ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1007

ਮਾਰੂ ਮਹਲਾ ੫ ॥ ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥ ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥ ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥ ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥ ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥ ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥ {ਪੰਨਾ 1007}

ਪਦ ਅਰਥ: ਤਜਿ = ਛੱਡ। ਆਪੁ = ਆਪਾ-ਭਾਵ। ਬਿਨਸੀ = ਨਾਸ ਹੋ ਜਾਇਗਾ। ਤਾਪੁ = ਚਿੰਤਾ-ਫ਼ਿਕਰ, ਕਲੇਸ਼। ਰੇਣ ਸਾਧੂ = ਗੁਰੂ ਦੀ ਚਰਨ-ਧੂੜ। ਥੀਉ = ਹੋ ਜਾ। ਤਿਸਹਿ = {ਤਿਸੁ ਹੀ। ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਕਰਿ = ਕਰ ਕੇ। ਦੀਉ = (ਤੂੰ) ਦਿੱਤਾ ਹੈ।1।

ਮਨ = ਹੇ ਮਨ! ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਆਨ ਸਾਦ = ਹੋਰ ਸਾਰੇ ਸੁਆਦ। ਹੋਛੇ = ਛੇਤੀ ਨਾਸ ਹੋ ਜਾਣ ਵਾਲੇ। ਅਮਰੁ = ਅਟੱਲ ਆਤਮਕ ਜੀਵਨ ਦਾ ਮਾਲਕ। ਜੁਗੁ ਜੁਗੁ = ਸਦਾ ਲਈ। ਜੀਉ = ਜੀਵੋ।1। ਰਹਾਉ।

ਨਾਮੁ ਇਕ = ਇਕ (ਪ੍ਰਭੂ) ਦਾ ਨਾਮ। ਰਸ = (ਮਾਇਕ ਪਦਾਰਥਾਂ ਦੇ) ਸੁਆਦ। ਰੰਗ = (ਦੁਨੀਆ ਦੇ) ਰੰਗ-ਤਮਾਸ਼ੇ। ਨਾਮਿ = ਨਾਮ ਵਿਚ। ਲੀਉ = ਲਿਵ। ਬੰਧਪੁ = ਰਿਸ਼ਤੇਦਾਰ। ਕੀਉ = ਕੀਤਾ। ਨਾਨਕ = ਹੇ ਨਾਨਕ!।2।

ਅਰਥ: ਹੇ ਮੇਰੇ ਮਨ! ਆਤਮਕ ਜੀਵਨ ਦੇ ਵਾਲਾ ਹਰਿ-ਨਾਮ-ਜਲ ਪੀਆ ਕਰ (ਨਾਮ ਦੀ ਬਰਕਤਿ ਨਾਲ) ਹੋਰ ਸਾਰੇ (ਮਾਇਕ ਪਦਾਰਥਾਂ ਦੇ) ਨਾਸਵੰਤ ਚਸਕੇ ਭੁਲਾ ਕੇ ਸਦਾ ਲਈ ਅਟੱਲ ਆਤਮਕ ਜੀਵਨ ਵਾਲੀ ਜ਼ਿੰਦਗੀ ਗੁਜ਼ਾਰ।1। ਰਹਾਉ।

ਹੇ ਮੇਰੇ ਮਨ! ਆਪਾ-ਭਾਵ ਛੱਡ ਦੇਹ, ਗੁਰੂ ਦੀ ਚਰਨ-ਧੂੜ ਬਣ ਜਾ, ਤੇਰਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਇਗਾ। ਹੇ ਪ੍ਰਭੂ! ਤੇਰਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮਿਹਰ ਕਰ ਕੇ ਦੇਂਦਾ ਹੈਂ।1।

ਹੇ ਨਾਨਕ! (ਆਖ– ਹੇ ਭਾਈ!) ਜਿਸ ਮਨੁੱਖ ਨੇ ਇੱਕ ਪਰਮਾਤਮਾ ਨੂੰ ਹੀ ਆਪਣਾ ਸੱਜਣ ਮਿੱਤਰ ਤੇ ਸਨਬੰਧੀ ਬਣਾ ਲਿਆ, ਉਸ ਦੀ ਲਿਵ ਸਦਾ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ (ਮਾਇਕ ਪਦਾਰਥਾਂ ਦੇ ਸੁਆਦ ਹਨ) , ਨਾਮ ਹੀ ਉਸ ਲਈ ਦੁਨੀਆ ਦੇ ਰੰਗ-ਤਮਾਸ਼ੇ ਹਨ।2।5। 28।

ਮਾਰੂ ਮਹਲਾ ੫ ॥ ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥ ਮੇਰੇ ਮਨ ਨਾਮ ਕੀ ਕਰਿ ਟੇਕ ॥ ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥ ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥ ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥ {ਪੰਨਾ 1007}

ਪਦ ਅਰਥ: ਪ੍ਰਤਿਪਾਲਿ = ਪਾਲਣਾ ਕਰ ਕੇ। ਉਦਰਿ = ਉਦਰ ਵਿਚ। ਮਾਤਾ ਉਦਰਿ = ਮਾਂ ਦੇ ਪੇਟ ਵਿਚ। ਰਾਖੈ = ਰੱਖਿਆ ਕਰਦਾ ਹੈ। ਸੋਈ = ਉਹੀ। ਸੁਆਮੀ = ਮਾਲਕ। ਈਹਾ = ਇਥੇ, ਇਸ ਜਗਤ ਵਿਚ। ਬੂਝੁ = (ਹੇ ਭਾਈ!) ਸਮਝ ਕਰ। ਬਿਬੇਕ = ਪਰਖ। ਬੁਧਿ ਬਿਬੇਕ = ਪਰਖ ਦੀ ਬੁੱਧੀ ਨਾਲ।1।

ਮਨ = ਹੇ ਮਨ! ਟੇਕ = ਸਹਾਰਾ। ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਕਰਣ = ਸ੍ਰਿਸ਼ਟੀ। ਕਰਣ ਕਾਰਣ = ਸ੍ਰਿਸ਼ਟੀ ਦਾ ਮੂਲ।1। ਰਹਾਉ।

ਚੇਤਿ = ਚੇਤੇ ਕਰ, ਯਾਦ ਕਰਦਾ ਰਹੁ। ਤਜਿ = ਤਜ ਕੇ, ਛੱਡ ਕੇ। ਸਗਲੇ = ਸਾਰੇ। ਭੇਖ = (ਵਿਖਾਲੇ ਦੇ ਧਾਰਮਿਕ) ਪਹਿਰਾਵੇ। ਨਾਨਕ = ਹੇ ਨਾਨਕ! ਸਿਮਰਿ = ਸਿਮਰ ਕੇ। ਤਰੇ = ਪਾਰ ਲੰਘ ਗਏ।2।

ਅਰਥ: ਹੇ ਮੇਰੇ ਮਨ! (ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਲੈ। ਉਸ ਪਰਮਾਤਮਾ ਨੂੰ ਹੀ (ਸਹਾਰਾ) ਸਮਝ, ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੇ ਮਨ! ਇਕ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ।1। ਰਹਾਉ।

ਹੇ ਮਨ! ਪਾਲਣਾ ਕਰ ਕੇ ਪ੍ਰਭੂ ਮਾਂ ਦੇ ਪੇਟ ਵਿਚ ਬਚਾਂਦਾ ਹੈ, (ਪੇਟ ਦੀ ਅੱਗ ਦਾ) ਸੇਕ ਲੱਗਣ ਨਹੀਂ ਦੇਂਦਾ। ਉਹੀ ਮਾਲਕ ਇਸ ਜਗਤ ਵਿਚ ਭੀ ਰੱਖਿਆ ਕਰਦਾ ਹੈ। ਹੇ ਭਾਈ! ਪਰਖ ਦੀ ਬੁੱਧੀ ਨਾਲ ਇਹ (ਸੱਚਾਈ) ਸਮਝ ਲੈ।1।

ਹੇ ਭਾਈ! ਚਤੁਰਾਈਆਂ ਛੱਡ ਕੇ (ਵਿਖਾਵੇ ਦੇ) ਸਾਰੇ (ਧਾਰਮਿਕ) ਪਹਿਰਾਵੇ ਛੱਡ ਕੇ ਆਪਣੇ ਮਨ ਵਿਚ ਪਰਮਾਤਮਾ ਨੂੰ ਯਾਦ ਕਰਦਾ ਰਹੁ। ਹੇ ਨਾਨਕ! ਪਰਮਾਤਮਾ ਦਾ ਸਦਾ ਸਿਮਰਨ ਕਰ ਕੇ ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ।2।6। 29।

ਮਾਰੂ ਮਹਲਾ ੫ ॥ ਪਤਿਤ ਪਾਵਨ ਨਾਮੁ ਜਾ ਕੋ ਅਨਾਥ ਕੋ ਹੈ ਨਾਥੁ ॥ ਮਹਾ ਭਉਜਲ ਮਾਹਿ ਤੁਲਹੋ ਜਾ ਕੋ ਲਿਖਿਓ ਮਾਥ ॥੧॥ ਡੂਬੇ ਨਾਮ ਬਿਨੁ ਘਨ ਸਾਥ ॥ ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥੧॥ ਰਹਾਉ ॥ ਸਾਧਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ ॥ ਕਰਹੁ ਕ੍ਰਿਪਾ ਮੁਰਾਰਿ ਮਾਧਉ ਸੁਣਿ ਨਾਨਕ ਜੀਵੈ ਗਾਥ ॥੨॥੭॥੩੦॥ {ਪੰਨਾ 1007}

ਪਦ ਅਰਥ: ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਕੋ = ਦਾ। ਅਨਾਥ = ਅ-ਨਾਥ, ਨਿਖਸਮੇ। ਨਾਥੁ = ਖਸਮ। ਭਉਜਲ = ਸੰਸਾਰ-ਸਮੁੰਦਰ। ਮਾਹਿ = ਵਿਚ। ਤੁਲਹੋ = ਤੁਲਹਾ, ਕੰਮ-ਟਪਾਊ ਬੇੜੀ ਜੋ ਦਰਿਆਵਾਂ ਦੇ ਕੰਢਿਆਂ ਦੇ ਲੋਕ ਸ਼ਤੀਰੀਆਂ ਆਦਿਕ ਬੰਨ੍ਹ ਕੇ ਬਣਾ ਲੈਂਦੇ ਹਨ। ਮਾਥ = ਮੱਥੇ ਉਤੇ।1।

ਘਨ = ਬਹੁਤ, ਅਨੇਕਾਂ। ਸਾਥ = ਕਾਫ਼ਲੇ, ਪੂਰਾਂ ਦੇ ਪੂਰ। ਕਰਣ ਕਾਰਣੁ = ਜਗਤ ਦਾ ਮੂਲ {ਕਰਣ = ਜਗਤ}। ਚਿਤਿ = ਚਿੱਤ ਵਿਚ। ਦੇ ਕਰਿ = ਦੇ ਕੇ।1। ਰਹਾਉ।

ਅੰਮ੍ਰਿਤ ਪਾਥ = {ਪਥ = ਰਸਤਾ} ਆਤਮਕ ਜੀਵਨ ਦੇਣ ਵਾਲਾ ਰਸਤਾ। ਮੁਰਾਰਿ = ਹੇ ਮੁਰਾਰਿ! {ਮੁਰ-ਅਰਿ}, ਹੇ ਪਰਮਾਤਮਾ! ਮਾਧਉ = {ਮਾ = ਮਾਇਆ। ਧਉ = ਧਵ, ਪਤੀ} ਹੇ ਮਾਇਆ ਦੇ ਪਤੀ ਪ੍ਰਭੂ! ਗਾਥ = ਕਥਾ, ਸਿਫ਼ਤਿ-ਸਾਲਾਹ।2।

ਅਰਥ: ਹੇ ਭਾਈ! ਜਿਹੜਾ ਪਰਮਾਤਮਾ (ਜੀਵਾਂ ਨੂੰ) ਹੱਥ ਦੇ ਕੇ ਬਚਾਂਦਾ ਹੈ ਉਸ ਦੇ ਨਾਮ ਤੋਂ ਬਿਨਾ ਪੂਰਾਂ ਦੇ ਪੂਰ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਹਨ, (ਕਿਉਂਕਿ) ਜਗਤ ਦਾ ਮੂਲ ਪਰਮਾਤਮਾ (ਉਹਨਾਂ ਦੇ) ਚਿੱਤ ਵਿਚ ਨਹੀਂ ਵੱਸਦਾ।1। ਰਹਾਉ।

ਹੇ ਭਾਈ! ਜਿਸ ਪਰਮਾਤਮਾ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ-ਜੋਗ ਹੈ, ਜਿਹੜਾ ਨਿਖਸਮਿਆਂ ਦਾ ਖਸਮ ਹੈ, ਉਹ ਪਰਮਾਤਮਾ ਇਸ ਭਿਆਨਕ ਸੰਸਾਰ-ਸਮੁੰਦਰ ਵਿਚ (ਜੀਵਾਂ ਵਾਸਤੇ) ਜਹਾਜ਼ ਹੈ। (ਪਰ ਇਹ ਉਸੇ ਨੂੰ ਮਿਲਦਾ ਹੈ) ਜਿਸ ਦੇ ਮੱਥੇ ਉਤੇ (ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ।1।

ਹੇ ਭਾਈ! ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਉੱਚਾਰਦੇ ਰਹਿਣਾ = ਇਹੀ ਹੈ ਆਤਮਕ ਜੀਵਨ ਦੇਣ ਵਾਲਾ ਰਸਤਾ। ਹੇ ਨਾਨਕ! (ਆਖ-) ਹੇ ਮੁਰਾਰੀ! ਹੇ ਮਾਧੋ! ਮਿਹਰ ਕਰ (ਤਾ ਕਿ ਤੇਰਾ ਦਾਸ ਤੇਰੀ) ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ।2।7। 30।

ਮਾਰੂ ਅੰਜੁਲੀ ਮਹਲਾ ੫ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥ ਪੰਚ ਧਾਤੁ ਕਰਿ ਪੁਤਲਾ ਕੀਆ ॥ ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥ ਜਿਥੈ ਅਗਨਿ ਭਖੈ ਭੜਹਾਰੇ ॥ ਊਰਧ ਮੁਖ ਮਹਾ ਗੁਬਾਰੇ ॥ ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥ ਵਿਚਹੁ ਗਰਭੈ ਨਿਕਲਿ ਆਇਆ ॥ ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥ ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥ ਮਿਹਰਵਾਨਿ ਰਖਿ ਲਇਅਨੁ ਆਪੇ ॥ ਜੀਅ ਜੰਤ ਸਭਿ ਤਿਸ ਕੇ ਥਾਪੇ ॥ ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥ {ਪੰਨਾ 1007}

ਅੰਜੁਲੀ = ਬੁੱਕ, (ਆਪਣੇ ਇਸ਼ਟ ਪਾਸੋਂ ਖ਼ੈਰ ਮੰਗਣ ਲਈ ਅੱਡਿਆ ਹੋਇਆ ਬੁੱਕ) , ਦੋਵੇਂ ਹੱਥ ਜੋੜ ਕੇ ਕੀਤੀ ਹੋਈ ਅਰਜ਼ੋਈ।

ਪਦ ਅਰਥ: ਸੰਜੋਗੁ = ਮਿਲਾਪ (ਜਿੰਦ ਤੇ ਸਰੀਰ ਦਾ) । ਵਿਜੋਗੁ = ਵਿਛੋੜਾ (ਜਿੰਦ ਤੇ ਸਾਗਰ ਦਾ) । ਧੁਰਹੁ = ਪਰਮਾਤਮਾ ਦੇ ਹੁਕਮ ਅਨੁਸਾਰ। ਪੰਚ ਧਾਤੁ = (ਪੌਣ, ਪਾਣੀ, ਅੱਗ, ਮਿੱਟੀ, ਆਕਾਸ਼ = ਇਹ) ਪੰਜ ਤੱਤ। ਕਰਿ = ਮਿਲਾ ਕੇ। ਪੁਤਲਾ = ਸਰੀਰ।

ਫੁਰਮਾਇਅੜਾ = ਫ਼ੁਰਮਾਇਆ ਹੋਇਆ ਹੁਕਮ। ਕੈ ਫੁਰਮਾਇਅੜੈ = ਦੇ ਹੁਕਮ ਅਨੁਸਾਰ। ਸਾਹ = ਸ਼ਾਹ। ਸਾਹੈ ਕੈ ਫੁਰਮਾਇਅੜੈ = ਸ਼ਾਹ ਦੇ ਕੀਤੇ ਹੁਕਮ ਅਨੁਸਾਰ। ਜੀ = ਹੇ ਭਾਈ! ਦੇਹੀ = ਸਰੀਰ। ਜੀਉ = ਜੀਵਾਤਮਾ।1।

ਜਿਥੈ = ਜਿਸ ਥਾਂ ਵਿਚ। ਅਗਨਿ = ਅੱਗ। ਭਖੈ = ਭਖਦੀ ਹੈ, ਬਲਦੀ ਹੈ। ਭੜਹਾਰੇ = ਭੜ ਭੜ ਕਰ ਕੇ, ਬੜੀ ਤੇਜ਼। ਊਰਧ = ਉਲਟਾ। ਊਰਧ ਮੁਖ = ਉਲਟੇ-ਮੂੰਹ। ਗੁਬਾਰੇ = ਘੁੱਪ ਹਨੇਰੇ ਵਿਚ। ਸਾਸਿ = ਸਾਹ ਨਾਲ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸੋਈ = ਉਹੀ ਜੀਵ। ਸਮਾਲੇ = ਯਾਦ ਕਰਦਾ ਹੈ। ਖਸਮਿ = ਖਸਮ ਨੇ।2।

ਵਿਸਾਰਿ = ਭੁਲਾ ਕੇ। ਦੁਨੀ = ਦੁਨੀਆ ਵਿਚ, ਦੁਨੀਆ ਦੇ ਪਦਾਰਥਾਂ ਵਿਚ। ਆਵੈ ਜਾਇ = ਜੰਮਦਾ ਹੈ ਮਰਦਾ ਹੈ। ਭਵਾਈਐ ਜੋਨੀ = ਜੂਨਾਂ ਵਿਚ ਭਵਾਇਆ ਜਾਂਦਾ ਹੈ। ਕਿਤ ਹੀ = ਕਿਤੇ ਭੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਤੁ' ਦਾ ੁ ਉੱਡ ਗਿਆ ਹੈ}। ਥਾਇ = ਥਾਂ ਵਿਚ। ਕਿਤ ਹੀ ਥਾਇ = ਕਿਸੇ ਭੀ ਥਾਂ ਵਿਚ। ਰਹਣੁ = ਟਿਕਾਣਾ।3।

ਮਿਹਰਵਾਨਿ = ਮਿਹਰਵਾਨ ਨੇ। ਰਖਿ ਲਇਅਨੁ = ਰੱਖ ਲਏ ਹਨ, ਬਚਾ ਲਏ ਹਨ। ਸਭਿ = ਸਾਰੇ। ਤਿਸ ਕੇ = ਉਸ (ਪਰਮਾਤਮਾ) ਦੇ। ਥਾਪੇ = ਪੈਦਾ ਕੀਤੇ ਹੋਏ। ਜਿਣਿ = ਜਿੱਤ ਕੇ। ਆਇਆ = ਜਨਮਿਆ ਹੋਇਆ।4।

ਅਰਥ: ਹੇ ਭਾਈ! (ਜਿੰਦ ਤੇ ਸਰੀਰ ਦਾ) ਮਿਲਾਪ ਅਤੇ ਵਿਛੋੜਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। (ਪਰਮਾਤਮਾ ਦੇ ਹੁਕਮ ਵਿਚ ਹੀ) ਪੰਜ ਤੱਤ (ਇਕੱਠੇ) ਕਰ ਕੇ ਸਰੀਰ ਬਣਾਇਆ ਜਾਂਦਾ ਹੈ। ਪ੍ਰਭੂ-ਪਾਤਿਸ਼ਾਹ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਸਰੀਰ ਵਿਚ ਆ ਟਿਕਦਾ ਹੈ।1।

ਹੇ ਭਾਈ! ਜਿੱਥੇ (ਮਾਂ ਦੇ ਪੇਟ ਵਿਚ ਪੇਟ ਦੀ) ਅੱਗ ਬੜੀ ਭਖਦੀ ਹੈ, ਉਸ ਭਿਆਨਕ ਹਨੇਰੇ ਵਿਚ ਜੀਵ ਉਲਟੇ-ਮੂੰਹ ਪਿਆ ਰਹਿੰਦਾ ਹੈ। ਜੀਵ (ਉਥੇ ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਥਾਂ ਮਾਲਕ-ਪ੍ਰਭੂ ਨੇ ਹੀ ਜੀਵ ਨੂੰ ਬਚਾਇਆ ਹੁੰਦਾ ਹੈ।2।

ਹੇ ਭਾਈ! ਜਦੋਂ ਜੀਵ ਮਾਂ ਦੇ ਪੇਟ ਵਿਚੋਂ ਬਾਹਰ ਆ ਜਾਂਦਾ ਹੈ, ਮਾਲਕ-ਪ੍ਰਭੂ ਨੂੰ ਭੁਲਾ ਕੇ ਦੁਨੀਆ ਦੇ ਪਦਾਰਥਾਂ ਵਿਚ ਚਿੱਤ ਜੋੜ ਲੈਂਦਾ ਹੈ। (ਪ੍ਰਭੂ ਨੂੰ ਵਿਸਾਰਨ ਕਰਕੇ) ਜੰਮਣ ਮਰਨ ਦੇ ਗੇੜ ਵਿਚ (ਜੀਵ) ਪੈ ਜਾਂਦਾ ਹੈ, ਜੂਨਾਂ ਵਿਚ ਪਾਇਆ ਜਾਂਦਾ ਹੈ, ਕਿਸੇ ਇੱਕ ਥਾਂ ਇਸ ਨੂੰ ਟਿਕਾਣਾ ਨਹੀਂ ਮਿਲਦਾ।3।

ਹੇ ਭਾਈ! ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ, ਉਸ ਮਿਹਰਵਾਨ (ਪ੍ਰਭੂ) ਨੇ ਆਪ ਹੀ (ਕਈ ਜੀਵ ਜਨਮ ਮਰਨ ਦੇ ਗੇੜ ਤੋਂ) ਬਚਾਏ ਹਨ।

ਹੇ ਨਾਨਕ! ਜਿਹੜਾ ਮਨੁੱਖ (ਪਰਮਾਤਮਾ ਦੇ ਨਾਮ ਦੀ ਰਾਹੀਂ) ਇਸ ਕੀਮਤੀ ਜਨਮ (ਦੀ ਬਾਜ਼ੀ) ਨੂੰ ਜਿੱਤ ਕੇ ਇਥੋਂ ਤੁਰਦਾ ਹੈ, ਉਹ ਇਸ ਜਗਤ ਵਿਚ ਆਇਆ ਹੋਇਆ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।4।1। 31।

TOP OF PAGE

Sri Guru Granth Darpan, by Professor Sahib Singh