ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 984

ਰਾਗੁ ਮਾਲੀ ਗਉੜਾ ਮਹਲਾ ੪

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਅਨਿਕ ਜਤਨ ਕਰਿ ਰਹੇ ਹਰਿ ਅੰਤੁ ਨਾਹੀ ਪਾਇਆ ॥ ਹਰਿ ਅਗਮ ਅਗਮ ਅਗਾਧਿ ਬੋਧਿ ਆਦੇਸੁ ਹਰਿ ਪ੍ਰਭ ਰਾਇਆ ॥੧॥ ਰਹਾਉ ॥ ਕਾਮੁ ਕ੍ਰੋਧੁ ਲੋਭੁ ਮੋਹੁ ਨਿਤ ਝਗਰਤੇ ਝਗਰਾਇਆ ॥ ਹਮ ਰਾਖੁ ਰਾਖੁ ਦੀਨ ਤੇਰੇ ਹਰਿ ਸਰਨਿ ਹਰਿ ਪ੍ਰਭ ਆਇਆ ॥੧॥ ਸਰਣਾਗਤੀ ਪ੍ਰਭ ਪਾਲਤੇ ਹਰਿ ਭਗਤਿ ਵਛਲੁ ਨਾਇਆ ॥ ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ ਹਰਿ ਰਾਖਿ ਲੀਓ ਤਰਾਇਆ ॥੨॥ ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ ਰਾਇਆ ॥ ਭਉ ਜਨਮ ਮਰਨ ਨਿਵਾਰਿ ਠਾਕੁਰ ਹਰਿ ਗੁਰਮਤੀ ਪ੍ਰਭੁ ਪਾਇਆ ॥੩॥ ਹਰਿ ਪਤਿਤ ਪਾਵਨ ਨਾਮੁ ਸੁਆਮੀ ਭਉ ਭਗਤ ਭੰਜਨੁ ਗਾਇਆ ॥ ਹਰਿ ਹਾਰੁ ਹਰਿ ਉਰਿ ਧਾਰਿਓ ਜਨ ਨਾਨਕ ਨਾਮਿ ਸਮਾਇਆ ॥੪॥੧॥ {ਪੰਨਾ 984}

ਪਦ ਅਰਥ: ਕਰਿ ਰਹੇ = ਕਰਕੇ ਥੱਕ ਗਏ। ਅਗਮ = ਅਪਹੁੰਚ। ਅਗਾਧਿ ਬੋਧਿ = ਉਹ ਜਿਸ ਦੀ ਹਸਤੀ ਬਾਰੇ ਬੋਧ ਅਥਾਹ ਹੈ। ਆਦੇਸੁ = ਨਮਸਕਾਰ। ਪ੍ਰਭ ਰਾਇਆ = ਹੇ ਪ੍ਰਭੂ ਪਾਤਿਸ਼ਾਹ!।1। ਰਹਾਉ।

ਝਗਰਤੇ = (ਜੀਵ) ਝਗੜਦੇ ਰਹਿੰਦੇ ਹਨ। ਝਗਰਾਇਆ = ਕਾਮਾਦਿਕ ਵਿਕਾਰਾਂ ਦੇ ਝਗੜਾਏ ਹੋਏ, ਝਗੜਿਆਂ ਵਿਚ ਪਾਏ ਹੋਏ। ਹਮ = ਅਸਾਂ ਜੀਵਾਂ ਨੂੰ। ਦੀਨ = ਮੰਗਤੇ।1।

ਸਰਣਾਗਤੀ = ਸਰਣ ਆਏ ਹੋਇਆਂ ਨੂੰ। ਪ੍ਰਭ = ਹੇ ਪ੍ਰਭੂ! ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਨਾਇਆ = (ਤੇਰਾ) ਨਾਮ। ਜਨੁ = (ਤੇਰਾ) ਸੇਵਕ। ਹਰਨਾਖਿ = ਹਰਨਾਖਸ਼ ਨੇ। ਹਰਿ = ਹੇ ਹਰੀ!।2।

ਚੇਤਿ = ਸਿਮਰ। ਮਹਲੁ = (ਪ੍ਰਭੂ ਦੇ ਚਰਨਾਂ ਵਿਚ) ਟਿਕਾਣਾ। ਪਾਵਣ = ਪ੍ਰਾਪਤ ਕਰਨ ਲਈ। ਨਿਵਾਰਿ = ਦੂਰ ਕਰ। ਠਾਕੁਰ = ਹੇ ਠਾਕੁਰ! ਗੁਰਮਤੀ = ਗੁਰੂ ਦੀ ਮਤਿ ਤੇ ਤੁਰਿਆਂ।3।

ਪਵਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ। ਭਉ ਭੰਜਨੁ = ਹਰੇਕ ਡਰ ਨਾਸ ਕਰਨ ਵਾਲਾ। ਉਰਿ = ਹਿਰਦੇ ਵਿਚ। ਧਾਰਿਓ = ਵਸਾਇਆ। ਨਾਮਿ = ਨਾਮ ਵਿਚ।4।

ਅਰਥ: ਹੇ ਪ੍ਰਭੂ ਪਾਤਿਸ਼ਾਹ! (ਤੇਰੇ ਗੁਣਾਂ ਦਾ ਅੰਤ ਲੱਭਣ ਵਾਸਤੇ ਬੇਅੰਤ ਜੀਵ) ਅਨੇਕਾਂ ਜਤਨ ਕਰ ਕਰ ਕੇ ਥੱਕ ਗਏ ਹਨ, ਕਿਸੇ ਨੇ ਤੇਰਾ ਅੰਤ ਨਹੀਂ ਲੱਭਾ। ਹੇ ਹਰੀ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ, ਤੈਨੂੰ ਕੋਈ ਨਹੀਂ ਸਮਝ ਸਕਦਾ, ਮੇਰੀ ਤੈਨੂੰ ਹੀ ਨਮਸਕਾਰ ਹੈ।1। ਰਹਾਉ।

ਹੇ ਪ੍ਰਭੂ! ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ ਇਤਨੇ ਬਲੀ ਹਨ ਕਿ ਜੀਵ ਇਹਨਾਂ ਦੇ) ਉਕਸਾਏ ਹੋਏ ਸਦਾ ਦੁਨੀਆ ਦੇ ਝਗੜਿਆਂ ਵਿਚ ਹੀ ਪਏ ਰਹਿੰਦੇ ਹਨ। ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ, ਸਾਨੂੰ ਇਹਨਾਂ ਤੋਂ ਬਚਾ ਲੈ, ਬਚਾ ਲੈ, ਅਸੀਂ ਤੇਰੀ ਸਰਨ ਆਏ ਹਾਂ।1।

ਹੇ ਪ੍ਰਭੂ! ਤੂੰ ਸਰਨ ਪਿਆਂ ਦੀ ਰੱਖਿਆ ਕਰਨ ਵਾਲਾ ਹੈਂ, ਹੇ ਹਰੀ! 'ਭਗਤੀ ਨਾਲ ਪਿਆਰ ਕਰਨ ਵਾਲਾ' = ਇਹ ਤੇਰਾ (ਪ੍ਰਸਿੱਧ) ਨਾਮ ਹੈ। ਤੇਰੇ ਸੇਵਕ ਪ੍ਰਹਿਲਾਦ ਨੂੰ ਹਰਨਾਖਸ਼ ਨੇ ਫੜ ਲਿਆ, ਹੇ ਹਰੀ! ਤੂੰ ਉਸ ਦੀ ਰੱਖਿਆ ਕੀਤੀ, ਤੂੰ ਉਸ ਨੂੰ ਸੰਕਟ ਤੋਂ ਬਚਾਇਆ।2।

ਹੇ ਮਨ! ਉਸ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰਨ ਲਈ ਸਦਾ ਉਸ ਨੂੰ ਯਾਦ ਕਰਿਆ ਕਰ, ਉਹ ਪਾਤਿਸ਼ਾਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਹੇ ਠਾਕੁਰ! ਹੇ ਹਰੀ! (ਅਸਾਂ ਜੀਵਾਂ ਦਾ) ਜਨਮ ਮਰਨ ਦੇ ਗੇੜ ਦਾ ਡਰ ਦੂਰ ਕਰ। ਹੇ ਭਾਈ! ਗੁਰੂ ਦੀ ਮਤਿ ਤੇ ਤੁਰਿਆਂ ਉਹ ਪ੍ਰਭੂ ਮਿਲਦਾ ਹੈ।3।

ਹੇ ਭਾਈ! ਹੇ ਸੁਆਮੀ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਤੂੰ (ਆਪਣੇ ਭਗਤਾਂ ਦਾ) ਹਰੇਕ ਡਰ ਦੂਰ ਕਰਨ ਵਾਲਾ ਹੈਂ। ਹੇ ਦਾਸ ਨਾਨਕ! (ਆਖ-) ਜਿਨ੍ਹਾਂ ਭਗਤਾਂ ਨੇ ਉਸ ਦੀ ਸਿਫ਼ਤਿ-ਸਾਲਾਹ ਕੀਤੀ ਹੈ, ਜਿਨ੍ਹਾਂ ਨੇ ਉਸ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਿਆ ਹੈ, ਉਹ ਉਸ ਦੇ ਨਾਮ ਵਿਚ ਹੀ ਸਦਾ ਲੀਨ ਰਹਿੰਦੇ ਹਨ।4।1।

ਮਾਲੀ ਗਉੜਾ ਮਹਲਾ ੪ ॥ ਜਪਿ ਮਨ ਰਾਮ ਨਾਮੁ ਸੁਖਦਾਤਾ ॥ ਸਤਸੰਗਤਿ ਮਿਲਿ ਹਰਿ ਸਾਦੁ ਆਇਆ ਗੁਰਮੁਖਿ ਬ੍ਰਹਮੁ ਪਛਾਤਾ ॥੧॥ ਰਹਾਉ ॥ ਵਡਭਾਗੀ ਗੁਰ ਦਰਸਨੁ ਪਾਇਆ ਗੁਰਿ ਮਿਲਿਐ ਹਰਿ ਪ੍ਰਭੁ ਜਾਤਾ ॥ ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਅੰਮ੍ਰਿਤਿ ਹਰਿ ਸਰਿ ਨਾਤਾ ॥੧॥ ਧਨੁ ਧਨੁ ਸਾਧ ਜਿਨ੍ਹ੍ਹੀ ਹਰਿ ਪ੍ਰਭੁ ਪਾਇਆ ਤਿਨ੍ਹ੍ਹ ਪੂਛਉ ਹਰਿ ਕੀ ਬਾਤਾ ॥ ਪਾਇ ਲਗਉ ਨਿਤ ਕਰਉ ਜੁਦਰੀਆ ਹਰਿ ਮੇਲਹੁ ਕਰਮਿ ਬਿਧਾਤਾ ॥੨॥ ਲਿਲਾਟ ਲਿਖੇ ਪਾਇਆ ਗੁਰੁ ਸਾਧੂ ਗੁਰ ਬਚਨੀ ਮਨੁ ਤਨੁ ਰਾਤਾ ॥ ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ ਸਭ ਕਿਲਵਿਖ ਪਾਪ ਗਵਾਤਾ ॥੩॥ ਰਾਮ ਰਸਾਇਣੁ ਜਿਨ੍ਹ੍ਹ ਗੁਰਮਤਿ ਪਾਇਆ ਤਿਨ੍ਹ੍ਹ ਕੀ ਊਤਮ ਬਾਤਾ ॥ ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ ॥੪॥੨॥ {ਪੰਨਾ 984}

ਪਦ ਅਰਥ: ਮਨ = ਹੇ ਮਨ! ਮਿਲਿ = ਮਿਲ ਕੇ। ਸਾਦੁ = ਸੁਆਦ, ਅਨੰਦ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬ੍ਰਹਮੁ ਪਛਾਤਾ = ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ।1। ਰਹਾਉ।

ਵਡਭਾਗੀ = ਵੱਡੇ ਭਾਗਾਂ ਵਾਲੇ ਮਨੁੱਖ ਨੇ। ਗੁਰਿ = ਮਿਲਿਐ = ਜੇ ਗੁਰੂ ਮਿਲ ਪਏ। ਪ੍ਰਭੁ ਜਾਤਾ = ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ। ਦੁਰਮਤਿ = ਖੋਟੀ ਮਤਿ। ਗਈ ਨੀਕਰਿ = ਨਿਕਲ ਗਈ। ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਵਿਚ। ਹਰਿ ਸਰਿ = ਹਰੀ ਦੇ ਸਰ ਵਿਚ, ਸਾਧ ਸੰਗਤਿ ਵਿਚ।1।

ਸਾਧ = {ਬਹੁ-ਵਚਨ} ਗੁਰਮੁਖ ਸੰਤ ਜਨ। ਜਿਨ੍ਹ੍ਹੀ = ਜਿਨ੍ਹਾਂ ਨੇ। ਪਾਇਆ = ਲੱਭ ਲਿਆ। ਪੂਛਉ = ਪੂਛਉਂ, ਮੈਂ ਪੁੱਛਉਂ, ਪੁੱਛਦਾ ਹਾਂ। ਪਾਇ ਲਗਉ = ਪਾਇ ਲਗਉਂ, ਮੈਂ ਚਰਨੀਂ ਲੱਗਦਾ ਹਾਂ। ਕਰਉ = ਕਰਉਂ, ਮੈਂ ਕਰਦਾ ਹਾਂ। ਜੁਦਰੀਆ = ਜੋਦੜੀ, ਅਰਜ਼ੋਈ। ਕਰਮਿ = ਮਿਹਰ ਨਾਲ, ਕਿਰਪਾ ਕਰ ਕੇ। ਬਿਧਾਤਾ = ਸਿਰਜਣਹਾਰ।2।

ਲਿਲਾਟ = ਮੱਥਾ। ਲਿਲਾਟ ਲਿਖੇ = ਮੱਥੇ ਦੇ ਲਿਖੇ ਲੇਖਾਂ ਅਨੁਸਾਰ। ਗੁਰ ਬਚਨੀ = ਗੁਰੂ ਦੇ ਬਚਨਾਂ ਵਿਚ। ਰਾਤਾ = ਰੰਗਿਆ ਗਿਆ। ਕਿਲਵਿਖ = ਪਾਪ। ਗਵਾਤਾ = ਦੂਰ ਹੋ ਗਏ।3।

ਰਸਾਇਣੁ = {ਰਸ-ਅਯਨ} ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਊਤਮ ਬਾਤਾ = ਸ੍ਰੇਸ਼ਟ ਸੋਭਾ। ਪੰਕ = ਚਰਨ-ਧੂੜ। ਚਰਨਿ = ਚਰਨਾਂ ਵਿਚ (ਚਰਨੀਂ) । ਪਰਾਤਾ = ਪੈਂਦਾ ਹੈ।4।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ। ਸਾਧ ਸੰਗਤਿ ਵਿਚ ਮਿਲ ਕੇ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਦਾ ਆਨੰਦ ਹਾਸਲ ਕੀਤਾ, ਉਸ ਨੇ ਗੁਰੂ ਦੀ ਰਾਹੀਂ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ।1। ਰਹਾਉ।

ਹੇ ਮਨ! ਕਿਸੇ ਵਡਭਾਗੀ ਨੇ ਹੀ ਗੁਰੂ ਦਰਸਨ ਪ੍ਰਾਪਤ ਕੀਤਾ ਹੈ, (ਕਿਉਂਕਿ) ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ। ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ ਆਤਮਕ) ਇਸ਼ਨਾਨ ਕਰਦਾ ਹੈ, ਉਸ ਦੇ ਅੰਦਰੋਂ ਭੈੜੀ ਮਤਿ ਦੀ ਸਾਰੀ ਮੈਲ ਨਿਕਲ ਜਾਂਦੀ ਹੈ।1।

ਹੇ ਮੇਰੇ ਮਨ! ਭਾਗਾਂ ਵਾਲੇ ਹਨ ਉਹ ਸੰਤ ਜਨ, ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ। ਮੈਂ ਭੀ (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਹਨਾਂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਾਂ। ਮੈਂ ਉਹਨਾਂ ਦੀ ਚਰਨੀਂ ਲੱਗਾਂ, ਮੈਂ ਨਿੱਤ ਉਹਨਾਂ ਅੱਗੇ ਅਰਜ਼ੋਈ ਕਰਾਂ ਕਿ ਮਿਹਰ ਕਰ ਕੇ ਮੈਨੂੰ ਸਿਰਜਣਹਾਰ ਪ੍ਰਭੂ ਦਾ ਮਿਲਾਪ ਕਰਾ ਦਿਉ।2।

ਹੇ ਮੇਰੇ ਮਨ! ਜਿਸ ਮਨੁੱਖ ਨੇ ਮੱਥੇ ਦੇ ਲਿਖੇ ਲੇਖਾਂ ਅਨੁਸਾਰ ਗੁਰੂ ਮਹਾਂ ਪੁਰਖ ਲੱਭ ਲਿਆ ਉਸ ਦਾ ਮਨ ਉਸ ਦਾ ਤਨ ਗੁਰੂ ਦੇ ਬਚਨਾਂ ਵਿਚ ਰੰਗਿਆ ਜਾਂਦਾ ਹੈ। (ਗੁਰੂ ਦੀ ਰਾਹੀਂ ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ, ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ।3।

ਹੇ ਮਨ! ਗੁਰੂ ਦੀ ਮਤਿ ਲੈ ਕੇ ਜਿਨ੍ਹਾਂ ਮਨੁੱਖਾਂ ਨੇ ਸਭ ਤੋਂ ਸ੍ਰੇਸ਼ਟ ਨਾਮ-ਰਸ ਪ੍ਰਾਪਤ ਕਰ ਲਿਆ, ਉਹਨਾਂ ਦੀ (ਲੋਕ ਪਰਲੋਕ ਵਿਚ) ਬਹੁਤ ਸੋਭਾ ਹੁੰਦੀ ਹੈ; ਉਹਨਾਂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ। ਦਾਸ ਨਾਨਕ (ਭੀ ਉਹਨਾਂ ਦੀ) ਚਰਨੀਂ ਪੈਂਦਾ ਹੈ।4।2।

TOP OF PAGE

Sri Guru Granth Darpan, by Professor Sahib Singh