ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 980

ਨਟ ਮਹਲਾ ੫ ॥ ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥ ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥ ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥ ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥ {ਪੰਨਾ 980}

ਪਦ ਅਰਥ: ਹਉ = ਹਉਂ, ਮੈਂ। ਵਾਰਿ ਵਾਰਿ ਜਾਉ = ਵਾਰਿ ਵਾਰਿ ਜਾਉਂ, ਮੈਂ ਸਦਕੇ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ। ਗੁਰ = ਹੇ ਗੁਰੂ! ਹੇ ਸਭ ਤੋਂ ਵੱਡੇ! ਗੋਪਾਲ = ਹੇ ਸ੍ਰਿਸ਼ਟੀ ਦੇ ਪਾਲਣਹਾਰ।1। ਰਹਾਉ।

ਮੋਹਿ = ਮੈਂ। ਨਿਰਗੁਨ = ਗੁਣ-ਹੀਨ। ਦੀਨਾਨਾਥ = ਹੇ ਦੀਨਾਂ ਦੇ ਨਾਥ! ਦਇਆਲ = ਹੇ ਦਇਆ ਦੇ ਘਰ!।1।

ਜੀਅ = ਜਿੰਦ ਦਾ। ਪ੍ਰਾਨ = ਪ੍ਰਾਣਾਂ ਦਾ।2।

ਮਨਿ ਮੇਰੈ = ਮੇਰੇ ਮਨ ਵਿਚ।3।

ਅਰਥ: ਹੇ ਸਭ ਤੋਂ ਵੱਡੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ (ਤੈਥੋਂ) ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ।1। ਰਹਾਉ।

ਹੇ ਦੀਨਾਂ ਦੇ ਨਾਥ! ਹੇ ਦਇਆ ਦੇ ਘਰ ਪ੍ਰਭੂ! ਮੈਂ ਗੁਣ-ਹੀਨ ਹਾਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ।1।

ਹੇ ਪ੍ਰਭੂ! ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਤੂੰ ਹੀ ਮੇਰੀ ਜਿੰਦ ਦਾ ਮੇਰੇ ਪ੍ਰਾਣਾਂ ਦਾ ਸਹਾਰਾ ਹੈਂ।2।

ਹੇ ਪ੍ਰਭੂ! ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ। (ਮੈਨੂੰ) ਨਾਨਕ ਨੂੰ ਦਰਸਨ ਦੇ ਕੇ ਨਿਹਾਲ ਕਰ।3।8।9।

ਨਟ ਪੜਤਾਲ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਕੋਊ ਹੈ ਮੇਰੋ ਸਾਜਨੁ ਮੀਤੁ ॥ ਹਰਿ ਨਾਮੁ ਸੁਨਾਵੈ ਨੀਤ ॥ ਬਿਨਸੈ ਦੁਖੁ ਬਿਪਰੀਤਿ ॥ ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥ ਕੋਈ ਵਿਰਲਾ ਆਪਨ ਕੀਤ ॥ ਸੰਗਿ ਚਰਨ ਕਮਲ ਮਨੁ ਸੀਤ ॥ ਕਰਿ ਕਿਰਪਾ ਹਰਿ ਜਸੁ ਦੀਤ ॥੧॥ ਹਰਿ ਭਜਿ ਜਨਮੁ ਪਦਾਰਥੁ ਜੀਤ ॥ ਕੋਟਿ ਪਤਿਤ ਹੋਹਿ ਪੁਨੀਤ ॥ ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥ {ਪੰਨਾ 980}

ਪਦ ਅਰਥ: ਕੋਊ = ਕੋਈ ਵਿਰਲਾ। ਨੀਤ = ਸਦਾ। ਬਿਨਸੈ = ਨਾਸ ਹੋ ਜਾਂਦਾ ਹੈ। ਬਿਪਰੀਤਿ = ਉਲਟੀ ਪ੍ਰੀਤ, ਮਾੜੇ ਪਾਸੇ ਦੀ ਪ੍ਰੀਤ। ਅਰਪਉ = ਅਰਪਉਂ, ਮੈਂ ਭੇਟਾ ਕਰ ਦਿਆਂ। ਚੀਤੁ = ਚਿੱਤ।1। ਰਹਾਉ।

ਕੀਤ = ਕੀਤਾ ਹੈ, ਬਣਾਇਆ ਹੈ। ਆਪਨ = ਆਪਣਾ। ਸੰਗਿ = ਨਾਲ। ਸੀਤ = ਸੀਤਾ ਹੋਇਆ ਹੈ, ਜੋੜਿਆ ਹੈ। ਕਰਿ = ਕਰ ਕੇ। ਦੀਤ = ਦਿੱਤਾ ਹੈ।1।

ਭਜਿ = ਭਜ ਕੇ, ਸਿਮਰ ਕੇ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜੀਵਨ। ਜੀਤ = ਜਿੱਤਿਆ, ਕਾਮਯਾਬ ਬਣਾਇਆ। ਕੋਟਿ = ਕ੍ਰੋੜਾਂ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ। ਹੋਹਿ = ਹੋ ਜਾਂਦੇ ਹਨ। ਪੁਨੀਤ = ਪਵਿੱਤਰ। ਬਲਿ ਕੀਤ = ਸਦਕੇ ਕੀਤਾ।2।

ਅਰਥ: ਹੇ ਭਾਈ! ਕੋਈ ਵਿਰਲਾ ਹੀ (ਲੱਭਦਾ) ਹੈ ਇਹੋ ਜਿਹਾ ਸੱਜਣ ਮਿੱਤਰ, ਜਿਹੜਾ ਸਦਾ ਪਰਮਾਤਮਾ ਦਾ ਨਾਮ ਸੁਣਾਂਦਾ ਰਹੇ। (ਨਾਮ ਦੀ ਬਰਕਤਿ ਨਾਲ) ਭੈੜੇ ਪਾਸੇ ਦੀ ਪ੍ਰੀਤ ਦਾ ਦੁੱਖ ਦੂਰ ਹੋ ਜਾਂਦਾ ਹੈ। (ਹੇ ਭਾਈ! ਜੇ ਕੋਈ ਹਰਿ-ਨਾਮ ਸੁਣਾਣ ਵਾਲਾ ਸੱਜਣ ਮਿਲ ਪਏ, ਤਾਂ ਉਸ ਤੋਂ) ਮੈਂ ਆਪਣਾ ਮਨ ਆਪਣਾ ਤਨ ਆਪਣਾ ਚਿੱਤ ਸਭ ਕੁਝ ਸਦਕੇ ਕਰ ਦਿਆਂ।1। ਰਹਾਉ।

ਹੇ ਭਾਈ! ਕੋਈ ਵਿਰਲਾ ਹੀ (ਲੱਭਦਾ) ਹੈ (ਇਹੋ ਜਿਹਾ ਜਿਸ ਨੂੰ ਪ੍ਰਭੂ ਨੇ) ਆਪਣਾ ਬਣਾ ਲਿਆ ਹੁੰਦਾ ਹੈ, ਜਿਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਆਪਣਾ ਮਨ ਜੋੜ ਰੱਖਿਆ ਹੁੰਦਾ ਹੈ, ਜਿਸ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਆਪਣੀ ਸਿਫ਼ਤਿ-ਸਾਲਾਹ (ਦੀ ਦਾਤਿ) ਦਿੱਤੀ ਹੁੰਦੀ ਹੈ।1।

ਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਕਾਮਯਾਬ ਬਣਾ ਲਈਦਾ ਹੈ। (ਨਾਮ ਜਪ ਕੇ) ਕ੍ਰੋੜਾਂ ਵਿਕਾਰੀ ਪਵਿੱਤਰ ਹੋ ਜਾਂਦੇ ਹਨ। ਹੇ ਨਾਨਕ! (ਆਖ - ਨਾਮ ਜਪਣ ਵਾਲੇ ਅਜਿਹੇ) ਦਾਸ ਤੋਂ ਮੈਂ ਆਪਣੇ ਆਪ ਨੂੰ ਸਦਕੇ ਕਰਦਾ ਹਾਂ ਕੁਰਬਾਨ ਕਰਦਾ ਹਾਂ।2।1।10। 19।

ਸ਼ਬਦ ਮਹਲਾ 4 . . . . . .9
ਸ਼ਬਦ ਮਹਲਾ 5 . . . . . .10
. . . . ਜੋੜ . . . . . . . . . 19

ਨੋਟ ਅਸਟਪਦੀਆ ਮਹਲਾ ੪ ੴ ਸਤਿਗੁਰ ਪ੍ਰਸਾਦਿ ॥ ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ ॥ ਖਿਨੁ ਪਲੁ ਰਹਿ ਨ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥੧॥ ਰਹਾਉ ॥ ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ ॥ ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸਬਦਿ ਸਵਾਰੇ ॥੧॥ ਮਧਸੂਦਨ ਜਗਜੀਵਨ ਮਾਧੋ ਮੇਰੇ ਠਾਕੁਰ ਅਗਮ ਅਪਾਰੇ ॥ ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ ॥੨॥ ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖੁ ਨਿਰਾਰੇ ॥ ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ ਪ੍ਰਭੁ ਏਕੋ ਗੁਰਮਤਿ ਤਾਰੇ ॥੩॥ ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥ ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸਮ੍ਹ੍ਹਾਰੇ ॥੪॥ {ਪੰਨਾ 980}

ਪਦ ਅਰਥ: ਰਾਮ = ਹੇ ਰਾਮ! ਮਨਿ = ਮਨ ਵਿਚ। ਤਨਿ = ਤਨ ਵਿਚ। ਅਧਾਰੇ = ਆਸਰਾ। ਸਕਉ = ਸਕਉਂ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ। ਸੇਵਾ = ਭਗਤੀ। ਗੁਰਮਤਿ = ਗੁਰੂ ਦੀ ਮਤਿ ਲੈ ਕੇ। ਸਮ੍ਹ੍ਹਾਰੇ = ਮੈਂ ਸੰਭਾਲਿਆ ਹੈ।1। ਰਹਾਉ।

ਮੈ = ਮੈਨੂੰ। ਪਿਆਰੇ = ਪਿਆਰਾ ਲੱਗਦਾ ਹੈ। ਦਇਆਲ = ਦਇਆਵਾਨ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਵਾਰੇ = ਸੰਵਾਰ ਦੇਂਦਾ ਹੈ।1।

ਮਧ ਸੂਦਨ = ਹੇ ਮਧ ਸੂਦਨ! {'ਮਧ' ਰਾਖਸ਼ ਨੂੰ ਮਾਰਨ ਵਾਲਾ} ਹੇ ਪਰਮਾਤਮਾ! ਜਗ ਜੀਵਨ = ਹੇ ਜਗਤ ਦੇ ਆਸਰੇ! ਮਾਧੋ = {ਮਾ-ਧਵ। ਮਾਇਆ ਦਾ ਪਤੀ} ਹੇ ਮਾਇਆ ਦੇ ਪਤੀ! ਅਗਮ = ਹੇ ਅਪਹੁੰਚ! ਅਪਾਰੇ = ਹੇ ਬੇਅੰਤ! ਬਿਨਉ = {ivnX} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਆਗੈ = ਸਾਹਮਣੇ, ਪਾਸ। ਸਾਧੂ = ਗੁਰੂ। ਪਖਾਰੇ = ਧੋਵਾਂ।2।

ਸਹਸ = ਹਜ਼ਾਰਾਂ। ਨੇਤ੍ਰ = ਅੱਖਾਂ। ਨਿਰਾਰੇ = ਨਿਰਾਲਾ, ਨਿਰਲੇਪ। ਮੂਰਤਿ = ਸਰੂਪ, ਸਰੀਰ। ਗੁਰਮਤਿ = ਗੁਰੂ ਦੀ ਮਤਿ (ਦੇ ਕੇ) । ਤਾਰੇ = ਪਾਰ ਲੰਘਾਂਦਾ ਹੈ।3।

ਦਮੋਦਰੁ = dwm-adr = {ਜਿਸ ਦੇ ਪੇਟ ਦੁਆਲੇ ਤੜਾਗੀ ਹੈ, ਕ੍ਰਿਸ਼ਨ} ਪਰਮਾਤਮਾ। ਉਰਿ = ਹਿਰਦੇ ਵਿਚ। ਅਤਿ = ਬਹੁਤ। ਗਟਕ = ਗਟ ਗਟ ਕਰ ਕੇ, ਬੜੇ ਸੁਆਦ ਨਾਲ (ਖਾਂਦਾ ਹੈ) । ਸਮ੍ਹ੍ਹਾਰੇ = ਸੰਭਾਲਦਾ ਹੈ।4।

ਅਰਥ: ਹੇ ਰਾਮ! ਮੇਰੇ ਮਨ ਵਿਚ ਮੇਰੇ ਤਨ ਵਿਚ ਤੇਰਾ ਨਾਮ ਹੀ ਆਸਰਾ ਹੈ। ਤੇਰੀ ਸੇਵਾ-ਭਗਤੀ ਕਰਨ ਤੋਂ ਬਿਨਾ ਮੈਂ ਇਕ ਖਿਨ ਇਕ ਪਲ ਭਰ ਭੀ ਰਹਿ ਨਹੀਂ ਸਕਦਾ। ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ।1। ਰਹਾਉ।

ਹੇ ਭਾਈ! ਤੁਸੀ ਭੀ ਸਦਾ ਪਰਮਾਤਮਾ ਦਾ ਧਿਆਨ ਧਰਿਆ ਕਰੋ। ਮੈਨੂੰ ਤਾਂ ਹਰਿ-ਨਾਮ ਹੀ ਪਿਆਰਾ ਲੱਗਦਾ ਹੈ। ਠਾਕੁਰ-ਪ੍ਰਭੂ ਜਿਨ੍ਹਾਂ ਕੰਗਾਲਾਂ ਉਤੇ ਭੀ ਦਇਆਵਾਨ ਹੁੰਦੇ ਹਨ, ਉਹਨਾਂ ਦਾ ਜੀਵਨ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣਾ ਬਣਾ ਦੇਂਦੇ ਹਨ।1।

ਹੇ ਮਧ ਸੂਦਨ! ਹੇ ਜਗ ਜੀਵਨ! ਹੇ ਮਾਧੋ! ਹੇ ਮੇਰੇ ਠਾਕੁਰ! ਹੇ ਅਪਹੁੰਚ! ਹੇ ਬੇਅੰਤ! (ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਨਾਮ ਦੀ ਪ੍ਰਾਪਤੀ ਵਾਸਤੇ) ਮੈਂ ਗੁਰੂ ਪਾਸ ਸਦਾ ਬੇਨਤੀ ਕਰਦਾ ਰਹਾਂ, ਮੈਂ ਗੁਰੂ ਦੇ ਚਰਨ ਹੀ ਧੋਂਦਾ ਰਹਾਂ।2।

(ਹੇ ਭਾਈ! ਸਰਬ-ਵਿਆਪਕ) ਪ੍ਰਭੂ ਦੀਆਂ ਹਜ਼ਾਰਾਂ ਹੀ ਅੱਖਾਂ ਹਨ, (ਫਿਰ ਭੀ) ਉਹ ਸਰਬ-ਵਿਆਪਕ ਪ੍ਰਭੂ ਸਦਾ ਨਿਰਲੇਪ ਹੈ। ਹੇ ਭਾਈ! ਉਹ ਮਾਲਕ-ਪ੍ਰਭੂ ਹਜ਼ਾਰਾਂ ਸਰੀਰਾਂ ਵਾਲਾ ਹੈ, ਫਿਰ ਭੀ ਉਹ ਆਪਣੇ ਵਰਗਾ ਆਪ ਹੀ ਇੱਕ ਹੈ। ਉਹ ਆਪ ਹੀ ਗੁਰੂ ਦੀ ਮਤਿ ਦੀ ਰਾਹੀਂ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।3।

ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਉਸ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਨੂੰ ਬਹੁਤ ਮਿੱਠੀ ਲੱਗਦੀ ਹੈ, ਉਸ ਨੂੰ ਉਹ ਹਰ ਵੇਲੇ ਹਿਰਦੇ ਵਿਚ ਸੰਭਾਲੀ ਰੱਖਦਾ ਹੈ (ਪਰ ਕਿਸੇ ਨੂੰ ਦੱਸਦਾ ਨਹੀਂ,) ਜਿਵੇਂ ਕੋਈ ਗੁੰਗਾ (ਕੋਈ ਸ਼ਰਬਤ ਆਦਿਕ) ਬੜੇ ਸੁਆਦ ਨਾਲ ਪੀਂਦਾ ਹੈ (ਤੇ, ਸੁਆਦ ਦੱਸ ਨਹੀਂ ਸਕਦਾ) ।4।

ਰਸਨਾ ਸਾਦ ਚਖੈ ਭਾਇ ਦੂਜੈ ਅਤਿ ਫੀਕੇ ਲੋਭ ਬਿਕਾਰੇ ॥ ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ ॥੫॥ ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ ॥ ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥੬॥ ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥ ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥ ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ ॥ ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥੮॥੧॥ {ਪੰਨਾ 980}

ਪਦ ਅਰਥ: ਰਸਨ = ਜੀਭ। ਸਾਦ = ਸੁਆਦ {ਬਹੁ-ਵਚਨ}। ਭਾਇ = ਪਿਆਰ ਵਿਚ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ (ਫਸ ਕੇ) । ਫੀਕੇ = ਬੇ-ਸੁਆਦੇ। ਚਖਹਿ = ਚੱਖਦੇ ਹਨ {ਬਹੁ-ਵਚਨ}। ਅਨ ਰਸ = ਹੋਰ ਹੋਰ ਅਨੇਕਾਂ ਰਸ।5।

ਸੁਣਿ = ਸੁਣ ਕੇ। ਨਿਵਾਰੇ = ਦੂਰ ਕਰ ਲਏ।6।

ਸਾਸ = {ਬਹੁ-ਵਚਨ। 'ਸਾਸੁ' ਇਕ-ਵਚਨ}। ਜੇਤੇ = ਜਿਤਨੇ ਭੀ। ਬਿਕਾਰੇ = ਬੇ-ਕਾਰ, ਫ਼ਜ਼ੂਲ।7।

ਪ੍ਰਭ = ਹੇ ਪ੍ਰਭੂ! ਦਾਸਨਿ ਦਾਸੁ = ਦਾਸਾਂ ਦਾ ਦਾਸ। ਪਨਿਹਾਰੇ = ਪਾਣੀ ਭਰਨ ਵਾਲੇ।8।

ਅਰਥ: ਹੇ ਭਾਈ! ਜਿਸ ਮਨੁੱਖ ਦੀ ਜੀਭ ਮਾਇਆ ਦੇ ਮੋਹ ਦੇ ਕਾਰਨ (ਹੋਰ ਹੋਰ ਪਦਾਰਥਾਂ ਦੇ) ਸੁਆਦ ਚੱਖਦੀ ਰਹਿੰਦੀ ਹੈ, ਉਹ ਮਨੁੱਖ ਲੋਭ ਆਦਿਕ ਅੱਤ ਫਿੱਕੇ ਵਿਕਾਰਾਂ ਵਿਚ ਹੀ ਫਸਿਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੇ ਹਨ, ਉਹ ਹੋਰ ਹੋਰ ਰਸਾਂ ਦੇ ਸੁਆਦ ਭੁਲਾ ਦੇਂਦੇ ਹਨ।5।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਉਹ ਸਦਾ ਨਾਮ ਸੁਣ ਕੇ ਤੇ ਉਚਾਰ ਕੇ ਪਾਪ ਦੂਰ ਕਰ ਲੈਂਦੇ ਹਨ। ਅਜਿਹੇ ਮਨੁੱਖ ਮਾਲਕ-ਪ੍ਰਭੂ ਦੇ ਪਿਆਰੇ ਹੁੰਦੇ ਹਨ, ਧਰਮਰਾਜ ਜਾਂ (ਉਸ ਦਾ ਕੋਈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ।6।

ਹੇ ਭਾਈ! ਜ਼ਿੰਦਗੀ ਦੇ ਜਿਤਨੇ ਭੀ ਸਾਹ ਹਨ (ਉਹਨਾਂ ਵਿਚ) ਮੈਂ ਤਾਂ ਗੁਰੂ ਦੀ ਮਤਿ ਦੇ ਆਸਰੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ। ਜਿਹੜਾ ਇੱਕ ਭੀ ਸਾਹ ਪ੍ਰਭੂ ਦੇ ਨਾਮ ਤੋਂ ਬਿਨਾ ਜਾਂਦਾ ਹੈ, ਉਹ ਸਾਹ ਵਿਅਰਥ ਜਾਂਦਾ ਹੈ, ਬੇ-ਕਾਰ ਜਾਂਦਾ ਹੈ।7।

ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਮਿਹਰ ਕਰ ਮਿਹਰ ਕਰ। ਮੈਨੂੰ ਆਪਣੇ ਪਿਆਰੇ ਭਗਤ ਮਿਲਾ। ਮੈਂ ਤੇਰੇ ਦਾਸਾਂ ਦਾ ਦਾਸ ਆਖਦਾ ਹਾਂ, ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਬਣਾਈ ਰੱਖ।8।1।

TOP OF PAGE

Sri Guru Granth Darpan, by Professor Sahib Singh