ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 983

ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥ ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥ ਸਰਧਾ ਸਰਧਾ ਉਪਾਇ ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥੬॥ {ਪੰਨਾ 983}

ਪਦ ਅਰਥ = ਨਾਰੀ = ਇਸਤ੍ਰੀ। ਪੁਰਖੁ = ਮਰਦ। ਸਭ = ਸਭਨਾਂ ਵਿਚ। ਸਭੁ = ਹਰ ਥਾਂ। ਪੁਰਖੁ ਮੁਰਾਰੇ = ਸਰਬ-ਵਿਆਪਕ ਹਰੀ {ਮੁਰ-ਅਰਿ}। ਰੇਨੁ = ਚਰਨ-ਧੂੜ। ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਮਿਲਿ = ਮਿਲ ਕੇ। ਮਿਲਿ ਹਰਿ ਜਨ = ਸੰਤ ਜਨਾਂ ਨੂੰ ਮਿਲ ਕੇ, ਸੰਤ ਜਨਾਂ ਨੂੰ ਮਿਲਿਆਂ ਹੀ। ਨਿਸਤਾਰੇ = ਪਾਰ ਲੰਘਾਂਦਾ ਹੈ।5।

ਗ੍ਰਾਮ = ਪਿੰਡ। ਨਗਰ = ਸ਼ਹਿਰ। ਸਭ = ਸਭਨੀਂ ਥਾਈਂ। ਰਿਦ ਅੰਤਰਿ = ਹਿਰਦੇ ਦੇ ਅੰਦਰ ਹੀ। ਭਾਰੇ = ਭਾਲੇ, ਭਾਲਿਆ, ਲੱਭ ਲਿਆ। ਉਪਾਇ = ਪੈਦਾ ਕਰ ਕੇ। ਮੋ ਕੁੳ = ਮੈਨੂੰ। ਮਿਲਾਏ = ਮਿਲਾਇ, ਜੋੜ। ਗੁਰਿ = ਗੁਰੂ ਦੀ ਰਾਹੀਂ। ਨਿਸਤਾਰੇ = ਨਿਸਤਾਰਿ, ਪਾਰ ਲੰਘਾ ਲੈ।6।

ਅਰਥ: ਹੇ ਸਖੀ! (ਉਂਞ ਤਾਂ ਚਾਹੇ) ਇਸਤ੍ਰੀ ਹੈ (ਚਾਹੇ) ਮਰਦ ਹੈ, (ਚਾਹੇ) ਮਰਦ ਹੈ (ਚਾਹੇ) ਇਸਤ੍ਰੀ ਹੈ, ਸਭਨਾਂ ਵਿਚ ਹਰ ਥਾਂ ਇਕੋ ਸਰਬ-ਵਿਆਪਕ ਪਰਮਾਤਮਾ ਹੀ ਵੱਸ ਰਿਹਾ ਹੈ; ਪਰ ਜਿਸ ਮਨੁੱਖ ਨੂੰ ਸੰਤ ਜਨਾਂ (ਦੇ ਚਰਨਾਂ) ਦੀ ਧੂੜ (ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ, ਉਸ ਨੂੰ ਹੀ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ। ਹੇ ਸਖੀ! ਸੰਤ ਜਨਾਂ ਨੂੰ ਮਿਲਿਆਂ ਹੀ ਪ੍ਰਭੂ ਪਾਰ ਲੰਘਾਂਦਾ ਹੈ।5।

ਹੇ ਸਖੀ! ਪਿੰਡ ਪਿੰਡ ਸ਼ਹਿਰ ਸ਼ਹਿਰ ਸਭਨੀਂ ਥਾਈਂ ਫਿਰ ਕੇ ਵੇਖ ਲਿਆ ਹੈ (ਪਰਮਾਤਮਾ ਇਉਂ ਬਾਹਰ ਭਾਲਿਆਂ ਨਹੀਂ ਲੱਭਦਾ) , ਸੰਤ ਜਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਲਭਿਆ ਹੈ।

ਹੇ ਹਰੀ! (ਮੇਰੇ ਅੰਦਰ ਭੀ) ਸਰਧਾ ਪੈਦਾ ਕਰ ਕੇ ਮੈਨੂੰ ਭੀ (ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਜੋੜ, ਮੈਨੂੰ ਭੀ ਗੁਰੂ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।6।

ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ ॥ ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਿਹਾਰੇ ॥੭॥ ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਹਮ ਨਿਕ ਕੀਰੇ ॥ ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ ਮੈ ਰਾਮੁ ਜਪਤ ਮਨੁ ਧੀਰੇ ॥੮॥੫॥ {ਪੰਨਾ 983}

ਪਦ ਅਰਥ: ਪਵਨ = ਸੁਆਸ। ਪਵਨ ਸੂਤੁ = ਸੁਆਸਾਂ ਦਾ ਧਾਗਾ, ਸੁਆਸਾਂ ਦੀ ਡੋਰ, ਸਾਰੇ ਸੁਆਸ। ਨੀਕਾ = ਸੋਹਣਾ, ਚੰਗਾ। ਸਤਿਗੁਰਿ = ਗੁਰੂ ਵਿਚ (ਜੁੜ ਕੇ) । ਵੀਚਾਰੇ = ਵੀਚਾਰਿ, ਵੀਚਾਰ ਕੇ, ਸੁਰਤਿ ਵਿਚ ਟਿਕਾ ਕੇ। ਨਿਜ ਘਰਿ = ਆਪਣੇ ਘਰ ਵਿਚ, ਅੰਤਰ-ਆਤਮੇ। ਜਾਇ = ਜਾ ਕੇ, ਟਿਕ ਕੇ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਬਿਨੁ ਨੈਨਾ = ਅੱਖਾਂ ਤੋਂ ਬਿਨਾ, ਮਾਇਕ ਅੱਖਾਂ ਤੋਂ ਬਿਨਾ, ਮਾਇਆ ਦਾ ਮੋਹ ਦੂਰ ਕਰ ਕੇ। ਨਿਹਾਰੇ = ਨਿਹਾਰਿ, ਵੇਖ ਕੇ।7।

ਤਉ = ਤੇਰੇ। ਈਸ = ਹੇ ਈਸ਼! ਹੇ ਈਸ਼੍ਵਰ! ਸਾਕਉ = ਸਾਕਉਂ। ਹਮ = ਅਸੀਂ ਸੰਸਾਰੀ ਜੀਵ। ਨਿਕ = ਨਿੱਕੇ ਨਿੱਕੇ। ਕੀਰੇ = ਕੀੜੇ। ਗੁਰ ਮੇਲਹੁ = ਗੁਰੂ (ਨਾਲ) ਮਿਲਾਪ ਕਰੋ। ਮੈ ਮਨੁ = ਮੇਰਾ ਮਨ। ਧੀਰੇ = ਟਿਕ ਜਾਏ।8।

ਅਰਥ: ਹੇ ਸਖੀ! ਜਿਸ ਮਨੁੱਖ ਨੇ ਗੁਰੂ (ਦੇ ਚਰਨਾਂ) ਵਿਚ (ਜੁੜ ਕੇ) ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤਿ ਵਿਚ ਟਿਕਾ ਕੇ (ਨਾਮ ਸਿਮਰਨ ਦੀ ਬਰਕਤਿ ਨਾਲ) ਆਪਣੇ ਸੁਆਸਾਂ ਦੀ ਲੜੀ ਨੂੰ ਸੋਹਣਾ ਬਣਾ ਲਿਆ, ਉਸ ਨੇ ਮਾਇਆ ਦਾ ਮੋਹ ਦੂਰ ਕਰ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਕੇ, ਅੰਤਰ ਆਤਮੇ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ।

ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਤੂੰ ਇਕ ਸੋਹਣਾ ਮੰਦਰ ਹੈਂ ਅਸੀਂ ਜੀਵ ਉਸ ਵਿਚ ਰਹਿਣ ਵਾਲੇ ਨਿੱਕੇ ਨਿੱਕੇ ਕੀੜੇ ਹਾਂ। ਹੇ ਨਾਨਕ! (ਆਖ - ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, ਮੈਨੂੰ ਗੁਰੂ ਨਾਲ ਮਿਲਾ ਦੇਹ, ਤਾਕਿ ਮੇਰਾ ਮਨ ਨਾਮ ਜਪ ਜਪ ਕੇ (ਤੇਰੇ ਚਰਨਾਂ ਵਿਚ) ਸਦਾ ਟਿਕਿਆ ਰਹੇ।8।5।

ਨਟ ਮਹਲਾ ੪ ॥ ਮੇਰੇ ਮਨ ਭਜੁ ਠਾਕੁਰ ਅਗਮ ਅਪਾਰੇ ॥ ਹਮ ਪਾਪੀ ਬਹੁ ਨਿਰਗੁਣੀਆਰੇ ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥ ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨਉ ਕਰਉ ਗੁਰ ਪਿਆਰੇ ॥ ਰਾਮ ਨਾਮੁ ਧਨੁ ਪੂਜੀ ਦੇਵਹੁ ਸਭੁ ਤਿਸਨਾ ਭੂਖ ਨਿਵਾਰੇ ॥੧॥ ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦ੍ਰੀ ਪਕਰਿ ਸਘਾਰੇ ॥ ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥ ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥ ਰਾਮ ਨਾਮੁ ਪੜਹੁ ਗਤਿ ਪਾਵਹੁ ਸਤਸੰਗਤਿ ਗੁਰਿ ਨਿਸਤਾਰੇ ॥੩॥ ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ ਜਿਵ ਸੂਰਜੁ ਕਮਲੁ ਨਿਹਾਰੇ ॥ ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥੪॥ {ਪੰਨਾ 983}

ਪਦ ਅਰਥ: ਮੇਰੇ ਮਨ = ਹੇ ਮੇਰੇ ਮਨ! ਭਜੁ = ਸਿਮਰ, ਯਾਦ ਕਰ। ਠਾਕੁਰ = ਮਾਲਕ-ਪ੍ਰਭੂ। ਅਗਮ = ਅਪਹੁੰਚ। ਅਪਾਰ = ਬੇਅੰਤ। ਹਮ = ਅਸੀਂ ਜੀਵ। ਨਿਰਗੁਣੀਆਰੇ = ਗੁਣਾਂ ਤੋਂ ਸੱਖਣੇ। ਗੁਰਿ = ਗੁਰੂ ਦੀ ਰਾਹੀਂ। ਨਿਸਤਾਰੇ = ਨਿਸਤਾਰਿ, ਪਾਰ ਲੰਘਾ ਲੈ।1। ਰਹਾਉ।

ਸਾਧੂ ਪੁਰਖੁ = ਭਲਾ ਮਨੁੱਖ, ਸੰਤ। ਸਾਧ ਜਨ ਪਾਏ = (ਜਿਹੜਾ) ਸੰਤ ਜਨਾਂ ਦੀ ਸੰਗਤਿ ਪ੍ਰਾਪਤ ਕਰਦਾ ਹੈ। ਬਿਨਉ = {ivnX} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਗੁਰ = ਹੇ ਗੁਰੂ! ਪੂਜੀ = ਪੂੰਜੀ, ਸਰਮਾਇਆ, ਰਾਸਿ। ਨਿਵਾਰੇ = ਦੂਰ ਕਰ ਦੇਵੇ।1।

ਪਚੈ = ਸੜਦਾ ਹੈ। ਪਤੰਗੁ = ਭੰਭਟ। ਮ੍ਰਿਗ = ਹਰਨ। ਭ੍ਰਿੰਗ = ਭੌਰਾ। ਕੁੰਚਰ = ਹਾਥੀ। ਮੀਨ = ਮੱਛੀ। ਇੰਦ੍ਰੀ = (ਭਾਵ) ਵਿਕਾਰ-ਵਾਸਨਾ। ਪਕਰਿ = ਫੜ ਕੇ। ਸਘਾਰੇ = ਸੰਘਾਰੇ, ਨਾਸ ਕਰ ਦਿੱਤੇ, ਜਾਨੋਂ ਮਾਰ ਦਿੱਤੇ। ਪੰਚ ਭੂਤ = ਕਾਮਾਦਿਕ ਪੰਜ ਦੈਂਤ। ਸਬਲ = ਸ-ਬਲ, ਬਲ ਵਾਲੇ, ਬਲੀ। ਹੈ– ਹੈਂ। ਦੇਹੀ = ਸਰੀਰ ਵਿਚ।2।

ਸੋਧਿ = ਸੋਧ ਕੇ, ਪਰਖ ਕੇ, ਵਿਚਾਰ ਕੇ। ਪੁਕਾਰੇ = ਉੱਚੀ ਉੱਚੀ ਦੱਸਦੇ ਹਨ। ਗਤਿ = ਉੱਚੀ ਆਤਮਕ ਅਵਸਥਾ। ਗੁਰਿ = ਗੁਰੂ ਨੇ (ਹੀ) । ਨਿਸਤਾਰੇ = ਪਾਰ ਉਤਾਰਨਾ ਹੈ।3।

ਕੇਰੀ = ਦੀ। ਨਿਹਾਰੇ = ਵੇਖਦਾ ਹੈ। ਮੇਰ = ਪਹਾੜ। ਨਾਚੈ = ਨੱਚਦਾ ਹੈ। ਉਨਵੈ = (ਵਰ੍ਹਨ ਵਾਸਤੇ) ਝੁਕਦਾ ਹੈ। ਘਨ = ਬਹੁਤ। ਘਨਹਾਰੇ = ਬੱਦਲ।4।

ਅਰਥ: ਹੇ ਮੇਰੇ ਮਨ! ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਯਾਦ ਕਰਿਆ ਕਰ (ਤੇ ਆਖਿਆ ਕਰ = ਹੇ ਪ੍ਰਭੂ!) ਅਸੀਂ ਜੀਵ ਪਾਪੀ ਹਾਂ, ਗੁਣਾਂ ਤੋਂ ਬਹੁਤ ਸੱਖਣੇ ਹਾਂ। ਕਿਰਪਾ ਕਰ ਕੇ ਸਾਨੂੰ ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।1। ਰਹਾਉ।

ਹੇ ਪਿਆਰੇ ਗੁਰੂ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਪ੍ਰਾਪਤ ਕਰਦਾ ਹੈ ਉਹ ਭੀ ਗੁਰਮੁਖ ਬਣ ਜਾਂਦਾ ਹੈ, ਮੈਂ ਭੀ (ਤੇਰੇ ਦਰ ਤੇ) ਬੇਨਤੀ ਕਰਦਾ ਹਾਂ (ਮੈਨੂੰ ਭੀ ਸੰਤ ਜਨਾਂ ਦੀ ਸੰਗਤਿ ਬਖ਼ਸ਼, ਅਤੇ) ਮੈਨੂੰ ਪਰਮਾਤਮਾ ਦਾ ਨਾਮ-ਧਨ ਸਰਮਾਇਆ ਦੇਹ ਜੋ ਮੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਸਭ ਦੂਰ ਕਰ ਦੇਵੇ।1।

ਹੇ ਭਾਈ! ਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਜਾਂਦਾ ਹੈ; ਹਰਨ, ਭੌਰਾ, ਹਾਥੀ, ਮੱਛੀ ਇਹਨਾਂ ਨੂੰ ਭੀ ਇਕ ਇਕ ਵਿਕਾਰ-ਵਾਸਨਾ ਆਪਣੇ ਵੱਸ ਵਿਚ ਕਰ ਕੇ ਮਾਰ ਦੇਂਦੇ ਹਨ। ਪਰ ਮਨੁੱਖਾ ਸਰੀਰ ਵਿਚ ਤਾਂ ਇਹ ਕਾਮਾਦਿਕ ਪੰਜੇ ਹੀ ਦੈਂਤ ਬਲਵਾਨ ਹਨ, (ਮਨੁੱਖ ਇਹਨਾਂ ਦਾ ਟਾਕਰਾ ਕਿਵੇਂ ਕਰੇ?) । ਗੁਰੂ ਹੀ ਸਤਿਗੁਰੂ ਹੀ ਇਹਨਾਂ ਵਿਕਾਰਾਂ ਨੂੰ ਦੂਰ ਕਰਦਾ ਹੈ।2।

ਹੇ ਭਾਈ! ਵੇਦ ਸ਼ਾਸਤਰ ਕਈ ਵਾਰੀ ਸੋਧ ਕੇ ਵੇਖ ਲਏ ਹਨ, ਨਾਰਦ ਆਦਿਕ ਰਿਸ਼ੀ ਮੁਨੀ ਭੀ (ਜੀਵਨ ਜੁਗਤਿ ਬਾਰੇ) ਜੋ ਬਚਨ ਜ਼ੋਰ ਦੇ ਕੇ ਕਹਿ ਗਏ ਹਨ (ਉਹ ਭੀ ਸੋਧ ਵੇਖੇ ਹਨ; ਪਰ ਅਸਲ ਗੱਲ ਇਹ ਹੈ ਕਿ ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਸਿੱਖੋਗੇ ਤਦੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ, ਗੁਰੂ ਨੇ ਸਾਧ ਸੰਗਤਿ ਵਿਚ ਹੀ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਏ ਹਨ।3।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੀਤਮ ਪ੍ਰਭੂ ਦਾ ਪਿਆਰ ਬਣਿਆ ਹੈ (ਉਹ ਉਸ ਦੇ ਮਿਲਾਪ ਲਈ ਇਉਂ ਤਾਂਘਦਾ ਰਹਿੰਦਾ ਹੈ) ਜਿਵੇਂ ਕੌਲ ਫੁੱਲ ਸੂਰਜ ਨੂੰ ਤੱਕਦਾ ਹੈ (ਤੇ ਖਿੜਦਾ ਹੈ, ਜਿਵੇਂ) ਜਦੋਂ ਬੱਦਲ (ਵਰ੍ਹਨ ਲਈ) ਬਹੁਤ ਝੁਕਦਾ ਹੈ ਤਦੋਂ ਉੱਚੇ ਪਹਾੜਾਂ (ਵਲੋਂ ਘਟਾਂ ਆਉਂਦੀਆਂ ਵੇਖ ਕੇ) ਮੋਰ ਬਹੁਤ ਨੱਚਦਾ ਹੈ।4।

ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ ॥ ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥ ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ ॥ ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥੬॥ ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥ ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋੁਈ ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥ ਰਾਖੁ ਰਾਖੁ ਰਾਖੁ ਪ੍ਰਭ ਮੇਰੇ ਮੈ ਰਾਖਹੁ ਕਿਰਪਾ ਧਾਰੇ ॥ ਨਾਨਕ ਮੈ ਧਰ ਅਵਰ ਨ ਕਾਈ ਮੈ ਸਤਿਗੁਰੁ ਗੁਰੁ ਨਿਸਤਾਰੇ ॥੮॥੬॥ ਛਕਾ ੧ ॥ {ਪੰਨਾ 983}

ਪਦ ਅਰਥ: ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਬਿਸੁ = ਵਿਹੁ, ਜ਼ਹਰ। ਬਿਸਕਾਰੇ = ਵਿਹੁਲੇ, ਜ਼ਹਰੀਲੇ। ਨਿਵਹਿ = ਨੀਉਂਦੇ ਹਨ, ਨਿਮ੍ਰਤਾ ਵਾਲਾ ਸਲੂਕ ਕਰਦੇ ਹਨ। ਸੇਤੀ = ਨਾਲ। ਛੇੜਿ = ਛੇੜ ਕੇ। ਕਢੈ = ਕੱਢਦਾ ਹੈ {ਇਕ-ਵਚਨ}। ਬਿਖੁ = ਜ਼ਹਰ। ਖਾਰੇ = ਖਾਰਾ, ਕੌੜਾ।5।

ਮਿਲਿ = ਮਿਲ ਕੇ। ਮਿਲਿ ਰਹੀਐ = ਮਿਲੇ ਰਹਿਣਾ ਚਾਹੀਦਾ ਹੈ। ਬੋਲਹਿ = ਬੋਲਦੇ ਹਨ {ਬਹੁ-ਵਚਨ}। ਪਰ ਉਪਕਾਰੇ = ਦੂਜਿਆਂ ਦੀ ਭਲਾਈ ਦੇ ਬਚਨ। ਸੰਤੈ = ਸੰਤ ਨੂੰ। ਮਿਲੈ = ਮਿਲਦਾ ਹੈ {ਇਕ-ਵਚਨ}। ਬਿਗਸੈ = ਖਿੜ ਪੈਂਦਾ ਹੈ। ਜਲ ਮਿਲਿ = ਪਾਣੀ ਨੂੰ ਮਿਲ ਕੇ।6।

ਲੋਭ ਲਹਰਿ = ਲੋਭ ਦੀ ਲਹਿਰ। ਸਭੁ = ਸਾਰਾ, ਨਿਰੋਲ। ਸੁਆਨੁ = ਕੁੱਤਾ। ਹਲਕੁ ਸੁਆਨ = ਹਲਕਾਇਆ ਕੁੱਤਾ। ਸਭਹਿ = ਸਭਨਾਂ ਨੂੰ। ਕੈ ਦੀਬਾਨਿ = ਦੇ ਦੀਵਾਨ ਵਿਚ, ਦੀ ਕਚਹਿਰੀ ਵਿਚ। ਖਬਰਿ = {ਇਹ ਲਫ਼ਜ਼ ਸਦਾ 'ਿ' ਅੰਤ ਹੈ}। ਹੋੁਈ = {ਅੱਖਰ 'ਹ' ਦੇ ਨਾਲ ਦੋ ਲਗਾਂ . . . ੋ ਅਤੇ ੁ ਹਨ। ਅਸਲੀ ਲਫ਼ਜ਼ ਹੈ 'ਹੋਈ', ਇਥੇ ਪੜ੍ਹਨਾ ਹੈ 'ਹੁਈ'}। ਗੁਰਿ = ਗੁਰੂ ਦੀ ਰਾਹੀਂ। ਖੜਗੁ = ਤਲਵਾਰ। ਗਿਆਨੁ = ਆਤਮਕ ਜੀਵਨ ਦੀ ਸੂਝ।7।

ਪ੍ਰਭ = ਹੇ ਪ੍ਰਭੂ! ਮੈ = ਮੈਨੂੰ। ਰਾਖੁ = ਬਚਾ ਲੈ। ਰਾਖਹੁ = ਬਚਾ ਲਵੋ। ਧਾਰੇ = ਧਾਰਿ, ਧਾਰ ਕੇ, ਕਰਕੇ। ਧਰ = ਆਸਰਾ। ਕਾਈ = {ਇਸਤ੍ਰੀ ਲਿੰਗ। ਪੁਲਿੰਗ 'ਕੋਈ'}। ਮੈ ਸਤਿਗੁਰੁ = ਮੇਰਾ (ਆਸਰਾ) ਗੁਰੂ ਹੀ।8।

ਅਰਥ: ਹੇ ਭਾਈ! ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ (ਮਾਨੋ, ਇਕ ਵਿਹੁਲਾ ਰੁੱਖ ਹੈ) ਉਸ ਨੂੰ ਭਾਵੇਂ ਕਿਤਨਾ ਹੀ ਅੰਮ੍ਰਿਤ ਸਿੰਜੀ ਜਾਓ, ਉਸ ਦੀਆਂ ਟਾਹਣੀਆਂ ਉਸ ਦੇ ਫੁੱਲ ਸਭ ਵਿਹੁਲੇ ਹੀ ਰਹਿਣਗੇ। ਸਾਕਤ ਮਨੁੱਖ ਨਾਲ ਜਿਉਂ ਜਿਉਂ ਲੋਕ ਨਿਮ੍ਰਤਾ ਦੀ ਵਰਤੋਂ ਕਰਦੇ ਹਨ, ਤਿਉਂ ਤਿਉਂ ਉਹ ਛੇੜ-ਖਾਨੀਆਂ ਕਰ ਕੇ (ਆਪਣੇ ਅੰਦਰੋਂ) ਕੌੜਾ ਜ਼ਹਰ ਹੀ ਕੱਢਦਾ ਹੈ।5।

(ਇਸ ਵਾਸਤੇ, ਹੇ ਭਾਈ! ਸਾਕਤ ਨਾਲ ਸਾਂਝ ਪਾਣ ਦੇ ਥਾਂ) ਸੰਤ ਜਨਾਂ ਨਾਲ ਗੁਰਮੁਖਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਸੰਤ ਜਨ ਦੂਜਿਆਂ ਦੀ ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ। ਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦੇ ਹਨ, ਤਿਵੇਂ ਜਦੋਂ ਕੋਈ ਸੰਤ ਕਿਸੇ ਸੰਤ ਨੂੰ ਮਿਲਦਾ ਹੈ ਤਾਂ ਉਸ ਦਾ ਮਨ ਖਿੜ ਪੈਂਦਾ ਹੈ।6।

ਹੇ ਭਾਈ! ਲੋਭ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੀ ਹੈ (ਜਿਵੇਂ) ਹਲਕਾਇਆ ਕੁੱਤਾ ਸਭਨਾਂ ਨੂੰ (ਵੱਢ ਵੱਢ ਕੇ) ਵਿਗਾੜਦਾ ਜਾਂਦਾ ਹੈ (ਤਿਵੇਂ ਲੋਭੀ ਮਨੁੱਖ ਹੋਰਨਾਂ ਨੂੰ ਭੀ ਆਪਣੀ ਸੰਗਤਿ ਵਿਚ ਲੋਭੀ ਬਣਾਈ ਜਾਂਦਾ ਹੈ) । (ਇਸ ਲੋਭ ਤੋਂ ਬਚਣ ਲਈ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ-ਦਰ ਤੇ ਪੁਕਾਰ ਕਰਦਾ ਹੈ, ਤਦੋਂ) ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ ਅਰਜ਼ੋਈ ਦੀ ਖ਼ਬਰ ਪਹੁੰਚਦੀ ਹੈ, ਪਰਮਾਤਮਾ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਲੈ ਕੇ ਉਸ ਦੇ ਅੰਦਰੋਂ ਲੋਭ ਦਾ ਹਲਕਾਇਆ ਕੁੱਤਾ ਮਾਰ ਦੇਂਦਾ ਹੈ।7।

ਹੇ ਮੇਰੇ ਪ੍ਰਭੂ! (ਇਸ ਲੋਭ-ਕੁੱਤੇ ਤੋਂ) ਮੈਨੂੰ ਭੀ ਬਚਾ ਲੈ, ਬਚਾ ਲੈ, ਬਚਾ ਲੈ, ਕਿਰਪਾ ਕਰ ਕੇ ਮੈਨੂੰ ਭੀ ਬਚਾ ਲੈ। ਹੇ ਨਾਨਕ! (ਆਖ - ਹੇ ਪ੍ਰਭੂ!) ਮੇਰਾ ਹੋਰ ਕੋਈ ਆਸਰਾ ਨਹੀਂ। ਗੁਰੂ ਹੀ ਮੇਰਾ ਆਸਰਾ ਹੈ, ਗੁਰੂ ਹੀ ਪਾਰ ਲੰਘਾਂਦਾ ਹੈ (ਮੈਨੂੰ ਗੁਰੂ ਦੀ ਸਰਨ ਰੱਖ) ।8।6। ਛਕਾ 1।

ਛਕਾ=ਛੱਕਾ, ਜੋੜ 6।

TOP OF PAGE

Sri Guru Granth Darpan, by Professor Sahib Singh