ ਖ਼ਲਾਸੀ ਨਹੀਂ ਮਿਲਦੀ ਤੂੰ ਆਪਣੇ ਮਨ ਵਿਚ ਅਜਿਹਾ (ਬਲ ਰੱਖਣ ਵਾਲਾ) ਸਿਮਰਨ ਕਰ।1। ਰਹਾਉ।

ਜਿਸ ਸਿਮਰਨ ਦੀ ਬਰਕਤਿ ਨਾਲ ਮੁਕਤੀ ਦਾ ਦਰ ਦਿੱਸ ਪੈਂਦਾ ਹੈ, (ਉਸ ਰਸਤੇ) ਤੂੰ ਪ੍ਰਭੂ ਦੇ ਚਰਨਾਂ ਵਿਚ ਜਾ ਅੱਪੜੇਂਗਾ, ਸੰਸਾਰ (-ਸਮੁੰਦਰ) ਵਿਚ ਨਹੀਂ (ਭਟਕੇਂਗਾ) ; ਜਿਸ ਅਵਸਥਾ ਵਿਚ ਕੋਈ ਡਰ ਨਹੀਂ ਪੋਂਹਦਾ, ਉਸ ਵਿਚ ਪਹੁੰਚ ਕੇ ਤੂੰ (ਆਤਮਕ ਅਨੰਦ ਦੇ, ਮਾਨੋ) ਵਾਜੇ ਵਜਾਏਂਗਾ, ਉਹ ਵਾਜੇ (ਤੇਰੇ ਅੰਦਰ) ਸਦਾ ਇੱਕ-ਰਸ ਵੱਜਣਗੇ, (ਉਸ ਅਨੰਦ ਵਿਚ) ਕੋਈ ਊਣਤਾ ਨਹੀਂ ਆਵੇਗੀ।1।

ਜਿਸ ਸਿਮਰਨ ਨਾਲ (ਵਿਕਾਰ ਤੇਰੇ ਰਾਹ ਵਿਚ) ਰੁਕਾਵਟ ਨਹੀਂ ਪਾ ਸਕਣਗੇ, ਉਹ ਸਿਮਰਨ (ਮਾਇਆ ਦੇ ਬੰਧਨਾਂ ਤੋਂ) ਅਜ਼ਾਦ ਕਰ ਦੇਂਦਾ ਹੈ, (ਵਿਕਾਰਾਂ ਦਾ) ਬੋਝ (ਮਨ ਤੋਂ) ਉਤਰ ਜਾਂਦਾ ਹੈ। ਪ੍ਰਭੂ ਨੂੰ ਸਦਾ ਸਿਰ ਨਿਵਾ, ਤਾਂ ਜੁ ਮੁੜ ਮੁੜ ਤੈਨੂੰ (ਜਗਤ ਵਿਚ) ਆਉਣਾ ਨਾਹ ਪਏ।2।

(ਹੇ ਭਾਈ!) ਜਿਸ ਸਿਮਰਨ ਦੀ ਰਾਹੀਂ ਤੂੰ ਅਨੰਦ ਲੈ ਰਿਹਾ ਹੈਂ (ਭਾਵ, ਚਿੰਤਾ ਆਦਿਕ ਤੋਂ ਬਚਿਆ ਰਹਿੰਦਾ ਹੈਂ) , ਤੇਰੇ ਅੰਦਰ ਸਦਾ (ਗਿਆਨ ਦਾ) ਦੀਵਾ ਜਗਦਾ ਰਹਿੰਦਾ ਹੈਂ, (ਵਿਕਾਰਾਂ ਦੇ) ਤੇਲ (ਵਾਲਾ ਦੀਵਾ) ਨਹੀਂ ਰਹਿੰਦਾ, ਉਹ ਦੀਵਾ (ਜਿਸ ਮਨੁੱਖ ਦੇ ਅੰਦਰ ਜਗ ਪਏ ਉਸ ਨੂੰ) ਸੰਸਾਰ ਵਿਚ ਅਮਰ ਕਰ ਦੇਂਦਾ ਹੈ, ਕਾਮ ਕ੍ਰੋਧ ਆਦਿਕ ਦੀ ਜ਼ਹਿਰ ਨੂੰ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ।3।

ਜਿਸ ਸਿਮਰਨ ਦੀ ਬਰਕਤਿ ਨਾਲ ਤੇਰੀ ਉੱਚੀ ਆਤਮਕ ਅਵਸਥਾ ਬਣਦੀ ਹੈ, ਤੂੰ ਉਸ ਸਿਮਰਨ (ਰੂਪ ਹਾਰ) ਨੂੰ ਪ੍ਰੋ ਕੇ ਸਦਾ ਗਲ ਵਿਚ ਪਾਈ ਰੱਖ, (ਕਦੇ ਭੀ ਗਲੋਂ) ਲਾਹ ਕੇ ਨਾਹ ਰੱਖੀਂ, ਸਦਾ ਸਿਮਰਨ ਕਰ, ਗੁਰੂ ਦੀ ਮਿਹਰ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ।4।

(ਹੇ ਭਾਈ!) ਜਿਸ ਸਿਮਰਨ ਨਾਲ ਤੈਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ, ਆਪਣੇ ਘਰ ਵਿਚ ਬੇ-ਫ਼ਿਕਰ ਹੋ ਕੇ ਸੌਂਦਾ ਹੈਂ, ਹਿਰਦੇ ਵਿਚ ਸੁਖ ਹੈ, ਜਿੰਦ ਖਿੜੀ ਰਹਿੰਦੀ ਹੈ, ਐਸਾ ਸਿਮਰਨ-ਰੂਪ ਅੰਮ੍ਰਿਤ ਹਰ ਵੇਲੇ ਪੀਂਦਾ ਰਹੁ।5।

ਜਿਸ ਸਿਮਰਨ ਕਰਕੇ ਤੇਰਾ ਆਤਮਕ ਰੋਗ ਕੱਟਿਆ ਜਾਂਦਾ ਹੈ, ਤੈਨੂੰ ਮਾਇਆ ਨਹੀਂ ਪੋਂਹਦੀ, ਹੇ ਭਾਈ! ਸਦਾ ਇਹ ਸਿਮਰਨ ਕਰ, ਆਪਣੇ ਮਨ ਵਿਚ ਹਰੀ ਦੀ ਸਿਫ਼ਤਿ-ਸਾਲਾਹ ਕਰ (ਪਰ, ਗੁਰੂ ਦੀ ਸ਼ਰਨ ਪਉ) , ਇਹ ਸਿਮਰਨ ਗੁਰੂ ਤੋਂ ਹੀ ਮਿਲਦਾ ਹੈ।6।

ਹੇ ਭਾਈ! ਸਦਾ ਦਿਨ ਰਾਤ, ਉੱਠਦਿਆਂ ਬੈਠਦਿਆਂ, ਖਾਂਦਿਆਂ, ਸਾਹ ਲੈਂਦਿਆਂ, ਜਾਗਦਿਆਂ, ਸੁੱਤਿਆਂ ਹਰ ਵੇਲੇ ਸਿਮਰਨ ਦਾ ਰਸ ਲੈ। (ਹੇ ਭਾਈ!) ਪ੍ਰਭੂ ਦਾ ਸਿਮਰਨ ਭਾਗਾਂ ਨਾਲ ਮਿਲਦਾ ਹੈ।7।

ਜਿਸ ਸਿਮਰਨ ਨਾਲ ਤੇਰੇ ਉੱਤੋਂ (ਵਿਕਾਰਾਂ ਦਾ) ਬੋਝ ਲਹਿ ਜਾਇਗਾ, ਪ੍ਰਭੂ ਦੇ ਨਾਮ ਦੇ ਉਸ ਸਿਮਰਨ ਨੂੰ (ਆਪਣੀ ਜਿੰਦ ਦਾ) ਆਸਰਾ ਬਣਾ। ਕਬੀਰ ਆਖਦਾ ਹੈ– ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, (ਉਸ ਦੀ ਯਾਦ ਤੋਂ ਬਿਨਾ) ਕੋਈ ਹੋਰ ਮੰਤਰ, ਕੋਈ ਹੋਰ ਟੂਣਾ ਉਸ ਦੇ ਸਾਹਮਣੇ ਨਹੀਂ ਚੱਲ ਸਕਦਾ (ਹੋਰ ਕਿਸੇ ਤਰੀਕੇ ਨਾਲ ਉਸ ਨੂੰ ਮਿਲ ਨਹੀਂ ਸਕਦਾ) ।8।9।

ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਬੰਧਚਿ ਬੰਧਨੁ ਪਾਇਆ ॥ ਮੁਕਤੈ ਗੁਰਿ ਅਨਲੁ ਬੁਝਾਇਆ ॥ ਜਬ ਨਖ ਸਿਖ ਇਹੁ ਮਨੁ ਚੀਨ੍ਹ੍ਹਾ ॥ ਤਬ ਅੰਤਰਿ ਮਜਨੁ ਕੀਨ੍ਹ੍ਹਾ ॥੧॥ ਪਵਨਪਤਿ ਉਨਮਨਿ ਰਹਨੁ ਖਰਾ ॥ ਨਹੀ ਮਿਰਤੁ ਨ ਜਨਮੁ ਜਰਾ ॥੧॥ ਰਹਾਉ ॥ ਉਲਟੀ ਲੇ ਸਕਤਿ ਸਹਾਰੰ ॥ ਪੈਸੀਲੇ ਗਗਨ ਮਝਾਰੰ ॥ ਬੇਧੀਅਲੇ ਚਕ੍ਰ ਭੁਅੰਗਾ ॥ ਭੇਟੀਅਲੇ ਰਾਇ ਨਿਸੰਗਾ ॥੨॥ ਚੂਕੀਅਲੇ ਮੋਹ ਮਇਆਸਾ ॥ ਸਸਿ ਕੀਨੋ ਸੂਰ ਗਿਰਾਸਾ ॥ ਜਬ ਕੁੰਭਕੁ ਭਰਿਪੁਰਿ ਲੀਣਾ ॥ ਤਹ ਬਾਜੇ ਅਨਹਦ ਬੀਣਾ ॥੩॥ ਬਕਤੈ ਬਕਿ ਸਬਦੁ ਸੁਨਾਇਆ ॥ ਸੁਨਤੈ ਸੁਨਿ ਮੰਨਿ ਬਸਾਇਆ ॥ ਕਰਿ ਕਰਤਾ ਉਤਰਸਿ ਪਾਰੰ ॥ ਕਹੈ ਕਬੀਰਾ ਸਾਰੰ ॥੪॥੧॥੧੦॥ {ਪੰਨਾ 971-972}

ਪਦ ਅਰਥ: ਬੰਧਚਿ = ਬੰਧਨ ਪਾਣ ਵਾਲੀ ਮਾਇਆ ਨੂੰ। ਮੁਕਤੈ ਗੁਰਿ = ਮੁਕਤ ਗੁਰੂ ਨੇ। ਅਨਲੁ = ਅੱਗ। ਨਖ ਸਿਖ = (ਪੈਰਾਂ ਦੇ) ਨਹੂੰਆਂ ਤੋਂ ਲੈ ਕੇ ਸਿਰ ਦੀ ਚੋਟੀ ਤਕ, ਸਾਰੇ ਨੂੰ ਚੰਗੀ ਤਰ੍ਹਾਂ। ਅੰਤਰਿ = ਆਪਣੇ ਅੰਦਰ ਹੀ। ਮਜਨੁ = ਚੁੱਭੀ, ਇਸ਼ਨਾਨ।1।

ਪਵਨ = ਹਵਾ (ਵਰਗਾ ਚੰਚਲ ਮਨ) । ਪਵਨ ਪਤਿ = ਮਨ ਦਾ ਮਾਲਕ ਜੀਵਾਤਮਾ। ਉਨ੍ਹ੍ਹਮਨਿ = ਉਨਮਨ ਵਿਚ, ਪੂਰਨ ਖਿੜਾਉ ਦੀ ਅਵਸਥਾ ਵਿਚ। ਖਰਾ = ਸਭ ਤੋਂ ਚੰਗੀ ਦਸ਼ਾ। ਮਿਰਤੁ = ਮੌਤ। ਜਰਾ = ਬੁਢੇਪਾ।1। ਰਹਾਉ।

ਉਲਟੀਲੇ = ਉਲਟ ਜਾਂਦਾ ਹੈ। ਸਕਤਿ ਸਹਾਰੰ = ਮਾਇਆ ਦਾ ਸਹਾਰਾ। ਪੈਸੀਲੇ = ਪੈ ਜਾਈਦਾ ਹੈ। ਗਗਨ ਮਝਾਰੰ = ਗਗਨ ਵਿਚ, ਅਕਾਸ਼ ਵਿਚ, ਉੱਚੀ ਉਡਾਰੀ ਵਿਚ, ਦਸਮ ਦੁਆਰ ਵਿਚ। ਬੇਧੀਅਲੇ = ਵਿੱਝ ਜਾਂਦੇ ਹਨ। ਚਕ੍ਰ ਭੁਅੰਗਾ = ਭੁਇਅੰਗਮ ਨਾੜੀ ਦੇ ਚੱਕਰ, ਟੇਢੇ ਚੱਕਰਾਂ ਵਾਲਾ ਮਨ, ਟੇਢੀਆਂ ਚਾਲਾਂ ਵਾਲਾ ਮਨ। ਭੇਟੀਅਲੇ = ਮਿਲ ਪੈਂਦਾ ਹੈ। ਰਾਇ = ਰਾਜਾ ਪ੍ਰਭੂ।2।

ਮੋਹ ਮਇ = ਮੋਹ ਦੀ ਭਰੀ ਹੋਈ। ਸਸਿ = ਚੰਦ੍ਰਮਾ, ਸੀਤਲਤਾ, ਠੰਢ, ਆਤਮਕ ਸ਼ਾਂਤੀ। ਸੂਰ = ਸੂਰਜ, ਤਪਸ਼, ਮਨ ਦੀ ਵਿਕਾਰਾਂ ਦੀ ਤਪਸ਼। ਗਿਰਾਸਾ ਕੀਨੋ = ਹੜੱਪ ਕਰ ਲੈਂਦੀ ਹੈ। ਭਰਿਪੁਰਿ = ਭਰਪੁਰ ਵਿਚ, ਉਸ ਪ੍ਰਭੂ-ਰੂਪ ਸਮੁੰਦਰ ਵਿਚ ਜੋ ਸਭ ਥਾਈਂ ਭਰਪੂਰ ਹੈ। ਕੁੰਭਕੁ = ਪ੍ਰਾਣਾਂ ਦਾ ਰੋਕਣਾ, ਵਾਸ਼ਨਾ ਦੇ ਮੂਲ-ਮਨ ਦੀ ਬ੍ਰਿਤੀ। ਅਨਹਦ = ਇੱਕ-ਰਸ।3।

ਬਕਤੈ = ਉਪਦੇਸ਼ ਕਰਨ ਵਾਲੇ (ਗੁਰੂ) ਨੇ। ਬਕਿ = ਬੋਲ ਕੇ। ਸੁਨਤੈ = ਸੁਣਨ ਵਾਲੇ ਨੇ। ਸੁਨਿ = ਸੁਣ ਕੇ। ਮੰਨਿ = ਮਨਿ, ਮਨ ਵਿਚ। ਕਰਿ ਕਰਤਾ = 'ਕਰਤਾ ਕਰਤਾ' ਕਰ ਕੇ, 'ਪ੍ਰਭੂ ਪ੍ਰਭੂ' ਆਖ ਕੇ, ਪ੍ਰਭੂ ਦਾ ਸਿਮਰਨ ਕਰ ਕੇ। ਸਾਰੰ = ਸ੍ਰੇਸ਼ਟ ਗੱਲ, ਅਸਲ ਭੇਦ ਦੀ ਗੱਲ।4।

ਨੋਟ: ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੈ, ਇਸ ਕੇਂਦਰੀ ਭਾਵ ਨੂੰ ਸਾਰੇ ਸ਼ਬਦ ਵਿਚ ਵਿਸਥਾਰ ਨਾਲ ਬਿਆਨ ਕੀਤਾ ਹੈ। 'ਰਹਾਉ' ਵਿਚ ਦੱਸਿਆ ਹੈ ਕਿ ਜੀਵਾਤਮਾ ਦੀ ਸਭ ਤੋਂ ਉੱਚੀ ਅਵਸਥਾ ਉਹ ਹੈ ਜਦੋਂ ਇਹ 'ਉਨਮਨ' ਵਿਚ ਅੱਪੜਦਾ ਹੈ; ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋਹ ਨਹੀਂ ਸਕਦੇ। ਇਸ ਅਵਸਥਾ ਦੀ ਹੋਰ ਸਾਰੀ ਹਾਲਤ ਸਾਰੇ ਸ਼ਬਦ ਵਿਚ ਦੱਸੀ ਗਈ ਹੈ, ਤੇ ਇਹ ਸਾਰੀ ਹਾਲਤ ਉਸ ਕੇਂਦਰੀ ਤਬਦੀਲੀ ਦਾ ਨਤੀਜਾ ਹੈ। ਗਗਨ, ਭੁਅੰਗ, ਸਸਿ, ਸੂਰ, ਕੁੰਭਕ ਆਦਿਕ ਲਫ਼ਜ਼ਾਂ ਦੀ ਰਾਹੀਂ ਜੋ ਹਾਲਤ ਬਿਆਨ ਕੀਤੀ ਗਈ ਹੈ ਇਹ ਸਾਰੀ 'ਉਨਮਨ' ਵਿਚ ਅੱਪੜੇ ਹੋਏ ਦੇ ਨਤੀਜੇ ਵਜੋਂ ਹੈ। ਪਹਿਲਾਂ ਆਤਮਾ 'ਉਨਮਨ' ਵਿਚ ਅੱਪੜਿਆ ਹੈ ਤੇ ਵੇਖਣ ਨੂੰ ਜੋ ਉਸ ਦੇ ਬਾਹਰਲੇ ਚਿਹਨ ਚੱਕ੍ਰ ਬਣੇ ਹਨ, ਉਹਨਾਂ ਦਾ ਬਿਆਨ ਸਾਰੇ ਸ਼ਬਦ ਵਿਚ ਹੈ। ਖੁਲ੍ਹੇ ਲਫ਼ਜ਼ਾਂ ਵਿਚ ਇਉਂ ਕਹਿ ਲਵੋ ਕਿ ਇੱਥੇ ਇਹ ਜ਼ਿਕਰ ਨਹੀਂ ਕਿ ਗਗਨ, ਭੁਅੰਗ, ਸਸਿ, ਸੂਰ ਆਦਿਕ ਵਾਲੇ ਸਾਧਨ ਕਰਨ ਦਾ ਸਿੱਟਾ ਨਿਕਲਿਆ "ਉਨਮਨ"; ਸਗੋਂ 'ਉਨਮਨ' ਦੀ ਅਸਲੀ ਵਰਤੋਂ ਦਾ ਹਾਲ ਹੈ। ਤੇ, ਇਹ 'ਉਨਮਨ' ਕਿਵੇਂ ਬਣੀ? ਸਿਮਰਨ ਦੀ ਬਰਕਤਿ ਨਾਲ। ਕਬੀਰ ਜੀ ਆਖਦੇ ਹਨ ਕਿ ਇਹੀ ਅਸਲ ਭੇਤ ਦੀ ਗੱਲ ਹੈ।

ਅਰਥ: ਜੀਵਾਤਮਾ ਦਾ ਪੂਰਨ ਖਿੜਾਉ ਵਿਚ ਟਿਕੇ ਰਹਿਣਾ ਹੀ ਆਤਮਾ ਦੀ ਸਭ ਤੋਂ ਸ੍ਰੇਸ਼ਟ ਅਵਸਥਾ ਹੈ, ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋਹ ਨਹੀਂ ਸਕਦੇ।1। ਰਹਾਉ।

(ਮਾਇਆ ਤੋਂ) ਮੁਕਤ ਗੁਰੂ ਨੇ ਮਾਇਆ ਨੂੰ ਰੋਕ ਪਾ ਦਿੱਤੀ ਹੈ, ਮੇਰੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ। ਹੁਣ ਜਦੋਂ ਆਪਣੇ ਇਸ ਮਨ ਨੂੰ ਚੰਗੀ ਤਰ੍ਹਾਂ ਵੇਖਦਾ ਹਾਂ, ਤਾਂ ਆਪਣੇ ਅੰਦਰ ਹੀ ਇਸ਼ਨਾਨ ਕਰਦਾ ਹਾਂ।1।

ਮਾਇਆ ਵਾਲਾ ਸਹਾਰਾ ਹੁਣ ਉਲਟ ਗਿਆ ਹੈ, (ਮਾਇਆ ਦੇ ਥਾਂ ਮੇਰਾ ਮਨ ਹੁਣ) ਪ੍ਰਭੂ-ਚਰਨਾਂ ਵਿਚ ਚੁੱਭੀ ਲਾ ਰਿਹਾ ਹੈ। ਟੇਢੀਆਂ ਚਾਲਾਂ ਚੱਲਣ ਵਾਲਾ ਇਹ ਮਨ ਹੁਣ ਵਿੱਝ ਗਿਆ ਹੈ ਕਿਉਂਕਿ ਨਿਸੰਗ ਹੋ ਕੇ ਹੁਣ ਇਹ ਪ੍ਰਭੂ ਨੂੰ ਮਿਲ ਪਿਆ ਹੈ।2।

ਮੇਰੀਆਂ ਮੋਹ-ਭਰੀਆਂ ਆਸਾਂ ਹੁਣ ਮੁੱਕ ਗਈਆਂ ਹਨ; (ਮੇਰੇ ਅੰਦਰ ਦੀ) ਸ਼ਾਂਤੀ ਨੇ ਮੇਰੀ ਤਪਸ਼ ਬੁਝਾ ਦਿੱਤੀ ਹੈ। ਹੁਣ ਜਦੋਂ ਕਿ ਮਨ ਦੀ ਬਿਰਤੀ ਸਰਬ-ਵਿਆਪਕ ਪ੍ਰਭੂ ਵਿਚ ਜੁੜ ਗਈ ਹੈ, ਇਸ ਅਵਸਥਾ ਵਿਚ (ਮੇਰੇ ਅੰਦਰ, ਮਾਨੋ) ਇੱਕ-ਰਸ ਵੀਣਾ ਵੱਜ ਰਹੀ ਹੈ।3।

ਕਬੀਰ ਆਖਦਾ ਹੈ (ਕਿ ਇਸ ਸਾਰੀ ਤਬਦੀਲੀ ਵਿਚ) ਅਸਲ ਰਾਜ਼ ਦੀ ਗੱਲ (ਇਹ ਹੈ) = ਉਪਦੇਸ਼ ਕਰਨ ਵਾਲੇ ਸਤਿਗੁਰੂ ਨੇ ਜਿਸ ਨੂੰ ਆਪਣਾ ਸ਼ਬਦ ਸੁਣਾਇਆ, ਜੇ ਉਸ ਨੇ ਗਹੁ ਨਾਲ ਸੁਣ ਕੇ ਆਪਣੇ ਮਨ ਵਿਚ ਵਸਾ ਲਿਆ, ਤਦੋਂ ਪ੍ਰਭੂ ਦਾ ਸਿਮਰਨ ਕਰ ਕੇ ਉਹ ਪਾਰ ਲੰਘ ਗਿਆ।4।1।10।

ਨੋਟ: ਇਹ ਰਾਜ਼ ਦੀ ਗੱਲ ਨੂੰ, ਜੋ ਕਬੀਰ ਜੀ ਨੇ ਅਖ਼ੀਰਲੇ ਬੰਦ ਵਿਚ ਦੱਸੀ ਹੈ, ਕਿਤੇ ਸਿੱਖ ਸਮਝਣ ਵਿਚ ਟਪਲਾ ਨਾਹ ਖਾ ਜਾਣ = ਸ਼ਾਇਦ ਇਸ ਖ਼ਿਆਲ ਨਾਲ ਹੀ ਸਤਿਗੁਰੂ ਨਾਨਕ ਦੇਵ ਜੀ ਨੇ ਇਸ ਅਖ਼ੀਰਲੇ ਬੰਦ ਦੀ ਹੋਰ ਖੁਲ੍ਹੀ ਵਿਆਖਿਆ ਆਪਣੇ ਸ਼ਬਦ ਵਿਚ ਕਰ ਦਿੱਤੀ ਹੈ। ਉਹ ਸ਼ਬਦ ਭੀ ਰਾਗ ਰਾਮਕਲੀ ਵਿਚ ਹੀ ਹੈ ਤੇ ਛੰਦ ਦੀ ਚਾਲ ਭੀ ਇਸੇ ਸ਼ਬਦ ਦੀ ਚਾਲ ਵਰਗੀ ਹੈ।

ਰਾਮਕਲੀ ਮਹਲਾ 1 ॥ ਜਾ ਹਰਿ ਪ੍ਰਭਿ ਕਿਰਪਾ ਧਾਰੀ ॥ ਤਾ ਹਉਮੈ ਵਿਚਹੁ ਮਾਰੀ ॥ ਸੋ ਸੇਵਕਿ ਰਾਮ ਪਿਆਰੀ ॥ ਜੋ ਗੁਰ ਸਬਦੀ ਬੀਚਾਰੀ ॥1॥ ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥ ਅਹਿਨਿਸਿ ਭਗਤਿ ਕਰੇ ਦਿਨੁ ਰਾਤੀ, ਲਾਜ ਛੋਡਿ ਹਰਿ ਕੇ ਗੁਣ ਗਾਵੈ ॥1॥ਰਹਾਉ॥ ਧੁਨਿ ਵਾਜੇ ਅਨਹਦ ਘੋਰਾ ॥ ਮਨੁ ਮਾਨਿਆ ਹਰਿ ਰਸਿ ਮੋਰਾ ॥ ਗੁਰ ਪੂਰੈ ਸਚੁ ਸਮਾਇਆ ॥ ਗੁਰੁ ਆਦਿ ਪੁਰਖੁ ਹਰਿ ਪਾਇਆ ॥2॥ ਸਭਿ ਨਾਦ ਬੇਦ ਗੁਰ ਬਾਣੀ ॥ ਮਨੁ ਰਾਤਾ ਸਾਰਿਗ ਪਾਣੀ ॥ ਤਹ ਤੀਰਥ ਵਰਤ ਤਪ ਸਾਰੇ ॥ ਗੁਰ ਮਿਲਿਆ ਹਰਿ ਨਿਸਤਾਰੇ ॥3॥ ਜਹ ਆਪੁ ਗਇਆ ਭਉ ਭਾਗਾ ॥ ਗੁਰ ਚਰਣੀ ਸੇਵਕੁ ਲਾਗਾ ॥ ਗੁਰਿ ਸਤਿਗੁਰਿ ਭਰਮੁ ਚੁਕਾਇਆ ॥ ਕਹੁ ਨਾਨਕ ਸਬਦਿ ਮਿਲਾਇਆ ॥4॥10॥

TOP OF PAGE

Sri Guru Granth Darpan, by Professor Sahib Singh