ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 985

ਮਾਲੀ ਗਉੜਾ ਮਹਲਾ ੪ ॥ ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥ ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥੧॥ ਰਹਾਉ ॥ ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥ ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥੧॥ ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥ ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥੨॥ ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ ॥ ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥੩॥ ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥ ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥੪॥੩॥ {ਪੰਨਾ 985}

ਪਦ ਅਰਥ: ਸਭਿ = ਸਾਰੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਮਨਿ = ਮਨ ਵਿਚ। ਭਾਵਨੀ = ਸਰਧਾ, ਪਿਆਰ। ਅਪਰੰਪਰੋ = ਬੇਅੰਤ ਪ੍ਰਭੂ। ਅਲਖੁ = ਅਦ੍ਰਿਸ਼ਟ। ਗੁਰੂ = ਗੁਰੂ ਨੇ। ਲਖਾਇਆ = ਵਿਖਾ ਦਿੱਤਾ।1। ਰਹਾਉ।

ਹਮ = ਅਸੀਂ ਜੀਵ। ਮਧਿਮ = ਹੌਲੇ ਮੇਲ ਦੇ। ਕਰਮ = ਕੰਮ। ਹਰਿ ਰਾਇਓ = ਪ੍ਰਭੂ ਪਾਤਿਸ਼ਾਹ। ਆਨਿ = ਲਿਆ ਕੇ। ਬੰਧ ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ।1।

ਪ੍ਰਭਿ = ਪ੍ਰਭੂ ਨੇ। ਮਸਤਕੇ = (ਜਿਸ ਦੇ) ਮੱਥੇ ਉੱਤੇ। ਧੁਰਿ = ਧੁਰ-ਦਰਗਾਹ ਤੋਂ। ਗੁਰਮਤੀ = ਗੁਰੂ ਦੀ ਮਤਿ ਲੈ ਕੇ। ਲਿਵ = ਲਗਨ। ਦਰਗਹ = ਜਿਸ ਪ੍ਰਭੂ ਦੀ ਹਜ਼ੂਰੀ ਵਿਚ। ਪੰਚ ਸਬਦਿ ਬਾਜਿਆ = ਪੰਜ ਕਿਸਮਾਂ ਦੇ ਸਾਜ਼ਾਂ ਦੇ ਰਾਗ ਹੁੰਦੇ ਰਹਿੰਦੇ ਹਨ (ਤਾਰ, ਚੰਮ, ਧਾਤ, ਘੜੇ, ਫੂਕ ਵਾਲੇ ਸਾਜ) । ਮੰਗਲੁ = ਖ਼ੁਸ਼ੀ ਦਾ ਗੀਤ, ਸਿਫ਼ਤਿ-ਸਾਲਾਹ ਦਾ ਗੀਤ।2।

ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਨਰਹਰਿ = ਪਰਮਾਤਮਾ। ਭਾਇਓ = ਚੰਗਾ ਲੱਗਾ। ਤੇ = ਉਹ {ਬਹੁ-ਵਚਨ}। ਗਾਲੀਅਹਿ = ਗਾਲੇ ਜਾਂਦੇ ਹਨ। ਲੋਨੁ = ਲੂਣ। ਜਲਹਿ = ਪਾਣੀ ਵਿਚ।3।

ਹਰਿ ਪ੍ਰਭ = ਹੇ ਹਰੀ! ਹੇ ਪ੍ਰਭੂ! ਦੇਹਿ = ਤੂੰ ਦੇਹ {ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ}। ਅਗਮ = ਹੇ ਅਗਮ! ਗੁਰ ਚਰਨ = ਗੁਰੂ ਦੇ ਚਰਨਾਂ ਵਿਚ। ਨਾਮੈ = ਨਾਮ ਵਿਚ ਹੀ। ਰਹਉ = ਰਹਉਂ, ਮੈਂ ਰਹਾਂ। ਨਾਮਿ ਸਮਾਇਓ = (ਮੈਂ) ਨਾਮ ਵਿਚ ਲੀਨ ਰਹਾਂ।4।

ਅਰਥ: ਹੇ ਭਾਈ! ਜਿਨ੍ਹਾਂ ਸਾਰੇ ਸਿੱਧਾਂ ਨੇ, ਸਾਧਿਕਾਂ ਨੇ, ਮੁਨੀਆਂ ਨੇ ਆਪਣੇ ਮਨ ਵਿਚ (ਗੁਰੂ-ਚਰਨਾਂ ਵਿਚ) ਸਰਧਾ ਬਣਾ ਕੇ ਪਰਮਾਤਮਾ ਦਾ ਧਿਆਨ ਧਾਰਿਆ, ਗੁਰੂ ਨੇ ਉਹਨਾਂ ਨੂੰ ਉਹ ਅਲੱਖ ਹਰੀ ਉਸ ਅਪਰੰਪਰ ਪਾਰਬ੍ਰਹਮ ਸੁਆਮੀ (ਅੰਦਰ-ਵੱਸਦਾ) ਵਿਖਾ ਦਿੱਤਾ।1। ਰਹਾਉ।

ਹੇ ਭਾਈ! ਅਸੀਂ ਜੀਵ ਨੀਵੇਂ ਤੇ ਹੌਲੇ ਮੇਲ ਦੇ ਕੰਮ ਹੀ ਕਰਦੇ ਰਹਿੰਦੇ ਹਾਂ, ਕਦੇ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਨਹੀਂ ਕਰਦੇ। ਪਰਮਾਤਮਾ ਨੇ ਜਿਸ ਨੂੰ ਗੁਰੂ ਲਿਆ ਕੇ ਮਿਲਾ ਦਿੱਤਾ, ਗੁਰੂ ਨੇ ਉਸ ਨੂੰ ਇਕ ਖਿਨ ਵਿਚ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾ ਦਿੱਤੀ।2।

ਹੇ ਭਾਈ! ਪ੍ਰਭੂ ਨੇ ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ-ਮਿਲਾਪ ਦਾ) ਲੇਖ ਲਿਖ ਦਿੱਤਾ, ਉਸ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਵਿਚ ਸੁਰਤਿ ਜੋੜ ਲਈ; ਜਿਸ ਪਰਮਾਤਮਾ ਦੀ ਹਜ਼ੂਰੀ ਵਿਚ ਹਰ ਵੇਲੇ (ਮਾਨੋ) ਪੰਜਾਂ ਕਿਸਮਾਂ ਦੇ ਸਾਜ਼ਾਂ ਦਾ ਰਾਗ ਹੋ ਰਿਹਾ ਹੈ (ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਉਹ ਪਰਮਾਤਮਾ ਮਿਲ ਪਿਆ, ਉਹ ਮਨੁੱਖ ਸਦਾ ਸਿਫ਼ਤਿ-ਸਾਲਾਹ ਦਾ ਗੀਤ ਹੀ ਗਾਂਦਾ ਰਹਿੰਦਾ ਹੈ।2।

ਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ, ਪਰ ਬਦ-ਕਿਸਮਤ ਬੰਦਿਆਂ ਨੂੰ ਹਰਿ-ਨਾਮ ਪਿਆਰਾ ਨਹੀਂ ਲੱਗਦਾ। ਜਿਵੇਂ ਲੂਣ ਪਾਣੀ ਵਿਚ ਪਿਆ ਹੋਇਆ ਗਲ ਜਾਂਦਾ ਹੈ, ਤਿਵੇਂ ਉਹ (ਮੰਦ-ਭਾਗੀ) ਬੰਦੇ (ਨਾਮ-ਹੀਣ ਰਹਿ ਕੇ) ਅਨੇਕਾਂ ਜੂਨਾਂ ਵਿਚ ਗਾਲੇ ਜਾਂਦੇ ਹਨ।3।

ਹੇ ਦਾਸ ਨਾਨਕ! (ਆਖ-) ਹੇ ਹਰੀ! ਹੇ ਅਪਹੁੰਚ ਪ੍ਰਭੂ! ਹੇ ਠਾਕੁਰ! ਮੈਨੂੰ ਅਜਿਹੀ ਮਤਿ ਦੇਹ ਕਿ ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਾਂ, (ਗੁਰੂ ਦੀ ਕਿਰਪਾ ਨਾਲ) ਮੈਂ ਹਰਿ-ਨਾਮ ਵਿਚ ਹੀ ਜੁੜਿਆ ਰਹਾਂ, ਮੈਂ ਹਰਿ-ਨਾਮ ਵਿਚ ਹੀ ਲੀਨ ਰਹਾਂ।4।3।

ਮਾਲੀ ਗਉੜਾ ਮਹਲਾ ੪ ॥ ਮੇਰਾ ਮਨੁ ਰਾਮ ਨਾਮਿ ਰਸਿ ਲਾਗਾ ॥ ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ ॥ ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ ॥ ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ ॥੧॥ ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ ॥ ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ ॥੨॥ ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ ॥ ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਨ ਲਹੈ ਸਭਾਗਾ ॥੩॥ ਹਰਿ ਚਾਰ੍ਹਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ ॥ ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ ॥੪॥੪॥ {ਪੰਨਾ 985}

ਪਦ ਅਰਥ: ਰਾਮ ਨਾਮਿ = ਰਾਮ ਦੇ ਨਾਮ ਵਿਚ। ਕਮਲ ਪ੍ਰਗਾਸੁ = (ਹਿਰਦੇ ਦੇ) ਕੌਲ ਫੁੱਲ ਦਾ ਖੇੜਾ। ਭ੍ਰਮੁ = ਭਟਕਣਾ। ਭਉ = ਡਰ।1। ਰਹਾਉ।

ਭੈ = ਭਉ ਵਿਚ, ਡਰ ਵਿਚ, ਅਦਬ ਵਿਚ। ਭਾਇ = ਪਿਆਰ ਵਿਚ। ਹੀਅਰਾ = ਹਿਰਦਾ। ਮਨੁ ਸੋਇਓ = ਸੁੱਤਾ ਹੋਇਆ ਮਨ। ਕਿਲਬਿਖ = ਪਾਪ। ਖੀਨ ਭਏ = ਨਾਸ ਹੋ ਗਏ। ਉਰ ਧਾਰਿਓ = ਹਿਰਦੇ ਵਿਚ ਵਸਾ ਲਿਆ।1।

ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਕਸੁੰਭੁ = ਕਸੁੰਭੇ ਦਾ ਫੁੱਲ। ਕਚੂਆ = ਕੱਚਾ। ਕੁਸਮ = ਫੁੱਲ। ਚਾਗਾ = ਚੰਗਾ। ਪਰਤਾਪੈ = ਦੁਖੀ ਹੁੰਦਾ ਹੈ। ਡੰਡੁ = ਡੰਨ, ਸਜ਼ਾ।2।

ਕਾਇਆ ਕਾਪਰੁ = ਸਰੀਰ-ਰੂਪ ਕੱਪੜਾ। ਚੀਰ = ਕੱਪੜੇ। ਸਭਾਗਾ = ਭਾਗਾਂ ਵਾਲਾ।3।

ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ। ਪਖਾਰੈ = ਧੋਂਦਾ ਹੈ। ਜਨੁ = ਸੇਵਕ।4।

ਅਰਥ: ਹੇ ਭਾਈ! ਜਦੋਂ (ਮੈਨੂੰ ਗੁਰੂ ਮਿਲਿਆ ਹੈ ਮੇਰੇ (ਹਿਰਦੇ-) ਕੌਲ ਫੁੱਲ ਦਾ ਖਿੜਾਉ ਹੋ ਗਿਆ ਹੈ, ਮੇਰਾ ਮਨ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੇ ਸੁਆਦ ਵਿਚ ਮਗਨ ਰਹਿੰਦਾ ਹੈ; ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਤੇ (ਮੇਰੇ ਅੰਦਰੋਂ) ਹਰੇਕ ਕਿਸਮ ਦੀ ਭਟਕਣ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ।1। ਰਹਾਉ।

ਹੇ ਭਾਈ! ਗੁਰੂ ਦੀ ਮਤਿ ਦੀ ਬਰਕਤਿ ਨਾਲ ਮੇਰਾ ਸੁੱਤਾ ਹੋਇਆ ਮਨ ਜਾਗ ਪਿਆ ਹੈ, ਮੇਰਾ ਹਿਰਦਾ ਅਦਬ ਅਤੇ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਵਿਚ ਲੱਗਾ ਰਹਿੰਦਾ ਹੈ। ਵੱਡੇ ਭਾਗਾਂ ਨਾਲ ਮੈਂ ਪਰਮਾਤਮਾ ਨੂੰ ਆਪਣੇ ਵਿਚ ਵਸਾ ਲਿਆ ਹੈ, ਹੁਣ ਮੇਰੇ ਸਾਰੇ ਪਾਪ ਨਾਸ ਹੋ ਗਏ ਹਨ ਤੇ ਮੇਰੇ ਅੰਦਰ ਠੰਢ ਵਰਤ ਰਹੀ ਹੈ।1।

ਹੇ ਭਾਈ! ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਕੱਚੇ ਰੰਗ ਵਾਲਾ ਕਸੁੰਭਾ ਹੀ ਹੈ, ਕਸੁੰਭੇ ਦੇ ਫੁੱਲ ਦਾ ਰੰਗ ਚਾਰ ਦਿਨ ਹੀ ਚੰਗਾ ਰਹਿੰਦਾ ਹੈ। (ਉਸ ਦੇ ਅੰਦਰੋਂ ਸੁਖ ਇਕ ਖਿਨ ਵਿਚ ਹੀ ਨਾਸ ਹੋ ਜਾਂਦਾ ਹੈ, ਉਹ (ਸਦਾ) ਦੁਖੀ ਰਹਿੰਦਾ ਹੈ, ਸਿਰ ਉੱਤੇ ਧਰਮਰਾਜ ਦਾ ਡੰਡਾ ਕਾਇਮ ਰਹਿੰਦਾ ਹੈ।2।

ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ ਗੁਰੂ (ਦੇ ਚਰਨਾਂ) ਨਾਲ ਬਹੁਤ ਗੂੜ੍ਹਾ ਪਿਆਰ ਬਣਦਾ ਹੈ (ਉਹ ਪਿਆਰ ਇਉਂ ਹੀ ਪੱਕਾ ਹੁੰਦਾ ਹੈ) ਜਿਵੇਂ ਮਜੀਠ ਦਾ ਰੰਗ ਬਹੁਤ ਪੱਕਾ ਹੁੰਦਾ ਹੈ, (ਮਜੀਠ ਨਾਲ ਰੰਗੇ ਹੋਏ) ਕੱਪੜੇ ਪਾਟ ਭਾਵੇਂ ਜਾਣ (ਪਰ ਰੰਗ ਨਹੀਂ ਉਤਰਦਾ) । ਸਰੀਰ-ਕੱਪੜਾ ਨਾਸ ਭਾਵੇਂ ਹੋ ਜਾਏ, ਪਰ ਇਸ ਦਾ ਹਰਿ-ਨਾਮ ਦਾ ਭਾਗਾਂ ਵਾਲਾ ਰੰਗ ਨਹੀਂ ਉਤਰਦਾ।3।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੰਗ ਚਾੜ੍ਹ ਦੇਂਦਾ ਹੈ, ਉਹ ਮਨੁੱਖ ਹਰਿ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗਿਆ ਰਹਿੰਦਾ ਹੈ (ਲੋਕ ਪਰਲੋਕ ਵਿਚ ਉਹ) ਸੋਭਾ (ਖੱਟਦਾ ਹੈ) । ਜਿਹੜਾ ਜਿਹੜਾ ਸੇਵਕ-ਭਗਤ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਦਾਸ ਨਾਨਕ ਉਹਨਾਂ ਦੇ ਚਰਨ ਧੋਂਦਾ ਹੈ।4। 4।

ਮਾਲੀ ਗਉੜਾ ਮਹਲਾ ੪ ॥ ਮੇਰੇ ਮਨ ਭਜੁ ਹਰਿ ਹਰਿ ਨਾਮੁ ਗੁਪਾਲਾ ॥ ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ ॥੧॥ ਰਹਾਉ ॥ ਗੁਰਮਤਿ ਨਾਮੁ ਧਿਆਈਐ ਹਰਿ ਹਰਿ ਮਨਿ ਜਪੀਐ ਹਰਿ ਜਪਮਾਲਾ ॥ ਜਿਨ੍ਹ੍ਹ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ ॥੧॥ ਜਿਨ੍ਹ੍ਹ ਹਰਿ ਨਾਮੁ ਧਿਆਇਆ ਤਿਨ੍ਹ੍ਹ ਚੂਕੇ ਸਰਬ ਜੰਜਾਲਾ ॥ ਤਿਨ੍ਹ੍ਹ ਜਮੁ ਨੇੜਿ ਨ ਆਵਈ ਗੁਰਿ ਰਾਖੇ ਹਰਿ ਰਖਵਾਲਾ ॥੨॥ ਹਮ ਬਾਰਿਕ ਕਿਛੂ ਨ ਜਾਣਹੂ ਹਰਿ ਮਾਤ ਪਿਤਾ ਪ੍ਰਤਿਪਾਲਾ ॥ ਕਰੁ ਮਾਇਆ ਅਗਨਿ ਨਿਤ ਮੇਲਤੇ ਗੁਰਿ ਰਾਖੇ ਦੀਨ ਦਇਆਲਾ ॥੩॥ ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਿਖ ਹਰਿ ਜਸਿ ਜਾਲਾ ॥ ਮਨਿ ਅਨਦੁ ਭਇਆ ਗੁਰੁ ਪਾਇਆ ਜਨ ਨਾਨਕ ਸਬਦਿ ਨਿਹਾਲਾ ॥੪॥੫॥ {ਪੰਨਾ 985}

ਪਦ ਅਰਥ: ਮਨ = ਹੇ ਮਨ! ਭਜੁ = ਜਪਿਆ ਕਰ। ਗੁਪਾਲਾ = ਸ੍ਰਿਸ਼ਟੀ ਦੇ ਪਾਲਕ ਦਾ। ਨਾਮੈ = ਨਾਮ ਵਿਚ। ਰਸਾਲਾ = {ਰਸ-ਆਲਯ} ਰਸਾਂ ਦਾ ਘਰ, ਸਾਰੇ ਰਸਾਂ ਦਾ ਖ਼ਜ਼ਾਨਾ।1। ਰਹਾਉ।

ਧਿਆਈਐ = ਸਿਮਰਨਾ ਚਾਹੀਦਾ ਹੈ। ਮਨਿ = ਮਨ ਵਿਚ। ਜਪੀਐ = ਜਪਣਾ ਚਾਹੀਦਾ ਹੈ। ਜਪਮਾਲਾ = ਜਾਪ। ਕੈ ਮਸਤਕਿ = ਦੇ ਮੱਥੇ ਉੱਤੇ। ਬਨਮਾਲਾ ਹਰਿ = ਬਨਵਾਲੀ ਹਰੀ।1।

ਚੂਕੇ = ਮੁੱਕ ਗਏ। ਸਰਬ = ਸਾਰੇ। ਨੇੜਿ = ਨੇੜੇ। ਜਮੁ = ਮੌਤ (ਦਾ ਸਹਿਮ) , ਆਤਮਕ ਮੌਤ। ਗੁਰਿ = ਗੁਰੂ ਨੇ।2।

ਨ ਜਾਣਹੂ = (ਅਸੀ) ਨਹੀਂ ਜਾਣਦੇ। ਕਰੁ = ਹੱਥ। ਅਗਨਿ = ਅੱਗ। ਗੁਰਿ = ਗੁਰੂ ਨੇ।3।

ਕਿਲਬਿਖ = ਪਾਪ। ਜਸਿ = ਜਸ ਨੇ। ਜਾਲਾ = ਸਾੜ ਦਿੱਤੇ ਹਨ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਹਾਲ = ਪ੍ਰਸੰਨ।4।

ਅਰਥ: ਹੇ ਮੇਰੇ ਮਨ! ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। (ਹੇ ਭਾਈ! ਨਾਮ ਜਪਣ ਦੀ ਬਰਕਤਿ ਨਾਲ ਹੀ) ਮੇਰਾ ਮਨ ਮੇਰਾ ਤਨ (ਭਾਵ, ਸਾਰੇ ਗਿਆਨ ਇੰਦ੍ਰੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ, ਮੇਰੀ ਮਤਿ ਗੁਰੂ ਦੀ ਮਤਿ ਵਿਚ ਲੀਨ ਹੋ ਗਈ ਹੈ, ਪਰਮਾਤਮਾ ਮੈਨੂੰ ਸਾਰੇ ਰਸਾਂ ਦਾ ਖ਼ਜ਼ਾਨਾ ਦਿੱਸ ਰਿਹਾ ਹੈ।1। ਰਹਾਉ।

ਹੇ ਭਾਈ! ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ, ਮਨ ਵਿਚ ਹਰੀ ਦਾ ਜਾਪ ਜਪਣਾ ਚਾਹੀਦਾ ਹੈ। ਜਗਤ ਦਾ ਮਾਲਕ ਪ੍ਰਭੂ ਉਹਨਾਂ ਬੰਦਿਆਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਇਹ ਲੇਖ ਲਿਖਿਆ ਹੁੰਦਾ ਹੈ।1।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਸਾਰੇ ਮਾਇਕ ਬੰਧਨ ਮੁੱਕ ਗਏ। (ਆਤਮਕ) ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ, ਗੁਰੂ ਨੇ ਉਹਨਾਂ ਨੂੰ ਬਚਾ ਲਿਆ, ਪਰਮਾਤਮਾ (ਆਪ ਉਹਨਾਂ ਦਾ) ਰਾਖਾ ਬਣਿਆ।2।

ਹੇ ਭਾਈ! ਅਸੀਂ ਜੀਵ ਤਾਂ ਬੱਚੇ ਹਾਂ (ਅਸੀਂ ਆਪਣਾ ਹਾਣ ਲਾਭ) ਕੁਝ ਨਹੀਂ ਸਮਝਦੇ; ਪਰ ਪਰਮਾਤਮਾ ਮਾਪਿਆਂ ਵਾਂਗ ਸਾਡੀ ਪਾਲਣਾ ਕਰਨ ਵਾਲਾ ਹੈ। (ਬੱਚੇ ਸਦਾ ਅੱਗ ਵਿਚ ਹੱਥ ਪਾਂਦੇ ਹਨ, ਮਾਪੇ ਬਚਾਂਦੇ ਹਨ) ਅਸੀਂ ਮਾਇਆ ਦੀ ਅੱਗ ਵਿਚ ਹੱਥ ਪਾਂਦੇ ਰਹਿੰਦੇ ਹਾਂ (ਮਨ ਫਸਾਂਦੇ ਰਹਿੰਦੇ ਹਾਂ) , ਪਰ ਦੀਨਾਂ ਉਤੇ ਦਇਆ ਕਰਨ ਵਾਲੇ ਗੁਰੂ ਨੇ ਸਦਾ ਸਾਡੀ ਰੱਖਿਆ ਕੀਤੀ ਹੈ।3।

(ਹੇ ਭਾਈ! ਪਰਮਾਤਮਾ ਦੇ ਨਾਮ ਨਾਲ) ਬੜੇ ਬੜੇ ਵਿਕਾਰੀ ਪਵਿੱਤਰ ਹੋ ਗਏ ਹਨ; ਹਰੀ-ਜਸ ਨੇ (ਉਹਨਾਂ ਦੇ) ਸਾਰੇ ਪਾਪ ਸਾੜ ਦਿੱਤੇ ਹਨ। ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਦੇ ਮਨ ਵਿਚ ਆਨੰਦ ਪੈਦਾ ਹੋ ਗਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਨਿਹਾਲ ਹੋ ਗਿਆ।4।5।

TOP OF PAGE

Sri Guru Granth Darpan, by Professor Sahib Singh