ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1005 ਪਸੁ ਪੰਖੀ ਭੂਤ ਅਰੁ ਪ੍ਰੇਤਾ ॥ ਬਹੁ ਬਿਧਿ ਜੋਨੀ ਫਿਰਤ ਅਨੇਤਾ ॥ ਜਹ ਜਾਨੋ ਤਹ ਰਹਨੁ ਨ ਪਾਵੈ ॥ ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥ ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥ ਅਹੰਮੇਵ ਮੂਠੋ ਬੇਚਾਰਾ ॥ ਅਨਿਕ ਦੋਖ ਅਰੁ ਬਹੁਤੁ ਸਜਾਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਪ੍ਰਭ ਬਿਸਰਤ ਨਰਕ ਮਹਿ ਪਾਇਆ ॥ ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥ ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥ ਸੋ ਜਨੁ ਨਾਨਕ ਪਾਰਗਰਾਮੀ ॥੩॥ {ਪੰਨਾ 1005} ਪਦ ਅਰਥ: ਅਰੁ = ਅਤੇ। ਬਹੁ ਬਿਧਿ ਜੋਨੀ = ਅਨੇਕਾਂ ਕਿਸਮਾਂ ਦੀਆਂ ਜੂਨਾਂ ਵਿਚ। ਅਨੇਤਾ = ਅਨੇਤ੍ਰਾ, ਅੰਨ੍ਹਾ। ਜਹ ਜਾਨੋ = ਜਿਸ ਅਸਲ ਟਿਕਾਣੇ ਤੇ ਜਾਣਾ ਹੈ। ਤਹ = ਉਥੇ, (ਪ੍ਰਭੂ-ਚਰਨਾਂ ਵਿਚ) । ਰਹਨੁ ਨ ਪਾਵੈ = ਟਿਕਾਣਾ ਨਹੀਂ ਮਿਲਦਾ। ਥਾਨ ਬਿਹੂਨ = ਨਿਥਾਵਾਂ ਹੋ ਕੇ। ਉਠਿ = ਉੱਠ ਕੇ। ਧਾਵੈ = (ਅਨੇਕਾਂ ਜੂਨਾਂ ਵਿਚ) ਭਟਕਦਾ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ। ਬਾਸਨਾ = ਮਨੋ-ਕਾਮਨਾ। ਬਿਸਥਾਰਾ = ਖਿਲਾਰਾ। ਅਹੰਮੇਵ = {Ahz Ev = ਮੈਂ ਹੀ ਮੈਂ ਹੀ} ਹਉਮੈ। ਮੂਠੋ = ਠੱਗਿਆ ਹੋਇਆ। ਬੇਚਾਰਾ = ਨਿਮਾਣਾ। ਦੋਖ = ਐਬ। ਸਜਾਈ = ਸਜ਼ਾ, ਦੰਡ। ਕੀਮਤਿ = ਮੁੱਲ (ਦੁਨੀਆਵੀ ਪਦਾਰਥ ਜਿਹਨਾਂ ਦੇ ਵੱਟੇ ਇਹ ਸਜ਼ਾ ਮੁੱਕ ਸਕੇ) । ਤਹ = ਉਥੇ ਨਰਕ ਵਿਚ। ਜਾਇਆ = ਇਸਤ੍ਰੀ। ਕਉ = ਨੂੰ, ਉੱਤੇ। ਪਾਰਗਰਾਮੀ = ਪਾਰ ਲੰਘ ਸਕਦਾ ਹੈ।3। ਅਰਥ: ਹੇ ਭਾਈ! (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ ਅਨੇਕਾਂ ਜੂਨਾਂ ਵਿਚ ਭਟਕਦਾ ਫਿਰਦਾ ਹੈ; ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ, ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ। ਹੇ ਭਾਈ! (ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿਚ ਤਨ ਵਿਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ, ਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ। ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ, (ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ) । ਹੇ ਭਾਈ! ਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿਚ ਸੁੱਟਿਆ ਜਾਂਦਾ ਹੈ, ਉਥੇ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ੍ਰੀ = (ਕੋਈ ਭੀ ਸਹਾਇਤਾ ਨਹੀਂ ਕਰ ਸਕਦਾ) । ਹੇ ਨਾਨਕ! (ਆਖ– ਹੇ ਭਾਈ!) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ਜਿਸ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ।3। ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥ ਦੀਨਾ ਨਾਥ ਜਗਤ ਪਿਤ ਮਾਇਆ ॥ ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥ ਜਿਸੁ ਭਾਵੈ ਤਿਸ ਹੀ ਨਿਸਤਾਰਣ ॥ ਅੰਧ ਕੂਪ ਤੇ ਕਾਢਨਹਾਰਾ ॥ ਪ੍ਰੇਮ ਭਗਤਿ ਹੋਵਤ ਨਿਸਤਾਰਾ ॥ ਸਾਧ ਰੂਪ ਅਪਨਾ ਤਨੁ ਧਾਰਿਆ ॥ ਮਹਾ ਅਗਨਿ ਤੇ ਆਪਿ ਉਬਾਰਿਆ ॥ ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥ ਆਦਿ ਅੰਤਿ ਪ੍ਰਭ ਅਗਮ ਅਗਾਹੀ ॥ ਨਾਮੁ ਦੇਹਿ ਮਾਗੈ ਦਾਸੁ ਤੇਰਾ ॥ ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥ {ਪੰਨਾ 1005} ਪਦ ਅਰਥ: ਭ੍ਰਮਤ = ਭਟਕਦਾ। ਦੀਨਾਨਾਥ = ਦੀਨਾਂ ਦਾ ਨਾਥ, ਨਿਮਾਣਿਆਂ ਦਾ ਖਸਮ। ਪਿਤ = ਪਿਤਾ। ਮਾਇਆ = ਮਾਂ। ਬਿਦਾਰਣ = ਨਾਸ ਕਰਨ ਵਾਲਾ। ਜਿਸੁ ਭਾਵੈ = ਜੋ ਤਿਸੁ ਭਾਵੈ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਕੂਪ = ਖੂਹ। ਤੇ = ਤੋਂ। ਪ੍ਰੇਮ ਭਗਤਿ = ਪਿਆਰ-ਭਰੀ ਭਗਤੀ ਨਾਲ। ਨਿਸਤਾਰਾ = ਪਾਰ-ਉਤਾਰਾ। ਸਾਧ = ਗੁਰੂ। ਤਨੁ = ਸਰੀਰ। ਉਬਾਰਿਆ = ਬਚਾਇਆ। ਇਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਇਸੁ' ਦਾ ੁ ਉੱਡ ਗਿਆ ਹੈ} ਇਸ (ਜੀਵ) ਤੋਂ। ਅਗਮ = ਅਪਹੁੰਚ। ਅਗਾਮੀ = ਅਗਾਧ। ਮਾਗੈ = ਮੰਗਦਾ ਹੈ {ਇਕ-ਵਚਨ}। ਜੀਵਨ ਪਦੁ = ਆਤਮਕ ਜੀਵਨ ਦਾ ਦਰਜਾ। ਅਰਥ: ਹੇ ਭਾਈ! ਪ੍ਰਭੂ ਦੀਨਾਂ ਦਾ ਨਾਥ ਹੈ, ਜਗਤ ਦਾ ਮਾਂ-ਪਿਉ ਹੈ, ਦਇਆ ਦਾ ਘਰ ਹੈ, (ਜੀਵਾਂ ਦੇ) ਦੁੱਖ ਦਰਦ ਦੂਰ ਕਰਨ ਵਾਲਾ ਹੈ, ਜੀਵ ਭਟਕ ਭਟਕ ਕੇ (ਆਖ਼ਿਰ ਉਸ ਦੀ) ਸਰਨ ਆਉਂਦਾ ਹੈ। ਹੇ ਭਾਈ! ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ। ਹੇ ਭਾਈ! (ਸੰਸਾਰ-ਰੂਪ) ਅੰਨ੍ਹੇ ਖੂਹ ਵਿਚੋਂ (ਪ੍ਰਭੂ ਜੀਵ ਨੂੰ) ਕੱਢਣ ਦੇ ਸਮਰੱਥ ਹੈ, ਪ੍ਰਭੂ ਦੀ ਪਿਆਰ-ਭਰੀ ਭਗਤੀ ਨਾਲ ਜੀਵ ਦਾ ਪਾਰ-ਉਤਾਰਾ ਹੋ ਜਾਂਦਾ ਹੈ। ਹੇ ਭਾਈ! ਪਰਮਾਤਮਾ ਨੇ ਗੁਰੂ-ਰੂਪ ਆਪਣਾ ਸਰੀਰ (ਆਪ ਹੀ ਸਦਾ) ਧਾਰਨ ਕੀਤਾ ਹੈ, ਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸਦਾ ਬਚਾਇਆ ਹੈ। ਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ (ਨਾਮ ਦੀ ਕਮਾਈ) ਤੇ ਸੰਜਮ (ਸੁੱਧ ਆਚਰਨ) ਦੀ ਮਿਹਨਤ ਕੁਝ ਭੀ ਨਹੀਂ ਹੋ ਸਕਦੀ। ਹੇ ਪ੍ਰਭੂ! ਜਗਤ ਦੇ ਸ਼ੁਰੂ ਤੋਂ ਅੰਤ ਤਕ ਤੂੰ ਹੀ ਕਾਇਮ ਰਹਿਣ ਵਾਲਾ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ। ਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ। ਹੇ ਨਾਨਕ! (ਆਖ– ਹੇ ਭਾਈ!) ਮੇਰਾ ਹਰੀ-ਪ੍ਰਭੂ ਆਤਮਕ ਜੀਵਨ ਦਾ ਦਰਜਾ (ਦੇਣ ਵਾਲਾ) ਹੈ।4।3। 19। ਮਾਰੂ ਮਹਲਾ ੫ ॥ ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥ ਐਸੀ ਜਾਨਿ ਪਾਈ ॥ ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥ ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥ ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥ {ਪੰਨਾ 1005} ਪਦ ਅਰਥ: ਕਤ ਕਉ = ਕਾਹੇ? ਕਾਸ ਨੂੰ? ਕਾਹਦੇ ਲਈ? ਡਹਕਾਵਹੁ = ਤੁਸੀ ਆਪਣੇ ਮਨ ਨੂੰ ਡੁਲਾਂਦੇ ਹੋ। ਲੋਗਾ = ਹੇ ਲੋਕੋ! ਮੋਹਨ– ਸੋਹਣਾ ਪਰਮਾਤਮਾ। ਦੀਨ = ਨਿਮਾਣੇ। ਕਿਰਪਾਈ = ਕਿਰਪਾ ਕਰਦਾ ਹੈ।1। ਐਸੀ = ਇਉਂ। ਜਾਨਿ ਪਾਈ = ਅਸਾਂ ਸਮਝੀ ਹੈ, ਮੈਂ ਸਮਝੀ ਹੈ। ਸੂਰੋ = ਸੂਰਮਾ। ਗੁਰ ਦਾਤਾ = ਸਭ ਤੋਂ ਵੱਡਾ ਦਾਤਾ। ਵਡਾਈ = ਇੱਜ਼ਤ।1। ਰਹਾਉ। ਆਗਿਆਕਾਰੀ = ਗੱਲ ਮੰਨਣ ਵਾਲਾ।1। ਅਪਨੇ ਕਉ = ਆਪਣੇ ਸੇਵਕ ਉਤੇ। ਧਿਆਈ = ਧਿਆਈਂ, ਮੈਂ ਧਿਆਵਾਂ।3। ਨਾਨਕੁ ਦੀਨੁ ਮਾਗੈ = ਗਰੀਬ ਨਾਨਕ ਮੰਗਦਾ ਹੈ। ਦੁਤੀਆ = ਦੂਜਾ। ਭਰਮੁ = ਭੁਲੇਖਾ। ਚੁਕਾਈ = ਚੁਕਾਇ, ਦੂਰ ਕਰ ਕੇ।4। ਅਰਥ: ਹੇ ਭਾਈ! ਮੈਂ ਤਾਂ ਇਉਂ ਸਮਝ ਲਿਆ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਸਰਨ ਪਿਆਂ ਦੀ ਮਦਦ ਕਰਨ ਵਾਲਾ ਸੂਰਮਾ ਹੈ, (ਆਪਣੇ ਸੇਵਕ ਦੀ) ਆਪ ਲਾਜ ਰੱਖਦਾ ਹੈ।1। ਰਹਾਉ। ਹੇ ਲੋਕੋ! ਤੁਸੀ ਕਿਉਂ ਆਪਣੇ ਮਨ ਨੂੰ ਡੁਲਾਂਦੇ ਹੋ? ਸੋਹਣਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ।1। ਹੇ ਲੋਕੋ! ਪਰਮਾਤਮਾ ਆਪਣੇ ਭਗਤਾਂ ਦੀ ਅਰਜ਼ੋਈ ਮੰਨਣ ਵਾਲਾ ਹੈ, ਅਤੇ (ਉਹਨਾਂ ਨੂੰ) ਸਦਾ ਹੀ ਸੁਖ ਦੇਣ ਵਾਲਾ ਹੈ।2। (ਹੇ ਪ੍ਰਭੂ! ਮੈਂ ਨਾਨਕ ਤੇਰੇ ਦਰ ਦਾ ਸੇਵਕ ਹਾਂ) ਆਪਣੇ (ਇਸ) ਸੇਵਕ ਉਤੇ ਮਿਹਰ ਕਰਨੀ, ਮੈਂ (ਤੇਰਾ ਸੇਵਕ) ਤੇਰਾ ਨਾਮ ਹੀ ਸਿਮਰਦਾ ਰਹਾਂ।3। ਹੇ ਪ੍ਰਭੂ! ਕਿਸੇ ਹੋਰ ਦੂਜੇ (ਨੂੰ ਤੇਰੇ ਵਰਗਾ ਸਮਝਣ) ਦਾ ਭੁਲੇਖਾ ਦੂਰ ਕਰ ਕੇ ਗਰੀਬ ਨਾਨਕ (ਤੇਰੇ ਦਰ ਤੋਂ) ਤੇਰਾ ਨਾਮ ਮੰਗਦਾ ਹੈ।4। 4। 20। ਮਾਰੂ ਮਹਲਾ ੫ ॥ ਮੇਰਾ ਠਾਕੁਰੁ ਅਤਿ ਭਾਰਾ ॥ ਮੋਹਿ ਸੇਵਕੁ ਬੇਚਾਰਾ ॥੧॥ ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥ ਮੋ ਕਉ ਦੇਹੁ ਦਾਨਾ ॥੧॥ ਰਹਾਉ ॥ ਸਗਲੇ ਮੈ ਦੇਖੇ ਜੋਈ ॥ ਬੀਜਉ ਅਵਰੁ ਨ ਕੋਈ ॥੨॥ ਜੀਅਨ ਪ੍ਰਤਿਪਾਲਿ ਸਮਾਹੈ ॥ ਹੈ ਹੋਸੀ ਆਹੇ ॥੩॥ ਦਇਆ ਮੋਹਿ ਕੀਜੈ ਦੇਵਾ ॥ ਨਾਨਕ ਲਾਗੋ ਸੇਵਾ ॥੪॥੫॥੨੧॥ {ਪੰਨਾ 1005} ਪਦ ਅਰਥ: ਅਤਿ ਭਾਰਾ = ਬਹੁਤ ਤਾਕਤਾਂ ਦਾ ਮਾਲਕ। ਠਾਕੁਰੁ = ਮਾਲਕ-ਪ੍ਰਭੂ। ਮੋਹਿ = ਮੈਂ। ਬੇਚਾਰਾ = ਨਿਮਾਣਾ।1। ਮੋਹਨੁ ਲਾਲੁ = ਸੋਹਣਾ ਪਿਆਰਾ। ਪ੍ਰੀਤਮ = ਹੇ ਪ੍ਰੀਤਮ! ਪ੍ਰੀਤਮ ਮਨ ਪ੍ਰਾਨਾ = ਹੇ ਮੇਰੇ ਮਨ ਦੇ ਪ੍ਰੀਤਮ! ਹੇ ਮੇਰੀ ਜਿੰਦ ਦੇ ਪ੍ਰੀਤਮ! ਮੋ ਕਉ = ਮੈਨੂੰ। ਦਾਨਾ = ਦਾਨ।1। ਰਹਾਉ। ਸਗਲੇ = ਸਾਰੇ। ਜੋਈ = ਜੋਇ, ਖੋਜ ਕੇ। ਬੀਜਉ = ਦੂਜਾ। ਅਵਰੁ = ਹੋਰ।2। ਜੀਅਨ = ਸਾਰੇ ਜੀਵਾਂ ਨੂੰ। ਪ੍ਰਤਿਪਾਲਿ = ਪ੍ਰਤਿ ਪਾਲੈ, ਪਾਲਦਾ ਹੈ। ਸਮਾਹੈ– ਸੰਬਾਹੈ, ਰਿਜ਼ਕ ਪੁਚਾਉਂਦਾ ਹੈ। ਹੈ– ਇਸ ਵੇਲੇ ਮੌਜੂਦ ਹੈ। ਹੋਸੀ = ਅਗਾਂਹ ਨੂੰ ਭੀ ਮੌਜੂਦ ਰਹੇਗਾ। ਆਹੇ = ਪਹਿਲਾਂ ਭੀ ਮੌਜੂਦ ਸੀ।3। ਮੋਹਿ = ਮੇਰੇ ਉੱਤੇ। ਦੇਵਾ = ਹੇ ਦੇਵ! ਲਾਗੋ = ਲੱਗਾ ਰਹੇ।4। ਅਰਥ: ਹੇ ਮੇਰੇ ਮਨ ਦੇ ਪਿਆਰੇ! ਹੇ ਮੇਰੀ ਜਿੰਦ ਦੇ ਪਿਆਰੇ! ਤੂੰ ਮੇਰਾ ਸੋਹਣਾ ਪਿਆਰਾ ਪ੍ਰਭੂ ਹੈਂ। ਮੈਨੂੰ (ਆਪਣੇ ਨਾਮ ਦਾ) ਦਾਨ ਬਖ਼ਸ਼।1। ਰਹਾਉ। ਹੇ ਭਾਈ! ਮੇਰਾ ਮਾਲਕ ਪ੍ਰਭੂ ਬਹੁਤ ਤਾਕਤਾਂ ਦਾ ਮਾਲਕ ਹੈ। ਮੈਂ (ਤਾਂ ਉਸ ਦੇ ਦਰ ਤੇ ਇਕ) ਨਿਮਾਣਾ ਸੇਵਕ ਹਾਂ।1। ਹੇ ਭਾਈ! ਹੋਰ ਸਾਰੇ ਆਸਰੇ ਖੋਜ ਕੇ ਵੇਖ ਲਏ ਹਨ, ਕੋਈ ਹੋਰ ਦੂਜਾ (ਉਸ ਪ੍ਰਭੂ ਦੇ ਬਰਾਬਰ ਦਾ) ਨਹੀਂ ਹੈ।2। ਹੇ ਭਾਈ! ਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ, ਸਭ ਨੂੰ ਰੋਜ਼ੀ ਅਪੜਾਂਦਾ ਹੈ। ਉਹ ਹੁਣ ਭੀ ਹੈ, ਅਗਾਂਹ ਨੂੰ ਭੀ ਕਾਇਮ ਰਹੇਗਾ, ਪਹਿਲਾਂ ਭੀ ਸੀ।3। ਹੇ ਨਾਨਕ! (ਆਖ-) ਹੇ ਦੇਵ! ਮੇਰੇ ਉੱਤੇ ਦਇਆ ਕਰ, ਮੈਂ ਤੇਰੀ ਸੇਵਾ ਭਗਤੀ ਵਿਚ ਲੱਗਾ ਰਹਾਂ।4।5। 21। ਮਾਰੂ ਮਹਲਾ ੫ ॥ ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥ ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥ ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥ ਏਹਾ ਓਟ ਆਧਾਰਾ ॥੧॥ ਰਹਾਉ ॥ ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥ ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥ ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥ ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥ ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥ ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥ {ਪੰਨਾ 1005} ਪਦ ਅਰਥ: ਪਤਿਤ ਉਧਾਰਨ = ਵਿਕਾਰਾਂ ਵਿਚ ਡਿੱਗਿਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ। ਤਾਰਨ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ। ਬਲਿ ਜਾਇਐ = ਕੁਰਬਾਨ ਜਾਣਾ ਚਾਹੀਦਾ ਹੈ। ਭੇਟੈ = ਮਿਲ ਪਏ। ਜਿਤੁ = ਜਿਸ (ਸੰਤ) ਦੀ ਰਾਹੀਂ। ਧਿਆਈਐ = ਧਿਆਇਆ ਜਾ ਸਕੇ।1। ਮੋ ਕਉ = ਮੈਨੂੰ। ਕਹੀਅਤ = ਅਖਵਾਂਦਾ ਹਾਂ। ਓਟ = ਸਹਾਰਾ। ਆਧਾਰ = ਆਸਰਾ।1। ਰਹਾਉ। ਸਰਬ ਧਾਰਨ = ਹੇ ਸਾਰਿਆਂ ਨੂੰ ਸਹਾਰਾ ਦੇਣ ਵਾਲੇ! ਸਰਬ ਪ੍ਰਤਿਪਾਰਨ = ਹੇ ਸਭ ਨੂੰ ਪਾਲਣ ਵਾਲੇ! ਬਿਨਉ = ਬੇਨਤੀ। ਦੀਨਾ = ਮੈਂ ਨਿਮਾਣਾ। ਬਿਧਿ = ਜੁਗਤਿ, ਢੰਗ। ਹਮ = ਅਸੀਂ ਜੀਵ। ਮੀਨਾ = ਮੱਛੀ।2। ਪੂਰਨ = ਹੇ ਸਰਬ-ਵਿਆਪਕ! ਬਿਸਥੀਰਨ = ਹੇ ਸਾਰੇ ਪਸਾਰੇ ਵਾਲੇ! ਆਹਿ = ਤਾਂਘ ਨਾਲ। ਪਾਛੈ = ਤੇਰੀ ਸਰਨ। ਭੂ = ਧਰਤੀ। ਭੂ ਮੰਡਲ = ਧਰਤੀਆਂ ਦੇ ਮੰਡਲ। ਭੂ ਖੰਡਲ = ਧਰਤੀ ਦੇ ਹਿੱਸੇ। ਆਛੈ = ਹੈਂ।3। ਅਖਇਓ = ਹੇ ਨਾਸ-ਰਹਿਤ! ਦੇਵਾ = ਹੇ ਪ੍ਰਕਾਸ਼-ਰੂਪ! ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਸੰਗੁ = ਸਾਥ। ਰੇਨੁ = ਚਰਨ-ਧੂੜ। ਰੇਨੁ ਦਾਸਰਾ = ਤੇਰੇ ਦਾਸਾਂ ਦੀ ਚਰਨ-ਧੂੜ।4। ਅਰਥ: ਹੇ ਪ੍ਰਭੂ! ਮੈਨੂੰ (ਤਾਂ) ਕੋਈ ਨਹੀਂ ਜਾਣਦਾ, ਪਰ ਮੈਂ ਤੇਰਾ ਦਾਸ ਅਖਵਾਂਦਾ ਹਾਂ। ਮੈਨੂੰ ਇਹੀ ਸਹਾਰਾ ਹੈ, ਮੈਨੂੰ ਇਹੀ ਆਸਰਾ ਹੈ (ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਂਗਾ) ।1। ਰਹਾਉ। ਹੇ ਭਾਈ! ਵਿਕਾਰੀਆਂ ਨੂੰ ਬਚਾਣ ਵਾਲੇ ਅਤੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੇ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ, (ਹਰ ਵੇਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ) ਕੋਈ ਅਜਿਹਾ ਸੰਤ ਮਿਲ ਪਏ ਜਿਸ ਦੀ ਰਾਹੀਂ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ।1। ਹੇ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੇ! ਹੇ ਸਭਨਾਂ ਨੂੰ ਪਾਲਣ ਵਾਲੇ! ਮੈਂ ਨਿਮਾਣਾ ਇਕ ਬੇਨਤੀ ਕਰਦਾ ਹਾਂ ਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬਣਿਆ ਰਹਾਂ (ਪਰ ਇਹ ਕਿਵੇਂ ਹੋ ਸਕੇ = ਇਹ) ਜੁਗਤਿ ਤੂੰ ਆਪ ਹੀ ਜਾਣਦਾ ਹੈਂ।2। ਹੇ ਸਰਬ-ਵਿਆਪਕ! ਹੇ ਸਾਰੇ ਪਸਾਰੇ ਦੇ ਮਾਲਕ! ਮੈਂ ਤੇਰੀ ਸਰਨ ਆ ਪਿਆ ਹਾਂ। ਇਹ ਸਾਰਾ ਆਕਾਰ = ਧਰਤੀ, ਧਰਤੀਆਂ ਦੇ ਚੱਕਰ, ਧਰਤੀ ਦੇ ਹਿੱਸੇ = ਇਹ ਸਭ ਕੁਝ ਤੂੰ ਆਪ ਹੀ ਹੈਂ (ਤੂੰ ਆਪਣੇ ਆਪ ਤੋਂ ਪੈਦਾ ਕੀਤੇ ਹਨ) ।3। ਹੇ ਨਾਨਕ! (ਆਖ-) ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਬਿਨਾਸੀ! ਹੇ ਪ੍ਰਕਾਸ਼-ਰੂਪ! ਹੇ ਸੋਹਣੇ ਸਰੂਪ ਵਾਲੇ! ਹੇ ਅਲੱਖ! ਹੇ ਬੇਅੰਤ! ਤੇਰੇ ਸੰਤਾਂ ਦੀ ਸੰਗਤਿ ਅਤੇ ਦਾਸਾਂ ਦੀ ਚਰਨ-ਧੂੜ = (ਮਿਹਰ ਕਰ) ਮੈਂ ਇਹ ਖ਼ੈਰ ਪ੍ਰਾਪਤ ਕਰ ਸਕਾਂ।4।6। 22। |
![]() |
![]() |
![]() |
![]() |
Sri Guru Granth Darpan, by Professor Sahib Singh |