ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 994 ਮਾਰੂ ਮਹਲਾ ੩ ॥ ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥ ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥ ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥ ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥ ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥ ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥ ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥ ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥ ਨਾਨਕ ਸਭੁ ਕਿਛੁ ਆਪੇ ਆਪਿ ਹੈ ਦੂਜਾ ਨਾਹੀ ਕੋਇ ॥ ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥੪॥੩॥ {ਪੰਨਾ 994} ਪਦ ਅਰਥ: ਗੁਨਹ = ਗੁਨਾਹ, ਪਾਪ। ਬਖਸਾਇ = ਬਖ਼ਸ਼। ਜੀਉ = ਹੇ ਪ੍ਰਭੂ ਜੀ! ਅਬ = ਹੁਣ, ਇਸ ਜਨਮ ਵਿਚ। ਮਾਰਗਿ = (ਠੀਕ) ਰਸਤੇ ਤੇ। ਲਾਗਿ ਰਹਾ = (ਤਾ ਕਿ) ਮੈਂ ਲੱਗਾ ਰਹਾਂ। ਆਪੁ = ਆਪਾ-ਭਾਵ, ਅਹੰਕਾਰ। ਗਵਾਇ = ਦੂਰ ਕਰ ਕੇ।1। ਮਨ = ਹੇ ਮਨ! ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ। ਇਕ ਮਨਿ = ਇਕਾਗ੍ਰ-ਚਿੱਤ ਹੋ ਕੇ। ਏਕੈ ਭਾਇ = ਇਕ (ਪਰਮਾਤਮਾ) ਦੇ ਹੀ ਪਿਆਰ ਵਿਚ।1। ਰਹਾਉ। ਮੈ = ਮੇਰੀ। ਪਤਿ = ਇੱਜ਼ਤ। ਥੇਹੁ = ਭੁਇੰ ਦੀ ਮਾਲਕੀ। ਥਾਉ = ਘਰ-ਘਾਟ। ਸਬਦਿ = ਸ਼ਬਦ ਨਾਲ। ਭੇਦਿ = ਵਿੰਨ੍ਹ ਕੇ। ਭ੍ਰਮੁ = ਭਟਕਣਾ। ਗੁਰਿ = ਗੁਰੂ ਨੇ। ਸਮਝਾਇ = ਜੀਵਨ-ਰਾਹ ਦੀ ਸੂਝ ਦੇ ਕੇ।2। ਲਾਲਚ = ਅਨੇਕਾਂ ਲਾਲਚ {ਬਹੁ-ਵਚਨ}। ਲਾਲਚਿ = ਲਾਲਚ ਵਿਚ। ਜਾਇ = ਭਟਕਦਾ ਫਿਰਦਾ ਹੈ। ਧੰਧੈ = ਧੰਧੇ ਵਿਚ। ਕੂੜਿ = ਕੂੜ ਵਿਚ। ਵਿਆਪਿਆ = ਫਸਿਆ ਹੋਇਆ। ਜਮ ਪੁਰਿ = ਜਮ ਦੇ ਸ਼ਹਿਰ ਵਿਚ, ਆਤਮਕ ਮੌਤ ਦੇ ਵੱਸ ਵਿਚ। ਚੋਟਾ = ਚੋਟਾਂ, (ਚਿੰਤਾ-ਫਿਕਰਾਂ ਦੀਆਂ) ਸੱਟਾਂ।3। ਨਾਨਕ = ਹੇ ਨਾਨਕ! ਆਪੇ = ਆਪ ਹੀ। ਬਖਸਿਓਨੁ = ਉਸ ਨੇ ਬਖ਼ਸ਼ਿਆ ਹੈ। ਗੁਰਮੁਖਾ = ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ।4। ਅਰਥ: ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਹਰੀ ਦਾ ਨਾਮ ਸਿਮਰਿਆ ਕਰ (ਤੇ, ਅਰਦਾਸ ਕਰਿਆ ਕਰ = ਹੇ ਪ੍ਰਭੂ! ਮਿਹਰ ਕਰ) ਮੈਂ ਸਦਾ, ਹੇ ਹਰੀ! ਇਕਾਗ੍ਰ-ਚਿੱਤ ਹੋ ਕੇ ਇਕ ਤੇਰੇ ਹੀ ਪਿਆਰ ਵਿਚ ਟਿਕ ਕੇ ਤੇਰੇ ਚਰਨਾਂ ਵਿਚ ਜੁੜਿਆ ਰਹਾਂ।1। ਰਹਾਉ। ਹੇ ਪ੍ਰਭੂ ਜੀ! ਮੇਰੇ ਪਿਛਲੇ ਗੁਨਾਹ ਬਖ਼ਸ਼, ਹੁਣ ਤੂੰ ਮੈਨੂੰ ਸਹੀ ਰਸਤੇ ਉਤੇ ਤੋਰ; ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰੀ ਦੇ ਚਰਨਾਂ ਵਿਚ ਟਿਕਿਆ ਰਹਾਂ।1। ਹੇ ਭਾਈ! ਨਾਹ ਮੇਰੀ (ਕੋਈ ਉੱਚੀ) ਜਾਤਿ ਹੈ, ਨਾਹ (ਮੇਰੀ ਲੋਕਾਂ ਵਿਚ ਕੋਈ) ਇੱਜ਼ਤ ਹੈ, ਨਾਹ ਮੇਰੀ ਭੁਇੰ ਦੀ ਕੋਈ ਮਾਲਕੀ ਹੈ, ਨਾਹ ਮੇਰਾ ਕੋਈ ਘਰ-ਘਾਟ ਹੈ, (ਮੈਨੂੰ ਨਿਮਾਣੇ ਨੂੰ) ਗੁਰੂ ਨੇ (ਆਪਣੇ) ਸ਼ਬਦ ਨਾਲ ਵਿੰਨ੍ਹ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ, ਮੈਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ ਕੇ ਪਰਮਾਤਮਾ ਦਾ ਨਾਮ ਦਿੱਤਾ ਹੈ।2। (ਹੇ ਭਾਈ! ਹਰਿ-ਨਾਮ ਤੋਂ ਖੁੰਝਿਆ ਹੋਇਆ) ਇਹ ਮਨ ਅਨੇਕਾਂ ਲਾਲਚ ਕਰਦਾ ਫਿਰਦਾ ਹੈ, (ਮਾਇਆ ਦੇ) ਲਾਲਚ ਵਿਚ ਲੱਗ ਕੇ ਭਟਕਦਾ ਹੈ। (ਮਾਇਆ ਦੇ) ਕੂੜੇ ਧੰਧੇ ਵਿਚ ਫਸਿਆ ਹੋਇਆ ਆਤਮਕ ਮੌਤ ਵਿਚ ਪੈ ਕੇ (ਚਿੰਤਾ-ਫ਼ਿਕਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ।3। (ਪਰ) ਹੇ ਨਾਨਕ! (ਜੀਆਂ ਦੇ ਕੀਹ ਵੱਸ? ਇਹ ਜੋ ਕੁਝ ਸਾਰਾ ਸੰਸਾਰ ਦਿੱਸ ਰਿਹਾ ਹੈ ਇਹ) ਸਭ ਕੁਝ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਬਿਨਾ (ਕਿਸੇ ਤੇ ਭੀ) ਕੋਈ ਹੋਰ ਨਹੀਂ ਹੈ। ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਆਪਣੀ) ਭਗਤੀ ਦਾ ਖ਼ਜ਼ਾਨਾ ਉਸ ਨੇ ਆਪ ਹੀ ਬਖ਼ਸ਼ਿਆ ਹੈ (ਜਿਸ ਕਰਕੇ ਉਹਨਾਂ ਨੂੰ) ਆਤਮਕ ਆਨੰਦ ਬਣਿਆ ਰਹਿੰਦਾ ਹੈ।4।3। ਮਾਰੂ ਮਹਲਾ ੩ ॥ ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥ ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥ ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥ ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥ ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ ॥ ਗੁਰਮੁਖਿ ਮਿਲੇ ਸੇ ਨ ਵਿਛੁੜਹਿ ਪਾਵਹਿ ਸਚੁ ਸੋਇ ॥੨॥ ਇਕਿ ਭਗਤੀ ਸਾਰ ਨ ਜਾਣਨੀ ਮਨਮੁਖ ਭਰਮਿ ਭੁਲਾਇ ॥ ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ ॥੩॥ ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ ॥ ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥੪॥੪॥ {ਪੰਨਾ 994} ਪਦ ਅਰਥ: ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਰਤੇ = ਰੱਤੇ, ਰੰਗੇ ਹੋਏ। ਸੇ = ਉਹ {ਬਹੁ-ਵਚਨ}। ਸੰਸਾਰਿ = ਸੰਸਾਰ ਵਿਚ। ਜਪਿ = ਜਪ ਕੇ। ਨਾਮੁ ਮੁਰਾਰਿ = ਪਰਮਾਤਮਾ ਦਾ ਨਾਮ।1। ਬਾਬਾ = ਹੇ ਭਾਈ! ਸਾਚਾ = ਸਦਾ-ਥਿਰ। ਸਾਹਿਬੁ = ਮਾਲਕ। ਰਿਦੈ = ਹਿਰਦੈ ਵਿਚ। ਸਮਾਲਿ = ਯਾਦ ਕਰ। ਪੁਛਿ = ਪੁੱਛ ਕੇ। ਵਖਰੁ = ਵੱਖਰੁ, ਨਾਮ ਦਾ ਸੌਦਾ।1। ਰਹਾਉ। ਸਭ = ਸਾਰੀ ਲੋਕਾਈ। ਸੇਵਦੀ = ਭਗਤੀ ਕਰਦੀ। ਧੁਰਿ = ਧੁਰ ਤੋਂ। ਧੁਰਿ ਭਾਗਿ = ਧੁਰੋਂ ਲਿਖੇ ਭਾਗ ਅਨੁਸਾਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵਹਿ = ਲੱਭ ਲੈਂਦੇ ਹਨ {ਬਹੁ-ਵਚਨ}।2। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਸਾਰ = ਕਦਰ। ਜਾਣਨੀ = ਜਾਣਨਿ, ਜਾਣਦੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਭਰਮਿ = ਭਟਕਣਾ ਵਿਚ, ਭਟਕਣਾ ਦੇ ਕਾਰਨ। ਭੁਲਾਇ = ਕੁਰਾਹੇ ਪੈ ਕੇ। ਵਰਤਦਾ = ਮੌਜੂਦ ਹੈ। ਕਰਣਾ ਨ ਜਾਇ = ਕੀਤਾ ਨਹੀਂ ਜਾ ਸਕਦਾ।3। ਨ ਚਲਈ = ਨ ਚੱਲੈ, ਨਹੀਂ ਚੱਲ ਸਕਦਾ। ਖਲੇ = (ਉਸ ਦੇ ਦਰ ਤੇ) ਖੜੇ ਹੋ ਕੇ, ਅਦਬ ਨਾਲ। ਕੀਚੈ = ਕਰਨੀ ਚਾਹੀਦੀ ਹੈ। ਮਨਿ = ਮਨ ਵਿਚ। ਤਾ = ਤਦੋਂ। ਸੁਣਿ = ਸੁਣ ਕੇ।4। ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ) ਹਿਰਦੇ ਵਿਚ (ਸਦਾ) ਯਾਦ ਕਰਦਾ ਰਹੁ (ਇਹੀ ਹੈ ਜੀਵਨ ਦਾ ਅਸਲ ਮਨੋਰਥ; ਬੇਸ਼ੱਕ) ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲੈ। ਹੇ ਭਾਈ! ਗੁਰੂ ਪਾਸੋਂ ਇਹ ਨਾਮ ਦਾ ਸੌਦਾ ਲੱਭ ਲੈ।1। ਰਹਾਉ। ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਪਰਮਾਤਮਾ (ਦੇ ਨਾਮ) ਵਿਚ (ਸਦਾ) ਰੰਗੇ ਰਹਿੰਦੇ ਹਨ ਉਹਨਾਂ ਦੀ ਭਾਲ ਕਰ (ਉਂਞ) ਉਹ ਜਗਤ ਵਿਚ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ, ਉਹਨਾਂ ਨੂੰ ਮਿਲਿਆਂ ਪਰਮਾਤਮਾ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਈਦਾ ਹੈ (ਇੱਜ਼ਤ ਮਿਲਦੀ ਹੈ) ।1। ਹੇ ਭਾਈ! ਸਿਰਫ਼ ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਸਾਰੀ ਲੋਕਾਈ ਉਸ ਦੀ ਹੀ ਸੇਵਾ-ਭਗਤੀ ਕਰਦੀ ਹੈ, ਧੁਰੋਂ ਲਿਖੀ ਕਿਸਮਤ ਨਾਲ ਹੀ (ਉਸ ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ। ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਉਸ ਦੇ ਚਰਨਾਂ ਵਿਚ) ਜੁੜਦੇ ਹਨ, ਉਹ (ਮੁੜ) ਨਹੀਂ ਵਿੱਛੁੜਦੇ, ਉਹ ਉਸ ਸਦਾ-ਥਿਰ ਪ੍ਰਭੂ (ਦਾ ਮਿਲਾਪ) ਪ੍ਰਾਪਤ ਕਰ ਲੈਂਦੇ ਹਨ।2। ਹੇ ਭਾਈ! ਕਈ ਐਸੇ ਬੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹ ਬੰਦੇ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ। (ਪਰ, ਹੇ ਭਾਈ!) ਉਹਨਾਂ (ਮਨਮੁਖਾਂ) ਦੇ ਅੰਦਰ (ਭੀ) ਪਰਮਾਤਮਾ ਆਪ ਹੀ ਵੱਸਦਾ ਹੈ (ਤੇ ਉਹਨਾਂ ਨੂੰ ਕੁਰਾਹੇ ਪਾਈ ਰੱਖਦਾ ਹੈ, ਸੋ ਉਸ ਦੇ ਉਲਟ) ਕੁਝ ਭੀ ਕੀਤਾ ਨਹੀਂ ਜਾ ਸਕਦਾ।3। (ਤਾਂ ਫਿਰ ਉਹਨਾਂ ਮਨਮੁਖਾਂ ਵਾਸਤੇ ਕੀਹ ਕੀਤਾ ਜਾਏ? ਇਹੀ ਕਿ) ਜਿਸ ਪਰਮਾਤਮਾ ਦੇ ਅੱਗੇ (ਜੀਵ ਦੀ ਕੋਈ) ਪੇਸ਼ ਨਹੀਂ ਜਾ ਸਕਦੀ, ਉਸ ਦੇ ਦਰ ਤੇ ਅਦਬ ਨਾਲ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਹੇ ਨਾਨਕ! ਜਦੋਂ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਨ ਵਿਚ ਵੱਸਦਾ ਹੈ ਤਦੋਂ ਉਹ ਪ੍ਰਭੂ (ਅਰਜ਼ੋਈ) ਸੁਣ ਕੇ ਆਦਰ ਦੇਂਦਾ ਹੈ।4। 4। ਮਾਰੂ ਮਹਲਾ ੩ ॥ ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥ ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥੧॥ ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ ॥ ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥੧॥ ਰਹਾਉ ॥ ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥ ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥੨॥ ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ ॥ ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੩॥ ਮੇਰਾ ਪ੍ਰਭੁ ਵੇਪਰਵਾਹੁ ਹੈ ਨਾ ਤਿਸੁ ਤਿਲੁ ਨ ਤਮਾਇ ॥ ਨਾਨਕ ਤਿਸੁ ਸਰਣਾਈ ਭਜਿ ਪਉ ਆਪੇ ਬਖਸਿ ਮਿਲਾਇ ॥੪॥੫॥ {ਪੰਨਾ 994} ਪਦ ਅਰਥ: ਮਾਰੂ = ਰੇਤ-ਥਲਾ, ਤਪਦੀ ਰੇਤ, ਤ੍ਰਿਸ਼ਨਾ ਨਾਲ ਸੜ ਰਿਹਾ ਦਿਲ। ਤੇ = ਤੋਂ। ਸੀਤਲੁ = ਠੰਢਾ। ਮਨੂਰਹੁ = ਮਨੂਰ ਤੋਂ, ਸੜੇ ਹੋਏ ਲੋਹੇ ਤੋਂ। ਕੰਚਨੁ = ਸੋਨਾ। ਸਾਚਾ = ਸਦਾ-ਥਿਰ ਪ੍ਰਭੂ। ਜੇਵਡੁ = ਜੇਡਾ ਵੱਡਾ, ਬਰਾਬਰ ਦਾ।1। ਮਨ = ਹੇ ਮਨ! ਅਨਦਿਨੁ = ਹਰ ਰੋਜ਼। ਕੈ ਬਚਨਿ = ਬਚਨ ਦੀ ਰਾਹੀਂ, ਦੇ ਬਚਨ ਉਤੇ ਤੁਰ ਕੇ। ਗਾਉ = ਗਾਂਦਾ ਰਹੁ।1। ਰਹਾਉ। ਗੁਰਮੁਖਿ = ਗੁਰੂ ਦੀ ਰਾਹੀਂ। ਏਕੋ ਜਾਣੀਐ = ਸਿਰਫ਼ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕੀਦੀ ਹੈ। ਜਾ = ਜਦੋਂ। ਦੇਇ ਬੁਝਾਇ = ਆਤਮਕ ਜੀਵਨ ਦੀ ਸੂਝ ਦੇਂਦਾ ਹੈ। ਜਿਦੂ = ਜਿਸ (ਗੁਰੂ) ਤੋਂ।2। ਛੋਡਿ = ਛੱਡ ਕੇ। ਦੂਜੈ = ਕਿਸੇ ਹੋਰ ਵਿਚ। ਲਗੇ = (ਜਿਹੜੇ ਬੰਦੇ) ਲੱਗੇ ਹੋਏ ਹਨ। ਕਰਨਿ = ਕਰਦੇ ਹਨ, ਕਰਨਗੇ {ਬਹੁ-ਵਚਨ}। ਅਗੈ = ਪਰਲੋਕ ਵਿਚ। ਜਾਇ = ਜਾ ਕੇ। ਜਮ ਪੁਰਿ = ਜਮਰਾਜ ਦੇ ਦਰਬਾਰ ਵਿਚ। ਮਾਰੀਅਹਿ = ਮਾਰੀਦੇ ਹਨ, ਮਾਰ ਖਾਂਦੇ ਹਨ।3। ਵੇਪਰਵਾਹੁ = ਬੇ-ਮੁਥਾਜ । ਤਿਲੁ ਤਮਾਇ = ਤਿਲ ਜਿਤਨਾ ਭੀ ਲਾਲਚ (ਤਮਹ) । ਭਜਿ ਪਉ = ਦੌੜ ਕੇ ਜਾ ਪਉ। ਬਖਸਿ = ਮਿਹਰ ਕਰ ਕੇ।4। ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹੁ। ਗੁਰੂ ਦੇ ਬਚਨ ਉਤੇ ਤੁਰ ਕੇ ਤੂੰ ਪ੍ਰਭੂ ਦਾ ਆਰਾਧਨ ਕਰਦਾ ਰਹੁ, ਹਰ ਵੇਲੇ ਪਰਮਾਤਮਾ ਦੇ ਗੁਣ ਗਾਇਆ ਕਰ।1। ਰਹਾਉ। ਹੇ ਮਨ! (ਪਰਮਾਤਮਾ ਦਾ ਸਿਮਰਨ) ਤਪਦੇ ਰੇਤ-ਥਲੇ (ਵਰਗੇ ਸੜਦੇ ਦਿਲ) ਨੂੰ ਸ਼ਾਂਤ ਕਰ ਦੇਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੂਰ (ਵਰਗੇ ਮਨ) ਤੋਂ ਸੋਨਾ (ਸੁੱਧ) ਬਣ ਜਾਂਦਾ ਹੈ। ਹੇ ਮਨ! ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।1। ਹੇ ਮਨ! ਜਦੋਂ ਗੁਰੂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ (ਤਦੋਂ) ਗੁਰੂ ਦੀ ਰਾਹੀਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ। ਹੇ ਮਨ! ਜਿਸ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ।2। ਹੇ ਮਨ! ਜਿਹੜੇ ਬੰਦੇ ਗੁਰੂ ਨੂੰ ਛੱਡ ਕੇ (ਮਾਇਆ ਆਦਿਕ) ਹੋਰ ਹੋਰ (ਮੋਹ) ਵਿਚ ਲੱਗੇ ਰਹਿੰਦੇ ਹਨ ਉਹ ਪਰਲੋਕ ਵਿਚ ਜਾ ਕੇ ਕੀਹ ਕਰਨਗੇ? (ਅਜਿਹੇ ਬੰਦੇ ਤਾਂ) ਜਮਰਾਜ ਦੀ ਕਚਹਿਰੀ ਵਿਚ ਬੱਝੇ ਮਾਰੀਦੇ ਹਨ, ਅਜਿਹਾਂ ਨੂੰ ਤਾਂ ਬੜੀ ਸਜ਼ਾ ਮਿਲਦੀ ਹੈ।3। ਹੇ ਨਾਨਕ! (ਆਖ - ਹੇ ਭਾਈ!) ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਪਰਮਾਤਮਾ ਨੂੰ ਕੋਈ ਰਤਾ ਜਿਤਨਾ ਭੀ ਲਾਲਚ ਨਹੀਂ (ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ; ਸੋ) ਉਸ ਪਰਮਾਤਮਾ ਦੀ ਸਰਨ ਹੀ ਛੇਤੀ ਜਾ ਪਉ, (ਸਰਨ ਪਏ ਨੂੰ) ਉਹ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ।4।5। |
![]() |
![]() |
![]() |
![]() |
Sri Guru Granth Darpan, by Professor Sahib Singh |