ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 979

ਨਟ ਮਹਲਾ ੫ ॥ ਅਪਨਾ ਜਨੁ ਆਪਹਿ ਆਪਿ ਉਧਾਰਿਓ ॥ ਆਠ ਪਹਰ ਜਨ ਕੈ ਸੰਗਿ ਬਸਿਓ ਮਨ ਤੇ ਨਾਹਿ ਬਿਸਾਰਿਓ ॥੧॥ ਰਹਾਉ ॥ ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬਿਚਾਰਿਓ ॥ ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ ॥੧॥ ਮਹਾ ਬਿਖਮੁ ਅਗਨਿ ਕਾ ਸਾਗਰੁ ਤਿਸ ਤੇ ਪਾਰਿ ਉਤਾਰਿਓ ॥ ਪੇਖਿ ਪੇਖਿ ਨਾਨਕ ਬਿਗਸਾਨੋ ਪੁਨਹ ਪੁਨਹ ਬਲਿਹਾਰਿਓ ॥੨॥੩॥੪॥ {ਪੰਨਾ 979}

ਪਦ ਅਰਥ: ਜਨੁ = ਸੇਵਕ, ਭਗਤ, ਦਾਸ। ਆਪਹਿ ਆਪਿ = ਆਪ ਹੀ ਆਪ। ਉਧਾਰਿਓ = (ਵਿਕਾਰਾਂ ਤੋਂ) ਬਚਾਇਆ ਹੈ। ਕੈ ਸੰਗਿ = ਦੇ ਨਾਲ। ਤੇ = ਤੋਂ। ਬਿਸਾਰਿਓ = ਭੁਲਾਇਆ।1। ਰਹਾਉ।

ਬਰਨੁ = ਰੰਗ। ਚਿਹਨੁ = ਨਿਸ਼ਾਨ, ਰੂਪ। ਪੇਖਿਓ = ਵੇਖਿਆ। ਕਰਿ = ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਵਾਰਿਓ = ਜੀਵਨ ਸੋਹਣਾ ਬਣਾਇਆ।1।

ਬਿਖਮੁ = ਔਖਾ। ਅਗਨਿ = (ਤ੍ਰਿਸ਼ਨਾ ਦੀ) ਅੱਗ। ਸਾਗਰੁ = ਸਮੁੰਦਰ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਪੇਖਿ = ਵੇਖ ਕੇ। ਬਿਗਸਾਨੋ = ਖ਼ੁਸ਼ ਹੁੰਦਾ ਹੈ। ਪੁਨਹ ਪੁਨਹ = ਮੁੜ ਮੁੜ।2।

ਅਰਥ: ਹੇ ਭਾਈ! ਪਰਮਾਤਮਾ ਨੇ ਸਦਾ ਆਪ ਹੀ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਬਚਾਇਆ ਹੈ। ਪ੍ਰਭੂ ਆਪਣੇ ਸੇਵਕ ਦੇ ਨਾਲ ਅੱਠੇ ਪਹਿਰ ਵੱਸਦਾ ਹੈ, (ਪ੍ਰਭੂ ਨੇ ਆਪਣੇ ਸੇਵਕ ਨੂੰ ਆਪਣੇ) ਮਨ ਤੋਂ ਕਦੇ ਭੀ ਨਹੀਂ ਭੁਲਾਇਆ।1। ਰਹਾਉ।

(ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦਾ ਬਾਹਰਲਾ) ਰੰਗ ਰੂਪ ਕੁਝ ਭੀ ਕਦੇ ਨਹੀਂ ਵੇਖਿਆ, ਸੇਵਕ ਦੇ (ਉੱਚੇ ਨੀਵੇਂ) ਕੁਲ ਨੂੰ ਭੀ ਨਹੀਂ ਵਿਚਾਰਿਆ। (ਸੇਵਕ ਨੂੰ ਸਦਾ ਹੀ) ਹਰੀ ਨੇ ਮਿਹਰ ਕਰ ਕੇ ਆਪਣਾ ਨਾਮ ਬਖ਼ਸ਼ਿਆ ਹੈ, (ਨਾਮ ਦੀ ਬਰਕਤਿ ਨਾਲ ਉਸ ਨੂੰ) ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕਾ ਕੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ।1।

ਹੇ ਨਾਨਕ! (ਆਖ - ਹੇ ਭਾਈ! ਇਹ ਜਗਤ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚੋਂ ਪਾਰ ਲੰਘਣਾ) ਬਹੁਤ ਔਖਾ ਹੈ, (ਪਰਮਾਤਮਾ ਨੇ ਸਦਾ ਆਪਣੇ ਸੇਵਕ ਨੂੰ) ਇਸ ਵਿਚੋਂ (ਆਪ) ਪਾਰ ਲੰਘਾਇਆ ਹੈ। ਸੇਵਕ ਆਪਣੇ ਪਰਮਾਤਮਾ ਦਾ ਦਰਸ਼ਨ ਕਰ ਕਰ ਕੇ ਖ਼ੁਸ਼ ਹੁੰਦਾ ਹੈ ਤੇ ਉਸ ਤੋਂ ਮੁੜ ਮੁੜ ਸਦਕੇ ਜਾਂਦਾ ਹੈ।2।3।4।

ਨਟ ਮਹਲਾ ੫ ॥ ਹਰਿ ਹਰਿ ਮਨ ਮਹਿ ਨਾਮੁ ਕਹਿਓ ॥ ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ ਤਾ ਕਾ ਦੁਖੁ ਨ ਰਹਿਓ ॥੧॥ ਰਹਾਉ ॥ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗਿ ਲਹਿਓ ॥ ਸਗਲ ਤਿਆਗਿ ਏਕ ਲਿਵ ਲਾਗੀ ਹਰਿ ਹਰਿ ਚਰਨ ਗਹਿਓ ॥੧॥ ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਕਹੁ ਨਾਨਕ ਅਨਦੁ ਭਇਓ ॥੨॥੪॥੫॥ {ਪੰਨਾ 979}

ਪਦ ਅਰਥ: ਕਹਿਓ = ਆਖਿਆ, ਉਚਾਰਿਆ। ਕੋਟਿ = ਕ੍ਰੋੜਾਂ। ਅਪ੍ਰਾਧ = ਭੁੱਲਾਂ, ਪਾਪ। ਮਿਟਹਿ = ਮਿਟ ਜਾਂਦੇ ਹਨ। ਤਾ ਕਾ = ਉਸ (ਮਨੁੱਖ) ਦਾ। ਨ ਰਹਿਓ = ਨਹੀਂ ਰਹਿ ਜਾਂਦਾ।1। ਰਹਾਉ।

ਖੋਜਤ = ਭਾਲ ਕਰਦਿਆਂ। ਬੈਰਾਗੀ = ਵੈਰਾਗਵਾਨ, ਮਤਵਾਲਾ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਲਹਿਓ = ਲੱਭ ਲਿਆ। ਸਗਲ = ਸਾਰੇ (ਖ਼ਿਆਲ) । ਲਿਵ = ਲਗਨ। ਗਹਿਓ = ਫੜ ਲਏ।1।

ਮੁਕਤ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਨਿਸਤਾਰੇ = ਪਾਰ ਲੰਘਾ ਦਿੱਤੇ। ਜੋ ਜੋ = ਜਿਹੜਾ ਜਿਹੜਾ ਮਨੁੱਖ। ਸਿਮਰਿ = ਸਿਮਰ ਕੇ। ਕਹੁ = ਆਖ। ਨਾਨਕ = ਹੇ ਨਾਨਕ! ਅਨਦੁ = ਆਨੰਦ, ਸੁਖ।2।

ਅਰਥ: ਹੇ ਭਾਈ! (ਜਿਸ ਭੀ ਮਨੁੱਖ ਨੇ) ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਸਿਮਰਿਆ ਹੈ, ਇਕ ਖਿਨ ਵਿਚ ਹੀ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਉਸ ਦਾ ਕੋਈ ਭੀ ਦੁੱਖ ਰਹਿ ਨਹੀਂ ਜਾਂਦਾ।1। ਰਹਾਉ।

ਹੇ ਭਾਈ! (ਹੋਰ) ਸਾਰੇ (ਖ਼ਿਆਲ) ਛੱਡ ਕੇ ਜਿਸ ਮਨੁੱਖ ਦੀ ਲਗਨ ਇਕ ਪਰਮਾਤਮਾ ਵਿਚ ਲੱਗ ਗਈ, ਜਿਸ ਨੇ ਪਰਮਾਤਮਾ ਦੇ ਚਰਨ (ਆਪਣੇ ਮਨ ਵਿਚ ਘੁੱਟ ਕੇ) ਫੜ ਲਏ, ਜਿਹੜਾ ਮਨੁੱਖ ਪ੍ਰਭੂ ਦੀ ਭਾਲ ਕਰਦਿਆਂ ਕਰਦਿਆਂ (ਉਸੇ ਦਾ ਹੀ) ਮਤਵਾਲਾ ਬਣ ਗਿਆ, ਉਸ ਨੇ ਪ੍ਰਭੂ ਨੂੰ ਗੁਰੂ ਦੀ ਸੰਗਤਿ ਵਿਚ ਲੱਭ ਲਿਆ।1।

ਹੇ ਨਾਨਕ! ਆਖ - (ਹੇ ਭਾਈ!) ਪਰਮਾਤਮਾ ਦਾ ਨਾਮ ਉਚਾਰਨ ਵਾਲੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਨਾਮ ਸੁਣਨ ਵਾਲਿਆਂ ਨੂੰ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ; ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ (ਪ੍ਰਭੂ ਉਸ ਨੂੰ ਪਾਰ ਲੰਘਾ ਦੇਂਦਾ ਹੈ) । ਹੇ ਭਾਈ! ਆਪਣੇ ਮਾਲਕ-ਪ੍ਰਭੂ ਨੂੰ ਮੁੜ ਮੁੜ ਸਿਮਰ ਕੇ ਆਤਮਕ ਆਨੰਦ ਬਣਿਆ ਰਹਿੰਦਾ ਹੈ।2।4।5।

ਨਟ ਮਹਲਾ ੫ ॥ ਚਰਨ ਕਮਲ ਸੰਗਿ ਲਾਗੀ ਡੋਰੀ ॥ ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥ ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥ ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥੧॥ ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਨ ਪੇਖਉ ਹੋਰੀ ॥ ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਨ ਕਬਹੂ ਥੋਰੀ ॥੨॥੫॥੬॥ {ਪੰਨਾ 979}

ਪਦ ਅਰਥ: ਸੰਗਿ = ਨਾਲ। ਡੋਰੀ = ਪ੍ਰੇਮ ਦੀ ਤਾਰ; ਸੁਰਤਿ ਦੀ ਡੋਰ। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਮੋਰੀ = ਮੇਰੀ।1। ਰਹਾਉ।

ਅੰਚਲਾ = ਪੱਲਾ। ਗਹਾਇਓ = ਫੜਾਇਆ ਹੈ। ਕਉ = ਨੂੰ। ਬੀਧੋ = ਵਿੱਝ ਗਿਆ ਹੈ। ਖੋਰੀ = ਖ਼ੁਮਾਰੀ ਵਿਚ। ਰਸੁ = ਸੁਆਦ। ਜਾਲੀ = ਫਾਹੀ। ਤੋਰੀ = ਤੋੜ ਦਿੱਤੀ ਹੈ।1।

ਪੂਰਨ = ਹੇ ਸਰਬ-ਵਿਆਪਕ! ਪੂਰਿ ਰਹੇ = ਵਿਆਪ ਰਿਹਾ ਹੈਂ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਹੋਰੀ = (ਤੈਥੋਂ ਬਿਨਾ) ਕਿਸੇ ਹੋਰ ਨੂੰ। ਨ ਥੋਰੀ = ਥੋੜੀ ਨਹੀਂ ਹੁੰਦੀ।2।

ਅਰਥ: ਹੇ ਸੁਖਾਂ ਦੇ ਸਮੁੰਦਰ ਹਰੀ! ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇਹ, ਤੇਰੇ ਸੋਹਣੇ ਚਰਨਾਂ ਨਾਲ ਮੇਰੀ ਪ੍ਰੇਮ ਦੀ ਤਾਰ ਲੱਗ ਗਈ ਹੈ।1। ਰਹਾਉ।

ਹੇ ਸੁਖ-ਸਾਗਰ! ਤੂੰ ਆਪਣੇ ਸੇਵਕ ਨੂੰ ਆਪਣਾ ਪੱਲਾ ਆਪ ਫੜਾਇਆ ਹੈ, (ਤੇਰੇ ਸੇਵਕ ਦਾ) ਮਨ (ਤੇਰੇ) ਪਿਆਰ ਦੀ ਖ਼ੁਮਾਰੀ ਵਿਚ ਵਿੱਝ ਗਿਆ ਹੈ। ਤੇਰਾ ਜਸ ਗਾਂਦਿਆਂ (ਤੇਰੇ ਸੇਵਕ ਦੇ ਹਿਰਦੇ ਵਿਚ ਤੇਰੀ) ਭਗਤੀ ਦਾ (ਅਜਿਹਾ) ਸੁਆਦ ਪੈਦਾ ਹੋਇਆ ਹੈ (ਜਿਸ ਨੇ) ਮਾਇਆ ਦੀ ਫਾਹੀ ਤੋੜ ਦਿੱਤੀ ਹੈ।1।

ਹੇ ਨਾਨਕ! (ਆਖ-) ਹੇ ਸਰਬ-ਵਿਆਪਕ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਹਰ ਥਾਂ ਭਰਪੂਰ ਹੈਂ। ਮੈਂ (ਕਿਤੇ ਭੀ ਤੈਥੋਂ ਬਿਨਾ) ਕਿਸੇ ਹੋਰ ਨੂੰ ਨਹੀਂ ਵੇਖਦਾ। ਆਪਣੇ ਸੇਵਕ ਨੂੰ (ਆਪਣੇ ਚਰਨਾਂ ਵਿਚ) ਤੂੰ ਆਪ ਜੋੜ ਲਿਆ ਹੈ, (ਜਿਸ ਕਰ ਕੇ ਤੇਰੇ ਚਰਨਾਂ ਦੀ) ਪ੍ਰੀਤ (ਤੇਰੇ ਸੇਵਕ ਦੇ ਹਿਰਦੇ ਵਿਚ) ਕਦੇ ਘਟਦੀ ਨਹੀਂ।2।5।6।

ਨਟ ਮਹਲਾ ੫ ॥ ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥ ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ ਗੁਨ ਗਾਇਣ ॥੧॥ ਰਹਾਉ ॥ ਸਾਧੂ ਧੂਰਿ ਕਰਉ ਨਿਤ ਮਜਨੁ ਸਭ ਕਿਲਬਿਖ ਪਾਪ ਗਵਾਇਣ ॥ ਪੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣੁ ॥੧॥ ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ ॥ ਦੁਇ ਕਰ ਜੋੜਿ ਨਾਨਕੁ ਦਾਨੁ ਮਾਂਗੈ ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥ {ਪੰਨਾ 979}

ਪਦ ਅਰਥ: ਮਨ = ਹੇ ਮਨ! ਜਪੁ = ਨਾਮ ਦਾ ਜਾਪ। ਜਪਿ = ਜਪਿਆ ਕਰ। ਨ ਬਿਸਰਹੁ = (ਹੇ ਪ੍ਰਭੂ!) ਤੂੰ ਨਾਹ ਵਿੱਸਰ। ਤੇ = ਤੋਂ।1। ਰਹਾਉ।

ਸਾਧੂ ਧੂਰਿ = ਗੁਰੂ ਦੇ ਚਰਨਾਂ ਦੀ ਧੂੜ (ਵਿਚ) । ਕਰਉ = ਕਰਉਂ, ਮੈਂ ਕਰਦਾ ਰਹਾਂ। ਮਜਨੁ = ਮੱਜਨੁ, ਇਸ਼ਨਾਨ। ਕਿਲਬਿਖ = ਪਾਪ। ਗਵਾਇਣ = ਦੂਰ ਕਰਨ ਦੇ ਸਮਰੱਥ। ਪੂਰਨ = ਹੇ ਸਰਬ-ਵਿਆਪਕ! ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਘਟਿ ਘਟਿ = ਹਰੇਕ ਸਰੀਰ ਵਿਚ। ਦਿਸਟਿ ਸਮਾਇਣੁ = ਦਿੱਸਦਾ ਰਹੇਂ ਸਮਾਇਆ ਹੋਇਆ।1।

ਜਾਪ = (ਦੇਵਤਿਆਂ ਨੂੰ ਵੱਸ ਕਰਨ ਦੇ ਮੰਤ੍ਰਾਂ ਦੇ) ਜਾਪ। ਤਾਪ = (ਧੂਣੀਆਂ ਆਦਿਕ) ਤਪਾਂ ਦੇ ਸਾਧਨ। ਕੋਟਿ = ਕ੍ਰੋੜਾਂ। ਤੁਲਿ = ਬਰਾਬਰ। ਦੁਇ = ਦੋਵੇਂ। ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਦਾਨੁ = ਖ਼ੈਰ। ਮਾਂਗੈ = ਮੰਗਦਾ ਹੈ {ਇਕ-ਵਚਨ}। ਦਾਸਨਿ ਦਾਸ ਦਸਾਇਣੁ = ਦਾਸਾਂ ਦੇ ਦਾਸਾਂ ਦਾ ਦਾਸ।2।

ਅਰਥ: ਹੇ ਮੇਰੇ ਮਨ! ਹਰੀ ਨਾਰਾਇਣ ਦੇ ਨਾਮ ਦਾ ਜਾਪ ਜਪਿਆ ਕਰ। ਹੇ ਪ੍ਰਭੂ! ਤੂੰ ਮੇਰੇ ਮਨ ਤੋਂ ਕਦੇ ਭੀ ਨਾਹ ਭੁੱਲ, (ਮੇਰਾ ਮਨ) ਅੱਠੇ ਪਹਰ ਤੇਰੇ ਗੁਣ ਗਾਂਦਾ ਰਹੇ।1। ਰਹਾਉ।

(ਹੇ ਪ੍ਰਭੂ! ਮਿਹਰ ਕਰ) ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਕਰਦਾ ਰਹਾਂ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਪਾਪ ਦੂਰ ਕਰਨ ਦੇ ਸਮਰੱਥ ਹੈ। ਹੇ ਸਭ ਵਿਚ ਵੱਸ ਰਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਮੈਨੂੰ ਹਰੇਕ ਸਰੀਰ ਵਿਚ ਸਮਾਇਆ ਹੋਇਆ ਦਿੱਸਦਾ ਰਹੇਂ।1।

ਹੇ ਪ੍ਰਭੂ! ਹੇ ਹਰੀ! ਕ੍ਰੋੜਾਂ ਜਪ ਤਪ ਤੇ ਲੱਖਾਂ ਪੂਜਾ ਤੇਰੇ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ (ਤੈਥੋਂ) ਖੈਰ ਮੰਗਦਾ ਹੈ (ਕਿ ਮੈਂ ਤੇਰੇ) ਦਾਸਾਂ ਦੇ ਦਾਸਾਂ ਦਾ ਦਾਸ (ਬਣਿਆ ਰਹਾਂ) ।2।6।7।

ਨਟ ਮਹਲਾ ੫ ॥ ਮੇਰੈ ਸਰਬਸੁ ਨਾਮੁ ਨਿਧਾਨੁ ॥ ਕਰਿ ਕਿਰਪਾ ਸਾਧੂ ਸੰਗਿ ਮਿਲਿਓ ਸਤਿਗੁਰਿ ਦੀਨੋ ਦਾਨੁ ॥੧॥ ਰਹਾਉ ॥ ਸੁਖਦਾਤਾ ਦੁਖ ਭੰਜਨਹਾਰਾ ਗਾਉ ਕੀਰਤਨੁ ਪੂਰਨ ਗਿਆਨੁ ॥ ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨ੍ਹ੍ਹੇ ਬਿਨਸਿਓ ਮੂੜ ਅਭਿਮਾਨੁ ॥੧॥ ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ ॥ ਚਰਨ ਕਮਲ ਸਰਨਿ ਸੁਖ ਸਾਗਰ ਨਾਨਕੁ ਸਦ ਕੁਰਬਾਨੁ ॥੨॥੭॥੮॥ {ਪੰਨਾ 979}

ਪਦ ਅਰਥ: ਮੇਰੈ = ਮੇਰੇ ਹਿਰਦੇ ਵਿਚ। ਸਰਬਸੁ = {svLÔv। ਸਰਬ = ਸਾਰਾ। ਸੁ = ਹ੍ਵ, ਧਨ-ਪਦਾਰਥ} ਸਾਰਾ ਹੀ ਧਨ-ਪਦਾਰਥ, ਸਭ ਕੁਝ। ਨਿਧਾਨੁ = ਖ਼ਜ਼ਾਨਾ। ਕਰਿ = ਕਰ ਕੇ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ, ਗੁਰੂ ਨਾਲ। ਮਿਲਿਓ = ਮੇਲਿਓ, ਮਿਲਾਇਆ। ਸਤਿਗੁਰਿ = ਗੁਰੂ ਨੇ।1। ਰਹਾਉ।

ਦੁਖ ਭੰਜਨਹਾਰਾ = ਦੁੱਖਾਂ ਦਾ ਨਾਸ ਕਰਨ ਵਾਲਾ। ਗਾਉ = ਗਾਉਂ, ਮੈਂ ਗਾਂਦਾ ਹਾਂ। ਪੂਰਨ = ਮੁਕੰਮਲ। ਬਿਆਨੁ = ਆਤਮਕ ਜੀਵਨ ਦੀ ਸੂਝ। ਖੰਡ ਖੰਡ = ਟੋਟੇ ਟੋਟੇ। ਕੀਨ੍ਹ੍ਹੇ = ਕਰ ਦਿੱਤੇ। ਮੂੜ੍ਹ੍ਹ = ਮੂਰਖ। ਅਭਿਮਾਨੁ = ਅਹੰਕਾਰ।1।

ਆਖਿ = ਆਖ ਕੇ। ਵਖਾਣਾ = ਵਖਾਣਾਂ, ਮੈਂ ਬਿਆਨ ਕਰਾਂ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਹਰੇਕ ਦੇ ਅੰਦਰ ਦੀ ਜਾਣਨ ਵਾਲਾ। ਜਾਨੁ = ਸੁਜਾਨ, ਸਿਆਣਾ। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਸਦ = ਸਦਾ।1।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਮੇਰੇ ਵਾਸਤੇ ਦੁਨੀਆ ਦਾ ਸਾਰਾ ਧਨ-ਪਦਾਰਥ ਹੈ। (ਪਰਮਾਤਮਾ) ਨੇ ਕਿਰਪਾ ਕਰ ਕੇ (ਮੈਨੂੰ) ਗੁਰੂ ਦੀ ਸੰਗਤਿ ਵਿਚ ਮਿਲਾ ਦਿੱਤਾ, (ਤੇ) ਗੁਰੂ ਨੇ (ਮੈਨੂੰ ਪਰਮਾਤਮਾ ਦੇ ਨਾਮ ਦਾ) ਦਾਨ ਦਿੱਤਾ।1। ਰਹਾਉ।

ਹੇ ਭਾਈ! ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। (ਜਿਉਂ ਜਿਉਂ) ਮੈਂ ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ, (ਮੈਨੂੰ) ਆਤਮਕ ਜੀਵਨ ਦੀ ਮੁਕੰਮਲ ਸੂਝ (ਪ੍ਰਾਪਤ ਹੁੰਦੀ ਜਾਂਦੀ ਹੈ) । ਮੈਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਟੋਟੇ ਟੋਟੇ ਕਰ ਦਿੱਤਾ, (ਜੀਵਾਂ ਨੂੰ) ਮੂਰਖ (ਬਣਾ ਦੇਣ ਵਾਲਾ) ਅਹੰਕਾਰ (ਮੇਰੇ ਅੰਦਰੋਂ) ਨਾਸ ਹੋਇਆ।1।

ਹੇ ਪ੍ਰਭੂ! ਤੂੰ ਸੁਜਾਨ ਹੈਂ, ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਗਿਣਾਂ? ਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹੈ, ਅਤੇ ਤੈਥੋਂ ਸਦਾ ਸਦਕੇ ਹੁੰਦਾ ਹੈ।2।7।8।

TOP OF PAGE

Sri Guru Granth Darpan, by Professor Sahib Singh