ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 986

ਮਾਲੀ ਗਉੜਾ ਮਹਲਾ ੪ ॥ ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ ॥ ਹਰਿ ਹਰਿ ਉਰ ਧਾਰਿਓ ਗੁਰਿ ਪੂਰੈ ਮੇਰਾ ਸੀਸੁ ਕੀਜੈ ਗੁਰ ਵਾਟ ॥੧॥ ਰਹਾਉ ॥ ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ ॥ ਹਰਿ ਸਾਜਨੁ ਮੇਲਿਓ ਗੁਰਿ ਪੂਰੈ ਗੁਰ ਬਚਨਿ ਬਿਕਾਨੋ ਹਟਿ ਹਾਟ ॥੧॥ ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥ ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥੨॥ ਹਰਿ ਕੀਰਤਿ ਗੁਰਮਤਿ ਜਸੁ ਗਾਇਓ ਮਨਿ ਉਘਰੇ ਕਪਟ ਕਪਾਟ ॥ ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥੩॥ ਕਲਜੁਗਿ ਗੁਰੁ ਪੂਰਾ ਤਿਨ ਪਾਇਆ ਜਿਨ ਧੁਰਿ ਮਸਤਕਿ ਲਿਖੇ ਲਿਲਾਟ ॥ ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੂਖ ਤਿਖਾਟ ॥੪॥੬॥ ਛਕਾ ੧ ॥ {ਪੰਨਾ 986}

ਪਦ ਅਰਥ: ਮਨ = ਹੇ ਮਨ! ਭਜੁ = ਭਜਨ ਕਰ। ਕਿਲਬਿਖ = ਪਾਪ। ਉਰ = ਹਿਰਦਾ। ਗੁਰਿ ਪੂਰੇ = ਪੂਰੇ ਗੁਰੂ ਨੇ। ਸੀਸੁ = ਸਿਰ। ਕੀਜੈ = ਕਰਨਾ ਚਾਹੀਦਾ ਹੈ (ਭੇਟਾ) । ਵਾਟ = ਰਸਤਾ।1। ਰਹਾਉ।

ਮੈ = ਮੈਨੂੰ। ਬਾਰ = ਸਿਫ਼ਤਿ-ਸਾਲਾਹ ਦੀ ਗੱਲ। ਤਿਸੁ = ਉਸ (ਮਨੁੱਖ) ਨੂੰ। ਦੇਵਉ = ਦੇਵਉਂ, ਮੈਂ ਦਿਆਂ। ਕਟਿ = ਕੱਟ ਕੇ। ਮੇਲਿਓ = ਮਿਲਾਇਆ। ਗੁਰਿ ਪੂਰੈ = ਪੂਰੇ ਗੁਰੂ ਨੇ। ਗੁਰ ਬਚਨਿ = ਗੁਰ ਦੇ ਬਚਨ ਦੀ ਰਾਹੀਂ। ਹਟਿ = ਹੱਟ ਤੇ। ਹਟਿ ਹਾਟ = ਹੱਟੀ ਹੱਟੀ ਤੇ।1।

ਮਕਰ = ਮਕਰ ਰਾਸਿ ਵੇਲੇ, ਜਦੋਂ ਸੂਰਜ ਮਕਰ ਰਾਸਿ ਵਿਚ ਦਾਖ਼ਲ ਹੁੰਦਾ ਹੈ, ਮਾਘ ਦੀ ਸੰਗ੍ਰਾਂਦ ਨੂੰ। ਪ੍ਰਾਗਿ = ਪ੍ਰਯਾਗ ਤੀਰਥ ਤੇ। ਕਾਟਿ = ਕੱਟ ਕੇ (ਕਰਵੱਤ੍ਰ ਨਾਲ ਕਾਂਸ਼ੀ ਜਾ ਕੇ) । ਕੋ = ਕੋਈ ਭੀ ਮਨੁੱਖ। ਕੰਚਨੁ = ਸੋਨਾ। ਦੀਜੈ = ਜੇ ਦਿੱਤਾ ਜਾਏ।2।

ਕੀਰਤਿ = ਸਿਫ਼ਤਿ-ਸਾਲਾਹ। ਗੁਰਮਤਿ = ਗੁਰੂ ਦੀ ਮਤਿ ਲੈ ਕੇ। ਜਸੁ = ਸਿਫ਼ਤਿ-ਸਾਲਾਹ। ਮਨਿ = ਮਨ ਵਿਚ। ਕਪਟ ਕਪਾਟ = ਕਿਵਾੜ। ਤ੍ਰਿਕੁਟੀ = {ਤ੍ਰਿ-ਤਿੰਨ। ਕੁਟੀ = ਵਿੰਗੀ ਲਕੀਰ} ਮੱਥੇ ਉਤੇ ਪਈਆਂ ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ, ਮਨ ਦੀ ਖਿੱਝ। ਫੋਰਿ = ਤੋੜ ਕੇ, ਦੂਰ ਕਰ ਕੇ। ਭਰਮੁ = ਭਟਕਣਾ। ਭਉ = ਡਰ {ਇਕ-ਵਚਨ}। ਲਜ = ਲੋਕ-ਰਾਜ (ਦੀ) । ਮਟੁਕੀ = ਨਿੱਕਾ ਜਿਹਾ ਮੱਟ।3।

ਕਲਜੁਗਿ = ਕਲਜੁਗ ਵਿਚ, ਕਲੇਸ਼ਾਂ-ਭਰੇ ਜਗਤ ਵਿਚ। ਤਿਨ੍ਹ੍ਹ = {ਬਹੁ-ਵਚਨ} ਉਹਨਾਂ ਨੇ। ਜਿਨ੍ਹ੍ਹ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਲਿਲਾਟ = ਮੱਥਾ। ਧੁਰਿ = ਧੁਰੋਂ, ਪ੍ਰਭੂ ਦੇ ਹੁਕਮ ਅਨੁਸਾਰ। ਰਸੁ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਸਭ = ਸਾਰੀ। ਤਿਖਾਟ = ਤਿਖ, ਤ੍ਰੇਹ।4।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ। ਪਰ ਇਹ ਹਰਿ-ਨਾਮ ਸਦਾ ਪੂਰੇ ਗੁਰੂ ਨੇ ਹੀ (ਪ੍ਰਾਣੀ ਦੇ) ਹਿਰਦੇ ਵਿਚ ਵਸਾਇਆ ਹੈ, (ਮੇਰੇ ਚੰਗੇ ਭਾਗ ਹੋਣ, ਜੇ) ਮੇਰਾ ਸਿਰ (ਅਜਿਹੇ) ਗੁਰੂ ਦੇ ਰਸਤੇ ਵਿਚ (ਭੇਟਾ) ਕੀਤਾ ਜਾਏ।1। ਰਹਾਉ।

ਹੇ ਭਾਈ! ਜਿਹੜਾ ਕੋਈ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਵੇ, ਮੈਂ ਉਸ ਨੂੰ ਆਪਣਾ ਮਨ ਟੋਟੇ ਟੋਟੇ ਕਰ ਕੇ ਦੇ ਦਿਆਂ। ਹੇ ਭਾਈ! ਪੂਰੇ ਗੁਰੂ ਨੇ ਹੀ ਸੱਜਣ-ਪ੍ਰਭੂ ਮਿਲਾਇਆ ਹੈ। ਗੁਰੂ ਦੇ ਬਚਨ ਦੀ ਬਰਕਤ ਨਾਲ ਮੈਂ ਉਸ ਦਾ ਹੱਟੀ ਹੱਟੀ ਵਿਕਿਆ (ਗੁਲਾਮ) ਬਣ ਚੁਕਾ ਹਾਂ।1।

ਹੇ ਭਾਈ! ਕਿਸੇ ਨੇ ਤਾਂ ਮਾਘ ਦੀ ਸੰਗ੍ਰਾਂਦ ਤੇ ਪ੍ਰਯਾਗ-ਤੀਰਥ ਉਤੇ (ਜਾ ਕੇ) ਬਹੁਤ ਦਾਨ ਕੀਤਾ, ਕਿਸੇ ਨੇ ਕਾਸ਼ੀ ਜਾ ਕੇ ਕਰਵੱਤ੍ਰ ਨਾਲ ਆਪਣਾ ਸਰੀਰ ਦੁ-ਫਾੜ ਕਰਾ ਦਿੱਤਾ (ਪਰ ਇਹ ਸਭ ਕੁਝ ਵਿਅਰਥ ਹੀ ਗਿਆ, ਕਿਉਂਕਿ) ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਕੋਈ ਭੀ ਮਨੁੱਖ ਮੁਕਤੀ (ਵਿਕਾਰਾਂ ਤੋਂ ਖ਼ਲਾਸੀ) ਹਾਸਲ ਨਹੀਂ ਕਰ ਸਕਦਾ, ਭਾਵੇਂ ਤੀਰਥਾਂ ਤੇ ਜਾ ਕੇ ਬਹੁਤ ਸਾਰਾ ਸੋਨਾ ਭੀ ਥੋੜਾ ਥੋੜਾ ਕਰ ਕੇ ਅਨੇਕਾਂ ਨੂੰ ਦਾਨ ਦਿੱਤਾ ਜਾਏ।2।

ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਪ੍ਰਭੂ ਦਾ ਜਸ ਗਾਵਿਆ, ਉਸ ਦੇ ਮਨ ਵਿਚਲੇ ਕਿਵਾੜ ਖੁੱਲ੍ਹ ਗਏ (ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ) । ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨ ਦੀ ਖਿੱਝ ਦੂਰ ਕੀਤਿਆਂ ਜਿਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਵਹਿਮ ਤੇ ਡਰ ਦੂਰ ਹੋ ਗਿਆ, ਉਸ ਦੀ ਲੋਕ-ਲਾਜ ਦੀ ਮਟੁਕੀ ਭੀ ਟੁੱਟ ਗਈ (ਜਿਹੜੀ ਉਹ ਸਦਾ ਆਪਣੇ ਸਿਰ ਉੱਤੇ ਚੁੱਕੀ ਫਿਰਦਾ ਸੀ) ।3।

ਹੇ ਦਾਸ ਨਾਨਕ! (ਆਖ-) ਇਸ ਜਗਤ ਵਿਚ ਪੂਰਾ ਗੁਰੂ ਉਹਨਾਂ ਪ੍ਰਾਣੀਆਂ ਨੇ ਹੀ ਲੱਭਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਹੀ ਅਜਿਹੇ ਲੇਖ ਲਿਖੇ ਹੁੰਦੇ ਹਨ। (ਅਜਿਹੇ ਬੰਦਿਆਂ ਨੇ ਜਦੋਂ ਗੁਰੂ ਦੀ ਕਿਰਪਾ ਨਾਲ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ, ਉਹਨਾਂ ਦੀ ਮਾਇਆ ਵਾਲੀ ਸਾਰੀ ਭੁੱਖ ਤ੍ਰੇਹ ਲਹਿ ਗਈ।4।6।

ਛਕਾ = ਛੱਕਾ, ਛੇ ਸ਼ਬਦਾਂ ਦਾ ਜੋੜ।

ਮਾਲੀ ਗਉੜਾ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਰੇ ਮਨ ਟਹਲ ਹਰਿ ਸੁਖ ਸਾਰ ॥ ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ ॥੧॥ ਰਹਾਉ ॥ ਜਿਨਾ ਮਸਤਕਿ ਲੀਖਿਆ ਤੇ ਮਿਲੇ ਸੰਗਾਰ ॥ ਸੰਸਾਰੁ ਭਉਜਲੁ ਤਾਰਿਆ ਹਰਿ ਸੰਤ ਪੁਰਖ ਅਪਾਰ ॥੧॥ ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥ ਸਭ ਤਜਹੁ ਦੂਜੀ ਆਸੜੀ ਰਖੁ ਆਸ ਇਕ ਨਿਰੰਕਾਰ ॥੨॥ ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ ॥ ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ ॥੩॥ ਅਗਮ ਰੂਪੁ ਗੋਬਿੰਦ ਕਾ ਅਨਿਕ ਨਾਮ ਅਪਾਰ ॥ ਧਨੁ ਧੰਨੁ ਤੇ ਜਨ ਨਾਨਕਾ ਜਿਨ ਹਰਿ ਨਾਮਾ ਉਰਿ ਧਾਰ ॥੪॥੧॥ {ਪੰਨਾ 986}

ਪਦ ਅਰਥ: ਟਹਲ ਹਰਿ = ਪਰਮਾਤਮਾ ਦੀ ਸੇਵਾ-ਭਗਤੀ। ਸਾਰ = ਸ੍ਰੇਸ਼ਟ। ਕਰੈ = ਕਰਦਾ ਹੈ। ਜਮੁ = ਮੌਤ, ਆਤਮਕ ਮੌਤ। ਸਿਰਿ = ਸਿਰ ਉਤੇ। ਮਾਰ = ਚੋਟ।1। ਰਹਾਉ।

ਮਸਤਕਿ = ਮੱਥੇ ਉਤੇ। ਤੇ = ਉਹ ਬੰਦੇ {ਬਹੁ-ਵਚਨ}। ਸੰਗਾਰ = ਸਤਸੰਗ ਵਿਚ। ਭਉਜਲੁ = ਸਮੁੰਦਰ। ਅਪਾਰ = ਬੇਅੰਤ।1।

ਸਾਧ ਕੇ = ਗੁਰੂ ਦੇ। ਤਜਿ = ਛੱਡ ਕੇ। ਆਸੜੀ = ਕੋਈ ਆਸ।2।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਬੰਦੇ। ਭਰਮਿ = ਭੁਲੇਖੇ ਵਿਚ। ਭੂਲੇ = ਕੁਰਾਹੇ ਪਏ ਹੋਏ। ਸਾਕਤ = ਪ੍ਰਭੂ ਨਾਲੋਂ ਟੁੱਟੇ ਹੋਏ। ਅੰਧ ਅੰਧਾਰ = ਬਿਲਕੁਲ ਅੰਨ੍ਹੇ, ਆਤਮਕ ਜੀਵਨ ਵਲੋਂ ਨਿਰੋਲ ਅੰਨ੍ਹੇ। ਧੁਰਿ = ਪ੍ਰਭੂ ਦੀ ਰਜ਼ਾ ਅਨੁਸਾਰ। ਕੋ = ਕੋਈ ਭੀ ਜੀਵ। ਮੇਟਣਹਾਰ = ਮਿਟਾ ਸਕਣ ਜੋਗਾ।3।

ਅਗਮ = ਅਪਹੁੰਚ। ਧਨੁ ਧੰਨੁ = ਭਾਗਾਂ ਵਾਲੇ। ਤੇ ਜਨ = ਉਹ ਬੰਦੇ। ਉਰਿ = ਹਿਰਦੇ ਵਿਚ।4।

ਅਰਥ: ਹੇ (ਮੇਰੇ) ਮਨ! ਪਰਮਾਤਮਾ ਦੀ ਸੇਵਾ-ਭਗਤੀ ਅਸਲ ਸੁਖ ਦੇਣ ਵਾਲੀ ਹੈ। ਹੋਰ ਹੋਰ (ਲੋਕਾਂ ਦੀਆਂ) ਟਹਲਾਂ ਵਿਅਰਥ ਹਨ, (ਹੋਰ ਟਹਲਾਂ-ਖ਼ੁਸ਼ਾਮਦਾਂ ਦੇ ਕਾਰਨ) ਆਤਮਕ ਮੌਤ (ਮਨੁੱਖ ਦੇ) ਸਿਰ ਉਤੇ ਸਦਾ ਸਵਾਰ ਰਹਿੰਦੀ ਹੈ।1। ਰਹਾਉ।

ਹੇ ਮਨ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਚੰਗਾ ਭਾਗ) ਲਿਖਿਆ ਹੁੰਦਾ ਹੈ ਉਹ ਸਤਸੰਗ ਵਿਚ ਮਿਲਦੇ ਹਨ, (ਸਤਸੰਗ ਵਿਚ) ਬੇਅੰਤ ਅਤੇ ਸਰਬ-ਵਿਆਪਕ ਹਰੀ ਦੇ ਸੰਤ ਜਨ (ਉਹਨਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ।1।

ਹੇ ਮਨ! ਲੋਭ ਮੋਹ ਆਦਿਕ ਵਿਕਾਰ ਛੱਡ ਕੇ ਸਦਾ ਗੁਰੂ ਦੇ ਚਰਨਾਂ ਉਤੇ ਪਿਆ ਰਹੁ। ਹੇ ਮਨ! ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਕੋਝੀ ਆਸ ਛੱਡ ਦੇਹ। ਇਕ ਪਰਮਾਤਮਾ ਦੀ ਹੀ ਆਸ ਰੱਖ।2।

ਹੇ ਮਨ! ਕਈ ਐਸੇ ਬੰਦੇ (ਜਗਤ ਵਿਚ) ਹਨ ਜੋ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਤੇ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ, ਗੁਰੂ ਤੋਂ ਬਿਨਾ ਉਹ ਆਤਮਕ ਜੀਵਨ ਵਲੋਂ ਉੱਕਾ ਹੀ ਅੰਨ੍ਹੇ ਹੁੰਦੇ ਹਨ। (ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੀ ਰਜ਼ਾ ਅਨੁਸਾਰ ਜੋ ਹੋਣਾ ਹੁੰਦਾ ਹੈ ਉਹੀ ਹੋ ਕੇ ਰਹਿੰਦਾ ਹੈ। ਉਸ ਹੋਣੀ ਨੂੰ ਕੋਈ ਭੀ ਜੀਵ ਮਿਟਾ ਨਹੀਂ ਸਕਦਾ।3।

ਹੇ ਮਨ! ਪਰਮਾਤਮਾ ਦੀ ਹਸਤੀ ਅਪਹੁੰਚ ਹੈ, ਬੇਅੰਤ ਪ੍ਰਭੂ ਦੇ ਅਨੇਕਾਂ ਹੀ ਨਾਮ ਹਨ (ਉਸ ਦੇ ਅਨੇਕਾਂ ਗੁਣਾਂ ਦੇ ਕਾਰਨ) । ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ।4।1।

ਮਾਲੀ ਗਉੜਾ ਮਹਲਾ ੫ ॥ ਰਾਮ ਨਾਮ ਕਉ ਨਮਸਕਾਰ ॥ ਜਾਸੁ ਜਪਤ ਹੋਵਤ ਉਧਾਰ ॥੧॥ ਰਹਾਉ ॥ ਜਾ ਕੈ ਸਿਮਰਨਿ ਮਿਟਹਿ ਧੰਧ ॥ ਜਾ ਕੈ ਸਿਮਰਨਿ ਛੂਟਹਿ ਬੰਧ ॥ ਜਾ ਕੈ ਸਿਮਰਨਿ ਮੂਰਖ ਚਤੁਰ ॥ ਜਾ ਕੈ ਸਿਮਰਨਿ ਕੁਲਹ ਉਧਰ ॥੧॥ ਜਾ ਕੈ ਸਿਮਰਨਿ ਭਉ ਦੁਖ ਹਰੈ ॥ ਜਾ ਕੈ ਸਿਮਰਨਿ ਅਪਦਾ ਟਰੈ ॥ ਜਾ ਕੈ ਸਿਮਰਨਿ ਮੁਚਤ ਪਾਪ ॥ ਜਾ ਕੈ ਸਿਮਰਨਿ ਨਹੀ ਸੰਤਾਪ ॥੨॥ ਜਾ ਕੈ ਸਿਮਰਨਿ ਰਿਦ ਬਿਗਾਸ ॥ ਜਾ ਕੈ ਸਿਮਰਨਿ ਕਵਲਾ ਦਾਸਿ ॥ ਜਾ ਕੈ ਸਿਮਰਨਿ ਨਿਧਿ ਨਿਧਾਨ ॥ ਜਾ ਕੈ ਸਿਮਰਨਿ ਤਰੇ ਨਿਦਾਨ ॥੩॥ ਪਤਿਤ ਪਾਵਨੁ ਨਾਮੁ ਹਰੀ ॥ ਕੋਟਿ ਭਗਤ ਉਧਾਰੁ ਕਰੀ ॥ ਹਰਿ ਦਾਸ ਦਾਸਾ ਦੀਨੁ ਸਰਨ ॥ ਨਾਨਕ ਮਾਥਾ ਸੰਤ ਚਰਨ ॥੪॥੨॥ {ਪੰਨਾ 986}

ਪਦ ਅਰਥ: ਕਉ = ਨੂੰ। ਨਮਸਕਾਰ = ਸਿਰ ਨਿਵਾਓ, ਸਤਕਾਰ ਨਾਲ ਹਿਰਦੇ ਵਿਚ ਵਸਾਓ। ਜਾਸੁ ਜਪਤ = ਜਿਸ ਦਾ ਜਾਪ ਕੀਤਿਆਂ। ਉਧਾਰ = (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ।1। ਰਹਾਉ।

ਜਾ ਕੈ ਸਿਮਰਨਿ = ਜਿਸ (ਪ੍ਰਭੂ) ਦੇ ਸਿਮਰਨ ਦੀ ਰਾਹੀਂ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਧੰਧ = ਧੰਧੇ, ਜੰਜਾਲ। ਬੰਧ = ਬੰਧਨ, ਫਾਹੀਆਂ। ਕੁਲਹ ਉਧਰ = ਸਾਰੀ ਕੁਲ ਦਾ ਪਾਰ ਉਤਾਰਾ।1।

ਹਰੈ = (ਮਨੁੱਖ) ਦੂਰ ਕਰ ਲੈਂਦਾ ਹੈ। ਅਪਦਾ = ਬਿਪਤਾ। ਟਰੈ = ਟਲ ਜਾਂਦੀ ਹੈ। ਮੁਚਤ = ਮੁੱਕ ਜਾਂਦੇ ਹਨ। ਸੰਤਾਪ = ਕਲੇਸ਼।2।

ਰਿਦ ਬਿਗਾਸ = ਹਿਰਦੇ ਦਾ ਖਿੜਾਉ। ਕਵਲਾ = ਮਾਇਆ। ਦਾਸਿ = ਦਾਸੀ। ਨਿਧਿ = ਨੌ ਨਿਧੀਆਂ। ਨਿਧਾਨ = ਖ਼ਜ਼ਾਨੇ। ਤਰੇ = ਪਾਰ ਲੰਘ ਜਾਂਦਾ ਹੈ। ਨਿਦਾਨ = ਅੰਤ ਨੂੰ, ਆਖ਼ਿਰ।3।

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨੁ = ਪਵਿੱਤਰ ਕਰਨ ਵਾਲਾ। ਕੋਟਿ = ਕ੍ਰੋੜਾਂ। ਕਰੀ = ਕਰਦਾ ਹੈ। ਦੀਨੁ = ਨਿਮਾਣਾ। ਸੰਤ ਚਰਨ = ਸੰਤਾਂ ਦੇ ਚਰਨਾਂ ਉਤੇ। ਨਾਨਕ ਮਾਥਾ = ਨਾਨਕ ਦਾ ਮੱਥਾ।4।

ਅਰਥ: ਹੇ ਭਾਈ! ਜਿਸ ਪਰਮਾਤਮਾ ਦਾ ਨਾਮ ਜਪਦਿਆਂ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਜਾਂਦਾ ਹੈ, ਉਸ ਦੇ ਨਾਮ ਨੂੰ ਆਦਰ-ਸਤਕਾਰ ਨਾਲ ਆਪਣੇ ਹਿਰਦੇ ਵਿਚ ਵਸਾਈ ਰੱਖ।1। ਰਹਾਉ।

ਜਿਸ ਦੇ ਸਿਮਰਨ ਨਾਲ ਮਾਇਆ ਦੇ ਜੰਜਾਲ ਮਿਟ ਜਾਂਦੇ ਹਨ (ਮਨ ਉਤੇ ਪ੍ਰਭਾਵ ਨਹੀਂ ਪਾ ਸਕਦੇ) , ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ, ਮੂਰਖ ਬੰਦੇ ਭੀ ਸਿਆਣੇ ਹੋ ਜਾਂਦੇ ਹਨ, ਸਾਰੀ ਕੁਲ ਦਾ ਹੀ ਪਾਰ-ਉਤਾਰਾ ਹੋ ਜਾਂਦਾ ਹੈ (ਉਸ ਨੂੰ ਸਦਾ ਨਮਸਕਾਰ ਕਰਦਾ ਰਹੁ) ।1।

ਜਿਸ ਦੇ ਸਿਮਰਨ ਦੀ ਬਰਕਤਿ ਨਾਲ ਮਨੁੱਖ ਹਰੇਕ ਡਰ ਅਤੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ, (ਹਰੇਕ) ਬਿਪਤਾ (ਮਨੁੱਖ ਦੇ ਸਿਰ ਤੋਂ) ਟਲ ਜਾਂਦੀ ਹੈ, ਸਾਰੇ ਪਾਪਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ (ਉਸ ਨੂੰ ਸਦਾ ਸਿਰ ਨਿਵਾਂਦਾ ਰਹੁ) ।2।

ਜਿਸ ਦਾ ਸਿਮਰਨ ਕਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ, ਮਾਇਆ (ਭੀ) ਦਾਸੀ ਬਣ ਜਾਂਦੀ ਹੈ, (ਇਸ ਲੋਕ ਵਿਚ, ਮਾਨੋ) ਸਾਰੀਆਂ ਨਿਧੀਆਂ ਤੇ ਸਾਰੇ ਖ਼ਜ਼ਾਨੇ (ਮਿਲ ਜਾਂਦੇ ਹਨ) , ਤੇ ਅੰਤ ਵੇਲੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ (ਉਸ ਨੂੰ ਸਦਾ ਸਿਮਰਦਾ ਰਹੁ) ।3।

ਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਹਰਿ-ਨਾਮ ਕ੍ਰੋੜਾਂ ਭਗਤਾਂ ਦਾ ਉਦਾਰ ਕਰਦਾ ਹੈ। ਨਾਨਕ ਦਾ ਮੱਥਾ ਭੀ ਸੰਤਾਂ ਦੇ ਚਰਨਾਂ ਉਤੇ ਪਿਆ ਹੈ, ਇਹ ਨਿਮਾਣਾ ਭੀ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਸਰਨ ਆਇਆ ਹੈ (ਤਾ ਕਿ ਨਾਨਕ ਨੂੰ ਭੀ ਪਰਮਾਤਮਾ ਦਾ ਨਾਮ ਮਿਲ ਜਾਏ) ।4।2।

ਮਾਲੀ ਗਉੜਾ ਮਹਲਾ ੫ ॥ ਐਸੋ ਸਹਾਈ ਹਰਿ ਕੋ ਨਾਮ ॥ ਸਾਧਸੰਗਤਿ ਭਜੁ ਪੂਰਨ ਕਾਮ ॥੧॥ ਰਹਾਉ ॥ ਬੂਡਤ ਕਉ ਜੈਸੇ ਬੇੜੀ ਮਿਲਤ ॥ ਬੂਝਤ ਦੀਪਕ ਮਿਲਤ ਤਿਲਤ ॥ ਜਲਤ ਅਗਨੀ ਮਿਲਤ ਨੀਰ ॥ ਜੈਸੇ ਬਾਰਿਕ ਮੁਖਹਿ ਖੀਰ ॥੧॥ ਜੈਸੇ ਰਣ ਮਹਿ ਸਖਾ ਭ੍ਰਾਤ ॥ ਜੈਸੇ ਭੂਖੇ ਭੋਜਨ ਮਾਤ ॥ ਜੈਸੇ ਕਿਰਖਹਿ ਬਰਸ ਮੇਘ ॥ ਜੈਸੇ ਪਾਲਨ ਸਰਨਿ ਸੇਂਘ ॥੨॥ ਗਰੁੜ ਮੁਖਿ ਨਹੀ ਸਰਪ ਤ੍ਰਾਸ ॥ ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥ ਜੈਸੋ ਆਂਡੋ ਹਿਰਦੇ ਮਾਹਿ ॥ ਜੈਸੋ ਦਾਨੋ ਚਕੀ ਦਰਾਹਿ ॥੩॥ ਬਹੁਤੁ ਓਪਮਾ ਥੋਰ ਕਹੀ ॥ ਹਰਿ ਅਗਮ ਅਗਮ ਅਗਾਧਿ ਤੁਹੀ ॥ ਊਚ ਮੂਚੌ ਬਹੁ ਅਪਾਰ ॥ ਸਿਮਰਤ ਨਾਨਕ ਤਰੇ ਸਾਰ ॥੪॥੩॥ {ਪੰਨਾ 986-987}

ਪਦ ਅਰਥ: ਐਸੋ = ਇਹੋ ਜਿਹਾ (ਜਿਵੇ ਅਗਾਂਹ ਦੱਸਿਆ ਜਾ ਰਿਹਾ ਹੈ) । ਸਹਾਈ = ਮਦਦਗਾਰ। ਕੋ = ਦਾ। ਭਜੁ = ਜਪਿਆ ਕਰ। ਕਾਮ = ਕੰਮ, ਮਨੋਰਥ।1। ਰਹਾਉ।

ਬੂਡਤ = ਡੁੱਬਦੇ। ਕਉ = ਨੂੰ। ਬੂਝਤ = ਬੁੱਝ ਰਹੇ। ਦੀਪਕ = ਦੀਵਾ। ਤਿਲਤ = ਤੇਲ। ਅਗਨੀ = ਅੱਗ (ਵਿਚ) । ਜਲਤ = ਸੜ ਰਹੇ ਨੂੰ। ਨੀਰ = ਪਾਣੀ। ਮੁਖਹਿ = ਮੂੰਹ ਵਿਚ। ਖੀਰ = ਦੁੱਧ।1।

ਰਣ = ਲੜਾਈ, ਜੁੱਧ। ਸਖਾ = ਸਹਾਈ। ਭ੍ਰਾਤ = ਭਰਾ। ਭੋਜਨ ਮਾਤ = ਭੋਜਨ ਮਾਤ੍ਰ, ਸਿਰਫ਼ ਭੋਜਨ ਹੀ। ਕਿਰਖਹਿ = ਖੇਤੀ ਨੂੰ। ਬਰਸ ਮੇਘ = ਬੱਦਲ ਦਾ ਵਰ੍ਹਨਾ। ਪਾਲਨ = ਰੱਖਿਆ। ਸੇਂਘ = ਸਿੰਘ, ਸ਼ੇਰ, ਬਹਾਦਰ।2।

ਗਰੁੜ = ਗਾਰੁੜ ਮੰਤਰ। ਮੁਖਿ = ਮੂੰਹ ਵਿਚ। ਸਰਪ = ਸੱਪ। ਤ੍ਰਾਸ = ਡਰ। ਸੂਆ = ਤੋਤਾ। ਪਿੰਜਰਿ = ਪਿੰਜਰੇ ਵਿਚ। ਬਿਲਾਸੁ = ਬਿੱਲਾ। ਆਂਡੋ = (ਕੂੰਜ ਦਾ) ਅੰਡਾ। ਹਿਰਦੇ ਮਾਹਿ = ਚੇਤੇ ਵਿਚ। ਦਾਨੋ = ਦਾਣੇ। ਚਕੀ ਦਰਾਹਿ = ਚੱਕੀ ਦੇ ਦਰ ਤੇ, ਚੱਕੀ ਦੀ ਕਿੱਲੀ ਨਾਲ।3।

ਓਪਮਾ = ਉਪਮਾ, ਦ੍ਰਿਸ਼ਟਾਂਤ। ਥੋਰ = ਥੋੜੀ ਹੀ। ਕਹੀ = ਆਖੀ ਹੈ। ਅਗਮ = ਅਪਹੁੰਚ। ਅਗਾਧਿ = ਅਥਾਹ। ਤੁਹੀ = ਤੂੰ ਹੀ (ਸਹਾਈ) । ਮੂਚੌ = ਵੱਡਾ। ਸਾਰ = ਲੋਹਾ, ਵਿਕਾਰਾਂ ਨਾਲ ਭਰੇ ਹੋਏ ਹੋਏ, ਲੋਹੇ ਵਾਂਗ ਭਾਰੇ।4।

ਅਰਥ: ਹੇ ਭਾਈ! ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ਤੇਰੇ ਸਾਰੇ ਮਨੋਰਥ ਪੂਰੇ ਹੁੰਦੇ ਰਹਿਣਗੇ। ਹੇ ਭਾਈ! ਪਰਮਾਤਮਾ ਦਾ ਨਾਮ ਇਉਂ ਮਦਦਗਾਰ ਹੁੰਦਾ ਹੈ।1। ਰਹਾਉ।

ਜਿਵੇਂ ਡੁੱਬ ਰਹੇ ਨੂੰ ਬੇੜੀ ਮਿਲ ਜਾਏ, ਜਿਵੇਂ ਬੁੱਝ ਰਹੇ ਦੀਵੇ ਨੂੰ ਤੇਲ ਮਿਲ ਜਾਏ, ਜਿਵੇਂ ਅੱਗ ਵਿਚ ਸੜ ਰਹੇ ਨੂੰ ਪਾਣੀ ਮਿਲ ਜਾਏ, ਜਿਵੇਂ (ਭੁੱਖ ਨਾਲ ਵਿਲਕ ਰਹੇ) ਬੱਚੇ ਦੇ ਮੂੰਹ ਵਿਚ ਦੁੱਧ ਪੈ ਜਾਏ।1।

(ਹੇ ਭਾਈ! ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜੁੱਧ ਵਿਚ ਭਰਾ ਸਹਾਈ ਹੁੰਦਾ ਹੈ, ਜਿਵੇਂ ਕਿਸੇ ਭੁੱਖੇ ਨੂੰ ਭੋਜਨ ਹੀ ਸਹਾਈ ਹੁੰਦਾ ਹੈ, ਜਿਵੇਂ ਖੇਤੀ ਨੂੰ ਬੱਦਲ ਦਾ ਵਰ੍ਹਨਾ, ਜਿਵੇਂ (ਕਿਸੇ ਅਨਾਥ ਨੂੰ) ਸ਼ੇਰ (ਬਹਾਦਰ) ਦੀ ਸਰਨ ਵਿਚ ਰੱਖਿਆ ਮਿਲਦੀ ਹੈ।2।

(ਹੇ ਭਾਈ! ਪ੍ਰਭੂ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜਿਸ ਦੇ ਮੂੰਹ ਵਿਚ ਗਾਰੁੜ ਮੰਤਰ ਹੋਵੇ ਉਸ ਨੂੰ ਸੱਪ ਦਾ ਡਰ ਨਹੀਂ ਹੁੰਦਾ, ਜਿਵੇਂ ਪਿੰਜਰੇ ਵਿਚ ਬੈਠੇ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ, ਜਿਵੇਂ ਕੂੰਜ ਦੇ ਚੇਤੇ ਵਿਚ ਟਿਕੇ ਹੋਏ ਉਸ ਦੇ ਆਂਡੇ (ਖ਼ਰਾਬ ਨਹੀਂ ਹੁੰਦੇ) , ਜਿਵੇਂ ਦਾਣੇ ਚੱਕੀ ਦੀ ਕਿੱਲੀ ਨਾਲ (ਟਿਕੇ ਹੋਏ ਪੀਸਣੋਂ ਬਚੇ ਰਹਿੰਦੇ ਹਨ) ।3।

ਹੇ ਭਾਈ! ਮੈਂ ਤਾਂ ਇਹ ਥੋੜ੍ਹੇ ਜਿਹੇ ਦ੍ਰਿਸ਼ਟਾਂਤ ਹੀ ਦੱਸੇ ਹਨ, ਬਥੇਰੇ ਦੱਸੇ ਜਾ ਸਕਦੇ ਹਨ (ਕਿ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ ਹੈ) । ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਤੂੰ ਹੀ (ਜੀਵਾਂ ਦਾ ਰੱਖਿਅਕ ਹੈਂ) । ਹੇ ਹਰੀ! ਤੂੰ ਉੱਚਾ ਹੈਂ, ਤੂੰ ਵੱਡਾ ਹੈਂ, ਤੂੰ ਬੇਅੰਤ ਹੈਂ। ਹੇ ਨਾਨਕ! (ਆਖ-) ਨਾਮ ਸਿਮਰਦਿਆਂ ਪਾਪਾਂ ਨਾਲ ਲੋਹੇ ਵਾਂਗ ਭਾਰੇ ਹੋਏ ਜੀਵ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।4।3।

TOP OF PAGE

Sri Guru Granth Darpan, by Professor Sahib Singh