ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 990

ਮਾਰੂ ਮਹਲਾ ੧ ਘਰੁ ੧ ॥ ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥ ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥ ਚਿਤ ਚੇਤਸਿ ਕੀ ਨਹੀ ਬਾਵਰਿਆ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥ ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ ॥ ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥ ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥ ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹ੍ਹੀ ਚਿੰਤ ਭਈ ॥੩॥ ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥ ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ ॥੪॥੩॥ {ਪੰਨਾ 990}

ਪਦ ਅਰਥ: ਕਰਣੀ = ਆਚਰਨ। ਕਾਗਦੁ = ਕਾਗ਼ਜ਼। ਮਸੁ = ਸਿਆਹੀ। ਮਸਵਾਣੀ = ਦਵਾਤ। ਪਏ = ਪੈ ਜਾਂਦੇ ਹਨ, ਲਿਖੇ ਜਾਂਦੇ ਹਨ। ਦੁਇ = ਦੋ ਕਿਸਮ ਦੇ। ਕਿਰਤੁ = ਕੀਤਾ ਹੋਇਆ ਕੰਮ, ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਸਾਡੇ ਸੁਭਾਵ ਦਾ ਰੂਪ ਧਾਰ ਲੈਂਦਾ ਹੈ) । ਤਉ ਗੁਣ ਅੰਤੁ = ਤੇਰੇ ਗੁਣਾਂ ਦਾ ਅੰਤ। ਹਰੇ = ਹੇ ਹਰੀ!।1।

ਚਿਤ = ਹੇ ਚਿੱਤ! ਚਿਤ ਬਾਵਰਿਆ = ਹੇ ਕਮਲੇ ਚਿੱਤ! ਬਿਸਰਤ = ਵਿਸਾਰਦਿਆਂ। ਗਲਿਆ = ਗਲ ਰਹੇ ਹਨ, ਘਟ ਰਹੇ ਹਨ।1। ਰਹਾਉ।

ਰੈਨਿ = ਰਾਤ। ਜੇਤੀ ਘੜੀ = ਜਿਤਨੀਆਂ ਭੀ ਘੜੀਆਂ ਹਨ ਉਮਰ ਦੀਆਂ। ਤੇਤੀ = ਉਹ ਸਾਰੀਆਂ। ਰਸਿ = ਰਸ ਨਾਲ, ਸੁਆਦ ਨਾਲ। ਚੁਗਹਿ = ਤੂੰ ਚੁਗਦਾ ਹੈਂ। ਫਾਸਹਿ = ਤੂੰ ਫਸਦਾ ਹੈਂ। ਮੂੜੇ = ਹੇ ਮੂਰਖ!।2।

ਆਰਣੁ = ਭੱਠੀ। ਵਿਚਿ = (ਇਸ ਕਾਇਆ) ਵਿਚ (ਨੋਟ: ਲਫ਼ਜ਼ 'ਵਿਚਿ' ਦਾ ਸੰਬੰਧ ਲਫ਼ਜ਼ 'ਮਨੁ' ਦੇ ਨਾਲ ਨਹੀਂ ਹੈ; ਜੇ ਹੁੰਦਾ ਤਾਂ ਲਫ਼ਜ਼ 'ਮਨੁ' ਦਾ ਜੋੜ 'ਮਨ' ਹੋ ਜਾਂਦਾ) । ਪੰਚ ਅਗਨਿ = ਕਾਮਾਦਿਕ ਪੰਜ ਅੱਗਾਂ। ਤਿਤੁ = ਉਸ ਕਾਇਆ-ਭੱਠੀ ਵਿਚ। ਤਿਸੁ ਊਪਰਿ = ਉਸ ਭੱਠੀ ਉਤੇ। ਚਿੰਤ = ਚਿੰਤਾ।3।

ਮਨੂਰੁ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ। ਤਿਨੇਹਾ = ਉਹੋ ਜਿਹਾ (ਜੋ ਮਨੂਰ ਤੋਂ ਕੰਚਨ ਕਰ ਸਕੇ) । ਅੰਮ੍ਰਿਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਤ੍ਰਿਸਟਸਿ = ਟਿਕ ਜਾਂਦਾ ਹੈ। ਦੇਹਾ = ਸਰੀਰ।4।

ਅਰਥ: ਹੇ ਹਰੀ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤਿ ਵਿਚ ਜੀਵਾਂ ਦਾ) ਆਚਰਨ, ਮਾਨੋ, ਕਾਗ਼ਜ਼ ਹੈ, ਮਨ ਦਵਾਤ ਹੈ (ਉਸ ਬਣ ਰਹੇ ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ ਰਹੇ ਹਨ (ਭਾਵ, ਮਨ ਵਿਚ ਹੁਣ ਤਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜੇਹੜੇ ਨਵੇਂ ਚੰਗੇ ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗ਼ਜ਼ ਉਤੇ ਨਵੇਂ ਚੰਗੇ ਮੰਦੇ ਸੰਸਕਾਰ ਉੱਕਰਦੇ ਜਾਂਦੇ ਹਨ) । (ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ ਸਕਦੇ ਹਨ।1।

ਹੇ ਕਮਲੇ ਮਨ! ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਜਿਉਂ ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈਂ, ਤਿਉਂ ਤਿਉਂ ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ।1। ਰਹਾਉ।

(ਹੇ ਮਨ-ਪੰਛੀ! ਪਰਮਾਤਮਾ ਨੂੰ ਵਿਸਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ) ਦਿਨ ਤੇ ਹਰੇਕ ਰਾਤ (ਤੈਨੂੰ ਮਾਇਆ ਵਿਚ ਫਸਾਣ ਲਈ) ਜਾਲ ਦਾ ਕੰਮ ਦੇ ਰਿਹਾ ਹੈ, ਤੇਰੀ ਉਮਰ ਦੀਆਂ ਜਿਤਨੀਆਂ ਭੀ ਘੜੀਆਂ ਹਨ ਉਹ ਸਾਰੀਆਂ ਹੀ (ਤੈਨੂੰ ਫਸਾਣ ਹਿਤ) ਫਾਹੀ ਬਣਦੀਆਂ ਜਾ ਰਹੀਆਂ ਹਨ। ਤੂੰ ਬੜੇ ਸੁਆਦ ਲੈ ਲੈ ਕੇ ਵਿਕਾਰਾਂ ਦੀ ਚੋਗ ਚੁਗ ਰਿਹਾ ਹੈਂ ਤੇ ਵਿਕਾਰਾਂ ਵਿਚ ਹੋਰ ਹੋਰ ਸਦਾ ਫਸਦਾ ਜਾ ਰਿਹਾ ਹੈਂ, ਹੇ ਮੂਰਖ ਮਨ! ਇਹਨਾਂ ਵਿਚੋਂ ਕੇਹੜੇ ਗੁਣਾਂ ਦੀ ਮਦਦ ਨਾਲ ਖ਼ਲਾਸੀ ਹਾਸਲ ਕਰੇਂਗਾ?।2।

ਮਨੁੱਖ ਦਾ ਸਰੀਰ, ਮਾਨੋ, (ਲੋਹਾਰ ਦੀ) ਭੱਠੀ ਹੈ, ਉਸ ਭੱਠੀ ਵਿਚ ਮਨ, ਮਾਨੋ, ਲੋਹਾ ਹੈ ਤੇ ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ, (ਕਾਮਾਦਿਕ ਦੀ ਤਪਸ਼ ਨੂੰ ਤੇਜ਼ ਕਰਨ ਲਈ) ਉਸ ਉਤੇ ਪਾਪਾਂ ਦੇ (ਭਖਦੇ) ਕੋਲੇ ਪਏ ਹੋਏ ਹਨ, ਮਨ (ਇਸ ਅੱਗ ਵਿਚ) ਸੜ ਰਿਹਾ ਹੈ, ਚਿੰਤਾ ਦੀ ਸੰਨ੍ਹੀ ਹੈ (ਜੋ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵਲੋਂ ਸਾੜਨ ਵਿਚ ਮਦਦ ਦੇ ਰਹੀ ਹੈ) ।3।

ਪਰ ਹੇ ਨਾਨਕ! ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜ ਕੇ ਨਿਕੰਮਾ ਲੋਹਾ ਹੋ ਚੁਕੇ ਮਨ ਨੂੰ ਭੀ ਸੋਨਾ ਬਣਾ ਦੇਂਦਾ ਹੈ। ਉਹ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦੇਂਦਾ ਹੈ ਜਿਸ ਦੀ ਬਰਕਤਿ ਨਾਲ ਸਰੀਰ ਟਿਕ ਜਾਂਦਾ ਹੈ (ਭਾਵ, ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ।4।3।

ਮਾਰੂ ਮਹਲਾ ੧ ॥ ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ॥ ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ॥੧॥ ਦਾਦਰ ਤੂ ਕਬਹਿ ਨ ਜਾਨਸਿ ਰੇ ॥ ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ ॥੧॥ ਰਹਾਉ ॥ ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ ॥ ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥੨॥ ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥ ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥੩॥ ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ ॥ ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ ॥੪॥ ਇਕਿ ਪਾਖੰਡੀ ਨਾਮਿ ਨ ਰਾਚਹਿ ਇਕਿ ਹਰਿ ਹਰਿ ਚਰਣੀ ਰੇ ॥ ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ ॥੫॥੪॥ {ਪੰਨਾ 990}

ਪਦ ਅਰਥ: ਬਿਮਲ... ਜਲ = ਬਿਮਲ (ਸਰੋਵਰ ਦੇ) ਨਿਰਮਲ ਜਲ ਮਝਾਰਿ ਬਸਸਿ। ਬਿਮਲ = ਮਲ-ਰਹਿਤ, ਸਾਫ਼। ਮਝਾਰਿ = ਵਿਚ। ਬਸਸਿ = ਵੱਸਦਾ ਹੈ। ਪਦਮਨਿ = ਕਮਲ, ਕੌਲ ਫੁੱਲ। ਜਾਵਲ = ਜਾਲਾ। ਰੇ = ਹੇ ਡੱਡੂ! ਸੰਗਿ = ਸੰਗ ਵਿਚ, ਸਾਥ (ਕਰਨ) ਵਿਚ। ਦੋਖ = ਐਬ, ਨੁਕਸ।1।

ਰੇ ਦਾਦਰ = ਹੇ ਡੱਡੂ! ਭਖਸਿ = ਤੂੰ ਖਾਂਦਾ ਹੈਂ। ਸਿਬਾਲੁ = ਜਾਲਾ। ਨ ਲਖਸਿ = ਤੂੰ ਕਦਰ ਨਹੀਂ ਸਮਝਦਾ।1। ਰਹਾਉ।

ਬਸੁ = ਬਾਸੁ, ਵਾਸ। ਅਲੀਅਲ = ਭੌਰਾ। ਮੇਰ = ਚੋਟੀ, ਕੌਲ ਫੁੱਲ ਦੀ ਚੋਟੀ। ਚਚਾ = ਚੂਸਦਾ। ਗੁਨ = ਰਸ। ਚੰਦ = ਚੰਦ ਨੂੰ। ਕੁਮੁਦਨੀ = ਕੰਮੀ {ਨੋਟ: ਕੌਲ ਫੁੱਲ ਸੂਰਜ ਦੀ ਰੌਸ਼ਨੀ ਵਿਚ ਖਿੜਦਾ ਹੈ, ਕੰਮੀ ਚੰਦ ਦੀ ਚਾਨਣੀ ਵਿਚ ਖਿੜਦੀ ਹੈ) । ਨਿਵਸਸਿ = ਨਿਊਂਦੀ ਹੈ, (ਖਿੜ ਕੇ) ਸਿਰ ਨਿਵਾਂਦੀ ਹੈ। ਅਨਭਉ = ਦਿਲ ਦੀ ਖਿੱਚ।2।

ਦੂਧਿ = ਦੁੱਧ ਵਿਚ। ਮਧੁ = ਸ਼ਹਿਦ, ਮਿਠਾਸ। ਅੰਮ੍ਰਿਤ = ਉੱਤਮ । ਸੰਚਸਿ = (ਪਰਮਾਤਮਾ) ਇਕੱਠੀ ਕਰਦਾ ਹੈ। ਤੂ ਰੇ = ਹੇ ਡੱਡੂ! ਬਨ ਚਾਤੁਰ = ਹੇ ਪਾਣੀ (ਦੇ ਵਾਸ) ਦੇ ਚਤੁਰ ਡੱਡੂ! ਆਪੁ = ਆਪ ਨੂੰ। ਪਿਸਨ = ਚਿੱਚੜ। ਪਿਸਨ ਪ੍ਰੀਤਿ = ਚਿੱਚੜ ਦੀ ਪ੍ਰੀਤ (ਲਹੂ ਨਾਲ) । ਅਪਨਾ ਆਪੁ = ਆਪਣੇ ਸੁਭਾਵ ਨੂੰ।3।

ਪੰਡਿਤ ਸੰਗਿ = ਵਿਦਵਾਨਾਂ ਦੀ ਸੰਗਤਿ ਵਿਚ। ਵਸਹਿ = ਵੱਸਦੇ ਹਨ। ਜਨ = ਬੰਦੇ। ਆਗਮ = ਵੇਦ। ਸਾਸ = ਸ਼ਾਸਤ੍ਰ। ਸੁਨੇ = ਸੁਨਿ, ਸੁਣ ਕੇ। ਨ ਛੋਡਸਿ = ਤੂੰ ਨਹੀਂ ਛੱਡਦਾ। ਸੁਆਨ ਪੂਛਿ = ਕੁੱਤੇ ਦੀ ਪੂਛਲ।4।

ਇਕਿ = ਕਈ (ਨੋਟ: ਲਫ਼ਜ਼ 'ਇਕਿ' ਬਹੁ-ਵਚਨ ਹੈ) । ਨਾਮਿ = ਨਾਮ ਵਿਚ। ਪਾਵਸਿ = ਤੂੰ ਪਾਏਂਗਾ। ਪੂਰਬਿ = ਪੂਰਬ ਵਿਚ, ਪਹਿਲੇ ਜੀਵਨ-ਸਮੇ ਵਿਚ।5।

ਅਰਥ: ਹੇ ਡੱਡੂ! ਤੂੰ ਕਦੇ ਭੀ ਸਮਝ ਨਹੀਂ ਕਰਦਾ। ਤੂੰ ਸਾਫ਼-ਸੁਥਰੇ ਪਾਣੀ ਵਿਚ ਵੱਸਦਾ ਹੈਂ, ਪਰ ਤੂੰ ਉਸ ਸਾਫ਼-ਪਵਿਤ੍ਰ ਪਾਣੀ ਨੂੰ ਪਛਾਣਦਾ ਨਹੀਂ (ਉਸ ਦੀ ਕਦਰ ਨਹੀਂ ਜਾਣਦਾ, ਤੇ ਸਦਾ) ਜਾਲਾ ਹੀ ਖਾਂਦਾ ਰਹਿੰਦਾ ਹੈਂ (ਜੋ ਉਸ ਸਾਫ਼ ਪਾਣੀ ਵਿਚ ਪੈ ਜਾਂਦਾ ਹੈ) ।1। ਰਹਾਉ।

ਹੇ ਡੱਡੂ! ਸਾਫ਼ ਸਰੋਵਰ ਦੇ ਸਾਫ਼ ਸੁਥਰੇ ਪਾਣੀ ਵਿਚ ਕੌਲ ਫੁੱਲ ਤੇ ਜਾਲਾ ਵੱਸਦੇ ਹਨ। ਕੌਲ ਫੁੱਲ ਉਸ ਜਾਲੇ ਤੇ ਪਾਣੀ ਦੀ ਸੰਗਤਿ ਵਿਚ ਰਹਿੰਦਾ ਹੈ, ਪਰ ਉਹਨਾਂ ਦੀ ਸੰਗਤਿ ਵਿਚ ਉਸ ਨੂੰ ਕੋਈ ਦਾਗ਼ ਨਹੀਂ ਲੱਗਦੇ (ਕੌਲ ਫੁੱਲ ਨਿਰਲੇਪ ਹੀ ਰਹਿੰਦਾ ਹੈ) ।1।

ਹੇ ਡੱਡੂ! (ਤੇਰਾ) ਸਦਾ ਪਾਣੀ ਦਾ ਵਾਸ ਹੈ, ਭੌਰਾ (ਪਾਣੀ ਵਿਚ) ਨਹੀਂ ਵੱਸਦਾ, (ਫਿਰ ਭੀ) ਉਹ (ਫੁੱਲ ਦੀ) ਚੋਟੀ ਦਾ ਰਸ ਮਾਣਦਾ ਹੈ (ਚੂਸਦਾ ਹੈ) । ਕੰਮੀ ਚੰਦ ਨੂੰ ਦੂਰੋਂ ਹੀ (ਵੇਖ ਕੇ ਖਿੜ ਕੇ) ਸਿਰ ਨਿਵਾਂਦੀ ਹੈ, ਕਿਉਂਕਿ ਉਸ ਦੇ ਅੰਦਰ ਚੰਦ ਵਾਸਤੇ ਦਿਲੀ ਖਿੱਚ ਹੈ (ਲਫ਼ਜ਼ੀ, ਦਿਲੀ ਖਿੱਚ ਦੇ ਕਾਰਨ) ।2।

(ਥਣ ਦੇ) ਦੁੱਧ ਵਿਚ (ਪਰਮਾਤਮਾ) ਖੰਡ ਤੇ ਸ਼ਹਿਦ (ਵਰਗੀ) ਅੰਮ੍ਰਿਤ (ਮਿਠਾਸ ਇਕੱਠੀ ਕਰਦਾ ਹੈ, ਪਰ ਜਿਵੇਂ (ਥਣ ਨੂੰ ਚੰਬੜੇ ਹੋਏ) ਚਿੱਚੜ ਦੀ (ਲਹੂ ਨਾਲ ਹੀ) ਪ੍ਰੀਤਿ ਹੈ (ਦੁੱਧ ਨਾਲ ਨਹੀਂ, ਤਿਵੇਂ) ਹੇ ਪਾਣੀ ਦੇ ਚਤੁਰ ਡੱਡੂ। ਤੂੰ (ਭੀ) ਆਪਣਾ ਸੁਭਾਉ ਕਦੇ ਨਹੀਂ ਛੱਡਦਾ (ਪਾਣੀ ਵਿਚ ਵੱਸਦੇ ਕੌਲ ਫੁੱਲ ਦੀ ਤੈਨੂੰ ਸਾਰ ਨਹੀਂ, ਤੂੰ ਪਾਣੀ ਦਾ ਜਾਲਾ ਹੀ ਖ਼ੁਸ਼ ਹੋ ਹੋ ਕੇ ਖਾਂਦਾ ਹੈਂ) ।3।

ਵਿਦਵਾਨਾਂ ਦੀ ਸੰਗਤਿ ਵਿਚ ਮੂਰਖ ਬੰਦੇ ਵੱਸਦੇ ਹਨ, ਉਹਨਾਂ ਪਾਸੋਂ ਉਹ ਵੇਦ ਸ਼ਾਸਤ੍ਰ ਭੀ ਸੁਣਦੇ ਹਨ (ਪਰ ਰਹਿੰਦੇ ਮੂਰਖ ਹੀ ਹਨ। ਆਪਣਾ ਮੂਰਖਤਾ ਦਾ ਸੁਭਾਉ ਨਹੀਂ ਛੱਡਦੇ) । ਜਿਵੇਂ ਕੁੱਤੇ ਦੀ ਪੂਛਲ (ਕਦੇ ਆਪਣਾ ਟੇਡਾ-ਪਨ ਨਹੀਂ ਛੱਡਦੀ, ਤਿਵੇਂ ਹੇ ਡੱਡੂ!) ਤੂੰ ਕਦੇ ਆਪਣਾ ਸੁਭਾਉ ਨਹੀਂ ਛੱਡਦਾ।4।

ਕਈ ਐਸੇ ਪਖੰਡੀ ਬੰਦੇ ਹੁੰਦੇ ਹਨ ਜੋ ਪਰਮਾਤਮਾ ਦੇ ਨਾਮ ਵਿਚ ਪਿਆਰ ਨਹੀਂ ਪਾਂਦੇ (ਸਦਾ ਪਖੰਡ ਵਲ ਹੀ ਰੁਚੀ ਰੱਖਦੇ ਹਨ) , ਕਈ ਐਸੇ ਹਨ (ਭਾਗਾਂ ਵਾਲੇ) ਜੋ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਦੇ ਹਨ।

ਹੇ ਨਾਨਕ! ਤੂੰ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰ, ਧੁਰੋਂ ਪਰਮਾਤਮਾ ਵਲੋਂ ਲਿਖੀ ਬਖ਼ਸ਼ਸ਼ ਅਨੁਸਾਰ ਤੈਨੂੰ ਇਹ ਦਾਤਿ ਪ੍ਰਾਪਤ ਹੋ ਜਾਇਗੀ।5।4।

ਮਾਰੂ ਮਹਲਾ ੧ ॥ ਸਲੋਕੁ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਨਾਨਕ ਜਿਸੁ ਮਸਤਕਿ ਭਾਗ ॥੧॥ ਸਬਦੁ ॥ ਸਖੀ ਸਹੇਲੀ ਗਰਬਿ ਗਹੇਲੀ ॥ ਸੁਣਿ ਸਹ ਕੀ ਇਕ ਬਾਤ ਸੁਹੇਲੀ ॥੧॥ ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥ ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥੧॥ ਰਹਾਉ ॥ ਹਉ ਦੋਹਾਗਣਿ ਖਰੀ ਰੰਞਾਣੀ ॥ ਗਇਆ ਸੁ ਜੋਬਨੁ ਧਨ ਪਛੁਤਾਣੀ ॥੨॥ ਤੂ ਦਾਨਾ ਸਾਹਿਬੁ ਸਿਰਿ ਮੇਰਾ ॥ ਖਿਜਮਤਿ ਕਰੀ ਜਨੁ ਬੰਦਾ ਤੇਰਾ ॥੩॥ ਭਣਤਿ ਨਾਨਕੁ ਅੰਦੇਸਾ ਏਹੀ ॥ ਬਿਨੁ ਦਰਸਨ ਕੈਸੇ ਰਵਉ ਸਨੇਹੀ ॥੪॥੫॥ {ਪੰਨਾ 990}

ਨੋਟ: ਵੇਖੋ ਮਾਰੂ ਰਾਗ ਦੇ ਪਹਿਲੇ ਸ਼ਬਦ ਵਾਲਾ ਨੋਟ। ਇਹ ਸਲੋਕ ਭੀ ਗੁਰੂ ਅਰਜਨ ਸਾਹਿਬ ਦਾ ਹੈ, ਅਤੇ ਗੂਜਰੀ ਕੀ ਵਾਰ ਮ: 5 ਵਿਚ ਪਉੜੀ ਨੰ: 4 ਦਾ ਦੂਜਾ ਸਲੋਕ ਹੈ। ਇਸ ਸਲੋਕ ਅਤੇ ਇਸ ਦੇ ਨਾਲ ਦੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦਾ ਕੇਂਦਰੀ ਭਾਵ ਇਕੋ ਹੀ ਹੈ।

ਪਦ ਅਰਥ: ਸਲੋਕੁ = ਪਤਿਤ = ਡਿੱਗੇ ਹੋਏ, ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਅਸੰਖ = ਬੇਅੰਤ ਜੀਵ। ਹੋਹਿ = ਹੋ ਜਾਂਦੇ ਹਨ। ਅਠਸਠਿ = ਅਠਾਹਠ। ਮਸਤਕਿ = ਮੱਥੇ ਉਤੇ।1।

ਅਰਥ: ਬੇਅੰਤ ਉਹ ਵਿਕਾਰੀ ਬੰਦੇ ਭੀ ਪਵਿਤ੍ਰ ਹੋ ਜਾਂਦੇ ਹਨ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗ ਜਾਂਦਾ ਹੈ। ਅਠਾਹਠ ਤੀਰਥ ਪਰਮਾਤਮਾ ਦਾ ਨਾਮ ਹੀ ਹੈ, ਪਰ, ਹੇ ਨਾਨਕ! (ਇਹ ਨਾਮ ਉਸ ਨੂੰ ਹੀ ਮਿਲਦਾ ਹੈ) ਜਿਸ ਦੇ ਮੱਥੇ ਉਤੇ (ਚੰਗੇ) ਭਾਗ ਹੋਣ।1।

ਪਦ ਅਰਥ: ਗਰਬਿ = ਗਰਬ ਵਿਚ, ਅਹੰਕਾਰ ਵਿਚ। ਗਹੇਲੀ = ਗ੍ਰਸੀ ਹੋਈ। ਸਹ ਕੀ = ਖਸਮ-ਪ੍ਰਭੂ ਦੀ। ਸੁਹੇਲੀ = ਸੁਖਦਾਈ।1।

ਮੈ ਬੇਦਨ = ਮੇਰੇ (ਦਿਲ ਦੀ) ਪੀੜ। ਆਖਾ = ਮੈਂ ਆਖਾਂ। ਮਾਈ = ਹੇ ਮਾਂ! ਜੀਉ = ਜਿੰਦ। ਕੈਸੇ = (ਹੋਰ ਕੋਈ) ਐਸਾ (ਤਰੀਕਾ ਨਹੀਂ) ਜਿਸ ਨਾਲ। ਰਾਖਾ = ਮੈਂ ਘਬਰਾਹਟ ਤੋਂ ਬਚ ਸਕਾਂ।1। ਰਹਾਉ।

ਦੋਹਾਗਣਿ = ਮੰਦੇ ਭਾਗਾਂ ਵਾਲੀ। ਖਰੀ = ਬਹੁਤ। ਰੰਞਾਣੀ = ਦੁਖੀ। ਸੁ ਜੋਬਨ = ਉਹ ਜਵਾਨੀ (ਜੋ ਪਤੀ ਨਾਲ ਮਿਲਾਂਦੀ ਹੈ) । ਧਨ = ਇਸਤ੍ਰੀ।2।

ਸਾਹਿਬੁ = ਮਾਲਕ। ਦਾਨਾ = (ਮੇਰੇ) ਦਿਲ ਦੀ ਜਾਣਨ ਵਾਲਾ। ਸਿਰਿ = ਸਿਰ ਉਤੇ। ਖਿਜਮਤਿ = ਖ਼ਿਦਮਤਿ, ਸੇਵਾ (ਨੋਟ: ਅਰਬੀ ਲਫ਼ਜ਼ਾਂ ਦਾ 'ਜ਼' ਅਤੇ 'ਦ' ਉਚਾਰਨ ਵਿਚ ਕਈ ਵਾਰ ਵਟਾਏ ਜਾ ਸਕਦੇ ਹਨ; ਜਿਵੇਂ 'ਕਾਜ਼ੀ' ਤੇ 'ਕਾਦੀ'; 'ਨਜ਼ਰਿ' ਤੇ 'ਨਦਰਿ', 'ਕਾਗ਼ਜ਼' ਤੇ 'ਕਾਗ਼ਦ'; ਕਾਜ਼ੀਆਂ ਤੇ 'ਕਾਦੀਆਂ') । ਕਰੀ = ਮੈਂ ਕਰਾਂ। ਬੰਦਾ = ਗ਼ੁਲਾਮ।3।

ਭਣਤਿ = ਆਖਦਾ ਹੈ। ਅੰਦੇਸਾ = ਫ਼ਿਕਰ, ਤੌਖ਼ਲਾ, ਚਿੰਤਾ। ਕੈਸੇ = (ਕੋਈ) ਐਸਾ (ਤਰੀਕਾ ਹੋਵੇ) ਜਿਸ ਨਾਲ। ਰਵਉ = ਮੈਂ ਮਿਲ ਸਕਾਂ। ਸਨੇਹੀ = ਸਨੇਹ ਕਰਨ ਵਾਲੇ ਪ੍ਰਭੂ ਨੂੰ, ਪਿਆਰੇ ਪ੍ਰਭੂ ਨੂੰ।4।

ਅਰਥ: ਹੇ (ਮੇਰੀ) ਮਾਂ! ਮੈਂ ਕਿਸ ਨੂੰ ਦੱਸਾਂ ਆਪਣੇ ਦਿਲ ਦੀ ਪੀੜ? (ਬਿਗਾਨੀ ਪੀੜ ਦੀ ਸਾਰ ਕੋਈ ਸਮਝ ਨਹੀਂ ਸਕਦਾ) । ਹੇ ਮਾਂ! ਪਰਮਾਤਮਾ (ਦੀ ਯਾਦ) ਤੋਂ ਬਿਨਾ ਮੇਰੀ ਜਿੰਦ ਰਹਿ ਨਹੀਂ ਸਕਦੀ। ਸਿਮਰਨ ਤੋਂ ਬਿਨਾ ਮੈਨੂੰ ਕੋਈ ਹੋਰ ਤਰੀਕਾ ਸੁੱਝਦਾ ਨਹੀਂ ਜਿਸ ਨਾਲ ਮੈਂ ਇਸ ਨੂੰ ਘਬਰਾਹਟ ਤੋਂ ਬਚਾ ਸਕਾਂ।1। ਰਹਾਉ।

ਹੇ ਆਪਣੇ ਹੀ ਰਸ-ਮਾਣ ਵਿਚ ਮੱਤੀ ਸਖੀਏ! ਮੇਰੀਏ ਸਹੇਲੀਏ! (ਹੇ ਮੇਰੇ ਕੰਨ! ਹੇ ਮੇਰੀ ਜੀਭ!) । ਖਸਮ-ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਦੀ ਹੀ ਗੱਲ ਸੁਣ (ਤੇ ਕਰ) , ਇਹ ਗੱਲ ਸੁਖ ਦੇਣ ਵਾਲੀ ਹੈ।1।

ਜਿਸ ਇਸਤ੍ਰੀ ਦਾ ਜਦੋਂ ਉਹ ਜੋਬਨ ਲੰਘ ਜਾਂਦਾ ਹੈ ਜੋ ਉਸ ਨੂੰ ਪਤੀ ਨਾਲ ਮਿਲਾ ਸਕਦਾ ਹੈ ਤਾਂ ਉਹ ਪਛੁਤਾਂਦੀ ਹੈ, (ਇਸੇ ਤਰ੍ਹਾਂ ਜੇ ਮੇਰਾ ਇਕ ਸੁਆਸ ਭੀ ਪ੍ਰਭੂ-ਮਿਲਾਪ ਤੋਂ ਬਿਨਾ ਲੰਘੇ ਤਾਂ) ਮੈਂ (ਆਪਣੇ ਆਪ ਨੂੰ) ਮੰਦੇ ਭਾਗਾਂ ਵਾਲੀ (ਸਮਝਦੀ ਹਾਂ) , ਮੈਂ ਬੜੀ ਦੁਖੀ (ਹੁੰਦੀ ਹਾਂ) ।2।

(ਹੇ ਪ੍ਰਭੂ!) ਤੂੰ ਮੇਰੇ ਸਿਰ ਉਤੇ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਦਾ ਹੈਂ (ਮੇਰੀ ਤਾਂਘ ਹੈ ਕਿ) ਤੇਰੀ ਚਾਕਰੀ ਕਰਦਾ ਰਹਾਂ, ਮੈਂ ਤੇਰਾ ਦਾਸ ਬਣਿਆ ਰਹਾਂ, ਮੈਂ ਤੇਰਾ ਗ਼ੁਲਾਮ ਬਣਿਆ ਰਹਾਂ।3।

ਨਾਨਕ ਆਖਦਾ ਹੈ– ਮੈਨੂੰ ਇਹੀ ਚਿੰਤਾ ਰਹਿੰਦੀ ਹੈ ਕਿ ਮੈਂ ਕਿਤੇ ਪਰਮਾਤਮਾ ਦੇ ਦਰਸ਼ਨ ਤੋਂ ਵਾਂਜਿਆ ਹੀ ਨਾਹ ਰਹਿ ਜਾਵਾਂ। ਕੋਈ ਐਸਾ ਤਰੀਕਾ ਹੋਵੇ ਜਿਸ ਨਾਲ ਮੈਂ ਉਸ ਪਿਆਰੇ ਪ੍ਰਭੂ ਨੂੰ ਮਿਲ ਸਕਾਂ।4।5।

TOP OF PAGE

Sri Guru Granth Darpan, by Professor Sahib Singh