ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 973

ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥ ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥ ਰਾਮ ਕੋਇ ਨ ਕਿਸ ਹੀ ਕੇਰਾ ॥ ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥ ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥ ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥ ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥ ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥ {ਪੰਨਾ 973}

ਭਾਵ: ਆਪਣੇ ਉੱਧਾਰ ਵਾਸਤੇ ਕੋਈ ਤਾਂ ਸ਼ਾਸਤਰਾਂ ਦੇ ਦੱਸੇ ਚੰਗੇ ਕਰਮਾਂ ਦੀ ਆਸ ਰੱਖੀ ਬੈਠਾ ਹੈ, ਕੋਈ ਪ੍ਰਾਣਾਯਾਮ ਦੀ ਟੇਕ ਰੱਖਦਾ ਹੈ, ਕਿਸੇ ਨੇ ਤੁਲਸੀ ਮਾਲਾ ਆਦਿਕ ਧਾਰਮਿਕ ਚਿੰਨ੍ਹਾਂ ਦਾ ਆਸਰਾ ਲਿਆ ਹੈ; ਪਰ ਗੁਰੂ ਦੀ ਸ਼ਰਨ ਪਿਆਂ ਸਮਝ ਆਉਂਦੀ ਹੈ ਕਿ ਅਸਲ ਸਹਾਈ ਪ੍ਰਭੂ ਆਪ ਹੈ।

ਪਦ ਅਰਥ: ਮਾਇ = ਮਾਂ। ਕਾਇਆ = ਮਨੁੱਖਾ ਸਰੀਰ। ਹਮ ਤੁਮ = ਅਸੀਂ ਸਾਰੇ ਜੀਵ। ਹੋਤੇ = ਹੁੰਦੇ ਸਾਂ।1।

ਰਾਮ = ਹੇ ਪ੍ਰਭੂ! (ਤੈਥੋਂ ਬਿਨਾ) । ਕੇਰਾ = ਦਾ। ਤਰਵਰ = ਰੁੱਖਾਂ ਉੱਤੇ। ਪੰਖਿ = ਪੰਛੀ।1। ਰਹਾਉ।

ਸੂਰੁ = ਸੂਰਜ। ਮਿਲਾਇਆ = ਪ੍ਰਭੂ ਨੇ ਆਪਣੇ ਵਿਚ ਹੀ ਮਿਲਾਏ ਹੋਏ ਸਨ, ਪ੍ਰਭੂ ਨੇ ਅਜੇ ਬਣਾਏ ਨਹੀਂ ਸਨ। ਕਰਮੁ ਕਹਾਂ ਤੇ ਆਇਆ = ਜੀਵ ਦੇ ਕੀਤੇ ਕਰਮਾਂ ਦੀ ਅਜੇ ਹਸਤੀ ਹੀ ਨਹੀਂ ਸੀ।2।

ਖੇਚਰ = {ਖੇ = ਅਕਾਸ਼। ਚਰ = ਚੱਲਣਾ} ਪ੍ਰਾਣ ਉਤਾਂਹ ਚਾੜ੍ਹਨੇ। ਭੂਚਰ = {ਭੂ = ਧਰਤੀ} ਪ੍ਰਾਣ ਹੇਠ ਉਤਾਰਨੇ। ਖੇਚਰ ਭੂਚਰ = ਪ੍ਰਾਣ ਚਾੜ੍ਹਨੇ ਉਤਾਰਨੇ, ਪ੍ਰਾਣਾਯਾਮ। ਤਤੁ = ਮੂਲ। ਪਰਮ ਤਤੁ = ਸਭ ਤੋਂ ਵੱਡਾ ਜੋ ਜਗਤ ਦਾ ਮੂਲ ਹੈ। ਹੋਇ = ਪਰਗਟ ਹੋ ਕੇ, ਮਿਲ ਕੇ।3।

ਅਰਥ: ਹੇ ਰਾਮ! ਤੈਥੋਂ ਬਿਨਾ ਹੋਰ ਕੋਈ ਭੀ ਕਿਸੇ ਦਾ ਸਹਾਈ ਨਹੀਂ ਹੈ (ਨਾ ਕੋਈ 'ਕਰਮ' ਆਦਿਕ ਇਸ ਜੀਵ ਨੂੰ ਜਨਮ ਮਰਨ ਵਿਚ ਲਿਆਉਣ ਵਾਲਾ ਹੈ, ਤੇ ਨਾ ਕੋਈ ਸ਼ਾਸਤਰ-ਵਿਹਿਤ ਕਰਮ ਜਾਂ ਪ੍ਰਾਣਾਯਾਮ ਆਦਿਕ ਇਸ ਨੂੰ ਗੇੜ ਵਿਚੋਂ ਕੱਢਣ ਦੇ ਸਮਰੱਥ ਹੈ) , ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਵਸੇਰਾ ਹੁੰਦਾ ਹੈ (ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿਚ ਜੋੜਦਾ ਹੈਂ) ।1। ਰਹਾਉ।

(ਨਹੀਂ ਤਾਂ, ਜੇ ਇਹ ਮੰਨੀਏ ਕਿ ਕਰਮਾਂ ਦੀ ਖੇਡ ਹੈ ਤਾਂ) ਜਦੋਂ ਨਾ ਮਾਂ ਸੀ ਨਾ ਪਿਉ; ਨਾ ਕੋਈ ਮਨੁੱਖਾ-ਸਰੀਰ ਸੀ, ਤੇ ਨਾ ਉਸ ਦਾ ਕੀਤਾ ਹੋਇਆ ਕਰਮ; ਜਦੋਂ ਕੋਈ ਜੀਵ ਹੀ ਨਹੀਂ ਸਨ, ਤਦੋਂ (ਹੇ ਪ੍ਰਭੂ! ਤੈਥੋਂ ਬਿਨਾ) ਹੋਰ ਕਿਸ ਥਾਂ ਤੋਂ ਕੋਈ ਜੀਵ ਜਨਮ ਲੈ ਸਕਦਾ ਸੀ?।1।

ਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ ਭੀ ਅਜੇ ਪੈਦਾ ਨਹੀਂ ਸਨ ਹੋਏ, ਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ ਦੀ ਕੋਈ ਹਸਤੀ ਹੀ ਨਹੀਂ ਸੀ।2।

ਨਾਮਦੇਵ ਆਖਦਾ ਹੈ– ਕੋਈ ਪ੍ਰਾਣਾਯਾਮ ਕਰਦਾ ਹੈ (ਤੇ ਇਸ ਵਿਚ ਆਪਣੀ ਮੁਕਤੀ ਸਮਝਦਾ ਹੈ) , ਕੋਈ ਤੁਲਸੀ ਦੀ ਮਾਲਾ ਆਦਿਕ ਧਾਰਨ ਕਰਦਾ ਹੈ; ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਸਮਝ ਆਈ ਹੈ। ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਸਹਾਈ ਸਭ ਤੋਂ ਉੱਚਾ ਉਹ ਪ੍ਰਭੂ ਹੈ, ਜੋ ਜਗਤ ਦਾ ਮੂਲ ਹੈ (ਉਸੇ ਨੇ ਜਗਤ ਬਣਾਇਆ, ਤੇ ਉਹੀ ਸੰਸਾਰ-ਸਮੁੰਦਰ ਵਿਚੋਂ ਪਾਰ ਉਤਾਰਦਾ ਹੈ) ।3। 3।

ਰਾਮਕਲੀ ਘਰੁ ੨ ॥ ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥ ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥ ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥ ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥੨॥ ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥ ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੩॥ ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨ੍ਹ੍ਹਿ ਲੀਜੈ ॥ ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥ {ਪੰਨਾ 973}

ਸ਼ਬਦ ਦਾ ਭਾਵ: ਸਿਮਰਨ ਦੀ ਮਹਾਨਤਾ = ਤਪ, ਤੀਰਥ-ਇਸ਼ਨਾਨ, ਦਾਨ, ਮੂਰਤੀ-ਪੂਜਾ, ਇਹ ਕੋਈ ਭੀ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ।

ਪਦ ਅਰਥ: ਉਲਟਿ = ਪੁੱਠਾ ਲਟਕ ਕੇ। ਦਹੈ– ਸੜੇ। ਕਾਇਆ = ਸਰੀਰ। ਕਲਪ = {Skt. kÑp = medical treatment of the sick} ਇਲਾਜ। ਕਾਇਆ ਕਲਪੁ = ਸਰੀਰ ਦਾ ਇਲਾਜ, ਜੋਗ-ਅਭਿਆਸ ਤੇ ਦਵਾਈਆਂ ਨਾਲ ਸਰੀਰ ਨੂੰ ਨਵਾਂ-ਨਰੋਆ ਕਰ ਕੇ ਬੁਢੇਪੇ ਤੋਂ ਬਚਾ ਲੈਣਾ ਤੇ ਚਿਰੰਜੀਵੀ ਹੋ ਜਾਣਾ। ਅਸਮੇਧ ਜਗੁ = ਉਹ ਜੱਗ ਜਿਸ ਵਿਚ ਘੋੜੇ ਦੀ ਕੁਰਬਾਨੀ ਦਿੱਤੀ ਜਾਂਦੀ ਸੀ। ਗਰਭ ਦਾਨੁ = (ਫਲ ਆਦਿਕਾਂ ਵਿਚ) ਲੁਕਾ ਕੇ ਦਾਨ। ਸਰਿ = ਬਰਾਬਰ।1।

ਕੁੰਭਿ = ਕੁੰਭ (ਸਮੇ) ਤੇ। ਕੇਦਾਰ = ਇਕ ਹਿੰਦੂ ਤੀਰਥ ਹੈ, ਜੋ ਰਿਆਸਤ ਗੜ੍ਹਵਾਲ (ਯੂ.ਪੀ.) ਵਿਚ ਰੁਦ੍ਰ ਹਿਮਾਲੇ ਦੀ ਬਰਫ਼ਾਨੀ ਧਾਰਾ ਵਿਚ ਮਹਾ ਪੰਥ ਦੀ ਚੋਟੀ ਹੇਠ ਇਕ ਟਿੱਲੇ ਉੱਤੇ ਹੈ। ਇਸ ਦੀ ਉਚਾਈ 11753 ਫ਼ੁਟ ਹੈ। ਇੱਥੇ ਸਦਾ-ਸ਼ਿਵ ਦਾ ਮੰਦਰ ਹੈ, ਜਿਸ ਵਿਚ ਝੋਟੇ ਦੀ ਸ਼ਕਲ ਦਾ ਮਹਾਦੇਵ ਹੈ। ਦੱਸਿਆ ਜਾਂਦਾ ਹੈ ਕਿ ਪਾਂਡਵਾਂ ਤੋਂ ਹਾਰ ਖਾ ਕੇ ਸ਼ਿਵ ਜੀ ਇਸ ਥਾਂ ਝੋਟਾ ਬਣ ਕੇ ਆਏ। ਅੰਦਰ ਦੇ ਪੁਜਾਰੀ ਜੰਗਮ ਹਨ। ਅਰਜਨ ਤੋਂ ਹਾਰ ਖਾ ਕੇ ਸ਼ਿਵ ਜੀ ਨੇ ਝੋਟੇ ਦੀ ਸ਼ਕਲ ਵਿਚ ਇਥੇ ਪਨਾਹ ਲਈ। ਧੜ ਪਹਾੜ ਵਿਚ ਧਸ ਗਿਆ, ਸਿਰਫ਼ ਪਿੱਠ ਬਾਹਰ ਦਿਖਾਈ ਦੇਂਦੀ ਹੈ, ਜਿਸ ਦੀ ਲੋਕ ਪੂਜਾ ਕਰਦੇ ਹਨ। ਬਾਕੀ ਹਿੱਸਿਆਂ ਦੀ ਪੂਜਾ ਚਾਰ ਹੋਰਨਾਂ ਥਾਵਾਂ ਤੇ ਹੁੰਦੀ ਹੈ– ਬਾਹਾਂ ਦੀ ਪੂਜਾ ਤੁੰਗ ਨਾਥ ਤੇ; ਮੂੰਹ ਦੀ ਰੁਦ੍ਰਨਾਥ ਤੇ; ਨਾਭੀ ਦੀ ਮਧਯਮੇਸ੍ਵਰ ਤੇ; ਸਿਰ ਅਤੇ ਜਟਾਂ ਦੀ ਕਲਪੇਸ਼੍ਵਰ ਤੇ। ਇਹ ਪੰਜੇ ਅਸਥਾਨ ਪੰਜ ਕੇਦਾਰ ਸਦਾਂਦੇ ਹਨ।

ਗੋਮਤੀ = ਇਕ ਨਦੀ ਜੋ ਯੂ.ਪੀ. ਵਿਚ ਪੀਲੀਭੀਤ ਜ਼ਿਲੇ ਵਿਚੋਂ ਸ਼ਾਹਜਹਾਨਪੁਰ ਦੀ ਝੀਲ ਤੋਂ ਨਿਕਲ ਕੇ ਖੇੜੀ, ਲਖਨਊ, ਜੋਨਪੁਰ ਆਦਿਕ 500 ਮੀਲ ਵਹਿੰਦੀ ਹੋਈ ਸੈਦਪੁਰ ਦੇ ਮਕਾਮ (ਜ਼ਿਲਾ ਗ਼ਾਜ਼ੀਪੁਰ ਵਿਚ) ਗੰਗਾ ਨਾਲ ਮਿਲ ਜਾਂਦੀ ਹੈ। ਇਸ ਦਾ ਦੂਜਾ ਨਾਮ ਵਸ਼ਿਸ਼ਟੀ ਭੀ ਹੈ। ਗੋਮਤੀ ਨਾਮ ਦੀ ਇਕ ਨਦੀ ਦੁਆਰਾਵਤੀ ਪਾਸ ਭੀ ਹੈ।

ਗੋਦਾਵਰਿ = ਗੋ (ਸ੍ਵਰਗ) ਦੇਣ ਵਾਲੀ ਦੱਖਣ ਦੀ ਇਕ ਨਦੀ ਜੋ ਪੂਰਬੀ ਘਾਟਾਂ ਤੋਂ ਤ੍ਰਿਅੰਬਕ ਪਾਸੋਂ ਨਿਕਲ ਕੇ ਨੌ ਸੌ ਮੀਲ ਵਹਿੰਦੀ ਹੋਈ ਬੰਗਾਲ ਦੀ ਖਾੜੀ ਵਿਚ ਡਿਗਦੀ ਹੈ। ਹਜ਼ੂਰ ਸਾਹਿਬ ਇਸੇ ਨਦੀ ਦੇ ਕੰਢੇ ਤੇ ਹੈ। ਸਹਜ = ਹਜ਼ਾਰ। ਕੋਟਿ = ਕ੍ਰੋੜਾਂ। ਹਿਵਾਲੇ = ਹਿਮਾਲੈ ਪਰਬਤ ਉੱਤੇ, ਬਰਫ਼ ਵਿਚ।2।

ਅਸੁ = ਘੋੜੇ। ਸਿਹਜਾ = ਸੇਜ। ਭੂਮਿ = ਜ਼ਮੀਨ। ਆਤਮੁ = ਆਪਣਾ ਆਪ। ਨਿਰਮਾਇਲੁ = {Skt. inmwLÑX ਨਿਰਮਾਲਯ} ਦੇਵਤਿਆਂ ਦੀ ਭੇਟ। ਕੰਚਨੁ = ਸੋਨਾ।3।

ਮਨਹਿ = ਮਨ ਵਿਚ। ਰੋਸੁ = ਗਿਲਾ, ਗੁੱਸਾ। ਜਮਹਿ = ਜਮ ਨੂੰ। ਨਿਰਬਾਣ ਪਦੁ = ਉਹ ਅਵਸਥਾ ਜੋ ਵਾਸ਼ਨਾ-ਰਹਿਤ ਹੈ। ਚੀਨ੍ਹ੍ਹਿ ਲੀਜੈ = ਪਛਾਣ ਲਈਏ। ਜਸਰਥ ਰਾਇ ਨੰਦੁ = ਰਾਜਾ ਜਸਰਥ ਦਾ ਪੁੱਤਰ। ਮੇਰਾ = ਮੇਰੇ ਵਾਸਤੇ, ਮੇਰੇ ਭਾ ਦਾ। ਤਤੁ ਰਸੁ = ਨਾਮ-ਰੂਪ ਰਸ। ਪੀਜੈ = ਪੀਣਾ ਚਾਹੀਦਾ ਹੈ। ਰਾਇ = ਰਾਜਾ। ਨੰਦੁ = ਪੁੱਤਰ।4।

ਨੋਟ: 'ਰਹਾਉ' ਦੀ ਤੁਕ ਵਿਚ ਜ਼ਿਕਰ ਹੈ ਕਿ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਬਾਕੀ ਹੋਰ ਧਾਰਮਿਕ ਆਹਰ ਪਖੰਡ ਹੀ ਹਨ। ਇਹ ਹੈ ਸ਼ਬਦ ਦਾ ਬੀਜ-ਰੂਪ ਭਾਵ; ਇਸ ਦਾ ਵਿਸਥਾਰ ਚਾਰ ਬੰਦਾਂ ਵਿਚ ਹੈ। ਪਹਿਲੇ ਤਿੰਨ ਬੰਦਾਂ ਵਿਚ ਤਾਂ ਸਾਫ਼ ਤੌਰ ਤੇ ਉਹਨਾਂ ਕੰਮਾਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਲੋਕ ਧਾਰਮਿਕ ਸਮਝਦੇ ਹਨ, ਪਰ ਜੋ ਭਗਤ ਜੀ ਦੇ ਖ਼ਿਆਲ ਵਿਚ ਸਿਮਰਨ ਦੇ ਟਾਕਰੇ ਤੇ ਨਿਰਾ ਪਖੰਡ ਹਨ। ਅਖ਼ੀਰ ਤੇ ਆਖਦੇ ਹਨ ਕਿ ਜੇ ਤੁਸੀ ਅਜਿਹੇ ਕੰਮ ਹੀ ਕਰਦੇ ਰਹੇ ਤਾਂ ਜਮਾਂ ਤੋਂ ਖ਼ਲਾਸੀ ਨਹੀਂ ਹੋਣੀ, ਫਿਰ ਇਹ ਗਿਲਾ ਨਾ ਕਰਨਾ ਕਿ ਜਮ ਸਿਰ ਉੱਤੇ ਹੀ ਰਿਹਾ।

ਪਰ ਚੌਥੇ ਪਦ ਵਿਚ ਅਚਨਚੇਤ ਰਾਜਾ ਜਸਰਥ ਦੇ ਪੁੱਤਰ ਸ੍ਰੀ ਰਾਮ ਚੰਦਰ ਜੀ ਦਾ ਨਾਮ ਆ ਜਾਣਾ ਹੈਰਾਨੀ ਵਿਚ ਪਾ ਦੇਂਦਾ ਹੈ। ਕਈ ਸੱਜਣ ਅਰਥ ਕਰਦੇ ਹਨ– "ਰਾਜਾ ਜਸਰਥ ਦੇ ਪੁੱਤਰ ਦਾ ਰਾਜਾ"। ਇਹ ਅਰਥ ਗ਼ਲਤ ਹੈ ਕਿਉਂਕਿ ਲਫ਼ਜ਼ 'ਨੰਦੁ' ਦਾ ਅਰਥ ਹੈ 'ਪੁੱਤਰ'; "ਪੁੱਤਰ ਦਾ" ਨਹੀਂ ਹੋ ਸਕਦਾ; ਜੇ ਇਸ ਦਾ ਅਰਥ ਹੁੰਦਾ "ਪੁੱਤਰ ਦਾ" ਤਾਂ ਇਸ ਲਫ਼ਜ਼ ਦੇ ਹੇਠ (ੁ) ਨਾ ਹੁੰਦਾ। ਕਈ ਸੱਜਣ ਇਹ ਸਮਝਦੇ ਹਨ ਕਿ ਸ੍ਰੀ ਰਾਮ ਚੰਦਰ ਜੀ ਨੇ ਵੱਡੇ ਵੱਡੇ ਕੰਮ ਕੀਤੇ ਹਨ, ਇਸ ਵਾਸਤੇ ਇਹਨਾਂ ਕੰਮਾਂ ਨੂੰ ਪਰਮਾਤਮਾ ਦੇ ਕੰਮ ਦੱਸ ਕੇ ਲਫ਼ਜ਼ "ਰਾਮ ਚੰਦੁ" ਨੂੰ ਪਰਮਾਤਮਾ ਵਾਸਤੇ ਵਰਤਿਆ ਹੈ। ਇਹ ਭੀ ਅਨਹੋਣੀ ਗੱਲ ਹੈ। ਫਿਰ, ਇਸ ਗੱਲ ਦੀ ਕੀਹ ਲੋੜ ਸੀ ਕਿ ਸ੍ਰੀ ਰਾਮ ਚੰਦਰ ਜੀ ਦੇ ਪਿਤਾ ਦਾ ਨਾਮ ਭੀ ਦੱਸਿਆ ਜਾਂਦਾ? ਲਫ਼ਜ਼ ਕ੍ਰਿਸ਼ਨ, ਦਾਮੋਦਰ, ਮਾਧੋ, ਮੁਰਾਰਿ, ਰਾਮ, ਰਾਮ ਚੰਦ ਆਦਿਕ ਭਗਤਾਂ ਨੇ ਤੇ ਸਤਗੁਰੂ ਜੀ ਨੇ ਭੀ ਸੈਂਕੜੇ ਵਾਰੀ ਪਰਮਾਤਮਾ ਵਾਸਤੇ ਵਰਤੇ ਹਨ; ਪਰ ਜਦੋਂ ਕਿਸੇ ਦੇ ਪਿਤਾ ਦਾ ਨਾਮ ਭੀ ਨਾਲ ਦਿੱਤਾ ਜਾਏ, ਤਾਂ ਉਸ ਵੇਲੇ ਉਸ ਨਾਮ ਨੂੰ ਪਰਮਾਤਮਾ ਵਾਸਤੇ ਨਹੀਂ ਵਰਤਿਆ ਜਾ ਸਕਦਾ। ਫਿਰ ਤਾਂ ਕਿਸੇ ਖ਼ਾਸ ਵਿਅਕਤੀ ਦਾ ਜ਼ਿਕਰ ਹੀ ਹੋ ਸਕਦਾ ਹੈ।

ਅਸਲ ਗੱਲ ਇਹ ਹੈ ਕਿ ਜਿਵੇਂ ਤਿੰਨ ਬੰਦਾਂ ਵਿਚ ਤਪ, ਜੱਗ, ਤੀਰਥ-ਇਸ਼ਨਾਨ ਤੇ ਦਾਨ ਨੂੰ ਨਾਮ ਦੇ ਟਾਕਰੇ ਤੇ ਇਕ ਹੌਲਾ ਜਿਹਾ ਕੰਮ ਦੱਸਿਆ ਹੈ, ਤਿਵੇਂ ਹੀ ਕਿਸੇ ਅਵਤਾਰ ਦੀ ਮੂਰਤੀ ਨੂੰ ਪੂਜਣਾ ਭੀ ਪਰਮਾਤਮਾ ਦਾ ਨਾਮ ਸਿਮਰਨ ਦੇ ਟਾਕਰੇ ਤੇ ਇਕ ਬੜਾ ਹੀ ਹੌਲਾ ਕੰਮ ਦੱਸਿਆ ਹੈ।

ਅਰਥ: ਹੇ (ਮੇਰੇ) ਪਖੰਡੀ ਮਨ! ਕਪਟ ਨਾ ਕਰ, ਛੱਡ ਇਹ ਕਪਟ, ਛੱਡ ਇਹ ਕਪਟ। ਸਦਾ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ।1। ਰਹਾਉ।

(ਹੇ ਮੇਰੇ ਮਨ!) ਜੇ ਕੋਈ ਮਨੁੱਖ ਕਾਸ਼ੀ ਜਾ ਕੇ ਉਲਟਾ ਲਟਕ ਕੇ ਤਪ ਕਰੇ, ਤੀਰਥਾਂ ਤੇ ਸਰੀਰ ਤਿਆਗੇ, (ਧੂਣੀਆਂ ਦੀ) ਅੱਗ ਵਿਚ ਸੜੇ, ਜਾਂ ਜੋਗ-ਅੱਭਿਆਸ ਆਦਿਕ ਨਾਲ ਸਰੀਰ ਨੂੰ ਚਿਰੰਜੀਵੀ ਕਰ ਲਏ; ਜੇ ਕੋਈ ਅਸਮੇਧ ਜੱਗ ਕਰੇ, ਜਾਂ ਸੋਨਾ (ਫਲ ਆਦਿਕਾਂ ਵਿਚ) ਲੁਕਾ ਕੇ ਦਾਨ ਕਰੇ; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।1।

(ਹੇ ਮੇਰੇ ਮਨ!) ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ਤੇ ਜਾਈਏ, ਕੇਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ; (ਹੇ ਮਨ!) ਜੇ ਕੋਈ ਕ੍ਰੋੜਾਂ ਵਾਰੀ ਤੀਰਥ-ਜਾਤ੍ਰਾ ਕਰੇ, ਜਾਂ ਆਪਣਾ ਸਰੀਰ ਹਿਮਾਲੈ ਪਰਬਤ ਦੀ ਬਰਫ਼ ਵਿਚ ਗਾਲ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।2।

(ਹੇ ਮੇਰੇ ਮਨ!) ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ ਦਾਨ ਕਰੀਏ, ਵਹੁਟੀ ਦਾਨ ਕਰ ਦੇਈਏ, ਆਪਣੀ ਜ਼ਿਮੀਂ ਦਾਨ ਕਰ ਦੇਈਏ; ਜੇ ਸਦਾ ਹੀ ਅਜਿਹਾ (ਕੋਈ ਨ ਕੋਈ) ਦਾਨ ਕਰਦੇ ਹੀ ਰਹੀਏ; ਜੇ ਆਪਣਾ ਆਪ ਭੀ ਭੇਟ ਕਰ ਦੇਈਏ; ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ (ਹੇ ਮਨ!) ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।3।

(ਹੇ ਜਿੰਦੇ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ, ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿਚ ਗਿਲ੍ਹਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ; ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ) ; (ਹੇ ਜਿੰਦੇ!) ਪਵਿੱਤਰ, ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ; ਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰਾ (ਨਾਮਦੇਵ ਦਾ) ਰਾਜਾ ਰਾਮ ਚੰਦਰ ਹੈ, ਜੋ ਰਾਜਾ ਜਸਰਥ ਦਾ ਪੁੱਤਰ ਹੈ।4। 4।

ਰਾਮਕਲੀ ਬਾਣੀ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥ ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥ ਦੇਵ ਸੰਸੈ ਗਾਂਠਿ ਨ ਛੂਟੈ ॥ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥ ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥ ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥ ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥ ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥ {ਪੰਨਾ 973-974}

ਪਦ ਅਰਥ: ਪੜੀਐ = ਪੜ੍ਹੀਦਾ ਹੈ। ਗੁਨੀਐ = ਵਿਚਾਰੀਦਾ ਹੈ। ਸਭੁ = ਹਰ ਥਾਂ। ਸੁਨੀਐ = ਸੁਣੀਦਾ ਹੈ। ਭਾਉ = ਪ੍ਰੇਮ, ਲਗਨ, ਖਿੱਚ। ਅਨਭਉ = {Skt. AnuBv = Direct perception} ਪ੍ਰਤੱਖ ਦਰਸ਼ਨ। ਕੰਚਨੁ = ਸੋਨਾ। ਹਿਰਨ = Skt. ihrxÍw} ਸੋਨਾ। ਪਾਰਸਹਿ = ਪਾਰਸ ਨੂੰ। ਪਰਸੈ = ਛੋਹੇ।1।

ਸੰਸੈ = ਸੰਸੇ ਦੀ, ਡਰ ਦੀ, ਸਹਿਮ ਦੀ। ਗਾਂਠਿ = ਗੰਢ। ਨ ਛੂਟੈ = ਨਹੀਂ ਖੁਲ੍ਹਦੀ। ਮਦ = ਅਹੰਕਾਰ। ਮਤਸਰ = ਈਰਖਾ। ਇਨ ਪੰਚਹੁ = (ਕਾਮਾਦਿਕ) ਇਹਨਾਂ ਪੰਜਾਂ ਨੇ। ਲੂਟੇ = (ਸਭ ਜੀਵ) ਲੁੱਟ ਲਏ ਹਨ।1। ਰਹਾਉ।

ਕਬਿ = ਕਵੀ। ਕੁਲੀਨ = ਚੰਗੀ ਕੁਲ ਵਾਲੇ। ਗੁਨੀ = ਗੁਣਵਾਨ। ਸੂਰ = ਸੂਰਮੇ।2।

ਸਭੈ = ਸਾਰੇ ਜੀਵ (ਜਿਨ੍ਹਾਂ ਨੂੰ ਕਾਮਾਦਿਕ ਪੰਜਾਂ ਨੇ ਲੁੱਟ ਲਿਆ ਹੈ) । ਭੂਲਿ ਪਰੇ = ਭੁੱਲ ਗਏ ਹਨ, ਗ਼ਲਤੀ ਖਾ ਗਏ ਹਨ। ਮੋਹਿ = ਮੈਨੂੰ। ਜੀਵਨ = ਜਿੰਦ। ਮੋਰੇ = ਮੇਰੇ ਵਾਸਤੇ।3।

ਅਰਥ: ਹੇ ਪ੍ਰਭੂ! ਕਾਮ, ਕ੍ਰੋਧ, ਮਾਇਆ (ਦਾ ਮੋਹ) , ਅਹੰਕਾਰ ਤੇ ਈਰਖਾ-ਸਾੜਾ = ਇਹਨਾਂ ਪੰਜਾਂ ਨੇ ਰਲ ਕੇ (ਸਭ ਜੀਵਾਂ ਦੇ ਆਤਮਕ ਗੁਣਾਂ ਨੂੰ) ਲੁੱਟ ਲਿਆ ਹੈ (ਇਸ ਵਾਸਤੇ ਨਿਤਾਣੇ ਹੋ ਜਾਣ ਦੇ ਕਾਰਨ ਜੀਵਾਂ ਦੇ ਅੰਦਰੋਂ) ਸਹਿਮ ਦੀ ਗੰਢ ਨਹੀਂ ਖੁਲ੍ਹਦੀ।1। ਰਹਾਉ।

ਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ; ਪਰ ਕਾਮਾਦਿਕਾਂ ਦੇ ਕਾਰਨ ਮਨ ਵਿਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ} ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ; (ਦਰਸ਼ਨ ਹੋਵੇ ਭੀ ਕਿਸ ਤਰ੍ਹਾਂ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾਹ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ?।1।

(ਕਾਮਾਦਿਕ ਦੀ ਲੁੱਟ ਦੇ ਕਾਰਨ, ਜੀਵਾਂ ਦੇ ਅੰਦਰੋਂ) ਕਿਸੇ ਵੇਲੇ ਭੀ ਇਹ (ਬਣੀ ਹੋਈ) ਸਮਝ ਨਹੀਂ ਹਟਦੀ ਕਿ ਅਸੀਂ ਬੜੇ ਕਵੀ ਹਾਂ, ਚੰਗੀ ਕੁਲ ਵਾਲੇ ਹਾਂ, ਵਿਦਵਾਨ ਹਾਂ, ਜੋਗੀ ਹਾਂ, ਸੰਨਿਆਸੀ ਹਾਂ, ਗਿਆਨਵਾਨ ਹਾਂ, ਗੁਣਵਾਨ ਹਾਂ, ਸੂਰਮੇ ਹਾਂ ਜਾਂ ਦਾਤੇ ਹਾਂ (ਜਿਹੜੇ ਭੀ ਪਾਸੇ ਪਏ ਉਸੇ ਦਾ ਹੀ ਮਾਣ ਹੋ ਗਿਆ) ।2।

ਹੇ ਰਵਿਦਾਸ! ਆਖ - (ਜਿਨ੍ਹਾਂ ਨੂੰ ਕਾਮਾਦਿਕਾਂ ਨੇ ਲੁੱਟ ਲਿਆ ਹੈ, ਉਹ) ਸਾਰੇ ਹੀ ਕਮਲਿਆਂ ਵਾਂਗ ਗ਼ਲਤੀ ਖਾ ਰਹੇ ਹਨ ਤੇ (ਇਹ) ਨਹੀਂ ਸਮਝਦੇ (ਕਿ ਜ਼ਿੰਦਗੀ ਦਾ ਅਸਲ ਆਸਰਾ ਪ੍ਰਭੂ ਦਾ ਨਾਮ ਹੈ) ; ਮੈਨੂੰ ਰਵਿਦਾਸ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ, ਨਾਮ ਹੀ ਮੇਰੀ ਜਿੰਦ ਹੈ, ਨਾਮ ਹੀ ਮੇਰੇ ਪ੍ਰਾਣ ਹਨ, ਨਾਮ ਹੀ ਮੇਰਾ ਧਨ ਹੈ।3।

ਸ਼ਬਦ ਦਾ ਭਾਵ = ਪਰਮਾਤਮਾ ਦਾ ਸਿਮਰਨ ਹੀ ਵਿਕਾਰਾਂ ਦੀ ਮਾਰ ਤੋਂ ਬਚਾ ਸਕਦਾ ਹੈ।

TOP OF PAGE

Sri Guru Granth Darpan, by Professor Sahib Singh