ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1006

ਮਾਰੂ ਮਹਲਾ ੫ ॥ ਤ੍ਰਿਪਤਿ ਆਘਾਏ ਸੰਤਾ ॥ ਗੁਰ ਜਾਨੇ ਜਿਨ ਮੰਤਾ ॥ ਤਾ ਕੀ ਕਿਛੁ ਕਹਨੁ ਨ ਜਾਈ ॥ ਜਾ ਕਉ ਨਾਮ ਬਡਾਈ ॥੧॥ ਲਾਲੁ ਅਮੋਲਾ ਲਾਲੋ ॥ ਅਗਹ ਅਤੋਲਾ ਨਾਮੋ ॥੧॥ ਰਹਾਉ ॥ ਅਵਿਗਤ ਸਿਉ ਮਾਨਿਆ ਮਾਨੋ ॥ ਗੁਰਮੁਖਿ ਤਤੁ ਗਿਆਨੋ ॥ ਪੇਖਤ ਸਗਲ ਧਿਆਨੋ ॥ ਤਜਿਓ ਮਨ ਤੇ ਅਭਿਮਾਨੋ ॥੨॥ ਨਿਹਚਲੁ ਤਿਨ ਕਾ ਠਾਣਾ ॥ ਗੁਰ ਤੇ ਮਹਲੁ ਪਛਾਣਾ ॥ ਅਨਦਿਨੁ ਗੁਰ ਮਿਲਿ ਜਾਗੇ ॥ ਹਰਿ ਕੀ ਸੇਵਾ ਲਾਗੇ ॥੩॥ ਪੂਰਨ ਤ੍ਰਿਪਤਿ ਅਘਾਏ ॥ ਸਹਜ ਸਮਾਧਿ ਸੁਭਾਏ ॥ ਹਰਿ ਭੰਡਾਰੁ ਹਾਥਿ ਆਇਆ ॥ ਨਾਨਕ ਗੁਰ ਤੇ ਪਾਇਆ ॥੪॥੭॥੨੩॥ {ਪੰਨਾ 1006}

ਪਦ ਅਰਥ: ਤ੍ਰਿਪਤਿ = ਰੱਜ, ਰਜੇਵਾਂ। ਅਘਾਏ = ਰੱਜ ਗਏ। ਤ੍ਰਿਪਤਿ ਅਘਾਏ = ਪੂਰਨ ਤੌਰ ਤੇ ਰੱਜ ਜਾਂਦੇ ਹਨ। ਗੁਰ...ਮੰਤਾ = ਜਿਨ ਗੁਰ ਮੰਤਾ ਜਾਨੇ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨਾਲ ਡੂੰਘੀ ਸਾਂਝ ਪਾ ਲਈ। ਤਾ ਕੀ = ਉਹਨਾਂ (ਮਨੁੱਖਾਂ) ਦੀ। ਨਾਮ ਬਡਾਈ = ਨਾਮ ਜਪਣ ਦੀ ਇੱਜ਼ਤ (ਮਿਲੀ) ।1।

ਅਮੋਲਾ = ਜਿਹੜਾ ਕਿਸੇ ਭੀ ਕੀਮਤ ਤੋਂ ਨਾਹ ਮਿਲ ਸਕੇ। ਅਗਹ = {ਅ-ਗਹ} ਜਿਹੜਾ ਪਕੜ ਵਿਚ ਨਾਹ ਆ ਸਕੇ। ਅਤੋਲਾ = ਜਿਸ ਦੇ ਬਰਾਬਰ ਦੀ ਹੋਰ ਕੋਈ ਸ਼ੈ ਨਹੀਂ। ਨਾਮੋ = ਨਾਮ।1। ਰਹਾਉ।

ਅਵਿਗਤ = {AÒX#q} ਅਦ੍ਰਿਸ਼ਟ। ਸਿਉ = ਨਾਲ। ਮਾਨੋ = ਮਨੁ, ਮਨ। ਗੁਰਮੁਖਿ = ਗੁਰੂ ਦੀ ਰਾਹੀਂ। ਤਤੁ = ਅਸਲੀਅਤ। ਗਿਆਨੋ = ਆਤਮਕ ਜੀਵਨ ਦੀ ਸੂਝ। ਪੇਖਤ ਸਗਲ = ਸਭ ਨੂੰ ਵੇਖਦਿਆਂ, ਸਭਨਾਂ ਨਾਲ ਮੇਲ-ਮਿਲਾਪ ਰੱਖਦਿਆਂ। ਤੇ = ਤੋਂ।2।

ਠਾਣਾ = ਥਾਂ, ਆਤਮਕ ਟਿਕਾਣਾ। ਨਿਹਚਲੁ = ਨਾਹ ਹਿਲਣ ਵਾਲਾ। ਮਹਲੁ = ਪਰਮਾਤਮਾ ਦੀ ਹਜ਼ੂਰੀ। ਪਛਾਣਾ = ਸਾਂਝ ਪਾ ਲਈ। ਅਨਦਿਨੁ = ਹਰ ਰੋਜ਼, ਹਰ ਵੇਲੇ। ਗੁਰਿ ਮਿਲਿ = ਗੁਰੂ ਨੂੰ ਮਿਲ ਕੇ। ਜਾਗੇ = ਮਾਇਆ ਦੇ ਮੋਹ ਦੀ ਨੀਂਦ ਤੋਂ ਸੁਚੇਤ ਹੋ ਗਏ।3।

ਸਹਜ = ਆਤਮਕ ਅਡੋਲਤਾ। ਸੁਭਾਏ = ਸੁਭਾਇ, ਪ੍ਰੇਮ ਵਿਚ (ਟਿਕੇ ਹੋਏ) । ਹਾਥਿ = ਹੱਥ ਵਿਚ।4।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਇਕ ਐਸਾ ਲਾਲ ਹੈ ਜਿਹੜਾ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲਦਾ, ਜਿਹੜਾ (ਆਸਾਨੀ ਨਾਲ) ਫੜਿਆ ਨਹੀਂ ਜਾ ਸਕਦਾ, ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ।1। ਰਹਾਉ।

ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਗੁਰੂ ਦੇ ਉਪਦੇਸ਼ ਨਾਲ ਡੂੰਘੀ ਸਾਂਝ ਪਾ ਲਈ, ਉਹ (ਅਮੋਲਕ ਨਾਮ-ਲਾਲ ਵਿਹਾਝ ਕੇ ਮਾਇਆ ਵਲੋਂ) ਪੂਰਨ ਤੌਰ ਤੇ ਰੱਜ ਗਏ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦੀ (ਆਤਮਕ ਅਵਸਥਾ ਇਤਨੀ ਉੱਚੀ ਬਣ ਜਾਂਦੀ ਹੈ ਕਿ) ਬਿਆਨ ਨਹੀਂ ਕੀਤੀ ਜਾ ਸਕਦੀ।1।

ਹੇ ਭਾਈ! (ਜਿਨ੍ਹਾਂ ਨੂੰ ਨਾਮ-ਲਾਲ ਪ੍ਰਾਪਤ ਹੋ ਗਿਆ) ਅਦ੍ਰਿਸ਼ਟ ਪਰਮਾਤਮਾ ਨਾਲ ਉਹਨਾਂ ਦਾ ਮਨ ਪਤੀਜ ਗਿਆ, ਗੁਰੂ ਦੀ ਸਰਨ ਪੈ ਕੇ ਉਹਨਾਂ ਨੂੰ ਅਸਲੀ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ। ਸਾਰੇ ਜਗਤ ਨਾਲ ਮੇਲ-ਮਿਲਾਪ ਰੱਖਦਿਆਂ ਉਹਨਾਂ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ, ਉਹ ਆਪਣੇ ਮਨ ਤੋਂ ਅਹੰਕਾਰ ਦੂਰ ਕਰ ਲੈਂਦੇ ਹਨ।2।

ਹੇ ਭਾਈ! (ਜਿਨ੍ਹਾਂ ਨੂੰ ਨਾਮ-ਲਾਲ ਮਿਲ ਗਿਆ) ਉਹਨਾਂ ਦਾ ਆਤਮਕ ਟਿਕਾਣਾ ਅਟੱਲ ਹੋ ਜਾਂਦਾ ਹੈ (ਉਹਨਾਂ ਦਾ ਮਨ ਮਾਇਆ ਵਲ ਡੋਲਣੋਂ ਹਟ ਜਾਂਦਾ ਹੈ) , ਉਹ ਮਨੁੱਖ ਗੁਰੂ ਪਾਸੋਂ (ਸਿੱਖਿਆ ਲੈ ਕੇ) ਪ੍ਰਭੂ-ਚਰਨਾਂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ। ਗੁਰੂ ਨੂੰ ਮਿਲ ਕੇ (ਗੁਰੂ ਦੀ ਸਰਨ ਪੈ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, ਤੇ, ਸਦਾ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗੇ ਰਹਿੰਦੇ ਹਨ।3।

ਹੇ ਭਾਈ! (ਜਿਨ੍ਹਾਂ ਨੂੰ ਨਾਮ-ਲਾਲ ਮਿਲ ਜਾਂਦਾ ਹੈ) ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਪੂਰਨ ਤੌਰ ਤੇ ਰੱਜੇ ਰਹਿੰਦੇ ਹਨ, ਉਹ ਪ੍ਰਭੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ, (ਕਿਉਂਕਿ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਉਹਨਾਂ ਦੇ ਹੱਥ ਆ ਜਾਂਦਾ ਹੈ।

ਪਰ, ਹੇ ਨਾਨਕ! (ਇਹ ਖ਼ਜ਼ਾਨਾ) ਗੁਰੂ ਪਾਸੋਂ ਹੀ ਮਿਲਦਾ ਹੈ।4।7। 23।

ਮਾਰੂ ਮਹਲਾ ੫ ਘਰੁ ੬ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥ ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ ॥੧॥ ਮੇਰੇ ਮਨ ਕਰਨ ਸੁਣਿ ਹਰਿ ਨਾਮੁ ॥ ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ ॥੧॥ ਰਹਾਉ ॥ ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥ ਗੁਰ ਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥ {ਪੰਨਾ 1006}

ਪਦ ਅਰਥ: ਸਗਲ = ਸਾਰੀਆਂ। ਮਿਲਿ ਸਾਧ = ਗੁਰੂ ਨੂੰ ਮਿਲ ਕੇ। ਗੁਮਾਨੁ = ਅਹੰਕਾਰ। ਮਿਥਿਆ = ਨਾਸਵੰਤ। ਰਸਨਾ = ਜੀਭ ਨਾਲ। ਵਖਾਨੁ = ਉੱਚਾਰਨ ਕਰ।1।

ਮਨ = ਹੇ ਮਨ! ਕਰਨ = ਕੰਨਾਂ ਨਾਲ। ਮਿਟਹਿ = ਮਿਟ ਜਾਣਗੇ। ਅਘ = ਪਾਪ {ਬਹੁ-ਵਚਨ}। ਜਾਮੁ = ਜਮ। ਬਪੁਰਾ = ਵਿਚਾਰਾ।1। ਰਹਾਉ।

ਦੀਨ = ਦੀਨਤਾ, ਮੁਥਾਜੀ। ਨ ਬਿਆਪੈ = ਆਪਣਾ ਜ਼ੋਰ ਨਹੀਂ ਪਾ ਸਕਦਾ। ਮਿਲੈ = ਮਿਲ ਜਾਂਦਾ ਹੈ। ਸੁਖ ਬਿਸ੍ਰਾਮ = ਸੁਖਾਂ ਵਿਚ ਟਿਕਾਣਾ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਨਾਨਕੁ ਬਖਾਨੈ = ਨਾਨਕ ਆਖਦਾ ਹੈ। ਤਤੁ ਗਿਆਨੁ = ਅਸਲ ਆਤਮਕ ਜੀਵਨ ਦੀ ਸੂਝ।2।

ਅਰਥ: ਹੇ ਮੇਰੇ ਮਨ! ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ। (ਨਾਮ ਦੀ ਬਰਕਤਿ ਨਾਲ) ਤੇਰੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਮਿਟ ਜਾਣਗੇ। ਵਿਚਾਰਾ ਜਮ ਭੀ ਕੌਣ ਹੈ (ਜੋ ਤੈਨੂੰ ਡਰਾ ਸਕੇ) ?।1। ਰਹਾਉ।

ਹੇ ਭਾਈ! ਸਾਰੀਆਂ (ਢੋਕੀਆਂ) ਚਤੁਰਾਈਆਂ ਛੱਡ ਦੇਹ, ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ। ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਤੋਂ ਬਿਨਾ) ਹੋਰ ਸਭ ਕੁਝ ਨਾਸਵੰਤ ਹੈ।1।

ਹੇ ਭਾਈ! ਨਾਨਕ ਆਖਦਾ ਹੈ (ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਸ ਉੱਤੇ ਦੁਨੀਆ ਦੇ) ਦੁੱਖ, ਮੁਥਾਜੀ, (ਹਰੇਕ ਕਿਸਮ ਦਾ) ਡਰ = (ਇਹਨਾਂ ਵਿਚੋਂ ਕੋਈ ਭੀ) ਆਪਣਾ ਜ਼ੋਰ ਨਹੀਂ ਪਾ ਸਕਦਾ। ਪਰਮਾਤਮਾ ਦਾ ਭਜਨ ਕਰਨਾ ਹੀ ਅਸਲ ਆਤਮਕ ਜੀਵਨ ਦੀ ਸੂਝ ਹੈ (ਪਰ ਇਹ ਨਾਮ) ਗੁਰੂ ਦੀ ਕਿਰਪਾ ਨਾਲ (ਹੀ ਮਿਲਦਾ ਹੈ) ।2।1। 24।

ਮਾਰੂ ਮਹਲਾ ੫ ॥ ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥ ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥੧॥ ਮੇਰੇ ਮਨ ਨਾਮੁ ਨਿਤ ਨਿਤ ਲੇਹ ॥ ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥ ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥ ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥੨॥੨॥੨੫॥ {ਪੰਨਾ 1006}

ਪਦ ਅਰਥ: ਸੇ = ਉਹ {ਬਹੁ-ਵਚਨ}। ਹੋਤ ਦੇਖੇ ਖੇਹ = ਖੇਹ ਹੋਤ ਦੇਖੇ, ਸੁਆਹ ਹੁੰਦੇ ਵੇਖੇ ਜਾਂਦੇ ਹਨ, ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚ ਸੜ ਕੇ ਸੁਆਹ ਹੁੰਦੇ ਵੇਖੇ ਜਾਂਦੇ ਹਨ। ਬਿਲਾਸ = ਰੰਗ-ਰਲੀਆਂ। ਬਨਿਤਾ = ਇਸਤ੍ਰੀ। ਏ ਨੇਹ = ਇਹ ਸਾਰੇ ਪਿਆਰ।1।

ਮਨ = ਹੇ ਮਨ! ਨਿਤ ਨਿਤ = ਸਦਾ ਹੀ। ਜਲਤ ਨਾਹੀ = ਸੜਦਾ ਨਹੀਂ। ਅਗਨਿ ਸਾਗਰ = ਤ੍ਰਿਸ਼ਨਾ ਦੀ ਅੱਗ ਦਾ ਸਮੁੰਦਰ। ਮਨਿ = ਮਨ ਵਿਚ। ਤਨਿ = ਤਨ ਵਿਚ। ਦੇਹ = ਸਰੀਰ।1। ਰਹਾਉ।

ਬਿਰਖ = ਰੁੱਖ। ਛਾਇਆ = ਛਾਂ। ਪਵਨ = ਹਵਾ। ਮੇਹ = ਮੇਘ, ਬੱਦਲ। ਝੂਲਤ = ਉਡਾ ਕੇ ਲੈ ਜਾਂਦੀ ਹੈ। ਦ੍ਰਿੜੁ = ਹਿਰਦੇ ਵਿਚ ਪੱਕੀ ਕਰ। ਮਿਲੁ ਸਾਧ = ਗੁਰੂ ਨੂੰ ਮਿਲ। ਤੇਰੈ ਕਾਮਿ = ਤੇਰੇ ਕੰਮ ਵਿਚ। ਏਹ = ਇਹ ਭਗਤੀ ਹੀ।2।

ਅਰਥ: ਹੇ ਮੇਰੇ ਮਨ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ। (ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰਾਂ ਵਿਚ ਸੜਦਾ ਨਹੀਂ, ਉਸ ਦੇ ਮਨ ਵਿਚ ਤਨ ਵਿਚ ਦੇਹੀ ਵਿਚ ਸੁਖ-ਆਨੰਦ ਬਣਿਆ ਰਹਿੰਦਾ ਹੈ।1। ਰਹਾਉ।

(ਹੇ ਮੇਰੇ ਮਨ!) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ (ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚ ਸੜ ਕੇ) ਸੁਆਹ ਹੁੰਦੇ ਵੇਖੇ ਜਾਂਦੇ ਹਨ। ਪੁੱਤਰ, ਮਿੱਤਰ, ਇਸਤ੍ਰੀ (ਆਦਿਕ ਸਨਬੰਧੀ ਜਿਨ੍ਹਾਂ ਨਾਲ ਮਨੁੱਖ ਦੁਨੀਆ ਦੀਆਂ) ਰੰਗ-ਰਲੀਆਂ (ਮਾਣਦਾ ਹੈ) = ਇਹ ਸਾਰੇ ਪਿਆਰ (ਆਖ਼ਿਰ) ਟੁੱਟ ਜਾਂਦੇ ਹਨ।1।

ਹੇ ਨਾਨਕ! (ਆਖ– ਹੇ ਭਾਈ!) ਜਿਵੇਂ ਰੁੱਖ ਦੀ ਛਾਂ ਨਾਸ ਹੋ ਜਾਂਦੀ ਹੈ, (ਛੇਤੀ ਬਦਲਦੀ ਜਾਂਦੀ ਹੈ) ਜਿਵੇਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ (ਤੇ ਉਹਨਾਂ ਦੀ ਛਾਂ ਮੁੱਕ ਜਾਂਦੀ ਹੈ ਇਸੇ ਤਰ੍ਹਾਂ ਦੁਨੀਆ ਦੇ ਬਿਲਾਸ ਨਾਸਵੰਤ ਹਨ) । ਹੇ ਭਾਈ! ਗੁਰੂ ਨੂੰ ਮਿਲ ਅਤੇ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਪੱਕੀ ਕਰ। ਇਹੀ ਤੇਰੇ ਕੰਮ ਆਉਣ ਵਾਲੀ ਹੈ।2। 2। 25।

ਮਾਰੂ ਮਹਲਾ ੫ ॥ ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥ ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ ॥੧॥ ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥ ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥੧॥ ਰਹਾਉ ॥ ਕ੍ਰਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ ॥ ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ ਤਿਸੁ ਸੰਗਿ ਬੀਧਿ ॥੨॥੩॥੨੬॥ {ਪੰਨਾ 1006}

ਪਦ ਅਰਥ: ਪੁਰਖੁ ਪੂਰਨ = ਸਰਬ-ਵਿਆਪਕ ਪਰਮਾਤਮਾ। ਸੁਖਹ ਦਾਤਾ = ਸਾਰੇ ਸੁਖਾਂ ਦਾ ਦੇਣ ਵਾਲਾ। ਸੰਗਿ = (ਹਰੇਕ ਦੇ) ਨਾਲ। ਨੀਤ = ਸਦਾ। ਆਵੈ ਨ ਜਾਇ = ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਸਨ = ਗਰਮੀ, ਸੋਗ। ਸੀਤ = ਠੰਢਕ, ਖ਼ੁਸ਼ੀ, ਹਰਖ। ਨ ਬਿਆਪਤ = ਜ਼ੋਰ ਨਹੀਂ ਪਾ ਸਕਦਾ।1।

ਮਨ = ਹੇ ਮਨ! ਸਿਉ = ਨਾਲ। ਮਨ ਮਹਿ = ਮਨ ਵਿਚ। ਚੇਤਿ = ਚੇਤੇ ਕਰ, ਯਾਦ ਕਰ। ਨਿਧਾਨਾ = (ਸਾਰੇ ਗੁਣਾਂ ਦਾ) ਖ਼ਜ਼ਾਨਾ। ਰੀਤਿ = ਜੀਵਨ-ਮਰਯਾਦਾ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਨਿਰਮਲ = ਪਵਿੱਤਰ।1। ਰਹਾਉ।

ਗੋਪਾਲ = ਸ੍ਰਿਸ਼ਟੀ ਦਾ ਪਾਲਣ ਵਾਲਾ। ਸੀਧਿ = ਸਿੱਧੀ, ਸਫਲਤਾ, ਕਾਮਯਾਬੀ। ਨਵਲ = ਨਵਾਂ। ਨਵਤਨ = ਨਵਾਂ। ਚਤੁਰ = ਸਿਆਣਾ। ਨਾਨਕ = ਹੇ ਨਾਨਕ! ਬੀਧਿ = ਵਿੰਨ੍ਹ ਲੈ, ਪ੍ਰੋ ਰੱਖ।2।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਨਾਲ ਪਿਆਰ ਪਾਈ ਰੱਖ। ਹੇ ਭਾਈ! ਜਿਹੜਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਉਸ ਨੂੰ ਆਪਣੇ ਮਨ ਵਿਚ ਯਾਦ ਕਰਿਆ ਕਰ। ਜ਼ਿੰਦਗੀ ਨੂੰ ਪਵਿੱਤਰ ਰੱਖਣ ਦਾ ਇਹੀ ਤਰੀਕਾ ਹੈ।1। ਰਹਾਉ।

ਹੇ ਮੇਰੇ ਮਨ! ਉਹ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ, ਅਤੇ ਸਦਾ ਹੀ (ਹਰੇਕ ਦੇ) ਨਾਲ ਵੱਸਦਾ ਹੈ। ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਉਹ ਨਾਸ-ਰਹਿਤ ਹੈ। ਨਾਹ ਖ਼ੁਸ਼ੀ ਨਾਹ ਗ਼ਮੀ = ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।1।

ਹੇ ਭਾਈ! ਪਰਮਾਤਮਾ ਕਿਰਪਾ ਦਾ ਘਰ ਹੈ ਦਇਆ ਦਾ ਸੋਮਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਗੋਬਿੰਦ ਹੈ। ਜਿਹੜਾ ਮਨੁੱਖ (ਉਸ ਦਾ ਨਾਮ) ਜਪਦਾ ਹੈ ਉਸ ਨੂੰ ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ। ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਹਰ ਵੇਲੇ ਨਵਾਂ ਹੈ (ਪਰਮਾਤਮਾ ਦਾ ਪਿਆਰ ਹਰ ਵੇਲੇ ਨਵਾਂ ਹੈ) , ਪਰਮਾਤਮਾ ਸਿਆਣਾ ਹੈ ਸੋਹਣਾ ਹੈ। ਉਸ ਨਾਲ (ਉਸ ਦੇ ਚਰਨਾਂ ਵਿਚ) ਆਪਣਾ ਮਨ ਪ੍ਰੋਈ ਰੱਖ।2।3। 26।

ਮਾਰੂ ਮਹਲਾ ੫ ॥ ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥ ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥੧॥ ਮੇਰੇ ਮਨ ਨਾਮੁ ਹਿਰਦੈ ਧਾਰਿ ॥ ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ ਰਹਾਉ ॥ ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ ਤੂ ਆਪਨ ਆਪੁ ਨਿਵਾਰਿ ॥ ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥੨॥੪॥੨੭॥ {ਪੰਨਾ 1006-1007}

ਪਦ ਅਰਥ: ਚਲਤ = ਤੁਰਦਿਆਂ ਫਿਰਦਿਆਂ। ਗੁਰ ਮੰਤ੍ਰੁ = ਗੁਰੂ ਦਾ ਉਪਦੇਸ਼। ਰਿਦੈ = ਹਿਰਦੇ ਵਿਚ। ਭਜੁ = ਜਾ ਪਉ। ਸੰਗਿ ਸਾਧੂ = ਗੁਰੂ ਦੀ ਸੰਗਤਿ ਵਿਚ। ਭਾਵ ਸਾਗਰ = ਸੰਸਾਰ-ਸਮੁੰਦਰ।1।

ਮਨ = ਹੇ ਮਨ! ਧਾਰਿ = ਟਿਕਾਈ ਰੱਖ। ਸਿਉ = ਨਾਲ। ਵਿਸਾਰਿ = ਵਿਸਾਰ ਕੇ, ਭੁਲਾ ਕੇ।1। ਰਹਾਉ।

ਜੀਉ = ਜਿੰਦ। ਆਪਨ ਆਪੁ = ਆਪਣੇ ਆਪ ਨੂੰ, ਆਪਾ-ਭਾਵ, ਅਹੰਕਾਰ। ਨਿਵਾਰਿ = ਦੂਰ ਕਰ। ਸਭਿ = ਸਾਰੇ। ਸੁਆਰਥ = ਮਨੋਰਥ, ਲੋੜਾਂ। ਨਾਨਕ = ਹੇ ਨਾਨਕ!।2।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਈ ਰੱਖ। ਹੇ ਭਾਈ! ਮਨ ਲਾ ਕੇ ਤਨ ਲਾ ਕੇ (ਤਨੋਂ ਮਨੋਂ) ਹੋਰ ਸਾਰੇ (ਚਿੰਤਾ-ਫ਼ਿਕਰ) ਭੁਲਾ ਕੇ ਪਰਮਾਤਮਾ ਨਾਲ ਪਿਆਰ ਬਣਾਈ ਰੱਖ।1। ਰਹਾਉ।

ਹੇ ਭਾਈ! ਤੁਰਦਿਆਂ ਫਿਰਦਿਆਂ, ਬੈਠਦਿਆਂ, ਸੁੱਤੇ ਪਿਆਂ, ਜਾਗਦਿਆਂ = ਹਰ ਵੇਲੇ ਗੁਰੂ ਦਾ ਉਪਦੇਸ਼ ਹਿਰਦੇ ਵਿਚ ਚੇਤੇ ਰੱਖ। ਗੁਰੂ ਦੀ ਸੰਗਤਿ ਵਿਚ ਰਹਿ ਕੇ (ਪਰਮਾਤਮਾ ਦੇ) ਚਰਨਾਂ ਦਾ ਆਸਰਾ ਲੈ, (ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ।1।

ਹੇ ਨਾਨਕ! (ਆਖ– ਹੇ ਭਾਈ) ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ = (ਸਭ ਕੁਝ) ਪਰਮਾਤਮਾ ਦੇ ਹੀ ਦਿੱਤੇ ਹੋਏ ਹਨ (ਤੂੰ ਮਾਣ ਕਿਸ ਗੱਲ ਦਾ ਕਰਦਾ ਹੈਂ?) ਆਪਾ-ਭਾਵ ਦੂਰ ਕਰ। ਗੋਬਿੰਦ ਦਾ ਭਜਨ ਕਰਿਆ ਕਰ, ਤੇਰੀਆਂ ਸਾਰੀਆਂ ਲੋੜਾਂ ਭੀ ਪੂਰੀਆਂ ਹੋਣਗੀਆਂ, ਤੇ, (ਮਨੁੱਖਾ ਜਨਮ ਦੀ ਬਾਜ਼ੀ ਭੀ) ਕਦੇ ਨਹੀਂ ਹਾਰੇਂਗਾ।2।4। 27।

TOP OF PAGE

Sri Guru Granth Darpan, by Professor Sahib Singh