ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 999 ਮਾਰੂ ਮਹਲਾ ੫ ॥ ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥ ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥੧॥ ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥ ਮੋਹਿ ਦੀਨ ਅਲਪ ਮਤਿ ਨਿਰਗੁਣ ਪਰਿਓ ਸਰਣਿ ਦੁਆਰੇ ॥੧॥ ਰਹਾਉ ॥ ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ ॥ ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥੨॥ ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥ ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥੩॥ ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥ ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥੪॥੨॥ {ਪੰਨਾ 999} ਪਦ ਅਰਥ: ਪਾਂਚ ਬਰਖ ਕੋ = ਪੰਜ ਸਾਲਾਂ (ਦੀ ਉਪਰ) ਦਾ। ਬਾਰਿਕੁ = ਬਾਲਕ। ਅਮਰ = ਅਟੱਲ। ਅਟਾਰੇ = ਅਟਾਰੀ ਤੇ, ਦਰਜੇ ਤੇ। ਹੇਤਿ = ਦੀ ਖ਼ਾਤਰ। ਜਮ ਕੰਕਰ = {ikzkr, ਨੌਕਰ} ਜਮਦੂਤ। ਮਾਰਿ ਬਿਦਾਰੇ = ਮਾਰ ਭਜਾਏ।1। ਠਾਕੁਰ = ਹੇ ਠਾਕੁਰ! ਕੇਤੇ = ਕਿਤਨੇ ਹੀ, ਬੇਅੰਤ। ਉਧਾਰੇ = ਬਚਾ ਲਏ। ਮੋਹਿ = ਮੈਂ। ਦੀਨ = ਨਿਮਾਣਾ। ਅਲਪ ਮਤਿ = ਥੋੜੀ ਮਤਿ ਵਾਲਾ। ਪਰਿਓ = ਪਿਆ।1। ਰਹਾਉ। ਸੁਪਚਾਰੋ = ਸੁਪਚ, {ਸ਼੍ਵ = ਪਚ} ਚੰਡਾਲ (ਕੁੱਤੇ ਮਾਰ ਕੇ ਖਾਣ ਵਾਲਾ) । ਬਧਿਕ = ਸ਼ਿਕਾਰੀ {ਕ੍ਰਿਸ਼ਨ ਜੀ ਨੂੰ ਹਰਨ ਸਮਝ ਕੇ ਤੀਰ ਮਾਰਨ ਵਾਲਾ}। ਨਿਮਖ = ਅੱਖ ਝਮਕਣ ਜਿਤਨਾ ਸਮਾ {inmy = }। ਗਜਪਤਿ = ਹਾਥੀ {ਜਿਸ ਨੂੰ ਤੰਦੂਏ ਨੇ ਫੜ ਲਿਆ ਸੀ}।2। ਪ੍ਰਹਿਲਾਦੈ = ਪ੍ਰਹਿਲਾਦ ਦੀ। ਨਖਹਿ = ਨਹੁੰਆਂ ਨਾਲ। ਬਿਦਾਰੇ = ਬਿਦਾਰਿਆ, ਚੀਰ ਦਿੱਤਾ। ਦਾਸੀ ਸੁਤੁ = ਦਾਸੀ ਦਾ ਪੁੱਤਰ। ਪੁਨੀਤਾ = ਪਵਿੱਤਰ। ਉਜਾਰੇ = ਰੌਸ਼ਨ ਕਰ ਲਏ।3। ਕਵਨ ਪਰਾਧ = ਕਿਹੜੇ ਕਿਹੜੇ ਅਪਰਾਧ? ਬਤਾਵਉ = ਬਤਾਵਉਂ, ਮੈਂ ਦੱਸਾਂ। ਮਿਥਿਆ ਮੋਹ = ਨਾਸਵੰਤ ਪਦਾਰਥਾਂ ਦਾ ਮੋਹ। ਮਗਨਾਰੇ = ਮਗਨ, ਡੁੱਬਾ ਹੋਇਆ, ਮਸਤ। ਸਾਮ = ਸਰਨ। ਲੀਜੈ = ਫੜ ਲੈ। ਭੁਜਾ ਪਸਾਰੇ = ਭੁਜਾ ਪਸਾਰਿ, ਬਾਂਹ ਖਿਲਾਰ ਕੇ।4। ਅਰਥ: ਹੇ ਮੇਰੇ ਠਾਕੁਰ! ਕਿਤਨੇ ਹੀ ਬੇਅੰਤ ਜੀਵ ਤੂੰ ਬਚਾ ਰਿਹਾ ਹੈਂ। ਮੈਂ ਨਿਮਾਣਾ ਹਾਂ, ਥੋੜੀ ਅਕਲ ਵਾਲਾ ਹਾਂ, ਗੁਣ-ਹੀਨ ਹਾਂ। ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਆ ਡਿੱਗਾ ਹਾਂ।1। ਰਹਾਉ। ਹੇ ਭਾਈ! ਧ੍ਰੂ ਪੰਜ ਸਾਲਾਂ ਦੀ ਉਮਰ ਦਾ ਇਕ ਅਨਾਥ ਜਿਹਾ ਬੱਚਾ ਸੀ। ਹਰਿ-ਨਾਮ ਸਿਮਰਦਿਆਂ ਉਸ ਨੇ ਅਟੱਲ ਪਦਵੀ ਪ੍ਰਾਪਤ ਕਰ ਲਈ। (ਅਜਾਮਲ ਆਪਣੇ) ਪੁੱਤਰ ਨੂੰ (ਵਾਜ ਮਾਰਨ) ਦੀ ਖ਼ਾਤਰ 'ਨਾਰਾਇਣ, ਨਾਰਾਇਣ' ਆਖਿਆ ਕਰਦਾ ਸੀ, ਉਸ ਨੇ ਜਮਦੂਤਾਂ ਨੂੰ ਮਾਰ ਕੇ ਭਜਾ ਦਿੱਤਾ।1। (ਹੇ ਭਾਈ! ਨਾਮ ਸਿਮਰਨ ਦੀ ਬਰਕਤਿ ਨਾਲ) ਬਾਲਮੀਕ ਚੰਡਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ, ਵਿਚਾਰੇ ਸ਼ਿਕਾਰੀ ਵਰਗੇ ਭੀ ਤਰ ਗਏ। ਅੱਖ ਝਮਕਣ ਜਿਤਨੇ ਸਮੇ ਲਈ ਹੀ ਗਜ ਨੇ ਆਪਣੇ ਮਨ ਵਿਚ ਆਰਾਧਨਾ ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ।2। ਹੇ ਭਾਈ! ਪਰਮਾਤਮਾ ਨੇ (ਆਪਣੇ) ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ, (ਉਸ ਦੇ ਪਿਉ) ਹਰਨਾਖਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ। ਦਾਸੀ ਦਾ ਪੁੱਤਰ ਬਿਦਰ (ਪਰਮਾਤਮਾ ਦੀ ਕਿਰਪਾ ਨਾਲ) ਪਵਿੱਤਰ (ਜੀਵਨ ਵਾਲਾ) ਹੋ ਗਿਆ, ਉਸ ਨੇ ਆਪਣੀਆਂ ਸਾਰੀਆਂ ਕੁਲਾਂ ਰੌਸ਼ਨ ਕਰ ਲਈਆਂ।3। ਹੇ ਨਾਨਕ! (ਆਖ-) ਹੇ ਹਰੀ! ਆਪਣੇ ਕਿਹੜੇ ਕਿਹੜੇ ਅਪਰਾਧ ਦੱਸਾਂ? ਮੈਂ ਤਾਂ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ। ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੀ ਓਟ ਫੜੀ ਹੈ। ਮੈਨੂੰ ਆਪਣੀ ਬਾਂਹ ਪਸਾਰ ਕੇ ਫੜ ਲੈ।4।2। ਮਾਰੂ ਮਹਲਾ ੫ ॥ ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ ॥ ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ॥੧॥ ਅਵਰ ਦਿਨ ਕਾਹੂ ਕਾਜ ਨ ਲਾਏ ॥ ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥ ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ ॥ ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ ॥੨॥ ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥ ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ ਮਾਗਨ ਕਉ ਦਾਨੁ ਆਏ ॥੩॥ ਤਿਆਗਿਓ ਸਗਲਾ ਮਾਨੁ ਮਹਤਾ ਦਾਸ ਰੇਣ ਸਰਣਾਏ ॥ ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥੪॥੩॥ {ਪੰਨਾ 999} ਪਦ ਅਰਥ: ਵਿਤ = ਵਿੱਤ, ਧਨ। ਨਵਿਤ = ਨਵਿੱਤ, ਨਿਮਿੱਤ, ਦੀ ਖ਼ਾਤਰ। ਭ੍ਰਮਿਓ = ਭਟਕਦਾ ਫਿਰਿਆ। ਬਹੁ ਭਾਤੀ = ਕਈ ਤਰੀਕਿਆਂ ਨਾਲ। ਧਾਏ = ਦੌੜ-ਭੱਜ ਕੀਤੀ। ਹਉ ਹਉਮੈ = 'ਮੈਂ ਮੈਂ' ਦੇ ਆਸਰੇ। ਤੇ = ਉਹ {ਬਹੁ-ਵਚਨ}। ਤੇ ਤੇ = ਉਹ ਸਾਰੇ। ਅਜਾਏ = ਜ਼ਾਇਆ, ਵਿਅਰਥ।1। ਅਵਰ ਕਾਹੂ ਕਾਜ = ਕਿਸੇ ਹੋਰ ਕੰਮਾਂ ਵਿਚ। ਨ ਲਾਏ = ਨ ਲਾਇ, ਨਾਹ ਲਾਈ ਰੱਖ। ਮੋ ਕਉ = ਮੈਨੂੰ। ਪ੍ਰਭ ਜੀਉ = ਹੇ ਪ੍ਰਭੂ ਜੀ! ਜਾ ਦਿਨ = ਜਿਸ ਦਿਨ। ਜਸੁ = ਸਿਫ਼ਤਿ-ਸਾਲਾਹ।1। ਰਹਾਉ। ਕਲਤ੍ਰ = ਇਸਤ੍ਰੀ। ਗ੍ਰਿਹ = ਘਰ। ਦੇਖਿ = ਵੇਖ ਕੇ। ਪਸਾਰਾ = ਖਿਲਾਰਾ। ਇਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਇਸੁ' ਦਾ ੁ ਉੱਡ ਗਿਆ ਹੈ}। ਮਹਿ = ਵਿਚ। ਉਰਝਾਏ = ਰੁੱਝੇ ਰਹੇ। ਮਦ = ਨਸ਼ਾ। ਉਦਮਾਤੇ = ਮਸਤ।2। ਇਹ ਬਿਧਿ = ਇਸ ਤਰੀਕੇ ਨਾਲ। ਖੋਜੀ = ਖੋਜ ਕੀਤੀ। ਬਹੁ ਪਰਕਾਰਾ = ਕਈ ਕਿਸਮ ਦੀ। ਦਾਤਾਰ = ਦਾਤਾਂ ਦੇਣ ਵਾਲੇ। ਸੰਮ੍ਰਥ = ਸਭ ਤਾਕਤਾਂ ਦੇ ਮਾਲਕ। ਮਾਗਨ ਕਉ = ਮੰਗਣ ਲਈ।3। ਸਗਲਾ = ਸਾਰਾ। ਮਾਨੁ ਮਹਤਾ = ਮਹੱਤਤਾ ਦਾ ਮਾਣ। ਰੇਣ = ਚਰਨ ਧੂੜ। ਮਿਲਿ = ਮਿਲ ਕੇ। ਭਏ ਏਕੈ = ਇੱਕ-ਰੂਪ ਹੋ ਗਏ ਹਨ।4। ਅਰਥ: ਹੇ ਪ੍ਰਭੂ ਜੀ! (ਜ਼ਿੰਦਗੀ ਦੇ) ਦਿਨਾਂ ਵਿਚ ਮੈਨੂੰ ਹੋਰ ਹੋਰ ਕੰਮਾਂ ਵਿਚ ਨਾਹ ਲਾਈ ਰੱਖ। ਮੈਨੂੰ ਉਹ ਦਿਨ ਦੇਹ, ਜਿਸ ਦਿਨ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ।1। ਰਹਾਉ। ਜਿਹੜਾ ਮਨੁੱਖ ਧਨ ਦੀ ਖ਼ਾਤਰ (ਹੀ) ਕਈ ਤਰ੍ਹਾਂ ਭਟਕਦਾ ਰਿਹਾ, (ਧਨ ਦੀ ਖ਼ਾਤਰ) ਅਨੇਕਾਂ ਜਤਨ ਕਰ ਕੇ ਪੁੱਤਰ ਇਸਤ੍ਰੀ ਘਰ ਦਾ ਖਿਲਾਰਾ ਵੇਖ ਕੇ ਜੀਵ ਇਸ (ਖਿਲਾਰੇ) ਵਿਚ ਹੀ ਰੁੱਝੇ ਰਹਿੰਦੇ ਹਨ। ਮਾਇਆ ਦਾ ਨਸ਼ਾ ਚੱਖ ਕੇ ਮਸਤ ਰਹਿੰਦੇ ਹਨ, ਕਦੇ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦੇ।2। ਇਸ ਤਰ੍ਹਾਂ ਕਈ ਕਿਸਮ ਦੀ ਖੋਜ ਕਰ ਵੇਖੀ ਹੈ (ਸਭ ਮਾਇਆ ਵਿਚ ਹੀ ਪਰਵਿਰਤ ਦਿੱਸਦੇ ਹਨ) । ਸੋ, ਸੰਤ ਜਨਾਂ ਤੋਂ ਬਿਨਾ (ਕਿਸੇ ਹੋਰ ਥਾਂ) ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ। (ਮੈਂ ਤੇਰੇ ਦਰ ਤੋਂ ਤੇਰੇ ਨਾਮ ਦਾ) ਦਾਨ ਮੰਗਣ ਆਇਆ ਹਾਂ।3। ਹੇ ਨਾਨਕ! ਆਖ - ਮੈਂ ਸਾਰਾ ਮਾਣ ਸਾਰੀ ਵਡਿਆਈ ਛੱਡ ਦਿੱਤੀ ਹੈ। ਮੈਂ ਉਹਨਾਂ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਉਹਨਾਂ ਦਾਸਾਂ ਦੀ ਸਰਨ ਆਇਆ ਹਾਂ, ਜਿਹੜੇ ਪ੍ਰਭੂ ਨੂੰ ਮਿਲ ਕੇ ਪ੍ਰਭੂ ਨਾਲ ਇੱਕ-ਰੂਪ ਹੋ ਗਏ ਹਨ। ਉਹਨਾਂ ਦੀ ਸਰਨ ਵਿਚ ਹੀ ਵੱਡਾ ਸੁਖ ਵੱਡਾ ਆਨੰਦ ਮਿਲਦਾ ਹੈ।4।3। ਮਾਰੂ ਮਹਲਾ ੫ ॥ ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ ॥੧॥ ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥ ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥੧॥ ਰਹਾਉ ॥ ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥ ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ॥੨॥ ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥ ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥੩॥ ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ ॥ ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ ॥੪॥੪॥ {ਪੰਨਾ 999} ਪਦ ਅਰਥ: ਕਵਨ ਥਾਨ = ਕਿਸ ਥਾਂ? ਧੀਰਿਓ ਹੈ– ਟਿਕਿਆ ਹੋਇਆ ਹੈ। ਨਾਮਾ = (ਤੇਰਾ ਉਹ) ਨਾਮ (ਜਿਸ ਨੂੰ ਲੈ ਲੈ ਕੇ ਕੋਈ ਮਨੁੱਖ ਤੈਨੂੰ ਗਾਲ੍ਹਾਂ ਕੱਢਦਾ ਹੈ) । ਬਸਤੁ = ਵਸਤੂ, ਚੀਜ਼। ਚਿਹਨ– ਨਿਸ਼ਾਨ, ਜ਼ਖ਼ਮ। ਸੁਨਿ = ਸੁਣ ਕੇ। ਮੁਖ ਤੇ = (ਕਿਸੇ ਦੇ) ਮੂੰਹ ਤੋਂ। ਸੁਨਿ ਕਰਿ ਗਾਰਾ = ਗਾਲ੍ਹਾਂ ਸੁਣ ਕੇ। ਊਪਰਿ ਛੋਹਿਓ = ਤੂੰ ਕੋਪਵਾਨ ਹੋ ਰਿਹਾ ਹੈਂ।1। ਰੇ = ਹੇ ਭਾਈ! ਕਹਾ ਤੇ = ਕਿਸ ਥਾਂ ਤੋਂ? ਏਤੀ = ਇਤਨੀ ਗੱਲ ਭੀ। ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਕੇਤੀਕ = ਕਿਤਨੀ ਕੁ? ਮੁਦਤਿ = ਮੁੱਦਤਿ, ਸਮਾ। ਚਲਤੇ = (ਜੂਨਾਂ ਵਿਚ) ਤੁਰਦਿਆਂ।1। ਰਹਾਉ। ਸਹਨ ਸੀਲ = ਸਹਾਰ ਸਕਣ ਦੇ ਸੁਭਾਉ ਵਾਲੇ। ਪਵਨ = ਹਵਾ। ਅਰੁ = ਅਤੇ। ਬਸੁਧਾ = ਧਰਤੀ। ਖਿਮਾ = ਕਿਸੇ ਦੀ ਵਧੀਕੀ ਮੁਆਫ਼ ਕਰਨ ਦਾ ਸੁਭਾਉ। ਨਿਭਰਾਤੇ = ਨਿੱਸੰਦੇਹ। ਮਿਲਿ = ਮਿਲ ਕੇ। ਦੁਰਾਤੇ = ਦੁਰਤ, ਭੈੜ।2। ਜਿਨਿ = ਜਿਸ ਨੇ। ਪੁਰਖਿ = ਪੁਰਖ ਨੇ। ਬਿਧਾਤੈ = ਸਿਰਜਣਹਾਰ ਨੇ। ਜਿਨਿ ਪੁਰਖ ਬਿਧਾਤੈ = ਜਿਸ ਰਖਣਹਾਰ ਪ੍ਰਭੂ ਨੇ। ਨਾਲੇ = ਨਾਲ ਹੀ। ਉਸ ਹੀ ਕਉ = ਉਸ (ਹਉਮੈ) ਨੂੰ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਉਸ' ਬਰਨੁ = ਰੰਗ। ਚਿਹਨੁ = ਨਿਸ਼ਾਨ। ਮਿਥਿਆ = ਨਾਸਵੰਤ। ਪਸਾਰਾ = ਜਗਤ ਦਾ ਖਿਲਾਰਾ। ਭਣਤਿ = ਆਖਦਾ ਹੈ। ਉਝਾਰੈ = ਉਜਾੜਦਾ ਹੈ। ਏਕੈ = ਇਕ ਆਪ ਹੀ। ਏਕੰਕਾਰਾ = ਇਕ ਪਰਮਾਤਮਾ।4। ਅਰਥ: ਹੇ ਭਾਈ! ਸੁਣ (ਵਿਚਾਰ ਕਿ) ਤੂੰ ਕੌਣ ਹੈਂ? (ਤੇਰਾ ਅਸਲਾ ਕੀਹ ਹੈ?) , ਤੂੰ ਕਿਥੋਂ (ਇਸ ਜਗਤ ਵਿਚ) ਆਇਆ ਹੈਂ? ਮੈਂ ਤਾਂ ਇਤਨੀ ਗੱਲ ਭੀ ਨਹੀਂ ਜਾਣਦਾ (ਕਿ ਜੀਵ ਨੂੰ ਅਨੇਕਾਂ ਜੂਨਾਂ ਵਿਚ) ਤੁਰਦਿਆਂ ਕਿਤਨਾ ਸਮਾ ਲੱਗ ਜਾਂਦਾ ਹੈ। ਕਿਸੇ ਨੂੰ ਭੀ ਇਹ ਖ਼ਬਰ ਨਹੀਂ ਮਿਲ ਸਕਦੀ। (ਫਿਰ, ਦੱਸ, ਆਪਣੇ ਉੱਤੇ ਮਾਣ ਕਾਹਦਾ?) ।1। ਰਹਾਉ। (ਹੇ ਭਾਈ! ਤੇਰਾ ਉਹ) ਨਾਮ (ਤੇਰੇ ਅੰਦਰ) ਕਿੱਥੇ ਟਿਕਿਆ ਹੋਇਆ ਹੈ (ਜਿਸ ਨੂੰ ਲੈ ਲੈ ਕੇ ਕੋਈ ਤੈਨੂੰ ਗਾਲ੍ਹ ਕੱਢਦਾ ਹੈ?) ਉਹ ਅਹੰਕਾਰ ਕੀਹ ਚੀਜ਼ ਹੈ (ਜਿਸ ਨਾਲ ਤੂੰ ਆਫਰਿਆ ਫਿਰਦਾ ਹੈਂ) ? ਹੇ ਭਾਈ! ਸੁਣ, ਤੈਨੂੰ ਉਹ ਕਿਹੜੇ ਫੱਟ ਲੱਗੇ ਹਨ ਕਿਸੇ ਦੇ ਮੂੰਹੋਂ ਗੱਲਾਂ ਸੁਣ ਕੇ, ਜਿਸ ਕਰਕੇ ਤੂੰ ਕ੍ਰੋਧਵਾਨ ਹੋ ਜਾਂਦਾ ਹੈਂ?।1। ਹੇ ਭਾਈ! ਹਵਾ ਅਤੇ ਪਾਣੀ (ਇਹ ਦੋਵੇਂ ਤੱਤ) ਸਹਾਰ ਸਕਣ ਦੇ ਸੁਭਾਉ ਵਾਲੇ ਹਨ। ਧਰਤੀ ਤਾਂ ਨਿੱਸੰਦੇਹ ਖਿਮਾ-ਰੂਪ ਹੀ ਹੈ। ਪੰਜ ਤੱਤ ਮਿਲ ਕੇ (ਮਨੁੱਖ ਦਾ) ਸਰੀਰ ਬਣਦਾ ਹੈ। ਇਹਨਾਂ ਪੰਜਾਂ ਤੱਤਾਂ ਵਿਚੋਂ ਭੈੜ ਕਿਸ ਵਿਚ ਹੈ?।1। (ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਸਿਰਜਣਹਾਰ ਕਰਤਾਰ ਨੇ ਇਹ ਰਚਨਾ ਰਚੀ ਹੈ, ਉਸ ਨੇ (ਸਰੀਰ ਬਣਾਣ ਵੇਲੇ) ਹਉਮੈ ਭੀ ਨਾਲ ਹੀ (ਹਰੇਕ ਦੇ ਅੰਦਰ) ਪਾ ਦਿੱਤੀ ਹੈ। ਉਸ (ਹਉਮੈ) ਨੂੰ ਹੀ ਜਨਮ ਮਰਨ (ਦਾ ਗੇੜ) ਹੈ, ਉਹ ਹਉਮੈ ਹੀ ਜੰਮਦੀ ਮਰਦੀ ਹੈ (ਭਾਵ, ਉਸ ਹਉਮੈ ਦੇ ਕਾਰਨ ਹੀ ਜੀਵ ਲਈ ਜੰਮਣ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ) ।3। ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ, ਇਸ ਰਚਨਾ ਵਿਚ (ਥਿਰਤਾ ਦਾ) ਕੋਈ ਬਰਨ ਚਿਹਨ ਨਹੀਂ ਹੈ। ਨਾਨਕ ਆਖਦਾ ਹੈ– (ਹੇ ਭਾਈ!) ਜਦੋਂ ਪਰਮਾਤਮਾ ਇਸ ਖੇਡ ਨੂੰ ਉਜਾੜਦਾ ਹੈ ਤਦੋਂ ਇਕ ਆਪ ਹੀ ਆਪ ਹੋ ਜਾਂਦਾ ਹੈ।4। 4। |
![]() |
![]() |
![]() |
![]() |
Sri Guru Granth Darpan, by Professor Sahib Singh |