ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1002

ਮਾਰੂ ਮਹਲਾ ੫ ॥ ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥ ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥੧॥ ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥ ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥ ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥ ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥ ਤੋਟਿ ਨਾਹੀ ਮਨਿ ਤ੍ਰਿਸਨਾ ਬੂਝੀ ਅਖੁਟ ਭੰਡਾਰ ਸਮਾਇਆ ਥਾ ॥ ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ ॥੩॥ ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥ ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥ {ਪੰਨਾ 1002}

ਪਦ ਅਰਥ: ਤੇ = ਤੋਂ। ਛੂਟਿ ਪਰੇ = ਬਚ ਗਏ। ਗੁਰਿ = ਗੁਰੂ ਨੇ। ਘਰ ਮਾਹਿ = ਹਿਰਦੇ ਵਿਚ। ਅਨਭਉ = ਅਨੁਭਵ, ਝਲਕਾਰਾ। ਪ੍ਰਭ = ਪ੍ਰਭੂ ਦਾ। ਕਤਹੁ = ਕਿਸੇ ਭੀ ਹੋਰ ਪਾਸੇ। ਨ ਜਾਇਆ = ਨਹੀਂ ਜਾਂਦਾ।1।

ਮਾਨਕੁ = ਮੋਤੀ। ਰੇ = ਹੇ ਭਾਈ! ਪਾਇਆ = ਲੱਭ ਲਿਆ ਹੈ। ਮੋਲਿ ਅਮੋਲੁ = ਕਿਸੇ ਭੀ ਭੁੱਲ ਤੋਂ ਨਾਹ ਮਿਲ ਸਕਣ ਵਾਲਾ। ਮੋਲਿ = ਮੁੱਲ ਤੋਂ। ਕਰਿ = ਕਰ ਕੇ।1। ਰਹਾਉ।

ਅਦਿਸਟੁ = ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨੁ-ਇੰਦ੍ਰੇ। ਚਰ = ਪਹੁੰਚ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਕਥਾਇਆ = ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ। ਅਕਥੁ = ਅਕੱਥੁ, ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ। ਅਨਹਦ = ਬਿਨਾ ਵਜਾਇਆਂ ਵੱਜਣ ਵਾਲਾ, ਇੱਕ-ਰਸ, ਮਤਵਾਤਰ। ਸਬਦੁ ਵਜਿਓ = ਸਿਫ਼ਤਿ-ਸਾਲਾਹ ਦੀ ਬਾਣੀ ਪੂਰਾ ਪ੍ਰਭਾਵ ਪਾਣ ਲੱਗ ਪਈ। ਦੁਆਰਿ = ਦੁਆਰ ਵਿਚ। ਦਸਮ ਦੁਆਰਿ = ਦਸਵੇਂ ਦੁਆਰ ਵਿਚ, ਦਸਵੇਂ ਦਰਵਾਜ਼ੇ ਵਿਚ, ਦਿਮਾਗ਼ ਵਿਚ। ਤਹ = ਉਥੇ, ਉਸ ਦਿਮਾਗ਼ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।2।

ਤੋਟਿ = ਘਾਟਾ, ਕਮੀ। ਮਨਿ = ਮਨ ਵਿਚ (ਵੱਸ ਰਹੀ) । ਬੂਝੀ = ਬੁੱਝ ਗਈ। ਅਖੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ। ਚਰਣ ਗੁਰ = ਗੁਰੂ ਦੇ ਚਰਨ। ਅਘੜੁ = ਕੋਈ ਘਾੜਤ ਵਾਲਾ (ਮਨ) । ਰਸੁ = ਸੁਆਦ।3।

ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ। ਆਵਾ ਜਾਵਾ = ਆਉਂਦਾ ਜਾਂਦਾ, ਕਾਰ-ਵਿਹਾਰ ਕਰਦਾ ਹੈ। ਖੇਲਾਇਆ = ਖੇਡਦਾ ਹੈ। ਕਹੁ = ਆਖ। ਨਾਨਕ = ਹੇ ਨਾਨਕ! ਗੁਰਿ = ਗੁਰੂ ਨੇ। ਭਰਮੁ = ਭਟਕਣਾ। ਮਹਲੀ ਮਹਲੁ = ਮਹਲ ਦੇ ਮਾਲਕ ਦਾ ਮਹਲ।4।

ਅਰਥ: ਹੇ ਭਾਈ! ਮੈਂ ਮੋਤੀ ਲੱਭ ਲਿਆ ਹੈ, ਮੈਂ ਪੂਰਨ ਪਰਮਾਤਮਾ ਲੱਭ ਲਿਆ ਹੈ। ਹੇ ਭਾਈ! ਇਹ ਮੋਤੀ ਬਹੁਤ ਅਮੋਲਕ ਹੈ, ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਮੈਨੂੰ ਤਾਂ ਇਹ ਮੋਤੀ ਗੁਰੂ ਨੇ ਦਿਵਾ ਦਿੱਤਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਸਾਡੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਰ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਗੁਰੂ ਨੂੰ ਮਿਲ ਕੇ ਮੈਂ ਉਸ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ ਹੈ। ਹੇ ਭਾਈ! ਮੇਰੇ ਦਿਮਾਗ਼ ਵਿਚ ਹੁਣ ਹਰ ਵੇਲੇ ਸਿਫ਼ਤਿ-ਸਾਲਾਹ ਦੀ ਬਾਣੀ ਪ੍ਰਭਾਵ ਪਾ ਰਹੀ ਹੈ; ਮੇਰੇ ਅੰਦਰ ਹੁਣ ਹਰ ਵੇਲੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋ ਰਿਹਾ ਹੈ।2।

ਹੇ ਭਾਈ! ਮੇਰੇ ਮਨ ਵਿਚ ਕਦੇ ਨਾਹ ਮੁੱਕਣ ਵਾਲੇ ਨਾਮ-ਖ਼ਜ਼ਾਨੇ ਭਰ ਗਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਕਮੀ ਨਹੀਂ ਆ ਸਕਦੀ, ਮਨ ਵਿਚ (ਵੱਸ-ਰਹੀ) ਤ੍ਰਿਸ਼ਨਾ (-ਅੱਗ ਦੀ ਲਾਟ) ਬੁੱਝ ਗਈ ਹੈ। ਮੈਂ ਹਰ ਵੇਲੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਰਿਹਾ ਹਾਂ। ਮੈਂ ਨਾਮ-ਅੰਮ੍ਰਿਤ ਦਾ ਸੁਆਦ ਚੱਖ ਲਿਆ ਹੈ, ਤੇ ਪਹਿਲੀ ਕੋਝੀ ਘਾੜਤ ਵਾਲਾ ਮਨ ਹੁਣ ਸੋਹਣਾ ਬਣ ਗਿਆ ਹੈ।3।

ਹੇ ਭਾਈ! ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ ਮੇਰਾ ਮਨ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਕਾਰ-ਵਿਹਾਰ ਕਰ ਰਿਹਾ ਹੈ, ਮਨ ਸਦਾ ਆਤਮਕ ਅਡੋਲਤਾ ਵਿਚ ਖੇਡ ਰਿਹਾ ਹੈ। ਹੇ ਨਾਨਕ! ਆਖ– (ਜਦੋਂ ਦੀ) ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਤਦੋਂ ਤੋਂ ਮੈਂ ਸਦਾ ਅਸਥਿਰ ਟਿਕਾਣੇ ਵਾਲੇ ਹਰੀ (ਦੇ ਚਰਨਾਂ ਵਿਚ) ਟਿਕਾਣਾ ਲੱਭ ਲਿਆ ਹੈ।4।3।12।

ਮਾਰੂ ਮਹਲਾ ੫ ॥ ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ ॥ ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥ ਰੇ ਮਨ ਵਤ੍ਰ ਬੀਜਣ ਨਾਉ ॥ ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥੧॥ ਰਹਾਉ ॥ ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥ ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥੨॥ ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ ॥ ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ ॥੩॥ ਪਾਇਆ ਅਮੋਲੁ ਪਦਾਰਥੋ ਛੋਡਿ ਨ ਕਤਹੂ ਜਾਇ ॥ ਕਹੁ ਨਾਨਕ ਸੁਖੁ ਪਾਇਆ ਤ੍ਰਿਪਤਿ ਰਹੇ ਆਘਾਇ ॥੪॥੪॥੧੩॥ {ਪੰਨਾ 1002}

ਪਦ ਅਰਥ: ਜਿਸਹਿ = ਜਿਸੁ ਹੀ (ਨੇ) {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਸਾਜਿ = ਪੈਦਾ ਕਰ ਕੇ। ਨਿਵਾਜਿਆ = ਬਖ਼ਸ਼ਸ਼ਾਂ ਕੀਤੀਆਂ ਹਨ। ਤਿਸਹਿ ਸਿਉ = ਤਿਸੁ ਹੀ ਸਿਉ, ਉਸੇ ਨਾਲ ਹੀ। ਰਚੁ = ਪਿਆਰ। ਆਨ = {ANX} ਹੋਰ ਕੋਈ। ਬੋਈਐ = ਜੇ ਬੀਜ ਬੀਜੀਏ। ਫੂਲੈ = ਫੁੱਲ। ਤਾਹਿ = ਉਸ ਨੂੰ।1।

ਵਤ੍ਰ ਬੀਜਣ = ਬੀਜਣ ਦਾ ਵੱਤਰ, ਬੀਜਣ ਦਾ ਢੁਕਵਾਂ ਸਮਾਂ। ਨਾਉ = ਪ੍ਰਭੂ ਦਾ ਨਾਮ-ਬੀਜ। ਬੋਇ = ਬੀਜ ਲੈ। ਲਾਇ = ਲਾ ਕੇ। ਸਮਉ = ਸਮਾ। ਸੁਆਉ = ਲਾਭ।1। ਰਹਾਉ।

ਖੋਇ = ਦੂਰ ਕਰ ਕੇ। ਖਹੜਾ = ਜ਼ਿੱਦ। ਭਰਮੁ = ਭਟਕਣਾ। ਜਾਇ = ਜਾ ਪਉ। ਕਰਮੁ = ਬਖ਼ਸ਼ਸ਼ (ਦਾ ਲੇਖ) । ਜਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ} ਜਿਸ ਦੇ ਵਾਸਤੇ; ਜਿਸ ਦੇ ਮੱਥੇ ਉਤੇ। ਧੁਰਹੁ = ਪ੍ਰਭੂ ਦੀ ਹਜ਼ੂਰੀ ਤੋਂ। ਕਮਾਇ = ਕਮਾਂਦਾ ਹੈ।2।

ਭਾਉ = ਪਿਆਰ। ਸਿਉ = ਨਾਲ। ਘਾਲ = ਮਿਹਨਤ। ਥਾਇ ਪਾਈ = ਪਰਵਾਨ ਕੀਤੀ। ਥਾਇ {ਲਫ਼ਜ਼ 'ਥਾਉ' ਤੋਂ ਅਧਿਕਰਣ ਕਾਰਕ} ਥਾਂ ਵਿਚ; ਥਾਂ ਸਿਰ। ਖੇਤਿ ਮੇਰੈ = ਮੇਰੇ ਹਿਰਦੇ-ਖੇਤ ਵਿਚ। ਜੰਮਿਆ = ਉੱਗ ਪਿਆ ਹੈ। ਨਿਖੁਟਿ ਨ ਜਾਇ = ਮੁੱਕਦਾ ਨਹੀਂ।3।

ਅਮੋਲੁ = ਜੋ ਕਿਸੇ ਮੁੱਲ ਤੋਂ ਨਾਹ ਮਿਲ ਸਕੇ। ਛੋਡਿ = ਛੱਡ ਕੇ। ਕਤਹੂ = ਕਿਤੇ ਭੀ। ਤ੍ਰਿਪਤਿ ਰਹੇ ਆਘਾਇ = ਤ੍ਰਿਪਤਿ ਆਘਾਇ ਰਹੇ, ਪੂਰਨ ਤੌਰ ਤੇ ਸੰਤੋਖੀ ਜੀਵਨ ਵਾਲੇ ਹੋ ਗਏ।4।

ਅਰਥ: ਹੇ (ਮੇਰੇ) ਮਨ! (ਇਹ ਮਨੁੱਖਾ ਜੀਵਨ ਪਰਮਾਤਮਾ ਦਾ) ਨਾਮ-ਬੀਜਣ ਲਈ ਢੁਕਵਾਂ ਸਮਾ ਹੈ। ਹੇ ਭਾਈ! ਆਪਣਾ ਮਨ ਲਾ ਕੇ (ਹਿਰਦੇ ਦੀ) ਖੇਤੀ ਵਿਚ (ਨਾਮ) ਬੀਜ ਲੈ। ਇਹੀ ਚੰਗਾ ਮੌਕਾ ਹੈ, (ਇਸੇ ਵਿਚ) ਲਾਭ ਹੈ।1। ਰਹਾਉ।

ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਕਈ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ, ਉਸ ਨਾਲ ਹੀ ਤੇਰਾ ਪਿਆਰ ਨਹੀਂ ਹੈ। (ਤੂੰ ਹੋਰ ਹੋਰ ਆਹਰਾਂ ਵਿਚ ਲੱਗਾ ਫਿਰਦਾ ਹੈਂ, ਪਰ ਜੇ) ਰੁੱਤ ਕੋਈ ਹੋਵੇ, ਬੀਜ ਕੋਈ ਹੋਰ ਬੀਜ ਦੇਈਏ, ਉਸ ਨੂੰ ਨਾਹ ਫੁੱਲ ਲੱਗਦਾ ਹੈ ਨਾਹ ਫਲ।1।

ਹੇ ਭਾਈ! ਆਪਣੇ ਮਨ ਦੀ ਜ਼ਿੱਦ ਆਪਣੇ ਮਨ ਦੀ ਭਟਕਣਾ ਦੂਰ ਕਰ, ਤੇ, ਗੁਰੂ ਦੀ ਸਰਨ ਜਾ ਪਉ (ਤੇ ਪਰਮਾਤਮਾ ਦਾ ਨਾਮ-ਬੀਜ ਬੀਜ ਲੈ) । ਪਰ ਇਹ ਕਾਰ ਉਹੀ ਮਨੁੱਖ ਕਰਦਾ ਹੈ ਜਿਸ ਦੇ ਮੱਥੇ ਉਤੇ ਪ੍ਰਭੂ ਦੀ ਹਜ਼ੂਰੀ ਤੋਂ ਇਹ ਲੇਖ ਲਿਖਿਆ ਹੋਇਆ ਹੋਵੇ।2।

ਹੇ ਭਾਈ! ਜਿਸ ਮਨੁੱਖ ਦਾ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ, (ਉਸ ਦੀ ਨਾਮ ਸਿਮਰਨ ਦੀ) ਮਿਹਨਤ ਪਰਮਾਤਮਾ ਪਰਵਾਨ ਕਰ ਲੈਂਦਾ ਹੈ। ਹੇ ਭਾਈ! ਮੇਰੇ ਹਿਰਦੇ-ਖੇਤ ਵਿਚ ਭੀ ਉਹ ਨਾਮ-ਫ਼ਸਲ ਉੱਗ ਪਿਆ ਹੈ ਜੋ ਕਦੇ ਭੀ ਮੁੱਕਦਾ ਨਹੀਂ।3।

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦਾ ਨਾਮ) ਅਮੋਲਕ ਪਦਾਰਥ ਲੱਭ ਲਿਆ, ਉਹ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦੇ; ਉਹ ਆਤਮਕ ਆਨੰਦ ਮਾਣਦੇ ਹਨ, ਉਹ (ਮਾਇਆ ਵਲੋਂ) ਪੂਰਨ ਤੌਰ ਤੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ।4। 4।13।

ਮਾਰੂ ਮਹਲਾ ੫ ॥ ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥ ਆਵਣ ਜਾਣੁ ਰਹਿਓ ॥ ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥ ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥ ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥੨॥ ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥ ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥੩॥ ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥ ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥ {ਪੰਨਾ 1002}

ਪਦ ਅਰਥ: ਮਨਹਿ = ਮਨ ਵਿਚ। ਪਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ। ਬੇਰੀ = ਬੇੜੀ। ਪਗਹ ਤੇ = ਪੈਰਾਂ ਤੋਂ। ਗੁਰਿ = ਗੁਰੂ ਨੇ। ਬੰਦਿ = ਬੰਦੀ ਤੋਂ, ਕੈਦ ਤੋਂ, ਮੋਹ ਦੀ ਕੈਦ ਤੋਂ। ਖਲਾਸੁ = ਛੁਟਕਾਰਾ।1।

ਆਵਣ ਜਾਣੁ = ਜਨਮ ਮਰਨ ਦਾ ਗੇੜ, ਭਟਕਣਾ। ਰਹਿਓ = ਮੁੱਕ ਗਿਆ। ਤਪਤ ਕੜਾਹਾ = ਤਪਦਾ ਕੜਾਹਾ, ਤ੍ਰਿਸ਼ਨਾ ਦੀ ਅੱਗ ਦਾ ਭਾਂਬੜ। ਗੁਰਿ = ਗੁਰੂ ਨੇ। ਸੀਤਲ = ਠੰਢ ਪਾਣ ਵਾਲਾ।1। ਰਹਾਉ।

ਜਬ ਤੇ = ਜਦੋਂ ਤੋਂ। ਸਾਧੂ ਸੰਗੁ = ਗੁਰੂ ਦਾ ਮਿਲਾਪ। ਤਉ = ਤਦੋਂ। ਨਿਗਹਾਰ = ਨਿਗਾਹ ਰੱਖਣ ਵਾਲੇ, ਜਮਦੂਤ, ਆਤਮਕ ਮੌਤ ਦਾ ਸਨੇਹਾ ਲਿਆਉਣ ਵਾਲੇ। ਜਿਸ ਕੀ, ਤਿਸ ਤੇ = {ਸੰਬੰਧਕ 'ਕੀ' ਅਤੇ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਅਤੇ 'ਤਿਸੁ' ਦਾ ੁ ਉੱਡ ਗਿਆ ਹੈ}। ਕਹਾ ਕਰੈ = ਕੀਹ ਕਰ ਸਕਦਾ ਹੈ? ਕੋਟਵਾਰ = ਕੋਤਵਾਲ, ਜਮਰਾਜ।2।

ਭਾਰਾ = ਕਰਜ਼ਾ। ਕਰਮ ਕਾ = ਪਿਛਲੇ ਕੀਤੇ ਕਰਮਾਂ ਦਾ। ਨਿਹਕਰਮਾ = ਵਾਸਨਾ-ਰਹਿਤ। ਤੇ = ਤੋਂ। ਕੰਢੈ = ਕੰਢੇ ਉੱਤੇ। ਗੁਰਿ = ਗੁਰੂ ਨੇ। ਧਰਮਾ = ਭਲਾਈ, ਉਪਕਾਰ।3।

ਸਚੁ = ਸਦਾ ਕਾਇਮ ਰਹਿਣ ਵਾਲਾ। ਸੁਆਉ = ਜੀਵਨ-ਮਨੋਰਥ। ਪੂੰਜੀ = ਸਰਮਾਇਆ। ਵਖਰੋ = ਵੱਖਰ, ਸੌਦਾ। ਘਰਿ = ਹਿਰਦੇ ਵਿਚ।4।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਆਤਮਕ ਠੰਢ ਦੇਣ ਵਾਲਾ ਹਰਿ-ਨਾਮ ਦੇ ਦਿੱਤਾ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਦਾ ਭਾਂਬੜ ਬੁੱਝ ਗਿਆ, ਉਸ ਦੀ (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਗਈ।1। ਰਹਾਉ।

ਹੇ ਭਾਈ! ਗੁਰੂ ਨੇ ਜਿਸ ਮਨੁੱਖ ਦੇ ਪੈਰਾਂ ਤੋਂ (ਮੋਹ ਦੀਆਂ) ਬੇੜੀਆਂ ਕੱਟ ਦਿੱਤੀਆਂ, ਜਿਸ ਨੂੰ ਮੋਹ ਦੀ ਕੈਦ ਤੋਂ ਛੁਟਕਾਰਾ ਦੇ ਦਿੱਤਾ, ਉਸ ਦੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ, ਉਸ ਦਾ ਭਰਮ (ਭਟਕਣ) ਦਾ ਆਂਡਾ ਫੁੱਟ ਗਿਆ (ਉਸ ਦਾ ਮਨ ਆਤਮਕ ਉਡਾਰੀ ਲਾਣ-ਜੋਗਾ ਹੋ ਗਿਆ, ਜਿਵੇਂ ਆਂਡੇ ਦੇ ਖ਼ੋਲ ਦੇ ਫੁੱਟ ਜਾਣ ਪਿੱਛੋਂ ਉਸ ਦੇ ਅੰਦਰ ਦਾ ਪੰਛੀ ਉਡਾਰੀਆਂ ਲਾਣ ਜੋਗਾ ਹੋ ਜਾਂਦਾ ਹੈ) ।1।

ਹੇ ਭਾਈ! ਜਦੋਂ (ਕਿਸੇ ਵਡ-ਭਾਗੀ ਮਨੁੱਖ ਨੂੰ) ਗੁਰੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ, ਤਦੋਂ (ਉਸ ਦੇ ਆਤਮਕ ਜੀਵਨ ਉੱਤੇ) ਤੱਕ ਰੱਖਣ ਵਾਲੇ (ਵਿਕਾਰ ਉਸ ਨੂੰ) ਛੱਡ ਜਾਂਦੇ ਹਨ। ਜਦੋਂ ਪਰਮਾਤਮਾ ਵਲੋਂ (ਆਤਮਕ ਜੀਵਨ ਦੇ ਰਾਹ ਵਿਚ) ਪਾਈ ਹੋਈ ਰੁਕਾਵਟ ਉਸ ਦੀ ਮਿਹਰ ਨਾਲ (ਗੁਰੂ ਦੀ ਰਾਹੀਂ) ਮੁੱਕ ਜਾਂਦੀ ਹੈ ਤਦੋਂ (ਉਹਨਾਂ ਤੱਕ ਰਖਣ ਵਾਲਿਆਂ ਦਾ ਸਰਦਾਰ) ਕੋਤਵਾਲ (ਮੋਹ) ਭੀ ਕੁਝ ਵਿਗਾੜ ਨਹੀਂ ਸਕਦਾ।2।

ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਗੁਰੂ ਨੇ ਉਪਕਾਰ ਕਰ ਦਿੱਤਾ, ਉਹ (ਸੰਸਾਰ-) ਸਮੁੰਦਰ (ਵਿਚ ਡੁੱਬਣ) ਤੋਂ (ਬਚ ਕੇ) ਕੰਢੇ ਉਤੇ ਪਹੁੰਚ ਗਏ, ਉਹਨਾਂ ਦਾ ਅਨੇਕਾਂ ਜਨਮਾਂ ਦੇ ਕੀਤੇ ਮੰਦ-ਕਰਮਾਂ ਦਾ ਕਰਜ਼ (ਭਾਵ, ਵਿਕਾਰਾਂ ਦੇ ਸੰਸਕਾਰਾਂ ਦਾ ਇਕੱਠ) ਮੁੱਕ ਗਿਆ, ਉਹ ਮੰਦ-ਕਰਮਾਂ ਦੀ ਕੈਦ ਵਿਚੋਂ ਨਿਕਲ ਗਏ।3।

ਹੇ ਨਾਨਕ! (ਆਖ– ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ, ਉਸ ਨੇ ਆਪਣੇ) ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਨਾਮ-ਸਰਮਾਇਆ ਲੱਭ ਲਿਆ, ਸਦਾ ਕਾਇਮ ਰਹਿਣ ਵਾਲਾ ਨਾਮ-ਸੌਦਾ ਪ੍ਰਾਪਤ ਕਰ ਲਿਆ; ਉਸ ਨੇ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਬਣਾ ਲਿਆ, ਸਦਾ-ਥਿਰ ਹਰਿ-ਚਰਨ ਹੀ ਉਸ ਲਈ (ਆਤਮਕ ਰਿਹਾਇਸ਼ ਦਾ) ਥਾਂ ਬਣ ਗਿਆ, ਬੈਠਕ ਬਣ ਗਈ।4।5।14।

TOP OF PAGE

Sri Guru Granth Darpan, by Professor Sahib Singh