ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 991

ਮਾਰੂ ਮਹਲਾ ੧ ॥ ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥ ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥ ਤੇਰੇ ਲਾਲੇ ਕਿਆ ਚਤੁਰਾਈ ॥ ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥ ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥ ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥ ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ ॥ ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥ ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥ ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ ॥੪॥੬॥ {ਪੰਨਾ 991}

ਪਦ ਅਰਥ: ਮੁਲ ਖਰੀਦੀ = ਮੁੱਲ ਖ਼ਰੀਦਿਆ ਹੋਇਆ, ਜਦੋਂ ਤੋਂ ਮੈਂ ਪ੍ਰੇਮ-ਕੀਮਤਿ ਦੇ ਵੱਟੇ ਖ਼ਰੀਦਿਆ ਗਿਆ ਹਾਂ, ਜਦੋਂ ਤੋਂ ਗੁਰੂ ਨੇ ਮੈਨੂੰ ਪ੍ਰਭੂ ਦਾ ਪਿਆਰ ਦੇ ਕੇ ਉਸ ਦੇ ਇਵਜ਼ ਮੇਰਾ ਆਪਾ-ਭਾਵ ਲੈ ਲਿਆ ਹੈ। ਲਾਲਾ = ਗ਼ੁਲਾਮ। ਗੋਲਾ = ਗ਼ੁਲਾਮ। ਸਭਾਗਾ = ਭਾਗਾਂ ਵਾਲਾ। ਮੇਰਾ ਨਾਉ ਸਭਾਗਾ = 'ਭਾਗਾਂ ਵਾਲਾ' ਮੇਰਾ ਨਾਮ ਪੈ ਗਿਆ ਹੈ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ। ਗੁਰ ਕੀ ਬਚਨੀ = ਗੁਰੂ ਦੇ ਉਪਦੇਸ਼ ਦੇ ਵੱਟੇ। ਹਾਟਿ = ਗੁਰੂ ਦੇ ਹੱਟ ਤੇ, ਗੁਰੂ ਦੇ ਦਰ ਤੇ। ਬਿਕਾਨਾ = ਮੈਂ ਵਿਕ ਗਿਆ ਹਾਂ, ਮੈਂ ਸਿਰ ਵੇਚ ਦਿੱਤਾ ਹੈ, ਮੈਂ ਆਪਾ-ਭਾਵ ਦੇ ਦਿੱਤਾ ਹੈ। ਜਿਤੁ = ਜਿਸ (ਕੰਮ) ਵਿਚ। ਤਿਤੁ = ਉਸੇ (ਕੰਮ) ਵਿਚ।1।

ਕਿਆ ਚਤੁਰਾਈ = ਕਾਹਦੀ ਅਕਲ ਹੈ? ਪੂਰੀ ਸਮਝ ਨਹੀਂ ਹੈ।1। ਰਹਾਉ।

ਮਾ = ਮੇਰੀ ਮਾਂ, ਮੇਰੀ ਮਤਿ। ਲਾਲੀ = ਦਾਸੀ, ਹੁਕਮ ਵਿਚ ਤੁਰਨ ਵਾਲੀ। ਮਾ ਲਾਲੀ = ਤੇਰੇ ਹੁਕਮ ਵਿਚ ਤੁਰਨ ਵਾਲੀ ਮੇਰੀ ਮਤਿ। ਪਿਉ = ਮੇਰਾ ਪਿਉ, ਸੰਤੋਖ, ਮੇਰੇ ਸੇਵਕ-ਜੀਵਨ ਨੂੰ ਜਨਮ ਦੇਣ ਵਾਲਾ ਸੰਤੋਖ {ਨੋਟ: ਜਿਥੇ ਸੰਤੋਖ ਹੈ ਉਥੇ ਹੀ ਸੇਵਾ-ਭਾਵ ਹੋ ਸਕਦਾ ਹੈ। ਸੰਤੋਖ ਸੇਵਾ-ਭਾਵ ਨੂੰ ਜਨਮ ਦੇਂਦਾ ਹੈ}। ਹਉ = ਮੈਂ, ਮੇਰਾ ਸੇਵਾ-ਭਾਵ। ਲਾਲੇ ਕਾ ਜਾਇਆ = ਸੰਤੋਖ-ਪਿਤਾ ਤੋਂ ਹੀ ਜੰਮਿਆ ਹੈ। ਲਾਲੀ ਨਾਚੈ = ਲਾਲੀ ਨੱਚਦੀ ਹੈ, ਮੇਰੀ ਮਤਿ ਉਤਸ਼ਾਹ ਵਿਚ ਆਉਂਦੀ ਹੈ। ਲਾਲਾ ਗਾਵੈ = ਲਾਲਾ ਗਾਂਦਾ ਹੈ, ਸੰਤੋਖ ਉਛਾਲੇ ਮਾਰਦਾ ਹੈ। ਕਰਉ = ਮੈਂ ਕਰਦਾ ਹਾਂ। ਰਾਇਆ = ਹੇ
ਪ੍ਰਕਾਸ਼-ਰੂਪ-ਪ੍ਰਭੂ!।2।

ਪੀਅਹਿ = ਜੇ ਤੂੰ ਪੀਵੇਂ। ਹੇ ਪ੍ਰਭੂ! ਆਪਣੀ ਰਚੀ ਖ਼ਲਕਤ ਵਿਚ ਵਿਆਪਕ ਹੋ ਕੇ ਜੇ ਤੈਨੂੰ ਪਾਣੀ ਦੀ ਲੋੜ ਪਏ। ਆਣੀ = ਮੈਂ ਲਿਆਵਾਂ। ਮੀਰਾ = ਹੇ (ਮੇਰੇ) ਪਾਤਿਸ਼ਾਹ! ਪੀਸਣ ਜਾਉ = ਮੈਂ ਚੱਕੀ ਪੀਹਣ ਜਾਵਾਂ। ਫੇਰੀ = ਮੈਂ ਫੇਰਾਂ।3।

ਲੂਣ ਹਰਾਮੀ = ਮਿਲੀ ਤਨਖ਼ਾਹ ਦੇ ਇਵਜ਼ ਵਿਚ ਪੂਰਾ ਸਾਂਵਾਂ ਕੰਮ ਨਾਹ ਕਰ ਸਕਣ ਵਾਲਾ। ਬਖਸਿਹਿ = ਜੇ ਤੂੰ ਬਖ਼ਸ਼ਸ਼ ਕਰੇਂ, ਜੇ ਤੇਰੀ ਆਪਣੀ ਮੇਹਰ ਹੋਵੇ। ਤੁਧੁ ਵਡਿਆਈ = ਤੈਨੂੰ ਵਡਿਆਈ ਮਿਲੇਗੀ, ਤੇਰੀ ਹੀ ਜੈ-ਜੈਕਾਰ ਹੋਵੇਗੀ। ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਦਇਆ ਪਤਿ = ਦਇਆ ਦਾ ਮਾਲਕ। ਤੁਧੁ ਵਿਣੁ = ਤੇਰੀ ਦਇਆ ਤੋਂ ਬਿਨਾ।4।

ਅਰਥ: (ਹੇ ਪ੍ਰਭੂ!) ਜਦੋਂ ਤੋਂ ਗੁਰੂ ਨੇ ਮੈਨੂੰ ਤੇਰਾ ਪ੍ਰੇਮ ਦੇ ਕੇ ਉਸਦੇ ਵੱਟੇ ਵਿਚ ਮੇਰਾ ਆਪਾ-ਭਾਵ ਖ਼ਰੀਦ ਲਿਆ ਹੈ, ਮੈਂ ਤੇਰਾ ਦਾਸ ਹੋ ਗਿਆ ਹਾਂ, ਮੈਂ ਤੇਰਾ ਗ਼ੁਲਾਮ ਹੋ ਗਿਆ ਹਾਂ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ। ਗੁਰੂ ਦੇ ਦਰ ਤੇ ਗੁਰੂ ਦੇ ਉਪਦੇਸ਼ ਦੇ ਇਵਜ਼ ਮੈਂ ਆਪਾ-ਭਾਵ ਦੇ ਦਿੱਤਾ ਹੈ, ਹੁਣ ਜਿਸ ਕੰਮ ਵਿਚ ਮੈਨੂੰ ਗੁਰੂ ਲਾਉਂਦਾ ਹੈ ਉਸੇ ਕੰਮ ਵਿਚ ਮੈਂ ਲੱਗਾ ਰਹਿੰਦਾ ਹਾਂ।1।

(ਪਰ ਹੇ ਪ੍ਰਭੂ!) ਮੈਨੂੰ ਤੇਰੇ ਗ਼ੁਲਾਮ ਨੂੰ ਅਜੇ ਪੂਰੀ ਸਮਝ ਨਹੀਂ ਹੈ, ਮੈਥੋਂ, ਹੇ ਸਾਹਿਬ! ਤੇਰਾ ਹੁਕਮ ਪੂਰੇ ਤੌਰ ਤੇ ਸਿਰੇ ਨਹੀਂ ਚੜ੍ਹਦਾ (ਅਕਲ ਤਾਂ ਇਹ ਚਾਹੀਦੀ ਸੀ ਕਿ ਸੇਵਾ ਹੁਕਮ ਤੋਂ ਵਧੀਕ ਕੀਤੀ ਜਾਏ; ਪਰ ਵਾਧਾ ਕਰਨਾ ਤਾਂ ਕਿਤੇ ਰਿਹਾ, ਪੂਰੀ ਭੀ ਨਿਬਾਹੀ ਨਹੀਂ ਜਾਂਦੀ) ।1। ਰਹਾਉ।

(ਗੁਰੂ ਦੀ ਮੇਹਰ ਨਾਲ) ਤੇਰੇ ਹੁਕਮ ਵਿਚ ਤੁਰਨ ਵਾਲੀ (ਮੇਰੀ ਮਤਿ ਬਣੀ ਉਸ ਮਤਿ-) ਮਾਂ (ਨੇ ਮੈਨੂੰ ਸੇਵਕ-ਜੀਵਨ ਵਾਲਾ ਜਨਮ ਦਿੱਤਾ) , (ਤੇਰਾ ਬਖ਼ਸ਼ਿਆ ਸੰਤੋਖ) ਮੇਰਾ ਪਿਉ ਬਣਿਆ। ਮੈਨੂੰ (ਮੇਰੇ ਸੇਵਕ-ਸੁਭਾਵ ਨੂੰ) ਸੰਤੋਖ-ਪਿਉ ਤੋਂ ਹੀ ਜਨਮ ਮਿਲਿਆ। ਹੁਣ, ਹੇ ਪ੍ਰਭੂ! ਜਿਉਂ ਜਿਉਂ ਮੈਂ ਤੇਰੀ ਭਗਤੀ ਕਰਦਾ ਹਾਂ ਮੇਰੀ ਮਾਂ (-ਮਤਿ) ਹੁਲਾਰੇ ਵਿਚ ਆਉਂਦੀ ਹੈ, ਮੇਰਾ ਪਿਉ (-ਸੰਤੋਖ) ਉਛਾਲੇ ਮਾਰਦਾ ਹੈ।2।

(ਹੇ ਪ੍ਰਭੂ! ਮੈਨੂੰ ਤਾਂ ਸਮਝ ਨਹੀਂ ਕਿ ਮੈਂ ਕਿਸ ਤਰ੍ਹਾਂ ਤੇਰਾ ਹੁਕਮ ਪੂਰੇ ਤੌਰ ਤੇ ਕਮਾ ਸਕਾਂ, ਪਰ ਜੇ ਤੂੰ ਮੇਹਰ ਕਰੇਂ ਤਾਂ) ਹੇ ਪਾਤਿਸ਼ਾਹ! ਮੈਂ ਤੇਰੇ (ਬੰਦਿਆਂ) ਲਈ ਪੀਣ ਵਾਸਤੇ ਪਾਣੀ ਢੋਵਾਂ, ਤੇਰੇ (ਬੰਦਿਆਂ ਦੇ) ਖਾਣ ਵਾਸਤੇ ਚੱਕੀ ਪੀਹਾਂ, ਪੱਖਾ ਫੇਰਾਂ, ਤੇਰੇ (ਬੰਦਿਆਂ ਦੇ) ਪੈਰ ਘੁੱਟਾਂ, ਤੇ ਸਦਾ ਤੇਰਾ ਨਾਮ ਜਪਦਾ ਰਹਾਂ।3।

(ਪਰ ਹੇ ਦਇਆ ਦੇ ਮਾਲਕ ਪ੍ਰਭੂ!) ਤੇਰਾ ਗ਼ੁਲਾਮ ਨਾਨਕ ਤੇਰੀ ਉਤਨੀ ਖ਼ਿਦਮਤ ਨਹੀਂ ਕਰ ਸਕਦਾ ਜਿਤਨੀਆਂ ਤੂੰ ਬਖ਼ਸ਼ਸ਼ਾਂ ਕਰ ਰਿਹਾ ਹੈਂ (ਤੇਰਾ ਗ਼ੁਲਾਮ) ਤੇਰੀਆਂ ਬਖ਼ਸ਼ਸ਼ਾਂ ਦੇ ਮੋਹ ਵਿਚ ਹੀ ਫਸ ਜਾਂਦਾ ਹੈ, ਖ਼ਿਦਮਤ ਕਰਾਣ ਵਾਸਤੇ ਭੀ ਜੇ ਤੂੰ ਆਪ ਹੀ ਮੇਹਰ ਕਰੇਂ (ਤਾਂ ਮੈਂ ਖ਼ਿਦਮਤ ਕਰ ਸਕਾਂਗਾ, ਇਸ ਵਿਚ ਭੀ) ਤੇਰੀ ਹੀ ਜੈ-ਜੈਕਾਰ ਹੋਵੇਗੀ। ਤੂੰ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਦਇਆ ਦਾ ਮਾਲਕ ਹੈਂ ਦਾਤਾਂ ਦੇਂਦਾ ਆਇਆ ਹੈਂ (ਇਹਨਾਂ ਦਾਤਾਂ ਦੇ ਮੋਹ ਤੋਂ) ਖ਼ਲਾਸੀ ਤੇਰੀ ਸਹੈਤਾ ਤੋਂ ਬਿਨਾ ਨਹੀਂ ਹੋ ਸਕਦੀ।4।6।

ਮਾਰੂ ਮਹਲਾ ੧ ॥ ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥ ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥ ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥ ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥ ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥ ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥ ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥ ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥ {ਪੰਨਾ 991}

ਪਦ ਅਰਥ: ਬੇਤਾਲਾ = ਜਿੰਨ। ਵੇਚਾਰਾ = ਆਜਿਜ਼, ਨਿਮਾਣਾ ਜੇਹਾ।1।

ਭਇਆ = ਹਉ ਭਇਆ, ਮੈਂ ਹੋ ਗਿਆ ਹਾਂ। ਦਿਵਾਨਾ = ਮਸਤਾਨਾ, ਆਸ਼ਿਕ, ਪ੍ਰੇਮੀ। ਸਾਹ ਕਾ = ਸ਼ਾਹ-ਪ੍ਰਭੂ (ਦੇ ਨਾਮ) ਦਾ। ਬਉਰਾਨਾ = ਝੱਲਾ, ਕਮਲਾ। ਹਉ = ਮੈਂ। ਨ ਜਾਨਾ = ਮੈਂ ਨਹੀਂ ਜਾਣਦਾ, ਮੈਂ ਡੂੰਘੀ ਸਾਂਝ ਨਹੀਂ ਪਾਂਦਾ।1। ਰਹਾਉ।

ਤਉ = ਤਦੋਂ। ਜਾਣੀਐ = ਸਮਝਿਆ ਜਾਂਦਾ ਹੈ। ਭੈ = ਦੁਨੀਆ ਦੇ ਡਰਾਂ ਵਲੋਂ। ਦੇਵਾਨਾ = ਬੇ-ਪਰਵਾਹ। ਨ ਜਾਣੈ = ਨਹੀਂ ਪਛਾਣਦਾ, ਮੁਥਾਜੀ ਨਹੀਂ ਕਰਦਾ।2।

ਕਾਇ = ਕਿਸੇ ਅਰਥ ਨਹੀਂ।3।

ਸਾਹਿਬ ਪਿਆਰੁ = ਸਾਹਿਬ ਦਾ ਪਿਆਰ। ਧਰੇ = (ਆਪਣੇ ਮਨ ਵਿਚ) ਧਰਦਾ ਹੈ।4।

ਅਰਥ: ਮੈਂ ਸ਼ਾਹ-ਪ੍ਰਭੂ ਦੇ ਨਾਮ ਦਾ ਆਸ਼ਿਕ ਹੋ ਗਿਆ ਹਾਂ, ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਡੂੰਘੀਆਂ ਸਾਂਝਾਂ ਨਹੀਂ ਪਾਂਦਾ, (ਇਸ ਵਾਸਤੇ ਦੁਨੀਆ ਆਖਦੀ ਹੈ ਕਿ) ਨਾਨਕ ਝੱਲਾ ਹੋ ਗਿਆ ਹੈ।1। ਰਹਾਉ।

(ਦੁਨੀਆ ਦੇ ਲੋਕਾਂ ਨਾਲ ਡੂੰਘੀਆਂ ਸਾਂਝਾਂ ਨਾਹ ਪਾਣ ਕਰ ਕੇ) ਕੋਈ ਆਖਦਾ ਹੈ ਕਿ ਨਾਨਕ ਤਾਂ ਕੋਈ ਭੂਤ ਹੈ (ਕਿਉਂਕਿ ਇਹ ਬੰਦਿਆਂ ਤੋਂ ਤ੍ਰਹਿੰਦਾ ਹੈ) ਕੋਈ ਆਖਦਾ ਹੈ ਕਿ ਨਾਨਕ ਕੋਈ ਜਿੰਨ ਹੈ (ਜੋ ਬੰਦਿਆਂ ਤੋਂ ਪਰੇ ਪਰੇ
ਜੂਹ-ਉਜਾੜ ਵਿਚ ਹੀ ਬਹੁਤਾ ਚਿਰ ਟਿਕਿਆ ਰਹਿੰਦਾ ਹੈ) । ਪਰ ਕੋਈ ਬੰਦਾ ਆਖਦਾ ਹੈ (ਨਹੀਂ) ਨਾਨਕ ਹੈ ਤਾਂ (ਸਾਡੇ ਵਰਗਾ) ਆਦਮੀ (ਹੀ) ਉਂਞ ਹੈ ਆਜਿਜ਼ ਜੇਹਾ।1।

ਜਦੋਂ ਮਨੁੱਖ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਕਿਸੇ ਹੋਰ ਦੀ ਖ਼ੁਸ਼ਾਮਦ-ਮੁਥਾਜੀ ਨਹੀਂ ਕਰਦਾ) ਜਦੋਂ ਉਹ ਦੁਨੀਆ ਦੇ ਡਰ-ਫ਼ਿਕਰਾਂ ਵਲੋਂ ਬੇ-ਪਰਵਾਹ ਜੇਹਾ ਹੋ ਜਾਂਦਾ ਹੈ, ਤਦੋਂ (ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ) ਉਹ ਝੱਲਾ ਸਮਝਿਆ ਜਾਂਦਾ ਹੈ।2।

ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਣ ਲੱਗ ਪੈਂਦਾ ਹੈ (ਰਜ਼ਾ ਦੇ ਉਲਟ ਤੁਰਨ ਲਈ ਆਪਣੀ) ਕਿਸੇ ਹੋਰ ਚਤੁਰਾਈ ਦਾ ਆਸਰਾ ਨਹੀਂ ਲੈਂਦਾ, ਜਦੋਂ ਮਨੁੱਖ ਸਿਰਫ਼ (ਰਜ਼ਾ ਵਿਚ ਰਾਜ਼ੀ ਰਹਿਣ ਦੀ ਹੀ) ਕਾਰ ਕਰਦਾ ਹੈ, (ਹਰੇਕ ਕਿਰਤ-ਕਾਰ ਵਿਚ ਪ੍ਰਭੂ ਦੀ ਰਜ਼ਾ ਨੂੰ ਹੀ ਮੁਖ ਮੰਨਦਾ ਹੈ) ਤਾਂ ਲੋਕਾਂ ਦੀਆਂ ਨਜ਼ਰਾਂ ਵਿਚ ਉਹ ਝੱਲਾ ਮੰਨਿਆ ਜਾਂਦਾ ਹੈ।3।

ਜਦੋਂ ਮਨੁੱਖ ਆਪਣੇ ਆਪ ਨੂੰ (ਹੋਰ ਸਭਨਾਂ ਨਾਲੋਂ) ਮਾੜਾ ਸਮਝਦਾ ਹੈ, ਜਦੋਂ ਹੋਰ ਜਗਤ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ, ਜਦੋਂ ਮਨੁੱਖ ਮਾਲਿਕ-ਪ੍ਰਭੂ ਦਾ ਪਿਆਰ ਹੀ (ਆਪਣੇ ਹਿਰਦੇ ਵਿਚ) ਟਿਕਾਈ ਰੱਖਦਾ ਹੈ, ਤਦੋਂ ਉਹ (ਦੁਨੀਆ ਦੀਆਂ ਨਿਗਾਹਾਂ ਵਿਚ) ਝੱਲਾ ਜਾਣਿਆ ਜਾਂਦਾ ਹੈ।4।7।

ਮਾਰੂ ਮਹਲਾ ੧ ॥ ਇਹੁ ਧਨੁ ਸਰਬ ਰਹਿਆ ਭਰਪੂਰਿ ॥ ਮਨਮੁਖ ਫਿਰਹਿ ਸਿ ਜਾਣਹਿ ਦੂਰਿ ॥੧॥ ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ ॥ ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥੧॥ ਰਹਾਉ ॥ ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥ ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥੨॥ ਇਸੁ ਧਨ ਕੀ ਦੇਖਹੁ ਵਡਿਆਈ ॥ ਸਹਜੇ ਮਾਤੇ ਅਨਦਿਨੁ ਜਾਈ ॥੩॥ ਇਕ ਬਾਤ ਅਨੂਪ ਸੁਨਹੁ ਨਰ ਭਾਈ ॥ ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥ ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ ॥ ਸਤਿਗੁਰੁ ਮਿਲੈ ਤ ਇਹੁ ਧਨੁ ਪਾਏ ॥੫॥੮॥ {ਪੰਨਾ 991}

ਪਦ ਅਰਥ: ਇਹੁ ਧਨੁ = ਪਰਮਾਤਮਾ ਦਾ ਨਾਮ-ਧਨ। ਸਰਬ = ਸਭ ਵਿਚ। ਮਨਮੁਖ = ਉਹ ਬੰਦੇ ਜਿਨ੍ਹਾਂ ਦਾ ਮੂੰਹ ਆਪਣੇ ਵਲ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਫਿਰਹਿ = (ਦੁਨੀਆਵੀ ਧਨ ਦੀ ਖ਼ਾਤਰ) ਭਟਕਦੇ ਫਿਰਦੇ ਹਨ। ਸਿ = ਉਹ ਬੰਦੇ।1।

ਵਖਰੁ = ਸੌਦਾ। ਰਿਦੈ ਹਮਾਰੈ = ਸਾਡੇ ਹਿਰਦੇ ਵਿਚ, ਮੇਰੇ ਹਿਰਦੇ ਵਿਚ (ਵੱਸ ਪਏ) । ਤਿਸੈ = ਉਸ (ਮਨੁੱਖ) ਨੂੰ। ਨਿਸਤਾਰੈ = (ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।1। ਰਹਾਉ।

ਤਸਕਰੁ = ਚੋਰ। ਇਸੁ ਧਨ ਕਉ = ਇਸ ਨਾਮ-ਧਨ ਦੀ ਖ਼ਾਤਰ।2।

ਵਡਿਆਈ = ਵੱਡਾ ਗੁਣ। ਸਹਜੇ = ਸਹਿਜ ਵਿਚ, ਅਡੋਲ ਅਵਸਥਾ ਵਿਚ। ਮਾਤੇ = ਮਸਤ ਰਿਹਾਂ। ਅਨਦਿਨੁ = ਹਰੇਕ ਦਿਨ। ਜਾਈ = ਲੰਘਦਾ ਹੈ, ਗੁਜ਼ਰਦਾ ਹੈ।3।

ਅਨੂਪ = ਸੋਹਣੀ। ਨਰ ਭਾਈ = ਹੇ ਭਾਈ ਜਨੋ! ਕਹਹੁ = ਦੱਸੋ। ਕਿਨੈ = ਕਿਸੇ ਮਨੁੱਖ ਨੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।4।

ਭਣਤਿ = ਆਖਦਾ ਹੈ। ਅਕਥ = ਉਹ ਪਰਮਾਤਮਾ ਜਿਸ ਦੇ ਗੁਣ ਬਿਆਨ ਨ ਕੀਤੇ ਜਾ ਸਕਣ। ਪਾਏ = ਪ੍ਰਾਪਤ ਕਰਦਾ ਹੈ।5।

ਅਰਥ: ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ-ਧਨ ਨਾਮ-ਵੱਖਰ ਦੇਂਦਾ ਹੈਂ ਉਸ ਨੂੰ ਇਹ ਨਾਮ-ਧਨ (ਮਾਇਆ ਦੀ ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। (ਮੇਹਰ ਕਰ) ਤੇਰਾ ਇਹ ਨਾਮ-ਧਨ ਇਹ ਨਾਮ-ਵੱਖਰ ਮੇਰੇ ਹਿਰਦੇ ਵਿਚ ਭੀ ਵੱਸ ਪਏ।1। ਰਹਾਉ।

(ਪਰਮਾਤਮਾ ਹਰ ਥਾਂ ਜ਼ੱ​ਰੇ ਜ਼ੱ​ਰੇ ਵਿਚ ਵਿਆਪਕ ਹੈ, ਉਸ ਦਾ) ਇਹ ਨਾਮ-ਧਨ (ਭੀ) ਸਭ ਵਿਚ ਮੌਜੂਦ ਹੈ, (ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਨੂੰ ਹਰ ਥਾਂ ਹੀ ਵੇਖ ਸਕੀਦਾ ਹੈ ਤੇ ਉਸ ਦੀ ਯਾਦ ਨੂੰ ਹਿਰਦੇ ਵਿਚ ਵਸਾ ਸਕੀਦਾ ਹੈ) , ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਭਟਕਦੇ ਫਿਰਦੇ ਹਨ, ਅਤੇ ਉਹ ਬੰਦੇ (ਪਰਮਾਤਮਾ ਨੂੰ, ਪਰਮਾਤਮਾ ਦੇ ਨਾਮ-ਧਨ ਨੂੰ) ਕਿਤੇ ਦੂਰ ਦੁਰੇਡੇ ਥਾਂ ਤੇ ਸਮਝਦੇ ਹਨ।1।

(ਹਿਰਦੇ ਵਿਚ ਵਸਾਇਆ ਹੋਇਆ ਪਰਮਾਤਮਾ ਦਾ ਨਾਮ) ਇਕ ਐਸਾ ਧਨ ਹੈ ਜੋ ਨਾਹ ਸੜਦਾ ਹੈ ਨਾਹ ਹੀ ਇਸ ਨੂੰ ਕੋਈ ਚੋਰ ਚੁਰਾ ਕੇ ਲੈ ਜਾ ਸਕਦਾ ਹੈ, ਇਹ ਧਨ (ਪਾਣੀਆਂ ਹੜ੍ਹਾਂ ਵਿਚ ਭੀ) ਡੁੱਬਦਾ ਨਹੀਂ ਹੈ ਅਤੇ ਨਾਹ ਹੀ ਇਸ ਧਨ ਦੀ ਖ਼ਾਤਰ ਕਿਸੇ ਨੂੰ ਕੋਈ ਦੰਡ ਮਿਲਦਾ ਹੈ।2।

ਵੇਖੋ, ਇਸ ਧਨ ਦਾ ਵੱਡਾ ਗੁਣ ਇਹ ਹੈ ਕਿ (ਜਿਸ ਮਨੁੱਖ ਦੇ ਪਾਸ ਇਹ ਧਨ ਹੈ, ਉਸ ਦੀ ਜ਼ਿੰਦਗੀ ਦਾ) ਹਰੇਕ ਦਿਹਾੜਾ ਅਡੋਲ ਅਵਸਥਾ ਵਿਚ ਮਸਤ ਰਿਹਾਂ ਹੀ ਗੁਜ਼ਰਦਾ ਹੈ।3।

ਹੇ ਭਾਈ ਜਨੋ! (ਇਸ ਨਾਮ-ਧਨ ਦੀ ਬਾਬਤ) ਇਕ ਹੋਰ ਸੋਹਣੀ ਗੱਲ (ਭੀ) ਸੁਣੋ (ਉਹ ਇਹ ਹੈ ਕਿ) ਇਸ ਧਨ (ਦੀ ਪ੍ਰਾਪਤੀ) ਤੋਂ ਬਿਨਾ ਕਦੇ ਕਿਸੇ ਨੂੰ ਉੱਚੀ ਆਤਮਕ ਅਵਸਥਾ ਨਹੀਂ ਮਿਲੀ।4।

ਨਾਨਕ ਆਖਦਾ ਹੈ– ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ ਉਹ ਇਹ ਨਾਮ-ਧਨ ਹਾਸਲ ਕਰ ਲੈਂਦਾ ਹੈ ਤੇ ਫਿਰ ਉਹ (ਹੋਰਨਾਂ ਨੂੰ) ਉਸ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ਜਿਸ ਦੇ ਗੁਣ ਕਿਸੇ ਪਾਸੋਂ ਬਿਆਨ ਨਹੀਂ ਹੋ ਸਕਦੇ।5।8।

ਮਾਰੂ ਮਹਲਾ ੧ ॥ ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥ ਮੂੜੇ ਕਾਇਚੇ ਭਰਮਿ ਭੁਲਾ ॥ ਨਹ ਚੀਨਿਆ ਪਰਮਾਨੰਦੁ ਬੈਰਾਗੀ ॥੧॥ ਰਹਾਉ ॥ ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥ ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੩॥੯॥ {ਪੰਨਾ 991-992}

ਪਦ ਅਰਥ: ਸਰੁ = ਤਾਲਾਬ। ਸੂਰ ਸੁਰ = ਸੂਰਜ ਦਾ ਤਾਲਾਬ, ਤਪਸ਼ ਦਾ ਸੋਮਾ, ਤਮੋਗੁਣੀ ਸੁਭਾਉ। ਸੋਸਿ ਲੈ = ਸੁਕਾ ਲੈ, ਮੁਕਾ ਦੇਹ। ਸੂਰ = ਪਿੰਗਲਾ ਨਾੜੀ, ਸੱਜੀ ਸੁਰ, ਸੱਜੀ ਨਾਸ। ਸੋਸਿ ਲੈ = ਸੁਕਾ ਦੇਹ (ਭਾਵ, ਪ੍ਰਾਣ ਉਤਾਰ ਦੇਹ, ਸੁਆਸ ਬਾਹਰ ਕੱਢ) । ਸੋਮ = ਚੰਦ੍ਰਮਾ। ਸੋਮ ਸਰੁ = ਚੰਦ੍ਰਮਾ ਦਾ ਤਾਲਾਬ, ਠੰਢ-ਸ਼ਾਂਤੀ ਦਾ ਸੋਮਾ, ਸਤੋਗੁਣੀ ਸੁਭਾਉ, ਸ਼ਾਂਤੀ ਸੁਭਾਉ। ਪੋਖਿ ਲੈ = ਪਾਲ ਲੈ, ਭਰ ਲੈ, ਤਕੜਾ ਕਰ। ਸੋਮ = ਖੱਬੀ ਨਾਸ, ਇੜਾ ਨਾੜੀ। ਪੋਖਿ ਲੈ = ਭਰ ਲੈ, ਉਤਾਂਹ ਚਾੜ੍ਹ, ਅੰਦਰ ਵਲ ਖਿੱਚ ਲੈ। ਜੁਗਤਿ = ਮਰਯਾਦਾ, ਸੁਜੱਚਾ ਢੰਗ। ਜੁਗਤਿ ਕਰਿ = (ਜ਼ਿੰਦਗੀ ਦਾ) ਸੁਚੱਜਾ ਢੰਗ ਬਣਾ। ਮਰਤੁ = {mw{q`} ਹਵਾ, ਪ੍ਰਾਣ, ਸੁਆਸ। ਜੁਗਤਿ ਕਰਿ ਮਰਤੁ = ਜੀਵਨ ਦੇ ਸੁਚੱਜੇ ਢੰਗ ਨੂੰ 'ਸੁਆਸ ਸੁਖਮਨਾ ਵਿਚ ਟਿਕਾਣੇ' ਬਣਾ। ਸੁ = ਉਹ, ਅਜੇਹਾ। ਸਨਬੰਧੁ = ਮੇਲ। ਕੀਜੈ = ਕਰਨਾ ਚਾਹੀਦਾ ਹੈ। ਮੀਨ = ਮੱਛੀ। ਚਪਲ = ਚੰਚਲ। ਮੀਨ ਕੀ ਚਪਲ = ਮੱਛੀ ਦੀ ਚੰਚਲਤਾ। ਸਿਉ ਜੁਗਤਿ = ਜੁਗਤਿ ਸਿਉ, (ਇਸ) ਜੁਗਤਿ ਨਾਲ। ਮੀਨ ਕੀ ਚਪਲ ਮਨੁ = ਮੱਛੀ ਦੀ ਚਪਲਤਾ ਵਾਲਾ ਮਨ, ਮੱਛੀ ਵਰਗਾ ਚੰਚਲ ਮਨ। ਰਾਖੀਐ = ਸਾਂਭ ਰੱਖਣਾ ਚਾਹੀਦਾ ਹੈ। ਹੰਸੁ = ਜੀਵਤਮਾ, ਮਨ। ਉਡੈ ਨਹ = (ਇਸ ਤਰ੍ਹਾਂ) ਭਟਕਦਾ ਨਹੀਂ। ਕੰਧੁ = ਸਰੀਰ। ਨਹ ਛੀਜੈ = ਛਿੱਜਦਾ ਨਹੀਂ, ਵਿਕਾਰਾਂ ਵਿਚ ਗਲਦਾ ਨਹੀਂ।1।

ਮੂੜੇ = ਹੇ ਮੂਰਖ! ਕਾਇਚੇ = ਕਾਹਦੇ ਵਾਸਤੇ? ਕਿਉਂ? ਭਰਮਿ = ਭੁਲੇਖੇ ਵਿਚ (ਪੈ ਕੇ) । ਭੁਲਾ = ਖੁੰਝ ਰਿਹਾ ਹੈਂ। ਚੀਨਿਆ = ਪਛਾਣਿਆ। ਪਰਮਾਨੰਦੁ = ਉਹ ਪਰਮਾਤਮਾ ਜੋ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ। ਬੈਰਾਗੀ = ਮਾਇਆ ਵਲੋਂ ਉਪਰਾਮ (ਹੋ ਕੇ) ।1। ਰਹਾਉ।

ਜਰਾ = ਬੁਢੇਪਾ। ਅਜਰ = {ਅ-ਜਰਾ} ਜਿਸ ਨੂੰ ਬੁਢੇਪਾ ਪੋਹ ਨਹੀਂ ਸਕਦਾ ਉਹ ਪਰਮਾਤਮਾ। ਗਹੁ = ਪਕੜ, ਰੋਕ। ਅਜਰ ਗਹੁ = ਜਰਾ-ਰਹਿਤ ਪ੍ਰਭੂ ਦੇ ਮਿਲਾਪ ਦੇ ਰਸਤੇ ਵਿਚ ਰੋਕ ਪਾਣ ਵਾਲਾ (ਮੋਹ) । ਜਾਰਿ ਲੈ = ਸਾੜ ਦੇਹ। ਅਮਰ = ਮੌਤ-ਰਹਿਤ ਪ੍ਰਭੂ। ਅਮਰ ਗਹੁ = ਮੌਤ-ਰਹਿਤ ਹਰੀ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲਾ (ਮਨ) । ਮਾਰਿ ਲੈ = ਵੱਸ ਵਿਚ ਕਰ ਲੈ। ਭ੍ਰਾਤਿ = ਭਟਕਣਾ। ਤਜਿ ਛੋਡਿ = ਤਿਆਗ ਦੇਹ। ਤਉ = ਤਦੋਂ। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਜੈ = ਪੀ ਸਕੀਦਾ ਹੈ।2।

ਭਣਤਿ = ਆਖਦਾ ਹੈ। ਨਾਨਕੁ ਜਨੋ = ਨਾਨਕੁ ਜਨੁ, ਦਾਸ ਨਾਨਕ। ਮਨੋ = ਮਨੁ। ਰਵੈ = ਸਿਮਰੇ। ਮਨ ਸਿਉ = ਮਨ ਨਾਲ, ਮਨ (ਦੀ ਇਕਾਗ੍ਰਤਾ) ਨਾਲ। ਪਵਨ = ਹਵਾ, ਸੁਆਸ, ਸੁਆਸ ਸੁਆਸ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ।3।

ਅਰਥ: (ਹੇ ਜੋਗੀ!) ਤੂੰ ਜਗਤ ਦੀ ਮਾਇਆ ਵਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪਰਮਾਤਮਾ ਨੂੰ ਅਜੇ ਤਕ ਪਛਾਣ ਨਹੀਂ ਸਕਿਆ, ਹੇ ਮੂਰਖ! ਤੂੰ (ਪ੍ਰਾਣਾਯਾਮ ਦੇ) ਭੁਲੇਖੇ ਵਿਚ ਪੈ ਕੇ ਕਿਉਂ (ਜੀਵਨ ਦੇ ਅਸਲੀ ਤੋਂ) ਲਾਂਭੇ ਜਾ ਰਿਹਾ ਹੈਂ?।1। ਰਹਾਉ।

(ਹੇ ਜੋਗੀ!) ਤੂੰ ਤਾਮਸੀ ਸੁਭਾਵ ਨੂੰ ਦੂਰ ਕਰ (ਇਹ ਹੈ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ) , ਸ਼ਾਂਤੀ ਸੁਭਾਵ ਨੂੰ (ਆਪਣੇ ਅੰਦਰ) ਤਕੜਾ ਕਰ (ਇਹ ਹੈ ਖੱਬੀ ਨਾਸ ਦੇ ਰਸਤੇ ਪ੍ਰਾਣ ਚੜ੍ਹਾਣੇ) । ਸੁਆਸ ਸੁਆਸ ਨਾਮ ਜਪਣ ਵਾਲਾ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ (ਇਹ ਹੈ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿਚ ਟਿਕਾਣਾ) । (ਬੱਸ! ਹੇ ਜੋਗੀ! ਪਰਮਾਤਮਾ ਦੇ ਚਰਨਾਂ ਵਿਚ ਜੁੜਨ ਦਾ ਕੋਈ) ਅਜੇਹਾ ਮੇਲ ਮਿਲਾਓ। ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਨਾਹ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੁੰਦਾ ਹੈ।1।

(ਹੇ ਜੋਗੀ!) ਜਰਾ-ਰਹਿਤ ਪ੍ਰਭੂ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲੇ ਮੋਹ ਨੂੰ (ਆਪਣੇ ਅੰਦਰੋਂ) ਸਾੜ ਦੇ, ਮੌਤ-ਰਹਿਤ ਹਰੀ ਦੇ ਮਿਲਾਪ ਦੇ ਰਸਤੇ ਵਿਚ ਵਿਘਨ ਪਾਣ ਵਾਲੇ ਮਨ ਨੂੰ ਵੱਸ ਵਿਚ ਕਰ ਰੱਖ, ਭਟਕਣਾ ਛੱਡ ਦੇ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਸਕੀਦਾ ਹੈ। ਇਸੇ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਦੌੜਨੋਂ ਹਟ ਜਾਂਦਾ ਹੈ, ਸਰੀਰ ਭੀ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੋਣੋਂ ਬਚ ਜਾਂਦਾ ਹੈ।2।

ਦਾਸ ਨਾਨਕ ਆਖਦਾ ਹੈ ਜੇ ਮਨੁੱਖ ਦਾ ਮਨ ਪਰਮਾਤਮਾ ਦਾ ਸਿਮਰਨ ਕਰੇ, ਤਾਂ ਮਨੁੱਖ ਮਨ ਦੀ ਇਕਾਗ੍ਰਤਾ ਨਾਲ ਸੁਆਸ ਸੁਆਸ (ਨਾਮ ਜਪ ਕੇ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ। ਇਸ ਤਰੀਕੇ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਤੇ ਸਰੀਰ ਭੀ ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ।3।9।

TOP OF PAGE

Sri Guru Granth Darpan, by Professor Sahib Singh