ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1004 ਮਾਰੂ ਮਹਲਾ ੫ ॥ ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥ ਲੋਭਿ ਵਿਆਪੀ ਝੂਠੀ ਦੁਨੀਆ ॥ ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥ ਨਿਰਭਉ ਨਿਰੰਕਾਰੁ ਦਇਅਲੀਆ ॥ ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥ ਏਕੈ ਸ੍ਰਮੁ ਕਰਿ ਗਾਡੀ ਗਡਹੈ ॥ ਏਕਹਿ ਸੁਪਨੈ ਦਾਮੁ ਨ ਛਡਹੈ ॥ ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥੨॥ ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥ ਏਕ ਸੰਚੀ ਤਜਿ ਬਾਪ ਮਹਤਾਰੀ ॥ ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥੩॥ ਹੋਇ ਅਉਧੂਤ ਬੈਠੇ ਲਾਇ ਤਾਰੀ ॥ ਜੋਗੀ ਜਤੀ ਪੰਡਿਤ ਬੀਚਾਰੀ ॥ ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥ ਕਾਟੇ ਬੰਧਨ ਠਾਕੁਰਿ ਜਾ ਕੇ ॥ ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥ ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥ {ਪੰਨਾ 1004} ਪਦ ਅਰਥ: ਮੋਹਨੀ = ਮੋਹ ਲੈਣ ਵਾਲੀ (ਮਾਇਆ) ਨੇ। ਮੋਹਿ ਲੀਏ = ਭਰਮਾ ਲਏ ਹਨ। ਤ੍ਰੈਗੁਨੀਆ = ਮਾਇਆ ਦੇ ਤਿੰਨ ਗੁਣਾਂ ਵਾਲੇ ਜੀਵ। ਲੋਭਿ = ਲੋਭ ਵਿਚ। ਵਿਆਪੀ = ਫਸੀ ਹੋਈ ਹੈ। ਝੂਠੀ ਦੁਨੀਆ ਲੋਭਿ = ਨਾਸਵੰਤ ਜਗਤ ਦੇ ਲੋਭ ਵਿਚ। ਸੰਚੀ = ਇਕੱਠੀ ਕੀਤੀ। ਸਗਲ = ਸਾਰੇ। ਛਲੀਆ = ਠੱਗ ਲਏ।1। ਦਇਅਲੀਆ = ਦਇਆਲ। ਪ੍ਰਤਿਪਲੀਆ = ਪਾਲਦਾ ਹੈ।1। ਰਹਾਉ। ਏਕੈ = ਇਕ (ਜੀਵ) ਨੇ। ਸ੍ਰਮੁ = ਮਿਹਨਤ। ਗਾਡੀ = ਦੱਬ ਦਿੱਤੀ। ਗਡਹੈ– ਗੜ੍ਹੇ ਵਿਚ, ਟੋਏ ਵਿਚ। ਸੁਪਨੈ = ਸੁਪਨੇ ਵਿਚ (ਭੀ) । ਦਾਮੁ = ਪੈਸਾ, ਧਨ। ਜਿਨਿ = ਜਿਸ ਨੇ। ਸੰਗਿ = ਨਾਲ। ਚੰਚਲਿ = ਕਿਸੇ ਇੱਕ ਥਾਂ ਟਿਕ ਨਾ ਸਕਣ ਵਾਲੀ।2। ਪ੍ਰਾਣ ਪਿੰਡ ਤੇ = ਪ੍ਰਾਣ ਤੇ ਪਿੰਡ ਤੇ, ਜਿੰਦ ਤੋਂ ਸਰੀਰ ਤੋਂ। ਤਜਿ = ਛੱਡ ਕੇ। ਮਹਤਾਰੀ = ਮਾਂ। ਸੁਤ = ਪੁੱਤਰ। ਭ੍ਰਾਤ = ਭਰਾ। ਤੇ = ਤੋਂ। ਗੁਹਜੀ = ਲੁਕਾ ਰੱਖੀ। ਨਿਕਟਿ = ਨੇੜੇ।3। ਅਉਧੂਤ = ਤਿਆਗੀ। ਤਾਰੀ = ਤਾੜੀ, ਸਮਾਧੀ। ਬੀਚਾਰੀ = ਵਿਚਾਰਵਾਨ। ਗ੍ਰਿਹਿ = ਘਰ ਵਿਚ। ਮਸਾਣੀ = ਮਸਾਣਾਂ ਵਿਚ। ਬਨ = ਜੰਗਲ। ਊਠਿ = ਉੱਠ ਕੇ। ਪਲੀਆ = ਪੱਲੇ।4। ਠਾਕੁਰ = ਠਾਕੁਰ ਨੇ। ਜਾ ਕੇ = ਜਿਨ੍ਹਾਂ ਦੇ। ਜੀਅ ਤਾ ਕੈ = ਉਹਨਾਂ ਦੇ ਚਿੱਤ ਵਿਚ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਮੁਕਤ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਗਤਿ = ਉੱਚੀ ਆਤਮਕ ਅਵਸਥਾ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਲੀਆ = ਵੇਖਦਾ ਹੈ।5। ਅਰਥ: ਹੇ ਭਾਈ! ਜਿਹੜਾ ਪਰਮਾਤਮਾ ਡਰ-ਰਹਿਤ ਹੈ, ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਜੋ ਦਇਆ ਦਾ ਘਰ ਹੈ, ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।1। ਰਹਾਉ। (ਹੇ ਭਾਈ! ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ) ਮੋਹਨੀ ਮਾਇਆ ਦੇ ਸਾਰੇ ਤ੍ਰਿ-ਗੁਣੀ ਜੀਵਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਸਾਰੀ ਲੁਕਾਈ ਨਾਸਵੰਤ ਦੁਨੀਆ ਦੇ ਲੋਭ ਵਿਚ ਫਸੀ ਹੋਈ ਹੈ। ਸਾਰੇ ਜੀਵ (ਇਸ ਮਾਇਆ ਦੀ) ਮਮਤਾ ਵਿਚ ਫਸ ਕੇ (ਇਸ ਨੂੰ) ਇਕੱਠੀ ਕਰਦੇ ਹਨ, ਪਰ ਅਖ਼ੀਰਲੇ ਵੇਲੇ ਇਹ ਸਭ ਨੂੰ ਧੋਖਾ ਦੇ ਜਾਂਦੀ ਹੈ।1। ਹੇ ਭਾਈ! ਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿਚ ਦੱਬ ਰੱਖਦਾ ਹੈ; ਕੋਈ ਐਸਾ ਹੈ ਜੋ ਸੁਪਨੇ ਵਿਚ (ਭੀ, ਭਾਵ, ਕਦੇ ਭੀ ਇਸ ਨੂੰ) ਹੱਥੋਂ ਨਹੀਂ ਛੱਡਦਾ। ਜਿਸ ਮਨੁੱਖ ਨੇ ਹਕੂਮਤ ਕਰ ਕੇ ਖ਼ਜ਼ਾਨਾ ਜੋੜ ਲਿਆ; ਇਹ ਕਦੇ ਇੱਕ ਥਾਂ ਨਾਹ ਟਿਕਣ ਵਾਲੀ ਮਾਇਆ ਉਸ ਦੇ ਨਾਲ ਭੀ ਨਹੀਂ ਜਾਂਦੀ।2। ਹੇ ਭਾਈ! ਕੋਈ ਅਜਿਹਾ ਮਨੁੱਖ ਹੈ ਜਿਸ ਨੂੰ ਇਹ ਮਾਇਆ ਜਿੰਦ ਨਾਲੋਂ ਸਰੀਰ ਨਾਲੋਂ ਭੀ ਵਧੀਕ ਪਿਆਰੀ ਲੱਗਦੀ ਹੈ। ਕੋਈ ਐਸਾ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਇਕੱਠੀ ਕਰਦਾ ਹੈ; ਪੁੱਤਰਾਂ ਮਿੱਤਰਾਂ ਭਰਾਵਾਂ ਤੋਂ ਲੁਕਾ ਕੇ ਰੱਖਦਾ ਹੈ, ਪਰ ਇਹ ਉਸ ਦੇ ਕੋਲ ਭੀ ਨਹੀਂ ਖਲੋਂਦੀ।3। ਹੇ ਭਾਈ! ਕਈ ਐਸੇ ਹਨ ਜੋ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਹਨ; ਕਈ ਜੋਗੀ ਹਨ ਜਤੀ ਹਨ ਸਿਆਣੇ ਪੰਡਿਤ ਹਨ; (ਪੰਡਿਤ) ਘਰ ਵਿਚ, (ਤਿਆਗੀ) ਮੜ੍ਹੀਆਂ ਮਸਾਣਾਂ ਵਿਚ ਜੰਗਲਾਂ ਵਿਚ ਟਿਕੇ ਰਹਿੰਦੇ ਹਨ, ਪਰ ਇਹ ਮਾਇਆ ਉੱਠ ਕੇ ਉਹਨਾਂ ਨੂੰ ਭੀ ਚੰਬੜ ਜਾਂਦੀ ਹੈ।4। ਹੇ ਭਾਈ! ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਲਈ ਆ ਟਿਕਿਆ, ਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ (ਮਾਇਆ ਦੇ ਮੋਹ ਦੀਆਂ ਫਾਹੀਆਂ ਤੋਂ) ਆਜ਼ਾਦ ਹੋ ਗਏ। ਹੇ ਨਾਨਕ! ਪਰਮਾਤਮਾ ਨੇ ਉਹਨਾਂ ਵਲ ਮਿਹਰ ਦੀ ਨਿਗਾਹ ਕੀਤੀ, ਤੇ, ਉਹਨਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ।5।2। 18। ਮਾਰੂ ਮਹਲਾ ੫ ॥ ਸਿਮਰਹੁ ਏਕੁ ਨਿਰੰਜਨ ਸੋਊ ॥ ਜਾ ਤੇ ਬਿਰਥਾ ਜਾਤ ਨ ਕੋਊ ॥ ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥ ਜੀਉ ਪਿੰਡੁ ਦੇ ਸਾਜਿ ਸਵਾਰਿਆ ॥ ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥ ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥ ਚਰਣ ਕਮਲ ਉਰ ਅੰਤਰਿ ਧਾਰਹੁ ॥ ਬਿਖਿਆ ਬਨ ਤੇ ਜੀਉ ਉਧਾਰਹੁ ॥ ਕਰਣ ਪਲਾਹ ਮਿਟਹਿ ਬਿਲਲਾਟਾ ॥ ਜਪਿ ਗੋਵਿਦ ਭਰਮੁ ਭਉ ਫਾਟਾ ॥ ਸਾਧਸੰਗਿ ਵਿਰਲਾ ਕੋ ਪਾਏ ॥ ਨਾਨਕੁ ਤਾ ਕੈ ਬਲਿ ਬਲਿ ਜਾਏ ॥੧॥ ਰਾਮ ਨਾਮੁ ਮਨਿ ਤਨਿ ਆਧਾਰਾ ॥ ਜੋ ਸਿਮਰੈ ਤਿਸ ਕਾ ਨਿਸਤਾਰਾ ॥੧॥ ਰਹਾਉ ॥ {ਪੰਨਾ 1004} ਪਦ ਅਰਥ: ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਨਿਰਲੇਪ। ਸੋਊ = ਉਹੀ। ਜਾ ਤੇ = ਜਿਸ (ਦੇ ਦਰ) ਤੋਂ। ਬਿਰਥਾ = ਖ਼ਾਲੀ। ਜਾਤ = ਜਾਂਦਾ। ਗਰਭ = ਪੇਟ। ਜਿਨਿ = ਜਿਸ ਨੇ। ਪ੍ਰਤਿਪਾਰਿਆ = ਪਾਲਣਾ ਕੀਤੀ। ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਸਾਜਿ = ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾਇਆ। ਬਿਧਾਤਾ = ਸਿਰਜਣਹਾਰ। ਜਪੀਐ = ਜਪਣਾ ਚਾਹੀਦਾ ਹੈ। ਸਭਿ = ਸਾਰੇ। ਢਕੀਐ = ਢਕਿਆ ਜਾ ਸਕਦਾ ਹੈ। ਉਰ = ਹਿਰਦਾ। ਅੰਤਰਿ = ਅੰਦਰ। ਬਿਖਿਆ = ਮਾਇਆ। ਬਨ = ਪਾਣੀ। ਤੇ = ਤੋਂ। ਜੀਉ = ਜਿੰਦ। ਉਧਾਰਹੁ = ਬਚਾ ਲਵੋ। ਕਰਣ ਪਲਾਹ = {k{xwpRlwp} ਕੀਰਨੇ, ਤਰਸ ਪੈਦਾ ਕਰ ਸਕਣ ਵਾਲੇ ਵਿਰਲਾਪ। ਮਿਟਹਿ = {ਬਹੁ-ਵਚਨ} ਮਿਟ ਜਾਂਦੇ ਹਨ। ਬਿਲਲਾਟਾ = ਵਿਰਲਾਪ। ਜਪਿ = ਜਪ ਕੇ। ਭਰਮੁ = ਭਟਕਣਾ। ਫਾਟਾ = ਫਟ ਜਾਂਦਾ ਹੈ। ਕੋ = ਕੋਈ ਮਨੁੱਖ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਾਨਕੁ ਬਲਿ ਜਾਏ = ਨਾਨਕ ਸਦਕੇ ਹੁੰਦਾ ਹੈ। ਤਾ ਕੈ = ਉਸ (ਮਨੁੱਖ) ਤੋਂ।1। ਮਨਿ = ਮਨ ਵਿਚ। ਤਨਿ = ਤਨ ਵਿਚ। ਆਧਾਰਾ = ਸਹਾਰਾ। ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਨਿਸਤਾਰਾ = ਪਾਰ-ਉਤਾਰਾ।1। ਰਹਾਉ। ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਆਪਣੇ ਸਰੀਰ ਵਿਚ (ਆਪਣੀ ਜ਼ਿੰਦਗੀ ਦਾ) ਸਹਾਰਾ ਬਣਾਈ ਰੱਖ। ਜਿਹੜਾ ਮਨੁੱਖ (ਨਾਮ) ਸਿਮਰਦਾ ਹੈ (ਸੰਸਾਰ-ਸਮੁੰਦਰ ਤੋਂ) ਉਸ (ਮਨੁੱਖ) ਦਾ ਪਾਰ-ਉਤਾਰਾ ਹੋ ਜਾਂਦਾ ਹੈ।1। ਰਹਾਉ। ਹੇ ਭਾਈ! ਉਸੇ ਨਿਰਲੇਪ ਪਰਮਾਤਮਾ ਦਾ ਸਿਮਰਨ ਕਰਦੇ ਰਹੋ, ਜਿਸ (ਦੇ ਦਰ) ਤੋਂ ਕੋਈ ਭੀ ਜੀਵ ਖ਼ਾਲੀ ਨਹੀਂ ਜਾਂਦਾ; ਮਾਂ ਦੇ ਪੇਟ ਵਿਚ ਜਿਸ ਨੇ ਪਾਲਣਾ ਕੀਤੀ, ਜਿੰਦ ਤੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾ ਦਿੱਤਾ। ਹੇ ਭਾਈ! ਉਸੇ ਸਿਰਜਣਹਾਰ ਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ, ਜਿਸ ਨੂੰ ਸਿਮਰਦਿਆਂ ਆਪਣੇ ਸਾਰੇ ਔਗੁਣਾਂ ਨੂੰ ਢੱਕ ਸਕੀਦਾ ਹੈ। ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖੋ, ਤੇ ਇਸ ਤਰ੍ਹਾਂ ਮਾਇਆ (ਸਾਗਰ ਦੇ ਠਾਠਾਂ ਮਾਰ ਰਹੇ) ਪਾਣੀ ਤੋਂ (ਆਪਣੀ) ਜਿੰਦ ਨੂੰ ਬਚਾ ਲਵੋ। ਹੇ ਭਾਈ! (ਸਿਮਰਨ ਦੀ ਬਰਕਤਿ ਨਾਲ) ਸਾਰੇ ਕੀਰਨੇ ਤੇ ਵਿਰਲਾਪ ਮਿਟ ਜਾਂਦੇ ਹਨ, ਗੋਬਿੰਦ (ਦਾ ਨਾਮ) ਜਪ ਕੇ ਭਟਕਣਾ ਅਤੇ ਡਰ (ਦਾ ਪੜਦਾ) ਫਟ ਜਾਂਦਾ ਹੈ। ਪਰ, ਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਨਾਮ ਪ੍ਰਾਪਤ ਕਰਦਾ ਹੈ। ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ।1। ਮਿਥਿਆ ਵਸਤੁ ਸਤਿ ਕਰਿ ਮਾਨੀ ॥ ਹਿਤੁ ਲਾਇਓ ਸਠ ਮੂੜ ਅਗਿਆਨੀ ॥ ਕਾਮ ਕ੍ਰੋਧ ਲੋਭ ਮਦ ਮਾਤਾ ॥ ਕਉਡੀ ਬਦਲੈ ਜਨਮੁ ਗਵਾਤਾ ॥ ਅਪਨਾ ਛੋਡਿ ਪਰਾਇਐ ਰਾਤਾ ॥ ਮਾਇਆ ਮਦ ਮਨ ਤਨ ਸੰਗਿ ਜਾਤਾ ॥ ਤ੍ਰਿਸਨ ਨ ਬੂਝੈ ਕਰਤ ਕਲੋਲਾ ॥ ਊਣੀ ਆਸ ਮਿਥਿਆ ਸਭਿ ਬੋਲਾ ॥ ਆਵਤ ਇਕੇਲਾ ਜਾਤ ਇਕੇਲਾ ॥ ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥ ਪਾਇ ਠਗਉਰੀ ਆਪਿ ਭੁਲਾਇਓ ॥ ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥ {ਪੰਨਾ 1004} ਪਦ ਅਰਥ: ਮਿਥਿਆ = ਨਾਸਵੰਤ। ਵਸਤੁ = ਚੀਜ਼। ਸਤਿ = ਸਦਾ-ਥਿਰ ਰਹਿਣ ਵਾਲੀ। ਹਿਤੁ = ਪਿਆਰ। ਸਠ = ਸ਼ਠ, ਹੇ ਦੁਸ਼ਟ! ਮੂੜ = ਹੇ ਮੂਰਖ। ਅਗਿਆਨੀ = ਹੇ ਬੇ-ਸਮਝ! ਮਦ = ਨਸ਼ਾ। ਮਾਤਾ = ਮਸਤ। ਬਦਲੈ = ਦੇ ਵੱਟੇ ਵਿਚ। ਗਵਾਤਾ = ਗਵਾ ਲਿਆ। ਪਰਾਇਐ = ਪਰਾਏ ਵਿਚ। ਰਾਤਾ = ਰੱਤਾ ਹੋਇਆ। ਮਨ ਤਨ ਸੰਗਿ = ਮਨ ਸੰਗਿ ਤਨ ਸੰਗਿ। ਜਾਤਾ = ਜਾਂਦਾ, ਤੁਰਦਾ, ਦੌੜ-ਭੱਜ ਕਰਦਾ। ਤ੍ਰਿਸਨਾ = ਤ੍ਰਿਸ਼ਨਾ। ਕਲੋਲ = ਖੇਲ-ਤਮਾਸ਼ੇ। ਕਰਤ = ਕਰਦਿਆਂ। ਊਣੀ = ਪੂਰੀ ਨਹੀਂ ਹੁੰਦੀ। ਮਿਥਿਆ = ਨਾਸਵੰਤ (ਮਾਇਆ ਖ਼ਾਤਰ ਹੀ) । ਸਭਿ = ਸਾਰੇ। ਹਮ ਤੁਮ ਸੰਗਿ = ਅਸਾਂ ਤੁਸਾਂ ਨਾਲ, ਸਭ ਲੋਕਾਂ ਨਾਲ। ਪਾਇ = ਪਾ ਕੇ। ਠਗਉਰੀ = ਠਗ-ਮੂਰੀ, ਠਗ ਬੂਟੀ, ਧਤੂਰਾ ਆਦਿਕ ਜੋ ਠੱਗ ਲੋਕ ਵਰਤ ਕੇ ਪਰਦੇਸੀਆਂ ਨੂੰ ਠੱਗਦੇ ਹਨ। ਨਾਨਕ = ਹੇ ਨਾਨਕ! ਕਿਰਤੁ = ਕੀਤਾ-ਕਮਾਇਆ ਹੋਇਆ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ।2। ਅਰਥ: ਹੇ ਦੁਸ਼ਟ! ਹੇ ਮੂਰਖ! ਹੇ ਬੇ-ਸਮਝ! ਤੂੰ ਪਿਆਰ ਪਾਇਆ ਹੈ ਨਾਸਵੰਤ ਪਦਾਰਥ ਨਾਲ ਤੇ ਉਸ ਨੂੰ ਸਦਾ-ਥਿਰ ਰਹਿਣ ਵਾਲਾ ਸਮਝ ਰਿਹਾ ਹੈਂ। ਹੇ ਮੂਰਖ! ਤੂੰ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਦੇ ਨਸ਼ੇ ਵਿਚ ਮਸਤ ਹੈਂ, ਤੇ, ਇਸ ਤਰ੍ਹਾਂ ਕੌਡੀ ਦੇ ਵੱਟੇ ਆਪਣਾ (ਕੀਮਤੀ ਮਨੁੱਖਾ) ਜਨਮ ਗਵਾ ਰਿਹਾ ਹੈਂ। ਹੇ ਮੂਰਖ! (ਸਿਰਫ਼ ਪਰਮਾਤਮਾ ਹੀ) ਆਪਣਾ (ਅਸਲ ਸਾਥੀ ਹੈ, ਉਸ ਨੂੰ) ਛੱਡ ਕੇ ਪਰਾਏ (ਹੋ ਜਾਣ ਵਾਲੇ ਧਨ-ਪਦਾਰਥ) ਨਾਲ ਪਿਆਰ ਕਰ ਰਿਹਾ ਹੈਂ। ਤੈਨੂੰ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਤੂੰ ਮਨ ਦੇ ਪਿੱਛੇ ਲੱਗ ਕੇ ਸਿਰਫ਼ ਸਰੀਰ ਦੀ ਖ਼ਾਤਰ ਦੌੜ-ਭੱਜ ਕਰਦਾ ਹੈਂ। ਦੁਨੀਆ ਦੇ ਮੌਜ-ਮੇਲੇ ਮਾਣਦਿਆਂ ਤੇਰੀ ਤ੍ਰਿਸ਼ਨਾ ਨਹੀਂ ਮਿਟਦੀ, (ਤੇਰੀ ਰੱਜਣ ਦੀ) ਆਸ (ਕਦੇ) ਪੂਰੀ ਨਹੀਂ ਹੁੰਦੀ। ਨਾਸਵੰਤ ਮਾਇਆ ਦੀ ਖ਼ਾਤਰ ਹੀ ਤੇਰੀਆਂ ਸਾਰੀਆਂ ਗੱਲਾਂ ਹਨ। ਹੇ ਭਾਈ! ਜੀਵ ਇਸ ਸੰਸਾਰ ਵਿਚ ਇਕੱਲਾ ਹੀ ਆਉਂਦਾ ਹੈ ਇਥੋਂ ਇਕੱਲਾ ਹੀ ਤੁਰ ਪੈਂਦਾ ਹੈ; ਸੰਸਾਰੀ ਸਾਥੀਆਂ ਨਾਲ (ਸਾਥ ਨਿਬਾਹੁਣ ਵਾਲੇ) ਸਾਰੇ ਬੋਲ ਝੂਠ ਹੀ ਹੋ ਜਾਂਦੇ ਹਨ। ਪਰ, ਹੇ ਨਾਨਕ! (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ (ਮਾਇਆ ਦੇ ਮੋਹ ਦੀ) ਠਗ-ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦੇਂਦਾ ਹੈ, (ਜਨਮਾਂ ਜਨਮਾਂਤਰਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ।2। |
![]() |
![]() |
![]() |
![]() |
Sri Guru Granth Darpan, by Professor Sahib Singh |