ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 974 ਰਾਮਕਲੀ ਬਾਣੀ ਬੇਣੀ ਜੀਉ ਕੀ ੴ ਸਤਿਗੁਰ ਪ੍ਰਸਾਦਿ ॥ ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥ ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥ ਸੰਤਹੁ ਤਹਾ ਨਿਰੰਜਨ ਰਾਮੁ ਹੈ ॥ ਗੁਰ ਗਮਿ ਚੀਨੈ ਬਿਰਲਾ ਕੋਇ ॥ ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥ ਦੇਵ ਸਥਾਨੈ ਕਿਆ ਨੀਸਾਣੀ ॥ ਤਹ ਬਾਜੇ ਸਬਦ ਅਨਾਹਦ ਬਾਣੀ ॥ ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥ ਸਾਖੀ ਜਾਗੀ ਗੁਰਮੁਖਿ ਜਾਣੀ ॥੨॥ ਉਪਜੈ ਗਿਆਨੁ ਦੁਰਮਤਿ ਛੀਜੈ ॥ ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥ ਏਸੁ ਕਲਾ ਜੋ ਜਾਣੈ ਭੇਉ ॥ ਭੇਟੈ ਤਾਸੁ ਪਰਮ ਗੁਰਦੇਉ ॥੩॥ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥ ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥ ਜਾਗਤੁ ਰਹੈ ਸੁ ਕਬਹੁ ਨ ਸੋਵੈ ॥ ਤੀਨਿ ਤਿਲੋਕ ਸਮਾਧਿ ਪਲੋਵੈ ॥ ਬੀਜ ਮੰਤ੍ਰੁ ਲੈ ਹਿਰਦੈ ਰਹੈ ॥ ਮਨੂਆ ਉਲਟਿ ਸੁੰਨ ਮਹਿ ਗਹੈ ॥੫॥ ਜਾਗਤੁ ਰਹੈ ਨ ਅਲੀਆ ਭਾਖੈ ॥ ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥ ਗੁਰ ਕੀ ਸਾਖੀ ਰਾਖੈ ਚੀਤਿ ॥ ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥ ਕਰ ਪਲਵ ਸਾਖਾ ਬੀਚਾਰੇ ॥ ਅਪਨਾ ਜਨਮੁ ਨ ਜੂਐ ਹਾਰੇ ॥ ਅਸੁਰ ਨਦੀ ਕਾ ਬੰਧੈ ਮੂਲੁ ॥ ਪਛਿਮ ਫੇਰਿ ਚੜਾਵੈ ਸੂਰੁ ॥ ਅਜਰੁ ਜਰੈ ਸੁ ਨਿਝਰੁ ਝਰੈ ॥ ਜਗੰਨਾਥ ਸਿਉ ਗੋਸਟਿ ਕਰੈ ॥੭॥ ਚਉਮੁਖ ਦੀਵਾ ਜੋਤਿ ਦੁਆਰ ॥ ਪਲੂ ਅਨਤ ਮੂਲੁ ਬਿਚਕਾਰਿ ॥ ਸਰਬ ਕਲਾ ਲੇ ਆਪੇ ਰਹੈ ॥ ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥ ਮਸਤਕਿ ਪਦਮੁ ਦੁਆਲੈ ਮਣੀ ॥ ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥ ਪੰਚ ਸਬਦ ਨਿਰਮਾਇਲ ਬਾਜੇ ॥ ਢੁਲਕੇ ਚਵਰ ਸੰਖ ਘਨ ਗਾਜੇ ॥ ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥ ਬੇਣੀ ਜਾਚੈ ਤੇਰਾ ਨਾਮੁ ॥੯॥੧॥ {ਪੰਨਾ 974} ਪਦ ਅਰਥ: ਇੜਾ = ਖੱਬੀ ਨਾਸ ਦੀ ਨਾੜੀ, ਜਿਸ ਰਸਤੇ ਜੋਗੀ ਲੋਕ ਪ੍ਰਾਣਾਯਾਮ ਕਰਨ ਲੱਗੇ ਸੁਆਸ ਉਪਰ ਨੂੰ ਖਿੱਚਦੇ ਹਨ। ਪਿੰਗੁਲਾ = ਸੱਜੀ ਨਾਸ ਦੀ ਨਾੜੀ, ਜਿਸ ਰਸਤੇ ਪ੍ਰਾਣ ਉਤਾਰਦੇ ਹਨ। ਸੁਖਮਨਾ = {Skt. su = uMxw} ਨੱਕ ਦੇ ਉਪਰਵਾਰ ਦੀ ਨਾੜੀ ਜਿਥੇ ਪ੍ਰਾਣਾਯਾਮ ਵੇਲੇ ਪ੍ਰਾਣ ਟਿਕਾਈਦੇ ਹਨ। ਤੀਨਿ = ਇੜਾ ਪਿੰਗੁਲਾ ਸੁਖਮਨਾ ਤਿੰਨੇ ਹੀ ਨਾੜੀਆਂ। ਇਕ ਠਾਈ = ਇੱਕੋ ਥਾਂ (ਜਿਥੇ ਨਿਰੰਜਨ ਪ੍ਰਭੂ ਵੱਸਦਾ ਹੈ) । ਬੇਣੀ = ਤ੍ਰਿਬੇਣੀ। ਬੇਣੀ ਸੰਗਮੁ = ਤ੍ਰਿਬੇਣੀ ਦਾ ਮੇਲ, ਉਹ ਥਾਂ ਜਿਥੇ ਗੰਗਾ ਜਮਨਾ ਤੇ ਸਰਸ੍ਵਤੀ ਤਿੰਨੇ ਨਦੀਆਂ ਮਿਲਦੀਆਂ ਹਨ। ਤਹ = ਉਥੇ ਹੀ (ਜਿਥੇ ਨਿਰੰਜਨ ਰਾਮ ਪਰਗਟਿਆ ਹੈ) । ਪਿਰਾਗੁ = ਪ੍ਰਯਾਗ ਤੀਰਥ। ਮਜਨੁ = ਇਸ਼ਨਾਨ।1। ਤਹਾ = ਉੱਥੇ (ਜਿੱਥੇ ਮਨ ਚੁੱਭੀ ਲਾਂਦਾ ਹੈ) । ਗਮਿ = ਅੱਪੜ ਕੇ। ਗੁਰ ਗਮਿ = ਗੁਰੂ ਤਕ ਅੱਪੜ ਕੇ, ਗੁਰੂ ਦੀ ਸ਼ਰਨ ਪੈ ਕੇ। ਚੀਨੈ = ਪਛਾਣਦਾ ਹੈ, ਸਾਂਝ ਬਣਾਂਦਾ ਹੈ। ਰਮਈਆ = ਸੋਹਣਾ ਰਾਮ।1। ਰਹਾਉ। ਦੇਵ ਸਥਾਨ = ਪ੍ਰਭੂ ਦੇ ਰਹਿਣ ਦਾ ਥਾਂ, ਉਹ ਥਾਂ ਜਿੱਥੇ ਪ੍ਰਭੂ ਪਰਗਟ ਹੋ ਗਿਆ ਹੈ। ਬਾਜੇ = ਵੱਜਦਾ ਹੈ {ਨੋਟ: ਘਰ ਭਾਵੇਂ ਕਈ ਸੋਹਣੇ ਸੋਹਣੇ ਸਾਜ ਪਏ ਰਹਿਣ, ਜਦ ਤਕ ਉਹ ਵਜਾਏ ਨਾਹ ਜਾਣ, ਉਹਨਾਂ ਦੇ ਵੱਜਣ ਤੋਂ ਜੋ ਹੁਲਾਰਾ ਪੈਦਾ ਹੋਣਾ ਹੈ ਉਹ ਪੈਦਾ ਹੋ ਨਹੀਂ ਸਕਦਾ} ਹੁਲਾਰਾ ਲਿਆਉਂਦਾ ਹੈ। ਸਬਦ ਬਾਜੇ, ਬਾਣੀ ਬਾਜੇ = ਸਤਿਗੁਰੂ ਦਾ ਸ਼ਬਦ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਹੁਲਾਰਾ ਪੈਦਾ ਕਰਦੇ ਹਨ। ਤਹ = ਉਸ ਅਵਸਥਾ ਵਿਚ (ਜਦੋਂ ਨਿਰੰਜਨ ਰਾਮ ਪਰਗਟ ਹੁੰਦਾ ਹੈ) । ਸਾਖੀ = ਸਿੱਖਿਆ ਨਾਲ। ਜਾਗੀ = (ਸੁਰਤਿ) ਜਾਗ ਪੈਂਦੀ ਹੈ। ਜਾਣੀ = ਸੂਝ ਪੈ ਜਾਂਦੀ ਹੈ।2। ਛੀਜੈ = ਨਾਸ ਹੋ ਜਾਂਦੀ ਹੈ। ਅੰਮ੍ਰਿਤ ਰਸਿ = ਨਾਮ-ਅੰਮ੍ਰਿਤ ਦੇ ਰਸ ਨਾਲ। ਗਗਨੰਤਰਿ = ਗਗਨ+ਅੰਤਰਿ, ਗਗਨ ਵਿਚ, ਆਕਾਸ਼ ਵਿਚ, ਉੱਚੀ ਉਡਾਰੀ ਵਿਚ। ਭੀਜੈ = (ਮਨ) ਭਿੱਜ ਜਾਂਦਾ ਹੈ, ਰਸ ਜਾਂਦਾ ਹੈ। ਕਲਾ = ਹੁਨਰ। ਭੇਉ = ਭੇਤ। ਤਾਸੁ = ਉਸ ਨੂੰ। ਪਰਮ = ਸਭ ਤੋਂ ਉੱਚਾ।3। ਦੁਆਰ = ਦਰਵਾਜ਼ਾ, ਬੂਹਾ (ਜਿਸ ਦੀ ਰਾਹੀਂ ਕਿਸੇ ਮਕਾਨ ਤੋਂ ਬਾਹਰਲੇ ਥਾਂ ਦਾ ਸੰਬੰਧ ਮਕਾਨ ਦੇ ਅੰਦਰਲੇ ਹਿੱਸੇ ਨਾਲ ਬਣਦਾ ਹੈ। ਮਨੁੱਖਾ ਸਰੀਰ ਦੇ ਦਸ ਦਰਵਾਜ਼ੇ ਹਨ, ਜਿਨ੍ਹਾਂ ਦੀ ਰਾਹੀਂ ਬਾਹਰਲੇ ਪਦਾਰਥਾਂ ਦਾ ਸੰਬੰਧ ਸਰੀਰ ਦੇ ਅੰਦਰ ਨਾਲ ਤੇ ਅੰਦਰ ਦਾ ਬਾਹਰ ਨਾਲ ਬਣਦਾ ਹੈ। ਨੌ ਦਰਵਾਜ਼ੇ ਤਾਂ ਜਗਤ ਨਾਲ ਸਧਾਰਨ ਸਾਂਝ ਬਣਾਉਣ ਲਈ ਹਨ; ਪਰ ਦਿਮਾਗ਼ ਇਕ ਐਸਾ ਦਰਵਾਜ਼ਾ ਹੈ ਜਿਸ ਦੀ ਬਰਕਤਿ ਨਾਲ ਮਨੁੱਖ ਪ੍ਰਭੂ ਨਾਲ ਸਾਂਝ ਬਣਾ ਸਕਦਾ ਹੈ, ਕਿਉਂਕਿ ਸੋਚ-ਵਿਚਾਰ ਇਸੇ 'ਦੁਆਰ' ਦੀ ਰਾਹੀਂ ਹੋ ਸਕਦੀ ਹੈ) । ਦਸਮ ਦੁਆਰ = ਸਰੀਰ ਦਾ ਦਸਵਾਂ ਬੂਹਾ, ਦਿਮਾਗ਼। ਘਾਟੀ = ਥਾਂ। ਥਾਤੀ = {Skt. iÔQiq} ਟਿਕਾਉ।4। ਪਲੋਵੈ = ਦੌੜ ਜਾਂਦੇ ਹਨ, ਪ੍ਰਭਾਵ ਨਹੀਂ ਪਾ ਸਕਦੇ। ਉਲਟਿ = ('ਤੀਨਿ ਤਿਲੋਕ' ਵਲੋਂ) ਪਰਤ ਕੇ। ਗਹੈ– (ਟਿਕਾਣਾ) ਪਕੜਦਾ ਹੈ।5। ਅਲੀਆ = {Skt. AlIk} ਝੂਠ। ਸਾਖੀ = ਸਿੱਖਿਆ। ਚੀਤਿ = ਚਿੱਤ ਵਿਚ। ਕ੍ਰਿਸ਼ਨ = ਪ੍ਰਭੂ।6। ਕਰ = ਹੱਥ ਦੀਆਂ (ਉਂਗਲਾਂ) । ਪਲਵ = ਪੱਤਰ। ਸਾਖਾ = ਟਹਿਣੀਆਂ। ਅਸੁਰ ਨਦੀ = ਵਿਕਾਰਾਂ ਦੀ ਨਦੀ। ਮੂਲੁ = ਸੋਮਾ। ਬੰਧੈ = ਰੋਕ ਦੇਂਦਾ ਹੈ, ਬੰਦ ਕਰ ਦੇਂਦਾ ਹੈ। ਫੇਰਿ = ਮੋੜ ਕੇ, ਹਟਾ ਕੇ। ਪਛਮਿ = ਲਹਿੰਦਾ ਪਾਸਾ, ਉਹ ਪਾਸਾ ਜਿੱਧਰ ਸੂਰਜ ਡੁੱਬਦਾ ਹੈ, ਉਹ ਪਾਸਾ ਜਿੱਧਰ ਗਿਆਨ ਦੇ ਸੂਰਜ ਦੇ ਡੁੱਬਣ ਦਾ ਖ਼ਤਰਾ ਹੁੰਦਾ ਹੈ, ਅਗਿਆਨਤਾ। ਸੂਰੁ = ਗਿਆਨ ਦਾ ਸੂਰਜ। ਨਿਝਰੁ = ਚਸ਼ਮਾ, ਝਰਨਾ। ਗੋਸਟਿ = ਮਿਲਾਪ। ਅਜਰੁ = ਅ+ਜਰਾ, ਜਿਸ ਨੂੰ ਕਦੇ ਬੁਢੇਪਾ ਨਾ ਆਵੇ।7। ਪਲੂ = ਪੱਲਵ, ਪੱਤੀਆਂ, ਪੰਖੜੀਆਂ। ਅਨਤ = ਅਨੰਤ। ਰਹੈ– ਰਹਿੰਦਾ ਹੈ। ਰਤਨ = ਪ੍ਰਭੂ ਦੇ ਗੁਣ। ਗੁਹੈ– ਲੁਕਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਸਰਬ ਕਲਾ = ਸਾਰੀਆਂ ਤਾਕਤਾਂ ਵਾਲਾ ਪ੍ਰਭੂ।8। ਮਸਤਕਿ = ਮੱਥੁੇ ਉਤੇ। ਪਦਮੁ = ਕੌਲ ਫੁੱਲ। ਮਣੀ = ਹੀਰੇ। ਮਾਹਿ = ਧੁਰ ਅੰਦਰ। ਧਣੀ = ਮਾਲਕ। ਪੰਚ ਸਬਦ = ਪੰਜਾਂ ਹੀ ਕਿਸਮਾਂ ਦੇ ਸਾਜਾਂ ਦੀ ਆਵਾਜ਼। ਨਿਰਮਾਇਲ = ਨਿਰਮਲ, ਪਵਿਤਰ, ਸੋਹਣੇ। ਢੁਲਕੇ = ਝੁਲ ਰਿਹਾ ਹੈ। ਘਨ = ਬਹੁਤ। ਦਲਿ = ਦਲੈ, ਦਲ ਦੇਂਦਾ ਹੈ। ਦੈਤਹੁ = ਦੈਂਤਾਂ ਨੂੰ, ਕਾਮਾਦਿਕ ਵਿਕਾਰਾਂ ਨੂੰ। ਜਾਚੈ = ਮੰਗਦਾ ਹੈ।9। ਅਰਥ: ਹੇ ਸੰਤ ਜਨੋ! ਮਾਇਆ-ਰਹਿਤ ਰਾਮ ਉਸ ਅਵਸਥਾ ਵਿਚ (ਮਨੁੱਖ ਦੇ ਮਨ ਵਿਚ) ਵੱਸਸਾ ਹੈ, ਨਿਰੰਜਨ ਸੋਹਣਾ ਰਾਮ ਪਰਗਟ ਹੁੰਦਾ ਹੈ, ਜਿਸ ਅਵਸਥਾ ਨਾਲ ਸਾਂਝ ਕੋਈ ਵਿਰਲਾ ਮਨੁੱਖ ਸਤਿਗੁਰੂ ਦੀ ਸਰਨ ਪੈ ਕੇ ਬਣਾਂਦਾ ਹੈ।1। ਰਹਾਉ। (ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਮੇਲ-ਅਵਸਥਾ ਵਿਚ ਅੱਪੜਿਆ ਹੈ, ਉਸ ਦੇ ਵਾਸਤੇ) ਇੜਾ, ਪਿੰਗੁਲਾ ਤੇ ਸੁਖਮਨਾ ਤਿੰਨੇ ਹੀ ਇੱਕੋ ਥਾਂ ਵੱਸਦੀਆਂ ਹਨ, ਤ੍ਰਿਬੇਣੀ ਸੰਗਮ ਪ੍ਰ੍ਯਾਗ ਤੀਰਥ ਭੀ (ਉਸ ਮਨੁੱਖ ਲਈ) ਉੱਥੇ ਵੱਸਦਾ ਹੈ। ਭਾਵ, ਉਸ ਮਨੁੱਖ ਨੂੰ ਇੜਾ ਪਿੰਗਲਾ ਸੁਖਮਨਾ ਦੇ ਅਭਿਆਸ ਦੀ ਲੋੜ ਨਹੀਂ ਰਹਿ ਜਾਂਦੀ; ਉਸ ਨੂੰ ਤ੍ਰਿਬੇਣੀ ਤੇ ਪ੍ਰਯਾਗ ਦੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ। (ਉਸ ਮਨੁੱਖ ਦਾ) ਮਨ ਪ੍ਰਭੂ ਦੇ (ਮਿਲਾਪ-ਰੂਪ ਤ੍ਰਿਬੇਣੀ ਵਿਚ) ਇਸ਼ਨਾਨ ਕਰਦਾ ਹੈ।1। (ਜੇ ਕੋਈ ਪੁੱਛੇ ਕਿ) ਜਿਸ ਅਵਸਥਾ ਵਿਚ ਪ੍ਰਭੂ (ਮਨ ਦੇ ਅੰਦਰ) ਆ ਟਿਕਦਾ ਹੈ, ਉਸ ਦੀਆਂ ਨਿਸ਼ਾਨੀਆਂ ਕੀਹ ਹਨ (ਤਾਂ ਉੱਤਰ ਇਹ ਹੈ ਕਿ) ਉਸ ਅਵਸਥਾ ਵਿਚ ਸਤਿਗੁਰੂ ਦਾ ਸ਼ਬਦ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਮਨੁੱਖ ਦੇ ਹਿਰਦੇ ਵਿਚ) ਹੁਲਾਰਾ ਪੈਦਾ ਕਰਦੇ ਹਨ; (ਜਗਤ ਦੇ ਹਨੇਰੇ ਨੂੰ ਦੂਰ ਕਰਨ ਲਈ) ਚੰਦ ਤੇ ਸੂਰਜ (ਉਤਨੇ ਸਮਰੱਥ) ਨਹੀਂ (ਜਿਤਨਾ ਉਹ ਹੁਲਾਰਾ ਮਨ ਦੇ ਹਨੇਰੇ ਨੂੰ ਦੂਰ ਕਰਨ ਲਈ ਹੁੰਦਾ ਹੈ) , ਪਉਣ ਪਾਣੀ (ਆਦਿਕ ਤੱਤ ਜਗਤ ਨੂੰ ਉਤਨਾ ਸੁਖ) ਨਹੀਂ (ਦੇ ਸਕਦੇ, ਜਿਤਨਾ ਸੁਖ ਇਹ ਹੁਲਾਰਾ ਮਨੁੱਖ ਦੇ ਮਨ ਨੂੰ ਦੇਂਦਾ ਹੈ) ; ਮਨੁੱਖ ਦੀ ਸੁਰਤਿ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ, ਗੁਰੂ ਦੀ ਰਾਹੀਂ ਸੂਝ ਪੈ ਜਾਂਦੀ ਹੈ।2। (ਪ੍ਰਭੂ-ਮਿਲਾਪ ਵਾਲੀ ਅਵਸਥਾ ਵਿਚ ਮਨੁੱਖ ਦੀ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਹੋ ਜਾਂਦੀ ਹੈ। ਮੰਦੀ ਮੱਤ ਨਾਸ ਹੋ ਜਾਂਦੀ ਹੈ; ਉੱਚੀ ਉਡਾਰੀ ਵਿਚ (ਅੱਪੜਿਆ ਹੋਇਆ ਮਨ) ਨਾਮ-ਅੰਮ੍ਰਿਤ ਦੇ ਰਸ ਨਾਲ ਰਸ ਜਾਂਦਾ ਹੈ; ਜੋ ਮਨੁੱਖ ਇਸ (ਅਵਸਥਾ ਵਿਚ ਅੱਪੜ ਸਕਣ ਵਾਲੇ) ਹੁਨਰ ਦਾ ਭੇਦ ਜਾਣ ਲੈਂਦਾ ਹੈ, ਉਸ ਨੂੰ ਅਕਾਲ ਪੁਰਖ ਮਿਲ ਪੈਂਦਾ ਹੈ।3। ਅਪਹੁੰਚ, ਬੇਅੰਤ ਤੇ ਪਰਮ ਪੁਰਖ ਪ੍ਰਭੂ ਦੇ ਪਰਗਟ ਹੋਣ ਦਾ ਟਿਕਾਣਾ (ਮਨੁੱਖਾ ਸਰੀਰ ਦਾ ਦਿਮਾਗ਼-ਰੂਪ) ਦਸਵਾਂ ਬੂਹਾ ਹੈ; ਸਰੀਰ ਦੇ ਉਤਲੇ ਹਿੱਸੇ ਵਿਚ (ਸਿਰ, ਮਾਨੋ) ਇਕ ਹੱਟ ਹੈ, ਉਸ ਹੱਟ ਵਿਚ (ਦਿਮਾਗ਼, ਮਾਨੋ) ਇਕ ਆਲਾ ਹੈ, ਇਸ ਆਲੇ ਦੀ ਰਾਹੀਂ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ।4। (ਜਿਸ ਦੇ ਅੰਦਰ ਪਰਮਾਤਮਾ ਪਰਗਟ ਹੋ ਪਿਆ) ਉਹ ਸਦਾ ਜਾਗਦਾ ਰਹਿੰਦਾ ਹੈ (ਸੁਚੇਤ ਰਹਿੰਦਾ ਹੈ) , (ਮਾਇਆ ਦੀ ਨੀਂਦ ਵਿਚ) ਕਦੇ ਸਉਂਦਾ ਨਹੀਂ; ਉਹ ਇਕ ਐਸੀ ਸਮਾਧੀ ਵਿਚ ਟਿਕਿਆ ਰਹਿੰਦਾ ਹੈ ਜਿਥੋਂ ਮਾਇਆ ਦੇ ਤਿੰਨੇ ਗੁਣ ਤੇ ਤਿੰਨਾਂ ਲੋਕਾਂ ਦੀ ਮਾਇਆ ਪਰੇ ਹੀ ਰਹਿੰਦੇ ਹਨ; ਉਹ ਮਨੁੱਖ ਪ੍ਰਭੂ ਦਾ ਨਾਮ ਮੰਤ੍ਰ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ, (ਜਿਸ ਦੀ ਬਰਕਤਿ ਨਾਲ) ਉਸ ਦਾ ਮਨ ਮਾਇਆ ਵਲੋਂ ਪਰਤ ਕੇ (ਸੁਚੇਤ ਰਹਿੰਦਾ ਹੈ) , ਉਸ ਅਵਸਥਾ ਵਿਚ ਟਿਕਾਣਾ ਪਕੜਦਾ ਹੈ ਜਿਥੇ ਕੋਈ ਫੁਰਨਾ ਨਹੀਂ ਉਠਦਾ।5। ਉਹ ਮਨੁੱਖ ਸਦਾ ਜਾਗਦਾ ਹੈ, (ਸੁਚੇਤ ਰਹਿੰਦਾ ਹੈ) , ਕਦੇ ਝੂਠ ਨਹੀਂ ਬੋਲਦਾ; ਪੰਜਾਂ ਹੀ ਇੰਦ੍ਰਿਆਂ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ, ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ, ਆਪਣਾ ਮਨ, ਆਪਣਾ ਸਰੀਰ ਪ੍ਰਭੂ ਦੇ ਪਿਆਰ ਤੋਂ ਸਦਕੇ ਕਰਦਾ ਹੈ।6। ਉਹ ਮਨੁੱਖ (ਜਗਤ ਨੂੰ) ਹੱਥ (ਦੀਆਂ ਉੱਗਲਾਂ, ਰੁੱਖ ਦੀਆਂ) ਟਹਿਣੀਆਂ ਤੇ ਪੱਤਰ ਸਮਝਦਾ ਹੈ (ਇਸ ਵਾਸਤੇ ਮੂਲ ਪ੍ਰਭੂ ਨੂੰ ਛੱਡ ਕੇ ਇਸ ਖਿਲਾਰੇ ਵਿਚ ਰੁੱਝ ਕੇ) ਆਪਣੀ ਜ਼ਿੰਦਗੀ ਜੂਏ ਦੀ ਖੇਡ ਵਿਚ ਨਹੀਂ ਗਵਾਉਂਦਾ; ਵਿਕਾਰਾਂ ਦੀ ਨੀਂਦ ਦਾ ਸੋਮਾ ਹੀ ਬੰਦ ਕਰ ਦੇਂਦਾ ਹੈ, ਮਨ ਨੂੰ ਅਗਿਆਨਤਾ ਦੇ ਹਨੇਰੇ ਵਲੋਂ ਪਰਤਾ ਕੇ (ਇਸ ਵਿਚ ਗਿਆਨ ਦਾ) ਸੂਰਜ ਚੜ੍ਹਾਉਂਦਾ ਹੈ; (ਸਦਾ ਲਈ) ਪਰਮਾਤਮਾ ਨਾਲ ਮੇਲ ਕਰ ਲੈਂਦਾ ਹੈ, (ਮਿਲਾਪ ਦਾ ਉਸ ਦੇ ਅੰਦਰ) ਇਕ ਚਸ਼ਮਾ ਫੁੱਟ ਪੈਂਦਾ ਹੈ, (ਉਹ ਇਕ ਐਸੀ ਮੌਜ) ਮਾਣਦਾ ਹੈ, ਜਿਸ ਨੂੰ ਕਦੇ ਬੁਢੇਪਾ ਨਹੀਂ (ਭਾਵ, ਜੋ ਕਦੇ ਮੁੱਕਦੀ ਨਹੀਂ) ।7। ਪ੍ਰਭੂ ਦੀ ਜੋਤਿ ਦੁਆਰਾ ਉਸ ਦੇ ਅੰਦਰ (ਮਾਨੋ) ਚਾਰ ਮੂੰਹਾਂ ਵਾਲਾ ਦੀਵਾ ਜਗ ਪੈਂਦਾ ਹੈ (ਜਿਸ ਕਰਕੇ ਹਰ ਪਾਸੇ ਚਾਨਣ ਹੀ ਚਾਨਣ ਰਹਿੰਦਾ ਹੈ) ; (ਉਸ ਦੇ ਅੰਦਰ, ਮਾਨੋ, ਇਕ ਐਸਾ ਫੁੱਲ ਖਿੜ ਪੈਂਦਾ ਹੈ, ਜਿਸ ਦੇ) ਵਿਚਕਾਰ ਪ੍ਰਭੂ-ਰੂਪ ਮਕਰੰਦ ਹੁੰਦਾ ਹੈ ਤੇ ਉਸ ਦੀਆਂ ਬੇਅੰਤ ਪੱਤੀਆਂ ਹੁੰਦੀਆਂ ਹਨ (ਅਨੰਤ ਰਚਨਾ ਵਾਲਾ ਪ੍ਰਭੂ ਉਸ ਦੇ ਅੰਦਰ ਪਰਗਟ ਹੋ ਪੈਂਦਾ ਹੈ) ਉਹ ਮਨੁੱਖ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ, ਉਸ ਦਾ ਮਨ ਮੋਤੀ (ਬਣ ਕੇ ਪ੍ਰਭੂ ਦੇ ਗੁਣ ਰੂਪ) ਰਤਨਾਂ ਵਿਚ ਜੁੜਿਆ ਰਹਿੰਦਾ ਹੈ।8। ਉਸ ਬੰਦੇ ਦੇ ਧੁਰ ਅੰਦਰ ਤ੍ਰਿਲੋਕੀ ਦਾ ਮਾਲਕ ਪ੍ਰਭੂ ਆ ਟਿਕਦਾ ਹੈ। (ਉਸ ਦੀ ਬਰਕਤਿ ਨਾਲ) ਉਸ ਦੇ ਮੱਥੇ ਉੱਤੇ (ਮਾਨੋ) ਕਉਲ ਫੁੱਲ (ਖਿੜ ਪੈਂਦਾ ਹੈ, ਤੇ) ਉਸ ਫੁੱਲ ਦੇ ਚਾਰ ਚੁਫੇਰੇ ਹੀਰੇ (ਪਰੋਤੇ ਜਾਂਦੇ ਹਨ) ; (ਉਸ ਦੇ ਅੰਦਰ ਮਾਨੋ ਇਕ ਐਸਾ ਸੁੰਦਰ ਰਾਗ ਹੁੰਦਾ ਹੈ ਕਿ (ਪੰਜੇ ਹੀ ਕਿਸਮਾਂ ਦੇ ਸੋਹਣੇ ਸਾਜ ਵੱਜ ਪੈਂਦੇ ਹਨ, ਬੜੇ ਸੰਖ ਵੱਜਣ ਲੱਗ ਪੈਂਦੇ ਹਨ, ਉਸ ਉਤੇ ਚੌਰ ਝੁੱਲ ਪੈਂਦਾ ਹੈ (ਭਾਵ, ਉਸ ਦਾ ਮਨ ਸ਼ਾਹਨਸ਼ਾਹਾਂ ਦਾ ਸ਼ਾਹ ਬਣ ਜਾਂਦਾ ਹੈ) । ਸਤਿਗੁਰੂ ਤੋਂ ਮਿਲਿਆ ਹੋਇਆ ਪ੍ਰਭੂ ਦੇ ਨਾਮ ਦਾ ਇਹ ਚਾਨਣ ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ। ਹੇ ਪ੍ਰਭੂ! (ਤੇਰਾ ਦਾਸ) ਬੇਣੀ (ਭੀ ਤੇਰੇ ਦਰ ਤੋਂ) (ਇਹ) ਨਾਮ ਹੀ ਮੰਗਦਾ ਹੈ।9।1। ਨੋਟ: ਬੇਣੀ ਜੀ ਇਸ ਅਸਟਪਦੀ ਵਿਚ ਕਈ ਅਲੰਕਾਰਾਂ ਦੀ ਰਾਹੀਂ ਉਹ ਸੁਖ ਬਿਆਨ ਕਰਦੇ ਹਨ ਜੋ ਮਨ ਨੂੰ ਪ੍ਰਭੂ-ਚਰਨਾਂ ਵਿਚ ਜੋੜਿਆਂ ਮਿਲਦਾ ਹੈ; ਮਾਇਆ ਦੇ ਤਿੰਨ ਗੁਣਾਂ ਤੇ ਕਾਮਾਦਿਕਾਂ ਦੀ ਮਾਰ ਤੋਂ ਮਨ ਉੱਚਾ ਹੋ ਜਾਂਦਾ ਹੈ। ਜੇ ਨਿਰਾ ਕਵਿਤਾ ਦਾ ਹੀ ਖ਼ਿਆਲ ਕਰੀਏ ਤਾਂ ਭੀ ਬਹੁਤ ਸੁੰਦਰ ਰਚਨਾ ਹੈ, ਪਰ ਅਲੰਕਾਰਾਂ ਦੇ ਕਾਰਨ ਔਖਾ ਜ਼ਰੂਰ ਹੋ ਗਿਆ ਹੈ। ਇਉਂ ਜਾਪਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਾਦਾ ਲਫ਼ਜ਼ਾਂ ਵਿਚ ਆਪਣੀ ਇਕ ਅਸਟਪਦੀ ਦੀ ਰਾਹੀਂ ਇਸ ਸ਼ਬਦ ਦੇ ਭਾਵ ਨੂੰ ਬਿਆਨ ਕਰ ਦਿੱਤਾ ਹੈ; ਕਈ ਲਫ਼ਜ਼ ਸਾਂਝੇ ਮਿਲਦੇ ਸਨ; ਜਿਵੇਂ: ਸੁੰਨ ਸਮਾਧਿ, ਦੁਰਮਤਿ, ਨਾਮੁ ਰਤਨੁ, ਅਨਾਹਦ, ਜਾਗਿ ਰਹੇ, ਪੰਚ ਤਸਕਰ, ਵਾਜੈ, ਆਦਿਕ। ਗੁਰੂ ਨਾਨਕ ਦੇਵ ਜੀ ਵਾਲੀ ਅਸਟਪਦੀ ਭੀ ਇਸੇ ਰਾਗ ਵਿਚ ਹੀ ਹੈ। ਰਾਮਕਲੀ ਮਹਲਾ 1 ॥ ਖਟੁ ਮਟੁ ਦੇਹੀ ਮਨੁ ਬੈਰਾਗੀ ॥ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥ ਵਾਜੈ ਅਨਹਦੁ ਮੇਰਾ ਮਨੁ ਲੀਣਾ ॥ ਗੁਰ ਬਚਨੀ ਸਚਿ ਨਾਮਿ ਪਤੀਣਾ ॥1॥ ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥ ਗੁਰਮੁਖਿ ਹਰਿ ਹਰਿ ਮੀਠਾ ਲਾਗੈ, ਹਰਿ ਹਰਿ ਨਾਮਿ ਸਮਾਈਐ ॥1॥ ਰਹਾਉ ॥ ਮਾਇਆ ਮੋਹੁ ਬਿਵਰਜਿ ਸਮਾਏ ॥ ਸਤਿਗੁਰੁ ਭੇਟੈ ਮੇਲਿ ਮਿਲਾਏ ॥ ਨਾਮੁ ਰਤਨੁ ਨਿਰਮੋਲਕੁ ਹੀਰਾ ॥ ਤਿਤੁ ਰਾਤਾ ਮੇਰਾ ਮਨੁ ਧੀਰਾ ॥2॥ ਹਉਮੈ ਮਮਤਾ ਰੋਗੁ ਨ ਲਾਗੈ ॥ ਰਾਮ ਭਗਤਿ ਜਮ ਕਾ ਭਉ ਭਾਗੈ ॥ ਜਮੁ ਜੰਦਾਰੁ ਨ ਲਾਗੈ ਮੋਹਿ ॥ ਨਿਰਮਲ ਨਾਮੁ ਰਿਦੈ ਹਰਿ ਸੋਹਿ ॥3॥ ਸਬਦੁ ਬੀਚਾਰਿ ਭਏ ਨਿਰੰਕਾਰੀ ॥ ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥ ਅਨਦਿਨੁ ਜਾਗਿ ਰਹੇ ਲਿਵ ਲਾਈ ॥ ਜੀਵਨ ਮੁਕਤਿ ਗਤਿ ਅੰਤਰਿ ਪਾਈ ॥4॥ ਅਲਿਪਤ ਗੁਫਾ ਮਹਿ ਰਹਹਿ ਨਿਰਾਰੇ ॥ ਤਸਕਰ ਪੰਚ ਸਬਦਿ ਸੰਘਾਰੇ ॥ ਪਰ ਘਰ ਜਾਇ ਨ ਮਨੁ ਡੋਲਾਏ ॥ ਸਹਜ ਨਿਰੰਤਰਿ ਰਹਉ ਸਮਾਏ ॥5॥ ਗੁਰਮੁਖਿ ਜਾਗਿ ਰਹੇ ਅਉਧੂਤਾ ॥ ਸਦ ਬੈਰਾਗੀ ਤਤੁ ਪਰੋਤਾ ॥ ਜਗੁ ਸੂਤਾ ਮਰਿ ਆਵੈ ਜਾਇ ॥ ਬਿਨੁ ਗੁਰ ਸਬਦ ਨ ਸੋਝੀ ਪਾਇ ॥6॥ ਅਨਹਦ ਸਬਦੁ ਵਜੈ ਦਿਨੁ ਰਾਤੀ ॥ ਅਵਿਗਤ ਕੀ ਗਤਿ ਗੁਰਮੁਖਿ ਜਾਤੀ ॥ ਤਉ ਜਾਨੀ ਜਾ ਸਬਦਿ ਪਛਾਨੀ ॥ ਏਕੋ ਰਵਿ ਰਹਿਆ ਨਿਰਬਾਨੀ ॥7॥ ਸੁੰਨ ਸਮਾਧਿ ਸਹਜਿ ਮਨੁ ਰਾਤਾ ॥ ਤਜਿ ਹਉ ਲੋਭਾ ਏਕੋ ਜਾਤਾ ॥ ਗੁਰ ਚੇਲੇ ਅਪਨਾ ਮਨੁ ਮਾਨਿਆ ॥ ਨਾਨਕ ਦੂਜਾ ਮੇਟਿ ਸਮਾਨਿਆ ॥8॥3॥ ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਭਗਤ-ਬਾਣੀ ਨੂੰ ਗੁਰਬਾਣੀ ਗੁਰਮਤਿ ਦੇ ਉਲਟ ਸਮਝ ਕੇ ਭਗਤ ਬੇਣੀ ਜੀ ਬਾਰੇ ਇਉਂ ਲਿਖਦੇ ਹਨ– "ਆਪ ਜਾਤੀ ਦੇ ਬ੍ਰਾਹਮਣ ਸਨ, ਜੋਗ-ਅਭਿਆਸ ਦੇ ਪੱਕੇ ਸ਼ਰਧਾਲੂ ਸਨ, ਕਰਮ-ਕਾਂਡ ਦੀ ਭੀ ਬਹੁਤ ਹਮਾਇਤ ਕਰਦੇ ਸਨ। " ਇਸ ਤੋਂ ਅਗਾਂਹ ਬੇਣੀ ਜੀ ਦਾ ਰਾਮਕਲੀ ਰਾਗ ਵਾਲਾ ਇਹ ਉਪਰ-ਲਿਖਿਆ ਸ਼ਬਦ ਦੇ ਕੇ ਫਿਰ ਲਿਖਦੇ ਹਨ– "ਉਕਤ ਸ਼ਬਦ ਅੰਦਰ ਭਗਤ ਜੀ ਨੇ 'ਅਨਹਤ ਸ਼ਬਦ', ਨਿਉਲੀ ਕਰਮ, ਯੋਗ-ਅੱਭਿਆਸ ਦਾ ਉਪਦੇਸ਼ ਦੇ ਕੇ ਜ਼ੋਰਦਾਰ ਸ਼ਬਦਾਂ ਦੁਆਰਾ ਮੰਡਨ ਕੀਤਾ ਹੈ। ਇਸ ਤੋਂ ਸਾਬਤ ਹੈ ਕਿ ਭਗਤ ਜੀ ਜੋਗ-ਅੱਭਿਆਸ ਤੇ ਵੈਸ਼ਨੋ ਮਤ ਦੇ ਪੱਕੇ ਸ਼ਰਧਾਲੂ ਸਨ। " ਪਰ, ਪਾਠਕ ਸੱਜਣ ਬੇਣੀ ਜੀ ਦੇ ਸ਼ਬਦ ਵਿਚ ਵੇਖ ਆਏ ਹਨ ਕਿ ਨਿਉਲੀ ਕਰਮ ਦਾ ਕੋਈ ਜ਼ਿਕਰ ਨਹੀਂ ਹੈ, ਸਾਡੇ ਵੀਰ ਨੇ ਸ਼ਬਦ ਵਲੋਂ ਉਪਰਾਮਤਾ ਪੈਦਾ ਕਰਨ ਲਈ ਵਧਾ ਕੇ ਗੱਲ ਲਿਖੀ ਹੈ। ਜੋਗ-ਅੱਭਿਆਸ ਦਾ ਭੀ ਭਗਤ ਜੀ ਨੇ ਉਪੇਦਸ਼ ਨਹੀਂ ਕੀਤਾ, ਸਗੋਂ ਖੰਡਨ ਕੀਤਾ ਹੈ ਤੇ ਆਖਿਆ ਹੈ ਕਿ ਪ੍ਰਭੂ-ਮੇਲ ਦੀ ਅਵਸਥਾ ਦੇ ਵਿਚ ਹੀ ਜੋਗ-ਅੱਭਿਆਸ ਤੇ ਤ੍ਰਿਬੇਣੀ ਦਾ ਇਸ਼ਨਾਨ ਆ ਜਾਂਦੇ ਹਨ। ਹੁਣ ਰਿਹਾ ਭਗਤ ਜੀ ਦਾ 'ਅਨਹਤ ਸ਼ਬਦ' ਦਾ ਉਪਦੇਸ਼। ਉਪਰ-ਲਿਖੀ ਗੁਰੂ ਨਾਨਕ ਪਾਤਿਸ਼ਾਹ ਦੀ ਅਸਟਪਦੀ ਪੜ੍ਹੋ; ਸਾਹਿਬ ਆਖਦੇ ਹਨ– "ਵਾਜੈ ਅਨਹਦੁ, ਅਲਿਪਤ ਗੁਫਾ ਮਹਿ ਰਹਹਿ ਨਿਰਾਰੇ, ਅਨਹਦ ਸਬਦੁ ਵਜੈ, ਸੁੰਨ ਸਮਾਧਿ ਸਹਜਿ ਮਨੁ ਰਾਤਾ। " ਕੀ ਸਾਡਾ ਵੀਰ ਗੁਰੂ ਨਾਨਕ ਸਾਹਿਬ ਨੂੰ ਭੀ ਜੋਗ-ਅੱਭਿਆਸ ਤੇ ਵੈਸ਼ਨੋ ਮਤ ਦਾ ਸ਼ਰਧਾਲੂ ਸਮਝ ਲਏਗਾ? ਕਾਹਲੀ ਛੱਡ ਕੇ, ਧੀਰਜ ਨਾਲ ਇਕ ਇਕ ਲਫ਼ਜ਼ ਦੀ ਬਣਤਰ ਸਮਝ ਕੇ, ਉਸ ਸਮੇ ਦੇ ਵਿਆਕਰਣ ਅਨੁਸਾਰ ਲਫ਼ਜ਼ਾਂ ਦੇ ਪਰਸਪਰ ਸੰਬੰਧ ਨੂੰ ਗਹੁ ਨਾਲ ਸਮਝ ਕੇ, ਪੱਖ-ਪਾਤ ਤੋਂ ਉਤਾਂਹ ਹੋ ਕੇ, ਜੇ ਸ਼ਬਦ ਨੂੰ ਪੜ੍ਹਾਂਗੇ, ਤਾਂ ਇਹ ਸ਼ਬਦ ਨਿਰੋਲ ਗੁਰਮਤਿ ਅਨੁਸਾਰ ਦਿੱਸ ਪਏਗਾ। ਭਗਤ ਜੀ ਤਾਂ ਸ਼ੁਰੂ ਵਿਚ ਹੀ 'ਰਹਾਉ' ਦੀਆਂ ਤੁਕਾਂ ਵਿਚ ਆਖਦੇ ਹਨ ਕਿ ਪਰਮਾਤਮਾ ਉਸ ਆਤਮਕ ਅਵਸਥਾ ਵਿਚ ਪਰਗਟ ਹੁੰਦਾ ਹੈ, ਜਿਸ ਅਵਸਥਾ ਦੀ ਸੂਝ ਗੁਰੂ ਦੀ ਸਰਨ ਪਿਆਂ ਮਿਲਦੀ ਹੈ। ਅਖ਼ੀਰਲੀ ਤੁਕ ਵਿਚ ਫਿਰ ਆਖਦੇ ਹਨ ਕਿ "ਗੁਰਮੁਖਿ ਗਿਆਨੁ" ਗੁਰੂ ਤੋਂ ਮਿਲਿਆ ਹੋਇਆ ਗਿਆਨ (ਵਿਕਾਰ) ਦੈਂਤਾਂ ਨੂੰ ਨਾਸ ਕਰ ਦੇਂਦਾ ਹੈ। ਇਹ ਆਖ ਕੇ ਪ੍ਰਭੂ ਤੋਂ ਉਸ ਦੇ ਨਾਮ ਦੀ ਦਾਤਿ ਮੰਗਦੇ ਹਨ। ਅਫ਼ਸੋਸ! ਕਾਹਲੀ ਤੇ ਬੇ-ਪਰਤੀਤੀ ਵਿਚ ਇਸ ਸ਼ਬਦ ਨੂੰ ਪੜ੍ਹ ਕੇ ਮੇਰਾ ਵੀਰ ਕੁਰਾਹੇ ਪੈ ਰਿਹਾ ਹੈ। ਸਾਡਾ ਵੀਰ ਨਿਰਾ ਉਕਾਈ ਨਹੀਂ ਖਾਂਦਾ, ਆਪਣੇ ਆਪ ਨੂੰ ਕੁਝ ਧੋਖਾ ਭੀ ਦੇ ਰਿਹਾ ਹੈ। ਵੇਖੋ, ਭਗਤ ਬੇਣੀ ਜੀ ਦੇ ਬਾਕੀ ਦੋ ਸ਼ਬਦਾਂ ਨੂੰ ਸਾਹਮਣੇ ਪੇਸ਼ ਕਰਨ ਤੋਂ ਬਿਨਾ ਹੀ ਉਹਨਾਂ ਬਾਰੇ ਇਉਂ ਲਿਖਦਾ ਹੈ– "ਭਗਤ ਜੀ ਦੇ ਦੋ ਹੋਰ ਸ਼ਬਦ ਸਿਰੀ ਰਾਗ ਅਤੇ ਪ੍ਰਭਾਤੀ ਰਾਗ ਵਿਚ ਆਏ ਹਨ, ਪਰ ਉਹਨਾਂ ਸ਼ਬਦਾਂ ਤੋਂ ਭੀ ਗੁਰਮਤਿ ਦੇ ਕਿਸੇ ਸਿੱਧਾਂਤ ਉਤੇ ਚਾਨਣਾ ਨਹੀਂ ਪੈਂਦਾ। ਇਸ ਤੋਂ ਸਾਬਤ ਹੋਇਆ ਕਿ ਭਗਤ ਬੇਣੀ ਜੀ ਦੀ ਰਚਨਾ ਗੁਰਮਤਿ ਦਾ ਕੋਈ ਪ੍ਰਚਾਰ ਨਹੀਂ ਕਰਦੀ, ਬਲਕਿ ਗੁਰਮਤਿ ਦੀ ਵਿਰੋਧੀ ਹੈ। " ਰਾਮਕਲੀ ਰਾਗ ਦੇ ਸ਼ਬਦ ਨੂੰ ਤਾਂ ਪਾਠਕ ਪੜ੍ਹ ਹੀ ਚੁਕੇ ਹਨ ਤੇ ਵੇਖ ਚੁਕੇ ਹਨ ਕਿ ਇਹ ਹੂ-ਬ-ਹੂ ਗੁਰ-ਆਸ਼ੇ ਨਾਲ ਮਿਲਦਾ ਹੈ। ਬੇਣੀ ਦਾ ਸਿਰੀ ਰਾਗ ਵਾਲਾ ਸ਼ਬਦ ਪਿੱਛੇ ਵਿਚਾਰਿਆ ਜਾ ਚੁਕਾ ਹੈ। ਅਸੀਂ ਇਥੇ ਸਿਰਫ਼ 'ਰਹਾਉ' ਦਾ ਬੰਦ ਫਿਰ ਦੇ ਦੇਂਦੇ ਹਾਂ। 'ਫਿਰਿ ਪਛੁਤਾਵਹਿਗਾ ਮੂੜਿਆ, ਤੂੰ ਕਵਨ ਕੁਮਤਿ ਭ੍ਰਮਿ ਲਾਗਾ। ਚੇਤਿ ਰਾਮੁ, ਨਾਹੀ ਜਮਪੁਰਿ ਜਾਹਿਗਾ, ਜਨੁ ਬਿਚਰੈ ਅਨਰਾਧਾ"।1। ਰਹਾਉ। ਕਿਉਂ ਵੀਰ! ਪ੍ਰਭੂ ਦਾ ਨਾਮ ਸਿਮਰਨ ਲਈ ਪ੍ਰੇਰਨਾ ਕਰਨੀ ਭੀ ਗੁਰਮਤਿ ਦੇ ਉਲਟ ਹੀ ਹੈ? ਇਹ ਤਾਂ ਵਿਰੋਧਤਾ ਕਰਨ ਦੀ ਸਹੁੰ ਖਾਧੀ ਹੋਈ ਜਾਪਦੀ ਹੈ। ਬੇਣੀ ਜੀ ਦਾ ਅਗਲਾ ਸ਼ਬਦ ਪ੍ਰਭਾਤੀ ਰਾਗ ਵਾਲਾ ਭੀ ਪੜ੍ਹ ਵੇਖਣਾ। ਜਾਤਿ ਦੇ ਬ੍ਰਾਹਮਣ ਬੇਣੀ ਜੀ, ਬ੍ਰਾਹਮਣ ਦੇ ਪਾਏ ਕਰਮ-ਕਾਂਡ ਦੇ ਜਾਲ ਦਾ ਪਾਜ ਹੋਰ ਕਿਹੜੇ ਵਧੀਕ ਸਾਫ਼ ਲਫ਼ਜ਼ਾਂ ਵਿਚ ਖੋਲ੍ਹਦੇ? ਸਾਡੇ ਵੀਰ ਨੇ ਇਹ ਸ਼ਬਦ ਸ਼ਾਇਦ ਪੜ੍ਹਿਆ ਹੀ ਨਹੀਂ। ਹਠ-ਅਧੀਨ ਹੋਇਆਂ ਸਚਾਈ ਤੋਂ ਦੂਰ ਪਰੇ ਜਾ ਪਈਦਾ ਹੈ। |
![]() |
![]() |
![]() |
![]() |
Sri Guru Granth Darpan, by Professor Sahib Singh |