ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 995 ਮਾਰੂ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੇ ॥ ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ ॥ ਭਗਤਿ ਵਛਲੁ ਹਰਿ ਨਾਮੁ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ ॥੧॥ ਮੇਰੇ ਮਨ ਨਾਮੁ ਜਪਤ ਉਧਰੇ ॥ ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ ॥੧॥ ਰਹਾਉ ॥ ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥ ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ ॥ ਗੁਰਮੁਖਿ ਨਾਮਿ ਲਗੇ ਸੇ ਉਧਰੇ ਸਭਿ ਕਿਲਬਿਖ ਪਾਪ ਟਰੇ ॥੨॥ {ਪੰਨਾ 995} ਪਦ ਅਰਥ: ਸੁਕ = ਸੁਕਦੇਵ {ਵਿਆਸ ਦਾ ਪੁੱਤਰ}। ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ। ਦਾਲਦੁ = ਗਰੀਬੀ। ਭੰਜਿ = ਦੂਰ ਕਰ ਕੇ। ਭਾਈ = ਪ੍ਰੇਮ ਦੀ ਰਾਹੀਂ। ਭਗਤੀ ਭਾਇ = ਭਗਤੀ-ਭਾਵ ਨਾਲ। ਤਰੇ = ਪਾਰ ਲੰਘ ਗਏ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ {vÄsl}। ਕ੍ਰਿਤਾਰਥੁ = {ਕ੍ਰਿਤ-ਅਰਥ} ਕਾਮਯਾਬ (ਬਣਾਣ ਵਾਲਾ) । ਗੁਰਮੁਖਿ = ਗੁਰੂ ਦੀ ਰਾਹੀਂ।1। ਮਨ = ਹੇ ਮਨ! ਉਧਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ। ਦਾਸੀ ਸੁਤੁ = ਦਾਸੀ ਦਾ ਪੁੱਤਰ। ਨਾਮਿ = ਨਾਮ ਦੀ ਰਾਹੀਂ।1। ਰਹਾਉ। ਕਲਜੁਗਿ = ਕਲਜੁਗ ਵਿਚ। ਪ੍ਰਧਾਨ = ਸ੍ਰੇਸ਼ਟ। ਸਭਿ = ਸਾਰੇ। ਦੋਖ = ਐਬ। ਚਮਰੇ = (ਰਵਿਦਾਸ) ਚਮਾਰ ਦੇ। ਨਾਮਿ = ਨਾਮ ਵਿਚ। ਸੇ = ਉਹ {ਬਹੁ-ਵਚਨ}। ਕਿਲਬਿਖ = ਪਾਪ। ਟਰੇ = ਟਲ ਗਏ।2। ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ) ਵਿਕਾਰਾਂ ਤੋਂ ਬਚ ਜਾਂਦੇ ਹਨ। ਧ੍ਰੂ ਭਗਤ, ਪ੍ਰਹਿਲਾਦ ਭਗਤ, ਦਾਸੀ ਦਾ ਪੁੱਤਰ ਬਿਦਰ = (ਇਹ ਸਾਰੇ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।1। ਰਹਾਉ। ਹੇ ਮਨ! ਰਾਜਾ ਜਨਕ ਨੇ, ਸੁਕਦੇਵ ਰਿਸ਼ੀ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਇਹ ਪਰਮਾਤਮਾ ਦੀ ਸਰਨ ਆ ਪਏ; ਸੁਦਾਮਾ ਭਗਤੀ ਦੀ ਗ਼ਰੀਬੀ ਦੂਰ ਕਰ ਕੇ ਪ੍ਰਭੂ ਸੁਦਾਮੇ ਨੂੰ ਆ ਮਿਲਿਆ। ਇਹ ਸਭ ਭਗਤੀ-ਭਾਵਨਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘੇ। ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਕਾਮਯਾਬ ਬਣਾਣ ਵਾਲਾ ਹੈ। (ਇਹ ਨਾਮ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਉਤੇ) ਗੁਰੂ ਦੀ ਰਾਹੀਂ ਮਿਹਰ ਕਰਦਾ ਹੈ।1। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਭਗਤ ਜਨ (ਇਸ ਨਾਮ ਦੀ ਬਰਕਤਿ ਨਾਲ ਹੀ) ਵਿਕਾਰਾਂ ਤੋਂ ਬਚਦੇ ਹਨ। ਨਾਮਦੇਵ ਬਚ ਗਿਆ, ਜੈਦੇਉ ਬਚ ਗਿਆ, ਕਬੀਰ ਬਚ ਗਿਆ, ਤ੍ਰਿਲੋਚਨ ਬਚ ਗਿਆ; ਨਾਮ ਦੀ ਬਰਕਤਿ ਨਾਲ (ਰਵਿਦਾਸ) ਚਮਾਰ ਦੇ ਸਾਰੇ ਪਾਪ ਦੂਰ ਹੋ ਗਏ। ਹੇ ਮਨ! ਜਿਹੜੇ ਭੀ ਮਨੁੱਖ ਗੁਰੂ ਦੀ ਰਾਹੀਂ ਹਰਿ-ਨਾਮ ਵਿਚ ਲੱਗੇ ਉਹ ਸਭ ਵਿਕਾਰਾਂ ਤੋਂ ਬਚ ਗਏ, (ਉਹਨਾਂ ਦੇ) ਸਾਰੇ ਪਾਪ ਟਲ ਗਏ।2। ਜੋ ਜੋ ਨਾਮੁ ਜਪੈ ਅਪਰਾਧੀ ਸਭਿ ਤਿਨ ਕੇ ਦੋਖ ਪਰਹਰੇ ॥ ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ ॥ ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ ॥੩॥ ਜਨ ਕਉ ਆਪਿ ਅਨੁਗ੍ਰਹੁ ਕੀਆ ਹਰਿ ਅੰਗੀਕਾਰੁ ਕਰੇ ॥ ਸੇਵਕ ਪੈਜ ਰਖੈ ਮੇਰਾ ਗੋਵਿਦੁ ਸਰਣਿ ਪਰੇ ਉਧਰੇ ॥ ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਰਿਓ ਨਾਮੁ ਹਰੇ ॥੪॥੧॥ {ਪੰਨਾ 995} ਪਦ ਅਰਥ: ਜੋ ਜੋ = ਜਿਹੜਾ ਜਿਹੜਾ ਮਨੁੱਖ। ਅਪਰਾਧੀ = ਵਿਕਾਰੀ (ਭੀ) । ਸਭਿ = ਸਾਰੇ। ਦੋਖ = ਪਾਪ। ਪਰਹਰੇ = ਦੂਰ ਕਰਦਾ ਹੈ। ਬੇਸੁਆ = ਕੰਜਰੀ। ਰਵਤ = ਸੰਗ ਕਰਨ ਵਾਲਾ। ਉਧਰਿਓ = ਬਚ ਗਿਆ। ਮੁਖਿ = ਮੂੰਹੋਂ। ਨਰਹਰੇ = ਨਰਹਰੀ, ਪਰਮਾਤਮਾ। ਉਗ੍ਰਸੈਣਿ = ਉੱਗ੍ਰਸੈਣ ਨੇ {ਉਗ੍ਰਸੈਣ = ਕੰਸ ਦਾ ਪਿਤਾ}। ਗਤਿ = ਉੱਚੀ ਆਤਮਕ ਅਵਸਥਾ। ਤੋੜਿ = ਤੋੜ ਕੇ। ਬੰਧਨ = ਮੋਹ ਦੀਆਂ ਫਾਹੀਆਂ। ਮੁਕਤਿ = ਬੰਧਨਾਂ ਤੋਂ ਖ਼ਲਾਸੀ।3। ਜਨ = ਸੇਵਕ, ਭਗਤ। ਕਉ = ਨੂੰ। ਅਨੁਗ੍ਰਹੁ = ਕਿਰਪਾ, ਦਇਆ। ਅੰਗੀਕਾਰੁ = ਪੱਖ। ਪੈਜ = ਲਾਜ, ਇੱਜ਼ਤ। ਉਧਰੇ = ਵਿਕਾਰਾਂ ਤੋਂ ਬਚ ਗਏ। ਜਨ ਨਾਨਕ = ਹੇ ਦਾਸ ਨਾਨਕ! ਉਰ = ਹਿਰਦਾ। ਹਰੇ = ਹਰੀ ਦਾ।4। ਅਰਥ: ਹੇ ਮਨ! ਜਿਹੜਾ ਜਿਹੜਾ ਵਿਕਾਰੀ ਬੰਦਾ (ਭੀ) ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ। (ਵੇਖ) ਵੇਸੁਆ ਦਾ ਸੰਗ ਕਰਨ ਵਾਲਾ ਅਜਾਮਲ ਜਦੋਂ ਮੂੰਹੋਂ 'ਨਾਰਾਇਣ ਨਰਹਰੀ' ਉਚਾਰਨ ਲੱਗ ਪਿਆ, ਤਾਂ ਉਹ ਵਿਕਾਰਾਂ ਤੋਂ ਬਚ ਗਿਆ। ਪਰਮਾਤਮਾ ਦਾ ਨਾਮ ਜਪਦਿਆਂ ਉਗ੍ਰਸੈਣ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ, ਪਰਮਾਤਮਾ ਨੇ ਉਸ ਦੇ ਬੰਧਨ ਤੋੜ ਕੇ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ੀ।3। ਹੇ ਮਨ! ਪਰਮਾਤਮਾ ਆਪਣੇ ਭਗਤ ਉਤੇ (ਸਦਾ) ਆਪ ਮਿਹਰ ਕਰਦਾ ਆ ਰਿਹਾ ਹੈ, ਆਪਣੇ ਭਗਤ ਦਾ (ਸਦਾ) ਪੱਖ ਕਰਦਾ ਹੈ। ਪਰਮਾਤਮਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ, ਜਿਹੜੇ ਭੀ ਉਸ ਦੀ ਸਰਨ ਪੈਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ। ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ (ਦੀ ਨਿਗਾਹ) ਕੀਤੀ, ਉਸ ਨੇ ਉਸ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ।4।1। ਮਾਰੂ ਮਹਲਾ ੪ ॥ ਸਿਧ ਸਮਾਧਿ ਜਪਿਓ ਲਿਵ ਲਾਈ ਸਾਧਿਕ ਮੁਨਿ ਜਪਿਆ ॥ ਜਤੀ ਸਤੀ ਸੰਤੋਖੀ ਧਿਆਇਆ ਮੁਖਿ ਇੰਦ੍ਰਾਦਿਕ ਰਵਿਆ ॥ ਸਰਣਿ ਪਰੇ ਜਪਿਓ ਤੇ ਭਾਏ ਗੁਰਮੁਖਿ ਪਾਰਿ ਪਇਆ ॥੧॥ ਮੇਰੇ ਮਨ ਨਾਮੁ ਜਪਤ ਤਰਿਆ ॥ ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ ॥੧॥ ਰਹਾਉ ॥ ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ ॥ ਸੰਕਰਿ ਬ੍ਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ ॥ ਹਰਿ ਹਰਿ ਨਾਮਿ ਜਿਨਾ ਮਨੁ ਭੀਨਾ ਤੇ ਗੁਰਮੁਖਿ ਪਾਰਿ ਪਇਆ ॥੨॥ {ਪੰਨਾ 995} ਪਦ ਅਰਥ: ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਲਿਵ ਲਾਈ = ਲਿਵ ਲਾਇ, ਸੁਰਤਿ ਜੋੜ ਕੇ। ਸਾਧਿਕ = ਸਾਧਨ ਕਰਨ ਵਾਲੇ। ਮੁਖਿ = ਮੂੰਹੋਂ। ਇੰਦ੍ਰਾਦਿਕ = ਇੰਦ੍ਰ ਆਦਿਕਾਂ ਨੇ। ਰਵਿਆ = ਜਪਿਆ। ਤੇ = ਉਹ {ਬਹੁ-ਵਚਨ}। ਭਾਏ = (ਪ੍ਰਭੂ ਨੂੰ) ਚੰਗੇ ਲੱਗੇ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ।1। ਮਨ = ਹੇ ਮਨ! ਬਟਵਾਰਾ = ਡਾਕੂ, ਰਾਹ ਮਾਰਨ ਵਾਲਾ।1। ਰਹਾਉ। ਸੁਰਿ = ਦੇਵਤੇ। ਗੰਧਰਬੇ = ਦੇਵਤਿਆਂ ਦੇ ਗਵੱਯੇ। ਰਿਖਿ ਬਪੁਰੈ = ਵਿਚਾਰੇ ਰਿਖ (ਧਰਮਰਾਜ) ਨੇ। ਸੰਕਰਿ = ਸ਼ਿਵ ਨੇ। ਬ੍ਰਹਮੈ = ਬ੍ਰਹਮਾ ਨੇ। ਨਾਮਿ = ਨਾਮ ਵਿਚ। ਭੀਨਾ = ਭਿੱਜ ਗਿਆ। ਗਣ = ਸ਼ਿਵ ਜੀ ਦੇ ਖ਼ਾਸ ਉਪਾਸਕ-ਦੇਵਤੇ ਜੋ ਗਣੇਸ਼ ਦੇ ਅਧੀਨ ਦੱਸੇ ਜਾਂਦੇ ਹਨ।2। ਅਰਥ: ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ। ਧੰਨਾ ਜੱਟ ਪਾਰ ਲੰਘ ਗਿਆ, ਬਾਲਮੀਕ ਡਾਕੂ ਪਾਰ ਲੰਘ ਗਿਆ।1। ਰਹਾਉ। ਹੇ ਮਨ! ਸਿੱਧ ਸਮਾਧੀ ਲਾ ਕੇ ਸੁਰਤਿ ਜੋੜ ਕੇ ਜਪਦੇ ਰਹੇ, ਸਾਧਿਕ ਤੇ ਮੁਨੀ ਜਪਦੇ ਰਹੇ। ਜਤੀਆਂ ਨੇ ਪ੍ਰਭੂ ਦਾ ਧਿਆਨ ਧਰਿਆ, ਸਤੀਆਂ ਨੇ ਸੰਤੋਖੀਆਂ ਨੇ ਧਿਆਨ ਧਰਿਆ, ਇੰਦ੍ਰ ਆਦਿਕ ਦੇਵਤਿਆਂ ਨੇ ਮੂੰਹੋਂ ਪ੍ਰਭੂ ਦਾ ਨਾਮ ਜਪਿਆ। ਹੇ ਮਨ! ਜਿਹੜੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪਏ, ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਨਾਮ ਜਪਿਆ, ਉਹ ਪਰਮਾਤਮਾ ਨੂੰ ਪਿਆਰੇ ਲੱਗੇ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।1। ਹੇ ਮਨ! ਦੇਵਤਿਆਂ ਨੇ, ਮਨੁੱਖਾਂ ਨੇ, (ਸ਼ਿਵ ਜੀ ਦੇ ਉਪਾਸਕ-) ਗਣਾਂ ਨੇ, ਦੇਵਤਿਆਂ ਦੇ ਰਾਗੀਆਂ ਨੇ ਨਾਮ ਜਪਿਆ; ਵਿਚਾਰੇ ਧਰਮਰਾਜ ਨੇ ਹਰੀ ਦੇ ਗੁਣ ਗਾਏ। ਸ਼ਿਵ ਨੇ, ਬ੍ਰਹਮਾ ਨੇ, ਦੇਵਤਿਆਂ ਨੇ ਮੂੰਹੋਂ ਹਰੀ ਦਾ ਨਾਮ ਜਪਿਆ। ਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਗਿਆ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।2। ਕੋਟਿ ਕੋਟਿ ਤੇਤੀਸ ਧਿਆਇਓ ਹਰਿ ਜਪਤਿਆ ਅੰਤੁ ਨ ਪਾਇਆ ॥ ਬੇਦ ਪੁਰਾਣ ਸਿਮ੍ਰਿਤਿ ਹਰਿ ਜਪਿਆ ਮੁਖਿ ਪੰਡਿਤ ਹਰਿ ਗਾਇਆ ॥ ਨਾਮੁ ਰਸਾਲੁ ਜਿਨਾ ਮਨਿ ਵਸਿਆ ਤੇ ਗੁਰਮੁਖਿ ਪਾਰਿ ਪਇਆ ॥੩॥ ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ ॥ ਗੋਬਿਦੁ ਕ੍ਰਿਪਾ ਕਰੇ ਥਾਇ ਪਾਏ ਜੋ ਹਰਿ ਪ੍ਰਭ ਮਨਿ ਭਾਇਆ ॥ ਗੁਰਿ ਧਾਰਿ ਕ੍ਰਿਪਾ ਹਰਿ ਨਾਮੁ ਦ੍ਰਿੜਾਇਓ ਜਨ ਨਾਨਕ ਨਾਮੁ ਲਇਆ ॥੪॥੨॥ {ਪੰਨਾ 995} ਪਦ ਅਰਥ: ਕੋਟਿ = ਕ੍ਰੋੜ। ਹਰਿ ਜਪਤਿਆ ਅੰਤੁ = ਹਰਿ-ਨਾਮ ਜਪਣ ਵਾਲਿਆਂ ਦੀ ਗਿਣਤੀ। ਮੁਖਿ = ਮੂੰਹੋਂ। ਪੰਡਿਤ = ਪੰਡਿਤਾਂ ਨੇ {ਬਹੁ-ਵਚਨ}। ਰਸਾਲੁ = {ਰਸ-ਆਲਯ} ਸਾਰੇ ਰਸਾਂ ਦਾ ਘਰ। ਮਨਿ = ਮਨ ਵਿਚ। ਤੇ = ਉਹ ਅਨਤ = ਅਨੰਤ, ਬਿਅੰਤ। ਤਰੰਗ = ਲਹਿਰ। ਅਨਤ ਤਰੰਗੀ = ਬਿਅੰਤ ਲਹਿਰਾਂ ਵਾਲਾ ਪ੍ਰਭੂ। ਜਿਨ = ਜਿਨ੍ਹਾਂ ਨੇ। ਥਾਇ ਪਾਏ = ਕਬੂਲ ਕਰਦਾ ਹੈ, ਪਰਵਾਨ ਕਰਦਾ ਹੈ। ਜੋ = ਜਿਹੜਾ ਜੀਵ। ਪ੍ਰਭ ਮਨਿ = ਪ੍ਰਭੂ ਦੇ ਮਨ ਵਿਚ। ਭਾਇਆ = ਚੰਗਾ ਲੱਗਾ। ਗੁਰਿ = ਗੁਰੂ ਨੇ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕਰ ਦਿੱਤਾ।4। ਅਰਥ: ਹੇ ਮੇਰੇ ਮਨ! ਤੇਤੀ ਕ੍ਰੋੜ ਦੇਵਤਿਆਂ ਨੇ ਪਰਮਾਤਮਾ ਦਾ ਨਾਮ ਜਪਿਆ, ਹਰਿ-ਨਾਮ ਜਪਣ ਵਾਲਿਆਂ (ਦੀ ਗਿਣਤੀ) ਦਾ ਅੰਤ ਨਹੀਂ ਪਾਇਆ ਜਾ ਸਕਦਾ। ਵੇਦ ਪੁਰਾਣ ਸਿਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਦੇ ਲਿਖਣ ਵਾਲਿਆਂ ਨੇ ਹਰਿ-ਨਾਮ ਜਪਿਆ, ਪੰਡਿਤਾਂ ਨੇ ਮੂੰਹੋਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ। ਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਸਾਰੇ ਰਸਾਂ ਦਾ ਸੋਮਾ ਹਰਿ-ਨਾਮ ਟਿਕ ਗਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।3। ਹੇ ਮੇਰੇ ਮਨ! ਬੇਅੰਤ ਰਚਨਾ ਦੇ ਮਾਲਕ ਪਰਮਾਤਮਾ ਦਾ ਨਾਮ ਜਿਨ੍ਹਾਂ ਪ੍ਰਾਣੀਆਂ ਨੇ ਜਪਿਆ ਹੈ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ। ਜਿਹੜੇ ਪ੍ਰਾਣੀ ਪਰਮਾਤਮਾ ਦੇ ਮਨ ਵਿਚ ਭਾ ਜਾਂਦੇ ਹਨ, ਪਰਮਾਤਮਾ ਕਿਰਪਾ ਕਰ ਕੇ (ਉਹਨਾਂ ਦੀ ਸੇਵਾ-ਭਗਤੀ) ਪਰਵਾਨ ਕਰਦਾ ਹੈ। ਹੇ ਨਾਨਕ! ਗੁਰੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, (ਉਹਨਾਂ ਨੇ ਹੀ) ਨਾਮ ਸਿਮਰਿਆ ਹੈ।4।2। |
![]() |
![]() |
![]() |
![]() |
Sri Guru Granth Darpan, by Professor Sahib Singh |