ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 987

ਮਾਲੀ ਗਉੜਾ ਮਹਲਾ ੫ ॥ ਇਹੀ ਹਮਾਰੈ ਸਫਲ ਕਾਜ ॥ ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥ ਚਰਨ ਸੰਤਹ ਮਾਥ ਮੋਰ ॥ ਨੈਨਿ ਦਰਸੁ ਪੇਖਉ ਨਿਸਿ ਭੋਰ ॥ ਹਸਤ ਹਮਰੇ ਸੰਤ ਟਹਲ ॥ ਪ੍ਰਾਨ ਮਨੁ ਧਨੁ ਸੰਤ ਬਹਲ ॥੧॥ ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥ ਸੰਤ ਗੁਨ ਬਸਹਿ ਮੇਰੈ ਚੀਤਿ ॥ ਸੰਤ ਆਗਿਆ ਮਨਹਿ ਮੀਠ ॥ ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥ ਸੰਤਸੰਗਿ ਮੇਰਾ ਹੋਇ ਨਿਵਾਸੁ ॥ ਸੰਤਨ ਕੀ ਮੋਹਿ ਬਹੁਤੁ ਪਿਆਸ ॥ ਸੰਤ ਬਚਨ ਮੇਰੇ ਮਨਹਿ ਮੰਤ ॥ ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥ ਮੁਕਤਿ ਜੁਗਤਿ ਏਹਾ ਨਿਧਾਨ ॥ ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥ ਨਾਨਕ ਕਉ ਪ੍ਰਭ ਦਇਆ ਧਾਰਿ ॥ ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥ {ਪੰਨਾ 987}

ਪਦ ਅਰਥ: ਇਹੀ = ਇਹ ਹੀ, ਇਹ (ਸੰਤ-ਸਰਨ) ਹੀ। ਹਮਾਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ। ਸਫਲ = ਕਾਮਯਾਬ। ਕਾਜ = ਕੰਮ, ਮਨੋਰਥ। ਕਉ = ਨੂੰ। ਲੇਹੁ ਨਿਵਾਜਿ = ਨਿਵਾਜਿ ਲੇਹੁ, ਨਿਵਾਜ਼ਸ਼ ਕਰ, ਮਿਹਰ ਕਰ।1। ਰਹਾਉ।

ਸੰਤਹ = ਸੰਤਾਂ ਦੇ। ਮਾਥ ਮੋਰ = ਮੇਰਾ ਮੱਥਾ। ਨੈਨੀ = ਨੈਨੀਂ, ਅੱਖਾਂ ਨਾਲ। ਪੇਖਉ = ਪੇਖਉਂ, ਮੈਂ ਵੇਖਦਾ ਰਹਾਂ। ਨਿਸਿ = ਰਾਤ। ਭੋਰ = ਦਿਨ। ਹਸਤ = ਹੱਥ {ਬਹੁ-ਵਚਨ}। ਸੰਤ ਬਹਲ = ਸੰਤਾਂ ਦੀ ਟਹਿਲ, ਸੰਤਾਂ ਦੇ ਅਰਪਨ।1।

ਸੰਗਿ = ਨਾਲ। ਬਸਹਿ = ਵੱਸਦੇ ਰਹਿਣ। ਮੇਰੈ ਚੀਤਿ = ਮੇਰੇ ਚਿੱਤ ਵਿਚ। ਮਨਹਿ = ਮਨ ਵਿਚ। ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਸੈ = ਖਿੜ ਪਏ।2।

ਨਿਵਾਸੁ = ਵਸੇਬਾ। ਮੋਹਿ = ਮੈਨੂੰ। ਪਿਆਸ = ਤਾਂਘ। ਮਨਹਿ = ਮਨ ਵਿਚ। ਮੰਤ = ਮੰਤਰ। ਪ੍ਰਸਾਦਿ = ਕਿਰਪਾ ਨਾਲ। ਬਿਖੈ = ਵਿਸ਼ੇ-ਵਿਕਾਰ। ਹੰਤ = ਨਾਸ ਹੋ ਜਾਣ।3।

ਮੁਕਤਿ ਜੁਗਤਿ = ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਤਰੀਕਾ। ਨਿਧਾਨ = ਖ਼ਜ਼ਾਨੇ। ਪ੍ਰਭ = ਹੇ ਪ੍ਰਭੂ! ਮੋਹਿ = ਮੈਨੂੰ। ਰਿਦੇ ਮਝਾਰਿ = ਹਿਰਦੇ ਵਿਚ (ਵੱਸਦੇ ਰਹਿਣ) ।4।

ਅਰਥ: ਹੇ ਪ੍ਰਭੂ! ਆਪਣੇ ਦਾਸ (ਨਾਨਕ) ਉਤੇ ਮਿਹਰ ਕਰ (ਤੇ ਸੰਤ ਜਨਾਂ ਦੀ ਸਰਨ ਬਖ਼ਸ਼) , ਇਹ (ਸੰਤ-ਸਰਨ) ਹੀ ਮੇਰੇ ਵਾਸਤੇ ਮੇਰੇ ਮਨੋਰਥਾਂ ਨੂੰ ਸਫਲ ਕਰਨ ਵਾਲੀ ਹੈ।1। ਰਹਾਉ।

(ਹੇ ਪ੍ਰਭੂ! ਮਿਹਰ ਕਰ) ਮੇਰਾ ਮੱਥਾ ਸੰਤਾਂ ਦੇ ਚਰਨਾਂ ਉਤੇ (ਪਿਆ ਰਹੇ) , ਅੱਖਾਂ ਨਾਲ ਮੈਂ ਦਿਨ ਰਾਤ ਸੰਤਾਂ ਦਾ ਦਰਸ਼ਨ ਕਰਦਾ ਰਹਾਂ, ਮੇਰੇ ਹੱਥ ਸੰਤਾਂ ਦੀ ਟਹਿਲ ਕਰਦੇ ਰਹਿਣ, ਮੇਰੀ ਜਿੰਦ ਮੇਰਾ ਮਨ ਮੇਰਾ ਧਨ ਸੰਤਾਂ ਦੇ ਅਰਪਨ ਰਹੇ।1।

(ਹੇ ਪ੍ਰਭੂ!) ਮਿਹਰ ਕਰ) ਸੰਤਾਂ ਨਾਲ ਮੇਰੇ ਮਨ ਦਾ ਪਿਆਰ ਬਣਿਆ ਰਹੇ, ਸੰਤਾਂ ਦੇ ਗੁਣ ਮੇਰੇ ਚਿੱਤ ਵਿਚ ਵੱਸੇ ਰਹਿਣ, ਸੰਤਾਂ ਦਾ ਹੁਕਮ ਮੈਨੂੰ ਮਿੱਠਾ ਲੱਗੇ, ਸੰਤਾਂ ਨੂੰ ਵੇਖ ਕੇ ਮੇਰਾ ਹਿਰਦਾ-ਕੰਵਲ ਖਿੜਿਆ ਰਹੇ।2।

(ਹੇ ਪ੍ਰਭੂ! ਮਿਹਰ ਕਰ) ਸੰਤਾਂ ਨਾਲ ਮੇਰਾ ਬਹਿਣ-ਖਲੋਣ ਬਣਿਆ ਰਹੇ, ਸੰਤਾਂ ਦੇ ਦਰਸ਼ਨ ਦੀ ਤਾਂਘ ਮੇਰੇ ਅੰਦਰ ਟਿਕੀ ਰਹੇ, ਸੰਤਾਂ ਦੇ ਬਚਨ-ਮੰਤ੍ਰ ਮੇਰੇ ਮਨ ਵਿਚ ਟਿਕੇ ਰਹਿਣ, ਸੰਤਾਂ ਦੀ ਕਿਰਪਾ ਨਾਲ ਮੇਰੇ ਸਾਰੇ ਵਿਕਾਰ ਨਾਸ ਹੋ ਜਾਣ।3।

ਹੇ ਦਇਆ ਦੇ ਘਰ ਪ੍ਰਭੂ! ਮੈਨੂੰ (ਸੰਤ ਜਨਾਂ ਦੀ ਸੰਗਤਿ ਦਾ) ਦਾਨ ਦੇਹ, ਸੰਤਾਂ ਦੀ ਸੰਗਤਿ ਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ, ਸੰਤਾਂ ਦਾ ਸੰਗ ਕਰਨਾ ਹੀ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ। ਹੇ ਪ੍ਰਭੂ! ਨਾਨਕ ਉੱਤੇ ਦਇਆ ਕਰ ਕਿ ਸੰਤਾਂ ਦੇ ਚਰਨ ਮੈਂ ਨਾਨਕ ਦੇ ਹਿਰਦੇ ਵਿਚ ਵੱਸੇ ਰਹਿਣ।4। 4।

ਮਾਲੀ ਗਉੜਾ ਮਹਲਾ ੫ ॥ ਸਭ ਕੈ ਸੰਗੀ ਨਾਹੀ ਦੂਰਿ ॥ ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥ ਸੁਨਤ ਜੀਓ ਜਾਸੁ ਨਾਮੁ ॥ ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥ ਸਗਲ ਨਿਧਿ ਹਰਿ ਹਰਿ ਹਰੇ ॥ ਮੁਨਿ ਜਨ ਤਾ ਕੀ ਸੇਵ ਕਰੇ ॥੧॥ ਜਾ ਕੈ ਘਰਿ ਸਗਲੇ ਸਮਾਹਿ ॥ ਜਿਸ ਤੇ ਬਿਰਥਾ ਕੋਇ ਨਾਹਿ ॥ ਜੀਅ ਜੰਤ੍ਰ ਕਰੇ ਪ੍ਰਤਿਪਾਲ ॥ ਸਦਾ ਸਦਾ ਸੇਵਹੁ ਕਿਰਪਾਲ ॥੨॥ ਸਦਾ ਧਰਮੁ ਜਾ ਕੈ ਦੀਬਾਣਿ ॥ ਬੇਮੁਹਤਾਜ ਨਹੀ ਕਿਛੁ ਕਾਣਿ ॥ ਸਭ ਕਿਛੁ ਕਰਨਾ ਆਪਨ ਆਪਿ ॥ ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥ ਸਾਧਸੰਗਤਿ ਕਉ ਹਉ ਬਲਿਹਾਰ ॥ ਜਾਸੁ ਮਿਲਿ ਹੋਵੈ ਉਧਾਰੁ ॥ ਨਾਮ ਸੰਗਿ ਮਨ ਤਨਹਿ ਰਾਤ ॥ ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥ {ਪੰਨਾ 987}

ਪਦ ਅਰਥ: ਸੰਗੀ = ਸੰਗੀ, ਨਾਲ। ਸਭ ਕੈ ਸੰਗੀ = ਸਭ ਕੈ ਸੰਗਿ, ਸਭ ਜੀਵਾਂ ਦੇ ਨਾਲ। ਕਰਨ ਕਰਾਵਨ = ਆਪ ਕਰਨ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ। ਹਾਜਰਾ ਹਜੂਰਿ = ਸਭ ਥਾਂ ਮੌਜੂਦ।1। ਰਹਾਉ।

ਜੀਓ = ਆਤਮਕ ਜੀਵਨ ਮਿਲਦਾ ਹੈ। ਜਾਸੁ = {XÔX} ਜਿਸ ਦਾ। ਬਿਸ੍ਰਾਮ = ਨਿਵਾਸ। ਸਗਲ = ਸਾਰੇ। ਨਿਧਿ = ਖ਼ਜ਼ਾਨੇ, ਨਿਧੀਆਂ। ਤਾ ਕੀ = ਉਸ ਪਰਮਾਤਮਾ ਦੀ।1।

ਕੈ ਘਰਿ = ਦੇ ਘਰ ਵਿਚ। ਸਗਲ = ਸਾਰੇ ਜੀਵ। ਜਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਬਿਰਥਾ = ਖ਼ਾਲੀ, ਸੱਖਣਾ। ਜੀਅ = {ਲਫ਼ਜ਼ 'ਜੀਊ' ਤੋਂ ਬਹੁ-ਵਚਨ}।2।

ਧਰਮੁ = ਇਨਸਾਫ਼। ਜਾ ਕੈ ਦੀਬਾਣਿ = ਜਿਸ ਦੀ ਕਚਹਿਰੀ ਵਿਚ। ਕਾਣਿ = ਮੁਥਾਜੀ। ਤਾ ਕਉ = ਉਸ ਨੂੰ।3।

ਕਉ = ਨੂੰ, ਤੋਂ। ਹਉ = ਹਉਂ ਮੈਂ। ਬਲਿਹਾਰ = ਸਦਕੇ। ਜਾਸੁ ਮਿਲਿ = ਜਿਸ ਨੂੰ ਮਿਲ ਕੇ। ਉਧਾਰੁ = ਪਾਰ-ਉਤਾਰਾ। ਸੰਗਿ = ਨਾਲ। ਮਨ ਤਨਹਿ = ਮਨ ਵਿਚ ਤਨ ਵਿਚ। ਰਾਤ = ਰੱਤਾ, ਰੰਗਿਆ। ਪ੍ਰਭਿ = ਪ੍ਰਭੂ ਨੇ। ਕਰੀ = ਕੀਤੀ।4।

ਅਰਥ: ਹੇ ਭਾਈ! ਪਰਮਾਤਮਾ ਆਪ ਸਭ ਕੁਝ ਕਰ ਸਕਦਾ ਹੈ ਜੀਵਾਂ ਪਾਸੋਂ ਕਰਾ ਸਕਦਾ ਹੈ, ਉਹ ਹਰ ਥਾਂ ਮੌਜੂਦ ਹੈ, ਸਭਨਾਂ ਜੀਵਾਂ ਦੇ ਨਾਲ ਵੱਸਦਾ ਹੈ, ਕਿਸੇ ਤੋਂ ਭੀ ਦੂਰ ਨਹੀਂ ਹੈ।1। ਰਹਾਉ।

ਹੇ ਭਾਈ! ਜਿਸ ਪਰਮਾਤਮਾ ਦਾ ਨਾਮ ਸੁਣਦਿਆਂ ਆਤਮਕ ਜੀਵਨ ਮਿਲਦਾ ਹੈ, ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ (ਹਿਰਦੇ ਵਿਚ) ਸੁਖ ਟਿਕਾਣਾ ਆ ਬਣਾਂਦੇ ਹਨ, ਸਭ ਰਿਸ਼ੀ ਮੁਨੀ ਉਸ ਦੀ ਭਗਤੀ ਕਰਦੇ ਹਨ, (ਸੰਸਾਰ ਦੇ) ਸਾਰੇ ਹੀ ਖ਼ਜ਼ਾਨੇ ਉਸ ਪਰਮਾਤਮਾ ਦੇ ਪਾਸ ਹਨ।1।

ਹੇ ਭਾਈ! ਉਸ ਕਿਰਪਾਲ ਪ੍ਰਭੂ ਦੀ ਭਗਤੀ ਸਦਾ ਹੀ ਕਰਦੇ ਰਹੋ, ਜਿਸ ਦੇ ਘਰ ਵਿਚ ਸਾਰੇ ਹੀ (ਖ਼ਜ਼ਾਨੇ) ਟਿਕੇ ਹੋਏ ਹਨ, ਜਿਸ (ਦੇ ਦਰ) ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ, ਜੋ ਸਭ ਜੀਵਾਂ ਦੀ ਪਾਲਣਾ ਕਰਦਾ ਹੈ।2।

ਹੇ ਮੇਰੇ ਮਨ! ਤੂੰ ਉਸ ਪ੍ਰਭੂ ਦਾ ਨਾਮ ਜਪਿਆ ਕਰ ਜੋ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ, ਜੋ ਬੇ-ਮੁਥਾਜ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ, ਅਤੇ ਜਿਸ ਦੀ ਕਚਹਿਰੀ ਵਿਚ ਸਦਾ ਨਿਆਂ ਹੁੰਦਾ ਹੈ।3।

ਹੇ ਨਾਨਕ! (ਆਖ-) ਮੈਂ ਗੁਰੂ ਦੀ ਸੰਗਤਿ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੂੰ ਮਿਲ ਕੇ (ਪਰਮਾਤਮਾ ਦਾ ਨਾਮ ਮਿਲਦਾ ਹੈ, ਅਤੇ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ। ਪ੍ਰਭੁ ਨੇ (ਗੁਰੂ ਦੀ ਰਾਹੀਂ) ਜਿਸ ਮਨੁੱਖ ਨੂੰ (ਨਾਮ ਦੀ) ਦਾਤਿ ਬਖ਼ਸ਼ੀ, ਉਹ ਨਾਮ ਨਾਲ ਰੰਗਿਆ ਰਹਿੰਦਾ ਹੈ, ਉਸ ਦੇ ਮਨ ਵਿਚ ਤਨ ਵਿਚ ਨਾਮ (ਵੱਸਿਆ ਰਹਿੰਦਾ ਹੈ) ।4।5।

ਮਾਲੀ ਗਉੜਾ ਮਹਲਾ ੫ ਦੁਪਦੇ     ੴ ਸਤਿਗੁਰ ਪ੍ਰਸਾਦਿ ॥ ਹਰਿ ਸਮਰਥ ਕੀ ਸਰਨਾ ॥ ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥ ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥ ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥ ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ ॥ ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥ {ਪੰਨਾ 987}

ਪਦ ਅਰਥ: ਸਮਰਥ = ਸਭ ਤਾਕਤਾਂ ਦਾ ਮਾਲਕ। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਸਰਮਾਇਆ, ਪੂੰਜੀ। ਕਾਰਨ ਕਰਨਾ = {ਕਰਨਾ = ਸ੍ਰਿਸ਼ਟੀ। ਕਾਰਨ = ਮੂਲ} ਸ੍ਰਿਸ਼ਟੀ ਦਾ ਮੂਲ।1। ਰਹਾਉ।

ਸਿਮਰਿ = ਸਿਮਰ ਕੇ। ਪਾਈਐ = ਪ੍ਰਾਪਤ ਕਰਦਾ ਹੈ। ਮੂਲੁ = ਸਹਾਰਾ, ਮੁੱਢ। ਸਰਬਤ ਠਾਈ = ਸਭਨੀਂ ਥਾਈਂ। ਸੂਖਮ = ਬਹੁਤ ਹੀ ਬਾਰੀਕ, ਅਦ੍ਰਿਸ਼ਟ ਚੀਜ਼ਾਂ। ਅਸਥੂਲ = ਬਹੁਤ ਮੋਟੇ ਪਦਾਰਥ।1।

ਆਲ = {AwlX} ਘਰ। ਆਲ ਜਾਲ = ਘਰ ਦੇ ਜੰਜਾਲ। ਤਜਿ = ਛੱਡ ਕੇ। ਨਿਤ = ਸਦਾ। ਗਾਉ = ਗਾਇਆ ਕਰੋ। ਕਰ = (ਦੋਵੇਂ) ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਮਾਂਗੈ = ਮੰਗਦਾ ਹੈ।2।

ਅਰਥ: ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਦੀ ਸਰਨ ਪਿਆ ਹਾਂ ਜੋ ਸਭ ਤਾਕਤਾਂ ਦਾ ਮਾਲਕ ਹੈ। ਮੇਰੀ ਜਿੰਦ, ਮੇਰਾ ਸਰੀਰ, ਮੇਰਾ ਧਨ, ਮੇਰਾ ਸਰਮਾਇਆ = ਸਭ ਕੁਝ ਉਹ ਪਰਮਾਤਮਾ ਹੀ ਹੈ ਜੋ ਸਾਰੇ ਜਗਤ ਦਾ ਮੂਲ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਆਤਮਕ ਆਨੰਦ ਹਾਸਲ ਕਰਦਾ ਹੈ, ਹਰਿ-ਨਾਮ ਹੀ ਜ਼ਿੰਦਗੀ ਦਾ ਸਹਾਰਾ ਹੈ। ਇਹਨਾਂ ਦਿੱਸਦੇ ਅਣਦਿੱਸਦੇ ਪਦਾਰਥਾਂ ਵਿਚ ਸਭਨੀਂ ਥਾਈਂ ਪਰਮਾਤਮਾ ਹੀ ਮੌਜੂਦ ਹੈ।1।

ਹੇ ਭਾਈ! ਮਾਇਆ ਦੇ ਮੋਹ ਦੇ ਜੰਜਾਲ ਛੱਡ ਕੇ ਵਿਕਾਰ ਤਿਆਗ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ। ਦਾਸ ਨਾਨਕ (ਤਾਂ ਆਪਣੇ ਦੋਵੇਂ) ਹੱਥ ਜੋੜ ਕੇ (ਇਹੀ) ਦਾਨ ਮੰਗਦਾ ਹੈ (ਕਿ ਹੇ ਪ੍ਰਭੂ! ਮੈਨੂੰ) ਆਪਣਾ ਨਾਮ ਦੇਹ।2।1।6।

TOP OF PAGE

Sri Guru Granth Darpan, by Professor Sahib Singh