ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 976 ਨਟ ਮਹਲਾ ੪ ॥ ਮੇਰੇ ਮਨ ਜਪਿ ਹਰਿ ਹਰਿ ਨਾਮੁ ਸਖੇ ॥ ਗੁਰ ਪਰਸਾਦੀ ਹਰਿ ਨਾਮੁ ਧਿਆਇਓ ਹਮ ਸਤਿਗੁਰ ਚਰਨ ਪਖੇ ॥੧॥ ਰਹਾਉ ॥ ਊਤਮ ਜਗੰਨਾਥ ਜਗਦੀਸੁਰ ਹਮ ਪਾਪੀ ਸਰਨਿ ਰਖੇ ॥ ਤੁਮ ਵਡ ਪੁਰਖ ਦੀਨ ਦੁਖ ਭੰਜਨ ਹਰਿ ਦੀਓ ਨਾਮੁ ਮੁਖੇ ॥੧॥ ਹਰਿ ਗੁਨ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗਿ ਸਖੇ ॥ ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ ॥੨॥ ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ॥ ਅਵਗਨਿਆਰੇ ਪਾਥਰ ਭਾਰੇ ਹਰਿ ਤਾਰੇ ਸੰਗਿ ਜਨਖੇ ॥੩॥ ਜਿਨ ਕਉ ਤੁਮ ਹਰਿ ਰਾਖਹੁ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ ॥ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸਟ ਤਾਰੇ ਹਰਣਖੇ ॥੪॥੩॥ {ਪੰਨਾ 976} ਪਦ ਅਰਥ: ਮਨ = ਹੇ ਮਨ! ਸਖੇ = ਸਖਾ, ਮਿੱਤਰ। ਪਰਸਾਦੀ = ਕਿਰਪਾ ਨਾਲ, ਪਰਸਾਦਿ। ਪਖੇ = ਧੋਤੇ।1। ਰਹਾਉ। ਜਗੰਨਾਥ = ਹੇ ਜਗਤ ਦੇ ਨਾਥ! ਜਗਦੀਸੁਰ = ਹੇ ਜਗਤ ਦੇ ਈਸ਼੍ਵਰ! ਰਖੇ = ਰੱਖ। ਦੀਨ ਦੁਖ ਭੰਜਨ = ਦੀਨਾਂ ਦੇ ਦੁੱਖਾਂ ਦਾ ਨਾਸ ਕਰਨ ਵਾਲਾ। ਮੁਖੇ = ਮੁਖਿ, ਮੁਖ ਵਿਚ।1। ਸਖੇ ਸੰਗਿ = ਮਿੱਤਰ (ਗੁਰੂ) ਦੇ ਨਾਲ। ਸੰਗਿ = ਨਾਲ। ਬਿਰਖਾ = ਰੁੱਖ। ਬਸਖੇ = ਵੱਸ ਪੈਂਦੇ ਹਨ।2। ਬਿਖਿਆ = ਮਾਇਆ। ਬਿਖੈ = ਵਿਸ਼ਿਆਂ ਦੇ। ਨਿਮਖ = ਅੱਖ ਝਮਕਣ ਜਿਤਨਾ ਸਮਾ। ਖੇ = ਕੇ, ਦੇ। ਸੰਗਿ ਜਨ ਖੇ = ਸੰਤ ਜਨਾਂ ਦੀ ਸੰਗਤਿ ਵਿਚ।3। ਕ੍ਰਿਖੇ = ਖਿੱਚੇ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਪ੍ਰਭ = ਹੇ ਪ੍ਰਭੂ! ਦੁਸਟ = ਭੈੜੇ ਬੰਦੇ। ਹਰਣਖੇ = ਹਰਣਾਖਸ਼।4। ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਹਰਿ-ਨਾਮਿ ਹੀ ਅਸਲ) ਮਿੱਤਰ ਹੈ। (ਪਰ ਜਿਸ ਨੇ ਭੀ) ਪਰਮਾਤਮਾ ਦਾ ਨਾਮ (ਜਪਿਆ ਹੈ) ਗੁਰੂ ਦੀ ਕਿਰਪਾ ਨਾਲ ਹੀ ਜਪਿਆ ਹੈ। (ਇਸ ਵਾਸਤੇ) ਮੈਂ ਭੀ ਸਤਿਗੁਰੂ ਦੇ ਚਰਨ ਹੀ ਧੋਂਦਾ ਹਾਂ (ਗੁਰੂ ਦੀ ਸਰਨ ਹੀ ਪਿਆ ਹਾਂ) ।1। ਰਹਾਉ। ਹੇ ਸਭ ਤੋਂ ਸ੍ਰੇਸ਼ਟ! ਹੇ ਜਗਤ ਦੇ ਨਾਥ! ਹੇ ਜਗਤ ਈਸ਼੍ਵਰ! ਮੈਂ ਪਾਪੀ ਹਾਂ, ਪਰ ਤੇਰੀ ਸਰਨ ਆ ਪਿਆ ਹਾਂ, ਮੇਰੀ ਰੱਖਿਆ ਕਰ। ਤੂੰ ਵੱਡਾ ਪੁਰਖ ਹੈਂ, ਤੂੰ ਦੀਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ। ਹੇ ਹਰੀ! (ਜਿਸ ਉਤੇ ਤੂੰ ਮਿਹਰ ਕਰਦਾ ਹੈਂ, ਉਸ ਦੇ) ਮੂੰਹ ਵਿਚ ਤੂੰ ਆਪਣਾ ਨਾਮ ਦੇਂਦਾ ਹੈਂ।1। ਹੇ ਭਾਈ! ਪਰਮਾਤਮਾ ਦੇ ਗੁਣ ਬਹੁਤ ਉੱਚੇ ਹਨ, ਅਸੀਂ ਜੀਵ ਨੀਵੇਂ ਹਾਂ। ਪਰ ਗੁਰੂ ਸਤਿਗੁਰ ਮਿੱਤਰ ਦੀ ਸੰਗਤਿ ਵਿਚ ਮੈਂ ਪ੍ਰਭੂ ਦੇ ਗੁਣ ਗਾਂਦਾ ਹਾਂ। ਜਿਵੇਂ (ਜੇ) ਚੰਦਨ ਦੇ ਨਾਲ ਨਿੰਮ (ਦਾ) ਰੁੱਖ ਉਗਿਆ ਹੋਇਆ ਹੋਵੇ, ਤਾਂ ਉਸ ਵਿਚ ਚੰਦਨ ਦੇ ਗੁਣ ਆ ਵੱਸਦੇ ਹਨ (ਤਿਵੇਂ ਮੇਰਾ ਹਾਲ ਹੋਇਆ ਹੈ) ।2। ਹੇ ਭਾਈ! ਅਸੀਂ ਜੀਵ ਮਾਇਆ ਦੇ ਵਿਸ਼ਿਆਂ ਦੇ ਵਿਕਾਰ ਅਨੇਕਾਂ ਵਾਰੀ ਘੜੀ ਮੁੜੀ ਕਰਦੇ ਰਹਿੰਦੇ ਹਾਂ। ਅਸੀਂ ਔਗੁਣਾਂ ਨਾਲ ਇਤਨੇ ਭਰ ਜਾਂਦੇ ਹਾਂ ਕਿ (ਮਾਨੋ) ਪੱਥਰ ਬਣ ਜਾਂਦੇ ਹਾਂ। ਪਰ ਪਰਮਾਤਮਾ ਆਪਣੇ ਸੰਤ ਜਨਾਂ ਦੀ ਸੰਗਤਿ ਵਿਚ (ਮਹਾਂ ਪਾਪੀਆਂ ਨੂੰ ਭੀ) ਤਾਰ ਲੈਂਦਾ ਹੈ।3। ਹੇ ਹਰੀ! ਹੇ ਸੁਆਮੀ! ਜਿਨ੍ਹਾਂ ਦੀ ਤੂੰ ਰੱਖਿਆ ਕਰਦਾ ਹੈਂ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਹੇ ਦਇਆ ਦੇ ਸੋਮੇ ਪ੍ਰਭੂ! ਹੇ ਦਾਸ ਨਾਨਕ ਦੇ ਸੁਆਮੀ! ਤੂੰ ਹਰਣਾਖਸ਼ ਵਰਗੇ ਦੁਸ਼ਟਾਂ ਨੂੰ ਭੀ ਤਾਰ ਦੇਂਦਾ ਹੈਂ।4।3। ਨਟ ਮਹਲਾ ੪ ॥ ਮੇਰੇ ਮਨ ਜਪਿ ਹਰਿ ਹਰਿ ਰਾਮ ਰੰਗੇ ॥ ਹਰਿ ਹਰਿ ਕ੍ਰਿਪਾ ਕਰੀ ਜਗਦੀਸੁਰਿ ਹਰਿ ਧਿਆਇਓ ਜਨ ਪਗਿ ਲਗੇ ॥੧॥ ਰਹਾਉ ॥ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ॥ ਤੁਮ ਸਰਣਾਗਤਿ ਪ੍ਰਤਿਪਾਲਕ ਸੁਆਮੀ ਹਮ ਰਾਖਹੁ ਵਡ ਪਾਪਗੇ ॥੧॥ ਤੁਮਰੀ ਸੰਗਤਿ ਹਰਿ ਕੋ ਕੋ ਨ ਉਧਰਿਓ ਪ੍ਰਭ ਕੀਏ ਪਤਿਤ ਪਵਗੇ ॥ ਗੁਨ ਗਾਵਤ ਛੀਪਾ ਦੁਸਟਾਰਿਓ ਪ੍ਰਭਿ ਰਾਖੀ ਪੈਜ ਜਨਗੇ ॥੨॥ ਜੋ ਤੁਮਰੇ ਗੁਨ ਗਾਵਹਿ ਸੁਆਮੀ ਹਉ ਬਲਿ ਬਲਿ ਬਲਿ ਤਿਨਗੇ ॥ ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ ॥੩॥ ਤੁਮਰੇ ਗੁਨ ਪ੍ਰਭ ਕਹਿ ਨ ਸਕਹਿ ਹਮ ਤੁਮ ਵਡ ਵਡ ਪੁਰਖ ਵਡਗੇ ॥ ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਹਮ ਸੇਵਹ ਤੁਮ ਜਨ ਪਗੇ ॥੪॥੪॥ {ਪੰਨਾ 976} ਪਦ ਅਰਥ: ਮਨ = ਹੇ ਮਨ! ਰੰਗੇ = ਰੰਗਿ, ਪ੍ਰੇਮ ਨਾਲ। ਜਗਦੀਸੁਰਿ = ਜਗਦੀਸੁਰ ਨੇ, ਜਗਤ ਦੇ ਈਸ਼੍ਵਰ ਨੇ। ਜਨ ਪਗਿ = ਸੰਤ ਜਨਾਂ ਦੇ ਚਰਨ ਵਿਚ, ਸੰਤ ਜਨਾਂ ਦੀ ਸਰਨ ਵਿਚ। ਲਗੇ = ਲਗਿ, ਲੱਗ ਕੇ, ਪੈ ਕੇ।1। ਰਹਾਉ। ਭੂਲ ਚੂਕ = ਭੁੱਲਾਂ ਚੁੱਕਾਂ, ਗ਼ਲਤੀਆਂ। ਪ੍ਰਭ = ਹੇ ਪ੍ਰਭੂ! ਸਰਣਾਗਤਿ ਪ੍ਰਤਿਪਾਲਕ = ਸਰਨ ਪਿਆਂ ਦੀ ਪਾਲਨਾ ਕਰਨ ਵਾਲੇ। ਹਮ ਵਡ ਪਾਪਗੇ = ਸਾਨੂੰ ਵੱਡੇ ਪਾਪੀਆਂ ਨੂੰ।1। ਕੋ ਕੋ ਨ = ਕੌਣ ਕੌਣ ਨਹੀਂ? ਸਾਰੇ ਹੀ। ਪ੍ਰਭ = ਹੇ ਪ੍ਰਭੂ! ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਵਗੇ = ਪਵਿੱਤਰ। ਛੀਪਾ = ਜਾਤਿ ਦਾ ਛੀਂਬਾ ਨਾਮਦੇਵ। ਦੁਸਟਾਰਿਓ = ਦੁਸ਼ਟ ਆਖ ਕੇ ਦੁਰਕਾਰਿਆ। ਪ੍ਰਭਿ = ਪ੍ਰਭੂ ਨੇ। ਪੈਜ = ਲਾਜ, ਇੱਜ਼ਤ। ਜਨਗੇ = (ਆਪਣੇ) ਦਾਸ ਦੀ।2। ਗਾਵਹਿ = ਗਾਂਦੇ ਹਨ {ਬਹੁ-ਵਚਨ}। ਹਉ = ਮੈਂ। ਬਲਿ = ਸਦਕੇ। ਤਿਨਗੇ = ਉਹਨਾਂ ਤੋਂ। ਭਵਨ = ਘਰ। ਸਭਿ = ਸਾਰੇ। ਜਹ = ਜਿੱਥੇ। ਧੂਰਿ ਜਨ ਪਗੇ = ਸੰਤ ਜਨਾਂ ਦੇ ਪੈਰਾਂ ਦੀ ਧੂੜ।3। ਕਉ = ਨੂੰ। ਪ੍ਰਭ = ਹੇ ਪ੍ਰਭੂ! ਸੇਵਹ = ਅਸੀਂ ਸੇਵਾ ਕਰੀਏ {ਵਰਤਮਾਨ ਕਾਲ ਉੱਤਮ ਪੁਰਖ, ਬਹੁ-ਵਚਨ}। ਤੁਮ ਜਨ ਪਗੇ = ਤੇਰੇ ਜਨਾਂ ਦੇ ਚਰਨ।4। ਅਰਥ: ਹੇ ਮੇਰੇ ਮਨ! ਪਿਆਰ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ। ਹੇ ਮਨ! ਜਿਸ ਮਨੁੱਖ ਉਤੇ ਜਗਤ ਦੇ ਮਾਲਕ ਪ੍ਰਭੂ ਨੇ ਕਿਰਪਾ ਕੀਤੀ, ਉਸ ਨੇ ਸੰਤ ਜਨਾਂ ਦੀ ਚਰਨੀਂ ਲੱਗ ਕੇ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ।1। ਰਹਾਉ। ਹੇ ਪ੍ਰਭੂ! ਅਸੀਂ ਅਨੇਕਾਂ ਜਨਮਾਂ ਤੋਂ ਗ਼ਲਤੀਆਂ ਕਰਦੇ ਆ ਰਹੇ ਹਾਂ, ਹੁਣ ਅਸੀਂ ਤੇਰੀ ਸਰਨ ਆਏ ਹਾਂ। ਹੇ ਸੁਆਮੀ! ਤੂੰ ਸਰਨ ਪਿਆਂ ਦੀ ਪਾਲਣਾ ਕਰਨ ਵਾਲਾ ਹੈਂ, ਅਸਾਡੀ ਪਾਪੀਆਂ ਦੀ ਭੀ ਰੱਖਿਆ ਕਰ।1। ਹੇ ਪ੍ਰਭੂ! ਜਿਹੜਾ ਭੀ ਤੇਰੀ ਸੰਗਤਿ ਵਿਚ ਆਇਆ, ਉਹੀ (ਪਾਪਾਂ ਵਿਕਾਰਾਂ ਤੋਂ) ਬਚ ਨਿਕਲਿਆ, ਤੂੰ ਪਾਪਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈਂ। (ਹੇ ਭਾਈ!) ਪ੍ਰਭੂ ਦੇ ਗੁਣ ਗਾ ਰਹੇ (ਨਾਮਦੇਵ) ਛੀਂਬੇ ਨੂੰ (ਬ੍ਰਾਹਮਣਾਂ ਨੇ) ਦੁਸ਼ਟ ਦੁਸ਼ਟ ਆਖ ਕੇ ਦੁਰਕਾਰਿਆ, ਪਰ ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ।2। ਹੇ ਸੁਆਮੀ! ਜਿਹੜੇ ਭੀ ਮਨੁੱਖ ਤੇਰੇ ਗੁਣ ਗਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। ਹੇ ਪ੍ਰਭੂ! ਜਿੱਥੇ ਜਿੱਥੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਲੱਗ ਗਈ, ਤੂੰ ਉਹ ਸਾਰੇ ਥਾਂ ਪਵਿੱਤਰ ਕਰ ਦਿੱਤੇ।3। ਹੇ ਪ੍ਰਭੂ! ਤੂੰ ਵੱਡਾ ਹੈਂ, ਤੂੰ ਬਹੁਤ ਵੱਡਾ ਅਕਾਲ ਪੁਰਖ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ। ਹੇ ਪ੍ਰਭੂ! ਆਪਣੇ ਸੇਵਕ ਨਾਨਕ ਉਤੇ ਮਿਹਰ ਕਰ, ਤਾਂ ਕਿ ਮੈਂ ਭੀ ਤੇਰੇ ਸੇਵਕਾਂ ਦੇ ਚਰਨਾਂ ਦੀ ਸੇਵਾ ਕਰ ਸਕਾਂ।4। 4। ਨਟ ਮਹਲਾ ੪ ॥ ਮੇਰੇ ਮਨ ਜਪਿ ਹਰਿ ਹਰਿ ਨਾਮੁ ਮਨੇ ॥ ਜਗੰਨਾਥਿ ਕਿਰਪਾ ਪ੍ਰਭਿ ਧਾਰੀ ਮਤਿ ਗੁਰਮਤਿ ਨਾਮ ਬਨੇ ॥੧॥ ਰਹਾਉ ॥ ਹਰਿ ਜਨ ਹਰਿ ਜਸੁ ਹਰਿ ਹਰਿ ਗਾਇਓ ਉਪਦੇਸਿ ਗੁਰੂ ਗੁਰ ਸੁਨੇ ॥ ਕਿਲਬਿਖ ਪਾਪ ਨਾਮ ਹਰਿ ਕਾਟੇ ਜਿਵ ਖੇਤ ਕ੍ਰਿਸਾਨਿ ਲੁਨੇ ॥੧॥ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨਹੁ ਹਮ ਕਹਿ ਨ ਸਕਹਿ ਹਰਿ ਗੁਨੇ ॥ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਨ ਜਾਨਹੁ ਪ੍ਰਭ ਅਪੁਨੇ ॥੨॥ ਮਾਇਆ ਫਾਸ ਬੰਧ ਬਹੁ ਬੰਧੇ ਹਰਿ ਜਪਿਓ ਖੁਲ ਖੁਲਨੇ ॥ ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ ॥੩॥ ਸੁਆਮੀ ਪਾਰਬ੍ਰਹਮ ਪਰਮੇਸਰੁ ਤੁਮ ਖੋਜਹੁ ਜੁਗ ਜੁਗਨੇ ॥ ਤੁਮਰੀ ਥਾਹ ਪਾਈ ਨਹੀ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ ॥੪॥੫॥ {ਪੰਨਾ 976} ਪਦ ਅਰਥ: ਮਨੇ = ਮਨਿ, ਮਨ ਵਿਚ। ਜਗੰਨਾਥਿ = ਜਗਤ ਦੇ ਨਾਥ ਨੇ। ਪ੍ਰਭਿ = ਪ੍ਰਭੂ ਨੇ। ਗੁਰਮਤਿ = ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ। ਮਤਿ ਨਾਮ ਬਨੇ = ਮਤਿ ਨਾਮ ਬਨੀ, (ਉਸ ਦੀ) ਮਤਿ ਨਾਮ ਜਪਣ ਵਾਲੀ ਬਣ ਗਈ।1। ਰਹਾਉ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਉਪਦੇਸਿ = ਉਪਦੇਸ ਦੀ ਰਾਹੀਂ। ਗੁਰ ਸੁਨੇ = (ਗੁਰ ਉਪਦੇਸ਼) ਸੁਨਿ, ਗੁਰੂ ਦਾ ਉਪਦੇਸ ਸੁਣ ਕੇ। ਕਿਲਬਿਖ = ਪਾਪ। ਜਿਵ = ਜਿਵੇਂ। ਕ੍ਰਿਸਾਨਿ = ਕਿਸਾਨ ਨੇ। ਲੁਨੇ = ਕੱਟੇ।1। ਉਪਮਾ = ਵਡਿਆਈ। ਪ੍ਰਭ = ਹੇ ਪ੍ਰਭੂ! ਗੁਨੇ = ਗੁਣ। ਜਾਨਹੁ = ਤੁਸੀ ਜਾਣਦੇ ਹੋ।2। ਫਾਸ = ਫਾਹੀਆਂ। ਬੰਧ = ਬੰਧਨ। ਬੰਧੇ = ਬੱਝੇ ਹੋਏ। ਖੁਲ ਖੁਲਨੇ = ਪੂਰੇ ਤੌਰ ਤੇ ਖੁਲ੍ਹ ਗਏ। ਕੁੰਚਰੁ = ਹਾਥੀ, ਗਜ {ਉਹ ਗੰਧਰਬ ਜੋ ਸਰਾਪ ਨਾਲ ਹਾਥੀ ਬਣ ਗਿਆ ਸੀ}। ਤਦੂਐ = ਤੰਦੂਏ ਨੇ। ਮੋਖ ਮੁਖਨੇ = ਉਸ ਦੀ ਖ਼ਲਾਸੀ ਹੋ ਗਈ।3। ਤੁਮ ਖੋਜਹੁ = ਤੁਸੀ ਖੋਜੇ ਜਾ ਰਹੇ ਹੋ, ਤੁਹਾਡੀ ਖੋਜ ਕੀਤੀ ਜਾ ਰਹੀ ਹੈ। ਜੁਗ ਜੁਗਨੇ = ਜੁਗਾਂ ਜੁਗਾਂ ਤੋਂ। ਥਾਹ = ਡੂੰਘਾਈ, ਹਾਥ। ਨਹੀ ਪਾਵੈ = ਕੋਈ ਨਹੀਂ ਪਾ ਸਕਦਾ। ਵਡਨੇ = ਵੱਡੇ।4। ਅਰਥ: ਹੇ ਮੇਰੇ ਮਨ! ਆਪਣੇ ਅੰਦਰ (ਇਕਾਗ੍ਰ ਹੋ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ਜਗਤ ਦੇ ਨਾਥ ਪ੍ਰਭੂ ਨੇ ਜਿਸ ਜੀਵ ਉਤੇ ਮਿਹਰ ਕੀਤੀ, ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਮਤਿ ਨਾਮ ਜਪਣ ਵਾਲੀ ਬਣ ਗਈ।1। ਰਹਾਉ। ਹੇ ਮੇਰੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ, ਗੁਰੂ (ਦਾ ਉਪਦੇਸ਼) ਸੁਣ ਕੇ, ਜਿਨ੍ਹਾਂ ਜਨਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕੀਤਾ, ਪਰਮਾਤਮਾ ਦੇ ਨਾਮ ਨੇ ਉਹਨਾਂ ਦੇ ਸਾਰੇ ਪਾਪ ਵਿਕਾਰ (ਇਉਂ) ਕੱਟ ਦਿੱਤੇ, ਜਿਵੇਂ ਕਿਸਾਨ ਨੇ ਆਪਣੇ ਖੇਤ ਕੱਟੇ ਹੁੰਦੇ ਹਨ।1। ਹੇ ਪ੍ਰਭੂ! ਹੇ ਹਰੀ! ਤੇਰੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ। ਹੇ ਪ੍ਰਭੂ! ਜਿਹੋ ਜਿਹਾ ਤੂੰ ਹੈਂ ਇਹੋ ਜਿਹਾ ਤੂੰ ਆਪ ਹੀ ਹੈਂ; ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ।2। ਹੇ ਮੇਰੇ ਮਨ! ਜੀਵ ਮਾਇਆ ਦੇ ਮੋਹ ਦੀਆਂ ਫਾਹੀਆਂ, ਮਾਇਆ ਦੇ ਮੋਹ ਦੇ ਬੰਧਨਾਂ ਵਿਚ ਬਹੁਤ ਬੱਝੇ ਰਹਿੰਦੇ ਹਨ। ਹੇ ਮਨ! ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਬੰਧਨਾਂ ਖੁਲ੍ਹ ਗਏ; ਜਿਵੇਂ ਤੰਦੂਏ ਨੇ ਹਾਥੀ ਨੂੰ ਪਾਣੀ ਵਿਚ (ਆਪਣੀਆਂ ਤਾਰਾਂ ਨਾਲ) ਬੰਨ੍ਹ ਲਿਆ ਸੀ, (ਹਾਥੀ ਨੇ) ਪਰਮਾਤਮਾ ਨੂੰ ਯਾਦ ਕੀਤਾ, (ਤੰਦੂਏ ਤੋਂ) ਉਸ ਦੀ ਖ਼ਲਾਸੀ ਹੋ ਗਈ।3। ਹੇ ਮੇਰੇ ਸੁਆਮੀ! ਹੇ ਪਾਰਬ੍ਰਹਮ! ਤੂੰ ਸਭ ਤੋਂ ਵੱਡਾ ਮਾਲਕ ਹੈਂ। ਜੁਗਾਂ ਜੁਗਾਂ ਤੋਂ ਤੇਰੀ ਭਾਲ ਹੁੰਦੀ ਆ ਰਹੀ ਹੈ। ਪਰ, ਹੇ ਦਾਸ ਦੇ ਵੱਡੇ ਪ੍ਰਭੂ! ਕਿਸੇ ਨੇ ਭੀ ਤੇਰੇ ਗੁਣਾਂ ਦੀ ਹਾਥ ਨਹੀਂ ਲੱਭੀ, ਕਈ ਨਹੀਂ ਲੱਭ ਸਕਦਾ।4।5। ਨਟ ਮਹਲਾ ੪ ॥ ਮੇਰੇ ਮਨ ਕਲਿ ਕੀਰਤਿ ਹਰਿ ਪ੍ਰਵਣੇ ॥ ਹਰਿ ਹਰਿ ਦਇਆਲਿ ਦਇਆ ਪ੍ਰਭ ਧਾਰੀ ਲਗਿ ਸਤਿਗੁਰ ਹਰਿ ਜਪਣੇ ॥੧॥ ਰਹਾਉ ॥ ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ ਧਿਆਵਹਿ ਹਰਿ ਰੁੜਣੇ ॥ ਜਿਨ ਕਉ ਤੁਮ੍ਹ੍ਹਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ ॥੧॥ ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥ ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥ ਜੋ ਪ੍ਰਭ ਕੀਆ ਸੁ ਤੁਮ ਹੀ ਜਾਨਹੁ ਹਮ ਨਹ ਜਾਣੀ ਹਰਿ ਗਹਣੇ ॥ ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥੩॥ ਤੁਮ ਜਲ ਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ ਫਲਣੇ ॥ ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥ {ਪੰਨਾ 976-977} ਪਦ ਅਰਥ: ਮਨ = ਹੇ ਮਨ! ਕਲਿ = ਕਲਿਜੁਗ ਵਿਚ, ਜਗਤ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਪ੍ਰਵਣੇ = ਪਰਵਾਨ, ਕਬੂਲ। ਦਇਆਲਿ ਪ੍ਰਭ = ਪ੍ਰਭੂ ਦਇਆਲ ਨੇ। ਲਗਿ ਸਤਿਗੁਰ = ਗੁਰੂ (ਦੀ ਚਰਨੀਂ) ਲੱਗ ਕੇ।1। ਰਹਾਉ। ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਸਭਿ = ਸਾਰੇ (ਜੀਵ) । ਰੁੜਣੇ = ਰੂੜ, ਸੁੰਦਰ। ਜਿਨ ਕਉ = ਜਿਨ੍ਹਾਂ ਜੀਵਾਂ ਉਤੇ। ਕਟਾਖ = ਨਿਗਾਹ, ਨਜ਼ਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਪਰਪੰਚੁ = ਜਗਤ-ਰਚਨਾ। ਸਭੁ = (ਇਸ ਵਿਚ) ਹਰ ਥਾਂ। ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ। ਜੁਗਣੇ = ਜੁੜਿਆ ਹੋਇਆ ਹੈ, ਮਿਲਿਆ ਹੋਇਆ ਹੈ। ਸਲਲੈ = ਪਾਣੀ ਵਿਚ। ਸਲਲ ਲਹਰੀ = ਪਾਣੀ ਦੀਆਂ ਲਹਿਰਾਂ। ਉਠਹਿ = ਉਠਦੀਆਂ ਹਨ {ਬਹੁ-ਵਚਨ}। ਮਿਲਿ = ਮਿਲ ਕੇ। ਸਲਲ ਸਮਣੇ = ਪਾਣੀ ਵਿਚ ਸਮਾ ਜਾਂਦੀਆਂ ਹਨ।2। ਪ੍ਰਭ = ਹੇ ਪ੍ਰਭੂ! ਗਹਣੇ = ਡੂੰਘੀ ਅਵਸਥਾ, ਡੂੰਘਾਈ। ਬਾਰਿਕ = ਬੱਚੇ। ਰਿਦ = ਹਿਰਦੇ ਵਿਚ। ਉਸਤਤਿ = ਸਿਫ਼ਤਿ-ਸਾਲਾਹ। ਧਾਰਹੁ = ਟਿਕਾਓ। ਕਰਹ = ਅਸੀਂ ਕਰੀਏ।3। ਜਲਨਿਧਿ = ਸਮੁੰਦਰ, ਪਾਣੀ ਦਾ ਖ਼ਜ਼ਾਨਾ। ਮਾਨਸਰੋਵਰ = ਉਹ ਝੀਲ ਜਿਸ ਉਤੇ ਹੰਸ ਰਹਿੰਦੇ ਮੰਨੇ ਜਾਂਦੇ ਹਨ ਤੇ ਜਿਸ ਵਿਚੋਂ ਮੋਤੀ ਨਿਕਲਦੇ ਮੰਨੇ ਗਏ ਹਨ। ਸਭ ਫਲਣੇ = ਸਾਰੇ ਫਲ। ਬਾਂਛੈ = ਮੰਗਦਾ ਹੈ। ਕ੍ਰਿਪਣੇ = ਕਿਰਪਾ (ਕਰ ਕੇ) ।4। ਅਰਥ: ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ (ਕਰਿਆ ਕਰ) , ਮਨੁੱਖਾ ਜ਼ਿੰਦਗੀ ਦਾ (ਇਹੀ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ। (ਪਰ, ਹੇ ਮਨ! ਜਿਸ ਮਨੁੱਖ ਉੱਤੇ) ਦਇਆਲ ਪ੍ਰਭੂ ਨੇ ਮਿਹਰ ਕੀਤੀ, ਉਸ ਨੇ ਹੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਜਪਿਆ ਹੈ।1। ਰਹਾਉ। ਹੇ ਹਰੀ! ਤੂੰ ਬਹੁਤ ਅਪਹੁੰਚ ਹੈਂ, ਮਨੁੱਖ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ। ਹੇ ਸੁਆਮੀ! ਸਾਰੇ ਜੀਵ ਤੈਨੂੰ ਸੁੰਦਰ-ਸਰੂਪ ਨੂੰ ਸਿਮਰਦੇ ਹਨ। ਹੇ ਹਰੀ! ਜਿਨ੍ਹਾਂ ਉਤੇ ਤੇਰੀ ਬਹੁਤ ਮਿਹਰ ਦੀ ਨਿਗਾਹ ਹੈ, ਉਹ ਬੰਦੇ ਗੁਰੂ ਦੀ ਸਰਨ ਪੈ ਕੇ ਤੈਨੂੰ ਸਿਮਰਦੇ ਹਨ।1। ਇਹ ਜਗਤ-ਰਚਨਾ-ਸੁਆਮੀ ਪ੍ਰਭੂ ਨੇ ਆਪ ਹੀ ਕੀਤੀ ਹੈ, (ਇਸ ਵਿਚ) ਹਰ ਥਾਂ ਜਗਤ ਦਾ ਜੀਵਨ-ਪ੍ਰਭੂ ਆਪ ਹੀ ਵਿਆਪਕ ਹੈ। ਜਿਵੇਂ ਪਾਣੀ ਵਿਚ ਪਾਣੀ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ, ਤੇ ਉਹ ਪਾਣੀ ਵਿਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ।2। ਹੇ ਪ੍ਰਭੂ! ਜਿਹੜਾ (ਇਹ ਪਰਪੰਚ) ਤੂੰ ਬਣਾਇਆ ਹੈ ਇਸ ਨੂੰ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੀ ਡੂੰਘਾਈ ਨਹੀਂ ਸਮਝ ਸਕਦੇ। ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਅਸਾਡੇ ਹਿਰਦੇ ਵਿਚ ਆਪਣੀ ਸਿਫ਼ਤਿ-ਸਾਲਾਹ ਟਿਕਾ ਰੱਖ, ਤਾ ਕਿ ਅਸੀਂ ਤੇਰਾ ਸਿਮਰਨ ਕਰਦੇ ਰਹੀਏ।3। ਹੇ ਪ੍ਰਭੂ! ਤੂੰ (ਸਭ ਖ਼ਜ਼ਾਨਿਆਂ ਦਾ) ਸਮੁੰਦਰ ਹੈਂ, ਤੂੰ (ਸਭ ਅਮੋਲਕ ਪਦਾਰਥਾਂ ਨਾਲ ਭਰਿਆ) ਮਾਨਸਰੋਵਰ ਹੈਂ। ਜਿਹੜਾ ਮਨੁੱਖ ਤੇਰੀ ਸੇਵਾ-ਭਗਤੀ ਕਰਦਾ ਹੈ ਉਸ ਨੂੰ ਸਾਰੇ ਫਲ ਮਿਲ ਜਾਂਦੇ ਹਨ। ਹੇ ਹਰੀ! ਤੇਰਾ ਦਾਸ ਨਾਨਕ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ, ਦਇਆ ਕਰ ਕੇ ਇਹ ਦਾਤਿ ਦੇਹ।4।6। |
Sri Guru Granth Darpan, by Professor Sahib Singh |