ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 972

ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥ ਜੋਤੀ ਅੰਤਰਿ ਬ੍ਰਹਮੁ ਅਨੂਪੁ ॥੧॥ ਕਰੁ ਰੇ ਗਿਆਨੀ ਬ੍ਰਹਮ ਬੀਚਾਰੁ ॥ ਜੋਤੀ ਅੰਤਰਿ ਧਰਿਆ ਪਸਾਰੁ ॥੧॥ ਰਹਾਉ ॥ ਹੀਰਾ ਦੇਖਿ ਹੀਰੇ ਕਰਉ ਆਦੇਸੁ ॥ ਕਹੈ ਕਬੀਰੁ ਨਿਰੰਜਨ ਅਲੇਖੁ ॥੨॥੨॥੧੧॥ {ਪੰਨਾ 972}

ਪਦ ਅਰਥ: ਦੁਇ = ਦੋਵੇਂ। ਜੋਤਿ ਸਰੂਪੁ = (ਪ੍ਰਭੂ ਦੇ) ਨੂਰ ਦਾ ਸਰੂਪ। ਜੋਤੀ ਅੰਤਰਿ = ਹਰੇਕ ਚਾਨਣ ਦੇਣ ਵਾਲੀ ਸ਼ੈ ਦੇ ਅੰਦਰ। ਅਨੂਪੁ = {ਅਨ-ਊਪ} ਜਿਸ ਵਰਗਾ ਹੋਰ ਕੋਈ ਨਹੀਂ, ਬੇ-ਮਿਸਾਲ।1।

ਰੇ ਗਿਆਨੀ = ਹੇ ਗਿਆਨਵਾਨ ਮਨੁੱਖ! ਬ੍ਰਹਮ ਬੀਚਾਰੁ = ਪਰਮਾਤਮਾ (ਦੀ ਕੁਦਰਤ) ਦੀ ਵਿਚਾਰ। ਧਰਿਆ = ਬਣਾਇਆ। ਪਸਾਰੁ = ਜਗਤ-ਰਚਨਾ।1। ਰਹਾਉ।

ਦੇਖਿ = ਦੇਖ ਕੇ। ਹੀਰਾ = ਚਮਕਦਾ ਕੀਮਤੀ ਪੱਥਰ। ਕਰਉ = ਕਰਉਂ, ਮੈਂ ਕਰਦਾ ਹਾਂ। ਆਦੇਸੁ = ਨਮਸਕਾਰ। ਅਲੇਖੁ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ।2।

ਅਰਥ: ਹੇ ਵਿਚਾਰਵਾਨ ਮਨੁੱਖ! (ਤੂੰ ਤਾਂ ਚੰਦ ਸੂਰਜ ਆਦਿਕ ਨੂਰੀ ਚੀਜ਼ਾਂ ਵੇਖ ਕੇ ਨਿਰਾ ਇਹਨਾਂ ਨੂੰ ਹੀ ਸਲਾਹ ਰਿਹਾ ਹੈਂ, ਇਹਨਾਂ ਨੂੰ ਨੂਰ ਦੇਣ ਵਾਲੇ) ਪਰਮਾਤਮਾ (ਦੀ ਵਡਿਆਈ) ਦੀ ਵਿਚਾਰ ਕਰ, ਉਸ ਨੇ ਇਹ ਸਾਰਾ ਸੰਸਾਰ ਆਪਣੇ ਨੂਰ ਵਿਚੋਂ ਪੈਦਾ ਕੀਤਾ ਹੈ।1। ਰਹਾਉ।

ਇਹ ਚੰਦ ਤੇ ਸੂਰਜ ਦੋਵੇਂ ਉਸ ਪਰਮਾਤਮਾ ਦੀ ਜੋਤ ਦਾ (ਬਾਹਰਲਾ ਦਿੱਸਦਾ) ਸਰੂਪ ਹਨ, ਹਰੇਕ ਪ੍ਰਕਾਸ਼ ਵਿਚ ਸੁੰਦਰ ਪ੍ਰਭੂ ਆਪ ਵੱਸ ਰਿਹਾ ਹੈ।1।

ਕਬੀਰ ਆਖਦਾ ਹੈ– ਮੈਂ ਹੀਰੇ (ਆਦਿਕ ਸੁਹਣੇ ਕੀਮਤੀ ਚਮਕਦੇ ਪਦਾਰਥ) ਨੂੰ ਵੇਖ ਕੇ (ਉਸ) ਹੀਰੇ ਨੂੰ ਸਿਰ ਨਿਵਾਉਂਦਾ ਹਾਂ (ਜਿਸ ਨੇ ਇਹਨਾਂ ਨੂੰ ਇਹ ਗੁਣ ਬਖ਼ਸ਼ਿਆ ਹੈ, ਤੇ ਜੋ ਇਹਨਾਂ ਵਿਚ ਵੱਸਦਾ ਹੋਇਆ ਭੀ) ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਤੇ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।2। 2।11।

ਨੋਟ: ਚੰਦ ਸੂਰਜ ਨੂੰ ਮੱਥੇ ਟੇਕਣ ਦੀ ਨਿਖੇਧੀ।

ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥ ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ ॥ ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥੧॥ ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੀ ਚੁਨਿਓ ਨ ਜਾਈ ॥ ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥ {ਪੰਨਾ 972}

ਪਦ ਅਰਥ: ਦੁਨੀਆ = ਹੇ ਜਗਤ (ਦੇ ਲੋਕੋ!) । ਹੁਸੀਆਰ = ਸੁਚੇਤ (ਰਹੋ) । ਬੇਦਾਰ = ਜਾਗਦੇ (ਰਹੋ) । ਮੁਸੀਅਤ ਹਉ = ਲੁੱਟੇ ਜਾ ਰਹੇ ਹੋ। ਰੇ ਭਾਈ = ਹੇ ਭਾਈ! ਨਿਗਮ = ਵੇਦ ਸ਼ਾਸਤ੍ਰ। ਹੁਸੀਆਰ ਪਹਰੂਆ = ਸੁਚੇਤ ਪਹਿਰੇਦਾਰ। ਦੇਖਤ = ਵੇਖਦਿਆਂ। ਲੈ ਜਾਈ = ਲੈ ਜਾ ਰਿਹਾ ਹੈ।1। ਰਹਾਉ।

ਨੀਬੁ = ਨਿੰਮ ਦਾ ਰੁੱਖ। ਕੇਲਾ ਪਾਕਾ = ਪੱਕਾ ਹੋਇਆ ਕੇਲਾ। ਝਾਰਿ = (ਕੰਡਿਆਂ ਵਾਲੀ) ਝਾੜੀ। ਸੇਬਰਿ = ਸਿੰਬਲ। ਮੁਗਧ = ਮੂਰਖ। ਗਵਾਰ = ਅੰਞਾਣ।1।

ਰੇਤੁ ਮਹਿ = {ਨੋਟ: ਸੰਬੰਧਕ 'ਮੋਹ' ਦੇ ਹੁੰਦਿਆਂ ਲਫ਼ਜ਼ 'ਰੇਤੁ' ਦਾ (ੁ) ਕਾਇਮ ਰਿਹਾ ਹੈ, ਅਜਿਹੇ ਕੁਝ ਲਫ਼ਜ਼ ਐਸੇ ਹਨ ਜਿਨ੍ਹਾਂ ਦੇ ਅੰਤ ਵਿਚ ਸਦਾ (ੁ) ਟਿਕਿਆ ਰਹਿੰਦਾ ਹੈ} ਰੇਤ ਵਿਚ। ਹਸਤੀ = ਹਾਥੀਆਂ ਪਾਸੋਂ। ਪਾਂਤਿ = ਖ਼ਾਨਦਾਨ।2।

ਅਰਥ: ਹੇ ਭਾਈ! ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ, ਤੁਸੀ ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ; ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ ਹੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ (ਭਾਵ, ਸ਼ਾਸਤ੍ਰਾਂ ਦੀ ਰਾਖੀ ਪਹਿਰੇਦਾਰੀ ਵਿਚ ਭੀ ਤੁਸੀ ਅਜਿਹੇ ਕੰਮ ਕਰੀ ਜਾ ਰਹੇ ਹੋ, ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਪਿਆ ਹੈ) ।1। ਰਹਾਉ।

(ਸ਼ਾਸਤਰਾਂ ਦੇ ਦੱਸੇ ਕਰਮ-ਕਾਂਡ ਵਿਚ ਫਸੇ) ਮੂਰਖ ਮਤ-ਹੀਣ ਅੰਞਾਣ ਲੋਕਾਂ ਨੂੰ ਨਿੰਮ ਦਾ ਰੁੱਖ ਅੰਬ ਦਿੱਸਦਾ ਹੈ, ਅੰਬ ਦਾ ਬੂਟਾ ਨਿੰਮ ਜਾਪਦਾ ਹੈ; ਪੱਕਾ ਹੋਇਆ ਕੇਲਾ ਇਹਨਾਂ ਨੂੰ ਝਾੜੀਆਂ ਮਲੂਮ ਹੁੰਦਾ ਹੈ, ਤੇ ਸਿੰਬਲ ਇਹਨਾਂ ਨੂੰ ਨਲੀਏਰ ਦਾ ਪੱਕਾ ਫਲ ਦਿੱਸਦਾ ਹੈ।1।

ਕਬੀਰ ਆਖਦਾ ਹੈ– ਪਰਮਾਤਮਾ ਨੂੰ ਇਉਂ ਸਮਝੋ ਜਿਵੇਂ ਖੰਡ ਰੇਤ ਵਿਚ ਰਲੀ ਹੋਈ ਹੋਵੇ। ਉਹ ਖੰਡ ਹਾਥੀਆਂ ਪਾਸੋਂ ਨਹੀਂ ਚੁਣੀ ਜਾ ਸਕਦੀ। (ਹਾਂ, ਜੇ) ਕੀੜੀ ਹੋਵੇ ਤਾਂ ਉਹ (ਇਸ ਖੰਡ ਨੂੰ) ਚੁਣ ਕੇ ਖਾ ਸਕਦੀ ਹੈ, ਇਸੇ ਤਰ੍ਹਾਂ ਮਨੁੱਖ ਕੁਲ ਜਾਤ ਖ਼ਾਨਦਾਨ (ਦਾ ਮਾਨ) ਛੱਡ ਕੇ ਪ੍ਰਭੂ ਨੂੰ ਮਿਲ ਸਕਦਾ ਹੈ।2।3।12।

ਸ਼ਬਦ ਦਾ ਭਾਵ: ਸਾਡੇ ਆਤਮਕ ਜੀਵਨ ਦੇ ਰਾਖੇ ਵੇਦ-ਸ਼ਾਸਤ੍ਰਾਂ ਨੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਪੈਦਾ ਕਰਕੇ ਉੱਚੀ ਜਾਤ ਵਾਲਿਆਂ ਨੂੰ ਅਹੰਕਾਰ ਵਿਚ ਪਾ ਦਿੱਤਾ ਹੈ। ਇਹ ਰਸਤਾ ਪਰਮਾਤਮਾ ਵਾਲੇ ਪਾਸੇ ਤੋਂ ਦੂਰ ਲੈ ਜਾਂਦਾ ਹੈ।

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ {ਪੰਨਾ 972}

ਪਦ ਅਰਥ: ਆਨੀਲੇ = ਲਿਆਂਦਾ। ਕਾਟੀਲੇ = ਕੱਟ ਕੇ ਬਣਾਈ। ਮਧੇ = ਵਿਚ। ਭਰਮੀਅਲੇ = ਉਡਾਈ। ਬਾਤ ਬਤਊਆ = ਗੱਲ-ਬਾਤ, ਗੱਪਾਂ।1।

ਬੇਧੀਅਲੇ = ਵਿੱਝ ਗਿਆ ਹੈ। ਕਨਿਕ = ਸੋਨਾ। ਕਲਾ = ਹੁਨਰ। ਕਨਿਕ ਕਲਾ = ਸੋਨੇ ਦਾ ਕਾਰੀਗਰ, ਸੁਨਿਆਰਾ। ਮਾਂਡੀਅਲੇ = (ਸੋਨੇ ਵਿਚ) ਜੁੜਿਆ ਰਹਿੰਦਾ ਹੈ।1। ਰਹਾਉ।

ਕੁੰਭੁ = ਘੜਾ। ਊਦਕ = ਪਾਣੀ। ਕੁਆਰਿ = ਕੁਆਰੀ। ਰਾਜ ਕੁਆਰਿ = ਜੁਆਨ ਕੁਆਰੀਆਂ। ਪੁਰੰਦਰੀਏ = (ਪੁਰ+ਅੰਦਰੋਂ) ਸ਼ਹਿਰ ਵਿਚੋਂ। ਹਸਤ = ਹੱਸਦਿਆਂ। ਬਿਨੋਦ = ਹਾਸੇ ਦੀਆਂ ਗੱਲਾਂ।2।

ਅਰਥ: (ਹੇ ਤ੍ਰਿਲੋਚਨ!) ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ।1। ਰਹਾਉ।

(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ, ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ।1।

(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ।2।

(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ।3।

ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ– ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ।4।1।

ਭਾਵ: ਪ੍ਰੀਤਿ ਦਾ ਸਰੂਪ = ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ।

ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥ ਬੈਰਾਗੀ ਰਾਮਹਿ ਗਾਵਉਗੋ ॥ ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥ ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥ ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥ ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥ ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਹ੍ਹਾਉਗੋ ॥੩॥ ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥ ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥ {ਪੰਨਾ 972-973}

ਨੋਟ: ਲਫ਼ਜ਼ 'ਗਾਵਉਗੋ, ਬਜਾਵਉਗੋ' ਆਦਿਕ ਵਿਚ ਅੱਖਰ 'ਗੋ' ਸਿਰਫ਼ ਪਦ-ਪੂਰਤੀ ਵਾਸਤੇ ਹੈ, ਭਵਿੱਖਤ ਕਾਲ ਵਾਸਤੇ ਨਹੀਂ। ਅਰਥ ਕਰਨ ਲਈ ਇਹਨਾਂ ਨੂੰ 'ਗਾਵਉ, ਬਜਾਵਉ' ਆਦਿਕ ਹੀ ਸਮਝਣਾ ਹੈ।

ਸ਼ਬਦ ਦਾ ਭਾਵ: ਜਿਸ ਮਨੁੱਖ ਦਾ ਮਨ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਸਦਾ ਪਰਮਾਤਮਾ ਵਿਚ ਟਿਕਿਆ ਰਹੇ, ਉਸ ਨੂੰ ਸ਼ਾਸਤਰਾਂ ਦੇ ਕਰਮ-ਕਾਂਡ, ਜੋਗੀਆਂ ਦੇ ਪ੍ਰਾਣਾਯਾਮ, ਤੀਰਥਾਂ ਦੇ ਇਸ਼ਨਾਨ ਤੇ ਲੋਕ-ਸੋਭਾ ਦੀ ਪਰਵਾਹ ਨਹੀਂ ਰਹਿੰਦੀ।

ਪਦ ਅਰਥ: ਆਨੰਤਾ = ਬੇਅੰਤ। ਨ ਗਾਵਉਗੋ = ਨ ਗਾਵਉਂ, ਮੈਂ ਨਹੀਂ ਗਾਉਂਦਾ। ਅਖੰਡ = ਅਵਿਨਾਸ਼ੀ। ਅਖੰਡ ਮੰਡਲ = ਅਵਿਨਾਸ਼ੀ ਟਿਕਾਣੇ ਵਾਲਾ (ਪ੍ਰਭੂ) । ਅਨਹਦ ਬੇਨੁ = ਇਕ-ਰਸ ਵੱਜਦੀ ਰਹਿਣ ਵਾਲੀ ਬੰਸਰੀ। ਬਜਾਵਉਗੋ = ਬਜਾਂਵਉ, ਮੈਂ ਵਜਾ ਰਿਹਾ ਹਾਂ।1।

ਬੈਰਾਗੀ = ਵੈਰਾਗਵਾਨ ਹੋ ਕੇ, ਮਾਇਆ ਵਲੋਂ ਉਪਰਾਮ ਹੋ ਕੇ, ਮਾਇਆ ਨਾਲੋਂ ਮੋਹ ਤੋੜ ਕੇ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਅਤੀਤ = ਵਿਰਕਤ, ਉਦਾਸ। ਅਨਾਹਦਿ = ਅਨਾਹਦ ਵਿਚ, ਇੱਕ-ਰਸ ਟਿਕੇ ਰਹਿਣ ਵਾਲੇ ਹਰੀ ਵਿਚ, ਅਵਿਨਾਸ਼ੀ ਪ੍ਰਭੂ ਵਿਚ। ਆਕੁਲ ਕੈ ਘਰਿ = ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਵਿਚ। ਜਾਉਗੋ = ਜਾਉ, ਮੈਂ ਜਾਂਦਾ ਹਾਂ, ਮੈਂ ਟਿਕਿਆ ਰਹਿੰਦਾ ਹਾਂ।1। ਰਹਾਉ।

ਪਉਨੈ ਬੰਧਿ = ਪਵਨ ਨੂੰ ਬੰਨ੍ਹ ਕੇ, ਪਵਨ ਵਰਗੇ ਚੰਚਲ ਮਨ ਨੂੰ ਕਾਬੂ ਵਿਚ ਰੱਖ ਕੇ। (ਨੋਟ: ਸਾਰੇ ਬੰਦ ਗਹੁ ਨਾਲ ਪੜ੍ਹੋ; ਸਿਫ਼ਤਿ-ਸਾਲਾਹ ਦੇ ਟਾਕਰੇ ਤੇ ਕਰਮ ਕਾਂਡ ਤੇ ਤੀਰਥ ਇਸ਼ਨਾਨ ਆਦਿਕ ਦੀ ਨਿਖੇਧੀ ਕਰ ਰਹੇ ਹਨ; ਇਸ ਬੰਦ ਵਿਚ ਭੀ ਪ੍ਰਾਣਾਯਾਮ ਨੂੰ ਬੇ-ਲੋੜਵਾਂ ਕਹਿ ਰਹੇ ਹਨ) । ਸੁਖਮਨਾ {Skt. su = uMxw = A particular artery of the human body said to lie between efæw and ipzglw two of the vessels of the body} ਨੱਕ ਦੇ ਉੱਪਰਵਾਰ ਮੱਥੇ ਦੇ ਵਿਚ ਉਹ ਨਾੜੀ ਜਿਸ ਵਿਚ ਪ੍ਰਾਣਾਯਾਮ ਵੇਲੇ ਜੋਗੀ ਲੋਕ ਖੱਬੀ ਸੁਰ (ਇੜਾ) ਦੇ ਰਾਹ ਪ੍ਰਾਣ ਚਾੜ੍ਹ ਕੇ ਟਿਕਾਉਂਦੇ ਹਨ ਤੇ ਸੱਜੀ ਨਾਸ ਦੀ ਨਾੜੀ ਪਿੰਗਲਾ ਦੇ ਰਾਹ ਉਤਾਰ ਦੇਂਦੇ ਹਨ। ਚੰਦੁ = ਖੱਬੀ ਸੁਰ ਇੜਾ। ਸੂਰਜੁ = ਸੱਜੀ ਸੁਰ ਪਿੰਗਲਾ। ਸਮ = ਬਰਾਬਰ, ਇੱਕੋ ਜਿਹੀ।2।

ਨ ਪੈਸਉ = ਨਹੀਂ ਪੈਂਦਾ। ਭੀਤਰਿ = ਅੰਦਰ।3।

ਪੰਚ ਸਹਾਈ = ਸੱਜਣ ਮਿੱਤਰ। ਰਾਤਾ = ਰੰਗਿਆ ਹੋਇਆ। ਸੁੰਨ ਸਮਾਧਿ = ਮਨ ਦੀ ਉਹ ਇਕਾਗ੍ਰਤਾ ਜਿਸ ਵਿਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, ਜਿਸ ਵਿਚ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੈ।4।

ਅਰਥ: (ਸਤਿਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਵਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ, ਅਬਿਨਾਸੀ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਗਿਆ ਹਾਂ, ਤੇ ਸਰਬ-ਕੁਲ-ਵਿਆਪਕ ਪ੍ਰਭੂ ਦੇ ਚਰਨਾਂ ਵਿਚ ਅੱਪੜ ਗਿਆ ਹਾਂ।1। ਰਹਾਉ।

ਮੈਨੂੰ ਵੇਦ ਸ਼ਾਸਤਰ, ਪੁਰਾਨ ਆਦਿਕ ਦੇ ਗੀਤ ਕਬਿੱਤ ਗਾਵਣ ਦੀ ਲੋੜ ਨਹੀਂ, ਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿਚ ਜੁੜ ਕੇ (ਉਸ ਦੇ ਪਿਆਰੇ ਦੀ) ਇੱਕ-ਰਸ ਬੰਸਰੀ ਵਜਾ ਰਿਹਾ ਹਾਂ।1।

(ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਚੰਚਲ ਮਨ ਨੂੰ ਰੋਕ ਕੇ (ਮੈਂ ਪ੍ਰਭੂ-ਚਰਨਾਂ ਵਿਚ) ਟਿਕਿਆ ਹੋਇਆ ਹਾਂ = ਇਹੀ ਮੇਰਾ ਇੜਾ, ਪਿੰਗਲਾ, ਸੁਖਮਨਾ (ਦਾ ਸਾਧਨ) ਹੈ; ਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਭਾਵ, ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਬੇ-ਲੋੜਵੇਂ ਹਨ) , ਕਿਉਂਕਿ ਮੈਂ ਪਰਮਾਤਮਾ ਦੀ ਜੋਤ ਵਿਚ ਟਿਕਿਆ ਬੈਠਾ ਹਾਂ।2।

ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਹਨਾਂ ਦੇ ਪਾਣੀ ਵਿਚ ਚੁੱਭੀ ਲਾਉਂਦਾ ਹਾਂ, ਤੇ ਨਾ ਹੀ ਮੈਂ ਉਸ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਡਰਉਂਦਾ ਹਾਂ। ਮੈਨੂੰ ਤਾਂ ਮੇਰੇ ਗੁਰੂ ਨੇ (ਮੇਰੇ ਅੰਦਰ ਹੀ) ਅਠਾਹਠ ਤੀਰਥ ਵਿਖਾ ਦਿੱਤੇ ਹਨ। ਸੋ, ਮੈਂ ਆਪਣੇ ਅੰਦਰ ਹੀ (ਆਤਮ-ਤੀਰਥ ਉੱਤੇ) ਇਸ਼ਨਾਨ ਕਰਦਾ ਹਾਂ।3।

ਨਾਮਦੇਵ ਆਖਦਾ ਹੈ– (ਕਰਮ-ਕਾਂਡ, ਤੀਰਥ ਆਦਿਕ ਨਾਲ ਲੋਕ ਜਗਤ ਦੀ ਸੋਭਾ ਲੋੜਦੇ ਹਨ, ਪਰ) ਮੈਨੂੰ (ਇਹਨਾਂ ਕਰਮਾਂ ਦੇ ਆਧਾਰ ਤੇ) ਸੱਜਣਾਂ-ਮਿੱਤਰਾਂ ਤੇ ਲੋਕਾਂ ਦੀ ਸੋਭਾ ਦੀ ਲੋੜ ਨਹੀਂ ਹੈ, ਮੈਨੂੰ ਇਹ ਗ਼ਰਜ਼ ਨਹੀਂ ਕਿ ਕੋਈ ਮੈਨੂੰ ਭਲਾ ਆਖੇ; ਮੇਰਾ ਚਿੱਤ ਪ੍ਰਭੂ (-ਪਿਆਰ) ਵਿਚ ਰੰਗਿਆ ਗਿਆ ਹੈ, ਮੈਂ ਉਸ ਟਿਕਾਉ ਵਿਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ।4।2।

TOP OF PAGE

Sri Guru Granth Darpan, by Professor Sahib Singh