ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1001 ਮਾਰੂ ਮਹਲਾ ੫ ॥ ਚਰਨ ਕਮਲ ਪ੍ਰਭ ਰਾਖੇ ਚੀਤਿ ॥ ਹਰਿ ਗੁਣ ਗਾਵਹ ਨੀਤਾ ਨੀਤ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਊ ॥ ਆਦਿ ਮਧਿ ਅੰਤਿ ਹੈ ਸੋਊ ॥੧॥ ਸੰਤਨ ਕੀ ਓਟ ਆਪੇ ਆਪਿ ॥੧॥ ਰਹਾਉ ॥ ਜਾ ਕੈ ਵਸਿ ਹੈ ਸਗਲ ਸੰਸਾਰੁ ॥ ਆਪੇ ਆਪਿ ਆਪਿ ਨਿਰੰਕਾਰੁ ॥ ਨਾਨਕ ਗਹਿਓ ਸਾਚਾ ਸੋਇ ॥ ਸੁਖੁ ਪਾਇਆ ਫਿਰਿ ਦੂਖੁ ਨ ਹੋਇ ॥੨॥੯॥ {ਪੰਨਾ 1001} ਪਦ ਅਰਥ: ਚਰਨ ਕਮਲ = ਸੋਹਣੇ ਚਰਨ। ਚੀਤਿ = ਚਿੱਤ ਵਿਚ। ਗਾਵਹ = ਗਾਵਹਿ, ਗਾਂਦੇ ਹਨ। ਨੀਤਾ ਨੀਤ = ਨਿੱਤ ਹੀ। ਕੋਊ = ਕੋਈ ਭੀ। ਆਦਿ = ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ ਵਿਚ। ਅੰਤਿ = ਜਗਤ ਦੇ ਅੰਤ ਵਿਚ। ਸੋਊ = ਉਹ ਆਪ ਹੀ।1। ਓਟ = ਆਸਰਾ। ਆਪੇ = ਆਪ ਹੀ।1। ਰਹਾਉ। ਜਾ ਕੈ ਵਸਿ = ਜਿਸ ਦੇ ਵੱਸ ਵਿਚ। ਸਗਲ = ਸਾਰਾ। ਨਿਰੰਕਾਰੁ = ਨਿਰ-ਆਕਾਰ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ। ਗਹਿਓ = ਫੜ ਲਿਆ, ਹਿਰਦੇ ਵਿਚ ਵਸਾ ਲਿਆ। ਸਾਚਾ = ਸਦਾ ਕਾਇਮ ਰਹਿਣ ਵਾਲਾ।2। ਅਰਥ: ਹੇ ਭਾਈ! ਪਰਮਾਤਮਾ ਹੀ (ਸੰਤ ਜਨਾਂ ਦਾ) ਆਸਰਾ ਹੈ।1। ਰਹਾਉ। ਹੇ ਭਾਈ! ਸੰਤ ਜਨਾਂ ਨੇ ਪ੍ਰਭੂ ਦੇ ਸੋਹਣੇ ਚਰਨ (ਸਦਾ ਆਪਣੇ) ਚਿੱਤ ਵਿਚ ਵਸਾਏ ਹੁੰਦੇ ਹਨ, ਉਹ ਸਦਾ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿੱਸਦਾ (ਜੋ ਸਦਾ ਕਾਇਮ ਰਹਿ ਸਕੇ। ਸੰਤ ਜਨਾਂ ਨੂੰ ਨਿਸਚਾ ਹੈ ਕਿ) ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਵਿਚ, ਵਿਚਕਾਰਲੇ ਸਮੇ ਵਿਚ, ਅਤੇ ਜਗਤ ਦੇ ਅੰਤ ਵਿਚ ਕਾਇਮ ਰਹਿਣ ਵਾਲਾ ਹੈ।1। ਹੇ ਨਾਨਕ! (ਆਖ-) ਜਿਹੜਾ ਨਿਰੰਕਾਰ ਸਦਾ ਆਪ ਹੀ ਆਪ ਹੈ, ਜਿਸ ਦੇ ਵਿਚ ਸਾਰਾ ਜਗਤ ਹੈ, (ਸੰਤ ਜਨਾਂ ਨੇ) ਉਸ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ, ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।2।9। ਮਾਰੂ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ॥ ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥੧॥ ਰੇ ਨਰ ਐਸੀ ਕਰਹਿ ਇਆਨਥ ॥ ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥੧॥ ਰਹਾਉ ॥ ਧਰਣੀਧਰੁ ਤਿਆਗਿ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਥ ॥ ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ ॥੨॥ ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ ॥ ਪਰ ਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੁਲਾਨਥ ॥੩॥ ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ ॥੪॥੧॥੧੦॥ {ਪੰਨਾ 1001} ਪਦ ਅਰਥ: ਪ੍ਰਾਨ ਦਾਤਾ = ਜਿੰਦ ਦੇਣ ਵਾਲਾ। ਜੀਅ ਸੁਖ ਦਾਤਾ = ਸਭ ਜੀਵਾਂ ਨੂੰ ਸੁਖ ਦੇਣ ਵਾਲਾ। ਕਾਹੇ = ਕਿਉਂ? ਅਗਿਆਨਥ = ਹੇ ਅਗਿਆਨੀ! ਹੋਛਾ = ਛੇਤੀ ਮੁੱਕ ਜਾਣ ਵਾਲਾ। ਮਦੁ = ਨਸ਼ਾ। ਬਾਵਰ = ਝੱਲਾ। ਅਕਾਰਥ = ਵਿਅਰਥ।1। ਰੇ ਨਰ = ਹੇ ਮਨੁੱਖ! ਕਰਹਿ = ਤੂੰ ਕਰਦਾ ਹੈਂ। ਇਆਨਥ = ਬੇ-ਅਕਲੀ। ਤਜਿ = ਛੱਡ ਕੇ। ਸਾਰੰਗਧਰ = ਜਗਤ ਦਾ ਆਸਰਾ ਪ੍ਰਭੂ। ਭ੍ਰਮਿ = ਭਟਕਣਾ ਵਿਚ ਪੈ ਕੇ। ਭੂਲਾ = ਕੁਰਾਹੇ ਪੈ ਗਿਆ। ਮੋਹਿ = ਮੋਹ ਵਿਚ। ਦਾਸੀ = ਮਾਇਆ। ਸਾਨਥ = ਸਾਥ।1। ਰਹਾਉ। ਧਰਣੀਧਰੁ = ਧਰਤੀ ਦਾ ਆਸਰਾ। ਸੇਵਹਿ = ਤੂੰ ਸੇਵਾ ਕਰਦਾ ਹੈਂ। ਹਉ ਹਉ = ਮੈਂ ਮੈਂ, ਅਹੰਕਾਰ। ਬਿਹਾਵਥ = ਉਮਰ ਗੁਜ਼ਰ ਰਹੀ ਹੈ। ਫੋਕਟ = ਫੋਕੇ। ਮਨਮੁਖ = ਹੇ ਮਨਮੁਖ! ਹੇ ਮਨ ਦੇ ਮੁਰੀਦ! ਅੰਧੁ = ਅੰਨ੍ਹਾ। ਕਹਾਵਥ = ਅਖਵਾ ਰਿਹਾ ਹੈਂ।2। ਸਤਿ = ਸਦਾ ਕਾਇਮ ਰਹਿਣ ਵਾਲਾ। ਅਸਤਿ = ਜਿਸ ਦੀ ਕੋਈ ਹਸਤੀ ਨਹੀਂ ਹੈ। ਨਿਹਚਲੁ = ਅਟੱਲ। ਪਰ ਕੀ = ਪਰਾਈ (ਹੋ ਜਾਣ ਵਾਲੀ) । ਕਉ = ਨੂੰ। ਕਰਿ = ਜਾਣ ਕੇ, ਸਮਝ ਕੇ। ਪਕਰੀ = ਫੜੀ ਹੋਈ ਹੈ।3। ਏਕੈ ਨਾਮਿ = ਸਿਰਫ਼ ਨਾਮ ਦੀ ਰਾਹੀਂ ਹੀ। ਤਰਾਨਥ = ਪਾਰ ਲੰਘਦੇ ਹਨ। ਪਾਰਿ ਪਰਾਨਥ = ਪਾਰ ਲੰਘਦਾ ਹੈ।4। ਅਰਥ: ਹੇ ਮਨੁੱਖ! ਤੂੰ ਬੜੀ ਮਾੜੀ ਬੇ-ਅਕਲੀ ਕਰ ਰਿਹਾ ਹੈਂ ਕਿ ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈਂ, ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈਂ ਅਤੇ ਮਾਇਆ-ਦਾਸੀ ਨਾਲ ਸਾਥ ਬਣਾ ਰਿਹਾ ਹੈਂ।1। ਰਹਾਉ। ਹੇ ਅਗਿਆਨੀ! ਤੂੰ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਜੋ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਅਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ। ਛੇਤੀ ਮੁੱਕ ਜਾਣ ਵਾਲਾ (ਮਾਇਆ ਦੇ ਮੋਹ ਦਾ) ਨਸ਼ਾ ਚੱਖ ਕੇ ਤੂੰ ਝੱਲਾ ਹੋ ਰਿਹਾ ਹੈਂ, ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ।1। ਹੇ ਭਾਈ! ਧਰਤੀ ਦੇ ਆਸਰੇ ਪ੍ਰਭੂ ਨੂੰ ਤਿਆਗ ਕੇ ਤੂੰ ਨੀਵੀਂ ਕੁਲ ਵਾਲੀ ਮਾਇਆ-ਦਾਸੀ ਦੀ ਸੇਵਾ ਕਰ ਰਿਹਾ ਹੈਂ, (ਇਸ ਮਾਇਆ ਦੇ ਕਾਰਨ) 'ਮੈਂ ਮੈਂ' ਕਰਦਿਆਂ ਤੇਰੀ ਉਮਰ ਬੀਤ ਰਹੀ ਹੈ। ਹੇ ਮਨ ਦੇ ਮੁਰੀਦ ਮੂਰਖ! ਤੂੰ ਫੋਕੇ ਕੰਮ ਕਰ ਰਿਹਾ ਹੈਂ, (ਅੱਖਾਂ ਹੁੰਦਿਆਂ ਭੀ) ਤੂੰ (ਆਤਮਕ ਜੀਵਨ ਵੱਲੋਂ) ਅੰਨ੍ਹਾ ਅਖਵਾ ਰਿਹਾ ਹੈਂ।2। ਹੇ ਭਾਈ! ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਉਸ ਦੀ ਹਸਤੀ ਹੀ ਨਹੀਂ ਮੰਨਦਾ, ਜਿਹੜਾ ਇਹ ਨਾਸਵੰਤ ਜਗਤ ਹੈ ਇਸ ਨੂੰ ਤੂੰ ਅਟੱਲ ਸਮਝਦਾ ਹੈਂ। ਜਿਸ ਮਾਇਆ ਨੇ ਜ਼ਰੂਰ ਪਰਾਈ ਹੋ ਜਾਣਾ ਹੈ ਇਸ ਨੂੰ ਤੂੰ ਆਪਣੀ ਜਾਣ ਕੇ ਜੱਫਾ ਮਾਰੀ ਬੈਠਾ ਹੈਂ। ਕੈਸੀ ਅਚਰਜ ਭੁੱਲ ਵਿਚ ਭੁੱਲਾ ਪਿਆ ਹੈਂ!।3। ਹੇ ਭਾਈ! ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ (ਕਿਸੇ ਭੀ ਵਰਨ ਦੇ ਜੀਵ ਹੋਣ) ਸਾਰੇ ਇਕ ਹਰੀ-ਨਾਮ ਦੀ ਰਾਹੀਂ ਹੀ ਸੰਸਾਰ-ਸਾਗਰ ਤੋਂ ਤਰਦੇ ਹਨ। ਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।4।1।10। ਮਾਰੂ ਮਹਲਾ ੫ ॥ ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ ਮਨੁਖਾਇ ॥ ਬਿਸਾਰਿ ਹਰਿ ਜੀਉ ਬਿਖੈ ਭੋਗਹਿ ਤਪਤ ਥੰਮ ਗਲਿ ਲਾਇ ॥੧॥ ਰੇ ਨਰ ਕਾਇ ਪਰ ਗ੍ਰਿਹਿ ਜਾਇ ॥ ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ ॥੧॥ ਰਹਾਉ ॥ ਬਿਕਾਰ ਪਾਥਰ ਗਲਹਿ ਬਾਧੇ ਨਿੰਦ ਪੋਟ ਸਿਰਾਇ ॥ ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ ਜਾਇ ॥੨॥ ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥ ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ ਮਾਇ ॥੩॥ {ਪੰਨਾ 1001} ਪਦ ਅਰਥ: ਗੁਪਤੁ = ਲੁਕਵੇਂ, ਲੁਕ ਕੇ। ਕਰਤਾ = (ਪਾਪ) ਕਰਦਾ ਹੈ। ਸੰਗਿ = (ਜੀਵ ਦੇ ਸਦਾ) ਨਾਲ। ਡਹਕਾਵਏ = ਡਹਕਾਵੈ, ਠੱਗਦਾ ਹੈ। ਮਨੁਖਾਇ = ਹੋਰ ਮਨੁੱਖਾਂ ਨੂੰ। ਬਿਸਾਰਿ = ਭੁਲਾ ਕੇ। ਬਿਖੈ = ਵਿਸ਼ੇ-ਭੋਗ। ਭੋਗਹਿ = ਤੂੰ ਭੋਗਦਾ ਹੈਂ। ਗਲਿ = ਗਲ ਨਾਲ। ਲਾਇ = ਲਾ ਕੇ। ਤਪਤ...ਲਾਇ = ਤਪੇ ਹੋਏ ਥੰਮ੍ਹ ਗਲ ਨਾਲ ਲਾ ਕੇ, ਵਿਕਾਰਾਂ ਦੀ ਅੱਗ ਵਿਚ ਸੜ ਸੜ ਕੇ।1। ਰੇ ਨਰ = ਹੇ ਮਨੁੱਖ! ਕਾਇ = ਕਿਉਂ? ਪਰ ਗ੍ਰਿਹਿ = ਪਰਾਏ ਘਰ ਵਿਚ। ਜਾਇ = ਜਾ ਕੇ। ਕੁਚਲ = ਹੇ ਗੰਦੇ! ਕਾਮਿ = ਹੇ ਕਾਮੀ! ਗਰਧਭ = ਹੇ ਖੋਤੇ!।1। ਰਹਾਉ। ਗਲਹਿ = ਗਲ ਵਿਚ। ਬਾਧੇ = ਬੱਝੇ ਹੋਏ ਹਨ। ਨਿੰਦ ਪੋਟ = ਨਿੰਦਾ ਦੀ ਪੋਟਲੀ। ਸਿਰਾਇ = ਸਿਰ ਉੱਤੇ। ਸਾਗਰੁ = ਸਮੁੰਦਰ। ਨ ਪਰਨਾ ਜਾਇ = ਲੰਘਿਆ ਨਹੀਂ ਜਾ ਸਕਦਾ।2। ਕਾਮਿ = ਕਾਮ-ਵਾਸਨਾ ਵਿਚ। ਕ੍ਰੋਧਿ = ਕ੍ਰੋਧ ਵਿਚ। ਬਿਆਪਿਓ = ਫਸਿਆ ਹੋਇਆ ਹੈ। ਨੇਤ੍ਰ = ਅੱਖਾਂ। ਰਖੇ ਫਿਰਾਇ = ਫੇਰੇ ਹੋਏ ਹਨ। ਸੀਸੁ = ਸਿਰ। ਕਬਹੂ = ਕਦੇ ਭੀ। ਮਿਲਈ = ਮਿਲੈ, ਮਿਲਦਾ। ਦੁਤਰ = ਦੁੱਤਰ, ਦੁਸਤਰ, ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਾਇ = ਮਾਇਆ।3। ਅਰਥ: ਹੇ ਮਨੁੱਖ! ਪਰਾਏ ਘਰ ਵਿਚ ਜਾ ਕੇ ਇਉਂ (ਮੰਦ ਕਰਮ ਕਰਦਾ ਹੈਂ) ? ਹੇ ਗੰਦੇ! ਹੇ ਪੱਥਰ-ਦਿਲ! ਹੇ ਵਿਸ਼ਈ! ਹੇ ਖੋਤੇ ਮੂਰਖ! ਕੀ ਤੂੰ ਧਰਮਰਾਜ (ਦਾ ਨਾਮ ਕਦੇ) ਨਹੀਂ ਸੁਣਿਆ?।1। ਰਹਾਉ। (ਹੇ ਭਾਈ! ਮਨੁੱਖ) ਲੁਕ ਕੇ (ਵਿਕਾਰ) ਕਰਦਾ ਹੈ, (ਪਰ ਵੇਖਣ ਵਾਲਾ) ਉਹ ਪ੍ਰਭੂ (ਹਰ ਵੇਲੇ ਇਸ ਦੇ) ਨਾਲ ਹੁੰਦਾ ਹੈ (ਵਿਕਾਰੀ ਮਨੁੱਖ ਪ੍ਰਭੂ ਨੂੰ ਠੱਗ ਨਹੀਂ ਸਕਦਾ, ਇਹ ਤਾਂ) ਮਨੁੱਖਾਂ ਨੂੰ ਹੀ ਠੱਗਦਾ ਹੈ। ਹੇ ਭਾਈ! ਪਰਮਾਤਮਾ ਨੂੰ ਵਿਸਾਰ ਕੇ ਵਿਕਾਰਾਂ ਦੀ ਅੱਗ ਵਿਚ ਸੜ ਸੜ ਕੇ ਤੂੰ ਵਿਸ਼ੇ ਭੋਗਦਾ ਰਹਿੰਦਾ ਹੈਂ।1। ਹੇ ਭਾਈ! ਵਿਕਾਰਾਂ ਦੇ ਪੱਥਰ (ਤੇਰੇ) ਗਲ ਨਾਲ ਬੱਝੇ ਪਏ ਹਨ, ਨਿੰਦਾ ਦੀ ਪੋਟਲੀ (ਤੇਰੇ) ਸਿਰ ਉੱਤੇ ਹੈ। ਵੱਡਾ ਸੰਸਾਰ-ਸਮੁੰਦਰ (ਹੈ ਜਿਸ ਤੋਂ) ਲੰਘਣਾ ਹੈ (ਇਤਨੇ ਭਾਰ ਨਾਲ ਇਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ।2। ਹੇ ਭਾਈ! (ਤੂੰ) ਕਾਮ ਵਿਚ ਕ੍ਰੋਧ ਵਿਚ, ਲੋਭ ਵਿਚ, ਮੋਹ ਵਿਚ, ਫਸਿਆ ਪਿਆ ਹੈਂ; ਤੂੰ ਪਰਮਾਤਮਾ ਵੱਲੋਂ ਅੱਖਾਂ ਫੇਰ ਰੱਖੀਆਂ ਹਨ। (ਇਹਨਾਂ ਵਿਕਾਰਾਂ ਵਲੋਂ ਤੈਨੂੰ) ਕਦੇ ਭੀ ਸਿਰ ਚੁੱਕਣਾ ਨਹੀਂ ਮਿਲਦਾ। (ਤੇਰੇ ਅੱਗੇ) ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ।3। ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ ॥ ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ॥੪॥ ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥ ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ ॥੫॥੨॥ ਰੇ ਨਰ ਇਨ ਬਿਧਿ ਪਾਰਿ ਪਰਾਇ ॥ ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥ {ਪੰਨਾ 1001-1002} ਪਦ ਅਰਥ: ਸੂਰ = ਸੂਰਜ। ਮੁਕਤਾ = ਮੈਲ ਆਦਿਕ ਤੋਂ ਰਹਿਤ। ਸਸੀ = ਚੰਦ੍ਰਮਾ। ਬ੍ਰਹਮ ਗਿਆਨੀ = ਉਹ ਮਨੁੱਖ ਜਿਸ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ। ਅਲਿਪਾਇ = ਅਲੇਪ, ਨਿਰਲੇਪ, ਪਵਿੱਤਰ ਜੀਵਨ ਵਾਲਾ। ਸੁਭਾਵਤ = ਸੋਭ ਰਿਹਾ ਹੈ, ਸੋਹਣੇ ਜੀਵਨ ਵਾਲਾ ਹੈ। ਬੈਸੰਤਰ = ਅੱਗ। ਨਿਰਮਲਾਇ = ਨਿਰਮਲ।4। ਜਿਸੁ = ਜਿਸ ਮਨੁੱਖ ਦਾ। ਕਰਮ ਖੁਲਿਆ = ਭਾਗ ਜਾਗਿਆ। ਤਿਸੁ ਪੜਦਾ = ਉਸ ਦਾ ਪੜਦਾ। ਲਹਿਆ = ਲਹਿ ਗਿਆ। ਜਿਨਿ = ਜਿਸ (ਮਨੁੱਖ) ਨੇ। ਗੁਰ ਪਹਿ = ਗੁਰੂ ਦੇ ਪਾਸ (ਰਹਿ ਕੇ) । ਮੰਨਿਆ = (ਪਰਮਾਤਮਾ ਦਾ ਹੁਕਮ) ਮੰਨ ਲਿਆ। ਸੁਭਾਇ = ਪ੍ਰੇਮ ਵਿਚ (ਟਿਕ ਕੇ) {ਭਾਉ = ਪ੍ਰੇਮ}। ਗੁਰਿ = ਗੁਰੂ ਨੇ। ਅਵਖਧੁ = ਦਾਰੂ, ਦਵਾਈ। ਸੰਕਟ ਜੋਨਿ = ਜੂਨਾਂ ਦੇ ਕਲੇਸ਼।5।2। ਇਨ ਬਿਧਿ = ਇਸ ਤਰੀਕੇ ਨਾਲ (ਭਾਵ, ਗੁਰੂ ਦੀ ਸਰਨ ਪੈ ਕੇ ਰਜ਼ਾ ਵਿਚ ਰਾਜ਼ੀ ਰਿਹਾਂ) । ਪਾਰਿ ਪਰਾਇ = ਸੰਸਾਰ-ਸਾਗਰ ਤੋਂ ਪਾਰ ਲੰਘ ਜਾਈਦਾ ਹੈ। ਮਿਰਤਕੁ = ਵਿਸ਼ੇ-ਵਿਕਾਰਾਂ ਵਲੋਂ ਮੁਰਦਾ, (ਸੰਸਾਰ ਵਲੋਂ) ਨਿਰਮਾਣ। ਦੂਜਾ ਭਾਉ = (ਪ੍ਰਭੂ ਤੋਂ ਬਿਨਾਂ) ਹੋਰ ਪਿਆਰ। ਰਹਾਉ ਦੂਜਾ। ਅਰਥ: ਜਿਹੜਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਸੂਰਜ (ਚੰਗੇ ਮੰਦੇ ਹਰੇਕ ਥਾਂ ਆਪਣੀ ਰੌਸ਼ਨੀ ਦੇ ਕੇ) ਮੈਲ ਆਦਿਕ ਤੋਂ ਸਾਫ਼ ਹੈ, ਜਿਵੇਂ ਚੰਦ੍ਰਮਾ ਭੀ (ਇਸੇ ਤਰ੍ਹਾਂ) ਸਾਫ਼ ਹੈ। ਬ੍ਰਹਮ ਨਾਲ ਜਾਣ-ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ (ਹਰੇਕ ਕਿਸਮ ਦੀ ਮੈਲ ਨੂੰ ਸਾੜ ਕੇ ਭੀ) ਅੱਗ (ਮੈਲ ਤੋਂ) ਨਿਰਲੇਪ ਹੈ ਅਤੇ ਸਦਾ ਨਿਰਮਲ ਹੈ।4। ਹੇ ਭਾਈ! ਜਿਸ ਮਨੁੱਖ ਦਾ ਭਾਗ ਜਾਗ ਪੈਂਦਾ ਹੈ, ਜਿਸ ਨੇ ਗੁਰੂ ਦੀ ਸਰਨ ਵਿਚ ਰਹਿ ਕੇ ਪ੍ਰੇਮ ਨਾਲ ਰਜ਼ਾ ਨੂੰ ਮੰਨ ਲਿਆ ਉਸ (ਦੀਆਂ ਅੱਖਾਂ ਤੋਂ ਮਾਇਆ ਦੇ ਮੋਹ) ਦਾ ਪੜਦਾ ਲਹਿ ਜਾਂਦਾ ਹੈ। ਹੇ ਦਾਸ ਨਾਨਕ! ਜਿਸ ਨੂੰ ਗੁਰੂ ਨੇ ਨਾਮ-ਮੰਤੁ੍ਰ ਦੇ ਦਿੱਤਾ, ਨਾਮ-ਦਾਰੂ ਦੇ ਦਿੱਤਾ, ਉਹ ਮਨੁੱਖ (ਚੌਰਾਸੀ ਲੱਖ) ਜੂਨਾਂ ਦੇ ਕਲੇਸ਼ ਨਹੀਂ ਪਾਂਦਾ।5।2। ਹੇ ਭਾਈ! ਇਸ ਤਰ੍ਹਾਂ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ, ਵਿਕਾਰਾਂ ਵਲੋਂ ਮੁਰਦਾ ਹੋ ਜਾ, ਅਤੇ ਪ੍ਰਭੂ ਤੋਂ ਬਿਨਾ ਹੋਰ ਹੋਰ ਪਿਆਰ ਛੱਡ ਦੇਹ। ਰਹਾਉ ਦੂਜਾ।2।11। |
![]() |
![]() |
![]() |
![]() |
Sri Guru Granth Darpan, by Professor Sahib Singh |