ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 996 ਮਾਰੂ ਮਹਲਾ ੪ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਨਾਮੁ ਨਿਧਾਨੁ ਲੈ ਗੁਰਮਤਿ ਹਰਿ ਪਤਿ ਪਾਇ ॥ ਹਲਤਿ ਪਲਤਿ ਨਾਲਿ ਚਲਦਾ ਹਰਿ ਅੰਤੇ ਲਏ ਛਡਾਇ ॥ ਜਿਥੈ ਅਵਘਟ ਗਲੀਆ ਭੀੜੀਆ ਤਿਥੈ ਹਰਿ ਹਰਿ ਮੁਕਤਿ ਕਰਾਇ ॥੧॥ ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ ॥ ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ ॥੧॥ ਰਹਾਉ ॥ ਮੈ ਹਰਿ ਬਿਰਹੀ ਹਰਿ ਨਾਮੁ ਹੈ ਕੋਈ ਆਣਿ ਮਿਲਾਵੈ ਮਾਇ ॥ ਤਿਸੁ ਆਗੈ ਮੈ ਜੋਦੜੀ ਮੇਰਾ ਪ੍ਰੀਤਮੁ ਦੇਇ ਮਿਲਾਇ ॥ ਸਤਿਗੁਰੁ ਪੁਰਖੁ ਦਇਆਲ ਪ੍ਰਭੁ ਹਰਿ ਮੇਲੇ ਢਿਲ ਨ ਪਾਇ ॥੨॥ {ਪੰਨਾ 996} ਪਦ ਅਰਥ: ਨਿਧਾਨੁ = (ਅਸਲ) ਖ਼ਜ਼ਾਨਾ। ਲੈ = ਹਾਸਲ ਕਰ। ਗੁਰਮਤਿ = ਗੁਰੂ ਦੀ ਮਤਿ ਰਾਹੀਂ। ਪਤਿ = ਇੱਜ਼ਤ। ਹਲਤਿ = ਇਸ ਲੋਕ ਵਿਚ {A>}। ਪਲਤਿ = ਪਰਲੋਕ ਵਿਚ {pr>}। ਚਲਦਾ = ਸਾਥ ਨਿਬਾਹੁੰਦਾ। ਅੰਤੇ = ਅਖ਼ੀਰ ਵੇਲੇ। ਘਾਟ = ਪੱਤਣ। ਅਵਘਟ = ਪੱਤਣ ਤੋਂ ਲਾਂਭ ਦਾ ਬਿਖੜਾ ਰਸਤਾ। ਮੁਕਤਿ = ਖ਼ਲਾਸੀ।1। ਸਤਿਗੁਰਾ = ਹੇ ਸਤਿਗੁਰ! ਮੈ ਦ੍ਰਿੜਾਇ = ਮੇਰੇ ਹਿਰਦੇ ਵਿਚ ਪੱਕਾ ਕਰ। ਸੁਤ = ਪੁੱਤਰ। ਬੰਧਪੋ = ਰਿਸ਼ਤੇਦਾਰ। ਮਾਇ = ਹੇ ਮਾਂ!।1। ਰਹਾਉ। ਬਿਰਹੀ = ਪਿਆਰਾ। ਆਣਿ = ਲਿਆ ਕੇ। ਜੋਦੜੀ = ਅਰਜ਼ੋਈ। ਦੇਇ ਮਿਲਾਇ = ਮਿਲਾ ਦੇਵੇ। ਪ੍ਰਭੁ ਹਰਿ ਮੇਲੇ = ਹਰੀ ਪ੍ਰਭੂ (ਨਾਲ) ਮਿਲਾ ਦੇਂਦਾ ਹੈ।2। ਅਰਥ: ਹੇ ਮੇਰੇ ਸਤਿਗੁਰੂ! ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦੇਹ। ਹੇ ਮੇਰੀ ਮਾਂ! ਹਰੀ ਹੀ ਮੇਰੀ ਮਾਂ ਹੈ, ਹਰੀ ਹੀ ਮੇਰਾ ਪਿਉ ਹੈ, ਹਰੀ ਹੀ ਮੇਰੇ ਪੁੱਤਰ ਹਨ, ਹਰੀ ਹੀ ਮੇਰਾ ਸਨਬੰਧੀ ਹੈ। ਹੇ ਮਾਂ! ਹਰੀ ਤੋਂ ਬਿਨਾ ਹੋਰ ਕੋਈ ਮੇਰਾ (ਪੱਕਾ ਸਾਕ) ਨਹੀਂ।1। ਰਹਾਉ। ਹੇ ਭਾਈ! ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ; ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ਖ਼ਜ਼ਾਨਾ) ਹਾਸਲ ਕਰ, (ਜਿਸ ਦੇ ਪਾਸ ਇਹ ਖ਼ਜ਼ਾਨਾ ਹੁੰਦਾ ਹੈ, ਉਹ) ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ। (ਇਹ ਖ਼ਜ਼ਾਨਾ) ਇਸ ਲੋਕ ਵਿਚ ਤੇ ਪਰਲੋਕ ਵਿਚ ਸਾਥ ਨਿਬਾਹੁੰਦਾ ਹੈ, ਤੇ ਅਖ਼ੀਰ ਵੇਲੇ ਭੀ ਪਰਮਾਤਮਾ (ਦੁੱਖਾਂ ਤੋਂ) ਬਚਾ ਲੈਂਦਾ ਹੈ। ਹੇ ਭਾਈ! ਜੀਵਨ ਦੇ ਜਿਸ ਇਸ ਰਸਤੇ ਵਿਚ ਪੱਤਣ ਤੋਂ ਲਾਂਭ ਦੇ ਬਿਖੜੇ ਰਸਤੇ ਹਨ, ਬੜੀਆਂ ਭੀੜੀਆਂ ਗਲੀਆਂ ਹਨ (ਜਿਨ੍ਹਾਂ ਵਿਚ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਂਦਾ ਹੈ) ਉਥੇ ਪਰਮਾਤਮਾ ਹੀ ਖ਼ਲਾਸੀ ਦਿਵਾਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਹੀ ਮੇਰਾ (ਅਸਲ) ਪਿਆਰਾ (ਮਿੱਤਰ) ਹੈ। ਹੇ ਮਾਂ! ਜੇ ਕੋਈ (ਉਸ ਮਿੱਤਰ ਨੂੰ) ਲਿਆ ਕੇ (ਮੇਰੇ ਨਾਲ) ਮਿਲਾਪ ਕਰਾ ਸਕਦਾ ਹੋਵੇ, ਮੈਂ ਉਸ ਅੱਗੇ ਨਿੱਤ ਅਰਜ਼ੋਈ ਕਰਦਾ ਰਹਾਂ, ਭਲਾ ਜਿ ਕਿਤੇ ਮੇਰਾ ਪ੍ਰੀਤਮ ਮੈਨੂੰ ਮਿਲਾ ਦੇਵੇ। ਹੇ ਮਾਂ! ਗੁਰੂ ਹੀ ਦਇਆਵਾਨ ਪੁਰਖ ਹੈ ਜੋ ਹਰੀ ਪ੍ਰਭੂ ਨਾਲ ਮਿਲਾ ਦੇਂਦਾ ਹੈ ਤੇ ਰਤਾ ਢਿੱਲ ਨਹੀਂ ਪੈਂਦੀ।2। ਜਿਨ ਹਰਿ ਹਰਿ ਨਾਮੁ ਨ ਚੇਤਿਓ ਸੇ ਭਾਗਹੀਣ ਮਰਿ ਜਾਇ ॥ ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮਰਿ ਜੰਮਹਿ ਆਵੈ ਜਾਇ ॥ ਓਇ ਜਮ ਦਰਿ ਬਧੇ ਮਾਰੀਅਹਿ ਹਰਿ ਦਰਗਹ ਮਿਲੈ ਸਜਾਇ ॥੩॥ ਤੂ ਪ੍ਰਭੁ ਹਮ ਸਰਣਾਗਤੀ ਮੋ ਕਉ ਮੇਲਿ ਲੈਹੁ ਹਰਿ ਰਾਇ ॥ ਹਰਿ ਧਾਰਿ ਕ੍ਰਿਪਾ ਜਗਜੀਵਨਾ ਗੁਰ ਸਤਿਗੁਰ ਕੀ ਸਰਣਾਇ ॥ ਹਰਿ ਜੀਉ ਆਪਿ ਦਇਆਲੁ ਹੋਇ ਜਨ ਨਾਨਕ ਹਰਿ ਮੇਲਾਇ ॥੪॥੧॥੩॥ {ਪੰਨਾ 996} ਪਦ ਅਰਥ: ਜਿਨ = {ਬਹੁ-ਵਚਨ} ਜਿਨ੍ਹਾਂ ਨੇ। ਸੇ = ਉਹ ਬੰਦੇ {ਬਹੁ-ਵਚਨ}। ਭਾਗ ਹੀਣ = ਬਦ-ਕਿਸਮਤ {ਬਹੁ-ਵਚਨ}। ਮਰਿ ਜਾਇ = {ਇਕ-ਵਚਨ} ਮਰ ਜਾਂਦਾ ਹੈ, ਆਤਮਕ ਮੌਤੇ ਮਰਦਾ ਹੈ। ਓਇ = ਉਹ ਬੰਦੇ {ਲਫ਼ਜ਼ 'ਓਹ' ਤੋਂ ਬਹੁ-ਵਚਨ}। ਭਵਾਈਅਹਿ = ਭਵਾਏ ਜਾਂਦੇ ਹਨ। ਮਰਿ ਜੰਮਹਿ = ਮਰ ਕੇ ਜੰਮਦੇ ਹਨ, ਮਰਦੇ ਹਨ ਜੰਮਦੇ ਹਨ। ਆਵੈ ਜਾਇ = {ਇਕ-ਵਚਨ} ਆਉਂਦਾ ਹੈ ਜਾਂਦਾ ਹੈ, ਜੰਮਦਾ ਮਰਦਾ ਹੈ। ਜਮ ਦਰਿ = ਜਮਰਾਜ ਦੇ ਦਰ ਤੇ। ਮਾਰੀਅਹਿ = ਮਾਰੀ-ਕੁੱਟੀਦੇ ਹਨ।3। ਪ੍ਰਭੂ = ਮਾਲਕ। ਹਮ = ਅਸੀਂ ਜੀਵ। ਸਰਣਾਗਤੀ = ਸਰਣ ਆਏ ਹਾਂ। ਮੋ ਕਉ = ਮੈਨੂੰ। ਹਰਿ ਰਾਇ = ਹੇ ਪ੍ਰਭੂ ਪਾਤਿਸ਼ਾਹ! ਹਰਿ = ਹੇ ਹਰੀ! ਜਗ ਜੀਵਨਾ = ਹੇ ਜਗਤ ਦੇ ਜੀਵਨ ਹਰੀ! ਦਇਆਲੁ = ਦਇਆਵਾਨ।4। ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਹ ਬਦ-ਕਿਸਮਤ ਹਨ। ਹੇ ਭਾਈ! (ਨਾਮ-ਹੀਣ ਮਨੁੱਖ) ਆਤਮਕ ਮੌਤੇ ਮਰਿਆ ਰਹਿੰਦਾ ਹੈ। ਉਹ (ਨਾਮ ਤੋਂ ਸੱਖਣੇ) ਬੰਦੇ ਮੁੜ ਮੁੜ ਜੂਨਾਂ ਵਿਚ ਭਵਾਏ ਜਾਂਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਹੇ ਭਾਈ! ਨਾਮ-ਹੀਣ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ। ਹੇ ਭਾਈ! ਉਹ (ਨਾਮ ਤੋਂ ਵਾਂਜੇ ਹੋਏ) ਬੰਦੇ ਜਮਰਾਜ ਦੇ ਦਰ ਤੇ ਬੱਝੇ ਮਾਰੀ-ਕੁੱਟੀਦੇ ਹਨ। ਪ੍ਰਭੂ ਦੀ ਦਰਗਾਹ ਵਿਚ ਉਹਨਾਂ ਨੂੰ (ਇਹ) ਸਜ਼ਾ ਮਿਲਦੀ ਹੈ।3। ਹੇ ਪਾਤਿਸ਼ਾਹ! ਤੂੰ ਸਾਡਾ ਮਾਲਕ ਹੈਂ, ਅਸੀਂ ਜੀਵ ਤੇਰੀ ਸਰਣ ਹਾਂ। ਹੇ ਪਾਤਿਸ਼ਾਹ! ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ। ਹੇ ਹਰੀ! ਹੇ ਜਗਤ ਦੇ ਜੀਵਨ ਹਰੀ! (ਮੇਰੇ ਉਤੇ) ਮਿਹਰ ਕਰ, ਮੈਨੂੰ ਗੁਰੂ ਦੀ ਸਰਨ ਸਤਿਗੁਰੂ ਦੀ ਸਰਨ ਵਿਚ (ਸਦਾ ਰੱਖ) । ਹੇ ਦਾਸ ਨਾਨਕ! (ਆਖ - ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਸ ਨੂੰ (ਗੁਰੂ ਦੀ ਸਰਨ ਵਿਚ ਰੱਖ ਕੇ) ਆਪਣੇ ਨਾਲ ਮਿਲਾ ਲੈਂਦਾ ਹੈ।4।1।3। ਮਾਰੂ ਮਹਲਾ ੪ ॥ ਹਉ ਪੂੰਜੀ ਨਾਮੁ ਦਸਾਇਦਾ ਕੋ ਦਸੇ ਹਰਿ ਧਨੁ ਰਾਸਿ ॥ ਹਉ ਤਿਸੁ ਵਿਟਹੁ ਖਨ ਖੰਨੀਐ ਮੈ ਮੇਲੇ ਹਰਿ ਪ੍ਰਭ ਪਾਸਿ ॥ ਮੈ ਅੰਤਰਿ ਪ੍ਰੇਮੁ ਪਿਰੰਮ ਕਾ ਕਿਉ ਸਜਣੁ ਮਿਲੈ ਮਿਲਾਸਿ ॥੧॥ ਮਨ ਪਿਆਰਿਆ ਮਿਤ੍ਰਾ ਮੈ ਹਰਿ ਹਰਿ ਨਾਮੁ ਧਨੁ ਰਾਸਿ ॥ ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਧੀਰਕ ਹਰਿ ਸਾਬਾਸਿ ॥੧॥ ਰਹਾਉ ॥ ਹਰਿ ਹਰਿ ਆਪਿ ਮਿਲਾਇ ਗੁਰੁ ਮੈ ਦਸੇ ਹਰਿ ਧਨੁ ਰਾਸਿ ॥ ਬਿਨੁ ਗੁਰ ਪ੍ਰੇਮੁ ਨ ਲਭਈ ਜਨ ਵੇਖਹੁ ਮਨਿ ਨਿਰਜਾਸਿ ॥ ਹਰਿ ਗੁਰ ਵਿਚਿ ਆਪੁ ਰਖਿਆ ਹਰਿ ਮੇਲੇ ਗੁਰ ਸਾਬਾਸਿ ॥੨॥ {ਪੰਨਾ 996} ਪਦ ਅਰਥ: ਹਉ = ਹਉਂ, ਮੈਂ। ਪੂੰਜੀ = ਰਾਸਿ, ਸਰਮਾਇਆ। ਦਸਾਇਦਾ = ਦਸਾਂਇਦਾ, ਮੈਂ ਪੁੱਛਦਾ ਹਾਂ, ਮੈਂ ਭਾਲ ਰਿਹਾ ਹਾਂ। ਕੋ = ਕੋਈ (ਸੱਜਣ) । ਦਸੇ = ਦੱਸੇ, ਮੈਨੂੰ ਦੱਸ ਪਾਏ। ਰਾਸਿ = ਪੂੰਜੀ। ਵਿਟਹੁ = ਤੋਂ। ਖਨ ਖੰਨੀਐ = ਸਦਕੇ। ਪਾਸਿ = ਨਾਲ। ਮੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਪਿਰੰਮ ਕਾ = ਪਿਆਰੇ ਪ੍ਰਭੂ ਦਾ। ਕਿਉ = ਕਿਉਂ, ਕਿਸ ਤਰ੍ਹਾਂ?।1। ਮਨ = ਹੇ ਮਨ! ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਧੀਰਕ = ਹੌਸਲਾ।1। ਰਹਾਉ। ਹਰਿ ਹਰਿ = ਹੇ ਹਰੀ! ਮੈ = ਮੈਨੂੰ। ਦਸੇ = ਦੱਸੇ, ਦੱਸ ਪਾਏ, ਵਿਖਾ ਦੇਵੇ। ਨ ਲਭਈ = ਨ ਲੱਭੇ, ਨਹੀਂ ਲੱਭਦਾ। ਜਨ = ਹੇ ਜਨ। ਹੇ ਭਾਈ! ਮਨਿ = ਮਨਿ ਵਿਚ। ਨਿਰਜਾਸਿ = ਨਿਰਨਾ ਕਰ ਕੇ। ਆਪੁ = ਆਪਣਾ ਆਪ। ਗੁਰ ਸਾਬਾਸਿ = ਗੁਰੂ ਨੂੰ ਸ਼ਾਬਾਸ਼ੇ ਹੈ।2। ਅਰਥ: ਹੇ ਮੇਰੇ ਮਨ! ਹੇ ਪਿਆਰੇ ਮਿੱਤਰ! ਪਰਮਾਤਮਾ ਦਾ ਨਾਮ ਹੀ ਮੈਨੂੰ (ਅਸਲ) ਧਨ (ਅਸਲ) ਸਰਮਾਇਆ (ਜਾਪਦਾ ਹੈ) । ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਪਰਮਾਤਮਾ ਧੀਰਜ ਦੇਂਦਾ ਹੈ ਉਸ ਨੂੰ ਸ਼ਾਬਾਸ਼ ਦੇਂਦਾ ਹੈ।1। ਰਹਾਉ। ਹੇ ਭਾਈ! ਮੈਂ ਹਰਿ-ਨਾਮ ਸਰਮਾਏ ਦੀ ਭਾਲ ਕਰਦਾ ਫਿਰਦਾ ਹਾਂ। ਜੇ ਕੋਈ ਮੈਨੂੰ ਉਸ ਨਾਮ-ਧਨ ਨਾਮ-ਸਰਮਾਏ ਦੀ ਦੱਸ ਪਾ ਦੇਵੇ, ਤੇ, ਮੈਨੂੰ ਹਰੀ-ਪ੍ਰਭੂ ਦੇ ਨਾਲ ਜੋੜ ਦੇਵੇ ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ। ਹੇ ਭਾਈ! ਮੇਰੇ ਹਿਰਦੇ ਵਿਚ ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ। ਉਹ ਸੱਜਣ ਮੈਨੂੰ ਕਿਵੇਂ ਮਿਲੇ? ਮੈਂ ਉਸ ਨੂੰ ਕਿਵੇਂ ਮਿਲਾਂ?।1। ਹੇ ਹਰੀ! ਤੂੰ ਆਪ ਹੀ ਮੈਨੂੰ ਗੁਰੂ ਮਿਲਾ ਦੇਹ, ਤਾ ਕਿ ਗੁਰੂ ਮੈਨੂੰ ਤੇਰਾ ਨਾਮ-ਧਨ ਸਰਮਾਇਆ ਵਿਖਾ ਦੇਵੇ। ਹੇ ਸੱਜਣੋ! ਆਪਣੇ ਮਨ ਵਿਚ ਨਿਰਣਾ ਕਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ। ਪਰਮਾਤਮਾ ਨੇ ਗੁਰੂ ਵਿਚ ਆਪਣੇ ਆਪ ਨੂੰ ਰੱਖਿਆ ਹੋਇਆ ਹੈ, ਗੁਰੂ ਹੀ ਉਸ ਨਾਲ ਮਿਲਾਂਦਾ ਹੈ। ਗੁਰੂ ਦੀ ਵਡਿਆਈ ਕਰੋ।2। ਸਾਗਰ ਭਗਤਿ ਭੰਡਾਰ ਹਰਿ ਪੂਰੇ ਸਤਿਗੁਰ ਪਾਸਿ ॥ ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ ॥ ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ ॥੩॥ ਗੁਰੁ ਦਾਤਾ ਦਾਤਾਰੁ ਹੈ ਹਉ ਮਾਗਉ ਦਾਨੁ ਗੁਰ ਪਾਸਿ ॥ ਚਿਰੀ ਵਿਛੁੰਨਾ ਮੇਲਿ ਪ੍ਰਭ ਮੈ ਮਨਿ ਤਨਿ ਵਡੜੀ ਆਸ ॥ ਗੁਰ ਭਾਵੈ ਸੁਣਿ ਬੇਨਤੀ ਜਨ ਨਾਨਕ ਕੀ ਅਰਦਾਸਿ ॥੪॥੨॥੪॥ {ਪੰਨਾ 996} ਪਦ ਅਰਥ: ਸਾਗਰ = ਸਮੁੰਦਰ। ਭੰਡਾਰ = ਖ਼ਜ਼ਾਨੇ। ਪਾਸਿ = ਕੋਲ। ਤੁਠਾ = ਮਿਹਰਵਾਨ ਹੋਇਆ। ਖੋਲਿ = ਖੋਲ੍ਹ ਕੇ। ਦੇਇ = ਦੇਂਦਾ ਹੈ। ਮੁਖਿ = ਮੂੰਹੋਂ (ਉਪਦੇਸ਼ਦਾ ਹੈ) । ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਪਰਗਾਸ = ਚਾਨਣ ਕਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਤਿਖ = ਤ੍ਰੇਹ, ਤ੍ਰਿਸ਼ਨਾ। ਮੁਈਆ = ਮਰ ਗਈ, ਆਤਮਕ ਮੌਤੇ ਮਰ ਗਈ। ਕੰਧੀ ਪਾਸਿ = ਸਰੋਵਰ ਦੇ ਕੰਢੇ ਦੇ ਕੋਲ।3। ਹਉ ਮਾਗਉ = ਹਉਂ ਮਾਗਉਂ, ਮੈਂ ਮੰਗਦਾ ਹਾਂ। ਚਿਰੀ ਵਿਛੁੰਨਾ = ਚਿਰ ਤੋਂ ਵਿਛੁੜਿਆ ਹੋਇਆ। ਮੈ ਮਨਿ ਤਨਿ = ਮੇਰੇ ਮਨ ਵਿਚ ਮੇਰੇ ਤਨ ਵਿਚ। ਗੁਰ ਭਾਵੈ = ਹੇ ਗੁਰੂ! ਜੇ ਤੈਨੂੰ ਭਾਵੇ।4। ਅਰਥ: ਹੇ ਭਾਈ! ਪੂਰੇ ਗੁਰੂ ਦੇ ਕੋਲ ਪਰਮਾਤਮਾ ਦੀ ਭਗਤੀ ਦੇ ਸਮੁੰਦਰ ਭਗਤੀ ਦੇ ਖ਼ਜ਼ਾਨੇ ਮੌਜੂਦ ਹਨ। ਜਿਸ ਗੁਰਮੁਖ ਮਨੁੱਖ ਉਤੇ ਗੁਰੂ ਮਿਹਰਵਾਨ ਹੁੰਦਾ ਹੈ (ਇਹ ਖ਼ਜ਼ਾਨੇ) ਖੋਲ੍ਹ ਕੇ (ਉਸ ਨੂੰ) ਦੇ ਦੇਂਦਾ ਹੈ, ਮੂੰਹੋਂ ਉਸ ਨੂੰ ਉਪਦੇਸ਼ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰ ਰੱਬੀ ਨੂਰ ਪਰਗਟ ਹੋ ਜਾਂਦਾ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਬਦ-ਕਿਸਮਤ ਹੁੰਦੀ ਹੈ, ਉਹ ਗੁਰੂ ਦੇ ਨੇੜੇ ਹੁੰਦਿਆਂ ਭੀ ਉਵੇਂ ਆਤਮਕ ਮੌਤੇ ਮਰੀ ਰਹਿੰਦੀ ਹੈ ਜਿਵੇਂ ਕੋਈ ਮਨੁੱਖ ਸਰੋਵਰ ਦੇ ਕੰਢੇ ਕੋਲ ਹੁੰਦਾ ਭੀ ਤਿਹਾਇਆ ਮਰ ਜਾਂਦਾ ਹੈ।3। ਹੇ ਭਾਈ! ਗੁਰੂ ਸਭ ਦਾਤਾਂ ਦੇਣ ਦੇ ਸਮਰੱਥ ਹੈ। ਮੈਂ ਗੁਰੂ ਪਾਸੋਂ ਇਹ ਖ਼ੈਰ ਮੰਗਦਾ ਹਾਂ ਕਿ ਮੈਨੂੰ ਚਿਰ ਤੋਂ ਵਿਛੁੜੇ ਹੋਏ ਨੂੰ ਪ੍ਰਭੂ ਮਿਲਾ ਦੇਵੇ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਇਹ ਬੜੀ ਤਾਂਘ ਹੈ। ਹੇ ਗੁਰੂ! ਜੇ ਤੈਨੂੰ ਭਾਵੇ ਤਾਂ ਦਾਸ ਨਾਨਕ ਦੀ ਇਹ ਬੇਨਤੀ ਸੁਣ, ਅਰਦਾਸ ਸੁਣ।4।2।4। ਮਾਰੂ ਮਹਲਾ ੪ ॥ ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ ॥ ਜਪਿ ਹਰਿ ਹਰਿ ਕਥਾ ਵਡਭਾਗੀਆ ਹਰਿ ਉਤਮ ਪਦੁ ਨਿਰਬਾਣੀ ॥ ਗੁਰਮੁਖਾ ਮਨਿ ਪਰਤੀਤਿ ਹੈ ਗੁਰਿ ਪੂਰੈ ਨਾਮਿ ਸਮਾਣੀ ॥੧॥ ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ ॥ ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥੧॥ ਰਹਾਉ ॥ ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥ ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ ॥ ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥੨॥ {ਪੰਨਾ 996-997} ਪਦ ਅਰਥ: ਹਰਿ ਹਰਿ ਕਥਾ ਪ੍ਰਭ = ਹਰੀ-ਪ੍ਰਭੂ ਦੀ ਕਥਾ। ਕਥਾ = ਸਿਫ਼ਤਿ-ਸਾਲਾਹ ਦੀ ਗੱਲ। ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ। ਰਿਦੈ = ਹਿਰਦੇ ਵਿਚ। ਵਡਭਾਗੀਆ = ਹੇ ਵਡਭਾਗੀ ਮਨ! ਪਦੁ = ਦਰਜਾ। ਨਿਰਬਾਣੀ = ਵਾਸਨਾ-ਰਹਿਤ। ਗੁਰਮੁਖਾ ਮਨਿ = ਗੁਰੂ ਦੇ ਸਨਮੁਖ ਰਹਿਣ ਵਾਲਿਆਂ ਦੇ ਮਨ ਵਿਚ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਨਾਮਿ = ਨਾਮ ਵਿਚ। ਸੁਣਾਇ = ਸੁਣ।1। ਮਨ = ਹੇ ਮਨ! ਮਨਿ = ਮਨ ਵਿਚ। ਭਾਣੀ = ਪਿਆਰੀ ਲੱਗਦੀ ਹੈ। ਕਰਿ = ਕਰਦਾ ਰਹੁ। ਗੁਰਮੁਖਿ = ਗੁਰੂ ਦੀ ਰਾਹੀਂ। ਅਕਥ ਕਹਾਣੀ = ਅਕੱਥ ਦੀ ਕਹਾਣੀ। ਅਕਥ = ਅਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ।1। ਰਹਾਉ। ਖੋਜਿ = ਖੋਜ ਕੇ। ਪਾਈਐ = ਪ੍ਰਾਪਤ ਕੀਤੀ ਜਾ ਸਕੇ। ਮਿਲਿ = ਮਿਲ ਕੇ। ਪਾਇਆ = (ਅਕੱਥ ਪ੍ਰਭੂ) ਮਿਲ ਸਕਦਾ ਹੈ। ਸੁਣਿ = (ਸੰਤਾਂ ਜਨਾਂ ਤੋਂ) ਸੁਣ ਕੇ। ਅਧਾਰੁ = ਆਸਰਾ। ਮੈ = ਮੈਨੂੰ। ਪੁਰਖੁ ਸੁਜਾਣੀ = ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲ ਪੁਰਖ।2। ਅਰਥ: ਹੇ ਮੇਰੇ ਮਨ! ਮੈਨੂੰ ਆਪਣੇ ਅੰਦਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗਦੀ ਹੈ। ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸਦਾ ਕਰਦਾ ਰਹੁ। ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਗੁਰੂ ਦੀ ਰਾਹੀਂ ਮਿਲਦੀ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ।1। ਰਹਾਉ। ਹੇ ਮਨ! ਸਦਾ ਹਰੀ-ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦਾ ਰਹੁ। ਗੁਰੂ ਦੀ ਮਤਿ ਉਤੇ ਤੁਰਿਆਂ ਹੀ ਇਹ ਹਰਿ-ਕਥਾ ਹਿਰਦੇ ਵਿਚ ਟਿਕ ਸਕਦੀ ਹੈ। ਹੇ ਵਡਭਾਗੀ ਮਨ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਚੇਤੇ ਕਰਦਾ ਰਹੁ, (ਇਸ ਤਰ੍ਹਾਂ) ਉੱਤਮ ਅਤੇ ਵਾਸਨਾ-ਰਹਿਤ ਆਤਮਕ ਦਰਜਾ ਮਿਲ ਜਾਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਸਤੇ) ਸਰਧਾ ਬਣੀ ਰਹਿੰਦੀ ਹੈ, ਪੂਰੇ ਗੁਰੂ ਦੀ ਰਾਹੀਂ ਉਹ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।1। ਹੇ ਭਾਈ! ਮੈਂ ਆਪਣੇ ਮਨ ਨੂੰ ਆਪਣੇ ਤਨ ਨੂੰ ਖੋਜ ਕੇ ਭਾਲ ਕੀਤੀ ਹੈ ਕਿ ਕਿਸ ਤਰ੍ਹਾਂ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕੇ। ਹੇ ਭਾਈ! ਸੰਤ ਜਨਾਂ ਨੂੰ ਮਿਲ ਕੇ (ਅਕੱਥ ਪ੍ਰਭੂ ਦਾ ਮਿਲਾਪ) ਹਾਸਲ ਹੋ ਸਕਦਾ ਹੈ; (ਸੰਤ ਜਨਾਂ ਪਾਸੋਂ) ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣ ਕੇ ਮਨ ਵਿਚ ਪਿਆਰੀ ਲੱਗਦੀ ਹੈ। ਹੇ ਭਾਈ! (ਸੰਤ-ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਆਸਰਾ ਬਣ ਗਿਆ ਹੈ। (ਗੁਰੂ ਹੀ) ਮੈਨੂੰ ਸੁਜਾਣ ਅਕਾਲ ਪੁਰਖ ਮਿਲਾ ਸਕਦਾ ਹੈ।2। |
![]() |
![]() |
![]() |
![]() |
Sri Guru Granth Darpan, by Professor Sahib Singh |