ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 997 ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥ ਵਡਭਾਗੀ ਗੁਰੁ ਸੇਵਿਆ ਹਰਿ ਪਾਇਆ ਸੁਘੜ ਸੁਜਾਣੀ ॥ ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣਿ ਵਿਹਾਣੀ ॥੩॥ ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ ॥ ਸਤਿਗੁਰੁ ਮੇਰਾ ਮਿਤ੍ਰੁ ਪ੍ਰਭ ਹਰਿ ਮੇਲਹੁ ਸੁਘੜ ਸੁਜਾਣੀ ॥ ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥ {ਪੰਨਾ 997} ਪਦ ਅਰਥ: ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ = ਗੁਰ ਪੁਰਖੈ ਪ੍ਰਭ ਪੁਰਖੁ ਮਿਲਾਇ। ਮਿਲਾਇ = ਮਿਲਾਇਆ ਹੈ (ਜਿਸ ਨੂੰ) । ਗੁਰ ਪੁਰਖੈ = ਗੁਰੂ ਪੁਰਖ ਨੇ। ਸੁਰਤੀ = ਸੁਰਤਾਂ ਦੇ ਮਾਲਕ ਪ੍ਰਭੂ ਵਿਚ। ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ। ਗੁਰੁ ਸੇਵਿਆ = ਗੁਰੂ ਦੀ ਸਰਨ ਪਕੜੀ ਹੈ। ਸੁਘੜ ਸੁਜਾਣੀ ਹਰਿ = ਸੋਹਣਾ ਸੁਜਾਨ ਹਰੀ। ਸੁਘੜ = ਸੋਹਣੀ ਆਤਮਕ ਘਾੜਤ ਵਾਲਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੁਖੀ = ਦੁੱਖਾਂ ਵਿਚ। ਰੈਣਿ = ਜੀਵਨ-ਰਾਤ।3। ਜਾਚਿਕ ਦੀਨ = ਨਿਮਾਣੇ ਮੰਗਤੇ। ਪ੍ਰਭ = ਹੇ ਪ੍ਰਭੂ! ਮੁਖਿ = ਮੂੰਹ ਵਿਚ। ਦੀਜੈ = ਕਿਰਪਾ ਕਰ ਕੇ ਦੇਹ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਪ੍ਰਭ ਹਰਿ = ਹੇ ਹਰੀ! ਹੇ ਪ੍ਰਭੂ! ਸਰਣਾਗਤੀ = ਸਰਨ ਆਇਆ ਹਾਂ। ਨਾਮਿ = ਨਾਮ ਵਿਚ। ਸਮਾਣੀ = ਸਮਾਇਆ ਰਹਾਂ।4। ਅਰਥ: ਹੇ ਭਾਈ! ਜਿਸ ਮਨੁੱਖ ਨੂੰ ਗੁਰੂ-ਪੁਰਖ ਨੇ ਪ੍ਰਭੂ-ਪੁਰਖ ਨਾਲ ਮਿਲਾ ਦਿੱਤਾ, (ਪ੍ਰਭੂ ਨੂੰ) ਮਿਲ ਕੇ ਉਸ ਦੀ ਸੁਰਤਿ ਸੁਰਤਾਂ ਦੇ ਮਾਲਕ-ਹਰੀ ਵਿਚ (ਸਦਾ ਲਈ) ਟਿਕ ਗਈ। ਹੇ ਭਾਈ! ਵਡ-ਭਾਗੀ ਮਨੁੱਖਾਂ ਨੇ ਗੁਰੂ ਦਾ ਆਸਰਾ ਲਿਆ, ਉਹਨਾਂ ਨੂੰ ਸੋਹਣਾ ਸੁਜਾਨ ਪਰਮਾਤਮਾ ਮਿਲ ਪਿਆ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬਦ-ਕਿਸਮਤ ਹੁੰਦੇ ਹਨ (ਛੁੱਟੜ ਇਸਤ੍ਰੀ ਦੀ ਰਾਤ ਵਾਂਗ ਉਹਨਾਂ ਦੀ) ਜ਼ਿੰਦਗੀ ਦੁੱਖਾਂ ਵਿਚ ਹੀ ਬੀਤਦੀ ਹੈ।3। ਹੇ ਪ੍ਰਭੂ! ਅਸੀਂ (ਜੀਵ) ਤੇਰੇ (ਦਰ ਦੇ) ਨਿਮਾਣੇ ਮੰਗਤੇ ਹਾਂ, ਸਾਡੇ ਮੂੰਹ ਵਿਚ (ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੇਹ। ਹੇ ਹਰੀ! ਹੇ ਪ੍ਰਭੂ! ਮੈਨੂੰ ਸੋਹਣਾ ਸੁਜਾਨ ਮੇਰਾ ਮਿੱਤਰ ਗੁਰੂ ਮਿਲਾ। ਹੇ ਦਾਸ ਨਾਨਕ! (ਆਖ - ਹੇ ਪ੍ਰਭੂ!) ਮੈਂ ਤੇਰੀ ਸਰਨ ਪਿਆ ਹਾਂ, ਮਿਹਰ ਕਰ, ਮੈਂ ਤੇਰੇ ਨਾਮ ਵਿਚ ਲੀਨ ਰਹਾਂ।4।3।5। ਮਾਰੂ ਮਹਲਾ ੪ ॥ ਹਰਿ ਭਾਉ ਲਗਾ ਬੈਰਾਗੀਆ ਵਡਭਾਗੀ ਹਰਿ ਮਨਿ ਰਾਖੁ ॥ ਮਿਲਿ ਸੰਗਤਿ ਸਰਧਾ ਊਪਜੈ ਗੁਰ ਸਬਦੀ ਹਰਿ ਰਸੁ ਚਾਖੁ ॥ ਸਭੁ ਮਨੁ ਤਨੁ ਹਰਿਆ ਹੋਇਆ ਗੁਰਬਾਣੀ ਹਰਿ ਗੁਣ ਭਾਖੁ ॥੧॥ ਮਨ ਪਿਆਰਿਆ ਮਿਤ੍ਰਾ ਹਰਿ ਹਰਿ ਨਾਮ ਰਸੁ ਚਾਖੁ ॥ ਗੁਰਿ ਪੂਰੈ ਹਰਿ ਪਾਇਆ ਹਲਤਿ ਪਲਤਿ ਪਤਿ ਰਾਖੁ ॥੧॥ ਰਹਾਉ ॥ ਹਰਿ ਹਰਿ ਨਾਮੁ ਧਿਆਈਐ ਹਰਿ ਕੀਰਤਿ ਗੁਰਮੁਖਿ ਚਾਖੁ ॥ ਤਨੁ ਧਰਤੀ ਹਰਿ ਬੀਜੀਐ ਵਿਚਿ ਸੰਗਤਿ ਹਰਿ ਪ੍ਰਭ ਰਾਖੁ ॥ ਅੰਮ੍ਰਿਤੁ ਹਰਿ ਹਰਿ ਨਾਮੁ ਹੈ ਗੁਰਿ ਪੂਰੈ ਹਰਿ ਰਸੁ ਚਾਖੁ ॥੨॥ {ਪੰਨਾ 997} ਪਦ ਅਰਥ: ਭਾਉ = ਪਿਆਰ। ਬੈਰਾਗੀਆ = ਹੇ ਬੈਰਾਗੀ ਜੀਊੜੇ! ਵਡਭਾਗੀ = ਵੱਡੇ ਭਾਗਾਂ ਨਾਲ। ਮਨਿ = ਮਨ ਵਿਚ। ਮਿਲਿ = ਮਿਲ ਕੇ। ਊਪਜੈ = ਪੈਦਾ ਹੁੰਦੀ ਹੈ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਚਾਖੁ = ਚੱਖ। ਸਭੁ = ਸਾਰਾ। ਹਰਿ ਗੁਣ = ਹਰੀ ਦੇ ਗੁਣ। ਭਾਖੁ = ਉੱਚਾਰ।1। ਮਨ = ਹੇ ਮਨ! ਨਾਮ ਰਸੁ = ਨਾਮ ਦਾ ਸੁਆਦ। ਗੁਰਿ ਪੂਰੇ = ਪੂਰੇ ਗੁਰੂ ਦੀ ਰਾਹੀਂ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਪਤਿ = ਇੱਜ਼ਤ। ਰਾਖੁ = ਬਚਾ ਲੈ।1। ਰਹਾਉ। ਧਿਆਈਐ = ਧਿਆਉਣਾ ਚਾਹੀਦਾ ਹੈ। ਕੀਰਤਿ = ਸਿਫ਼ਤਿ-ਸਾਲਾਹ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬੀਜੀਐ = ਬੀਜਣਾ ਚਾਹੀਦਾ ਹੈ। ਰਾਖੁ = ਰਾਖਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ।2। ਅਰਥ: ਹੇ ਪਿਆਰੇ ਮਿੱਤਰ ਮਨ! ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਕਰ। ਪਰਮਾਤਮਾ (ਦਾ ਨਾਮ) ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ (ਤੂੰ ਭੀ ਗੁਰੂ ਦੀ ਸਰਨ ਪਉ, ਅਤੇ) ਇਸ ਲੋਕ ਤੇ ਪਰਲੋਕ ਵਿਚ ਆਪਣੀ ਇਜ਼ਤ ਬਚਾ ਲੈ।1। ਰਹਾਉ। ਹੇ ਬੈਰਾਗੀ ਜੀਊੜੇ! ਵੱਡੇ ਭਾਗਾਂ ਨਾਲ (ਤੇਰੇ ਅੰਦਰ) ਪਰਮਾਤਮਾ ਦਾ ਪਿਆਰ ਬਣਿਆ ਹੈ, ਹੁਣ ਪਰਮਾਤਮਾ (ਦੇ ਨਾਮ) ਨੂੰ (ਆਪਣੇ) ਮਨ ਵਿਚ ਸਾਂਭ ਰੱਖ। ਹੇ ਭਾਈ! ਸੰਗਤਿ ਵਿਚ ਮਿਲ ਕੇ (ਹੀ ਨਾਮ ਜਪਣ ਦੀ) ਸਰਧਾ ਪੈਦਾ ਹੁੰਦੀ ਹੈ, (ਤੂੰ ਭੀ ਸੰਗਤ ਵਿਚ ਟਿਕ ਕੇ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਰਹੁ। (ਜਿਹੜਾ ਮਨੁੱਖ ਨਾਮ-ਰਸ ਚੱਖਦਾ ਹੈ ਉਸ ਦਾ) ਉਸ ਦਾ ਤਨ ਮਨ ਹਰ ਵੇਲੇ ਖਿੜਿਆ ਰਹਿੰਦਾ ਹੈ। ਹੇ ਭਾਈ! ਗੁਰੂ ਦੀ ਬਾਣੀ ਦੀ ਰਾਹੀਂ (ਤੂੰ ਭੀ) ਪਰਮਾਤਮਾ ਦੇ ਗੁਣ ਉਚਾਰਿਆ ਕਰ।1। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ। (ਹੇ ਭਾਈ! ਤੂੰ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦਾ ਸੁਆਦ) ਚੱਖਿਆ ਕਰ। ਇਹ ਸਰੀਰ (ਮਾਨੋ) ਧਰਤੀ ਹੈ, (ਇਸ ਵਿਚ) ਪਰਮਾਤਮਾ (ਦਾ ਨਾਮ-ਬੀਜ) ਬੀਜਣਾ ਚਾਹੀਦਾ ਹੈ। ਸੰਗਤਿ ਵਿਚ (ਟਿਕੇ ਰਿਹਾਂ) ਪਰਮਾਤਮਾ ਆਪ (ਉਸ ਨਾਮ-ਖੇਤੀ ਦਾ) ਰਾਖਾ ਬਣਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪੂਰੇ ਗੁਰੂ ਦੀ ਰਾਹੀਂ (ਤੂੰ ਭੀ) ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖਦਾ ਰਹੁ।2। ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ ॥ ਬਿਨੁ ਨਾਵੈ ਧ੍ਰਿਗੁ ਜੀਵਦੇ ਵਿਚਿ ਬਿਸਟਾ ਮਨਮੁਖ ਰਾਖੁ ॥ ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ ਦੁਰਗੰਧ ਭਾਖੁ ॥੩॥ ਤ੍ਰਾਹਿ ਤ੍ਰਾਹਿ ਸਰਣਾਗਤੀ ਹਰਿ ਦਇਆ ਧਾਰਿ ਪ੍ਰਭ ਰਾਖੁ ॥ ਸੰਤਸੰਗਤਿ ਮੇਲਾਪੁ ਕਰਿ ਹਰਿ ਨਾਮੁ ਮਿਲੈ ਪਤਿ ਸਾਖੁ ॥ ਹਰਿ ਹਰਿ ਨਾਮੁ ਧਨੁ ਪਾਇਆ ਜਨ ਨਾਨਕ ਗੁਰਮਤਿ ਭਾਖੁ ॥੪॥੪॥੬॥ {ਪੰਨਾ 997} ਪਦ ਅਰਥ: ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭਰਿ ਰਹੇ = ਲਿੱਬੜੇ ਰਹਿੰਦੇ ਹਨ। ਮਨਿ = ਮਨ ਵਿਚ। ਦਹ ਦਿਸ = ਦਸੀਂ ਪਾਸੀਂ। ਲਾਖੁ = {l˜} ਨਿਸ਼ਾਨਾ। ਬਹੁ = ਅਕਸਰ ਕਰ ਕੇ। ਦਹ ਦਿਸ ਬਹੁ ਲਾਖੁ = ਅਕਸਰ ਕਰਕੇ ਉਹਨਾਂ ਦਾ ਨਿਸ਼ਾਨਾ ਦਸੇ ਦਿਸ਼ਾਂ ਹੀ ਹੈ, ਸਦਾ ਭਟਕਦੇ ਫਿਰਦੇ ਹਨ। ਧ੍ਰਿਗੁ = ਫਿਟਕਾਰ-ਜੋਗ। ਮਨਮੁਖ ਰਾਖੁ = ਮਨਮੁਖਾਂ ਦਾ ਟਿਕਾਣਾ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਆਵਹਿ = ਆਉਂਦੇ ਹਨ, ਜੰਮਦੇ ਹਨ। ਜਾਹਿ = ਜਾਂਦੇ ਹਨ, ਮਰਦੇ ਹਨ। ਭਵਾਈਅਹਿ = ਭਵਾਏ ਜਾਂਦੇ ਹਨ। ਦੁਰਗੰਧ = ਗੰਦ। ਭਾਖੁ = ਭੱਖ, ਖ਼ੁਰਾਕ ਹੈ।3। ਤ੍ਰਾਹਿ = ਬਚਾ ਲੈ। ਸਰਣਾਗਤੀ = ਸਰਣ ਆਏ ਹਾਂ। ਹਰਿ ਪ੍ਰਭ = ਹੇ ਹਰੀ! ਹੇ ਪ੍ਰਭੂ! ਰਾਖੁ = ਰੱਖਿਆ ਕਰ। ਮਿਲੈ = ਮਿਲਦਾ ਹੈ। ਪਤਿ ਸਾਖੁ = ਇੱਜ਼ਤ-ਇਤਬਾਰ। ਗੁਰਮਤਿ = ਗੁਰੂ ਦੀ ਸਿੱਖਿਆ ਉਤੇ ਤੁਰ ਕੇ। ਭਾਖੁ = ਉਚਾਰ।4। ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਤ੍ਰਿਸ਼ਨਾ (ਦੀ ਮੈਲ) ਨਾਲ ਲਿੱਬੜੇ ਰਹਿੰਦੇ ਹਨ, (ਉਹਨਾਂ ਤੇ) ਮਨ ਵਿਚ (ਮਾਇਆ ਦੀ ਹੀ) ਆਸਾ (ਟਿਕੀ ਰਹਿੰਦੀ ਹੈ) , ਉਹ ਆਮ ਤੌਰ ਤੇ (ਮਾਇਆ ਦੀ ਖ਼ਾਤਰ) ਭਟਕਦੇ ਰਹਿੰਦੇ ਹਨ। ਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ। ਮਨਮੁਖਾਂ ਦਾ ਟਿਕਾਣਾ (ਵਿਕਾਰਾਂ ਦੇ) ਗੰਦ ਵਿਚ ਹੀ ਰਹਿੰਦਾ ਹੈ। ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਅਨੇਕਾਂ ਜੂਨਾਂ ਵਿਚ ਭਵਾਏ ਜਾਂਦੇ ਹਨ (ਵਿਕਾਰਾਂ ਦਾ) ਗੰਦ (ਉਹਨਾਂ ਦੀ ਸਦਾ) ਖ਼ੁਰਾਕ ਹੈ।3। ਹੇ ਹਰੀ! ਹੇ ਪ੍ਰਭੂ! ਮਿਹਰ ਕਰ, (ਸਾਡੀ) ਰੱਖਿਆ ਕਰ, ਅਸੀਂ ਤੇਰੀ ਸਰਨ ਆਏ ਹਾਂ, ਸਾਨੂੰ ਬਚਾ ਲੈ ਬਚਾ ਲੈ। ਸੰਤਾਂ ਦੀ ਸੰਗਤਿ ਵਿਚ ਸਾਡਾ ਮਿਲਾਪ ਬਣਾਈ ਰੱਖ, (ਉਥੇ ਹੀ) ਹਰਿ-ਨਾਮ ਮਿਲਦਾ ਹੈ (ਜਿਸ ਨੂੰ ਨਾਮ ਮਿਲਦਾ ਹੈ ਉਸ ਨੂੰ ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ। ਹੇ ਦਾਸ ਨਾਨਕ! (ਸੰਤਾਂ ਦੀ ਸੰਗਤਿ ਵਿਚ ਹੀ) ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ। ਤੂੰ ਭੀ ਗੁਰੂ ਦੀ ਮਤਿ ਲੈ ਕੇ ਨਾਮ ਉਚਾਰਦਾ ਰਹੁ।4। 4।6। ਮਾਰੂ ਮਹਲਾ ੪ ਘਰੁ ੫ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਭਗਤਿ ਭਰੇ ਭੰਡਾਰਾ ॥ ਗੁਰਮੁਖਿ ਰਾਮੁ ਕਰੇ ਨਿਸਤਾਰਾ ॥ ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਸੋ ਹਰਿ ਕੇ ਗੁਣ ਗਾਵੈ ਜੀਉ ॥੧॥ ਹਰਿ ਹਰਿ ਕ੍ਰਿਪਾ ਕਰੇ ਬਨਵਾਲੀ ॥ ਹਰਿ ਹਿਰਦੈ ਸਦਾ ਸਦਾ ਸਮਾਲੀ ॥ ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥੧॥ ਰਹਾਉ ॥ ਸੁਖ ਸਾਗਰੁ ਅੰਮ੍ਰਿਤੁ ਹਰਿ ਨਾਉ ॥ ਮੰਗਤ ਜਨੁ ਜਾਚੈ ਹਰਿ ਦੇਹੁ ਪਸਾਉ ॥ ਹਰਿ ਸਤਿ ਸਤਿ ਸਦਾ ਹਰਿ ਸਤਿ ਹਰਿ ਸਤਿ ਮੇਰੈ ਮਨਿ ਭਾਵੈ ਜੀਉ ॥੨॥ {ਪੰਨਾ 997-998} ਪਦ ਅਰਥ: ਭੰਡਾਰਾ = ਖ਼ਜ਼ਾਨੇ। ਗੁਰਮੁਖਿ = ਗੁਰੂ ਦੀ ਰਾਹੀਂ। ਨਿਸਤਾਰਾ = ਪਾਰ-ਉਤਾਰਾ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਸੁਆਮੀ = ਮਾਲਕ-ਪ੍ਰਭੂ। ਗਾਵੈ = ਗਾਂਦਾ ਹੈ।1। ਬਨਵਾਲੀ = ਬਨਮਾਲੀ, ਬਨ ਦੇ ਫੁੱਲ ਦੀ ਮਾਲਾ ਵਾਲਾ, ਵਿਸ਼ਨੂੰ, ਪਰਮਾਤਮਾ। ਹਿਰਦੈ = ਹਿਰਦੇ ਵਿਚ। ਸਮਾਲੀ = ਸਮਾਲੇ, ਸੰਮਾਲਦਾ ਹੈ। ਜੀਅੜੇ = ਹੇ ਜਿੰਦੇ! ਛਡਾਵੈ = (ਬੰਧਨਾਂ ਤੋਂ) ਛਡਾਂਦਾ ਹੈ।1। ਰਹਾਉ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਮੰਗਤ ਜਨੁ = ਮੰਗਤਾ। ਜਾਚੈ = ਮੰਗਦਾ ਹੈ {ਇਕ-ਵਚਨ}। ਹਰਿ = ਹੇ ਹਰੀ! ਪਸਾਉ = ਪ੍ਰਸਾਦ, ਕਿਰਪਾ। ਸਤਿ = ਸਦਾ ਕਾਇਮ ਰਹਿਣ ਵਾਲਾ। ਮੇਰੈ ਮਨਿ = ਮੇਰੇ ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ।2। ਅਰਥ: ਹੇ ਭਾਈ! ਜਿਸ ਮਨੁੱਖ ਉਤੇ ਹਰੀ-ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। ਹੇ ਮੇਰੀ ਜਿੰਦੇ! ਤੂੰ ਭੀ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ। ਪ੍ਰਭੂ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਕਰਾਂਦਾ ਹੈ।1। ਰਹਾਉ। (ਹੇ ਭਾਈ! ਗੁਰੂ ਦੇ ਪਾਸ) ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ, ਪਰਮਾਤਮਾ ਗੁਰੂ ਦੀ ਰਾਹੀਂ (ਹੀ) ਪਾਰ-ਉਤਾਰਾ ਕਰਦਾ ਹੈ। ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ।1। (ਹੇ ਭਾਈ!) ਤੇਰਾ ਨਾਮ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਆਤਮਕ ਜੀਵਨ ਦੇਣ ਵਾਲਾ ਹੈ। (ਤੇਰਾ) ਦਾਸ ਮੰਗਤਾ (ਬਣ ਕੇ ਤੇਰੇ ਦਰ ਤੋਂ) ਮੰਗਦਾ ਹੈ। ਹੇ ਹਰੀ! ਮਿਹਰ ਕਰ (ਆਪਣਾ ਨਾਮ) ਦੇਹ। ਹੇ ਭਾਈ! ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਕਾਇਮ ਰਹਿਣ ਵਾਲਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ।2। |
![]() |
![]() |
![]() |
![]() |
Sri Guru Granth Darpan, by Professor Sahib Singh |