ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 989 ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਸਲੋਕੁ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ ਸਬਦ ॥ ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥ ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥ ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥ ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥ ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥ ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥ ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥ ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥ ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥ {ਪੰਨਾ 989} ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਅਸ਼ਟਪਦੀਆਂ ਛੰਤ ਸਲੋਕ ਪਉੜੀਆਂ ਆਦਿਕ ਕਾਵਿ ਦੇ ਧੁਰੇ ਤੋਂ ਵੱਖ ਵੱਖ ਕਿਸਮ ਦੀ ਬਾਣੀ ਦਰਜ ਹੈ। ਇਸ ਮਾਰੂ ਰਾਗ ਦੇ ਆਰੰਭ ਵਿਚ ਪਹਿਲਾਂ ਇਕ 'ਸਲੋਕੁ' ਹੈ। 'ਸਲੋਕ' ਤੋਂ ਸ਼ਬਦ ਸ਼ੁਰੂ ਹੁੰਦੇ ਹਨ। ਸਾਰੇ ਰਾਗਾਂ ਵਿਚ ਬਾਣੀ ਦੀ ਤਰਬੀਬ ਇਉਂ ਹੈ– ਪਹਿਲਾਂ 'ਸ਼ਬਦ', ਫਿਰ 'ਅਸ਼ਟਪਦੀਆਂ', ਫਿਰ 'ਛੰਤ' ਆਦਿਕ। ਗੁਰ-ਵਿਅਕਤੀਆਂ ਦੀ ਤਰਤੀਬ ਭੀ ਇਉਂ ਹੀ ਹੈ ਕਿ ਪਹਿਲਾਂ ਗੁਰੂ ਨਾਨਕ ਦੇਵ ਜੀ, ਫਿਰ ਗੁਰੂ ਅਮਰਦਾਸ ਜੀ; ਫਿਰ ਗੁਰੂ ਰਾਮਦਾਸ ਜੀ, ਫਿਰ ਗੁਰੂ ਅਰਜਨ ਸਾਹਿਬ ਅਤੇ ਅੰਤ ਵਿਚ ਗੁਰੂ ਤੇਗ ਬਹਾਦਰ ਸਾਹਿਬ। ਇਸ ਮਾਰੂ ਰਾਗ ਵਿਚ ਵਿਲੱਖਣ ਗੱਲ ਇਹ ਹੈ ਕਿ ਇਥੇ ਸ਼ਬਦਾਂ ਤੋਂ ਪਹਿਲਾਂ ਇਕ ਸਲੋਕ ਦਿੱਤਾ ਗਿਆ ਹੈ। ਇਹ ਸਲੋਕ ਹੂ-ਬੂ-ਹੂ ਇਸੇ ਸ਼ਕਲ ਵਿਚ ਗੂਜਰੀ ਕੀ ਵਾਰ ਮ: 5 ਦੀ ਚੌਥੀ ਪਉੜੀ ਦਾ ਪਹਿਲਾ ਸਲੋਕ ਹੈ, ਅਤੇ ਉਥੇ ਇਹ "ਸਲੋਕੁ ਮਹਲਾ 5" ਹੈ। ਇਸੇ ਮਾਰੂ ਰਾਗ ਦੀ ਭਗਤ-ਬਾਣੀ ਵਿਚ ਕਬੀਰ ਜੀ ਦੇ ਸ਼ਬਦ ਨੰ: 9 ਦੇ ਅਗਾਂਹ ਦੋ ਸਲੋਕ ਦਰਜ ਹਨ, ਪਰ ਉਹਨਾਂ ਦਾ ਸਿਰਲੇਖ ਸਾਫ਼ "ਸਲੋਕ ਕਬੀਰ ਜੀ" ਹੈ। ਮੌਜੂਦਾ ਸਲੋਕ ਦੇ ਨਾਲ 'ਮਹਲਾ' ਦਾ ਜ਼ਿਕਰ ਨਹੀਂ। ਪਰ 'ਗੂਜਰੀ ਕੀ ਵਾਰ ਮ: 5' ਵਿਚੋਂ ਪ੍ਰਤੱਖ ਹੈ ਕਿ ਇਹ ਸਲੋਕ ਗੁਰੂ ਅਰਜਨ ਸਾਹਿਬ ਦਾ ਹੈ। ਇਸ ਸਲੋਕ ਦਾ ਕੇਂਦਰੀ ਭਾਵ ਉਹੀ ਹੈ ਜੋ ਇਸ ਤੋਂ ਅਗਾਂਹ ਦਰਜ ਹੋਏ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦਾ ਹੈ। ਪਦ ਅਰਥ: ਸਾਜਨ = ਹੇ ਸੱਜਣ! ਹੇ ਮ੍ਰਿਤ-ਪ੍ਰਭੂ! ਹੋਇ ਰਹਾ = ਮੈਂ ਬਣਿਆ ਰਹਾਂ। ਸਦ = ਸਦਾ। ਨਾਨਕ = ਹੇ ਨਾਨਕ! (ਆਖ-) । ਤੁਹਾਰੀਆ = ਤੇਰੀ। ਪੇਖਉ = ਮੈਂ ਵੇਖਾਂ। ਹਜੂਰਿ = ਆਪਣੇ ਨਾਲ, ਆਪਣੇ ਅੰਗ ਸੰਗ।1। ਅਰਥ: ਹੇ ਨਾਨਕ! (ਪਰਮਾਤਮਾ ਅੱਗੇ ਅਰਦਾਸ ਕਰ ਤੇ ਆਖ-) ਹੇ ਮਿਤ੍ਰ-ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ। (ਮੇਹਰ ਕਰ, ਸਮਰਥਾ ਬਖ਼ਸ਼ ਕਿ) ਮੈਂ ਸਦਾ ਤੇਰੇ ਚਰਨਾਂ ਦੀ ਧੂੜ ਬਣਿਆ ਰਹਾਂ, ਮੈਂ ਸਦਾ ਤੈਨੂੰ ਆਪਣੇ ਅੰਗ ਸੰਗ ਵੇਖਦਾ ਰਹਾਂ।1। ਪਦ ਅਰਥ: ਪਿਛਹੁ ਰਾਤੀ = ਪਿਛਲੀ ਰਾਤੇ, ਅੰਮ੍ਰਿਤ ਵੇਲੇ। ਸਦੜਾ = ਪਿਆਰਾ ਸੱਦਾ। ਲੇਹਿ = ਉਹ ਮਨੁੱਖ ਲੈਂਦੇ ਹਨ। ਖੇਮੇ = ਖ਼ੈਮੇ, ਤੰਬੂ। ਸਰਾਇਚੇ = ਕਨਾਤਾਂ। ਦਿਸਨਿ = ਦਿੱਸਦੇ ਹਨ। ਰਥ ਪੀੜੇ = ਤਿਆਰ ਰਥ। ਸਦਿ = ਸੱਦ ਕੇ, ਵਾਜ ਮਾਰ ਕੇ, ਆਪਣੇ ਆਪ। ਮਿਲੇ = ਮਿਲ ਪੈਂਦੇ ਹਨ।1। ਬਾਬਾ = ਹੇ ਪ੍ਰਭੂ! ਕਰਮਹੀਣ = ਭਾਗ-ਹੀਣ, ਮੰਦ-ਭਾਗੀ। ਕੂੜਿਆਰ = ਕੂੜੇ ਪਦਾਰਥਾਂ ਦਾ ਹੀ ਵਣਜ ਕਰਨ ਵਾਲਾ। ਅੰਧਾ = ਅੰਨ੍ਹਾ। ਭਰਮਿ = ਭਟਕਣਾ ਵਿਚ।1। ਰਹਾਉ। ਸਾਦ = (ਅਨੇਕਾਂ ਪਦਾਰਥਾਂ ਦੇ) ਸੁਆਦ। ਪਰਫੁੜੇ = ਪ੍ਰਫੁੱਲਤ ਹੋਏ, ਵਧਦੇ ਗਏ। ਪੂਰਬਿ = ਪੂਰਬ ਵਿਚ, ਹੁਣ ਤੋਂ ਪਹਿਲੇ ਸਾਰੇ ਜਨਮਾਂ ਜਨਮਾਂਤਰਾਂ ਦੇ ਜੀਵਨ ਵਿਚ। ਲਿਖੇ = ਕੀਤੇ ਕਰਮਾਂ ਦੇ ਸੰਸਕਾਰ ਮਨ ਵਿਚ ਉੱਕਰੇ ਗਏ। ਮਾਇ = ਹੇ ਮਾਂ! ਅਗਲੇ = ਬਹੁਤੇ। ਦੂਖੇ ਦੂਖਿ = ਦੂਖਿ ਹੀ ਦੂਖਿ, ਦੁੱਖ ਹੀ ਦੁੱਖ ਵਿਚ।2। ਵਿਛੁੜਿਆ ਕਾ = ਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਤੋਂ ਵਿਛੁੜੇ ਹੋਏ ਹਨ। ਕਿਆ ਵੀਛੁੜੇ = ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੋਣਾ ਹੈ? ਮਿਲਿਆ ਕਾ = ਉਹਨਾਂ ਜੀਵਾਂ ਦਾ ਜੋ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਹਨ। ਕਿਆ ਮੇਲੁ = ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ? ਜਿਨਿ = ਜਿਨਿ (ਸਾਹਿਬ) ਨੇ। ਕਰਿ = ਕਰ ਕੇ, ਰਚ ਕੇ। ਖੇਲੁ = ਤਮਾਸ਼ਾ, ਜਗਤ-ਰਚਨਾ। ਸੰਜੋਗੀ = ਸੰਜੋਗਾਂ ਨਾਲ, ਪਰਮਾਤਮਾ ਦੀ ਬਖ਼ਸ਼ਸ਼ ਦੇ ਸੰਜੋਗ ਨਾਲ। ਮੇਲਾਵੜਾ = ਸੋਹਣਾ ਮਿਲਾਪ, ਮਨੁੱਖਾ ਸਰੀਰ ਨਾਲ ਸੋਹਣਾ ਮਿਲਾਪ। ਇਨਿ = ਇਸ ਦੀ ਰਾਹੀਂ। ਤਨਿ = ਤਨ ਦੀ ਰਾਹੀਂ। ਇਨਿ ਤਨਿ = ਇਸ ਤਨ ਦੀ ਰਾਹੀਂ, ਇਸ ਮਨੁੱਖਾ ਸਰੀਰ ਵਿਚ ਆ ਕੇ। ਭੋਗ = ਮਾਇਕ ਪਦਾਰਥਾਂ ਦੇ ਰਸਾਂ ਦੇ ਆਨੰਦ। ਮਿਲਿ = ਮਿਲ ਕੇ, ਮਨੁੱਖਾ ਸਰੀਰ ਨੂੰ ਮਿਲ ਕੇ। ਵਿਜੋਗੀ = ਵਿਜੋਗ ਦੇ ਕਾਰਨ, ਪਰਮਾਤਮਾ ਦੀ ਵਿਜੋਗ-ਸੱਤਾ ਦੇ ਕਾਰਨ, ਮੌਤ ਦੇ ਕਾਰਨ। ਭੀ = ਮੁੜ ਮੁੜ। ਸੰਜੋਗ = ਅਨੇਕਾਂ ਸੰਜੋਗ, ਅਨੇਕਾਂ ਜਨਮਾਂ ਦੇ ਸੰਜੋਗ, ਅਨੇਕਾਂ ਜਨਮਾਂ ਦੇ ਗੇੜ।4। ਅਰਥ: ਜਿਨ੍ਹਾਂ (ਵਡ-ਭਾਗੀ) ਬੰਦਿਆਂ ਨੂੰ ਅੰਮ੍ਰਿਤ ਵੇਲੇ ਪਰਮਾਤਮਾ ਆਪ ਪਿਆਰ-ਭਰਿਆ ਸੱਦਾ ਭੇਜਦਾ ਹੈ (ਪ੍ਰੇਰਨਾ ਕਰਦਾ ਹੈ) ਉਹ ਉਸ ਵੇਲੇ ਉੱਠ ਕੇ ਖਸਮ-ਪ੍ਰਭੂ ਦਾ ਨਾਮ ਲੈਂਦੇ ਹਨ। ਤੰਬੂ, ਛੱਤਰ, ਕਨਾਤਾਂ ਰਥ (ਉਹਨਾਂ ਦੇ ਦਰ ਤੇ ਹਰ ਵੇਲੇ) ਤਿਆਰ ਦਿੱਸਦੇ ਹਨ। ਇਹ ਸਾਰੇ (ਦੁਨੀਆ ਦੀ ਮਾਣ-ਵਡਿਆਈ ਦੇ ਪਦਾਰਥ) ਉਹਨਾਂ ਨੂੰ ਆਪਣੇ ਆਪ ਆ ਮਿਲਦੇ ਹਨ, ਜਿਨ੍ਹਾਂ ਨੇ (ਹੇ ਪ੍ਰਭੂ!) ਤੇਰਾ ਨਾਮ ਸਿਮਰਿਆ ਹੈ।1। (ਪਰ) ਹੇ ਪ੍ਰਭੂ! ਮੈਂ ਮੰਦ-ਭਾਗੀ (ਹੀ ਰਿਹਾ) , ਮੈਂ ਕੂੜੇ ਪਦਾਰਥਾਂ ਦੇ ਵਣਜ ਹੀ ਕਰਦਾ ਰਿਹਾ। (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਹੋਇਆ ਮੇਰਾ ਮਨ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਹੀ ਕੁਰਾਹੇ ਪਿਆ ਰਿਹਾ, ਤੇ ਮੈਂ ਤੇਰਾ ਨਾਮ ਪ੍ਰਾਪਤ ਨਾਹ ਕਰ ਸਕਿਆ।1। ਰਹਾਉ। ਹੇ ਮਾਂ! ਮੈਂ ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਸੁਆਦ ਮਾਣਦਾ ਰਿਹਾ, ਹੁਣ ਤੋਂ ਪਹਿਲੇ ਸਾਰੇ ਬੇਅੰਤ ਲੰਮੇ ਜੀਵਨ-ਸਫ਼ਰ ਵਿਚ ਕੀਤੇ ਕਰਮਾਂ ਦੇ ਸੰਸਕਾਰ ਮੇਰੇ ਮਨ ਵਿਚ ਉੱਕਰਦੇ ਗਏ (ਤੇ ਉਹਨਾਂ ਭੋਗਾਂ ਦੇ ਇਵਜ਼ ਵਿਚ ਮੇਰੇ ਵਾਸਤੇ) ਦੁੱਖ ਵਧਦੇ ਗਏ। ਸੁਖ ਤਾਂ ਥੋੜੇ ਹੀ ਮਾਣੇ, ਪਰ ਦੁੱਖ ਬੇਅੰਤ ਉਗਮ ਪਏ, ਹੁਣ ਮੇਰੀ ਉਮਰ ਦੁੱਖ ਵਿਚ ਹੀ ਗੁਜ਼ਰ ਰਹੀ ਹੈ।2। ਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਨਾਲੋਂ ਵਿਛੁੜੇ ਹੋਏ ਹਨ ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੈ? (ਸਭ ਤੋਂ ਕੀਮਤੀ ਪਦਾਰਥ ਤਾਂ ਹਰਿ-ਨਾਮ ਹੀ ਸੀ ਜਿਸ ਤੋਂ ਉਹ ਵਿਛੁੜ ਗਏ) । ਉਹਨਾਂ ਜੀਵਾਂ ਦਾ ਜੋ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਹਨ ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ? (ਉਹਨਾਂ ਨੂੰ ਹੋਰ ਕਿਸੇ ਪਦਾਰਥ, ਲੋੜ ਹੀ ਨਾਹ ਰਹਿ ਗਈ) । (ਹੇ ਭਾਈ!) ਸਦਾ ਉਸ ਮਾਲਕ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਇਹ ਜਗਤ-ਤਮਾਸ਼ਾ ਰਚਿਆ ਹੈ ਤੇ ਰਚ ਕੇ ਇਸ ਦੀ ਸੰਭਾਲ ਕਰ ਰਿਹਾ ਹੈ।3। ਪਰਮਾਤਮਾ ਦੀ ਬਖ਼ਸ਼ਸ਼ ਦੇ ਸੰਜੋਗ ਨਾਲ ਇਸ ਮਨੁੱਖਾ ਸਰੀਰ ਨਾਲ ਸੋਹਣਾ ਮਿਲਾਪ ਹੋਇਆ ਸੀ, ਪਰ ਇਸ ਸਰੀਰ ਵਿਚ ਆ ਕੇ ਮਾਇਕ ਪਦਾਰਥਾਂ ਦੇ ਰਸ ਹੀ ਮਾਣਦੇ ਰਹੇ। ਜਦੋਂ ਉਸ ਦੀ ਰਜ਼ਾ ਵਿਚ ਮੌਤ ਆਈ, ਮਨੁੱਖਾ ਸਰੀਰ ਨਾਲੋਂ ਵਿਛੋੜਾ ਹੋ ਗਿਆ, (ਪਰ ਮਾਇਕ ਪਦਾਰਥਾਂ ਦੇ ਹੀ ਭੋਗਾਂ ਦੇ ਕਾਰਨ) ਮੁੜ ਮੁੜ ਅਨੇਕਾਂ ਜਨਮਾਂ ਦੇ ਗੇੜ ਲੰਘਣੇ ਪਏ।4।1। ਮਾਰੂ ਮਹਲਾ ੧ ॥ ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ ਤਿਨਿ ਕਰਤੈ ਲੇਖੁ ਲਿਖਾਇਆ ॥ ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਵਾਈ ॥੧॥ ਮੂਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥ ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥ ਕਿਛੁ ਖਾਜੈ ਕਿਛੁ ਧਰਿ ਜਾਈਐ ॥ ਜੇ ਬਾਹੁੜਿ ਦੁਨੀਆ ਆਈਐ ॥੨॥ ਸਜੁ ਕਾਇਆ ਪਟੁ ਹਢਾਏ ॥ ਫੁਰਮਾਇਸਿ ਬਹੁਤੁ ਚਲਾਏ ॥ ਕਰਿ ਸੇਜ ਸੁਖਾਲੀ ਸੋਵੈ ॥ ਹਥੀ ਪਉਦੀ ਕਾਹੇ ਰੋਵੈ ॥੩॥ ਘਰ ਘੁੰਮਣਵਾਣੀ ਭਾਈ ॥ ਪਾਪ ਪਥਰ ਤਰਣੁ ਨ ਜਾਈ ॥ ਭਉ ਬੇੜਾ ਜੀਉ ਚੜਾਊ ॥ ਕਹੁ ਨਾਨਕ ਦੇਵੈ ਕਾਹੂ ॥੪॥੨॥ {ਪੰਨਾ 989} ਪਦ ਅਰਥ: ਮਿਲਿ = ਮਿਲ ਕੇ। ਪਿੰਡੁ = ਸਰੀਰ। ਕਮਾਇਆ = ਬਣਾਇਆ। ਤਿਨਿ = ਉਸ ਨੇ। ਕਰਤੈ = ਕਰਤਾਰ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਲੇਖੁ = (ਤੇਰੇ ਕਰਨ-ਜੋਗ ਕੰਮ ਦੀ) ਲਿਖਤ। ਲਿਖੁ = (ਹੇ ਜੀਵ!) ਤੂੰ ਲਿਖ। ਦਾਤਿ = (ਪਰਮਾਤਮਾ ਦੀਆਂ) ਬਖ਼ਸ਼ਸ਼ਾਂ। ਵਡਿਆਈ = ਸਿਫ਼ਤਿ-ਸਾਲਾਹ। ਸੁਰਤਿ = ਅਕਲ, ਚੇਤਾ। ਗਵਾਈ = ਤੂੰ ਗਵਾ ਲਈ।1। ਮਨ = ਹੇ ਮਨ! ਕਾਹੇ = ਕਿਉਂ? ਕਰਸਹਿ = ਤੂੰ ਕਰੇਂਗਾ, ਤੂੰ ਕਰਦਾ ਹੈਂ। ਭਾਣਾ = ਰਜ਼ਾ, ਹੁਕਮ।1। ਰਹਾਉ। ਤਜਿ = ਤਿਆਗ ਕੇ। ਸਾਦ = (ਮਾਇਆ ਦੇ) ਸੁਆਦ। ਸਹਜ ਸੁਖੁ = ਅਡੋਲਤਾ ਦਾ ਆਨੰਦ। ਖਾਜੈ = ਖਾ ਲਈਏ, ਵਰਤ ਲਈਏ। ਧਰਿ = ਸਾਂਭ ਕੇ। ਬਾਹੁੜਿ = ਮੁੜ।2। ਸਜੁ = {sjuL} ਹਾਰ। ਕਾਇਆ = ਸਰੀਰ। ਪਟੁ = ਰੇਸ਼ਮੀ ਕੱਪੜਾ। ਫੁਰਮਾਇਸਿ = ਹਕੂਮਤ। ਕਰਿ = ਬਣਾ ਕੇ, ਤਿਆਰ ਕਰ ਕੇ। ਹਥੀ ਪਉਦੀ = ਜਦੋਂ (ਜਮਾਂ ਦੇ) ਹੱਥ ਪੈਂਦੇ ਹਨ। ਕਾਹੇ ਰੋਵੈ = ਕਿਉਂ ਰੋਂਦਾ ਹੈ? ਰੋਣ ਦਾ ਕੋਈ ਲਾਭ ਨਹੀਂ ਹੁੰਦਾ।3। ਘਰ = ਘਰਾਂ ਦੇ ਮੋਹ। ਘੁੰਮਣ ਵਾਣੀ = ਘੁੰਮਣ ਘੇਰ। ਭਾਈ = ਹੇ ਭਾਈ! ਤਰਣੁ ਨ ਜਾਈ = ਪਾਰ ਨਹੀਂ ਲੰਘਿਆ ਜਾ ਸਕਦਾ। ਭਉ = ਪਰਮਾਤਮਾ ਦਾ ਡਰ-ਅਦਬ। ਚੜਾਊ = ਸਵਾਰ, ਬੇੜੀ ਦਾ ਮੁਸਾਫ਼ਿਰ। ਕਾਹੂ = ਕਿਸੇ ਵਿਰਲੇ ਨੂੰ।4। ਅਰਥ: ਹੇ (ਮੇਰੇ) ਮੂਰਖ ਮਨ! ਤੂੰ (ਇਹਨਾਂ ਦੁਨੀਆਵੀ ਮਲਕੀਅਤਾਂ ਦਾ) ਕਿਉਂ ਮਾਣ ਕਰਦਾ ਹੈਂ? (ਜਦੋਂ) ਖਸਮ ਪ੍ਰਭੂ ਦਾ ਹੁਕਮ ਹੋਇਆ ਤਦੋਂ (ਇਹਨਾਂ ਨੂੰ ਛੱਡ ਕੇ ਜਗਤ ਤੋਂ) ਚਲੇ ਜਾਣਾ ਪਏਗਾ।1। ਰਹਾਉ। (ਜਿਸ ਕਰਤਾਰ ਦੀ ਰਜ਼ਾ ਅਨੁਸਾਰ) ਤੇਰੇ ਮਾਂ ਪਿਉ ਨੇ ਮਿਲ ਕੇ ਤੇਰਾ ਸਰੀਰ ਬਣਾਇਆ, ਉਸੇ ਕਰਤਾਰ ਨੇ (ਤੇਰੇ ਮੱਥੇ ਉਤੇ ਇਹ) ਲੇਖ (ਭੀ) ਲਿਖ ਦਿੱਤਾ ਕਿ ਤੂੰ (ਜਗਤ ਵਿਚ ਜਾ ਕੇ) ਜੋਤਿ-ਰੂਪ ਪ੍ਰਭੂ ਦੀਆਂ ਬਖ਼ਸ਼ਸ਼ਾਂ ਚੇਤੇ ਕਰੀਂ ਤੇ ਉਸ ਦੀ ਸਿਫ਼ਤਿ-ਸਾਲਾਹ ਭੀ ਕਰੀਂ (ਸਿਫ਼ਤਿ-ਸਾਲਾਹ ਦੇ ਲੇਖ ਆਪਣੇ ਅੰਦਰ ਲਿਖਦਾ ਰਹੀਂ) । ਪਰ ਤੂੰ ਮਾਇਆ (ਦੇ ਮੋਹ) ਵਿਚ ਫਸ ਕੇ ਇਹ ਚੇਤਾ ਹੀ ਭੁਲਾ ਦਿੱਤਾ।1। (ਹੇ ਮਨ! ਤੂੰ ਘਰਾਂ ਦੀਆਂ ਮਲਕੀਅਤਾਂ ਵਿਚੋਂ ਸੁਖ-ਸ਼ਾਂਤੀ ਲੱਭਦਾ ਹੈਂ) ਮਾਇਆ ਦੇ ਸੁਆਦ ਛੱਡ ਕੇ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਸਕਦਾ ਹੈ (ਜਿਨ੍ਹਾਂ ਘਰਾਂ ਦੀਆਂ ਮਲਕੀਅਤਾਂ ਨੂੰ ਤੂੰ ਸੁਖ ਦਾ ਮੂਲ ਸਮਝ ਰਿਹਾ ਹੈਂ, ਇਹ) ਘਰ ਤਾਂ ਛੱਡ ਜਾਣੇ ਹਨ, ਕੋਈ ਭੀ ਜੀਵ (ਇਥੇ ਸਦਾ) ਟਿਕਿਆ ਨਹੀਂ ਰਹਿ ਸਕਦਾ। (ਹੇ ਮੂਰਖ ਮਨ! ਤੂੰ ਸਦਾ ਇਹ ਸੋਚਦਾ ਹੈਂ ਕਿ) ਕੁਝ ਧਨ-ਪਦਾਰਥ ਖਾ-ਹੰਢਾ ਲਈਏ ਤੇ ਕੁਝ ਸਾਂਭ ਕੇ ਰੱਖੀ ਜਾਈਏ (ਪਰ ਸਾਂਭ ਕੇ ਰੱਖ ਜਾਣ ਦਾ ਲਾਭ ਤਾਂ ਤਦੋਂ ਹੀ ਹੋ ਸਕਦਾ ਹੈ) ਜੇ ਮੁੜ (ਇਸ ਧਨ ਨੂੰ ਵਰਤਣ ਵਾਸਤੇ) ਜਗਤ ਵਿਚ ਆ ਸਕਣਾ ਹੋਵੇ।2। ਮਨੁੱਖ ਆਪਣੇ ਸਰੀਰ ਉਤੇ ਹਾਰ ਰੇਸ਼ਮੀ ਕਪੜਾ ਆਦਿਕ ਹੰਢਾਂਦਾ ਹੈ, ਹੁਕਮ ਭੀ ਬਥੇਰਾ ਚਲਾਂਦਾ ਹੈ, ਸੁਖਾਲੀ ਸੇਜ ਦਾ ਸੁਖ ਭੀ ਮਾਣਦਾ ਹੈ (ਪਰ ਜਿਸ ਕਰਤਾਰ ਨੇ ਇਹ ਸਭ ਕੁਝ ਦਿੱਤਾ ਉਸ ਨੂੰ ਵਿਸਾਰੀ ਰੱਖਦਾ ਹੈ, ਆਖ਼ਿਰ) ਜਦੋਂ ਜਮਾਂ ਦੇ ਹੱਥ ਪੈਂਦੇ ਹਨ, ਤਦੋਂ ਰੋਣ ਪਛੁਤਾਣ ਦਾ ਕੋਈ ਲਾਭ ਨਹੀਂ ਹੋ ਸਕਦਾ।3। ਹੇ ਭਾਈ! ਘਰਾਂ ਦੇ ਮੋਹ ਦਰਿਆ ਦੀਆਂ ਘੁੰਮਣ ਘੇਰੀਆਂ (ਵਾਂਗ) ਹਨ, ਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਹਨਾਂ ਘੁੰਮਣ-ਘੇਰੀਆਂ ਵਿਚੋਂ ਪਾਰ ਨਹੀਂ ਲੰਘ ਸਕਦੀ। ਜੇ ਪਰਮਾਤਮਾ ਦੇ ਡਰ-ਅਦਬ ਦੀ ਬੇੜੀ ਤਿਆਰ ਕੀਤੀ ਜਾਏ, ਤੇ ਉਸ ਬੇੜੀ ਵਿਚ ਜੀਵ ਸਵਾਰ ਹੋਵੇ, ਤਾਂ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਵਿਚੋਂ) ਪਾਰ ਲੰਘ ਸਕੀਦਾ ਹੈ। ਪਰ ਹੇ ਨਾਨਕ! ਆਖ - ਅਜੇਹੀ ਬੇੜੀ ਕਿਸੇ ਵਿਰਲੇ ਨੂੰ ਕਰਤਾਰ ਦੇਂਦਾ ਹੈ।4।2। |
Sri Guru Granth Darpan, by Professor Sahib Singh |