ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 988

ਮਾਲੀ ਗਉੜਾ ਮਹਲਾ ੫ ॥ ਪ੍ਰਭ ਸਮਰਥ ਦੇਵ ਅਪਾਰ ॥ ਕਉਨੁ ਜਾਨੈ ਚਲਿਤ ਤੇਰੇ ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥ ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥ ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ ॥੧॥ ਹਰਿ ਸਰਨਿ ਆਇਓ ਦਾਸੁ ਤੇਰਾ ਪ੍ਰਭ ਊਚ ਅਗਮ ਮੁਰਾਰ ॥ ਕਢਿ ਲੇਹੁ ਭਉਜਲ ਬਿਖਮ ਤੇ ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥ {ਪੰਨਾ 988}

ਪਦ ਅਰਥ: ਪ੍ਰਭ = ਹੇ ਪ੍ਰਭੂ! ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਦੇਵ = ਹੇ ਪ੍ਰਕਾਸ਼-ਰੂਪ! ਅਪਾਰ = ਹੇ ਬੇਅੰਤ! ਜਾਨੈ = ਜਾਣਦਾ ਹੈ। ਚਲਿਤ = ਤਮਾਸ਼ੇ, ਕੌਤਕ। ਪਾਰ = ਪਾਰਲਾ ਬੰਨਾ।1। ਰਹਾਉ।

ਖਿਨਹਿ = ਖਿਨ ਵਿਚ। ਥਾਪਿ = ਪੈਦਾ ਕਰ ਕੇ। ਉਥਾਪਦਾ = ਨਾਸ ਕਰਦਾ ਹੈ। ਘੜਿ = ਘੜ ਕੇ। ਭੰਨਿ = ਭੰਨ ਕੇ। ਕਰਨੈਹਾਰੁ = ਸਭ ਕੁਝ ਕਰ ਸਕਣ ਵਾਲਾ। ਜੇਤ ਉਪਾਰਜਨਾ = ਜਿਤਨੀ ਭੀ ਸ੍ਰਿਸ਼ਟੀ। ਕੀਨ = ਪੈਦਾ ਕੀਤੀ ਹੈ। ਦੇਇ = ਦੇਂਦਾ ਹੈ। ਦਾਤਾਰ = ਦਾਤਾਂ ਦੇਣ ਵਾਲਾ।1।

ਹਰਿ = ਹੇ ਹਰੀ! ਪ੍ਰਭ = ਹੇ ਪ੍ਰਭੂ! ਊਚ = ਹੇ ਸਭ ਤੋਂ ਉੱਚੇ! ਅਗਮ = ਹੇ ਅਪਹੁੰਚ! ਮੁਰਾਰ = ਹੇ ਮੁਰਾਰਿ! ਭਉਜਲ ਬਿਖਮ ਤੇ = ਔਖੇ ਸੰਸਾਰ-ਸਮੁੰਦਰ ਤੋਂ। ਤੇ = ਤੋਂ, ਵਿਚੋਂ। ਸਦ = ਸਦਾ।2।

ਅਰਥ: ਹੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ! ਹੇ ਪ੍ਰਕਾਸ਼-ਰੂਪ! ਹੇ ਬੇਅੰਤ! ਤੇਰੇ ਚੋਜਾਂ ਨੂੰ ਕੋਈ ਭੀ ਨਹੀਂ ਜਾਣ ਸਕਦਾ। ਤੇਰੇ ਚੋਜਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ।1। ਰਹਾਉ।

ਹੇ ਭਾਈ! ਸਭ ਕੁਝ ਕਰ ਸਕਣ ਵਾਲਾ ਪਰਮਾਤਮਾ ਘੜ ਕੇ ਪੈਦਾ ਕਰ ਕੇ (ਉਸ ਨੂੰ) ਇਕ ਖਿਨ ਵਿਚ ਭੰਨ ਕੇ ਨਾਸ ਕਰ ਦੇਂਦਾ ਹੈ। ਹੇ ਭਾਈ! ਜਿਤਨੀ ਭੀ ਸ੍ਰਿਸ਼ਟੀ ਉਸ ਨੇ ਪੈਦਾ ਕੀਤੀ ਹੈ, ਦਾਤਾਂ ਦੇਣ ਵਾਲਾ ਉਹ ਪ੍ਰਭੂ (ਸਾਰੀ ਸ੍ਰਿਸ਼ਟੀ ਨੂੰ) ਦਾਨ ਦੇਂਦਾ ਹੈ।1।

ਹੇ ਹਰੀ! ਹੇ ਪ੍ਰਭੂ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਮੁਰਾਰਿ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ। (ਆਪਣੇ ਦਾਸ ਨੂੰ) ਔਖੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈ। ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ।2। 2।7।

ਮਾਲੀ ਗਉੜਾ ਮਹਲਾ ੫ ॥ ਮਨਿ ਤਨਿ ਬਸਿ ਰਹੇ ਗੋਪਾਲ ॥ ਦੀਨ ਬਾਂਧਵ ਭਗਤਿ ਵਛਲ ਸਦਾ ਸਦਾ ਕ੍ਰਿਪਾਲ ॥੧॥ ਰਹਾਉ ॥ ਆਦਿ ਅੰਤੇ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥ ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ ਸੋਇ ॥੧॥ ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥ ਬਲਿਹਾਰਿ ਜਾਏ ਸਦਾ ਨਾਨਕੁ ਦੇਹੁ ਅਪਣਾ ਨਾਉ ॥੨॥੩॥੮॥੬॥੧੪॥ {ਪੰਨਾ 988}

ਪਦ ਅਰਥ: ਮਨਿ = ਮਨ ਵਿਚ। ਤਨਿ = ਤਨ ਵਿਚ। ਗੋਪਾਲ = ਸ੍ਰਿਸ਼ਟੀ ਦਾ ਪਾਲਕ। ਦੀਨ ਬਾਂਧਵ = ਗਰੀਬਾਂ ਦਾ ਸਹਾਈ। ਭਗਤਿ ਵਛਲ = ਭਗਤੀ ਨਾਲ ਪਿਆਰ ਕਰਨ ਵਾਲਾ।1। ਰਹਾਉ।

ਆਦਿ = (ਜਗਤ ਦੇ) ਸ਼ੁਰੂ ਤੋਂ। ਅੰਤੇ = (ਜਗਤ ਦੇ) ਅਖ਼ੀਰ ਵਿਚ। ਮਧਿ = (ਜਗਤ ਦੇ) ਵਿਚਕਾਰ, ਹੁਣ ਭੀ। ਸਗਲ ਮੰਡਲ = ਸਾਰੇ ਭਵਨਾਂ ਵਿਚ। ਪੂਰਿ ਰਹਿਆ = ਭਰਪੂਰ ਹੈ, ਵਿਆਪਕ ਹੈ।1।

ਕਰਨਿ = ਕੰਨ ਨਾਲ। ਨੇਤ੍ਰ = ਅੱਖਾਂ ਨਾਲ। ਰਸਨਿ = ਜੀਭ ਨਾਲ। ਗਾਉ = ਗਾਉਂ, ਮੈਂ ਗਾਂਦਾ ਹਾਂ। ਬਲਿਹਾਰਿ ਜਾਏ = ਕੁਰਬਾਨ ਜਾਂਦਾ ਹੈ।2।

ਅਰਥ: ਹੇ ਸ੍ਰਿਸ਼ਟੀ ਦੇ ਪਾਲਕ! ਗਰੀਬਾਂ ਦੇ ਸਹਾਈ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਹੀ ਕਿਰਪਾਲ! ਤੁਸੀ ਹੀ ਮੇਰੇ ਮਨ ਵਿਚ ਵੱਸ ਰਹੇ ਹੋ।1। ਰਹਾਉ।

ਹੇ ਪ੍ਰਭੂ! (ਜਗਤ-ਰਚਨਾ ਦੇ) ਸ਼ੁਰੂ ਵਿਚ ਤੂੰ ਹੀ ਸੀ, (ਜਗਤ ਦੇ) ਅੰਤ ਵਿਚ ਤੂੰ ਹੀ ਹੋਵੇਂਗਾ, ਹੁਣ ਭੀ ਤੂੰ ਹੀ ਹੈਂ (ਸਦਾ ਕਾਇਮ ਰਹਿਣ ਵਾਲਾ) । ਹੇ ਭਾਈ! ਪ੍ਰਭੂ ਤੋਂ ਬਿਨਾ ਹੋਰ ਕੋਈ (ਸਦਾ ਕਾਇਮ ਰਹਿਣ ਵਾਲਾ) ਨਹੀਂ। ਹੇ ਭਾਈ! ਇਕ ਮਾਲਕ-ਪ੍ਰਭੂ ਹੀ ਸਾਰੇ ਭਵਨਾਂ ਵਿਚ ਵਿਆਪਕ ਹੈ।1।

(ਹੇ ਭਾਈ!) ਮੈਂ ਕੰਨ ਨਾਲ ਹਰੀ ਦੀ ਸਿਫ਼ਤਿ-ਸਾਲਾਹ (ਸੁਣਦਾ ਹਾਂ) , ਅੱਖਾਂ ਨਾਲ ਹਰੀ ਦਾ ਦਰਸਨ (ਕਰਦਾ ਹਾਂ) ਜੀਭ ਨਾਲ ਹਰੀ ਦੇ ਗੁਣ ਗਾਂਦਾ ਹਾਂ। (ਹੇ ਭਾਈ! ਪ੍ਰਭੂ ਦਾ ਦਾਸ) ਨਾਨਕ ਸਦਾ ਉਸ ਤੋਂ ਕੁਰਬਾਨ ਜਾਂਦਾ ਹੈ (ਤੇ ਉਸ ਦੇ ਦਰ ਤੇ ਅਰਦਾਸ ਕਰਦਾ ਹੈ– ਹੇ ਪ੍ਰਭੂ!) ਮੈਨੂੰ ਆਪਣਾ ਨਾਮ ਬਖ਼ਸ਼।2।3।8।6।14।

ਅੰਕਾਂ ਦਾ ਵੇਰਵਾ:
ਮਹਲਾ 4 . . . . . .6 ਸ਼ਬਦ
ਮਹਲਾ 5 . . . . . .8 ਸ਼ਬਦ
. . ਕੁੱਲ ਜੋੜ . . . 14
ਇਹਨਾਂ 8 ਸ਼ਬਦ ਦਾ ਨਿਰਨਾ:
ਚਉਪਦੇ . . . . . .5
ਦੁਪਦੇ . . . . . . . 3
. ਜੋੜ . . . . . . . .8

ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥ {ਪੰਨਾ 988}

ਪਦ ਅਰਥ: ਧੰਨਿ = ਸਦਕੇ ਹੋਣ-ਜੋਗ। ਰਾਮ ਬੇਨੁ = ਰਾਮ (ਜੀ) ਦੀ ਬੰਸਰੀ। ਬਾਜੈ = ਵੱਜ ਰਹੀ ਹੈ। ਮਧੁਰ = ਮਿੱਠੀ। ਧੁਨਿ = ਸੁਰ। ਅਨਹਤ = ਇੱਕ-ਰਸ। ਗਾਜੈ = ਗੱਜ ਰਹੀ ਹੈ, ਗੁੰਜਾਰ ਪਾ ਰਹੀ ਹੈ।1। ਰਹਾਉ।

ਮੇਘਾ = ਮੇਂਢਾ। ਰੋਮਾਵਲੀ = ਰੋਮ+ਆਵਲੀ, ਰੋਮਾਂ ਦੀ ਕਤਾਰ, ਉੱਨ। ਓਢੈ = ਪਹਿਨਦਾ ਹੈ।1।

ਜਿਹ ਗ੍ਰਿਹਿ = ਜਿਸਦੇ ਘਰ ਵਿਚ (ਜੰਮੇ) । ਰਮਈਆ = ਸੋਹਣੇ ਰਾਮ ਜੀ। ਕਵਲਾਪਤੀ = ਕਮਲਾ ਦੇ ਪਤੀ, ਲੱਛਮੀ ਦੇ ਪਤੀ, ਵਿਸ਼ਨੂੰ, ਕ੍ਰਿਸ਼ਨ ਜੀ।2।

ਬਨਖੰਡ = ਜੰਗਲ ਦਾ ਹਿੱਸਾ, ਬਨ ਦਾ ਖੰਡ। ਬਿੰਦ੍ਰਾਬਨ = {Skt. vãNdwvn} ਤੁਲਸੀ ਦਾ ਜੰਗਲ।3।

ਬੇਨੁ = ਬੰਸਰੀ। ਗੋਧਨੁ = ਗਾਈਆਂ, (ਗਾਈਆਂ-ਰੂਪ ਧਨ) । ਚਰੈ = ਚਾਰਦਾ ਹੈ। ਆਨਦੁ = ਖ਼ੁਸ਼ੀ, ਕੌਤਕ।4।

ਅਰਥ: ਮੈਂ ਸਦਕੇ ਹਾਂ ਰਾਮ ਜੀ ਦੀ ਬੰਸਰੀ ਤੋਂ ਜੋ ਵੱਜ ਰਹੀ ਹੈ, ਬੜੀ ਮਿੱਠੀ ਸੁਰ ਨਾਲ ਇੱਕ-ਰਸ ਗੁੰਜਾਰ ਪਾ ਰਹੀ ਹੈ।1। ਰਹਾਉ।

ਸਦਕੇ ਹਾਂ ਉਸ ਮੇਢੇ ਦੀ ਉੱਨ ਤੋਂ, ਸਦਕੇ ਹਾਂ ਉਸ ਕੰਬਲੀ ਤੋਂ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ।1।

ਹੇ ਮਾਂ ਦੇਵਕੀ! ਤੈਥੋਂ (ਭੀ) ਕੁਰਬਾਨ ਹਾਂ, ਜਿਸ ਦੇ ਘਰ ਵਿਚ ਸੋਹਣੇ ਰਾਮ ਜੀ, ਕ੍ਰਿਸ਼ਨ ਜੀ (ਜੰਮੇ) ।2।

ਧੰਨ ਹੈ ਜੰਗਲ ਦਾ ਉਹ ਟੋਟਾ, ਉਹ ਬਿੰਦ੍ਰਾਬਨ, ਜਿੱਥੇ ਸ੍ਰੀ ਨਾਰਾਇਣ ਜੀ (ਕ੍ਰਿਸ਼ਨ ਰੂਪ ਵਿਚ) ਖੇਡਦੇ ਹਨ।3।

ਨਾਮਦੇਵ ਦਾ ਪ੍ਰਭੂ (ਕ੍ਰਿਸ਼ਨ ਰੂਪ ਵਿਚ) ਬੰਸਰੀ ਵਜਾ ਰਿਹਾ ਹੈ, ਗਾਈਆਂ ਚਾਰ ਰਿਹਾ ਹੈ, ਤੇ (ਇਹੋ ਜਿਹਾ ਹੋਰ) ਰੰਗ ਬਣਾ ਰਿਹਾ ਹੈ।4।1।

ਨੋਟ: ਇਨਸਾਨੀ ਸੁਭਾਵ ਵਿਚ ਇਹ ਇਕ ਕੁਦਰਤੀ ਕੌਤਕ ਹੈ ਕਿ ਮਨੁੱਖ ਨੂੰ ਆਪਣੇ ਕਿਸੇ ਅਤਿ ਪਿਆਰੇ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਪਿਆਰੀਆਂ ਲੱਗੀਆਂ ਹਨ। ਭਾਈ ਗੁਰਦਾਸ ਜੀ ਲਿਖਦੇ ਹਨ:

ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖਿ ਲੋਭਾਣਾ ॥
ਕੁਤੇ ਦੀ ਪੈਰੀ ਪਵੈ, ਹੜਿ ਹੜਿ ਹਸੈ ਲੋਕ ਵਿਡਾਣਾ ॥

ਗੁਰੂ ਦੇ ਪਿਆਰ ਤੋਂ ਵਿਕੇ ਹੋਏ ਗੁਰੂ ਅਮਰਦਾਸ ਜੀ ਭੀ ਲਿਖਦੇ ਹਨ:

"ਧਨੁ ਜਨਨੀ ਜਿਨਿ ਜਾਇਆ, ਧੰਨੁ ਪਿਤਾ ਪਰਧਾਨੁ ॥ ਸਤਗੁਰੁ ਸੇਵਿ ਸੁਖੁ ਪਾਇਆ, ਵਿਚਹੁ ਗਇਆ ਗੁਮਾਨੁ ॥ ਦਰਿ ਸੇਵਨਿ ਸੰਤ ਜਨ ਖੜੇ, ਪਾਇਨਿ ਗੁਣੀ ਨਿਧਾਨੁ ॥1॥16॥49॥ {ਸਿਰੀ ਰਾਗੁ ਮ: 3

ਇਸੇ ਤਰ੍ਹਾਂ:

"ਜਿਥੈ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨੁ ਸੁਹਾਵਾ..." {ਆਸਾ ਮਹਲਾ 4 ਛੰਤ

ਗੁਰੂ ਤੋਂ ਸਦਕੇ ਹੋ ਰਹੇ ਗੁਰੂ ਰਾਮਦਾਸ ਜੀ ਗੁਰੂ ਦੇ ਸਰੀਰ ਤੇ ਗੁਰੂ ਦੀ ਜੀਭ ਤੋਂ ਭੀ ਕੁਰਬਾਨ ਹੁੰਦੇ ਹਨ:

ਸੋ ਧੰਨੁ ਗੁਰੂ ਸਾਬਾਸਿ ਹੈ, ਹਰਿ ਦੇਇ ਸਨੇਹਾ ॥ ਹਉ ਵੇਖਿ ਵੇਖਿ ਗੁਰੂ ਵਿਗਸਿਆ, ਗੁਰ ਸਤਿਗੁਰ ਦੇਹਾ ॥17॥ (ਦੇਹਾ = ਸਰੀਰ)

ਗੁਰ ਰਸਨਾ ਅੰਮ੍ਰਿਤੁ ਬੋਲਦੀ, ਹਰਿ ਨਾਮਿ ਸੁਹਾਵੀ ॥ ਜਿਨਿ ਸੁਣਿ ਸਿਖਾ ਗੁਰੁ ਮੰਨਿਆ, ਤਿਨਾ ਭੁਖ ਸਭ ਜਾਵੀ ॥18॥2॥ {ਤਿਲੰਗ ਮ: 4

ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨਾਲ ਲਾਵਾਂ ਲੈਣੀਆਂ ਹਨ, ਉਸ ਦੇ ਵਾਸਤੇ ਚਾਰ ਲਾਵਾਂ ਵਿਚੋਂ ਇਹ ਦੂਜੀ ਲਾਂਵ ਹੈ ਕਿ ਉਹ ਪਿਆਰੇ ਨਾਲ ਸੰਬੰਧ ਰੱਖਣ ਵਾਲਿਆਂ ਨਾਲ ਭੀ ਪਿਆਰ ਕਰੇ। {ਪੜ੍ਹੋ ਮੇਰੀ ਪੁਸਤਕ 'ਬੁਰਾਈ ਦਾ ਟਾਕਰਾ' ਵਿਚ ਮਜ਼ਮੂਨ 'ਲਾਵਾਂ'}।

ਹਿੰਦੂ ਮਤ ਵਿਚ ਉਂਞ ਤਾਂ 24 ਅਵਤਾਰਾਂ ਦਾ ਜ਼ਿਕਰ ਆਉਂਦਾ ਹੈ, ਪਰ ਅਸਲ ਵਿਚ ਦੋ ਹੀ ਉੱਘੇ ਅਵਤਾਰ ਹਨ ਜਿਨ੍ਹਾਂ ਨੂੰ ਸੁਣ ਵੇਖ ਕੇ ਮੂੰਹੋਂ ਵਾਹ ਵਾਹ ਨਿਕਲ ਸਕਦੀ ਹੈ ਤੇ ਉਨ੍ਹਾਂ ਦੇ ਕਾਦਰ ਕਰਤਾਰ ਦਾ ਚੇਤਾ ਪਿਆਰ ਨਾਲ ਆ ਸਕਦਾ ਹੈ। ਇਹ ਹਨ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ। ਇਹ ਮਨੁੱਖਾਂ ਵਿਚ ਆ ਕੇ ਮਨੁੱਖਾਂ ਵਾਂਗ ਦੁੱਖ ਸੁਖ ਸਹਾਰਦੇ ਰਹੇ ਤੇ ਇਨਸਾਨੀ ਦਿਲ ਦੇ ਤਾਊਸ ਦੀਆਂ ਪਿਆਰ-ਤਰਬਾਂ ਹਿਲਾਂਦੇ ਰਹੇ। ਇਹਨਾਂ ਦੋਹਾਂ ਵਿਚੋਂ ਭੀ; ਕ੍ਰਿਸ਼ਨ ਜੀ ਦੇ ਜੀਵਨ ਵਿਚ ਪਿਆਰ ਦੇ ਕੌਤਕ ਵਧੀਕ ਮਿਲਦੇ ਹਨ। ਸ੍ਰੀ ਰਾਮ ਚੰਦਰ ਜੀ ਤਾਂ ਰਾਜ-ਮਹਲਾਂ ਵਿਚ ਜੰਮੇ ਪਲੇ ਤੇ ਮੁੜ ਭੀ ਇਹਨਾਂ ਰਾਜ ਹੀ ਕੀਤਾ; ਪਰ ਕ੍ਰਿਸ਼ਨ ਜੀ ਦਾ ਜਨਮ ਹੀ ਦੁੱਖਾਂ ਤੋਂ ਸ਼ੁਰੂ ਹੋਇਆ, ਗ਼ਰੀਬ ਗੁਆਲਣਾਂ ਵਿਚ ਪਲੇ, ਗੁਆਲਿਆਂ ਨਾਲ ਰਲ ਕੇ ਇਹਨਾਂ ਗਊਆਂ ਚਾਰੀਆਂ ਤੇ ਬੰਸਰੀ ਵਜਾਈ। ਗ਼ਰੀਬਾਂ ਨਾਲ ਰਲ ਕੇ ਰਚ-ਮਿਚ ਕੇ ਰਹਿਣ ਵਾਲਾ ਹੀ ਗ਼ਰੀਬਾਂ ਨੂੰ ਪਿਆਰਾ ਲੱਗ ਸਕਦਾ ਹੈ। ਇਹ ਕ੍ਰਿਸ਼ਨ ਜੀ ਹੀ ਸਨ, ਜਿਨ੍ਹਾਂ ਦਲੇਰ ਹੋ ਕੇ ਆਖਿਆ:

ivªw ivnX spNny, bRwHÌxy giv hiÔnin ]
_uiq cYv Óvpwk¥ c pi&fqw: smdiÓLwn: ]

ਭਾਵ: ਵਿਦਵਾਨ ਬ੍ਰਾਹਮਣ, ਗਾਂ, ਹਾਥੀ, ਕੁੱਤੇ ਆਦਿਕ ਸਭਨਾਂ ਵਿਚ ਹੀ ਇਕੋ ਜੋਤ ਹੈ। ਗ਼ਰੀਬਾਂ ਵਿਚ ਪਲਿਆ, ਗ਼ਰੀਬਾਂ ਨਾਲ ਪਿਆਰ ਕਰਨ ਵਾਲਾ ਕੁਦਰਤੀ ਤੌਰ ਤੇ ਗ਼ਰੀਬਾਂ ਨੂੰ ਪਿਆਰਾ ਲੱਗਣਾ ਸੀ। ਉਸ ਦੀ ਬੰਸਰੀ, ਉਸ ਦੀ ਕੰਬਲੀ, ਉਸ ਦਾ ਬਿੰਦ੍ਰਾਬਨ, "ਪਿਆਰ" ਦਾ ਚਿਹਨ ਬਣ ਗਏ, ਜਿਵੇਂ, ਹਜ਼ਰਤ ਮੁਹੰਮਦ ਸਾਹਿਬ ਦੀ ਕਾਲੀ ਕੰਮਲੀ; ਜਿਵੇਂ ਨੀਵਿਆਂ ਤੋਂ ਉੱਚੇ ਕਰਨ ਵਾਲੇ ਬਲੀ ਮਰਦ ਪਾਤਿਸ਼ਾਹ ਦੀ ਕਲਗੀ ਤੇ ਬਾਜ਼।

ਬ੍ਰਾਹਮਣ ਨੇ ਨੀਵੀਂ ਜ਼ਾਤ ਵਾਲਿਆਂ ਨੂੰ ਬੜੀ ਨਿਰਦਇਤਾ ਨਾਲ ਪੈਰਾਂ ਹੇਠ ਲਤਾੜਿਆ ਹੋਇਆ ਸੀ, ਇਹ ਕਿਹੜਾ ਭਾਰਤਵਾਸੀ ਨਹੀਂ ਸੀ ਜਾਣਦਾ? ਜੇ ਗਰੀਬ ਗਵਾਲੇ ਜਾਂ ਹੋਰ ਸ਼ੂਦਰ ਕਦੇ ਰੱਬੀ-ਪਿਆਰ ਦੇ ਹੁਲਾਰੇ ਵਿਚ ਆਉਣ, ਤਾਂ ਉਸ ਪਿਆਰ ਨੂੰ ਅੱਖੀਂ-ਦਿੱਸਦੇ ਕਿਹੜੇ ਸਰੂਪ ਵਿਚ ਬਿਆਨ ਕਰਨ? ਭਾਰਤ ਵਿਚ ਗੁਰੂ ਨਾਨਕ ਪਾਤਿਸ਼ਾਹ ਤੋਂ ਪਹਿਲਾਂ ਆਪਣੇ ਜੁਗ ਵਿਚ ਇਕੋ ਪਰਸਿੱਧ ਪਿਆਰਾ ਆਇਆ ਸੀ; ਭਾਵੇਂ ਉਸ ਨੂੰ ਭੀ ਸਮਾਂ ਪਾ ਕੇ ਬ੍ਰਾਹਮਣ ਨੇ ਮੰਦਰ ਵਿਚ ਬੰਦ ਕਰ ਕੇ ਗ਼ਰੀਬਾਂ ਤੇ ਸ਼ੂਦਰਾਂ ਤੋਂ ਖੋਹ ਲਿਆ।

ਸੋ, 'ਪਿਆਰ' ਨੂੰ ਸਾਕਾਰ ਸਰੂਪ ਵਿਚ ਬਿਆਨ ਕਰਨ ਲਈ ਕ੍ਰਿਸ਼ਨ ਜੀ ਦੀ ਬੰਸਰੀ ਤੇ ਕਮਲੀ ਦਾ ਜ਼ਿਕਰ ਆਉਣਾ ਇਨਸਾਨੀ ਸੁਭਾਵ ਲਈ ਇਕ ਸਾਧਾਰਨ ਕੁਦਰਤੀ ਗੱਲ ਹੈ। ਭਾਈ ਗੁਰਦਾਸ ਜੀ ਨੇ ਤਾਂ ਲੈਲਾ-ਮਜਨੂੰ, ਹੀਰ-ਰਾਂਝਾ, ਸੱਸੀ-ਪੁਨੂੰ ਨੂੰ ਭੀ ਇਸ ਰੰਗ-ਭੂਮੀ ਵਿਚ ਲੈ ਆਂਦਾ ਹੈ।

ਬੱਸ! ਇਸ ਸ਼ਬਦ ਵਿਚ ਇਸੇ ਉੱਚੇ ਕੁਦਰਤੀ ਵਲਵਲੇ ਦਾ ਪ੍ਰਕਾਸ਼ ਹੈ। ਪਰ, ਕਿਤੇ ਕੋਈ ਸੱਜਣ ਇਸ ਭੁਲੇਖੇ ਵਿਚ ਨਾ ਪੈ ਜਾਏ ਕਿ ਨਾਮਦੇਵ ਜੀ ਕਿਸੇ ਕ੍ਰਿਸ਼ਨ-ਮੂਰਤੀ ਜਾਂ ਬੀਠੁਲ-ਮੂਰਤੀ ਦੇ ਪੁਜਾਰੀ ਸਨ, ਇਸ ਭਰਮ ਨੂੰ ਦੂਰ ਕਰਨ ਲਈ ਭਗਤ ਜੀ ਆਪ ਹੀ ਲਫ਼ਜ਼ 'ਰਾਮ' ਤੇ 'ਰਮਈਆ' ਭੀ ਵਰਤਦੇ ਹਨ ਤੇ ਦੱਸਦੇ ਹਨ ਤੇ ਕਿ ਸਾਡਾ ਪ੍ਰੀਤਮ, ਸੁਆਮੀ (ਉਸ ਨੂੰ 'ਰਾਮ' ਕਹਿ ਲਵੋ, 'ਨਾਰਾਇਣ' ਕਹਿ ਲਵੋ) ਕ੍ਰਿਸ਼ਨ-ਰੂਪ ਵਿਚ ਆਇਆ ਤੇ ਗ਼ਰੀਬ ਗੁਆਲਿਆਂ ਨਾਲ ਬੰਸਰੀ ਵਜਾਉਂਦਾ ਰਿਹਾ।

ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ = ਪਿਆਰੇ ਨਾਲ ਸੰਬੰਧ ਰੱਖਣ ਵਾਲੀ ਹਰ ਸ਼ੈ ਪਿਆਰੀ ਲੱਗਦੀ ਹੈ।

ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਉ ॥ ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥ ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥੧॥ ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥ ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥੨॥੨॥ {ਪੰਨਾ 988}

ਪਦ ਅਰਥ: ਮਾਧਉ = ਹੇ ਮਾਧੋ! ਹੇ ਪ੍ਰਭੂ! ਧਨੁ = ਧੰਨੁ, ਸਲਾਹੁਣ-ਜੋਗ। ਕੇਸੌ = {Skt. ky_v ky_w: pR_wÔqw: siNd AÔX} ਲੰਮੇ ਕੇਸਾਂ ਵਾਲਾ ਪ੍ਰਭੂ।1। ਰਹਾਉ।

ਕਰ = ਹੱਥਾਂ ਵਿਚ। ਧਰੇ = ਧਰਿ, ਲੈ ਕੇ, ਧਰ ਕੇ। ਤੇ = ਤੋਂ। ਪ੍ਰਾਨ = ਜਿੰਦ। ਹਸਤੀ = ਹਾਥੀ। ਅੰਬਰ ਲੇਤ = ਕੱਪੜੇ ਲਾਂਹਦਿਆਂ। ਉਬਾਰੀਅਲੇ = (ਇੱਜ਼ਤ) ਬਚਾਈ।1।

ਗੋਤਮ ਨਾਰਿ = ਗੋਤਮ ਰਿਸ਼ੀ ਦੀ ਵਹੁਟੀ। ਪਾਵਨ = ਪਵਿੱਤਰ ਕੀਤੇ। ਕੇਤਕ = ਕਈ ਜੀਵ। ਅਧਮੁ = ਨੀਚ। ਅਜਾਤਿ = ਨੀਵੀਂ ਜਾਤ ਵਾਲਾ। ਤਉ = ਤੇਰੀ।2।

ਅਰਥ: ਹੇ ਮੇਰੇ ਮਾਧੋ! ਹੇ ਲੰਮੇ ਕੇਸਾਂ ਵਾਲੇ ਪ੍ਰਭੂ! ਹੇ ਸਾਂਵਲੇ ਰੰਗ ਵਾਲੇ ਪ੍ਰਭੂ! ਹੇ ਬੀਠੁਲ! ਤੂੰ ਧੰਨ ਹੈਂ, ਤੂੰ ਮੇਰਾ ਪਿਤਾ ਹੈਂ (ਭਾਵ, ਤੂੰ ਹੀ ਮੇਰਾ ਪੈਦਾ ਕਰਨ ਵਾਲਾ ਤੇ ਰਾਖਾ ਹੈਂ) ।1। ਰਹਾਉ।

ਹੇ ਮਾਧੋ! ਹੱਥਾਂ ਵਿਚ ਚੱਕਰ ਫੜ ਕੇ ਬੈਕੁੰਠ ਤੋਂ (ਹੀ) ਆਇਆ ਸੈਂ ਤੇ ਗਜ (ਹਾਥੀ) ਦੀ ਜਿੰਦ (ਤੰਦੂਏ ਤੋਂ) ਤੂੰ ਹੀ ਬਚਾਈ ਸੀ। ਹੇ ਸਾਂਵਲੇ ਪ੍ਰਭੂ! ਦੁਹਸਾਸਨ ਦੀ ਸਭਾ ਵਿਚ ਜਦੋਂ ਦਰੋਪਤੀ ਦੇ ਬਸਤਰ ਉਤਾਰੇ ਜਾ ਰਹੇ ਸਨ ਤਾਂ ਉਸ ਦੀ ਇੱਜ਼ਤ ਤੂੰ ਹੀ ਬਚਾਈ ਸੀ।

ਹੇ ਬੀਠੁਲ! ਗੋਤਮ ਰਿਸ਼ੀ ਦੀ ਵਹੁਟੀ ਅਹੱਲਿਆ ਨੂੰ (ਜੋ ਰਿਸ਼ੀ ਦੇ ਸਰਾਪ ਨਾਲ ਸਿਲਾ ਬਣ ਗਈ ਸੀ) ਤੂੰ ਹੀ ਮੁਕਤ ਕੀਤਾ ਸੀ; ਹੇ ਮਾਧੋ! ਤੂੰ (ਅਨੇਕਾਂ ਪਤਿਤਾਂ ਨੂੰ) ਪਵਿਤੱਰ ਕੀਤਾ ਤੇ ਤਾਰਿਆ ਹੈ।

ਮੈਂ ਨਾਮਦੇਵ (ਭੀ) ਇਕ ਬੜਾ ਨੀਚ ਹਾਂ ਤੇ ਨੀਵੀਂ ਜਾਤ ਵਾਲਾ ਹਾਂ, ਮੈਂ ਤੇਰੀ ਸ਼ਰਨ ਆਇਆ ਹਾਂ (ਮੇਰੀ ਭੀ ਬਾਹੁੜੀ ਕਰ) ।2। 2।

ਨੋਟ: ਨਾਮਦੇਵ ਜੀ ਇਸ ਸ਼ਬਦ ਵਿਚ ਜਿਸ ਨੂੰ ਆਪਣਾ ਪੈਦਾ ਕਰਨ ਵਾਲਾ ਕਹਿ ਰਹੇ ਹਨ, ਤੇ ਜਿਸ ਦੀ ਸ਼ਰਨ ਪੈਂਦੇ ਹਨ ਉਸ ਨੂੰ ਕਈ ਨਾਮਾਂ ਨਾਲ ਸੰਬੋਧਨ ਕਰਦੇ ਹਨ, ਜਿਵੇਂ, ਮਾਧੋ, ਕੇਸੋ, ਸਾਂਵਲਾ, ਬੀਠੁਲ। ਮਾਧੋ, ਸਾਂਵਲਾ ਤੇ ਬੀਠੁਲ ਤਾਂ ਕ੍ਰਿਸ਼ਨ ਜੀ ਦੇ ਨਾਮ ਕਹੇ ਜਾ ਸਕਦੇ ਹਨ, ਪਰ 'ਕੇਸੌ' ਵਿਸ਼ਨੂੰ ਦਾ ਨਾਮ ਹੈ। ਜਿਨ੍ਹਾਂ ਜਿਨ੍ਹਾਂ ਦੀ ਰੱਖਿਆ ਦਾ ਜ਼ਿਕਰ ਆਇਆ ਹੈ, ਉਹਨਾਂ ਸਭਨਾਂ ਦਾ ਵਾਹ ਕ੍ਰਿਸ਼ਨ ਜੀ ਨਾਲ ਨਹੀਂ ਪਿਆ। ਪੁਰਾਣਕ ਸਾਖੀਆਂ ਅਨੁਸਾਰ ਦਰੋਪਤੀ ਦੀ ਲਾਜ ਕ੍ਰਿਸ਼ਨ ਜੀ ਨੇ ਰੱਖੀ ਸੀ; ਪਰ ਅਹੱਲਿਆ ਨੂੰ ਤਾਰਨ ਵਾਲੇ ਤਾਂ ਸ੍ਰੀ ਰਾਮ ਚੰਦਰ ਜੀ ਸਨ। ਇਕ ਅਵਤਾਰ ਦਾ ਭਗਤ ਦੂਜੇ ਅਵਤਾਰ ਦਾ ਪੁਜਾਰੀ ਨਹੀਂ ਹੋ ਸਕਦਾ। ਦਰੋਪਤੀ ਤੇ ਅਹੱਲਿਆ ਦੋਹਾਂ ਨੂੰ ਵੱਖੋ-ਵੱਖਰੇ ਜੁਗਾਂ ਵਿਚ ਤਾਰਨ ਵਾਲਾ ਨਾਮਦੇਵ ਜੀ ਨੂੰ ਕੋਈ ਉਹ ਦਿੱਸ ਰਿਹਾ ਹੈ ਜੋ ਸਿਰਫ਼ ਇਕੋ ਜੁਗ ਵਿਚ ਨਹੀਂ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਹੈ ਨਾਮਦੇਵ ਜੀ ਦਾ ਉਹ ਪ੍ਰਭੂ, ਜੋ ਉਹਨਾਂ ਨੂੰ ਨਾਰਾਇਣ, ਕ੍ਰਿਸ਼ਨ ਜੀ ਤੇ ਰਾਮ ਚੰਦਰ ਜੀ ਸਭਨਾਂ ਵਿਚ ਦਿੱਸਦਾ ਹੈ। ਦੂਜੇ ਲਫ਼ਜ਼ਾਂ ਵਿਚ ਇਹ ਕਹਿ ਲਵੋ ਕਿ ਨਾਮਦੇਵ ਜੀ ਇਸ ਸ਼ਬਦ ਵਿਚ ਨਿਰੋਲ ਪਰਮਾਤਮਾ ਅੱਗੇ ਬੇਨਤੀ ਕਰ ਰਹੇ ਹਨ।2।

ਭਾਵ: ਸਿਮਰਨ ਦੀ ਮਹਿਮਾ = ਜੋ ਜੋ ਭੀ ਪ੍ਰਭੂ ਦੀ ਸ਼ਰਨ ਆਉਂਦਾ ਹੈ, ਪ੍ਰਭੂ ਉਸ ਨੂੰ ਅਪਦਾ ਤੋਂ ਬਚਾ ਲੈਂਦਾ ਹੈ।

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥ ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥ ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥ ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥ ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥ {ਪੰਨਾ 988}

ਪਦ ਅਰਥ: ਸਭੈ ਘਟ = ਸਾਰੇ ਘਟਾਂ ਵਿਚ। ਰਾਮਾ = ਰਾਮ ਹੀ। ਰੇ = ਹੇ ਭਾਈ! ਕੋ = ਕੌਣ?।1। ਰਹਾਉ।

ਏਕਲ ਮਾਟੀ = ਇੱਕੋ ਹੀ ਮਿੱਟੀ ਤੋਂ। ਕੁੰਜਰ = ਕੁੰਚਰ, ਹਾਥੀ। ਚੀਟੀ = ਕੀੜੀ। ਭਾਜਨ = ਭਾਂਡੇ। ਨਾਨ੍ਹ੍ਹਾ = ਕਈ ਕਿਸਮਾਂ ਦੇ। ਰੇ = ਹੇ ਭਾਈ! ਅਸਥਾਵਰੁ = (ਰੁੱਖ ਪਰਬਤ ਆਦਿਕ ਉਹ ਪਦਾਰਥ) ਜੋ ਇੱਕ ਥਾਂ ਟਿਕੇ ਰਹਿੰਦੇ ਹਨ। ਜੰਗਮ = ਤੁਰਨ ਫਿਰਨ ਹਿੱਲਣ-ਜੁੱਲਣ ਵਾਲੇ ਜੀਅ-ਜੰਤ। ਕੀਟ = ਕੀੜੇ। ਘਟਿ ਘਟਿ = ਹਰੇਕ ਘਟ ਵਿਚ।

ਏਕਲ ਅਨੰਤਾ = ਇਕ ਬੇਅੰਤ ਪ੍ਰਭੂ ਦੀ। ਚਿੰਤਾ = ਧਿਆਨ, ਸੁਰਤ। ਤਜਹੁ = ਛੱਡ ਦਿਉ। ਨਿਹਕਾਮ = ਵਾਸ਼ਨਾ-ਰਹਿਤ। ਕੋ...ਦਾਸਾ = ਉਸ ਦਾਸ ਅਤੇ ਉਸ ਦੇ ਠਾਕੁਰ ਵਿਚ ਫ਼ਰਕ ਨਹੀਂ ਰਹਿ ਜਾਂਦਾ।2।

ਅਰਥ: ਹੇ ਭਾਈ! ਸਾਰੇ ਘਟਾਂ (ਸਰੀਰਾਂ) ਵਿਚ ਪਰਮਾਤਮਾ ਬੋਲਦਾ ਹੈ, ਪਰਮਾਤਮਾ ਹੀ ਬੋਲਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ।1। ਰਹਾਉ।

ਹੇ ਭਾਈ! ਜਿਵੇਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ, ਤਿਵੇਂ ਹਾਥੀ ਤੋਂ ਲੈ ਕੇ ਕੀੜੀ ਤਕ, ਨਿਰਜਿੰਦ ਪਦਾਰਥ ਅਤੇ ਸਜਿੰਦ ਜੀ, ਕੀੜੇ-ਪਤੰਗੇ = ਹਰੇਕ ਘਟ ਵਿਚ ਪਰਮਾਤਮਾ ਹੀ ਸਮਾਇਆ ਹੋਇਆ ਹੈ।1।

ਹੇ ਭਾਈ! ਹੋਰ ਸਭਨਾਂ ਦੀ ਆਸ ਛੱਡ, ਇਕ ਬੇਅੰਤ ਪ੍ਰਭੂ ਦਾ ਧਿਆਨ ਧਰ (ਜੋ ਸਭਨਾਂ ਵਿਚ ਮੌਜੂਦ ਹੈ) । ਨਾਮਦੇਵ ਬੇਨਤੀ ਕਰਦਾ ਹੈ– ਜੋ ਮਨੁੱਖ (ਪ੍ਰਭੂ ਦਾ ਧਿਆਨ ਧਰ ਕੇ) ਨਿਸ਼ਕਾਮ ਹੋ ਜਾਂਦਾ ਹੈ ਉਸ ਵਿਚ ਅਤੇ ਪ੍ਰਭੂ ਵਿਚ ਕੋਈ ਭਿੰਨ-ਭੇਦ ਨਹੀਂ ਰਹਿ ਜਾਂਦਾ।2।3।

ਭਾਵ: ਪਰਮਾਤਮਾ ਘਟ ਘਟ ਵਿਚ ਮੌਜੂਦ ਹੈ। ਹੋਰ ਆਸਾਂ ਛੱਡ ਕੇ ਉਸੇ ਦਾ ਆਸਰਾ ਲੈਣਾ ਚਾਹੀਦਾ ਹੈ।

TOP OF PAGE

Sri Guru Granth Darpan, by Professor Sahib Singh