ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 977 ਨਟ ਨਾਰਾਇਨ ਮਹਲਾ ੪ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਮੇਰੇ ਮਨ ਸੇਵ ਸਫਲ ਹਰਿ ਘਾਲ ॥ ਲੇ ਗੁਰ ਪਗ ਰੇਨ ਰਵਾਲ ॥ ਸਭਿ ਦਾਲਿਦ ਭੰਜਿ ਦੁਖ ਦਾਲ ॥ ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥ ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥ ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥੧॥ ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥ ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥ {ਪੰਨਾ 977} ਪੜਤਾਲ = {pthqwl। ਪਟਹ = ਢੋਲ। } ਪਦ ਅਰਥ: ਮਨ = ਹੇ ਮਨ! ਸੇਵ ਹਰਿ = ਹਰੀ ਦੀ ਸੇਵਾ-ਭਗਤੀ (ਕਰ) । ਘਾਲ = ਮਿਹਨਤ। ਸਫਲ = ਫਲ ਦੇਣ ਵਾਲੀ ਹੈ। ਲੇ = ਲੈ, (ਆਪਣੇ ਮੱਥੇ ਉਤੇ ਲਾ) ਲੈ। ਗੁਰ ਪਗ ਰੇਨ = ਗੁਰੂ ਦੇ ਚਰਨਾਂ ਦੀ ਧੂੜ। ਗੁਰ ਪਗ ਰਵਾਲ = ਗੁਰੂ ਦੇ ਕਦਮਾਂ ਦੀ ਖ਼ਾਕ। ਸਭਿ = ਸਾਰੇ। ਦਾਲਿਦ = ਦਰਿੱਦਰ। ਭੰਜਿ = ਨਾਸ ਕਰ ਲੈ। ਦਾਲ = ਦਲ ਦੇਣ ਵਾਲੀ। ਹੋ ਹੋ ਹੋ = ਹੇ ਮਨ! ਹੇ ਮਨ! ਹੇ ਮਨ! ਨਦਰਿ = ਮਿਹਰ ਦੀ ਨਿਗਾਹ। ਨਿਹਾਲ = ਪ੍ਰਸੰਨ।1। ਰਹਾਉ। ਗ੍ਰਿਹੁ = (ਸਰੀਰ-) ਘਰ। ਸਵਾਰਿਓ = ਸਜਾਇਆ। ਰੰਗ ਮਹਲ = ਖ਼ੁਸ਼ੀਆਂ ਮਾਣਨ ਦਾ ਟਿਕਾਣਾ। ਲਾਲ = ਪਿਆਰਾ। ਕਰੀ = ਕੀਤੀ। ਗ੍ਰਿਹਿ = ਘਰ ਵਿਚ। ਬਸੀਠੀ = ਵਿਚੋਲਾ-ਪਨ। ਦੇਖਿ = ਵੇਖ ਕੇ।1। ਗੁਰਿ = ਗੁਰੂ ਦੀ ਰਾਹੀਂ। ਪਾਈ = ਪ੍ਰਾਪਤ ਕੀਤੀ। ਮਨਿ = ਮਨ ਵਿਚ। ਤਨਿ = ਤਨ ਵਿਚ। ਆਨਦੋ ਆਨੰਦ = ਖ਼ੁਸ਼ੀਆਂ ਹੀ ਖ਼ੁਸ਼ੀਆਂ। ਜਨੁ = ਦਾਸ। ਮਿਲੇ = ਮਿਲਿ, ਮਿਲ ਕੇ। ਗਲਤਾਨ ਹਾਲ = ਮਸਤ ਹਾਲਤ ਵਾਲਾ, ਹਰ ਵੇਲੇ ਮਸਤ।2। ਅਰਥ: ਹੇ ਮੇਰੇ ਮਨ! ਪਰਮਾਤਮਾ ਦੀ ਸੇਵਾ-ਭਗਤੀ (ਕਰ, ਇਹ) ਮਿਹਨਤ ਫਲ ਦੇਣ ਵਾਲੀ ਹੈ। ਗੁਰੂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ ਮੱਥੇ ਉੱਤੇ ਲਾ, ਇਸ ਤਰ੍ਹਾਂ ਆਪਣੇ) ਸਾਰੇ ਦਰਿੱਦਰ ਨਾਸ ਕਰ ਲੈ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਦੁੱਖਾਂ ਦੇ ਦਲਣ ਵਾਲੀ ਹੈ। ਹੇ ਮਨ! ਹੇ ਮਨ! ਹੇ ਮਨ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਨਿਹਾਲ ਹੋ ਜਾਈਦਾ ਹੈ।1। ਰਹਾਉ। ਹੇ ਭਾਈ! (ਇਹ ਮਨੁੱਖਾ ਸਰੀਰ) ਪਰਮਾਤਮਾ ਦਾ ਘਰ ਹੈ, ਪਰਮਾਤਮਾ ਨੇ ਆਪ ਇਸ ਨੂੰ ਸਜਾਇਆ ਹੈ, ਉਸ ਬੇਅੰਤ ਅਤੇ ਅੱਤ ਸੋਹਣੇ ਪ੍ਰਭੂ ਦਾ (ਇਹ ਮਨੁੱਖਾ ਸਰੀਰ) ਰੰਗ-ਮਹਲ ਹੈ। ਹੇ ਭਾਈ! ਜਿਸ ਉੱਤੇ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, (ਉਸ ਦੇ ਹਿਰਦੇ-) ਘਰ ਵਿਚ ਉਹ ਆਪ ਆ ਵੱਸਦਾ ਹੈ। ਹੇ ਭਾਈ! ਮੈਂ ਉਸ ਪਰਮਾਤਮਾ ਦੇ ਮਿਲਾਪ ਲਈ ਗੁਰੂ ਦਾ ਵਿਚੋਲਾ-ਪਨ ਕੀਤਾ ਹੈ (ਗੁਰੂ ਨੂੰ ਵਿਚੋਲਾ ਬਣਾਇਆ ਹੈ, ਗੁਰੂ ਦੀ ਸਰਨ ਲਈ ਹੈ। ਗੁਰੂ ਦੀ ਕਿਰਪਾ ਨਾਲ) ਉਸ ਹਰੀ ਨੂੰ ਵੇਖ ਕੇ ਨਿਹਾਲ ਹੋ ਗਈ ਹਾਂ, ਬਹੁਤ ਹੀ ਨਿਹਾਲ ਹੋ ਗਈ ਹਾਂ।1। ਹੇ ਭਾਈ! ਗੁਰੂ ਦੀ ਰਾਹੀਂ ਹੀ (ਜਦੋਂ) ਮੈਂ (ਆਪਣੇ ਹਿਰਦੇ ਵਿਚ) ਪਰਮਾਤਮਾ ਦੇ ਆ ਵੱਸਣ ਦੀ ਖ਼ਬਰ ਸੁਣੀ, (ਜਦੋਂ) ਮੈਂ ਸੋਹਣੇ ਲਾਲ-ਪ੍ਰਭੂ ਦਾ ਆਉਣਾ ਸੁਣਿਆ, ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋ ਗਈਆਂ। (ਹੇ ਭਾਈ! ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਉਸ ਪਰਮਾਤਮਾ ਨੂੰ ਮਿਲ ਕੇ ਸਮਤ-ਹਾਲ ਹੋ ਗਿਆ, ਨਿਹਾਲ ਹੋ ਗਿਆ, ਨਿਹਾਲ ਹੋ ਗਿਆ।2।1।7। ਨਟ ਮਹਲਾ ੪ ॥ ਮਨ ਮਿਲੁ ਸੰਤਸੰਗਤਿ ਸੁਭਵੰਤੀ ॥ ਸੁਨਿ ਅਕਥ ਕਥਾ ਸੁਖਵੰਤੀ ॥ ਸਭ ਕਿਲਬਿਖ ਪਾਪ ਲਹੰਤੀ ॥ ਹਰਿ ਹੋ ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥ ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥ ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥੧॥ ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥ ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥ {ਪੰਨਾ 977} ਪਦ ਅਰਥ: ਮਨ = ਹੇ ਮਨ! ਸੁਭਵੰਤੀ = (ਸੰਗਤਿ) ਭਲੇ ਗੁਣ ਦੇਣ ਵਾਲੀ ਹੈ। ਅਕਥ = ਉਹ ਪ੍ਰਭੂ ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਅਕਥ ਕਥਾ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ। ਸੁਖਵੰਤੀ = ਸੁਖਦਾਈ। ਕਿਲਬਿਖ = ਪਾਪ। ਲਹੰਤੀ = ਦੂਰ ਕਰ ਸਕਣ ਵਾਲੀ। ਹੋ = ਹੇ ਮਨ! ਲਿਖਤੁ = ਲੇਖ। ਲਿਖੰਤੀ = ਲਿਖਣ ਵਾਲੀ।1। ਰਹਾਉ। ਕੀਰਤਿ = ਸਿਫ਼ਤਿ-ਸਾਲਾਹ। ਕਲਜੁਗ ਵਿਚਿ = ਕਲਹ-ਭਰਪੂਰ ਸਮੇ ਵਿਚ, ਜਗਤ ਵਿਚ। ਕਥਾ = ਸਿਫ਼ਤਿ-ਸਾਲਾਹ। ਭਜੰਤੀ = ਉਚਾਰਨੀ (ਉਤਮ ਕਰਮ ਹੈ) । ਜਿਨਿ = ਜਿਸ ਨੇ। ਜਿਨਿ ਜਨਿ = ਜਿਸ ਜਨ ਨੇ। ਮਨੀ ਹੈ– ਮੰਨੀ ਹੈ, ਮਨ ਵਿਚ ਵਸਾਈ ਹੈ। ਹਉ = ਮੈਂ।1। ਰਸੁ = ਸੁਆਦ। ਲਹੰਤੀ = ਦੂਰ ਕਰ ਦੇਂਦੀ ਹੈ। ਤ੍ਰਿਪਤੇ = ਰੱਜ ਗਏ। ਜਪਿ = ਜਪ ਕੇ। ਹੋਵੰਤ = ਹੋ ਜਾਂਦੇ ਹਨ।2। ਅਰਥ: ਹੇ (ਮੇਰੇ) ਮਨ! ਗੁਰੂ ਦੀ ਸੰਗਤਿ ਵਿਚ ਜੁੜਿਆ ਰਹੁ, (ਇਹ ਸੰਗਤਿ) ਭਲੇ ਗੁਣ ਪੈਦਾ ਕਰਨ ਵਾਲੀ ਹੈ। (ਹੇ ਮੇਰੇ ਮਨ!) ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਗੁਰੂ ਦੀ ਸੰਗਤਿ ਵਿਚ) ਸੁਣਿਆ ਕਰ, (ਇਹ ਸਿਫ਼ਤਿ-ਸਾਲਾਹ) ਆਤਮਕ ਆਨੰਦ ਦੇਣ ਵਾਲੀ ਹੈ; ਹੇ ਮਨ! ਇਹ ਸਾਰੇ ਪਾਪ ਵਿਕਾਰ ਦੂਰ ਕਰ ਦੇਂਦੀ ਹੈ; ਹੇ ਮਨ! (ਇਹ ਕਥਾ ਤੇਰੇ ਅੰਦਰ) ਹਰਿ-ਨਾਮ ਦਾ ਲੇਖ ਲਿਖਣ-ਜੋਗੀ ਹੈ।1। ਰਹਾਉ। ਹੇ ਮਨ! ਇਸ ਸੰਸਾਰ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ, ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ੍ਰੇਸ਼ਟ ਕਰਮ ਹੈ। ਹੇ ਮਨ! ਜਿਸ ਮਨੁੱਖ ਨੇ ਇਹ ਸਿਫ਼ਤਿ-ਸਾਲਾਹ ਸੁਣੀ ਹੈ ਜਿਸ ਮਨੁੱਖ ਨੇ ਇਹ ਸਿਫ਼ਤਿ-ਸਾਲਾਹ ਮਨ ਵਿਚ ਵਸਾਈ ਹੈ, ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।1। ਹੇ ਮਨ! ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੁਆਦ ਜਿਸ ਮਨੁੱਖ ਨੇ ਚੱਖਿਆ ਹੈ, ਇਹ ਉਸ ਮਨੁੱਖ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਕਰ ਦੇਂਦੀ ਹੈ। ਹੇ ਨਾਨਕ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਉਸ ਦੇ ਸੇਵਕ (ਮਾਇਆ ਵਲੋਂ) ਰੱਜ ਜਾਂਦੇ ਹਨ, ਪਰਮਾਤਮਾ ਦਾ ਨਾਮ ਜਪ ਕੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ।2। 2।8। ਨਟ ਮਹਲਾ ੪ ॥ ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ ॥ ਤਿਸ ਕਉ ਹਉ ਬਲਿ ਬਲਿ ਬਾਲ ॥ ਸੋ ਹਰਿ ਜਨੁ ਹੈ ਭਲ ਭਾਲ ॥ ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥ ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥ ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥ ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥ ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥ {ਪੰਨਾ 977-978} ਪਦ ਅਰਥ: ਆਨਿ = ਲਿਆ ਕੇ, ਸੁਨੇਹਾ ਲਿਆ ਕੇ। ਗਾਲ = ਗੱਲ। ਕਉ = ਨੂੰ, ਤੋਂ। ਹਉ = ਮੈਂ। ਬਾਲ = ਬਲਿਹਾਰ। ਭਲ ਭਲਾ = ਭਲੇ ਭਾਲ ਵਾਲਾ, ਭਲੇ ਮਸਤਕ ਵਾਲਾ। ਮੇਲਿ = (ਸੰਗਤ ਵਿਚ) ਮਿਲਾ ਕੇ।1। ਰਹਾਉ। ਮਾਰਗੁ = ਰਸਤਾ। ਗੁਰ ਸੰਤਿ = ਗੁਰੂ-ਸੰਤ ਨੇ। ਗੁਰਿ = ਗੁਰੂ ਨੇ। ਚਾਲ = ਤੁਰਨ ਦੀ ਜਾਚ। ਅੰਤਰਿ = ਮਨ ਵਿਚੋਂ। ਕਪਟੁ = ਵਲ-ਛਲ। ਚੁਕਾਵਹੁ = ਦੂਰ ਕਰੋ। ਨਿਹਕਪਟ = ਵਲ ਛਲ ਛੱਡ ਕੇ। ਘਾਲ = ਮਿਹਨਤ।1। ਤੇ = ਉਹ (ਬਹੁ-ਵਚਨ) । ਹਰਿ ਪ੍ਰਭ ਭਾਏ = ਹਰੀ-ਪ੍ਰਭੂ ਨੂੰ ਪਿਆਰੇ ਲੱਗੇ। ਪ੍ਰਭਿ = ਪ੍ਰਭੂ ਨੇ। ਦੇਖਿ = ਵੇਖ ਕੇ। ਨਿਕਟਿ = ਨੇੜੇ। ਹਦੂਰਿ = ਹਾਜ਼ਰ ਨਾਜ਼ਰ।2। ਅਰਥ: ਹੇ ਭਾਈ! ਜੇ ਕੋਈ ਮਨੁੱਖ (ਗੁਰੂ ਪਾਸੋਂ ਸੁਨੇਹਾ) ਲਿਆ ਕੇ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਏ; ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ। ਉਹ ਮਨੁੱਖ (ਮੇਰੇ ਭਾ ਦਾ) ਭਲਾ ਹੈ ਭਾਗਾਂ ਵਾਲਾ ਹੈ। (ਇਹੋ ਜਿਹੇ ਮਨੁੱਖ ਦੀ ਸੰਗਤਿ ਵਿਚ) ਮਿਲਾ ਕੇ ਪਰਮਾਤਮਾ (ਅਨੇਕਾਂ ਨੂੰ) ਨਿਹਾਲ ਕਰਦਾ ਹੈ।1। ਰਹਾਉ। ਹੇ ਭਾਈ! ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ (ਤੇ ਆਖਿਆ ਹੈ-) ਹੇ ਗੁਰਸਿੱਖੋ! ਆਪਣੇ ਅੰਦਰੋਂ ਵਲ-ਛਲ ਦੂਰ ਕਰੋ, ਨਿਰ-ਛਲ ਹੋ ਕੇ ਪਰਮਾਤਮਾ ਦੇ ਸਿਮਰਨ ਦੀ ਮਿਹਨਤ ਕਰੋ, (ਇਸ ਤਰ੍ਹਾਂ) ਨਿਹਾਲ ਨਿਹਾਲ ਹੋ ਜਾਈਦਾ ਹੈ।1। ਹੇ ਭਾਈ! ਮੇਰੇ ਗੁਰੂ ਦੇ ਉਹ ਸਿੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਨੇ ਇਹ ਜਾਣ ਲਿਆ ਹੈ ਕਿ ਪਰਮਾਤਮਾ ਸਾਡੇ ਨੇੜੇ ਵੱਸ ਰਿਹਾ ਹੈ। ਹੇ ਨਾਨਕ! ਜਿਨ੍ਹਾਂ ਸੇਵਕਾਂ ਨੂੰ ਪਰਮਾਤਮਾ ਨੇ ਇਹ ਸੂਝ ਬਖ਼ਸ਼ ਦਿੱਤੀ, ਉਹ ਸੇਵਕ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਵੇਖ ਕੇ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਹਰ ਵੇਲੇ ਪ੍ਰਸੰਨ-ਚਿੱਤ ਰਹਿੰਦੇ ਹਨ।2।3।9। |
Sri Guru Granth Darpan, by Professor Sahib Singh |