ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 993

ਰਾਗੁ ਮਾਰੂ ਮਹਲਾ ੧ ਘਰੁ ੫     ੴ ਸਤਿਗੁਰ ਪ੍ਰਸਾਦਿ ॥ ਅਹਿਨਿਸਿ ਜਾਗੈ ਨੀਦ ਨ ਸੋਵੈ ॥ ਸੋ ਜਾਣੈ ਜਿਸੁ ਵੇਦਨ ਹੋਵੈ ॥ ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥੧॥ ਜਿਸ ਨੋ ਸਾਚਾ ਸਿਫਤੀ ਲਾਏ ॥ ਗੁਰਮੁਖਿ ਵਿਰਲੇ ਕਿਸੈ ਬੁਝਾਏ ॥ ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ ॥ ਪਿਰ ਸੇਤੀ ਧਨ ਪ੍ਰੇਮੁ ਰਚਾਏ ॥ ਗੁਰ ਕੈ ਸਬਦਿ ਤਥਾ ਚਿਤੁ ਲਾਏ ॥ ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸਨਾ ਤਿਖਾ ਨਿਵਾਰੀ ਜੀਉ ॥੨॥ ਸਹਸਾ ਤੋੜੇ ਭਰਮੁ ਚੁਕਾਏ ॥ ਸਹਜੇ ਸਿਫਤੀ ਧਣਖੁ ਚੜਾਏ ॥ ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥੩॥ ਹਉਮੈ ਜਲਿਆ ਮਨਹੁ ਵਿਸਾਰੇ ॥ ਜਮ ਪੁਰਿ ਵਜਹਿ ਖੜਗ ਕਰਾਰੇ ॥ ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥੪॥ ਮਾਇਆ ਮਮਤਾ ਪਵਹਿ ਖਿਆਲੀ ॥ ਜਮ ਪੁਰਿ ਫਾਸਹਿਗਾ ਜਮ ਜਾਲੀ ॥ ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥੫॥ ਨਾ ਹਉ ਕਰਤਾ ਨਾ ਮੈ ਕੀਆ ॥ ਅੰਮ੍ਰਿਤੁ ਨਾਮੁ ਸਤਿਗੁਰਿ ਦੀਆ ॥ ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ਨਾਨਕ ਸਰਣਿ ਤੁਮਾਰੀ ਜੀਉ ॥੬॥੧॥੧੨॥ {ਪੰਨਾ 993}

ਪਦ ਅਰਥ: ਅਹਿ = ਦਿਨ। ਨਿਸਿ = ਰਾਤ। ਨੀਦ = ਮਾਇਆ ਦੇ ਮੋਹ ਦੀ ਨੀਂਦ। ਸੋ ਜਾਣੈ = "ਅੰਮ੍ਰਿਤ ਕੀ ਸਾਰ" ਸੋ ਜਾਣੈ। ਵੇਦਨ = ਪੀੜ, ਬਿਰਹੋਂ ਦੀ ਪੀੜ, ਵਿਛੋੜੇ ਦੇ ਅਹਿਸਾਸ ਦੀ ਤੜਫ। ਕਾਨ = ਤੀਰ। ਵੈਦੁ = ਸਰੀਰਕ ਰੋਗਾਂ ਦਾ ਇਲਾਜ ਕਰਨ ਵਾਲਾ। ਕਾਰੀ = ਇਲਾਜ। ਜੀਉ = ਹੇ ਸੱਜਣ!।1।

ਸਿਫਤੀ = ਸਿਫ਼ਤਿ-ਸਾਲਾਹ ਦੇ ਕੰਮ ਵਿਚ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਸਾਰ = ਕਦਰ, ਕੀਮਤ। ਵਾਪਾਰੀ = ਵਿਹਾਝਣ ਵਾਲਾ।1। ਰਹਾਉ।

ਪਿਰ = ਪਤੀ। ਸੇਤੀ = ਨਾਲ। ਧਨ = ਇਸਤ੍ਰੀ। ਸਬਦਿ = ਸਬਦ ਵਿਚ। ਤਥਾ = ਉਸੇ ਤਰ੍ਹਾਂ। ਸਹਜ = ਅਡੋਲ ਅਵਸਥਾ, ਸ਼ਾਂਤੀ। ਧਨ = ਜੀਵ-ਇਸਤ੍ਰੀ। ਖਰੀ = ਬਹੁਤ। ਸੁਹੇਲੀ = ਸੁਖਾਲੀ, ਸੁਖੀ। ਤਿਖਾ = ਤ੍ਰੇਹ, ਪਿਆਸ।2।

ਸਹਸਾ = ਸਹਿਮ, ਤੌਖ਼ਲਾ। ਚੁਕਾਏ = ਦੂਰ ਕਰੇ। ਸਹਜੇ = ਸਹਿਜ, ਸਹਜਿ ਵਿਚ, ਅਡੋਲਤਾ ਵਿਚ (ਟਿਕ ਕੇ) । ਸਿਫਤੀ ਧਣਖੁ = ਸਿਫ਼ਤਿ-ਸਾਲਾਹ ਦਾ ਧਣਖ। ਸੁੰਦਰਿ = ਸੁੰਦਰ ਧਨ, ਸੁੰਦਰ ਜੀਵ-ਇਸਤ੍ਰੀ {ਨੋਟ: ਲਫ਼ਜ਼ 'ਸੁੰਦਰਿ' ਦੀ 'ਿ' ਇਸ ਨੂੰ 'ਇਸਤ੍ਰੀ ਲਿੰਗ' ਬਨਾਣ ਵਾਸਤੇ ਹੈ}। ਜੋਗਾਧਾਰੀ = ਜੋਗ-ਆਧਾਰੀ। ਜੋਗ = ਪਰਮਾਤਮਾ ਨਾਲ ਮਿਲਾਪ। ਆਧਾਰ = ਆਸਰਾ। ਜੋਗਾਧਾਰੀ = ਹਰਿ-ਮਿਲਾਪ ਦੇ ਆਸਰੇ ਵਾਲੀ।3।

ਮਨਹੁ = ਮਨ ਤੋਂ। ਜਮਪੁਰਿ = ਜਮ ਦੇ ਸ਼ਹਿਰ ਵਿਚ। ਕਰਾਰੇ = ਕਰੜੇ, ਸਖ਼ਤ। ਅਬ ਕੈ ਕਹਿਐ = ਹੁਣ ਇਸ ਵੇਲੇ ਦੇ ਕਹਿਣ ਨਾਲ। ਸਹੁ = ਸਹਾਰ। ਜੀਅੜੇ = ਹੇ ਜੀਵ!।4।

ਪਵਹਿ = ਤੂੰ ਪੈਂਦਾ ਹੈਂ। ਖਿਆਲੀ = ਖ਼ਿਆਲਾਂ ਵਿਚ। ਜਮ ਜਾਲੀ = ਜਮ ਦੇ ਜਾਲ ਵਿਚ। ਹੇਤ = ਮੋਹ। ਖੁਆਰੀ = ਨਿਰਾਦਰੀ।5।

ਹਉ = ਮੈਂ। ਕਰਤਾ = (ਹੁਣ) ਕਰਨ ਵਾਲਾ। ਕੀਆ = ਕੀਤਾ (ਪਿਛਲੇ ਲੰਘੇ ਸਮੇਂ ਵਿਚ) । ਸਤਿਗੁਰਿ = ਸਤਿਗੁਰ ਨੇ। ਦੇਹਿ = ਦੇਂਦਾ ਹੈਂ। ਚਾਰਾ = ਤਦਬੀਰ। ਤਿਸੈ ਕਿਆ ਚਾਰਾ = ਉਸ ਨੂੰ ਹੋਰ ਕਿਸ ਤਦਬੀਰ ਦੀ ਲੋੜ?।6।

ਅਰਥ: ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਦੀ ਰਾਹੀਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੀ ਸਿਫ਼ਤਿ-ਸਾਲਾਹ ਵਿਚ ਜੋੜਦਾ ਹੈ ਅਤੇ ਸਿਫ਼ਤਿ-ਸਾਲਾਹ ਦੀ ਕਦਰ ਸਮਝਾਂਦਾ ਹੈ, ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਕਦਰ ਉਹੀ ਬੰਦਾ ਜਾਣਦਾ ਹੈ ਕਿਉਂਕਿ ਉਹ ਇਸ ਨਾਮ-ਅੰਮ੍ਰਿਤ ਦਾ ਵਪਾਰੀ ਬਣ ਜਾਂਦਾ ਹੈ।1। ਰਹਾਉ।

ਨਾਮ-ਅੰਮ੍ਰਿਤ ਦਾ ਵਪਾਰੀ ਜੀਵ ਦਿਨ ਰਾਤਿ ਸੁਚੇਤ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਸੌਂਦਾ ਨਹੀਂ, ਨਾਮ-ਅੰਮ੍ਰਿਤ ਦੀ ਕਦਰ ਜਾਣਦਾ ਭੀ ਉਹੀ ਮਨੁੱਖ ਹੈ ਜਿਸ ਦੇ ਅੰਦਰ ਪਰਮਾਤਮਾ ਨਾਲੋਂ ਵਿਛੋੜੇ ਦੇ ਅਹਿਸਾਸ ਦੀ ਤੜਫ ਹੋਵੇ, ਜਿਸ ਦੇ ਸਰੀਰ ਵਿਚ ਪ੍ਰਭੂ-ਪ੍ਰੇਮ ਦੇ ਤੀਰ ਲੱਗੇ ਹੋਣ। ਸਰੀਰਕ ਰੋਗਾਂ ਦਾ ਇਲਾਜ ਕਰਨ ਵਾਲਾ ਬੰਦਾ ਬਿਰਹੋਂ-ਰੋਗ ਦਾ ਇਲਾਜ ਕਰਨਾ ਨਹੀਂ ਜਾਣਦਾ।1।

ਜਿਵੇਂ ਇਸਤ੍ਰੀ (ਆਪਣਾ ਆਪਾ ਵਾਰ ਕੇ) ਆਪਣੇ ਪਤੀ ਨਾਲ ਪਿਆਰ ਕਰਦੀ ਹੈ, ਤਿਵੇਂ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦੀ ਹੈ, ਉਹ ਜੀਵ-ਇਸਤ੍ਰੀ ਆਤਮਕ ਅਡੋਲਤਾ ਵਿਚ ਟਿਕ ਕੇ ਬਹੁਤ ਸੁਖੀ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਪਿਆਸ ਦੂਰ ਕਰ ਲੈਂਦੀ ਹੈ।2।

ਜੇਹੜੀ ਜੀਵ-ਇਸਤ੍ਰੀ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਧਣਖ (ਬਾਣ) ਕਸਦੀ ਹੈ
(ਉਸ ਦੀ ਸਹੈਤਾ ਨਾਲ ਆਪਣੇ ਅੰਦਰੋਂ) ਸਹਿਮ-ਤੌਖ਼ਲਾ ਮੁਕਾਂਦੀ ਹੈ ਮਾਇਆ ਵਾਲੀ ਭਟਕਣਾ ਖ਼ਤਮ ਕਰਦੀ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦੀ ਹੈ ਆਪਣੇ ਮਨ ਨੂੰ ਵੱਸ ਵਿਚ ਰੱਖਦੀ ਹੈ ਉਹ ਸੁੰਦਰ ਜੀਵ-ਇਸਤ੍ਰੀ ਪ੍ਰਭੂ-ਮਿਲਾਪ ਦੇ ਆਸਰੇ ਵਾਲੀ ਹੋ ਜਾਂਦੀ ਹੈ (ਭਾਵ, ਪ੍ਰਭੂ-ਚਰਨਾਂ ਦਾ ਮਿਲਾਪ ਉਸ ਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ) ।3।

ਜੇਹੜਾ ਜੀਵ ਹਉਮੈ ਵਿਚ ਸੜਿਆ ਰਹਿ ਕੇ (ਆਤਮਕ ਜੀਵਨ ਦੇ ਅੰਕੁਰ ਨੂੰ ਸਾੜ ਕੇ) ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦੇਂਦਾ ਹੈ ਉਸ ਨੂੰ ਜਮ ਦੇ ਸ਼ਹਿਰ ਵਿਚ ਕਰੜੇ ਖੰਡੇ ਵੱਜਦੇ ਹਨ (ਭਾਵ, ਇਤਨੇ ਆਤਮਕ ਕਲੇਸ਼ ਹੁੰਦੇ ਹਨ, ਮਾਨੋ, ਖੰਡਿਆਂ ਦੀਆਂ ਤਕੜੀਆਂ ਚੋਟਾਂ ਵੱਜ ਰਹੀਆਂ ਹਨ) , ਉਸ ਵੇਲੇ (ਜਦੋਂ ਮਾਰ ਪੈ ਰਹੀ ਹੁੰਦੀ ਹੈ) ਤਰਲੇ ਲਿਆਂ ਨਾਮ (ਸਿਮਰਨ ਦਾ ਮੌਕਾ) ਨਹੀਂ ਮਿਲਦਾ। (ਹੇ ਜੀਵ! ਜੇ ਤੂੰ ਸਾਰੀ ਉਮਰ ਇਤਨਾ ਗ਼ਾਫ਼ਿਲ ਰਿਹਾ ਹੈਂ ਤਾਂ) ਉਹ ਭਾਰਾ ਦੁੱਖ ਪਿਆ ਸਹਾਰ (ਉਸ ਭਾਰੇ ਕਸ਼ਟ ਵਿਚੋਂ ਤੈਨੂੰ ਕੋਈ ਕੱਢ ਨਹੀਂ ਸਕਦਾ) ।4।

ਹੇ ਜੀਵ! ਜੇ ਤੂੰ ਹੁਣ ਮਾਇਆ ਦੀ ਮਮਤਾ ਦੇ ਖ਼ਿਆਲਾਂ ਵਿਚ ਹੀ ਪਿਆ ਰਹੇਂਗਾ (ਜੇ ਤੂੰ ਸਾਰੀ ਉਮਰ ਮਾਇਆ ਜੋੜਨ ਦੇ ਆਹਰਾਂ ਵਿਚ ਹੀ ਰਹੇਂਗਾ, ਤਾਂ ਆਖ਼ਰ) ਜਮ ਦੀ ਨਗਰੀ ਵਿਚ ਜਮ ਦੇ ਜਾਲ ਵਿਚ ਫਸੇਂਗਾ, (ਉਸ ਵੇਲੇ) ਤੂੰ ਮੋਹ ਦੇ ਬੰਧਨ ਤੋੜ ਨਹੀਂ ਸਕੇਂਗਾ, (ਤਾਹੀਏਂ) ਤਦੋਂ ਜਮਰਾਜ ਤੇਰੀ ਬੇ-ਇੱਜ਼ਤੀ ਕਰੇਗਾ।5।

(ਪਰ, ਹੇ ਪ੍ਰਭੂ! ਤੇਰੀ ਮਾਇਆ ਦੇ ਟਾਕਰੇ ਤੇ ਮੈਂ ਕੀਹ ਵਿਚਾਰਾ ਹਾਂ? ਮਾਇਆ ਦੇ ਬੰਧਨਾਂ ਤੋਂ ਬਚਣ ਲਈ) ਨਾਹ ਹੀ ਮੈਂ ਹੁਣ ਕੁਝ ਕਰ ਰਿਹਾ ਹਾਂ, ਨਾਹ ਹੀ ਇਸ ਤੋਂ ਪਹਿਲਾਂ ਕੁਝ ਕਰ ਸਕਿਆ ਹਾਂ। ਮੈਨੂੰ ਤਾਂ ਸਤਿਗੁਰੂ ਨੇ (ਮੇਹਰ ਕਰ ਕੇ) ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ। ਜਿਸ ਨੂੰ ਤੂੰ (ਗੁਰੂ ਦੀ ਰਾਹੀਂ ਆਪਣਾ ਅੰਮ੍ਰਿਤ-ਨਾਮ) ਦੇਂਦਾ ਹੈਂ ਉਸ ਨੂੰ ਕੋਈ ਹੋਰ ਤਦਬੀਰ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ।

ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ - ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ।6।1।12।

ਨੋਟ: "ਘਰੁ 5" ਦਾ ਇਹ ਇੱਕ ਸ਼ਬਦ ਹੈ।

ਮਾਰੂ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥ ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥ ਬਾਬਾ ਦੇਹਿ ਵਸਾ ਸਚ ਗਾਵਾ ॥ ਜਾ ਤੇ ਸਹਜੇ ਸਹਜਿ ਸਮਾਵਾ ॥੧॥ ਰਹਾਉ ॥ ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ ॥ ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥੨॥ ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ ॥ ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥੩॥ ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥ ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥੪॥ ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ ॥ ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥੫॥੧॥ {ਪੰਨਾ 993}

ਪਦ ਅਰਥ: ਜਹ = ਜਿੱਥੇ। ਬੈਸਾਲਹਿ = ਤੂੰ ਬਿਠਾਲਦਾ ਹੈਂ। ਤਹ = ਉਥੇ। ਬੈਸਾ = ਬੈਸਾਂ, ਮੈਂ ਬੈਠਦਾ ਹਾਂ। ਸੁਆਮੀ = ਹੇ ਸੁਆਮੀ! ਜਾਵਾ = ਜਾਵਾਂ, ਮੈਂ ਜਾਂਦਾ ਹਾਂ। ਸਭ ਨਗਰੀ ਮਹਿ = ਸਾਰੀ ਸ੍ਰਿਸ਼ਟੀ ਵਿਚ। ਸਭੇ = ਸਾਰੇ। ਹਹਿ = {ਬਹੁ-ਵਚਨ} ਹਨ।1।

ਬਾਬਾ = ਹੇ ਪ੍ਰਭੂ! ਦੇਹਿ (ਤੂੰ ਇਹ ਦਾਤਿ) ਦੇਹ। ਵਸਾ = ਵੱਸਾਂ, ਮੈਂ ਵੱਸਾਂ। ਸਚ ਗਾਵਾ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗਾਉਂ (ਪਿੰਡ) ਵਿਚ, ਸਾਧ ਸੰਗਤਿ ਵਿਚ। ਜਾ ਤੇ = ਜਿਸ ਦੀ ਬਰਕਤਿ ਨਾਲ। ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ। ਸਮਾਵਾ = ਸਮਾਵਾਂ, ਮੈਂ ਸਮਾਇਆ ਰਹਾਂ।1। ਰਹਾਉ।

ਆਪਸ ਤੇ = ਆਪਣੇ ਆਪ ਤੋਂ, ਹਉਮੈ ਦੇ ਕਾਰਨ। ਏਈ = ਇਹ (ਹਉਮੈ) ਹੀ। ਸਗਲ = ਸਾਰੇ। ਇਹੁ = ਇਹ ਹੁਕਮ। ਵਰਤੈ = ਵਰਤ ਰਿਹਾ ਹੈ, ਕੰਮ ਕਰ ਰਿਹਾ ਹੈ। ਸੰਸਾਰਾ = ਸੰਸਾਰ ਵਿਚ।2।

ਇੰਦ੍ਰੀ ਧਾਤੁ = ਇੰਦ੍ਰਿਆਂ ਦੀ ਦੌੜ-ਭੱਜ। ਸਬਲ = ਸ-ਬਲ, ਬਲ ਵਾਲੀ। ਕਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ} (ਪਰਮਾਤਮਾ ਤੋਂ ਬਿਨਾ ਹੋਰ) ਕਿਸ ਤੋਂ? ਖੇਲ ਸਭਿ = ਸਾਰੇ ਖੇਲ। ਕੋਈ = ਕੋਈ (ਵਿਰਲਾ) ਮਨੁੱਖ (ਜੋ ਸਾਧ ਸੰਗਤਿ ਵਿਚ ਟਿਕਦਾ ਹੈ) ।3।

ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਲਿਵ = ਲਗਨ, ਪ੍ਰੀਤ। ਦੁਬਿਧਾ = ਮੇਰ-ਤੇਰ। ਤਿਸ ਭਾਣਾ = ਉਸ ਪ੍ਰਭੂ ਨੂੰ ਚੰਗਾ ਲੱਗਾ। ਸਤਿ = ਠੀਕ, ਸਹੀ। ਜਮ = ਮੌਤ, ਆਤਮਕ ਮੌਤ। ਫਾਸੀ = ਫਾਹੀ।4।

ਭਣਤਿ = ਆਖਦਾ ਹੈ। ਮਾਗੈ ਕਵਨਾ = ਕੌਣ ਮੰਗ ਸਕਦਾ ਹੈ? ਕੋਈ ਨਹੀਂ ਮੰਗ ਸਕਦਾ। ਜਾ = ਜਦੋਂ। ਚੂਕਾ = ਮੁੱਕ ਗਿਆ। ਮਨਿ = ਮਨ ਵਿਚ (ਵੱਸਦਾ) । ਤਾਸੁ ਤਾਸੁ = ਤ੍ਰਾਹ ਤ੍ਰਾਹ, ਬਚਾ ਲੈ ਬਚਾ ਲੈ {>wXÔv}। ਪਏ = ਪੈ ਗਏ।5।

ਅਰਥ: ਹੇ ਪ੍ਰਭੂ! ਤੂੰ (ਮੈਨੂੰ ਇਹ ਦਾਨ) ਦੇਹ ਕਿ ਮੈਂ ਤੇਰੀ ਸਾਧ ਸੰਗਤਿ ਵਿਚ ਟਿਕਿਆ ਰਹਾਂ, ਜਿਸ ਦੀ ਬਰਕਤਿ ਨਾਲ ਮੈਂ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਾਂ।1। ਰਹਾਉ।

ਹੇ ਪ੍ਰਭੂ! (ਜਦੋਂ ਮੈਂ ਆਤਮਕ ਅਡੋਲਤਾ ਵਿਚ ਲੀਨ ਰਹਾਂਗਾ, ਤਾਂ) ਜਿੱਥੇ ਤੂੰ ਮੈਨੂੰ ਬਿਠਾਏਂਗਾ ਮੈਂ ਉਥੇ ਬੈਠਾ ਰਹਾਂਗਾ, ਜਿਥੇ ਤੂੰ ਮੈਨੂੰ ਭੇਜੇਂਗਾ ਮੈਂ ਉਥੇ ਜਾਵਾਂਗਾ (ਭਾਵ, ਮੈਂ ਹਰ ਵੇਲੇ ਤੇਰੀ ਰਜ਼ਾ ਵਿਚ ਰਹਾਂਗਾ) । ਹੇ ਸੁਆਮੀ! ਸਾਰੀ ਸ੍ਰਿਸ਼ਟੀ ਵਿਚ ਮੈਨੂੰ ਤੂੰ ਹੀ ਇਕ ਪਾਤਿਸ਼ਾਹ (ਦਿੱਸੇਂਗਾ, ਤੇਰੀ ਵਿਆਪਕਤਾ ਦੇ ਕਾਰਨ ਧਰਤੀ ਦੇ) ਸਾਰੇ ਹੀ ਥਾਂ ਮੈਨੂੰ ਪਵਿੱਤਰ ਜਾਪਣਗੇ।1।

ਹੇ ਭਾਈ! ਹਉਮੈ ਦੇ ਕਾਰਨ ਮਨੁੱਖ ਕਿਸੇ ਨੂੰ ਭੈੜਾ ਤੇ ਕਿਸੇ ਨੂੰ ਚੰਗਾ ਸਮਝਦਾ ਹੈ, ਇਹ ਹਉਮੈ ਹੀ ਸਾਰੇ ਵਿਕਾਰਾਂ ਦਾ ਮੂਲ ਬਣਦੀ ਹੈ। (ਸਾਧ ਸੰਗਤਿ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਰਹਿਣ ਵਾਲੇ ਨੂੰ ਦਿੱਸਦਾ ਹੈ ਕਿ) ਇਹ ਭੀ ਖਸਮ-ਪ੍ਰਭੂ ਦਾ ਹੁਕਮ ਹੀ ਹੋ ਰਿਹਾ ਹੈ, ਇਹ ਹੁਕਮ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ।2।

(ਹੇ ਭਾਈ! ਸਾਰੀ ਸ੍ਰਿਸ਼ਟੀ ਵਿਚ) ਇਹ ਗੱਲ ਆਖੀ ਜਾ ਰਹੀ ਹੈ ਕਿ ਇੰਦ੍ਰਿਆਂ ਦੀ ਦੌੜ-ਭੱਜ ਬੜੀ ਬਲ ਵਾਲੀ ਹੈ; ਪਰ (ਸਾਧ ਸੰਗਤਿ ਦੀ ਬਰਕਤਿ ਨਾਲ ਸਹਿਜ ਅਵਸਥਾ ਵਿਚ ਟਿਕਿਆ ਹੋਇਆ) ਕੋਈ ਵਿਰਲਾ ਮਨੁੱਖ ਇਉਂ ਸਮਝਦਾ ਹੈ ਕਿ (ਕਾਮ-ਵਾਸਨਾ ਆਦਿਕ ਵਾਲੀ) ਇੰਦ੍ਰੀ ਭੀ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਤੋਂ ਨਹੀਂ ਬਣੀ, (ਉਹ ਇਹ ਸਮਝਦਾ ਹੈ ਕਿ) ਸਾਰੇ ਕੌਤਕ ਕਰਤਾਰ ਆਪ ਹੀ ਕਰ ਰਿਹਾ ਹੈ।3।

(ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ ਜਦੋਂ) ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ) ਬਣ ਜਾਂਦਾ ਹੈ, ਤਦੋਂ (ਮਨੁੱਖ ਦੇ ਅੰਦਰੋਂ) ਮੇਰ-ਤੇਰ ਦੂਰ ਹੋ ਜਾਂਦੀ ਹੈ। ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਮਨੁੱਖ ਉਸ ਨੂੰ ਠੀਕ ਮੰਨਦਾ ਹੈ, ਤੇ, ਉਸ ਦੀ ਆਤਮਕ ਮੌਤ ਵਾਲੀ ਫਾਹੀ ਕੱਟੀ ਜਾਂਦੀ ਹੈ।4।

ਨਾਨਕ ਆਖਦਾ ਹੈ– (ਸਾਧ ਸੰਗਤਿ ਦੀ ਬਰਕਤਿ ਨਾਲ) ਜਦੋਂ ਮਨੁੱਖ ਦੇ ਮਨ ਵਿਚ (ਵੱਸਦਾ) ਅਹੰਕਾਰ ਮੁੱਕ ਜਾਂਦਾ ਹੈ ਤਾਂ ਕੋਈ ਭੀ (ਉਸ ਪਾਸੋਂ ਉਸ ਦੇ ਮਾੜੇ ਕਰਮਾਂ ਦਾ) ਲੇਖਾ ਨਹੀਂ ਮੰਗ ਸਕਦਾ (ਕਿਉਂਕਿ ਉਸ ਦੇ ਅੰਦਰ ਕੋਈ ਭੈੜ ਰਹਿ ਹੀ ਨਹੀਂ ਜਾਂਦੇ) । (ਸਾਧ ਸੰਗਤਿ ਵਿਚ ਰਹਿਣ ਵਾਲੇ ਬੰਦੇ) ਉਸ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ਜਿਸ ਦੀ ਹਜ਼ੂਰੀ ਵਿਚ ਧਰਮਰਾਜ ਭੀ ਆਖਦਾ ਰਹਿੰਦਾ ਹੈ– ਮੈਂ ਤੇਰੀ ਸਰਨ ਹਾਂ, ਮੈਂ ਤੇਰੀ ਸਰਨ ਹਾਂ।5।1।

ਨੋਟ: ਸਤਸੰਗ ਵਿਚ ਟਿਕਿਆਂ 'ਸਹਿਜ ਅਵਸਥਾ' ਪ੍ਰਾਪਤ ਹੁੰਦੀ ਹੈ ਜਿਸ ਦਾ ਨਕਸ਼ਾ ਇਸ ਸਾਰੇ ਸ਼ਬਦ ਵਿਚ ਹੈ।

ਮਾਰੂ ਮਹਲਾ ੩ ॥ ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥ ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥ ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥ ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥ ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ ॥ ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥ ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥ ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥ {ਪੰਨਾ 993-994}

ਪਦ ਅਰਥ: ਆਵਣ ਜਾਣਾ = ਜੰਮਣਾ ਮਰਨਾ। ਥੀਐ = ਹੁੰਦਾ। ਨਿਜ ਘਰਿ = ਆਪਣੇ (ਅਸਲ) ਘਰ ਵਿਚ। ਸਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਆਪੇ = (ਪ੍ਰਭੂ) ਆਪ ਹੀ।1।

ਚੇਤਿ = ਚੇਤੇ ਕਰਦਾ ਰਹੁ, ਸਿਮਰ। ਮਨਹੁ = ਮਨ ਤੋਂ। ਤਜਿ = ਛੱਡ ਦੇਹ। ਸਬਦਿ = ਸ਼ਬਦ ਵਿਚ (ਜੁੜ ਕੇ) । ਸਚਿ = ਸਦਾ-ਥਿਰ ਪ੍ਰਭੂ ਵਿਚ। ਲਗੀ = ਬਣ ਜਾਇਗਾ।1। ਰਹਾਉ।

ਐਥੇ = ਇਸ ਲੋਕ ਵਿਚ, ਇਸ ਜਨਮ ਵਿਚ। ਨਾਵਹੁ = ਨਾਮ ਤੋਂ। ਕਿਥਾਊ = ਕਿਤੇ ਭੀ। ਜੋਨੀ ਸਭਿ = ਸਾਰੀਆਂ ਜੂਨਾਂ। ਭਵਾਈਅਨਿ = ਭਵਾਈਆਂ ਜਾਂਦੀਆਂ ਹਨ। ਬਿਸਟਾ = ਵਿਕਾਰਾਂ ਦਾ ਗੰਦ।2।

ਪੂਰਬਿ = ਪਹਿਲੇ ਜਨਮ ਵਿਚ। ਮਾਇ = ਹੇ ਮਾਂ! ਅਨਦਿਨੁ = ਹਰ ਰੋਜ਼, ਹਰ ਵੇਲੇ। ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਕਰਿ = ਕਰ ਕੇ, ਦੇ ਕਾਰਨ। ਸਚਾ = ਸਦਾ-ਥਿਰ ਪ੍ਰਭੂ।3।

ਆਪੇ = ਆਪ ਹੀ। ਸਾਜੀਅਨੁ = ਸਾਜੀ ਹੈ ਉਸ ਨੇ। ਨਦਰਿ = ਨਿਗਾਹ। ਨਾਮਿ = ਨਾਮ ਵਿਚ (ਜੋੜ ਕੇ) । ਜੈ = ਜੋ ਉਸ ਨੂੰ। ਭਾਵੈ = ਚੰਗਾ ਲੱਗਦਾ ਹੈ। ਤੈ = ਤਿਹ, ਤਿਸੁ, ਉਸ ਨੂੰ। ਦੇਇ = ਦੇਂਦਾ ਹੈ।4।

ਅਰਥ: ਹੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ। ਹੇ ਭਾਈ! ਤੂੰ ਆਪਣੇ ਮਨ ਵਿਚੋਂ ਵਿਚਾਰ ਛੱਡ ਦੇਹ। ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦਾ ਸਿਮਰਨ ਕਰਿਆ ਕਰ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਪਿਆਰ ਬਣੇਗਾ।1। ਰਹਾਉ।

(ਹੇ ਭਾਈ! ਸਿਮਰਨ ਦਾ ਸਦਕਾ) ਜਨਮ ਮਰਨ (ਦਾ ਗੇੜ) ਨਹੀਂ ਰਹਿੰਦਾ, ਆਪਣੇ ਅਸਲ ਘਰ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਸੁਰਤਿ ਟਿਕੀ ਰਹਿੰਦੀ ਹੈ। ਪਰ ਸਦਾ-ਥਿਰ ਪ੍ਰਭੂ ਦਾ ਇਹ ਨਾਮ-ਖ਼ਜ਼ਾਨਾ (ਉਸ ਨੇ ਆਪ ਹੀ) ਬਖ਼ਸ਼ਿਆ ਹੈ, ਉਹ ਪ੍ਰਭੂ ਆਪ ਹੀ ਜਾਣਦਾ ਹੈ (ਕਿ ਕੌਣ ਇਸ ਦਾਤਿ ਦੇ ਯੋਗ ਹੈ) ।1।

ਹੇ ਭਾਈ! ਇਸ ਜਨਮ ਵਿਚ ਪ੍ਰਭੂ ਦੇ ਨਾਮ ਤੋਂ ਖੁੰਝੇ ਰਿਹਾਂ (ਇਹ ਮਨੁੱਖਾ ਜਨਮ ਲੱਭਣ ਵਾਸਤੇ) ਮੁੜ ਕਿਤੇ ਭੀ ਹੱਥ ਨਹੀਂ ਪੈ ਸਕਦਾ, (ਨਾਮ ਤੋਂ ਖੁੰਝਿਆ ਬੰਦਾ) ਸਾਰੀਆਂ ਹੀ ਜੂਨਾਂ ਵਿਚ ਪਾਇਆ ਜਾਂਦਾ ਹੈ, ਉਹ ਸਦਾ ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ।2।

ਹੇ ਮਾਂ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ। ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਸਦਾ-ਥਿਰ ਪ੍ਰਭੂ ਉਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ।3।

ਹੇ ਨਾਨਕ! ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਉਤੇ) ਮਿਹਰ ਦੀ ਨਿਗਾਹ ਕਰਦਾ ਹੈ; ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ (ਆਪਣੇ) ਨਾਮ ਵਿਚ (ਜੋੜ ਕੇ ਲੋਕ ਪਰਲੋਕ ਦੀਆਂ) ਵਡਿਆਈਆਂ ਦੇਂਦਾ ਹੈ।4।2।

TOP OF PAGE

Sri Guru Granth Darpan, by Professor Sahib Singh