ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 981

ਨਟ ਮਹਲਾ ੪ ॥ ਰਾਮ ਹਮ ਪਾਥਰ ਨਿਰਗੁਨੀਆਰੇ ॥ ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥੧॥ ਰਹਾਉ ॥ ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ ॥ ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥੧॥ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥ ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥੨॥ ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ ॥ ਸਤਿਗੁਰ ਮਿਲਿਐ ਪਰਮ ਪਦੁ ਪਾਇਆ ਹਉ ਸਤਿਗੁਰ ਕੈ ਬਲਿਹਾਰੇ ॥੩॥ {ਪੰਨਾ 981}

ਪਦ ਅਰਥ: ਰਾਮ = ਹੇ ਰਾਮ! ਪਾਥਰ = ਨਿਰਦਈ, ਪੱਥਰ-ਚਿੱਤ। ਨਿਰਗੁਨੀਆਰੇ = ਗੁਣ-ਹੀਨ। ਮਿਲਾਏ = ਮਿਲਾਇ। ਹਮ ਪਾਹਨ– ਸਾਨੂੰ ਪੱਥਰਾਂ ਨੂੰ। ਸਬਦਿ = ਸਬਦ ਦੀ ਰਾਹੀਂ। ਤਾਰੈ = ਤਾਰਿ, ਪਾਰ ਲੰਘਾ।1। ਰਹਾਉ।

ਸਤਿਗੁਰ = ਹੇ ਗੁਰੂ! ਦ੍ਰਿੜਾਏ = ਦ੍ਰਿੜਾਇ, ਹਿਰਦੇ ਵਿਚ ਪੱਕਾ ਕਰ। ਮੈਲਾਗਰੁ = ਚੰਦਨ। ਮੈਲਾਗਰੁ ਮਲਗਾਰੇ = ਚੰਦਨ ਦਾ ਚੰਦਨ, ਚੰਦਨ ਤੋਂ ਭੀ ਸ੍ਰੇਸ਼ਟ। ਨਾਮੈ = ਨਾਮ ਦੀ ਰਾਹੀਂ ਹੀ। ਸੁਰਤਿ ਵਜੀ ਹੈ– ਇਹ ਸੁਰਤਿ ਪ੍ਰਬਲ ਹੁੰਦੀ ਹੈ ਕਿ। ਦਹ ਦਿਸਿ = ਦਸੀਂ ਪਾਸੀਂ। ਮੁਸਕ = ਕਸਤੂਰੀ ਦੀ ਸੁਗੰਧੀ। ਗੰਧਾਰੇ = ਸੁਗੰਧੀ।1।

ਨਿਰਗੁਣ = ਤ੍ਰਿਗੁਣ-ਅਤੀਤ, ਜਿਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ। ਗੁਰਿ = ਗੁਰੂ ਦੀ ਰਾਹੀਂ। ਨੀਕੇ = ਚੰਗੇ। ਸਮਾਰੇ = ਹਿਰਦੇ ਵਿਚ ਵਸਾਏ ਜਾ ਸਕਦੇ ਹਨ। ਗਾਵਤ ਗਾਵਤ ਗਾਏ = ਹਰ ਵੇਲੇ ਗਾਵਣੇ ਸ਼ੁਰੂ ਕੀਤੇ। ਗੁਰਿ = ਗੁਰੂ ਨੇ। ਨਿਸਤਾਰੇ = ਪਾਰ ਲੰਘਾ ਦਿੱਤੇ।2।

ਬਿਬੇਕੁ = ਚੰਗੇ ਮੰਦੇ ਦੀ ਪਰਖ (ਕਰਨ ਵਿਚ ਨਿਪੁੰਨ) । ਸਮ ਦਰਸੀ = {ਸਮ = ਬਰਾਬਰ, ਇਕੋ ਜਿਹਾ} ਸਭਨਾਂ ਨੂੰ ਇਕੋ ਜਿਹਾ (ਪਿਆਰ ਨਾਲ) ਵੇਖਣ ਵਾਲਾ। ਤਿਸੁ = ਉਸ ਗੁਰੂ ਨੂੰ। ਮਿਲੀਐ = ਮਿਲਣਾ ਚਾਹੀਦਾ ਹੈ। ਉਤਾਰੇ = ਉਤਾਰਿ, ਉਤਾਰ ਕੇ। ਮਿਲਿਐ = {ਲਫ਼ਜ਼ 'ਮਿਲੀਐ' ਅਤੇ 'ਮਿਲਿਐ' ਦਾ ਫ਼ਰਕ ਚੇਤੇ ਰੱਖੋ} ਜੇ ਮਿਲ ਪਏ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਹਉ = ਮੈਂ। ਕੈ = ਤੋਂ।3।

ਅਰਥ: ਹੇ ਮੇਰੇ ਰਾਮ! ਅਸੀਂ ਜੀਵ ਨਿਰਦਈ ਹਾਂ, ਗੁਣਾਂ ਤੋਂ ਸੱਖਣੇ ਹਾਂ। ਮਿਹਰ ਕਰ ਮਿਹਰ ਕਰ, ਸਾਨੂੰ ਗੁਰੂ ਮਿਲਾ। ਸਾਨੂੰ ਪੱਥਰਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ।1। ਰਹਾਉ।

ਹੇ ਗੁਰੂ! ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ, ਇਹ ਨਾਮ ਬਹੁਤ ਮਿੱਠਾ ਹੈ ਤੇ (ਠੰਢਕ ਅਪੜਾਣ ਵਿਚ) ਚੰਦਨ ਤੋਂ ਭੀ ਸ੍ਰੇਸ਼ਟ ਹੈ। ਨਾਮ ਦੀ ਬਰਕਤਿ ਨਾਲ ਹੀ ਇਹ ਸੁਰਤਿ ਪ੍ਰਬਲ ਹੁੰਦੀ ਹੈ ਕਿ ਜਗਤ ਵਿਚ ਹਰ ਪਾਸੇ ਪਰਮਾਤਮਾ ਦੀ ਹਸਤੀ ਦੀ ਸੁਗੰਧੀ ਪਸਰ ਰਹੀ ਹੈ।1।

ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਮਿੱਠੀ ਹੈ, ਇਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈ ਸਕਦਾ। ਗੁਰੂ ਦੀ ਰਾਹੀਂ (ਤੇਰੀ ਸਿਫ਼ਤਿ-ਸਾਲਾਹ ਦੇ) ਸੋਹਣੇ ਬਚਨ ਹਿਰਦੇ ਵਿਚ ਵਸਾਏ ਜਾ ਸਕਦੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਵਣੇ ਸ਼ੁਰੂ ਕੀਤੇ, ਗੁਣ ਗਾਂਦਿਆਂ ਉਹਨਾਂ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।2।

ਹੇ ਭਾਈ! ਗੁਰੂ ਚੰਗੇ ਮੰਦੇ ਕੰਮਾਂ ਦੀ ਪਰਖ ਕਰਨ ਵਿਚ ਨਿਪੁੰਨ ਹੈ, ਗੁਰੂ ਸਭ ਜੀਵਾਂ ਨੂੰ ਇਕੋ ਜਿਹਾ ਪਿਆਰ ਨਾਲ ਵੇਖਣ ਵਾਲਾ ਹੈ। (ਆਪਣੇ ਮਨ ਦੇ ਸਾਰੇ) ਸ਼ੰਕੇ ਦੂਰ ਕਰ ਕੇ ਉਸ (ਗੁਰੂ) ਨੂੰ ਮਿਲਣਾ ਚਾਹੀਦਾ ਹੈ। ਜੇ ਗੁਰੂ ਮਿਲ ਪਏ, ਤਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮੈਂ ਗੁਰੂ ਤੋਂ ਸਦਕੇ ਹਾਂ।3।

ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥ ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥੪॥ ਉਗਵੈ ਦਿਨਸੁ ਆਲੁ ਜਾਲੁ ਸਮ੍ਹ੍ਹਾਲੈ ਬਿਖੁ ਮਾਇਆ ਕੇ ਬਿਸਥਾਰੇ ॥ ਆਈ ਰੈਨਿ ਭਇਆ ਸੁਪਨੰਤਰੁ ਬਿਖੁ ਸੁਪਨੈ ਭੀ ਦੁਖ ਸਾਰੇ ॥੫॥ ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ ॥ ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥੬॥ ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥ ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥੭॥ ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥ ਨਾਨਕ ਪ੍ਰਭੁ ਖਿੰਚੈ ਤਿਵ ਚਲੀਐ ਜਿਉ ਭਾਵੈ ਰਾਮ ਪਿਆਰੇ ॥੮॥੨॥ {ਪੰਨਾ 981}

ਪਦ ਅਰਥ: ਪਾਖੰਡ = (ਮਾਇਆ ਆਦਿਕ ਬਟੋਰਨ ਲਈ ਧਾਰਮਿਕ) ਵਿਖਾਵੇ। ਕਰਿ = ਕਰ ਕੇ। ਕਰਿ ਕਰਿ = ਮੁੜ ਮੁੜ ਕਰ ਕੇ। ਭਰਮੇ = ਭਟਕਦੇ ਫਿਰਦੇ ਹਨ। ਜਗਿ = ਜਗਤ ਵਿਚ। ਬੁਰਿਆਰੇ = ਬੜੇ ਭੈੜੇ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਹੋਵਹਿ = ਹੁੰਦੇ ਹਨ {ਬਹੁ-ਵਚਨ}। ਸਿਰਿ = ਸਿਰ ਉਤੇ। ਮਾਰੇ = ਮਾਰਦਾ ਹੈ, ਆਤਮਕ ਮੌਤੇ ਮਾਰੀ ਜਾਂਦਾ ਹੈ।4।

ਉਗਵੈ = ਉੱਗਦਾ ਹੈ, ਚੜ੍ਹਦਾ ਹੈ। ਆਲੁ = {AwlX} ਘਰ। ਆਲੁ ਜਾਲੁ = ਜਾਲ-ਰੂਪ ਘਰ ਦੇ ਧੰਧੇ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ। ਬਿਸਥਾਰੇ = ਖਿਲਾਰੇ। ਰੈਨਿ = ਰਾਤ। ਸੁਪਨੰਤਰੁ = ਸੁਪਨਿਆਂ ਵਿਚ ਗ਼ਲਤਾਨ। ਸੁਪਨੈ ਭੀ = ਸੁਪਨੇ ਵਿਚ ਭੀ। ਬਿਖੁ ਸਾਰੇ = ਜ਼ਹਰ ਨੂੰ ਸੰਭਾਲਦਾ ਹੈ।5।

ਕਲਰੁ ਖੇਤੁ = ਉਹ ਖੇਤ ਜਿਸ ਵਿਚ ਕੱਲਰ ਦੇ ਕਾਰਨ ਫ਼ਸਲ ਨਹੀਂ ਉੱਗਦੀ, ਉਹ ਹਿਰਦਾ-ਖੇਤ ਜਿਸ ਵਿਚ ਨਾਮ-ਬੀਜ ਨਹੀਂ ਉੱਗਦਾ। ਕੂੜੁ = ਨਾਸਵੰਤ ਪਦਾਰਥਾਂ ਦਾ ਮੋਹ। ਜਮਾਇਆ = ਬੀਤਿਆ। ਖਲਵਾਰੇ = ਖਲਵਾੜ। ਸਾਕਤ ਨਰ = ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ। ਸਭਿ = ਸਾਰੇ। ਭੂਖ ਭੁਖਾਨੇ = ਭੁੱਖੇ ਹੀ ਭੁੱਖੇ, ਹਰ ਵੇਲੇ ਭੁੱਖੇ, ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ। ਜਮ ਦਰਿ = ਜਮ ਦੇ ਦਰ ਤੇ। ਜੰਦਾਰ = ਬਲੀ। ਠਾਢੇ = ਖਲੋਤੇ ਹੋਏ।6।

ਮਨਮੁਖ = ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਬਿਖੁ ਕਰਜੁ = ਆਤਮਕ ਮੌਤ ਲਿਆਉਣ ਵਾਲਾ ਕਰਜ਼ਾ। ਵੀਚਾਰੇ = ਵੀਚਾਰੇ, ਵਿਚਾਰ ਕੇ। ਕਰਜ ਕੇ ਮੰਗੀਏ = ਕਰਜ਼ਾ ਲੈਣ ਵਾਲੇ, ਜਿਨ੍ਹਾਂ ਦੇ ਕਰਜ਼ੇ ਹੇਠ ਫਸ ਗਏ, ਕਰਜ਼-ਖ਼ਾਹ, ਜਮ-ਦੂਤ। ਕਰਿ ਸੇਵਕ = ਸੇਵਕ ਬਣਾ ਕੇ। ਪਗਿ ਲਗਿ = ਪੈਰ ਵਿਚ ਲੱਗ ਕੇ, ਚਰਨੀਂ ਲੱਗ ਕੇ। ਵਾਰੇ = ਰੋਕੇ ਗਏ।7।

ਜਗੰਨਾਥ = ਜਗਤ ਦਾ ਨਾਥ। ਸਭਿ ਜੰਤ੍ਰ = ਸਾਰੇ ਜੀਵ। ਉਪਾਏ = ਪੈਦਾ ਕੀਤੇ ਹੋਏ। ਨਕਿ ਖੀਨੀ = ਨੱਕੋਂ ਵਿੰਨ੍ਹੇ ਹੋਏ। ਨਥਹਾਰੇ = ਨੱਥ ਵਾਲੇ, ਵੱਸ ਵਿਚ। ਨਾਨਕ = ਹੇ ਨਾਨਕ! ਖਿੰਚੈ = ਖਿੱਚਦਾ ਹੈ। ਭਾਵੈ = ਚੰਗਾ ਲੱਗਦਾ ਹੈ।8।

ਅਰਥ: (ਹੇ ਭਾਈ! ਮਾਇਆ ਆਦਿਕ ਬਟੋਰਨ ਲਈ ਅਨੇਕਾਂ ਧਾਰਮਿਕ) ਦਿਖਾਵੇ ਸਦਾ ਕਰ ਕਰ ਕੇ (ਜੀਵ) ਭਟਕਦੇ ਫਿਰਦੇ ਹਨ। ਇਹ ਲੋਭ ਤੇ ਇਹ (ਧਾਰਮਿਕ) ਵਿਖਾਵਾ ਜਗਤ ਵਿਚ ਇਹ ਬੜੇ ਭੈੜੇ (ਵੈਰੀ) ਹਨ। ਇਸ ਲੋਕ ਵਿਚ ਅਤੇ ਪਰਲੋਕ ਵਿਚ (ਇਹ ਸਦਾ) ਦੁਖਦਾਈ ਹੁੰਦੇ ਹਨ, (ਇਹਨਾਂ ਦੇ ਕਾਰਨ) ਜਮਕਾਲ (ਜੀਵਾਂ ਦੇ) ਸਿਰ ਉਤੇ ਖਲੋਤਾ ਹੋਇਆ (ਸਭਨਾਂ ਨੂੰ) ਆਤਮਕ ਮੌਤੇ ਮਾਰੀ ਜਾਂਦਾ ਹੈ।4।

(ਹੇ ਭਾਈ! ਜਦੋਂ) ਦਿਨ ਚੜ੍ਹਦਾ ਹੈ (ਉਸੇ ਵੇਲੇ ਲੋਭ-ਵਸ ਜੀਵ) ਘਰ ਦੇ ਧੰਧੇ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਖਿਲਾਰੇ ਸ਼ੁਰੂ ਕਰਦਾ ਹੈ; (ਜਦੋਂ) ਰਾਤ ਆ ਗਈ (ਤਦੋਂ ਜੀਵ ਦਿਨ ਵਾਲੇ ਕੀਤੇ ਧੰਧਿਆਂ ਅਨੁਸਾਰ) ਸੁਪਨਿਆਂ ਵਿਚ ਗ਼ਲਤਾਨ ਹੋ ਗਿਆ, ਸੁਪਨੇ ਵਿਚ ਭੀ ਆਤਮਕ ਮੌਤ ਲਿਆਉਣ ਵਾਲੇ ਦੁੱਖਾਂ ਨੂੰ ਹੀ ਸੰਭਾਲਦਾ ਹੈ।5।

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਇਹ ਹਿਰਦਾ-ਖੇਤ ਕੱਲਰ ਹੈ (ਜਿਸ ਵਿਚ ਨਾਮ-ਬੀਜ ਨਹੀਂ ਉੱਗ ਸਕਦਾ। ਸਾਕਤ) ਉਸ ਵਿਚ ਨਾਸਵੰਤ ਪਦਾਰਥਾਂ ਦਾ ਮੋਹ ਹੀ ਬੀਜਦੇ ਰਹਿੰਦੇ ਹਨ, ਅਤੇ ਮੋਹ ਮਾਇਆ ਦੇ ਖਲਵਾੜੇ ਹੀ ਇਕੱਠੇ ਕਰਦੇ ਹਨ। (ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਸਾਕਤ ਮਨੁੱਖ ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ ਰਹਿੰਦੇ ਹਨ, ਤੇ, ਬਲੀ ਜਮਰਾਜ ਦੇ ਦਰ ਤੇ ਖਲੋਤੇ ਰਹਿੰਦੇ ਹਨ (ਜਮਾਂ ਦੇ ਵੱਸ ਪਏ ਰਹਿੰਦੇ ਹਨ) ।6।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਸਿਰ ਉਤੇ ਆਤਮਕ ਮੌਤ ਲਿਆਉਣ ਵਾਲਾ (ਵਿਕਾਰਾਂ ਦਾ) ਕਰਜ਼ਾ ਚੜ੍ਹਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਇਆਂ ਹੀ ਇਹ ਕਰਜ਼ਾ ਉਤਰਦਾ ਹੈ। (ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ) ਕਰਜ਼ਾ ਮੰਗਣ ਵਾਲੇ ਇਹਨਾਂ ਸਾਰੇ ਹੀ ਜਮਦੂਤਾਂ ਨੂੰ (ਗੁਰ-ਸ਼ਬਦ ਦਾ ਆਸਰਾ ਲੈਣ ਵਾਲਿਆਂ ਦਾ) ਸੇਵਕ ਬਣਾ ਕੇ ਉਹਨਾਂ ਦੀ ਚਰਨੀਂ ਲਾ ਕੇ ਰੋਕ ਦਿੱਤਾ ਜਾਂਦਾ ਹੈ।7।

ਹੇ ਨਾਨਕ! (ਆਖ - ਹੇ ਭਾਈ ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰੇ ਜੀਵ ਜਗਤ ਦੇ ਨਾਥ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਨੱਕੋ-ਵਿੰਨ੍ਹੇ ਹੋਏ (ਪਸ਼ੂਆਂ ਵਾਂਗ) ਸਭ ਉਸੇ ਦੇ ਵੱਸ ਵਿਚ ਹਨ। ਜਿਵੇਂ ਪ੍ਰਭੂ (ਜੀਵਾਂ ਦੀ ਨੱਥ) ਖਿੱਚਦਾ ਹੈ, ਜਿਵੇਂ ਪਿਆਰੇ ਰਾਮ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਨੂੰ) ਤੁਰਨਾ ਪੈਂਦਾ ਹੈ।8।2।

ਨਟ ਮਹਲਾ ੪ ॥ ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥ ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥੧॥ ਰਹਾਉ ॥ ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥ ਪਰਸ ਨਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥੧॥ ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥ ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥੨॥ ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥ ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥੩॥ {ਪੰਨਾ 981}

ਪਦ ਅਰਥ: ਰਾਮ = ਹੇ ਰਾਮ! ਹਰਿ = ਹੇ ਹਰੀ! ਅੰਮ੍ਰਿਤਸਰਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ। ਨਾਵਾਰੇ = ਇਸ਼ਨਾਨ ਕਰਾਂਦਾ ਹੈ। ਸਤਿਗੁਰਿ = ਗੁਰੂ ਵਿਚ। ਗਿਆਨੁ = ਆਤਮਕ ਜੀਵਨ ਦੀ ਸੂਝ। ਮਜਨੁ = ਇਸ਼ਨਾਨ। ਨੀਕੋ = ਸੋਹਣਾ, ਚੰਗਾ। ਮਿਲਿ = (ਗੁਰੂ ਨੂੰ) ਮਿਲ ਕੇ। ਕਲਮਲ = ਪਾਪ। ਉਤਾਰੇ = ਲਾਹ ਲੈਂਦਾ ਹੈ।1। ਰਹਾਉ।

ਗੁਨੁ = ਪ੍ਰਭਾਵ, ਅਸਰ, ਲਾਭ। ਅਧਿਕਾਈ = ਵਧੀਕ। ਪੜਿ = ਪੜ੍ਹ ਕੇ। ਸੂਆ = {_uk} ਤੋਤਾ। ਉਧਾਰੇ = ਪਾਰ ਲੰਘਾ ਲੈਂਦਾ ਹੈ। ਪਰਸਨ ਪਰਸ = {Ôp_L = ਛੁਹ} ਬਹੁਤ ਵਧੀਆ ਛੁਹ (ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੀ) । ਕਉ = ਨੂੰ। ਬੈਕੁੰਠਿ = ਬੈਕੁੰਠ ਵਿਚ। ਸਿਧਾਰੈ = ਪਹੁੰਚਦੇ ਹਨ।1।

ਪੁਤ੍ਰ ਪ੍ਰਤਿ = ਪੁੱਤਰ ਵਾਸਤੇ। ਕੀਨੀ = ਕੀਤੀ ਹੋਈ। ਕਹਿ = ਆਖ ਆਖ ਕੇ। ਬੋਲਾਰੇ = ਬੁਲਾਂਦਾ ਹੈ। ਕੈ ਮਨਿ = ਦੇ ਮਨ ਵਿਚ। ਭਾਇ = ਭਾ ਗਈ, ਪਸੰਦ ਆ ਗਈ, ਚੰਗੀ ਲੱਗੀ। ਭਾਵਨੀ = ਸਰਧਾ। ਕੰਕਰ = {ikzkr} ਨੌਕਰ। ਜਮ ਕੰਕਰ = ਜਮਰਾਜ ਦੇ ਨੌਕਰ, ਜਮਦੂਤ। ਮਾਰਿ = ਮਾਰ ਕੇ। ਬਿਦਾਰੇ = ਨਾਸ ਕਰ ਦਿੱਤੇ।2।

ਕਥੈ = (ਨਿਰਾ) ਜ਼ਬਾਨੀ ਆਖਦਾ ਹੈ। ਕਥਿ = ਜ਼ਬਾਨੀ ਆਖ ਕੇ। ਦਿੜਤਾ = ਪਕਿਆਈ, ਯਕੀਨ। ਨਾਮਿ = ਨਾਮ ਦੀ ਰਾਹੀਂ। ਨਿਸਤਾਰੇ = (ਗੁਰੂ) ਪਾਰ ਲੰਘਾ ਦੇਂਦਾ ਹੈ।3।

ਅਰਥ: ਹੇ ਰਾਮ! ਹੇ ਹਰੀ! (ਜਿਹੜਾ ਮਨੁੱਖ ਤੇਰੀ ਮਿਹਰ ਨਾਲ) ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਦੇ ਸਰ ਵਿਚ (ਆਪਣੇ ਮਨ ਨੂੰ) ਇਸ਼ਨਾਨ ਕਰਾਂਦਾ ਹੈ, (ਉਹ ਮਨੁੱਖ ਗੁਰੂ ਨੂੰ) ਮਿਲ ਕੇ (ਆਪਣੇ ਸਾਰੇ) ਪਾਪ ਵਿਕਾਰ ਲਾਹ ਲੈਂਦਾ ਹੈ। (ਗੁਰੂ ਦੀ ਰਾਹੀਂ) ਆਤਮਕ ਜੀਵਨ ਦੀ ਸੂਝ ਹੀ ਗੁਰੂ (-ਸਰੋਵਰ) ਵਿਚ ਸੋਹਣਾ ਇਸ਼ਨਾਨ ਹੈ।1। ਰਹਾਉ।

ਹੇ ਭਾਈ! ਸੰਗਤਿ ਦਾ ਅਸਰ ਬਹੁਤ ਅਧਿਕ ਹੋਇਆ ਕਰਦਾ ਹੈ, (ਵੇਖੋ,) ਤੋਤਾ (ਗਨਿਕਾ ਪਾਸੋਂ 'ਰਾਮ ਨਾਮ') ਪੜ੍ਹ ਕੇ ਗਨਿਕਾ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਗਿਆ। ਕੁਬਿਜਾ ਨੂੰ (ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੀ) ਸ੍ਰੇਸ਼ਟ ਛੋਹ ਪ੍ਰਾਪਤ ਹੋਈ, (ਉਹ ਛੋਹ) ਉਸ ਨੂੰ ਬੈਕੁੰਠ ਵਿਚ ਭੀ ਲੈ ਪਹੁੰਚੀ।1।

ਹੇ ਭਾਈ! ਅਜਾਮਲ ਦੀ ਆਪਣੇ ਪੁੱਤਰ (ਨਾਰਾਇਣ) ਨਾਲ ਕੀਤੀ ਹੋਈ ਪ੍ਰੀਤ (ਜਗਤ-ਪ੍ਰਸਿਧ ਹੈ। ਅਜਾਮਲ ਆਪਣੇ ਪੁੱਤਰ ਨੂੰ) ਨਾਰਾਇਣ ਨਾਮ ਨਾਲ ਬੁਲਾਂਦਾ ਸੀ (ਨਾਰਾਇਣ ਆਖਦਿਆਂ ਉਸ ਦੀ ਪ੍ਰੀਤ ਨਾਰਾਇਣ-ਪ੍ਰਭੂ ਨਾਲ ਭੀ ਬਣ ਗਈ) । ਪਿਆਰੇ ਮਾਲਕ ਪ੍ਰਭੂ ਨਾਰਾਇਣ ਦੇ ਮਨ ਵਿਚ (ਅਜਾਮਲ ਦੀ ਉਹ) ਪ੍ਰੀਤ ਪਸੰਦ ਆ ਗਈ, ਉਸ ਨੇ ਜਮਦੂਤਾਂ ਨੂੰ ਮਾਰ ਕੇ (ਅਜਾਮਲ ਤੋਂ ਪਰੇ) ਭਜਾ ਦਿੱਤਾ।2।

ਪਰ, ਹੇ ਭਾਈ! ਜੇ ਮਨੁੱਖ ਨਿਰਾ ਜ਼ਬਾਨੀ ਗੱਲਾਂ ਹੀ ਕਰਦਾ ਹੈ ਤੇ ਗੱਲਾਂ ਕਰ ਕੇ ਨਿਰਾ ਲੋਕਾਂ ਨੂੰ ਹੀ ਸੁਣਾਂਦਾ ਹੈ (ਉਸ ਨੂੰ ਆਪ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ) ; ਜੋ ਕੁਝ ਉਹ ਬੋਲਦਾ ਹੈ ਉਸ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ। ਜਦੋਂ ਮਨੁੱਖ (ਗੁਰੂ ਦੀ) ਸਾਧ ਸੰਗਤਿ ਵਿਚ ਮਿਲ ਬੈਠਦਾ ਹੈ ਜਦੋਂ ਉਸ ਦੇ ਅੰਦਰ ਸਰਧਾ ਬੱਝਦੀ ਹੈ, (ਗੁਰੂ ਉਸ ਨੂੰ) ਪਰਮਾਤਮਾ ਦੇ ਨਾਮ (ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।3।

ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥ ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥੪॥ ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥ ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥੫॥ {ਪੰਨਾ 981}

ਪਦ ਅਰਥ: ਜਬ ਲਗੁ = ਜਦੋਂ ਤਕ। ਜੀਉ = ਜਿੰਦ। ਪਿੰਡੁ = ਸਰੀਰ। ਸਾਬਤੁ = ਕਾਇਮ। ਤਬ ਲਗਿ = ਤਦੋਂ ਤਕ {ਲਫ਼ਜ਼ 'ਲਗੁ' ਅਤੇ 'ਲਗਿ' ਦਾ ਇਕੋ ਹੀ ਅਰਥ ਹੈ}। ਨ ਸਮਾਰੇ = ਨਹੀਂ ਸੰਭਾਲਦਾ, ਆਤਮਕ ਜੀਵਨ ਦੀ ਸਾਂਭ-ਸੰਭਾਲ ਨਹੀਂ ਕਰਦਾ। ਮੰਦਰਿ = ਘਰ ਵਿਚ। ਆਗਿ = ਅੱਗ। ਕੂਪੁ = ਖੂਹ। ਪਨਿਹਾਰੇ = ਪਨਿਹਾਰਾ, ਪਾਣੀ ਕੱਢਣ ਵਾਲਾ।4।

ਸਾਕਤ ਸਿਉ = ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਨਾਲ। ਮਨ = ਹੇ ਮਨ! ਮੇਲੁ = ਸੰਬੰਧ, ਸਾਂਝ, ਬਹਣ-ਖਲੋਣ। ਜਿਨਿ = ਜਿਸ (ਸਾਕਤ) ਨੇ। ਬਿਸਾਰੇ = ਭੁਲਾ ਦਿੱਤਾ ਹੈ। ਡਸੀਐ = ਡਸਿਆ ਜਾਂਦਾ ਹੈ। ਤਜਿ = ਤਿਆਗ ਕੇ। ਪਰਾਰੇ = ਹੋਰ ਪਰੇ।5।

ਅਰਥ: ਹੇ ਭਾਈ! ਜਦੋਂ ਤਕ ਜਿੰਦ ਤੇ ਸਰੀਰ (ਦਾ ਮੇਲ) ਕਾਇਮ ਰਹਿੰਦਾ ਹੈ, ਤਦੋਂ ਤਕ (ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ ਪ੍ਰਭੂ ਦੀ ਯਾਦ ਨੂੰ) ਹਿਰਦੇ ਵਿਚ ਨਹੀਂ ਵਸਾਂਦਾ, (ਇਸ ਦਾ ਹਾਲ ਉਸੇ ਮਨੁੱਖ ਵਾਂਗ ਸਮਝੋ, ਜਿਸ ਦੇ) ਘਰ-ਮਹਲ ਵਿਚ ਜਦੋਂ ਅੱਗ ਲੱਗਦੀ ਹੈ ਤਦੋਂ ਖੂਹ ਪੁੱਟ ਕੇ ਪਾਣੀ ਕੱਢਦਾ ਹੈ (ਅੱਗ ਬੁਝਾਣ ਲਈ) ।4।

ਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਉੱਕਾ ਹੀ ਭੁਲਾ ਦਿੱਤਾ ਹੈ (ਉਹ ਸਾਕਤ ਹੈ, ਉਸ) ਸਾਕਤ ਨਾਲ ਕਦੇ ਸਾਂਝ ਨਾਹ ਪਾਣੀ, ਕਿਉਂਕਿ ਸਾਕਤ ਦੇ ਬਚਨਾਂ ਨਾਲ ਮਨੁੱਖ ਇਉਂ ਡੰਗਿਆ ਜਾਂਦਾ ਹੈ ਜਿਵੇਂ ਸੱਪ-ਠੂਹੇਂ ਦੇ ਡੰਗ ਨਾਲ। ਸਾਕਤ (ਦਾ ਸੰਗ) ਛੱਡ ਕੇ ਉਸ ਤੋਂ ਪਰੇ ਹੀ ਹੋਰ ਪਰੇ ਰਹਿਣਾ ਚਾਹੀਦਾ ਹੈ।5।

TOP OF PAGE

Sri Guru Granth Darpan, by Professor Sahib Singh