ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1003 ਮਾਰੂ ਮਹਲਾ ੫ ॥ ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ ॥ ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥ ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ ॥੧॥ ਜੀਅ ਕੀ ਕੈ ਪਹਿ ਬਾਤ ਕਹਾ ॥ ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥੧॥ ਰਹਾਉ ॥ ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥ ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥ ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ ॥੨॥ {ਪੰਨਾ 1003} ਪਦ ਅਰਥ: ਪੁਕਾਰੈ = ਉੱਚੀ ਉੱਚੀ ਪੜ੍ਹਦਾ ਹੈ। ਮੁਖ ਤੇ = ਮੂੰਹ ਤੋਂ, ਮੂੰਹ ਨਾਲ। ਪੰਡਤ = ਹੇ ਪੰਡਿਤ! ਮਾਠਾ = ਮੱਠਾ, ਢਿੱਲਾ। ਕਾਮਾਮਨ ਕਾ = ਕਮਾਵਨ ਦਾ, ਕਮਾਣ ਦਾ, ਆਤਮਕ ਜੀਵਨ ਬਣਾਣ ਦਾ। ਮੋਨੀ = ਮੋਨ-ਧਾਰੀ, ਸਦਾ ਚੁੱਪ ਸਾਧੀ ਰੱਖਣ ਵਾਲਾ। ਇਕਾਂਤੀ = ਇਕਾਂਤ ਵਿਚ, ਕਿਸੇ ਗੁਫ਼ਾ ਆਦਿਕ ਵਿਚ ਇਕੱਲਾ। ਹਿਰਦੈ = ਹਿਰਦੇ ਵਿਚ। ਗਾਠਾ = ਗੰਢ। ਕਲਪਨ = ਮਾਨਸਕ ਦੌੜ-ਭੱਜ। ਹੋਇ = ਹੋ ਕੇ। ਉਦਾਸੀ = ਉਪਰਾਮ। ਗ੍ਰਿਹੁ = ਘਰ, ਗ੍ਰਿਹਸਤ। ਤਜਿ = ਛੱਡ ਕੇ। ਮਾਠਾ = ਨੱਠ-ਭੱਜ, ਭਟਕਣਾ।1। ਜੀਅ ਕੀ ਬਾਤ = ਦਿਲ ਦੀ ਗੱਲ। ਕੈ ਪਹਿ = ਕਿਸ ਦੇ ਪਾਸ? ਕਹਾ = ਕਹਾਂ, ਮੈਂ ਆਖਾਂ। ਮੁਕਤੁ = ਵਿਕਾਰਾਂ ਤੋਂ ਸੁਤੰਤਰ। ਮੋ ਕਉ = ਮੈਨੂੰ। ਕਹਾ = ਕਹਾਂ? ਕਿੱਥੇ? ਲਹਾ = ਲਹਾਂ, ਮੈਂ ਲੱਭਾਂ।1। ਰਹਾਉ। ਕਰਿ ਕੈ = (ਤਪ) ਕਰ ਕੇ। ਦੇਹੀ ਸਾਧੀ = ਸਰੀਰ ਸਾਧਿਆ, ਸਰੀਰ ਨੂੰ ਕਸ਼ਟ ਦੇਂਦਾ ਰਿਹਾ। ਦਹਦਿਸ = ਦਸੀਂ ਪਾਸੀਂ। ਧਾਨਾ = ਦੌੜਦਾ ਰਿਹਾ। ਬ੍ਰਹਮਚਾਰਿ = ਬ੍ਰਹਮਚਾਰੀ ਨੇ। ਬ੍ਰਹਮਚਜੁ = ਬ੍ਰਹਮਚਰਜ, ਕਾਮ-ਵਾਸਨਾ ਰੋਕਣ ਦਾ ਅੱਭਿਆਸ। ਗੁਮਾਨਾ = ਅਹੰਕਾਰ। ਹੋਇ ਕੈ = ਬਣ ਕੇ। ਤੀਰਥਿ = (ਹਰੇਕ) ਤੀਰਥ ਉੱਤੇ। ਬਿਗਾਨਾ = ਬੇ-ਗਿਆਨਾ, ਮੂਰਖਤਾ ਵਾਲਾ।2। ਅਰਥ: (ਹੇ ਪੰਡਿਤ!) ਮੈਂ ਆਪਣੇ ਦਿਲ ਦੀ ਗੱਲ ਕਿਸ ਨੂੰ ਦੱਸਾਂ? ਮੈਂ ਇਹੋ ਜਿਹਾ (ਗੁਰਮੁਖ) ਕਿੱਥੋਂ ਲੱਭਾਂ ਜਿਹੜਾ ਆਪ (ਮੋਹ ਮਾਇਆ ਤੋਂ) ਬਚਿਆ ਹੋਇਆ ਹੋਵੇ, ਤੇ, ਮੈਨੂੰ (ਭੀ) ਪਰਮਾਤਮਾ ਮਿਲਾ ਦੇਵੇ?।1। ਰਹਾਉ। ਹੇ ਪੰਡਿਤ! (ਤੇਰੇ ਵਰਗਾ ਕੋਈ ਤਾਂ) ਮੂੰਹ ਨਾਲ ਵੇਦ ਉੱਚੀ ਉੱਚੀ ਪੜ੍ਹਦਾ ਹੈ, ਪਰ ਆਤਮਕ ਕਮਾਈ ਕਰਨ ਵਲੋਂ ਢਿੱਲਾ ਹੈ; (ਕੋਈ) ਮੋਨਧਾਰੀ ਬਣ ਕੇ (ਕਿਸੇ ਗੁਫ਼ਾ ਆਦਿਕ ਵਿਚ) ਇਕੱਲਾ ਬੈਠਾ ਹੋਇਆ ਹੈ, (ਪਰ ਉਸ ਦੇ ਭੀ) ਹਿਰਦੇ ਵਿਚ ਮਾਨਸਕ ਦੌੜ-ਭੱਜ ਦੀ ਗੰਢ ਬੱਝੀ ਹੋਈ ਹੈ; (ਕੋਈ ਦੁਨੀਆ ਵਲੋਂ) ਉਪਰਾਮ ਹੋ ਕੇ ਗ੍ਰਿਹਸਤ ਛੱਡ ਕੇ ਤੁਰ ਪਿਆ ਹੈ, (ਪਰ ਉਸ ਦੀ ਭੀ) ਭਟਕਣਾ ਮੁੱਕੀ ਨਹੀਂ।1। (ਹੇ ਪੰਡਿਤ!) ਕੋਈ ਤਪਸ੍ਵੀ (ਤਪ) ਕਰ ਕੇ (ਨਿਰੇ) ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਮਨ (ਉਸ ਦਾ ਭੀ) ਦਸੀਂ ਪਾਸੀਂ ਦੌੜ ਰਿਹਾ ਹੈ; ਕਿਸੇ ਬ੍ਰਹਮਚਾਰੀ ਨੇ ਕਾਮ-ਵਾਸਨਾ ਰੋਕਣ ਦਾ ਅੱਭਿਆਸ ਕਰ ਲਿਆ ਹੈ, (ਪਰ ਉਸ ਦੇ) ਹਿਰਦੇ ਵਿਚ (ਇਸੇ ਗੱਲ ਦਾ) ਅਹੰਕਾਰ ਪੈਦਾ ਹੋ ਗਿਆ ਹੈ, (ਕੋਈ) ਸੰਨਿਆਸੀ ਬਣ ਕੇ (ਹਰੇਕ) ਤੀਰਥ ਉਤੇ ਭੌਂ ਰਿਹਾ ਹੈ ; ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਹੈ (ਦੱਸ, ਪੰਡਿਤ! ਮੈਂ ਅਜਿਹਾ ਮਨੁੱਖ ਕਿੱਥੋਂ ਲੱਭਾਂ ਜੋ ਆਪ ਮੁਕਤ ਹੋਵੇ) ।2। ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ ॥ ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ ॥ ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥੩॥ ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ ॥ ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ ॥ ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥੪॥ ਮੇਰਾ ਅੰਤਰਜਾਮੀ ਹਰਿ ਰਾਇਆ ॥ ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥ {ਪੰਨਾ 1003} ਪਦ ਅਰਥ: ਬਾਧਿ = ਬੰਨ੍ਹ ਕੇ। ਰਾਮਦਾਸਾ = ਰਾਮ ਦੇ ਦਾਸ, ਭਗਤੀਏ, ਰਾਸਧਾਰੀਏ। ਓਪਾਵਾ = ਸਾਧਨ, ਢੰਗ। ਕਰਮ ਖਟ = ਛੇ (ਧਾਰਮਿਕ) ਕੰਮ {ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਦਾਨ ਦੇਣਾ ਤੇ ਲੈਣਾ, ਜੱਗ ਕਰਨਾ ਤੇ ਕਰਾਣਾ}। ਭੇਖ = ਧਾਰਮਿਕ ਪਹਿਰਾਵਾ। ਦਿਖਾਵਾ = ਵਿਖਾਇਆ। ਨਾਦ = ਆਵਾਜ਼, ਰਾਗ। ਮੁਖਿ = ਮੂੰਹ ਨਾਲ। ਅਲਾਪੇ = ਉਚਾਰੇ। ਮਨਿ = ਮਨ ਵਿਚ। ਗਾਵਾ = ਗਾਇਆ।3। ਹਰਖ = ਖ਼ੁਸ਼ੀ। ਸੋਗ = ਗ਼ਮ। ਰਹਤ = ਬਚੇ ਹੋਏ। ਹਹਿ = ਹਨ {ਬਹੁ-ਵਚਨ}। ਧੂੜਿ = ਚਰਨ-ਧੂੜ। ਜਾ = ਜਦੋਂ। ਨਾਨਕ = ਹੇ ਨਾਨਕ!।4। ਹਰਿ ਰਾਇਆ = ਪ੍ਰਭੂ ਪਾਤਿਸ਼ਾਹ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸਭੁ ਕਿਛੁ = ਹਰੇਕ ਗੱਲ। ਜਾਣੈ = ਜਾਣਦਾ ਹੈ {ਇਕ-ਵਚਨ}। ਬਕਬਾਇਆ = ਬਹੁਤਾ ਬੋਲਣਾ।1। ਅਰਥ: (ਹੇ ਪੰਡਿਤ! ਕਈ ਐਸੇ ਹਨ ਜੋ ਆਪਣੇ ਪੈਰਾਂ ਨਾਲ) ਘੁੰਘਰੂ ਬੰਨ੍ਹ ਕੇ ਰਾਸਧਾਰੀਏ ਬਣੇ ਹਨ, ਪਰ ਉਹ ਭੀ ਰੋਟੀਆਂ (ਕਮਾਣ ਦੇ ਹੀ ਇਹ) ਢੰਗ ਵਰਤ ਰਹੇ ਹਨ; (ਕਈ ਐਸੇ ਹਨ ਜੋ) ਵਰਤ ਨੇਮ ਆਦਿਕ ਅਤੇ ਛੇ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਉਹਨਾਂ ਨੇ ਭੀ) ਬਾਹਰ (ਲੋਕਾਂ ਨੂੰ ਹੀ) ਧਾਰਮਿਕ ਪਹਿਰਾਵਾ ਵਿਖਾਇਆ ਹੋਇਆ ਹੈ; (ਕਈ ਐਸੇ ਹਨ ਜੋ) ਮੂੰਹ ਨਾਲ (ਤਾਂ ਭਜਨਾਂ ਦੇ) ਗੀਤ ਰਾਗ ਅਲਾਪਦੇ ਹਨ, (ਪਰ ਆਪਣੇ) ਮਨ (ਵਿਚ ਉਹਨਾਂ ਨੇ ਭੀ ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ।3। (ਹੇ ਪੰਡਿਤ! ਸਿਰਫ਼) ਹਰੀ ਦੇ ਸੰਤ ਜਨ ਹੀ ਪਵਿੱਤਰ ਜੀਵਨ ਵਾਲੇ ਹਨ, ਉਹ ਖ਼ੁਸ਼ੀ ਗ਼ਮੀ ਲੋਭ ਮੋਹ ਆਦਿਕ ਤੋਂ ਬਚੇ ਰਹਿੰਦੇ ਹਨ। ਜਦੋਂ ਭਗਵਾਨ ਦਇਆ ਕਰੇ ਤਦੋਂ ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਦਾ ਹੈ। ਹੇ ਨਾਨਕ! (ਆਖ– ਹੇ ਪੰਡਿਤ!) ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ।4। (ਹੇ ਪੰਡਿਤ!) ਮੇਰਾ ਪ੍ਰਭੂ-ਪਾਤਿਸ਼ਾਹ ਸਭ ਦੇ ਦਿਲ ਦੀ ਜਾਣਨ ਵਾਲਾ ਹੈ (ਉਹ ਬਾਹਰਲੇ ਭੇਖਾਂ ਉੱਦਮਾਂ ਨਾਲ ਨਹੀਂ ਪਤੀਜਦਾ) । ਹੇ ਪੰਡਿਤ! ਮੇਰੀ ਜਿੰਦ ਦਾ ਪਾਤਿਸ਼ਾਹ ਸਭ ਕੁਝ ਜਾਣਦਾ ਹੈ (ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਸਾਰੇ) ਵਿਖਾਵੇ ਦੇ ਬੋਲ ਬੋਲਣੇ ਭੁੱਲ ਜਾਂਦਾ ਹੈ।1। ਰਹਾਉ ਦੂਜਾ।6।15। ਮਾਰੂ ਮਹਲਾ ੫ ॥ ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥ ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥੧॥ ਮੇਰੇ ਸਤਿਗੁਰ ਹੀ ਪਤਿ ਰਾਖੁ ॥ ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥੧॥ ਰਹਾਉ ॥ ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ ॥ ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ ॥੨॥ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ॥ ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ ॥੩॥ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ॥ ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ ॥੪॥੭॥੧੬॥ {ਪੰਨਾ 1003} ਪਦ ਅਰਥ: ਕੋਟਿ = ਕ੍ਰੋੜ। ਕੋ = ਦਾ। ਰਾਜਾ = (ਦਿਲ ਉੱਤੇ) ਹਕੂਮਤ ਕਰਨ ਵਾਲਾ। ਹਿਰਦੈ = ਹਿਰਦੇ ਵਿਚ। ਮੇਰੈ ਸਤਿਗੁਰਿ = ਮੇਰੇ ਗੁਰੂ ਨੇ। ਜਾ ਕਉ = ਜਿਨ੍ਹਾਂ ਨੂੰ। ਸੇ = ਉਹ ਬੰਦੇ। ਮਰਿ ਜਨਮਹਿ = ਮਰ ਕੇ ਜੰਮਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਗਾਵਾਰਾ = ਮੂਰਖ।1। ਸਤਿਗੁਰ = ਹੇ ਗੁਰੂ! ਹੀ = (ਤੂੰ) ਹੀ। ਪਤਿ ਰਾਖੁ = ਇੱਜ਼ਤ ਦਾ ਰਾਖਾ। ਚੀਤਿ = ਚਿੱਤ ਵਿਚ। ਆਵਹਿ = ਜੇ ਤੂੰ ਆ ਵੱਸੇਂ। ਪੂਰੀ = ਪੂਰਨ। ਰਲੀਐ ਖਾਕੁ = ਮਿੱਟੀ ਵਿਚ ਰਲ ਜਾਈਦਾ ਹੈ।1। ਰਹਾਉ। ਮਨ ਭੋਗਣ = ਮਨ ਦੇ ਭੋਗ, ਮਨ ਦੀਆਂ ਮੌਜਾਂ। ਤੇ ਤੇ = ਉਹ ਸਾਰੇ। ਛਿਦ੍ਰ = ਐਬ, ਛੇਕ (ਆਤਮਕ ਜੀਵਨ ਵਿਚ) । ਨਿਧਾਨੁ = ਖ਼ਜ਼ਾਨਾ। ਕਲਿਆਣ = ਸੁਖ-ਸਾਂਦ। ਸਹਜੁ = ਆਤਮਕ ਅਡੋਲਤਾ। ਸਾਰਾ = ਸ੍ਰੇਸ਼ਟ।2। ਬਿਰੰਗ = ਬੇ-ਰੰਗ, ਫਿੱਕੇ। ਬਾਦਰ = ਬੱਦਲ। ਛਾਇਆ = ਛਾਂ। ਗੂੜੈ ਰੰਗਿ = ਗੂੜ੍ਹੇ ਰੰਗ ਵਿਚ। ਰਾਤੇ = ਰੰਗੇ ਹੋਏ। ਗੁਰ ਮਿਲਿ = ਗੁਰੂ ਨੂੰ ਮਿਲ ਕੇ।3। ਮੂਚ = ਵੱਡਾ। ਅਪਾਰ = ਬੇਅੰਤ, ਅ-ਪਾਰ। ਅਗਮ = ਅਪਹੁੰਚ। ਨਾਮੋ = ਨਾਮ ਹੀ। ਨਾਨਕ = ਹੇ ਨਾਨਕ!।4। ਅਰਥ: ਹੇ ਮੇਰੇ ਸਤਿਗੁਰੂ! ਤੂੰ ਹੀ (ਮੇਰੀ) ਇੱਜ਼ਤ ਦਾ ਰਾਖਾ ਹੈਂ। ਹੇ ਪ੍ਰਭੂ! ਜਦੋਂ ਤੂੰ (ਅਸਾਂ ਜੀਵਾਂ ਦੇ) ਚਿੱਤ ਵਿਚ ਆ ਵੱਸੇਂ ਤਦੋਂ ਹੀ (ਸਾਨੂੰ ਲੋਕ ਪਰਲੋਕ ਵਿਚ) ਪੂਰਨ ਇੱਜ਼ਤ ਮਿਲਦੀ ਹੈ। (ਤੇਰਾ ਨਾਮ) ਭੁੱਲਿਆਂ ਮਿੱਟੀ ਵਿਚ ਰਲ ਜਾਈਦਾ ਹੈ।1। ਰਹਾਉ। ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸਦਾ ਹੈ ਉਹ ਲੱਖਾਂ ਕ੍ਰੋੜਾਂ (ਬੰਦਿਆਂ) ਸਭਨਾਂ ਲੋਕਾਂ (ਦੇ ਦਿਲ) ਦਾ ਰਾਜਾ ਬਣ ਜਾਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਮੇਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਨਹੀਂ ਦਿੱਤਾ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।1। ਹੇ ਭਾਈ! ਦੁਨੀਆ ਦੇ ਸਾਰੇ ਰੂਪ ਰੰਗ ਖ਼ੁਸ਼ੀਆਂ, ਮਨ ਦੀਆਂ ਮੌਜਾਂ ਤੇ ਹੋਰ ਵਿਕਾਰ = ਇਹ ਸਾਰੇ ਹੀ (ਆਤਮਕ ਜੀਵਨ ਵਿਚ) ਛੇਕ ਹਨ। ਹੇ ਭਾਈ! ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ; ਇਹ ਨਾਮ ਹੀ ਸ੍ਰੇਸ਼ਟ (ਪਦਾਰਥ) ਹੈ ਅਤੇ ਆਤਮਕ ਅਡੋਲਤਾ (ਦਾ ਮੂਲ) ਹੈ।2। ਹੇ ਭਾਈ! ਜਿਵੇਂ ਬੱਦਲਾਂ ਦੀ ਛਾਂ (ਛਿਨ-ਭੰਗਰ ਹੈ, ਤਿਵੇਂ) ਮਾਇਆ ਦੇ ਰੰਗ-ਤਮਾਸ਼ੇ ਖਿਨ ਵਿਚ ਫਿੱਕੇ ਪੈ ਜਾਂਦੇ ਹਨ; ਪਰ, ਹੇ ਭਾਈ! ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਉਹ ਲਾਲ ਹੋ ਗਏ, ਉਹ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ (ਉਹਨਾਂ ਦਾ ਆਤਮਕ ਆਨੰਦ ਫਿੱਕਾ ਨਹੀਂ ਪੈਂਦਾ) ।3। ਹੇ ਨਾਨਕ! ਜਿਨ੍ਹਾਂ ਨੂੰ ਖਸਮ-ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਵਾਸਤੇ ਹਰਿ-ਨਾਮ ਹੀ (ਦੁਨੀਆ ਦੀ) ਵਡਿਆਈ ਹੈ, ਨਾਮ ਹੀ (ਲੋਕ ਪਰਲੋਕ ਦੀ) ਸੋਭਾ ਹੈ, ਉਹ ਉਸ ਮਾਲਕ ਦੇ ਦਰਬਾਰ ਵਿਚ ਪਹੁੰਚੇ ਰਹਿੰਦੇ ਹਨ ਜੋ ਸਭ ਤੋਂ ਉੱਚਾ ਹੈ ਜੋ ਸਭ ਤੋਂ ਵੱਡਾ ਹੈ ਜੋ ਬੇਅੰਤ ਹੈ ਤੇ ਅਪਹੁੰਚ ਹੈ।4।7। 16। ਮਾਰੂ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਓਅੰਕਾਰਿ ਉਤਪਾਤੀ ॥ ਕੀਆ ਦਿਨਸੁ ਸਭ ਰਾਤੀ ॥ ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥ ਚਾਰਿ ਬੇਦ ਚਾਰੇ ਖਾਣੀ ॥ ਖੰਡ ਦੀਪ ਸਭਿ ਲੋਆ ॥ ਏਕ ਕਵਾਵੈ ਤੇ ਸਭਿ ਹੋਆ ॥੧॥ ਕਰਣੈਹਾਰਾ ਬੂਝਹੁ ਰੇ ॥ ਸਤਿਗੁਰੁ ਮਿਲੈ ਤ ਸੂਝੈ ਰੇ ॥੧॥ ਰਹਾਉ ॥ ਤ੍ਰੈ ਗੁਣ ਕੀਆ ਪਸਾਰਾ ॥ ਨਰਕ ਸੁਰਗ ਅਵਤਾਰਾ ॥ ਹਉਮੈ ਆਵੈ ਜਾਈ ॥ ਮਨੁ ਟਿਕਣੁ ਨ ਪਾਵੈ ਰਾਈ ॥ ਬਾਝੁ ਗੁਰੂ ਗੁਬਾਰਾ ॥ ਮਿਲਿ ਸਤਿਗੁਰ ਨਿਸਤਾਰਾ ॥੨॥ ਹਉ ਹਉ ਕਰਮ ਕਮਾਣੇ ॥ ਤੇ ਤੇ ਬੰਧ ਗਲਾਣੇ ॥ ਮੇਰੀ ਮੇਰੀ ਧਾਰੀ ॥ ਓਹਾ ਪੈਰਿ ਲੋਹਾਰੀ ॥ ਸੋ ਗੁਰ ਮਿਲਿ ਏਕੁ ਪਛਾਣੈ ॥ ਜਿਸੁ ਹੋਵੈ ਭਾਗੁ ਮਥਾਣੈ ॥੩॥ ਸੋ ਮਿਲਿਆ ਜਿ ਹਰਿ ਮਨਿ ਭਾਇਆ ॥ ਸੋ ਭੂਲਾ ਜਿ ਪ੍ਰਭੂ ਭੁਲਾਇਆ ॥ ਨਹ ਆਪਹੁ ਮੂਰਖੁ ਗਿਆਨੀ ॥ ਜਿ ਕਰਾਵੈ ਸੁ ਨਾਮੁ ਵਖਾਨੀ ॥ ਤੇਰਾ ਅੰਤੁ ਨ ਪਾਰਾਵਾਰਾ ॥ ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥ {ਪੰਨਾ 1003-1004} ਪਦ ਅਰਥ: ਓਅੰਕਾਰਿ = ਓਅੰਕਾਰ ਨੇ, ਸਰਬ-ਵਿਆਪਕ ਪਰਮਾਤਮਾ ਨੇ। ਉਤਪਤੀ = ਉਤਪੱਤੀ, ਸ੍ਰਿਸ਼ਟੀ ਦੀ ਰਚਨਾ। ਕੀਆ = ਬਣਾਇਆ। ਰਾਤੀ = ਰਾਤਾਂ। ਵਣੁ = ਜੰਗਲ। ਤ੍ਰਿਣੁ = ਤੀਲਾ, ਘਾਹ। ਤ੍ਰਿਭਵਣ = ਤਿੰਨੇ ਭਵਨ {ਆਕਾਸ਼, ਮਾਤਲੋਕ, ਪਾਤਾਲ}। ਚਾਰੇ ਖਾਣੀ = ਚਾਰ ਹੀ ਖਾਣੀਆਂ, ਚਾਰੇ ਹੀ ਉਤਪੱਤੀ ਦੇ ਵਸੀਲੇ {ਅੰਡਜ, ਜੇਰਜ, ਉਤਭੁਜ, ਸੇਤਜ}। ਖੰਡ = ਸ੍ਰਿਸ਼ਟੀ ਦੇ ਹਿੱਸੇ। ਦੀਪ = ਜਜ਼ੀਰੇ। ਸਭਿ = ਸਾਰੇ। ਲੋਆ = ਲੋਕ, ਮੰਡਲ। ਕਵਾਉ = ਬਚਨ, ਹੁਕਮ। ਤੇ = ਤੋਂ। ਏਕ ਕਵਾਵੈ ਤੇ = ਇਕ ਪਰਮਾਤਮਾ ਦੇ ਹੁਕਮ ਨਾਲ ਹੀ।1। ਰੇ = ਹੇ ਭਾਈ! ਬੂਝਹੁ = ਜਾਣ-ਪਛਾਣ ਪੈਦਾ ਕਰੋ। ਤ = ਤਾਂ, ਤਦੋਂ। ਸੂਝੈ = ਸਮਝ ਪੈਂਦੀ ਹੈ।1। ਰਹਾਉ। ਪਸਾਰਾ = ਖਿਲਾਰਾ। ਅਵਤਾਰਾ = ਜੰਮਣ। ਆਵੈ ਜਾਈ = ਆਉਂਦਾ ਹੈ ਜਾਂਦਾ ਹੈ, ਭਟਕਦਾ ਫਿਰਦਾ ਹੈ। ਰਾਈ = ਰਤਾ ਭਰ ਭੀ। ਗੁਬਾਰਾ = ਹਨੇਰਾ। ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਨਿਸਤਾਰਾ = ਪਾਰ-ਉਤਾਰਾ।2। ਹਉ ਹਉ = ਮੈਂ ਮੈਂ, ਮੈਂ ਵੱਡਾ ਹਾਂ ਮੈਂ ਵੱਡਾ ਹਾਂ। ਕਰਮ = ਕੰਮ। ਤੇ ਤੇ = ਉਹ ਸਾਰੇ। ਬੰਧ = ਬੰਧਨ। ਗਲਾਣੇ = ਗਲ ਵਿਚ। ਮੇਰੀ ਮੇਰੀ = ਮਮਤਾ। ਧਾਰੀ = ਹਿਰਦੇ ਵਿਚ ਵਸਾਈ। ਓਹਾ = ਉਹ ਮਮਤਾ ਹੀ। ਪੈਰਿ = ਪੈਰ ਵਿਚ। ਲੋਹਾਰੀ = ਲੋਹੇ ਦੀ ਬੇੜੀ। ਏਕੁ = ਇਕ ਪਰਮਾਤਮਾ ਨੂੰ। ਪਛਾਣੈ = ਡੂੰਘੀ ਸਾਂਝ ਪਾਂਦਾ ਹੈ। ਜਿਸੁ ਮਥਾਣੈ = ਜਿਸ ਦੇ ਮੱਥੇ ਉਤੇ। ਭਾਗੁ = ਚੰਗੀ ਕਿਸਮਤ।3। ਜਿ = ਜਿਹੜਾ ਮਨੁੱਖ। ਮਨਿ = ਮਨ ਵਿਚ। ਭੂਲਾ = ਕੁਰਾਹੇ ਪੈ ਗਿਆ। ਭੁਲਾਇਆ = ਕੁਰਾਹੇ ਪਾ ਦਿੱਤਾ। ਆਪਹੁ = ਆਪਣੇ ਆਪ ਤੋਂ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ, ਸਿਆਣਾ। ਜਿ = ਜੋ ਕੁਝ। ਸੁ = ਉਹ, ਉਹੋ ਜਿਹਾ। ਵਖਾਨੀ = ਆਖਿਆ ਜਾਂਦਾ ਹੈ। ਨਾਮ ਵਖਾਨੀ = ਨਾਮ ਪੈ ਜਾਂਦਾ ਹੈ। ਸਦ = ਸਦਾ।4। ਅਰਥ: ਹੇ ਭਾਈ! ਸਿਰਜਣਹਾਰ ਪ੍ਰਭੂ ਨਾਲ ਡੂੰਘੀ ਸਾਂਝ ਪਾ। ਪਰ, ਹੇ ਭਾਈ! ਜਦੋਂ ਗੁਰੂ ਮਿਲ ਪਏ ਤਦੋਂ ਹੀ ਇਹ ਸੂਝ ਪੈਂਦੀ ਹੈ।1। ਰਹਾਉ। ਹੇ ਭਾਈ! ਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਉਤਪੱਤੀ ਕੀਤੀ ਹੈ; ਦਿਨ ਭੀ ਉਸ ਨੇ ਬਣਾਇਆ; ਰਾਤਾਂ ਭੀ ਉਸੇ ਨੇ ਬਣਾਈਆਂ, ਸਭ ਕੁਝ ਉਸੇ ਨੇ ਬਣਾਇਆ ਹੈ। ਹੇ ਭਾਈ! ਜੰਗਲ, (ਜੰਗਲ ਦਾ) ਘਾਹ, ਤਿੰਨੇ ਭਵਨ, ਪਾਣੀ (ਆਦਿਕ ਸਾਰੇ ਤੱਤ) , ਚਾਰ ਵੇਦ, ਚਾਰ ਹੀ ਖਾਣੀਆਂ, ਸ੍ਰਿਸ਼ਟੀ ਦੇ ਵਖ ਵਖ ਹਿੱਸੇ, ਟਾਪੂ, ਸਾਰੇ ਲੋਕ = ਇਹ ਸਾਰੇ ਪਰਮਾਤਮਾ ਦੇ ਹੁਕਮ ਨਾਲ ਹੀ ਬਣੇ ਹਨ।1। ਹੇ ਭਾਈ! ਪਰਮਾਤਮਾ ਨੇ ਹੀ ਤ੍ਰੈ-ਗੁਣੀ ਮਾਇਆ ਦਾ ਖਿਲਾਰਾ ਰਚਿਆ ਹੈ, ਕੋਈ ਨਰਕਾਂ ਵਿਚ ਹਨ, ਕੋਈ ਸੁਰਗਾਂ ਵਿਚ ਹਨ। ਹਉਮੈ ਦੇ ਕਾਰਨ ਜੀਵ ਭਟਕਦਾ ਫਿਰਦਾ ਹੈ, (ਜੀਵ ਦਾ) ਮਨ ਰਤਾ ਭਰ ਭੀ ਨਹੀਂ ਟਿਕਦਾ। ਗੁਰੂ ਤੋਂ ਬਿਨਾ (ਜਗਤ ਵਿਚ ਆਤਮਕ ਜੀਵਨ ਵਲੋਂ) ਹਨੇਰਾ (ਹੀ ਹਨੇਰਾ) ਹੈ। ਗੁਰੂ ਨੂੰ ਮਿਲ ਕੇ (ਹੀ ਇਸ ਹਨੇਰੇ ਵਿਚੋਂ) ਪਾਰ ਲੰਘੀਦਾ ਹੈ।2। ਹੇ ਭਾਈ! ਹਉਮੈ ਦੇ ਆਸਰੇ ਜੀਵ (ਅਨੇਕਾਂ) ਕਰਮ ਕਰਦੇ ਹਨ, ਉਹ ਸਾਰੇ ਕਰਮ (ਜੀਵਾਂ ਦੇ) ਗਲ ਵਿਚ ਫਾਹੀਆਂ ਬਣ ਜਾਂਦੇ ਹਨ। ਜੀਵ ਆਪਣੇ ਹਿਰਦੇ ਵਿਚ ਮਮਤਾ ਵਸਾਈ ਰੱਖਦਾ ਹੈ, ਉਹ ਮਮਤਾ ਹੀ ਜੀਵ ਦੇ ਪੈਰ ਵਿਚ ਲੋਹੇ ਦੀ ਬੇੜੀ ਬਣ ਜਾਂਦੀ ਹੈ। ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਹ ਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ।3। ਹੇ ਭਾਈ! ਉਹੀ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਜਿਹੜਾ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ; ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪ੍ਰਭੂ ਆਪ ਕੁਰਾਹੇ ਪਾਂਦਾ ਹੈ। ਆਪਣੇ ਆਪ ਤੋਂ ਨਾਹ ਕੋਈ ਮੂਰਖ ਹੈ ਨਾਹ ਕੋਈ ਸਿਆਣਾ ਹੈ। ਪਰਮਾਤਮਾ ਜੋ ਕੁਝ ਜੀਵ ਪਾਸੋਂ ਕਰਾਂਦਾ ਹੈ ਉਸ ਦੇ ਅਨੁਸਾਰ ਹੀ ਉਸ ਦਾ ਨਾਮ (ਮੂਰਖ ਜਾਂ ਗਿਆਨੀ) ਪੈ ਜਾਂਦਾ ਹੈ। ਹੇ ਦਾਸ ਨਾਨਕ! (ਆਖ– ਹੇ ਪ੍ਰਭੂ!) ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ।4।1। 17। |
![]() |
![]() |
![]() |
![]() |
Sri Guru Granth Darpan, by Professor Sahib Singh |