ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 998 ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥ ਬੋਲਿ ਹਰਿ ਨਾਮ ਪਵਿਤ੍ਰ ਸਭਿ ਕਿਤਾ ॥ ਜੇ ਹਰਿ ਸੁਪ੍ਰਸੰਨੁ ਹੋਵੈ ਮੇਰਾ ਸੁਆਮੀ ਹਰਿ ਸਿਮਰਤ ਮਲੁ ਲਹਿ ਜਾਵੈ ਜੀਉ ॥੩॥ ਮਾਇਆ ਮੋਹੁ ਬਿਖਮੁ ਹੈ ਭਾਰੀ ॥ ਕਿਉ ਤਰੀਐ ਦੁਤਰੁ ਸੰਸਾਰੀ ॥ ਸਤਿਗੁਰੁ ਬੋਹਿਥੁ ਦੇਇ ਪ੍ਰਭੁ ਸਾਚਾ ਜਪਿ ਹਰਿ ਹਰਿ ਪਾਰਿ ਲੰਘਾਵੈ ਜੀਉ ॥੪॥ ਤੂ ਸਰਬਤ੍ਰ ਤੇਰਾ ਸਭੁ ਕੋਈ ॥ ਜੋ ਤੂ ਕਰਹਿ ਸੋਈ ਪ੍ਰਭ ਹੋਈ ॥ ਜਨੁ ਨਾਨਕੁ ਗੁਣ ਗਾਵੈ ਬੇਚਾਰਾ ਹਰਿ ਭਾਵੈ ਹਰਿ ਥਾਇ ਪਾਵੈ ਜੀਉ ॥੫॥੧॥੭॥ {ਪੰਨਾ 998} ਪਦ ਅਰਥ: ਨਵੇ = ਨੌ ਹੀ। ਛਿਦ੍ਰ = (ਕੰਨ ਨੱਕ ਆਦਿਕ) ਛੇਕ। ਸ੍ਰਵਹਿ = ਸਿੰਮਦੇ ਰਹਿੰਦੇ ਹਨ। ਅਪਵਿਤ੍ਰਾ = ਗੰਦੇ। ਬੋਲਿ = ਬੋਲ ਕੇ, ਉਚਾਰ ਕੇ। ਸਭਿ = ਸਾਰੇ। ਕੀਤਾ = ਕਰ ਲਏ। ਸਿਮਰਤ = ਸਿਮਰਦਿਆਂ। ਮਲੁ = (ਵਿਕਾਰਾਂ ਦੀ) ਮੈਲ।3। ਭਾਰੀ ਬਿਖਮੁ = ਬਹੁਤ ਔਖਾ। ਕਿਉ ਤਰੀਐ = ਕਿਵੇਂ ਪਾਰ ਲੰਘਿਆ ਜਾਏ? ਦੁਤਰ = {duÔqr} ਜਿਸ ਤੋਂ ਪਾਰ ਲੰਘਣਾ ਔਖਾ ਹੈ। ਸੰਸਾਰੀ = ਸੰਸਾਰ-ਸਮੁੰਦਰ। ਬੋਹਿਥੁ = ਜਹਾਜ਼। ਦੇਇ ਪ੍ਰਭੁ = ਪ੍ਰਭੂ ਦੇਂਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ।4। ਸਰਬਤ੍ਰ = ਸਭ ਥਾਈਂ। ਸਭੁ ਕੋਈ = ਹਰੇਕ ਜੀਵ। ਪ੍ਰਭ = ਹੇ ਪ੍ਰਭੂ! ਜਨੁ ਨਾਨਕੁ ਗਾਵੈ = ਦਾਸ ਨਾਨਕ ਗਾਂਦਾ ਹੈ। ਬੇਚਾਰਾ = ਗਰੀਬ। ਹਰਿ ਭਾਵੈ = ਜੇ ਹਰੀ ਨੂੰ (ਇਹ ਕੰਮ) ਪਸੰਦ ਆ ਜਾਏ। ਥਾਇ = (ਲਫ਼ਜ਼ 'ਥਾਉ' ਤੋਂ ਅਧਿਕਰਣ ਕਾਰਕ ਇਕ-ਵਚਨ} ਥਾਂ ਵਿਚ। ਥਾਇ ਪਾਵੈ = ਪਰਵਾਨ ਕਰਦਾ ਹੈ।5। ਅਰਥ: (ਹੇ ਭਾਈ! ਮਨੁੱਖਾ ਸਰੀਰ ਵਿਚ ਨੱਕ ਕੰਨ ਆਦਿਕ ਨੌ ਛੇਕ ਹਨ, ਇਹ) ਨੌ ਹੀ ਛੇਕ ਸਿੰਮਦੇ ਰਹਿੰਦੇ ਹਨ (ਅਤੇ ਵਿਕਾਰ-ਵਾਸਨਾ ਆਦਿਕ ਦੇ ਕਾਰਨ) ਅਪਵਿੱਤਰ ਭੀ ਹਨ। (ਜਿਹੜਾ ਮਨੁੱਖ ਹਰਿ-ਨਾਮ ਉਚਾਰਦਾ ਹੈ) ਹਰਿ-ਨਾਮ ਉਚਾਰ ਕੇ ਉਸ ਨੇ ਇਹ ਸਾਰੇ ਪਵਿੱਤਰ ਕਰ ਲਏ ਹਨ। ਹੇ ਭਾਈ! ਜੇ ਮੇਰਾ ਮਾਲਕ-ਪ੍ਰਭੂ ਕਿਸੇ ਜੀਵ ਉਤੇ ਦਇਆਵਾਨ ਹੋ ਜਾਏ, ਤਾ ਹਰਿ-ਨਾਮ ਸਿਮਰਦਿਆਂ (ਉਸ ਦੇ ਇਹਨਾਂ ਇੰਦ੍ਰਿਆਂ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ।3। ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ (ਕਿਉਂਕਿ ਇਸ ਵਿਚ) ਮਾਇਆ ਦਾ ਮੋਹ ਬਹੁਤ ਹੀ ਕਠਿਨ ਹੈ। ਫਿਰ ਇਸ ਤੋਂ ਕਿਵੇਂ ਪਾਰ ਲੰਘਿਆ ਜਾਏ? ਹੇ ਭਾਈ! ਗੁਰੂ ਜਹਾਜ਼ (ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਜਿਸ ਮਨੁੱਖ ਨੂੰ ਇਹ ਜਹਾਜ਼) ਦੇ ਦੇਂਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ, ਤੇ ਗੁਰੂ ਉਸ ਨੂੰ ਪਾਰ ਲੰਘਾ ਦੇਂਦਾ ਹੈ।4। ਹੇ ਪ੍ਰਭੂ! ਤੂੰ ਹਰ ਥਾਂ ਵੱਸਦਾ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ। ਹੇ ਪ੍ਰਭੂ! ਜੋ ਕੁਝ ਕਰਦਾ ਹੈਂ ਉਹੀ ਹੁੰਦਾ ਹੈ। ਹੇ ਭਾਈ! ਪ੍ਰਭੂ ਦਾ ਦਾਸ ਗਰੀਬ ਨਾਨਕ ਪ੍ਰਭੂ ਦੇ ਗੁਣ ਗਾਂਦਾ ਹੈ, ਜੇ ਉਸ ਨੂੰ (ਇਹ ਕੰਮ) ਪਸੰਦ ਆ ਜਾਏ ਤਾਂ ਉਹ ਇਸ ਨੂੰ ਪਰਵਾਨ ਕਰ ਲੈਂਦਾ ਹੈ।5।1।7। ਮਾਰੂ ਮਹਲਾ ੪ ॥ ਹਰਿ ਹਰਿ ਨਾਮੁ ਜਪਹੁ ਮਨ ਮੇਰੇ ॥ ਸਭਿ ਕਿਲਵਿਖ ਕਾਟੈ ਹਰਿ ਤੇਰੇ ॥ ਹਰਿ ਧਨੁ ਰਾਖਹੁ ਹਰਿ ਧਨੁ ਸੰਚਹੁ ਹਰਿ ਚਲਦਿਆ ਨਾਲਿ ਸਖਾਈ ਜੀਉ ॥੧॥ ਜਿਸ ਨੋ ਕ੍ਰਿਪਾ ਕਰੇ ਸੋ ਧਿਆਵੈ ॥ ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ ॥ ਗੁਰ ਪਰਸਾਦੀ ਹਰਿ ਰਸੁ ਆਵੈ ਜਪਿ ਹਰਿ ਹਰਿ ਪਾਰਿ ਲੰਘਾਈ ਜੀਉ ॥੧॥ ਰਹਾਉ ॥ ਨਿਰਭਉ ਨਿਰੰਕਾਰੁ ਸਤਿ ਨਾਮੁ ॥ ਜਗ ਮਹਿ ਸ੍ਰੇਸਟੁ ਊਤਮ ਕਾਮੁ ॥ ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਨ ਜਾਈ ਜੀਉ ॥੨॥ {ਪੰਨਾ 998} ਪਦ ਅਰਥ: ਮਨ = ਹੇ ਮਨ! ਸਭਿ = ਸਾਰੇ। ਕਿਲਬਿਖ = ਪਾਪ। ਕਾਟੈ = ਕੱਟਦਾ ਹੈ। ਰਾਖਹੁ = ਸਾਂਭ ਲਵੋ। ਸੰਚਹੁ = ਇਕੱਠਾ ਕਰੋ। ਚਲਦਿਆ = ਚੱਲਦਿਆਂ, ਤੁਰਦਿਆਂ-ਫਿਰਦਿਆਂ, ਹਰ ਵੇਲੇ। ਸਖਾਈ = ਮਿੱਤਰ, ਮਦਦਗਾਰ।2। ਜਿਸ ਨੋ = ਜਿਸ ਮਨੁੱਖ ਉੱਤੇ। ਧਿਆਵੈ = ਧਿਆਉਂਦਾ ਹੈ। ਹਰਿ ਜਪੁ = ਹਰਿ-ਨਾਮ ਦਾ ਜਾਪ। ਜਾਪੈ = ਜਪਦਾ ਹੈ। ਜਪਿ ਹਰਿ = ਹਰਿ-ਨਾਮ ਜਪ ਕੇ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ।1। ਰਹਾਉ। ਨਿਰੰਕਾਰੁ = ਆਕਾਰ-ਰਹਿਤ। ਸਤਿ ਨਾਮੁ = ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ। ਕਾਮੁ = ਕੰਮ। ਜਮਕਾਲੁ = ਮੌਤ, ਆਤਮਕ ਮੌਤ, ਮੌਤ ਦਾ ਡਰ। ਠੇਹ = ਥਾਂ ਹੀ। ਮਾਰਉ = ਬੇਸ਼ੱਕ ਮਾਰ ਦੇਵੇ, ਜ਼ਰੂਰ ਮਾਰ ਦੇਂਦਾ ਹੈ {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ}। ਠੇਹ ਮਾਰਉ = ਬੇਸ਼ੱਕ ਥਾਂ ਹੀ ਮਾਰ ਦੇਵੇ, ਜ਼ਰੂਰ ਉੱਕਾ ਹੀ ਮਾਰ ਦੇਂਦਾ ਹੈ। ਨੇੜਿ ਨ ਜਾਈ = ਨੇੜੇ ਨਹੀਂ ਢੁਕਦਾ।2। ਅਰਥ: ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਨੂੰ ਧਿਆਉਂਦਾ ਹੈ। ਉਹ ਮਨੁੱਖ ਸਦਾ ਹਰਿ-ਨਾਮ ਦਾ ਜਾਪ ਜਪਦਾ ਹੈ ਅਤੇ ਹਰਿ-ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਹਰਿ-ਨਾਮ ਦਾ ਸੁਆਦ ਆਉਂਦਾ ਹੈ ਉਹ ਹਰਿ-ਨਾਮ ਸਦਾ ਜਪ ਕੇ (ਆਪਣੀ ਜੀਵਨ-ਬੇੜੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।1। ਰਹਾਉ। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ, ਪਰਮਾਤਮਾ ਤੇਰੇ ਸਾਰੇ ਪਾਪ ਕੱਟ ਸਕਦਾ ਹੈ। ਹੇ ਮਨ! ਹਰਿ-ਨਾਮ ਦਾ ਧਨ ਸਾਂਭ ਕੇ ਰੱਖ, ਹਰਿ-ਨਾਮ-ਧਨ ਇਕੱਠਾ ਕਰਦਾ ਰਹੁ, ਇਹੀ ਧਨ ਹਰ ਵੇਲੇ ਮਨੁੱਖ ਦੇ ਨਾਲ ਮਦਦਗਾਰ ਬਣਦਾ ਹੈ।1। ਹੇ ਭਾਈ! ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਦੀ ਕੋਈ ਖ਼ਾਸ ਸ਼ਕਲ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। (ਉਸ ਦਾ ਨਾਮ ਜਪਣਾ) ਦੁਨੀਆ ਵਿਚ (ਹੋਰ ਸਾਰੇ ਕੰਮ ਨਾਲੋਂ) ਵਧੀਆ ਤੇ ਚੰਗਾ ਕੰਮ ਹੈ। (ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਵੈਰੀ ਜਮਦੂਤਾਂ ਨੂੰ ਆਤਮਕ ਮੌਤ ਨੂੰ ਜ਼ਰੂਰ ਉੱਕਾ ਹੀ ਮਾਰ ਸਕਦਾ ਹੈ। ਇਹ ਆਤਮਕ ਮੌਤ ਪਰਮਾਤਮਾ ਦੀ ਸੇਵਾ-ਭਗਤੀ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੀ।2। ਜਿਸੁ ਉਪਰਿ ਹਰਿ ਕਾ ਮਨੁ ਮਾਨਿਆ ॥ ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ ॥ ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸੁ ਜਮਕੰਕਰੁ ਖਾਈ ਜੀਉ ॥੩॥ ਸਭ ਮਹਿ ਏਕੁ ਨਿਰੰਜਨ ਕਰਤਾ ॥ ਸਭਿ ਕਰਿ ਕਰਿ ਵੇਖੈ ਅਪਣੇ ਚਲਤਾ ॥ ਜਿਸੁ ਹਰਿ ਰਾਖੈ ਤਿਸੁ ਕਉਣੁ ਮਾਰੈ ਜਿਸੁ ਕਰਤਾ ਆਪਿ ਛਡਾਈ ਜੀਉ ॥੪॥ ਹਉ ਅਨਦਿਨੁ ਨਾਮੁ ਲਈ ਕਰਤਾਰੇ ॥ ਜਿਨਿ ਸੇਵਕ ਭਗਤ ਸਭੇ ਨਿਸਤਾਰੇ ॥ ਦਸ ਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ ॥੫॥੨॥੮॥ {ਪੰਨਾ 998} ਪਦ ਅਰਥ: ਜਿਸ ਉਪਰਿ = ਜਿਸ ਜੀਵ ਉਤੇ। ਮਾਨਿਆ = ਪਤੀਜ ਜਾਂਦਾ ਹੈ, ਪ੍ਰਸੰਨ ਹੁੰਦਾ ਹੈ। ਚਹੁ ਜੁਗ = ਸਾਰੇ ਜੁਗਾਂ ਵਿਚ, ਸਦਾ ਵਾਸਤੇ ਹੀ। ਚਹੁ ਕੁੰਟ = ਚਾਰ ਕੂਟਾਂ ਵਿਚ, ਸਾਰੇ ਸੰਸਾਰ ਵਿਚ। ਜਾਨਿਆ = ਸੋਭਾ ਖੱਟਦਾ ਹੈ, ਪ੍ਰਸਿੱਧ ਹੋ ਜਾਂਦਾ ਹੈ। ਕੰਕਰੁ = {ikzkr} ਨੌਕਰ। ਜਮ ਕੰਕਰੁ = ਜਮਰਾਜ ਦਾ ਨੌਕਰ, ਜਮਦੂਤ। ਖਾਈ = ਖਾ ਜਾਂਦਾ ਹੈ।3। ਨਿਰੰਜਨ = {ਨਿਰ-ਅੰਜਨ} ਨਿਰਲੇਪ। ਸਭਿ = ਸਾਰੇ। ਕਰਿ = ਕਰ ਕੇ। ਚਲਤਾ = ਚੋਜ-ਤਮਾਸ਼ੇ। ਕਉਣੁ ਮਾਰੈ = ਕੌਣ ਮਾਰ ਸਕਦਾ ਹੈ? ਕੋਈ ਨਹੀਂ ਮਾਰ ਸਕਦਾ। ਛਡਾਈ = ਬਚਾਂਦਾ ਹੈ।4। ਹਉ = ਹਉਂ, ਮੈਂ। ਅਨਦਿਨੁ = ਹਰ ਰੋਜ਼ {Anuidnz}, ਹਰ ਵੇਲੇ। ਲਈ = ਲਈਂ, ਮੈਂ ਲੈਂਦਾ ਹਾਂ। ਜਿਨਿ = ਜਿਸ (ਕਰਤਾਰ) ਨੇ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ਹਨ। ਦਸ ਅਠ = ਦਸ ਤੇ ਅੱਠ, ਅਠਾਰਾਂ (ਪੁਰਾਣ) । ਸਭਿ = ਸਾਰੇ। ਜਨ ਨਾਨਕ = ਹੇ ਦਾਸ ਨਾਨਕ!।5। ਅਰਥ: ਹੇ ਭਾਈ! ਜਿਸ ਸੇਵਕ ਉੱਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ, ਉਹ ਸੇਵਕ ਸਦਾ ਲਈ ਸਾਰੇ ਸੰਸਾਰ ਵਿਚ ਸੋਭਾ ਵਾਲਾ ਹੋ ਜਾਂਦਾ ਹੈ। ਜੇ ਕੋਈ ਮੰਦ-ਕਰਮੀ ਉਸ ਸੇਵਕ ਦੀ ਬਖ਼ੀਲੀ ਕਰੇ, ਉਸ ਨੂੰ ਜਮਦੂਤ ਖਾ ਜਾਂਦਾ ਹੈ। (ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ) ।3। (ਹੇ ਭਾਈ! ਸਭ ਜੀਵਾਂ ਵਿਚ ਇਕੋ ਨਿਰਲੇਪ ਕਰਤਾਰ ਵੱਸ ਰਿਹਾ ਹੈ, ਆਪਣੇ ਸਾਰੇ ਚੋਜ-ਤਮਾਸ਼ੇ ਕਰ ਕਰ ਕੇ ਉਹ ਆਪ ਹੀ ਵੇਖ ਰਿਹਾ ਹੈ। ਕਰਤਾਰ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ, ਕਰਤਾਰ ਜਿਸ ਨੂੰ ਆਪ ਬਚਾਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ।4। ਹੇ ਭਾਈ! ਮੈਂ ਹਰ ਵੇਲੇ (ਉਸ) ਕਰਤਾਰ ਦਾ ਨਾਮ ਜਪਦਾ ਹਾਂ, ਜਿਸ ਨੇ ਆਪਣੇ ਸਾਰੇ ਸੇਵਕ-ਭਗਤ ਸੰਸਾਰ-ਸਮੁੰਦਰ ਤੋਂ (ਸਦਾ ਹੀ) ਪਾਰ ਲੰਘਾਏ ਹਨ। ਹੇ ਦਾਸ ਨਾਨਕ! (ਆਖ - ਹੇ ਭਾਈ) ਅਠਾਰਾਂ ਪੁਰਾਣ ਚਾਰ ਵੇਦ (ਆਦਿਕ ਧਰਮ-ਪੁਸਤਕਾਂ) ਨੂੰ ਪੁੱਛ ਵੇਖੋ (ਉਹ ਭੀ ਇਹੀ ਆਖਦੇ ਹਨ ਕਿ) ਪਰਮਾਤਮਾ ਦਾ ਨਾਮ ਹੀ ਜੀਵ ਨੂੰ ਬਚਾਂਦਾ ਹੈ।5।2।8। ਮਾਰੂ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਡਰਪੈ ਧਰਤਿ ਅਕਾਸੁ ਨਖ੍ਯ੍ਯਤ੍ਰਾ ਸਿਰ ਊਪਰਿ ਅਮਰੁ ਕਰਾਰਾ ॥ ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰੁ ਬਿਚਾਰਾ ॥੧॥ ਏਕਾ ਨਿਰਭਉ ਬਾਤ ਸੁਨੀ ॥ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥੧॥ ਰਹਾਉ ॥ ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥ ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ ॥੨॥ ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥ ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ ॥੩॥ ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥ ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ ॥੪॥੧॥ {ਪੰਨਾ 998-999} ਪਦ ਅਰਥ: ਡਰਪੈ = ਡਰਦਾ ਹੈ, ਰਜ਼ਾ ਵਿਚ ਤੁਰਦਾ ਹੈ, ਰਜ਼ਾ ਤੋਂ ਆਕੀ ਨਹੀਂ ਹੋ ਸਕਦਾ। ਨਖ੍ਯ੍ਯਤ੍ਰਾ = ਤਾਰੇ। ਅਮਰੁ = ਹੁਕਮ। ਕਰਾਰਾ = ਕਰੜਾ। ਬੈਸੰਤਰੁ = ਅੱਗ।1। ਏਕਾ ਬਾਤ = ਇਕੋ ਗੱਲ। ਨਿਰਭਉ = ਡਰ-ਰਹਿਤ। ਮਿਲਿ = ਮਿਲਿ ਕੇ। ਗੁਨੀ = (ਪਰਮਾਤਮਾ ਦੇ) ਗੁਣ।1। ਰਹਾਉ। ਦੇਹਧਾਰ = ਦੇਹ-ਧਾਰੀ, ਜੀਵ। ਅਰ = ਅਤੇ। ਡਰਪਹਿ = ਡਰਦੇ ਹਨ, ਰਜ਼ਾ ਵਿਚ ਤੁਰਦੇ ਹਨ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨਾਂ ਕਰਨ ਵਾਲੇ। ਮਰਿ = ਮਰ ਕੇ। ਜੋਨੀ = ਜੂਨਾਂ ਵਿਚ। ਜੋਇਆ = ਧੱਕੇ ਜਾਂਦੇ ਹਨ।2। ਰਾਜਸੁ = ਰਜੋ ਗੁਣ। ਸਾਤਕੁ = ਸਤੋ ਗੁਣ। ਤਾਮਸੁ = ਤਮੋ ਗੁਣ। ਕੇਤੇ = ਬੇਅੰਤ। ਬਪੁਰੀ = ਵਿਚਾਰੀ, ਨਿਮਾਣੀ। ਕੁੳਲਾ = ਲੱਛਮੀ। ਅਤਿ = ਬਹੁਤ।3। ਡਰਹਿ = ਡਰ ਵਿਚ। ਬਿਆਪੀ = ਫਸੀ ਰਹਿੰਦੀ ਹੈ। ਕਰਣੈਹਾਰਾ = ਸਿਰਜਣਹਾਰ ਪ੍ਰਭੂ। ਸੰਗੀ = ਸਾਥੀ। ਸੋਹਹਿ = ਸੋਭਦੇ ਹਨ।4। ਅਰਥ: ਹੇ ਭਾਈ! (ਅਸਾਂ) ਇੱਕੋ ਗੱਲ ਸੁਣੀ ਹੋਈ ਹੈ ਜੋ ਮਨੁੱਖ ਨੂੰ ਡਰਾਂ ਤੋਂ ਰਹਿਤ ਕਰ ਦੇਂਦੀ ਹੈ (ਉਹ ਇਹ ਹੈ ਕਿ) ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਅਤੇ ਰਜ਼ਾ ਅਨੁਸਾਰ ਜੀਊਣਾ ਸਿੱਖ ਲੈਂਦਾ ਹੈ) ਉਹ ਸੁਖੀ ਜੀਵਨ ਵਾਲਾ ਹੈ ਉਹ ਸਦਾ ਸੌਖਾ ਰਹਿੰਦਾ ਹੈ।1। ਰਹਾਉ। ਹੇ ਭਾਈ! ਧਰਤੀ, ਆਕਾਸ਼, ਤਾਰੇ = ਇਹਨਾਂ ਸਭਨਾਂ ਦੇ ਸਿਰ ਉੱਤੇ ਪਰਮਾਤਮਾ ਦਾ ਕਰੜਾ ਹੁਕਮ ਚੱਲ ਰਿਹਾ ਹੈ (ਇਹਨਾਂ ਵਿਚੋਂ ਕੋਈ ਭੀ) ਰਜ਼ਾ ਤੋਂ ਆਕੀ ਨਹੀਂ ਹੋ ਸਕਦਾ। ਹਵਾ, ਪਾਣੀ, ਅੱਗ (ਆਦਿਕ ਹਰੇਕ ਤੱਤ) ਰਜ਼ਾ ਵਿਚ ਤੁਰ ਰਿਹਾ ਹੈ। ਨਿਮਾਣਾ ਇੰਦਰ (ਭੀ) ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ (ਭਾਵੇਂ ਲੋਕਾਂ ਦੇ ਖ਼ਿਆਲ ਅਨੁਸਾਰ ਉਹ ਸਾਰੇ ਦੇਵਤਿਆਂ ਦਾ ਰਾਜਾ ਹੈ) ।1। ਹੇ ਭਾਈ! ਸਾਰੇ ਜੀਵ ਅਤੇ ਦੇਵਤੇ ਹੁਕਮ ਵਿਚ ਤੁਰ ਰਹੇ ਹਨ, ਸਿੱਧ ਅਤੇ ਸਾਧਿਕ ਭੀ (ਹੁਕਮ ਅੱਗੇ) ਥਰ ਥਰ ਕੰਬਦੇ ਹਨ। ਚੌਰਾਸੀ ਲੱਖ ਜੂਨਾਂ ਦੇ ਸਾਰੇ ਜੀਵ (ਜੋ ਰਜ਼ਾ ਵਿਚ ਨਹੀਂ ਤੁਰਦੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ।2। ਹੇ ਭਾਈ! ਪਰਮਾਤਮਾ ਨੇ ਬੇਅੰਤ ਜੀਵ ਪੈਦਾ ਕੀਤੇ ਹਨ ਜੋ ਰਜੋ ਸਤੋ ਤਮੋ (ਇਹਨਾਂ ਤਿੰਨ ਗੁਣਾਂ ਵਿਚ ਵਰਤ ਰਹੇ ਹਨ, ਇਹ ਸਾਰੇ ਉਸ ਦੇ) ਹੁਕਮ ਵਿਚ ਹੀ ਕਾਰ ਕਰ ਰਹੇ ਹਨ। (ਦੁਨੀਆ ਦੇ ਸਾਰੇ ਜੀਵਾਂ ਵਾਸਤੇ) ਛਲ (ਬਣੀ ਹੋਈ) ਇਹ ਵਿਚਾਰੀ ਲੱਛਮੀ ਭੀ ਰਜ਼ਾ ਵਿਚ ਤੁਰ ਰਹੀ ਹੈ, ਧਰਮਰਾਜ ਭੀ ਹੁਕਮ ਅੱਗੇ ਥਰ ਥਰ ਕੰਬਦਾ ਹੈ।3। ਹੇ ਭਾਈ! ਦੁਨੀਆ ਦੀ ਸਮੱਗ੍ਰੀ ਰਜ਼ਾ ਵਿਚ ਬੱਝੀ ਹੋਈ ਹੈ, ਇੱਕ ਸਿਰਜਣਹਾਰ ਪ੍ਰਭੂ ਹੀ ਹੈ ਜਿਸ ਉਤੇ ਕਿਸੇ ਦਾ ਡਰ ਨਹੀਂ। ਹੇ ਨਾਨਕ! ਆਖ - ਪਰਮਾਤਮਾ ਆਪਣੇ ਭਗਤਾਂ ਦਾ ਸਹਾਈ ਹੈ, ਭਗਤ ਉਸ ਦੇ ਦਰਬਾਰ ਵਿਚ ਸਦਾ ਸੋਭਾ ਪਾਂਦੇ ਹਨ।4।1। |
![]() |
![]() |
![]() |
![]() |
Sri Guru Granth Darpan, by Professor Sahib Singh |