ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1000

ਮਾਰੂ ਮਹਲਾ ੫ ॥ ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥ ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ ॥੧॥ ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥ ਰਹਾਉ ॥ ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ ॥ ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆਹੂ ਕਉ ਦਉਰਿਓ ॥੨॥ ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ ॥ ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ॥੩॥ ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ ॥ ਧੰਨੁ ਸੇਵਕੁ ਸਫਲੁ ਓਹੁ ਆਇਆ ਜਿਨਿ ਨਾਨਕ ਖਸਮੁ ਪਛਾਤਾ ॥੪॥੫॥ {ਪੰਨਾ 1000}

ਪਦ ਅਰਥ: ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖੋ। ਅਰਿ = ਵੈਰੀ}। ਬੀਓ = ਦੂਜਾ। ਚੀਤਿ = ਚਿੱਤ ਵਿਚ। ਘਾਲਿਓ = ਘੱਲਿਆ, ਆਉਣ ਦਿੱਤਾ, ਲਿਆਂਦਾ। ਬਣਜੇ = ਵਣਜ ਕੀਤਾ, ਵਪਾਰ ਕੀਤਾ, ਖ਼ਰੀਦੇ। ਲਾਦਿ = ਲੱਦ ਕੇ। ਵਖਰੁ = ਸੌਦਾ।1।

ਓੜਕਿ = ਅਖ਼ੀਰ ਤਕ। ਨਿਬਹੀ = ਬਣੀ ਰਹਿੰਦੀ ਹੈ। ਸੇਵਿਓ = ਸਿਮਰਦਾ ਰਿਹਾ। ਚਲਤੇ = ਜਗਤ ਤੋਂ ਤੁਰਨ ਵੇਲੇ। ਚੀਤਿ = ਚਿੱਤ ਵਿਚ।1। ਰਹਾਉ।

ਆਗਿਆ = ਹੁਕਮ। ਠਾਕੁਰਿ = ਠਾਕੁਰ ਨੇ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਮੋਰਿਓ = ਮੋੜਿਆ। ਸਹਜੁ = ਆਤਮਕ ਅਡੋਲਤਾ। ਗ੍ਰਿਹ ਭੀਤਰਿ = ਘਰ ਵਿਚ। ਉਆਹੂ ਕਉ = ਉਸੇ ਪਾਸੇ ਵਲ। ਦਉਰਿਓ = ਦੌੜ ਪਿਆ।2।

ਭੂਖ = ਭੁੱਖ, ਗਰੀਬੀ। ਕਰਿ ਸੂਖਾ = ਸੁਖ ਕਰ ਕੇ, ਸੁਖ ਜਾਣ ਕੇ। ਸੋਗ = ਗ਼ਮ। ਹਰਖ = ਖ਼ੁਸ਼ੀ। ਸਾਹਿਬ ਕਾ = {ਰਹਾਉ ਦੀ ਤੁਕ ਵਿਚ ਲਫ਼ਜ਼ 'ਸਾਹਿਬੁ' ਅਤੇ ਇਥੇ 'ਸਾਹਿਬ ਕਾ' ਲਫ਼ਜ਼ਾਂ ਦਾ ਜੋੜ ਵੇਖਣਾ}। ਮਾਥੈ ਲੇ = ਮੱਥੇ ਉਤੇ ਲੈ ਕੇ।3।

ਸੇਵਕ ਕਉ = ਸੇਵਕ ਨੂੰ, ਸੇਵਕ ਉਤੇ। ਸਵਰੇ = ਸੰਵਰ ਗਏ। ਹਲਤ ਪਲਾਤਾ = ਹਲਤ ਪਲਤ, ਇਹ ਲੋਕ ਤੇ ਪਰਲੋਕ। ਧੰਨੁ = ਭਾਗਾਂ ਵਾਲਾ। ਸਫਲੁ = ਕਾਮਯਾਬ। ਜਿਨਿ = ਜਿਸ ਨੇ। ਨਾਨਕ = ਹੇ ਨਾਨਕ! ਖਸਮੁ ਪਛਾਤਾ = ਖਸਮ-ਪ੍ਰਭੂ ਨਾਲ ਸਾਂਝ ਪਾਈ।4।

ਅਰਥ: ਹੇ ਭਾਈ! ਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ। ਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਭੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ।1। ਰਹਾਉ।

ਹੇ ਭਾਈ! ਮਾਣ ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਪਰਮਾਤਮਾ ਦਾ ਸੇਵਕ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ। ਉਹ ਸਦਾ ਪਰਮਾਤਮਾ ਦਾ ਨਾਮ-ਰਤਨ ਅਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਵਣਜਦਾ ਰਹਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ।1।

ਹੇ ਭਾਈ! ਸੇਵਕ ਉਹ ਹੈ ਜਿਸ ਨੂੰ ਮਾਲਕ-ਪ੍ਰਭੂ ਨੇ ਜਿਹੋ ਜਿਹਾ ਕਦੇ ਹੁਕਮ ਕੀਤਾ, ਉਸ ਨੇ ਉਸ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਿਆ। ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉਥੇ ਹੀ ਆਤਮਕ ਅਡੋਲਤਾ ਤੇ ਆਨੰਦ ਬਣਿਆ ਰਹਿੰਦਾ ਹੈ; (ਜੇ ਮਾਲਕ ਨੇ ਆਖਿਆ-) ਉੱਠ (ਉਸ-ਪਾਸੇ ਵਲ ਜਾਹ, ਤਾਂ ਸੇਵਕ) ਉਸੇ ਪਾਸੇ ਵਲ ਦੌੜ ਪਿਆ।2।

ਹੇ ਭਾਈ! ਜੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਭੁੱਖ-ਨੰਗ ਆ ਗਈ, ਤਾਂ ਉਸ ਨੂੰ ਹੀ ਉਸ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ। ਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ।3।

ਹੇ ਨਾਨਕ! ਮਾਲਕ-ਪ੍ਰਭੂ ਜਿਸ ਸੇਵਕ ਉਥੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ। ਜਿਸ ਸੇਵਕ ਨੇ ਖ਼ਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਭਾਗਾਂ ਵਾਲਾ ਹੈ, ਉਸ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ।4।5।

ਮਾਰੂ ਮਹਲਾ ੫ ॥ ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥ ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥੧॥ ਅਬ ਮੋਹਿ ਜੀਵਨ ਪਦਵੀ ਪਾਈ ॥ ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ ਰਹਾਉ ॥ ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥ ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥੨॥ ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥ ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥੩॥ ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥ ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥੪॥੬॥ {ਪੰਨਾ 1000}

ਪਦ ਅਰਥ: ਕਰਮੁ = ਭਾਗ। ਖੁਲਿਆ ਕਰਮੁ = ਭਾਗ ਜਾਗ ਪਿਆ। ਕ੍ਰਿਪਾ ਠਾਕੁਰ = ਠਾਕੁਰ ਦੀ ਕ੍ਰਿਪਾ। ਗਾਈ = ਗਾਂਦਾ ਹੈ। ਸ੍ਰਮੁ = ਥਕੇਵਾਂ, ਦੌੜ-ਭੱਜ। ਬਿਸ੍ਰਾਮਾ = ਟਿਕਾਣਾ। ਧਾਈ = ਧਾਵਨ, ਭਟਕਣਾ।1।

ਮੋਹਿ = ਮੈ। ਜੀਵਨ ਪਦਵੀ = ਆਤਮਕ ਜੀਵਨ ਦਾ ਦਰਜਾ। ਚੀਤਿ = ਚਿੱਤ ਵਿਚ। ਮਨਿ = ਮਨ ਵਿਚ। ਪੁਰਖੁ = ਸਰਬ-ਵਿਆਪਕ। ਬਿਧਾਤਾ = ਸਿਰਜਣਹਾਰ।1। ਰਹਾਉ।

ਨਿਵਾਰੇ = ਦੂਰ ਕਰ ਲਏ। ਨਿਵਰੇ = ਦੂਰ ਹੋ ਗਏ। ਸਗਲ = ਸਾਰੇ। ਬੈਰਾਈ = ਵੈਰੀ। ਸਦ = ਸਦਾ। ਹਜੂਰਿ ਹਾਜਰੁ = ਹਾਜ਼ਰ ਹਜ਼ੂਰਿ, ਅੰਗ-ਸੰਗ। ਨਾਜਰੁ = ਨਾਜ਼ਰ, (ਸਭ ਨੂੰ) ਵੇਖਣ ਵਾਲਾ। ਕਤਹਿ = ਕਿਤੇ ਭੀ। ਦੂਰਾਈ = ਦੂਰ।2।

ਸੀਤਲ = ਠੰਢ। ਸਭ = ਸਾਰੀ। ਪਾਵਨ ਪਤਿਤ = ਪਤਿਤਾਂ ਨੂੰ ਪਵਿੱਤਰ, ਵਿਕਾਰੀਆਂ ਨੂੰ ਪਵਿੱਤਰ। ਮਹਿਮਾ = ਵਡਿਆਈ।3।

ਨਿਰਭਉ = ਡਰ-ਰਹਿਤ। ਸਗਲ ਭੈ = ਸਾਰੇ ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ 'ਭੈ'}। ਓਟਾਈ = ਓਟ ਲਿਆਂ। ਨਾਨਕੁ ਗਾਵੈ = ਨਾਨਕ ਗਾਂਦਾ ਹੈ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਰੈਣਿ = ਰਾਤ। ਲਿਵ ਲਾਈ = ਲਿਵ ਲਾਇ, ਸੁਰਤਿ ਜੋੜ ਕੇ।4।

ਅਰਥ: ਹੇ ਭਾਈ! ਸੰਤ ਜਨਾਂ ਦੀ ਸਰਨ ਪੈਣ ਕਰਕੇ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਸਰਬ-ਵਿਆਪਕ ਸਿਰਜਣ-ਹਾਰ ਪ੍ਰਭੂ ਆ ਵੱਸਿਆ ਹੈ, ਹੁਣ ਮੈਂ ਆਤਮਕ ਜੀਵਨ ਵਾਲਾ ਦਰਜਾ ਪ੍ਰਾਪਤ ਕਰ ਲਿਆ ਹੈ।1। ਰਹਾਉ।

ਹੇ ਭਾਈ! ਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਉਸ ਦਾ ਭਾਗ ਜਾਗ ਪੈਂਦਾ ਹੈ, ਉਸ ਦੀ ਦੌੜ-ਭੱਜ ਮੁੱਕ ਜਾਂਦੀ ਹੈ, ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ, ਉਸ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ।1।

ਹੇ ਭਾਈ! (ਜਿਹੜਾ ਮਨੁੱਖ ਸੰਤ ਜਨਾਂ ਦੀ ਸਰਨ ਪੈਂਦਾ ਹੈ ਉਹ ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਸਾਰੇ ਵਿਕਾਰ) ਦੂਰ ਕਰ ਲੈਂਦਾ ਹੈ, ਉਸ ਦੇ ਇਹ ਸਾਰੇ ਹੀ ਵੈਰੀ ਦੂਰ ਹੋ ਜਾਂਦੇ ਹਨ। ਸਭ ਨੂੰ ਵੇਖਣ ਵਾਲਾ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਜਾਪਦਾ ਹੈ, ਕਿਸੇ ਭੀ ਥਾਂ ਤੋਂ ਉਸ ਨੂੰ ਉਹ ਪ੍ਰਭੂ ਦੂਰ ਨਹੀਂ ਜਾਪਦਾ।2।

ਹੇ ਭਾਈ! ਸੰਤਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਸੰਤ ਜਨ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦੇਂਦੇ ਹਨ। ਸੰਤ ਜਨ ਜਿਸ ਮਨੁੱਖ ਦੇ ਮਦਦਗਾਰ ਬਣਦੇ ਹਨ, ਉਸ ਦੇ ਅੰਦਰ ਹਰ ਵੇਲੇ ਠੰਢ ਤੇ ਆਨੰਦ ਬਣਿਆ ਰਹਿੰਦਾ ਹੈ, ਉਸ ਦੀ ਹਰੇਕ ਮੰਗ ਪੂਰੀ ਹੋ ਜਾਂਦੀ ਹੈ।3।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਲਿਆ, ਉਹਨਾਂ ਦੇ ਸਾਰੇ ਡਰ ਦੂਰ ਹੋ ਗਏ, ਉਹ ਨਿਰਭਉ ਹੋ ਗਏ। ਹੇ ਭਾਈ! ਨਾਨਕ ਭੀ ਦਿਨ ਰਾਤ ਸੁਰਤਿ ਜੋੜ ਕੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ।4।6।

ਮਾਰੂ ਮਹਲਾ ੫ ॥ ਜੋ ਸਮਰਥੁ ਸਰਬ ਗੁਣ ਨਾਇਕੁ ਤਿਸ ਕਉ ਕਬਹੁ ਨ ਗਾਵਸਿ ਰੇ ॥ ਛੋਡਿ ਜਾਇ ਖਿਨ ਭੀਤਰਿ ਤਾ ਕਉ ਉਆ ਕਉ ਫਿਰਿ ਫਿਰਿ ਧਾਵਸਿ ਰੇ ॥੧॥ ਅਪੁਨੇ ਪ੍ਰਭ ਕਉ ਕਿਉ ਨ ਸਮਾਰਸਿ ਰੇ ॥ ਬੈਰੀ ਸੰਗਿ ਰੰਗ ਰਸਿ ਰਚਿਆ ਤਿਸੁ ਸਿਉ ਜੀਅਰਾ ਜਾਰਸਿ ਰੇ ॥੧॥ ਰਹਾਉ ॥ ਜਾ ਕੈ ਨਾਮਿ ਸੁਨਿਐ ਜਮੁ ਛੋਡੈ ਤਾ ਕੀ ਸਰਣਿ ਨ ਪਾਵਸਿ ਰੇ ॥ ਕਾਢਿ ਦੇਇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾਵਸਿ ਰੇ ॥੨॥ ਜਿਸ ਕਾ ਜਾਸੁ ਸੁਨਤ ਭਵ ਤਰੀਐ ਤਾ ਸਿਉ ਰੰਗੁ ਨ ਲਾਵਸਿ ਰੇ ॥ ਥੋਰੀ ਬਾਤ ਅਲਪ ਸੁਪਨੇ ਕੀ ਬਹੁਰਿ ਬਹੁਰਿ ਅਟਕਾਵਸਿ ਰੇ ॥੩॥ ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ ਸੰਤਸੰਗਿ ਪਤਿ ਪਾਈ ॥ ਕਹੁ ਨਾਨਕ ਤ੍ਰੈ ਗੁਣ ਭ੍ਰਮੁ ਛੂਟਾ ਜਉ ਪ੍ਰਭ ਭਏ ਸਹਾਈ ॥੪॥੭॥ {ਪੰਨਾ 1000}

ਪਦ ਅਰਥ: ਸਮਰਥੁ = ਸਭ ਤਾਕਤਾਂ ਦਾ ਮਾਲਕ! ਨਾਇਕੁ = ਮਾਲਕ। ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਨ ਗਾਵਸਿ = ਤੂੰ ਨਹੀਂ ਗਾਂਦਾ। ਛੋਡਿ ਜਾਇ = (ਹਰੇਕ ਪ੍ਰਾਣੀ) ਛੱਡ ਜਾਂਦਾ ਹੈ। ਤਾ ਕਉ = ਉਸ (ਮਾਇਆ) ਨੂੰ। ਉਆ ਕਉ = ਉਸ (ਮਾਇਆ) ਦੀ ਹੀ ਖ਼ਾਤਰ। ਧਾਵਸਿ = ਤੂੰ ਦੌੜ-ਭੱਜ ਕਰ ਰਿਹਾ ਹੈਂ। ਰੇ = ਹੇ ਭਾਈ!।1।

ਪ੍ਰਭ ਕਉ = ਪ੍ਰਭੂ ਨੂੰ। ਨ ਸਮਾਰਸਿ = ਤੂੰ ਯਾਦ ਨਹੀਂ ਕਰਦਾ। ਬੈਰੀ ਸੰਗਿ = ਵੈਰੀ ਨਾਲ। ਰੰਗ ਰਸਿ = ਮੌਜ-ਮੇਲਿਆਂ ਦੇ ਸੁਆਦ ਵਿਚ। ਤਿਸੁ ਸਿਉ = ਉਸ (ਵੈਰੀ ਮੋਹ) ਨਾਲ। ਜਾਰਸਿ = ਤੂੰ ਸਾੜ ਰਿਹਾ ਹੈਂ।1। ਰਹਾਉ।

ਨਾਮਿ ਸੁਨਿਐ = ਨਾਮ ਸੁਣਨ ਨਾਲ। ਜਾ ਕੈ ਨਾਮਿ ਸੁਨਿਐ = ਜਿਸ ਦਾ ਨਾਮ ਸੁਣਿਆਂ। ਨ ਪਾਵਸਿ = ਤੂੰ ਨਹੀਂ ਪੈਂਦਾ। ਦੇਇ = ਦੇਂਦਾ ਹੈ। ਕਾਢਿ ਦੇਇ = ਕੱਢ ਦੇਂਦਾ ਹੈ। ਸਿਆਲ = ਗਿੱਦੜ। ਤਾ ਕੀ ਓਟ = ਉਸ (ਸਿੰਘ ਪ੍ਰਭੂ) ਦਾ ਆਸਰਾ। ਟਿਕਾਵਸਿ = (ਆਪਣੇ ਅੰਦਰ) ਟਿਕਾ ਲੈ।2।

ਜਾਸੁ = ਜਸ। ਭਵ = ਸੰਸਾਰ-ਸਮੁੰਦਰ। ਤਰੀਐ = ਤਰ ਜਾਈਦਾ ਹੈ। ਰੰਗੁ = ਪ੍ਰੇਮ। ਨ ਲਾਵਸਿ = ਤੂੰ ਨਹੀਂ ਲਾਂਦਾ। ਅਲਪ = ਥੋੜੀ, ਹੋਛੀ। ਬਹੁਰਿ ਬਹੁਰਿ = ਮੁੜ ਮੁੜ। ਅਟਕਾਵਸਿ = ਤੂੰ (ਆਪਣੇ ਮਨ ਨੂੰ) ਫਸਾ ਰਿਹਾ ਹੈਂ।3।

ਪ੍ਰਸਾਦੁ = ਕਿਰਪਾ, ਮਿਹਰ। ਠਾਕੁਰ ਪ੍ਰਸਾਦੁ = ਮਾਲਕ-ਪ੍ਰਭੂ ਦੀ ਕਿਰਪਾ। ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ। ਸੰਤ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ। ਪਤਿ = ਇੱਜ਼ਤ। ਨਾਨਕ = ਹੇ ਨਾਨਕ! ਤ੍ਰੈਗੁਣ ਭ੍ਰਮੁ = ਤ੍ਰਿ-ਗੁਣੀ ਮਾਇਆ ਦੀ ਖ਼ਾਤਰ ਭਟਕਣਾ। ਜਉ = ਜਦੋਂ। ਸਹਾਈ = ਮਦਦਗਾਰ।4।

ਅਰਥ: ਹੇ ਭਾਈ! ਤੂੰ ਆਪਣੇ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ (ਮਾਇਆ ਦੇ ਮੋਹ-) ਵੈਰੀ ਨਾਲ ਮੌਜ-ਮੇਲਿਆਂ ਦੇ ਸੁਆਦ ਵਿਚ ਮਸਤ ਹੈਂ, ਤੇ, ਉਸ (ਮੋਹ ਦੇ) ਨਾਲ ਹੀ ਆਪਣੀ ਜਿੰਦ ਨੂੰ ਸਾੜ ਰਿਹਾ ਹੈਂ (ਆਪਣੇ ਆਤਮਕ ਜੀਵਨ ਨੂੰ ਸਾੜ ਰਿਹਾ ਹੈਂ) ।1। ਰਹਾਉ।

ਹੇ ਭਾਈ! ਜਿਹੜਾ ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ, ਤੂੰ ਉਸ ਦੀ ਸਿਫ਼ਤਿ-ਸਾਲਾਹ ਕਦੇ ਭੀ ਨਹੀਂ ਕਰਦਾ। ਹੇ ਭਾਈ! ਉਸ (ਮਾਇਆ) ਨੂੰ ਤਾਂ ਹਰ ਕੋਈ ਇਕ ਖਿਨ ਵਿਚ ਛੱਡ ਜਾਂਦਾ ਹੈ, ਤੂੰ ਭੀ ਉਸੇ ਦੀ ਖ਼ਾਤਰ ਮੁੜ ਮੁੜ ਭਟਕਦਾ ਫਿਰਦਾ ਹੈਂ।1।

ਹੇ ਭਾਈ! ਜਿਸ ਪਰਮਾਤਮਾ ਦਾ ਨਾਮ ਸੁਣਿਆਂ ਜਮਰਾਜ (ਭੀ) ਛੱਡ ਜਾਂਦਾ ਹੈ ਤੂੰ ਉਸ ਦੀ ਸਰਨ (ਕਿਉਂ) ਨਹੀਂ ਪੈਂਦਾ? ਹੇ ਭਾਈ! ਤੂੰ ਆਪਣੇ ਅੰਦਰ ਉਸ ਪ੍ਰਭੂ ਦਾ ਆਸਰਾ ਟਿਕਾ ਲੈ, ਜਿਹੜਾ (ਸਿੰਘ-ਪ੍ਰਭੂ) ਨਿਮਾਣੇ ਗਿੱਦੜ ਨੂੰ ਕੱਢ ਦੇਂਦਾ ਹੈ।2।

ਹੇ ਭਾਈ! ਜਿਸ ਪਰਮਾਤਮਾ ਦਾ ਜਸ ਸੁਣਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੂੰ ਉਸ ਨਾਲ ਪਿਆਰ ਨਹੀਂ ਜੋੜਦਾ। (ਮਾਇਆ ਦੀ ਪ੍ਰੀਤ) ਸੁਪਨੇ ਦੀ ਹੀ ਹੋਛੀ ਜਿਹੀ ਗੱਲ ਹੈ, ਪਰ ਤੂੰ ਮੁੜ ਮੁੜ ਉਸੇ ਵਿਚ ਆਪਣੇ ਮਨ ਨੂੰ ਫਸਾ ਰਿਹਾ ਹੈਂ।3।

ਹੇ ਨਾਨਕ! ਆਖ - (ਹੇ ਭਾਈ!) ਜਿਸ ਮਨੁੱਖ ਉੱਤੇ ਕਿਰਪਾ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟਦਾ ਹੈ। ਜਦੋਂ ਪ੍ਰਭੂ ਜੀ ਸਹਾਈ ਬਣਦੇ ਹਨ, ਮਨੁੱਖ ਦੀ ਤ੍ਰਿਗੁਣੀ ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ।4।7।

ਮਾਰੂ ਮਹਲਾ ੫ ॥ ਅੰਤਰਜਾਮੀ ਸਭ ਬਿਧਿ ਜਾਨੈ ਤਿਸ ਤੇ ਕਹਾ ਦੁਲਾਰਿਓ ॥ ਹਸਤ ਪਾਵ ਝਰੇ ਖਿਨ ਭੀਤਰਿ ਅਗਨਿ ਸੰਗਿ ਲੈ ਜਾਰਿਓ ॥੧॥ ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ॥ ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥੧॥ ਰਹਾਉ ॥ ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ ॥ ਪ੍ਰਭ ਬਿਸਰਤ ਮਹਾ ਦੁਖੁ ਪਾਇਓ ਇਹੁ ਨਾਨਕ ਤਤੁ ਬੀਚਾਰਿਓ ॥੨॥੮॥ {ਪੰਨਾ 1000-1001}

ਪਦ ਅਰਥ: ਅੰਤਰਜਾਮੀ = ਦਿਲਾਂ ਦੇ ਅੰਦਰ ਦੀ ਜਾਣਨ ਵਾਲਾ। ਸਭ ਨਿਧਿ = ਹਰੇਕ ਕਿਸਮ ਦੀ ਗੱਲ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ (ਪਰਮਾਤਮਾ) ਤੋਂ। ਕਹਾ ਦੁਲਾਰਿਓ = ਕਹਾ ਦੁਰਾਰਿਓ, ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ? ਹਸਤ = ਹੱਥ {ਬਹੁ-ਵਚਨ}। ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਪੈਰ। ਝਰੇ = ਝੜ ਜਾਂਦੇ ਹਨ, ਸੜ ਜਾਂਦੇ ਹਨ। ਅਗਨਿ ਸੰਗਿ = ਅੱਗ ਨਾਲ, ਅੱਗ ਵਿਚ। ਜਾਰਿਓ = ਸਾੜਿਆ ਜਾਂਦਾ ਹੈ।1।

ਮੂੜੇ = ਹੇ ਮੂਰਖ! ਤੈ = ਤੂੰ। ਮਨ ਤੇ = ਮਨ ਤੋਂ। ਬਿਸਾਰਿਓ = ਭੁਲਾ ਦਿੱਤਾ ਹੈ। ਖਾਇ = ਖਾ ਕੇ। ਕਰਹਿ = ਤੂੰ ਕਰਦਾ ਹੈਂ। ਹਰਾਮਖੋਰੀ = ਹਰਾਮ ਦਾ ਮਾਲ ਖਾਣ ਦੀ ਕਰਤੂਤ। ਨੈਨ ਬਿਦਾਰਿਓ = ਨੈਨ ਬਿਦਾਰਿ, ਅੱਖਾਂ ਪਾੜ ਪਾੜ ਕੇ, ਬਦੀਦਾਂ ਵਾਂਗ, ਸ਼ਰਮ-ਹਯਾ ਲਾਹ ਕੇ। ਪੇਖਤ = ਵੇਖਦਾ।1। ਰਹਾਉ।

ਅਸਾਧ ਰੋਗੁ = ਉਹ ਰੋਗ ਜਿਸ ਦਾ ਇਲਾਜ ਨਾਹ ਹੋ ਸਕੇ। ਤਨ ਭੀਤਰਿ = ਸਰੀਰ ਵਿਚ। ਟਰਤ ਨ = ਨਹੀਂ ਟਲਦਾ, ਦੂਰ ਨਹੀਂ ਹੁੰਦਾ। ਕਾਹੂ = ਹੋਰ ਕਿਸੇ ਤਰ੍ਹਾਂ ਭੀ। ਟਾਰਿਓ = ਟਾਲਿਆਂ, ਦੂਰ ਕੀਤਿਆਂ। ਨਾਨਕ = ਹੇ ਨਾਨਕ!।2।

ਅਰਥ: ਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ। ਪਰਮਾਤਮਾ ਦਾ ਸਭ ਕੁਝ ਦਿੱਤਾ ਖਾ ਕੇ ਬੜੀ ਬੇ-ਸ਼ਰਮੀ ਨਾਲ ਤੂੰ ਹਰਾਮਖੋਰੀ ਕਰ ਰਿਹਾ ਹੈਂ।1। ਰਹਾਉ।

(ਹੇ ਮੂਰਖ! ਜਿਸ ਸਰੀਰ ਦੀ ਖ਼ਾਤਰ ਤੂੰ ਹਰਾਮਖ਼ੋਰੀ ਕਰਦਾ ਹੈਂ, ਉਹ ਸਰੀਰ ਅੰਤ ਵੇਲੇ) ਅੱਗ ਵਿਚ ਪਾ ਕੇ ਸਾੜਿਆ ਜਾਂਦਾ ਹੈ, (ਉਸ ਦੇ) ਹੱਥ ਪੈਰ (ਆਦਿਕ ਅੰਗ) ਇਕ ਖਿਨ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ। ਹੇ ਮੂਰਖ! ਸਭ ਦੇ ਦਿਲਾਂ ਦੀ ਜਾਣਨ ਵਾਲਾ ਪਰਮਾਤਮਾ (ਮਨੁੱਖ ਦਾ) ਹਰੇਕ ਕਿਸਮ (ਦਾ ਅੰਦਰਲਾ ਭੇਤ) ਜਾਣਦਾ ਹੈ। ਉਸ ਪਾਸੋਂ ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ?।1।

ਹੇ ਮੂਰਖ! (ਜਦੋਂ ਹਰਾਮਖ਼ੋਰੀ ਦਾ ਇਹ) ਅਸਾਧ ਰੋਗ ਸਰੀਰ ਵਿਚ ਪੈਦਾ ਹੁੰਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਦੂਰ ਕੀਤਿਆਂ ਇਹ ਦੂਰ ਨਹੀਂ ਹੁੰਦਾ। ਹੇ ਨਾਨਕ! (ਆਖ-) ਸੰਤ ਜਨਾਂ ਨੇ ਇਹ ਭੇਤ ਸਮਝਿਆ ਹੈ ਕਿ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਬੜਾ ਦੁੱਖ ਸਹਾਰਦਾ ਹੈ।2।8।

TOP OF PAGE

Sri Guru Granth Darpan, by Professor Sahib Singh