ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 992

ਮਾਰੂ ਮਹਲਾ ੧ ॥ ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥ ਬੋਹਿਥੁ ਜਲ ਸਿਰਿ ਤਰਿ ਟਿਕੈ ਸਾਚਾ ਵਖਰੁ ਜਿਤੁ ॥ ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥ ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥੧॥ ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥ ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ ॥ ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥ ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥ ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ ॥ ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ ॥੨॥ ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ ॥ ਅੰਧੁਲੈ ਮਾਣਕੁ ਗੁਰੁ ਪਕੜਿਆ ਨਿਤਾਣਿਆ ਤੂ ਤਾਣੁ ॥ ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ ॥ ਨਾਮ ਬਿਨਾ ਨਾਹੀ ਦਰਿ ਢੋਈ ਝੂਠਾ ਆਵਣ ਜਾਣੁ ॥੩॥ ਸਾਚਾ ਨਾਮੁ ਸਲਾਹੀਐ ਸਾਚੇ ਤੇ ਤ੍ਰਿਪਤਿ ਹੋਇ ॥ ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥ ਜਬ ਲਗੁ ਸਾਹਿਬੁ ਮਨਿ ਵਸੈ ਤਬ ਲਗੁ ਬਿਘਨੁ ਨ ਹੋਇ ॥ ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ ॥੪॥੧੦॥ {ਪੰਨਾ 992}

ਪਦ ਅਰਥ: ਮਾਇਆ = ਮਾਇਆ ਦਾ ਪ੍ਰਭਾਵ। ਸਰੁ = ਹਿਰਦਾ-ਸਰੋਵਰ। ਲਹਿਰ = ਲਹਿਰਾਂ ਨਾਲ (ਭਰਪੂਰ) । ਮੈ ਲਹਰੀ = ਮੈਂ ਮੈਂ ਦੀਆਂ ਲਹਿਰਾਂ ਨਾਲ। ਮਤੁ = ਮਸਤ, ਨਕਾ-ਨਕ ਭਰਿਆ ਹੋਇਆ। ਬੋਹਿਥੁ = ਜਹਾਜ਼। ਜਲ ਸਿਰਿ = (ਮੈਂ ਮੈਂ ਦੀਆਂ ਲਹਿਰਾਂ ਦੇ) ਪਾਣੀ ਦੇ ਸਿਰ ਉਤੇ। ਤਰਿ = ਤਰ ਕੇ। ਸਾਚਾ ਵਖਰੁ = ਸਦਾ ਕਾਇਮ ਰਹਿਣ ਵਾਲਾ ਨਾਮ-ਸੌਦਾ। ਜਿਤੁ = ਜਿਸ (ਬੋਹਿਥ) ਵਿਚ। ਮਾਣਕੁ = ਮੋਤੀ। ਮਾਰਸੀ = ਵੱਸ ਵਿਚ ਰੱਖੇਗਾ। ਸਚਿ = ਸੱਚ ਵਿਚ (ਜੁੜੇ ਰਹਿਣ ਨਾਲ) । ਕਤੁ = ਚੀਰ, ਤ੍ਰੇੜ, (ਮਨ ਵਿਚ) ਚੀਰ। ਰਾਜਾ = ਜੀਵਾਤਮਾ। ਤਖਤਿ = ਹਿਰਦੇ-ਤਖ਼ਤ ਉਤੇ, ਅਡੋਲਤਾ ਦੇ ਤਖ਼ਤ ਉਤੇ। ਗੁਣੀ = ਗੁਣਾਂ ਦੇ ਕਾਰਨ। ਭੈ ਪੰਚਾਇਣ = ਪੰਚਾਇਣ ਦੇ ਡਰ ਵਿਚ। ਰਤੁ = ਰੱਤਾ ਹੋਇਆ। ਪੰਚਾਇਣ = ਪਰਮਾਤਮਾ {ਪੰਚ-ਅਯਨ = ਪੰਜਾਂ ਤੱਤਾਂ ਦਾ ਘਰ, ਪੰਜਾਂ ਤੱਤਾਂ ਦਾ ਸੋਮਾ}।1।

ਬਾਬਾ = ਹੇ ਭਾਈ! ਸਾਚਾ = ਸਦਾ ਕਾਇਮ ਰਹਿਣ ਵਾਲਾ। ਦੂਰਿ = ਆਪਣੇ ਆਪ ਤੋਂ ਦੂਰ। ਸਰਬ = ਸਭ ਜੀਵਾਂ ਵਿਚ। ਜਗ ਜੀਵਨਾ = ਜਗਤ ਦਾ ਜੀਵਨ ਪ੍ਰਭੂ। ਜੋਤਿ ਜਗ ਜੀਵਨਾ = ਜਗਤ ਦੇ ਜੀਵਨ ਪ੍ਰਭੂ ਦੀ ਜੋਤਿ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉਤੇ। ਸਾਚਾ = ਅਟੱਲ, ਅਮਿੱਟ। ਲੇਖੁ = ਪ੍ਰਭੂ ਦਾ ਹੁਕਮ।1। ਰਹਾਉ।

ਸੰਕਰੁ = ਸ਼ਿਵ। ਇੰਦੁ = ਇੰਦ੍ਰ ਦੇਵਤਾ। ਤਪੈ = ਤਪ ਕਰਦਾ ਹੈ। ਭੇਖਾਰੀ = ਮੰਗਤਾ, ਤਿਆਗੀ। ਮਾਨੈ = ਮੰਨਦਾ ਹੈ। ਸੋਹੈ– ਸੋਭਦਾ ਹੈ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਆਕੀ = ਹੁਕਮ ਮੰਨਣ ਤੋਂ ਆਕੀ। ਅਫਾਰੀ = ਆਫਰੇ ਹੋਏ, ਅਹੰਕਾਰੀ। ਮਰਹਿ = ਆਤਮਕ ਮੌਤ ਮਰਦੇ ਹਨ। ਜੋਧ = ਜੋਧੇ। ਜੰਗਮ = ਟੱਲੀਆਂ ਵਜਾਣ ਵਾਲੇ ਸ਼ਿਵ-ਉਪਾਸ਼ਕ ਜੋਗੀ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵੀਚਾਰੀ = ਅਸਾਂ ਇਹ ਵਿਚਾਰ ਕੀਤੀ। ਨ ਪਾਵਸਿ = ਨਹੀਂ ਪਾਏਗਾ। ਸਾਰੀ = ਸ੍ਰੇਸ਼ਟ।2।

ਨਿਗੁਰਿਆ = ਜਿਨ੍ਹਾਂ ਦਾ ਕੋਈ ਗੁਰੂ ਨ ਹੋਵੇ, ਜਿਨ੍ਹਾਂ ਨੂੰ ਕੋਈ ਜੀਵਨ-ਰਾਹ ਨਾਹ ਦੱਸੇ। ਅੰਧੁਲੈ = ਅੰਨ੍ਹੇ ਨੇ, ਉਸ ਨੇ ਜਿਸ ਦੀਆਂ ਗਿਆਨ ਦੀਆਂ ਅੱਖਾਂ ਨਹੀਂ। ਨਹੀ ਜਾਣਿਆ = ਪਛਾਣਿਆ ਨਹੀਂ ਜਾ ਸਕਦਾ, ਸਾਂਝ ਨਹੀਂ ਪਾਈ ਜਾ ਸਕਦੀ। ਸਾਚੁ = ਸਦਾ-ਥਿਰ ਪ੍ਰਭੂ। ਪਛਾਣੁ = ਪਛਾਣੂ, ਮਿਤ੍ਰ, ਸਹਾਈ। ਦਰਿ = ਪ੍ਰਭੂ ਦੇ ਦਰ ਤੇ। ਢੋਈ = ਆਸਰਾ, ਸਹਾਰਾ। ਝੂਠਾ = ਨਾਸਵੰਤ। ਆਵਣ ਜਾਣੁ = ਜਨਮ ਮਰਨ।3।

ਤ੍ਰਿਪਤਿ = ਰੱਜ, ਸੰਤੋਖ। ਰਤਨਿ = ਰਤਨ ਨਾਲ। ਮਾਜੀਐ = ਸਾਫ਼ ਕਰਨਾ ਚਾਹੀਦਾ ਹੈ। ਬਹੁੜਿ = ਮੁੜ। ਬਿਘਨੁ = ਰੁਕਾਵਟ। ਸਿਰੁ ਦੇ = ਸਿਰ ਦੇ ਕੇ, ਆਪਾ-ਭਾਵ ਗਵਾ ਕੇ। ਛੁਟੀਐ = (ਮੈਂ ਮੈਂ ਦੀਆਂ ਲਹਿਰਾਂ ਤੋਂ) ਖ਼ਲਾਸੀ ਹੁੰਦੀ ਹੈ।4।

ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ ਆਪ ਤੋਂ) ਦੂਰ ਵੱਸਦਾ ਨਾਹ ਸਮਝ (ਸੱਚਾ ਮਾਲਕ ਤੇਰੇ ਆਪਣੇ ਅੰਦਰ ਵੱਸ ਰਿਹਾ ਹੈ) । ਉਸ ਜਗਤ-ਦੇ-ਆਸਰੇ ਪ੍ਰਭੂ ਦੀ ਜੋਤਿ ਸਭ ਜੀਵਾਂ ਦੇ ਅੰਦਰ ਮੌਜੂਦ ਹੈ। ਪ੍ਰਭੂ ਦਾ ਹੁਕਮ ਹਰੇਕ ਜੀਵ ਦੇ ਉਤੇ ਸਦਾ ਅਟੱਲ ਹੈ।1। ਰਹਾਉ।

(ਜੇਹੜਾ ਮਨੁੱਖ ਮਾਲਿਕ-ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਨਹੀਂ ਵੇਖਦਾ, ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਉਸ ਦੀ ਮਾਇਆ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਉਸ ਦਾ ਮਨ ਵਿਕਾਰਾਂ ਵਲੋਂ ਨਹੀਂ ਹਟਦਾ, ਉਸ ਦਾ ਹਿਰਦਾ-ਸਰੋਵਰ ਮੈਂ ਮੈਂ ਦੀਆਂ ਲਹਿਰਾਂ ਨਾਲ ਭਰਪੂਰ ਰਹਿੰਦਾ ਹੈ। ਉਹੀ ਜੀਵਨ-ਬੇੜਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਦੇ) ਪਾਣੀਆਂ ਉਤੇ ਤਰ ਕੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ਜਿਸ ਵਿਚ ਸਦਾ-ਥਿਰ ਰਹਿਣ ਵਾਲਾ ਨਾਮ-ਸੌਦਾ ਹੈ। ਜਿਸ ਮਨ ਵਿਚ ਨਾਮ-ਮੋਤੀ ਵੱਸਦਾ ਹੈ, ਉਸ ਮਨ ਨੂੰ ਉਹ ਮੋਤੀ ਵਿਕਾਰਾਂ ਵਲੋਂ ਬਚਾ ਲੈਂਦਾ ਹੈ, ਸੱਚੇ ਨਾਮ ਵਿਚ ਜੁੜੇ ਰਹਿਣ ਦੇ ਕਾਰਨ ਉਸ ਮਨ ਵਿਚ ਤ੍ਰੇੜ ਨਹੀਂ ਆਉਂਦੀ (ਉਹ ਮਨ ਮਾਇਆ ਵਿਚ ਡੋਲਦਾ ਨਹੀਂ) ; ਪ੍ਰਭੂ ਦੇ ਡਰ-ਅਦਬ ਵਿਚ ਰੱਤਾ ਹੋਇਆ ਜੀਵਾਤਮਾ ਪ੍ਰਭੂ ਦੇ ਗੁਣਾਂ ਵਿਚ ਪਰਵਿਰਤ ਰਹਿਣ ਕਰਕੇ ਅੰਦਰ ਹੀ ਹਿਰਦੇ-ਤਖ਼ਤ ਉਤੇ ਟਿਕਿਆ ਰਹਿੰਦਾ ਹੈ (ਬਾਹਰ ਨਹੀਂ ਭਟਕਦਾ) ।1।

ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਹੋਰ ਅਨੇਕਾਂ ਰਿਸ਼ੀ ਮੁਨੀ, ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ, ਉਹੀ ਪਰਮਾਤਮਾ ਦੇ ਦਰ ਤੇ ਸੋਭਾ ਪਾਂਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨਦਾ ਹੈ (ਜੋ ਪਰਮਾਤਮਾ ਦੀ ਰਜ਼ਾ ਵਿਚ ਆਪਣੀ ਮਰਜ਼ੀ ਲੀਨ ਕਰਦਾ ਹੈ) , ਆਪਣੀ ਮਨ-ਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੌਤੇ ਮਰਦੇ ਹਨ। ਅਸਾਂ ਗੁਰੂ ਦੀ ਰਾਹੀਂ ਇਹ ਵਿਚਾਰ (ਕੇ ਵੇਖ) ਲਿਆ ਹੈ ਕਿ ਜੰਗਮ ਹੋਣ, ਜੋਧੇ ਹੋਣ, ਜਤੀ ਹੋਣ, ਸੰਨਿਆਸੀ ਹੋਣ, ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਕਦੇ ਭੀ ਕੋਈ ਆਪਣੀ ਘਾਲ-ਕਮਾਈ ਦਾ ਫਲ ਪ੍ਰਾਪਤ ਨਹੀਂ ਕਰ ਸਕਦਾ। ਸੇਵਾ-ਸਿਮਰਨ ਹੀ ਸਭ ਤੋਂ ਸ੍ਰੇਸ਼ਟ ਕਰਣੀ ਹੈ।2।

ਹੇ ਪ੍ਰਭੂ! ਗ਼ਰੀਬਾਂ ਵਾਸਤੇ ਤੇਰਾ ਨਾਮ ਖ਼ਜ਼ਾਨਾ ਹੈ (ਗ਼ਰੀਬ ਹੁੰਦਿਆਂ ਭੀ ਉਹ ਬਾਦਸ਼ਾਹਾਂ ਵਾਲਾ ਦਿਲ ਰੱਖਦੇ ਹਨ) , ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਦਾ ਤੂੰ ਰਾਹਬਰ ਬਣਦਾ ਹੈਂ, ਜਿਨ੍ਹਾਂ ਨੂੰ ਕੋਈ ਮਾਣ-ਆਦਰ ਨਹੀਂ ਦੇਂਦਾ (ਨਾਮ-ਦਾਤਿ ਦੇ ਕੇ) ਉਹਨਾਂ ਨੂੰ (ਜਗਤ ਵਿਚ) ਆਦਰ ਦਿਵਾਂਦਾ ਹੈਂ। ਜਿਸ ਭੀ (ਆਤਮਕ ਅੱਖਾਂ ਵਲੋਂ) ਅੰਨ੍ਹੇ ਨੇ ਗੁਰੂ-ਜੋਤੀ (ਦਾ ਪੱਲਾ) ਫੜਿਆ ਹੈ ਉਸ ਨਿਆਸਰੇ ਦਾ ਤੂੰ ਆਸਰਾ ਬਣ ਜਾਂਦਾ ਹੈਂ।

ਹੋਮ ਜਪ ਆਦਿਕਾਂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਨਹੀਂ ਬਣਦੀ, ਗੁਰੂ ਦੀ ਦਿੱਤੀ ਮਤਿ ਤੇ ਤੁਰਿਆਂ ਉਹ
ਸਦਾ-ਥਿਰ ਪ੍ਰਭੂ (ਜੀਵ ਦਾ) ਦਰਦੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਸਹਾਰਾ ਨਹੀਂ ਮਿਲਦਾ, ਜੰਮਣ ਮਰਨ ਦਾ ਨਾਸਵੰਤ ਗੇੜ ਬਣਿਆ ਰਹਿੰਦਾ ਹੈ।3।

ਹੇ ਭਾਈ! ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਵਡਿਆਉਣਾ ਚਾਹੀਦਾ ਹੈ, ਸੱਚੇ ਨਾਮ ਦੀ ਹੀ ਬਰਕਤਿ ਨਾਲ ਸੰਤੋਖੀ ਜੀਵਨ ਮਿਲਦਾ ਹੈ। ਪ੍ਰਭੂ ਦੀ ਡੂੰਘੀ ਸਾਂਝ-ਰੂਪ ਰਤਨ ਨਾਲ ਮਨ ਨੂੰ ਲਿਸ਼ਕਾਣਾ ਚਾਹੀਦਾ ਹੈ, ਮੁੜ ਇਹ (ਵਿਕਾਰਾਂ ਵਿਚ) ਮੈਲਾ ਨਹੀਂ ਹੁੰਦਾ। ਪ੍ਰਭੂ-ਮਾਲਕ ਜਦ ਤਕ ਮਨ ਵਿਚ ਵੱਸਿਆ ਰਹਿੰਦਾ ਹੈ (ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੋਕ ਨਹੀਂ ਪੈਂਦੀ।

ਹੇ ਨਾਨਕ! ਆਪਾ-ਭਾਵ ਗਵਾਇਆਂ ਹੀ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਮਨ ਵਿਚ ਤੇ ਸਰੀਰ ਵਿਚ ਟਿਕਿਆ ਰਹਿੰਦਾ ਹੈ।4।10।

ਮਾਰੂ ਮਹਲਾ ੧ ॥ ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ ॥ ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ ॥੧॥ ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥ ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥੧॥ ਰਹਾਉ ॥ ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ ॥ ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ ॥੨॥ ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥ ਏਕੋ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ ॥੩॥ ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥ ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥੪॥ ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥ ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥ {ਪੰਨਾ 992}

ਪਦ ਅਰਥ: ਜੁਗਤਿ = ਤਰੀਕਾ, ਰਹਿਤ-ਬਹਿਤ। ਨਿਰਮਾਇਲੁ = ਨਿਰਮਲ, ਪਵਿਤ੍ਰ। ਤਾ ਕੈ = ਉਸ (ਜੋਗੀ ਦੇ ਮਨ) ਵਿਚ। ਰਾਤੀ = ਰਤਾ ਭਰ ਵੀ। ਨਾਥ = ਖਸਮ-ਪ੍ਰਭੂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ! ਸਦਾ ਸੰਗੇ = (ਜਿਸ ਦੇ) ਸਦਾ ਨਾਲ ਹੈ। ਗਤਿ = ਆਤਮਕ ਅਵਸਥਾ। ਬੀਤੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ।1।

ਗੁਸਾਈ = ਹੇ ਗੋ-ਸਾਈਂ! ਹੇ ਧਰਤੀ ਦੇ ਖਸਮ-ਪ੍ਰਭੂ! ਕਹਾ = ਕਿਥੇ? ਕੈਸੇ = ਕਿਵੇਂ? ਕਹਾ ਨਾਮੁ = ਕਿਥੇ ਤੇਰਾ ਕੋਈ ਖ਼ਾਸ ਨਾਮ ਹੈ? ਤੇਰਾ ਕੋਈ ਖ਼ਾਸ ਨਾਮ ਨਹੀਂ ਹੈ। ਕੈਸੇ ਜਾਤੀ = ਕਿਵੇਂ ਤੇਰੀ ਕੋਈ ਖ਼ਾਸ ਜਾਤਿ ਹੈ? ਤੇਰੀ ਕੋਈ ਖ਼ਾਸ ਜਾਤਿ ਨਹੀਂ ਹੈ? ਤਉ = ਤੂੰ। ਭੀਤਰਿ = ਧੁਰ ਅੰਦਰ। ਮਹਲਿ = ਮਹਿਲ ਵਿਚ, ਆਪਣੇ ਚਰਨਾਂ ਵਿਚ। ਜਾ = ਜਦੋਂ। ਪੂਛਉ = ਮੈਂ ਪੁੱਛਦਾ ਹਾਂ। ਨਿਰੰਤੀ ਬਾਤ = ਭੇਦ ਦੀ ਗੱਲ।1। ਰਹਾਉ।

ਗਿਆਨ ਇਸਨਾਨੀ = ਗਿਆਨ ਦਾ ਇਸਨਾਨੀ, ਪਰਮਾਤਮਾ ਦੇ ਗਿਆਨ (ਦੇ ਜਲ) ਦਾ ਇਸ਼ਨਾਨੀ, ਪ੍ਰਭੂ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਪਵਿਤ੍ਰ ਕਰਨ ਵਾਲਾ। ਹਰਿ ਪੂਜੇ = ਪਰਮਾਤਮਾ ਨੂੰ ਪੂਜਦਾ ਹੈ। ਪਾਤੀ = ਪੱਤਰਾਂ ਨਾਲ। ਏਕਾ ਜੋਤੀ = ਪ੍ਰਭੂ ਦੀ ਇਕ ਜੋਤਿ ਦਾ ਪਸਾਰਾ।2।

ਜਿਹਵਾ = ਜੀਭ। ਡੰਡੀ = ਤੱਕੜੀ ਦੀ ਡੰਡੀ ਜਿਸ ਦੇ ਦੋਹਾਂ ਸਿਰਿਆਂ ਤੋਂ ਡੋਰੀ ਨਾਲ ਛਾਬੇ ਲਟਕਦੇ ਹਨ। ਘਟੁ = ਹਿਰਦਾ। ਤੋਲਉ = ਮੈਂ ਤੋਲਦਾ ਹਾਂ। ਅਜਾਚੀ = ਜੋ ਜਾਚਿਆ ਨ ਜਾ ਸਕੇ। ਅਜਾਚੀ ਨਾਮੁ = ਅਤੁੱਲ ਪ੍ਰਭੂ ਦਾ ਨਾਮ। ਹਾਟੁ = ਹੱਟ, ਜਗਤ। ਸਿਰਿ = ਸਿਰ ਉਤੇ। ਵਣਜਾਰੇ = ਵਪਾਰੀ, ਵਣਜ ਕਰਨ ਵਾਲੇ, ਜੀਵ-ਵਪਾਰੀ। ਇਕ ਭਾਤੀ = ਇਕੋ ਕਿਸਮ ਦੇ। ਇਕ ਭਾਤੀ ਵਣਜਾਰੇ = ਪ੍ਰਭੂ ਦੇ ਨਾਮ ਦੇ ਹੀ ਵਪਾਰੀ।3।

ਦੋਵੈ ਸਿਰੇ = ਜਨਮ ਮਰਨ। ਨਿਬੇੜੇ = ਮੁਕਾ ਦਿੱਤੇ। ਜੀਅਹੁ = ਅੰਦਰੋਂ, ਮਨੋਂ। ਨਿਭਰਾਤੀ = ਭ੍ਰਾਂਤੀ-ਰਹਿਤ, ਭਟਕਣਾ-ਰਹਿਤ, ਅਡੋਲ। ਚੁਕਾਏ = ਦੂਰ ਕਰ ਦੇਂਦਾ ਹੈ।4।

ਗਗਨੁ = ਆਕਾਸ਼, ਚਿਦਾਕਾਸ਼, ਚਿੱਤ-ਆਕਾਸ਼, ਦਿਮਾਗ਼। ਗੋਰਖੁ = ਧਰਤੀ ਦਾ ਮਾਲਕ ਪ੍ਰਭੂ। ਤਾ ਕਾ = ਉਸ (ਪ੍ਰਭੂ) ਦਾ। ਅਗਮੁ = ਅਪਹੁੰਚ (ਟਿਕਾਣਾ) । ਗੁਰੂ = ਗੁਰੂ (ਦੀ ਰਾਹੀਂ) । ਵਾਸੀ = ਵਸਨੀਕ। ਪੁਨਿ = ਮੁੜ। ਘਰਿ = ਹਿਰਦੇ ਵਿਚ। ਬਾਹਰਿ = ਜਗਤ ਵਿਚ। ਉਦਾਸੀ = ਉਪਰਾਮ, ਨਿਰਲੇਪ।5।

ਅਰਥ: ਹੇ ਧਰਤੀ ਦੇ ਖਸਮ-ਪ੍ਰਭੂ! ਜਦੋਂ ਤੂੰ ਮੈਨੂੰ ਅੰਤਰ ਆਤਮੇ ਚਰਨਾਂ ਵਿਚ ਸੱਦਦਾ ਹੈਂ (ਜੋੜਦਾ ਹੈਂ) ਤਦੋਂ ਮੈਂ (ਤੈਥੋਂ) ਇਹ ਭੇਦ ਦੀ ਗੱਲ ਪੁੱਛਦਾ ਹਾਂ ਕਿ ਤੇਰਾ ਕਿਥੇ ਕੋਈ ਖ਼ਾਸ ਨਾਮ ਹੈ ਤੇ ਕਿਵੇਂ ਤੇਰੀ ਕੋਈ ਖ਼ਾਸ ਜਾਤਿ ਹੈ (ਭਾਵ, ਜਦੋਂ ਤੂੰ ਆਪਣੀ ਮੇਹਰ ਨਾਲ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ ਤਦੋਂ ਮੈਨੂੰ ਸਮਝ ਆਉਂਦੀ ਹੈ ਕਿ ਨਾਹ ਕੋਈ ਤੇਰਾ ਖ਼ਾਸ ਨਾਮ ਹੈ ਅਤੇ ਨਾਹ ਹੀ ਤੇਰੀ ਕੋਈ ਖ਼ਾਸ ਜਾਤਿ ਹੈ) ।1। ਰਹਾਉ।

ਜਿਸ ਜੋਗੀ ਦੀ ਜੀਵਨ-ਜੁਗਤਿ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਹੈ, ਉਸ ਦੇ ਮਨ ਵਿਚ (ਵਿਕਾਰਾਂ ਵਾਲੀ) ਰਤਾ ਭੀ ਮੈਲ ਨਹੀਂ ਰਹਿ ਜਾਂਦੀ। ਸਭਨਾਂ ਦਾ ਪਿਆਰਾ, ਸਭਨਾਂ ਦਾ ਖਸਮ ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਉਸ (ਜੋਗੀ) ਦੇ ਹਿਰਦੇ ਵਿਚ ਵੱਸਦਾ ਹੈ (ਇਸ ਵਾਸਤੇ) ਜਨਮ ਮਰਨ ਦਾ ਗੇੜ ਪੈਦਾ ਕਰਨ ਵਾਲੀ ਉਸ ਦੀ ਆਤਮਕ ਅਵਸਥਾ ਮੁੱਕ ਜਾਂਦੀ ਹੈ।1।

ਉਹ ਬ੍ਰਾਹਮਣ ਬ੍ਰਹਮ (ਪਰਮਾਤਮਾ ਦਾ ਰੂਪ ਹੋ ਜਾਂਦਾ) ਹੈ ਜੋ ਪਰਮਾਤਮਾ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਇਸ਼ਨਾਨ ਕਰਾਂਦਾ ਹੈ ਜੋ ਸਦਾ ਪ੍ਰਭੂ ਦੇ ਗੁਣ ਗਾਂਦਾ ਹੈ (ਮਾਨੋ, ਫੁੱਲਾਂ) ਪੱਤ੍ਰਾਂ ਨਾਲ ਪ੍ਰਭੂ ਨੂੰ ਪੂਜਦਾ ਹੈ, ਜੋ ਸਿਰਫ਼ ਪਰਮਾਤਮਾ ਨੂੰ ਜੋ ਸਿਰਫ਼ ਪਰਮਾਤਮਾ ਦੇ ਨਾਮ ਨੂੰ (ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਜਿਸ ਨੂੰ) ਇਹ ਸਾਰਾ ਸੰਸਾਰ ਪ੍ਰਭੂ ਦੀ ਜੋਤਿ ਦਾ ਪਸਾਰਾ ਦਿੱਸਦਾ ਹੈ।2।

(ਜਿਉਂ ਜਿਉਂ) ਮੈਂ ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਬਣਾਂਦਾ ਹਾਂ, ਆਪਣੇ ਇਸ ਹਿਰਦੇ ਨੂੰ ਤੱਕੜੀ ਦਾ ਇਕ ਛਾਬਾ ਬਣਾਂਦਾ ਹਾਂ, (ਇਸ ਛਾਬੇ ਵਿਚ) ਅਤੁੱਲ ਪ੍ਰਭੂ ਦਾ ਨਾਮ ਤੋਲਦਾ ਹਾਂ (ਤੇ ਦੂਜੇ ਛਾਬੇ ਵਿਚ ਆਪਣੇ ਅੰਦਰੋਂ ਆਪਾ-ਭਾਵ ਕੱਢ ਕੇ ਰੱਖੀ ਜਾਂਦਾ ਹਾਂ, ਤਿਉਂ ਤਿਉਂ ਇਹ ਜਗਤ ਮੈਨੂੰ) ਇਕ ਹੱਟ ਦਿੱਸਦਾ ਹੈ ਜਿਥੇ ਸਾਰੇ ਹੀ ਜੀਵ ਇਕੋ ਕਿਸਮ ਦੇ (ਭਾਵ, ਪ੍ਰਭੂ-ਨਾਮ ਦੇ) ਵਣਜਾਰੇ ਦਿੱਸਦੇ ਹਨ ਤੇ ਸਭਨਾਂ ਦੇ ਸਿਰ ਉਤੇ (ਭਾਵ, ਸਭਨਾਂ ਨੂੰ ਜਿੰਦ-ਪਿੰਡ ਦੀ ਰਾਸਿ ਦੇਣ ਵਾਲਾ) ਸ਼ਾਹ ਪਰਮਾਤਮਾ ਆਪ ਹੈ।3।

ਜੋ ਮਨੁੱਖ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦਾ ਹੈ (ਇਸ ਤਰ੍ਹਾਂ ਆਪਣੇ ਮਨ ਦੀ) ਭਟਕਣਾ ਮੁਕਾਂਦਾ ਹੈ ਤੇ ਦਿਨ ਰਾਤ ਸਦਾ ਦਾ ਸੇਵਕ ਬਣਿਆ ਰਹਿੰਦਾ ਹੈ, (ਗੁਰ-ਸ਼ਬਦ ਦੀ ਬਰਕਤਿ ਨਾਲ) ਜਿਸ ਮਨੁੱਖ ਦੀ ਸੁਰਤਿ ਇਕ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ ਜੋ ਅੰਤਰ ਆਤਮੇ ਭਟਕਣਾ-ਰਹਿਤ ਹੋ ਜਾਂਦਾ ਹੈ ਉਸ ਨੂੰ ਸਹੀ ਜੀਵਨ-ਜੁਗਤਿ ਦੀ ਸਮਝ ਆ ਜਾਂਦੀ ਹੈ, ਸਤਿਗੁਰੂ ਉਸ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।4।

(ਦੁਨੀਆ ਦੇ ਮਾਇਕ ਫੁਰਨਿਆਂ ਦੀ ਪਹੁੰਚ ਤੋਂ ਦੂਰ) ਉੱਚਾ ਉਹ ਚਿੱਤ-ਆਕਾਸ਼ ਹੈ (ਉਹ ਆਤਮਕ ਅਵਸਥਾ ਹੈ) ਜਿਥੇ ਸ੍ਰਿਸ਼ਟੀ ਦਾ ਪਾਲਕ ਪਰਮਾਤਮਾ ਵਸ ਸਕਦਾ ਹੈ; ਉਸ ਪ੍ਰਭੂ (ਦੇ ਮਿਲਾਪ) ਦਾ ਉਹ ਟਿਕਾਣਾ ਅਪਹੁੰਚ ਹੈ (ਕਿਉਂਕਿ

ਜੀਵ ਮੁੜ ਮੁੜ ਮਾਇਆ ਵਲ ਪਰਤਦਾ ਰਹਿੰਦਾ ਹੈ) । ਫਿਰ ਭੀ ਗੁਰੂ ਦੀ ਰਾਹੀਂ ਉਸ ਟਿਕਾਣੇ ਦਾ ਵਸਨੀਕ ਬਣ ਜਾਈਦਾ ਹੈ।

ਨਾਨਕ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਜਗਤ ਦੇ ਮੋਹ ਤੋਂ ਉਪਰਾਮ ਹੋ ਗਿਆ ਹੈ, (ਇਸ ਤਰ੍ਹਾਂ) ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪ੍ਰਭੂ ਨੂੰ ਹੀ ਵੇਖਦਾ ਹੈ।5।11।

TOP OF PAGE

Sri Guru Granth Darpan, by Professor Sahib Singh