ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1008

ਮਾਰੂ ਮਹਲਾ ੫ ॥ ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ ॥੧॥ ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ ਸੋ ਸਿਮਰਹੁ ਪਰਧਾਨੁ ਹੇ ॥੨॥ ਘਟਿ ਘਟੇ ਵਾਸੀ ਸਰਬ ਨਿਵਾਸੀ ਅਸਥਿਰੁ ਜਾ ਕਾ ਥਾਨੁ ਹੇ ॥੩॥ ਆਵੈ ਨ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਕਾਮੁ ਹੇ ॥੪॥ ਭਗਤ ਜਨਾ ਕਾ ਰਾਖਣਹਾਰਾ ॥ ਸੰਤ ਜੀਵਹਿ ਜਪਿ ਪ੍ਰਾਨ ਅਧਾਰਾ ॥ ਕਰਨ ਕਾਰਨ ਸਮਰਥੁ ਸੁਆਮੀ ਨਾਨਕੁ ਤਿਸੁ ਕੁਰਬਾਨੁ ਹੇ ॥੫॥੨॥੩੨॥ {ਪੰਨਾ 1008}

ਪਦ ਅਰਥ: ਵੈਦੋ = ਵੈਦ, ਹਕੀਮ। ਵੈਦੋ ਨ ਵਾਈ = ਨਾਹ ਕੋਈ ਵੈਦ ਤੇ ਨਾਹ ਕਿਸੇ ਵੈਦ ਦੀ ਦਵਾਈ। ਵਾਈ = ਦਵਾਈ। ਸਹਾਈ = ਮਦਦ ਕਰਨ ਵਾਲਾ।1।

ਜਿਸੋ = ਜਿਸੁ, ਜਿਸ ਦਾ। ਮਲੋ = ਮਲੁ, ਮੈਲ। ਪਰਧਾਨੁ = ਸ਼ਿਰੋਮਣੀ।2।

ਘਟਿ ਘਟੇ = ਘਟਿ ਘਟਿ, ਹਰੇਕ ਸਰੀਰ ਵਿਚ। ਵਾਸੀ = ਵੱਸਣ ਵਾਲਾ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਥਾਨੁ = ਥਾਂ, ਟਿਕਾਣਾ।3।

ਆਵੈ ਨ ਜਾਵੈ = ਨਾਹ ਜੰਮਦਾ ਹੈ ਨਾਹ ਮਰਦਾ ਹੈ। ਸੰਗੇ = (ਹਰੇਕ ਦੇ) ਨਾਲ ਹੀ। ਸਮਾਵੈ = ਗੁਪਤ ਵੱਸਦਾ ਹੈ। ਪੂਰਨ = ਮੁਕੰਮਲ, ਅਭੁੱਲ। ਕਾਮੁ = ਕੰਮ।4।

ਜੀਵਹਿ = {ਬਹੁ-ਵਚਨ} ਜੀਊਂਦੇ ਹਨ। ਜਪਿ = ਜਪ ਕੇ। ਪ੍ਰਾਨ ਅਧਾਰਾ = ਜਿੰਦ ਦਾ ਆਸਰਾ। ਕਰਨ ਕਾਰਨ = ਜਗਤ ਦਾ ਮੂਲ {ਕਰਨ = ਸ੍ਰਿਸ਼ਟੀ}। ਸਮਰਥੁ = ਸਭ ਤਾਕਤਾਂ ਦਾ ਮਾਲਕ। ਤਿਸੁ = ਉਸ ਤੋਂ। ਕੁਰਬਾਨੁ = ਸਦਕੇ। ਹੇ = ਹੈ।5।

ਅਰਥ: ਹੇ ਭਾਈ! (ਦੁੱਖ-ਦਰਦ ਦੇ ਵੇਲੇ) ਸਿਰਫ਼ ਇਕ ਪਰਮਾਤਮਾ ਹੀ ਮਦਦ ਕਰਨ ਵਾਲਾ ਹੁੰਦਾ ਹੈ। ਨਾਹ ਕੋਈ ਵੈਦ ਨਾਹ ਕਿਸੇ ਵੈਦ ਦੀ ਦਵਾਈ; ਨਾਹ ਕੋਈ ਭੈਣ ਨਾਹ ਕੋਈ ਭਰਾ = ਕੋਈ ਭੀ ਮਦਦ ਕਰਨ ਜੋਗਾ ਨਹੀਂ ਹੁੰਦਾ।1।

ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਜਿਸ ਦਾ ਕੀਤਾ ਹਰੇਕ ਕੰਮ (ਜਗਤ ਵਿਚ) ਹੋ ਰਿਹਾ ਹੈ, ਜੋ (ਜੀਵਾਂ ਦੇ) ਪਾਪਾਂ ਦੀ ਮੈਲ ਧੋਂਦਾ ਹੈ। ਹੇ ਭਾਈ! ਉਹ ਪਰਮਾਤਮਾ ਹੀ (ਜਗਤ ਵਿਚ) ਸ਼ਿਰੋਮਣੀ ਹੈ।2।

ਹੇ ਭਾਈ! (ਉਸ ਪਰਮਾਤਮਾ ਦਾ ਹੀ ਸਿਮਰਨ ਕਰੋ) ਜਿਸ ਦਾ ਆਸਣ ਸਦਾ ਅਡੋਲ ਰਹਿਣ ਵਾਲਾ ਹੈ, ਜੋ ਹਰੇਕ ਸਰੀਰ ਵਿਚ ਵੱਸਦਾ ਹੈ, ਜੋ ਸਭ ਜੀਵਾਂ ਵਿਚ ਨਿਵਾਸ ਰੱਖਣ ਵਾਲਾ ਹੈ।3।

ਹੇ ਭਾਈ! (ਉਸੇ ਪਰਮਾਤਮਾ ਦਾ ਹੀ ਸਿਮਰਨ ਕਰੋ) ਜਿਸ ਦਾ ਹਰੇਕ ਕੰਮ ਮੁਕੰਮਲ (ਅਭੁੱਲ) ਹੈ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ, ਪਰ ਹਰੇਕ ਜੀਵ ਦੇ ਨਾਲ ਗੁਪਤ ਵੱਸਦਾ ਹੈ।4।

ਹੇ ਭਾਈ! ਉਹ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ, ਉਹ ਹਰੇਕ ਦੇ ਪ੍ਰਾਣਾਂ ਦਾ ਆਸਰਾ ਹੈ। ਸੰਤ ਜਨ (ਉਸ ਦਾ ਨਾਮ) ਜਪ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ। ਉਹ ਪਰਮਾਤਮਾ ਇਸ ਜਗਤ-ਰਚਨਾ ਦਾ ਮੂਲ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਭ ਦਾ ਖਸਮ ਹੈ। ਹੇ ਭਾਈ! ਨਾਨਕ (ਸਦਾ) ਉਸ ਤੋਂ ਸਦਕੇ ਜਾਂਦਾ ਹੈ।5।2। 32।

ਨੋਟ: ਮਾਰੂ ਰਾਗ ਵਿਚ 'ਮਹਲਾ 5' ਦੇ 32 ਸ਼ਬਦ ਹਨ। 'ਮਹਲਾ 3' ਦੇ 5 ਸ਼ਬਦ ਅਤੇ 'ਮਹਲਾ 4' ਦੇ 8 ਸ਼ਬਦ ਹਨ।

ਗੁਰੂ ਨਾਨਕ ਦੇਵ ਜੀ ਦੇ 12 ਸ਼ਬਦ ਹਨ।

ਕੁੱਲ ਵੇਰਵਾ ਇਉਂ ਹੈ:
ਮਹਲਾ 1 . . . . . .12
ਮਹਲਾ 3 . . . . . .5
ਮਹਲਾ 4 . . . . . .8
ਮਹਲਾ 5 . . . . . .32
. . ਜੋੜ . . . . . . . 57

ੴ ਸਤਿਗੁਰ ਪ੍ਰਸਾਦਿ ॥ ਮਾਰੂ ਮਹਲਾ ੯ ॥ ਹਰਿ ਕੋ ਨਾਮੁ ਸਦਾ ਸੁਖਦਾਈ ॥ ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥ ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥ ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥ ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥ ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥ {ਪੰਨਾ 1008}

ਪਦ ਅਰਥ: ਕੋ = ਦਾ। ਸੁਖਦਾਈ = ਆਤਮਕ ਆਨੰਦ ਦੇਣ ਵਾਲਾ ਹੈ। ਕਉ = ਨੂੰ। ਸਿਮਰਿ = ਸਿਮਰ ਕੇ। ਅਜਾਮਲੁ = {ਇਸ ਨੇ ਇਕ ਮਹਾਤਮਾ ਦੇ ਕਹੇ ਆਪਣੇ ਪੁੱਤਰ ਦਾ ਨਾਮ 'ਨਾਰਾਇਣ' ਰੱਖਿਆ ਸੀ। 'ਨਾਰਾਇਣ, ਨਾਰਾਇਣ' ਆਖਦਿਆਂ ਸਚ-ਮੁਚ 'ਨਾਰਾਇਣ-ਪਰਮਾਤਮਾ' ਨਾਲ ਇਸ ਦਾ ਪਿਆਰ ਬਣ ਗਿਆ}। ਉਧਰਿਓ = ਵਿਕਾਰਾਂ ਤੋਂ ਬਚ ਗਿਆ। ਗਨਿਕਾ = ਵੇਸਵਾ (ਤੋਤੇ ਨੂੰ 'ਰਾਮ ਨਾਮ' ਪੜ੍ਹਾਂਦਿਆਂ ਇਸ ਦੀ ਆਪਣੀ ਲਿਵ ਭੀ ਪਰਮਾਤਮਾ ਵਿਚ ਲੱਗ ਗਈ}। ਹੂ = ਭੀ। ਗਤਿ = ਉੱਚੀ ਆਤਮਕ ਅਵਸਥਾ।1। ਰਹਾਉ।

ਪੰਚਾਲੀ = ਪੰਚਾਲ ਦੇਸ ਦੀ ਰਾਜ-ਕੁਮਾਰੀ, ਦ੍ਰੋਪਦੀ। ਰਾਜ ਸਭਾ ਮਹਿ = ਰਾਜ-ਸਭਾ ਵਿਚ, ਦੁਰਯੋਧਨ ਦੇ ਦਰਬਾਰ ਵਿਚ। ਸੁਧਿ = ਸੂਝ। ਰਾਮ ਨਾਮ ਸੁਧਿ = ਪਰਮਾਤਮਾ ਦੇ ਨਾਮ ਦਾ ਧਿਆਨ {ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਜੋ "ਹਾ ਹਾ ਕ੍ਰਿਸ਼ਨ ਕਰੈ" ਲਿਖਿਆ ਹੈ, ਉਹ ਆਮ ਪਰਚਲਤ ਕਹਾਣੀ ਦਾ ਹਵਾਲਾ ਹੈ। ਉਹਨਾਂ ਦਾ ਆਪਣਾ ਸਿੱਧਾਂਤ ਅਖ਼ੀਰ ਤੇ ਹੈ ਕਿ "ਨਾਥੁ ਅਨਾਥਾਂ ਬਾਣ ਧੁਰਾਂ ਦੀ"}। ਕੋ = ਦਾ। ਹਰਿਓ = ਦੂਰ ਕੀਤਾ। ਕਰੁਣਾਮੈ = {ਕਰੁਣਾ = ਤਰਸ} ਤਰਸ-ਸਰੂਪ ਪਰਮਾਤਮਾ। ਪੈਜ = ਇੱਜ਼ਤ, ਨਾਮਣਾ।1।

ਜਿਹ ਨਰ = ਜਿਨ੍ਹਾਂ ਬੰਦਿਆਂ ਨੇ। ਕਿਰਪਾ ਨਿਧਿ ਜਸੁ = ਕਿਰਪਾ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ। ਸਹਾਈ = ਮਦਦਗਾਰ। ਕਹੁ = ਆਖ। ਨਾਨਕ = ਹੇ ਨਾਨਕ! ਇਹੀ ਭਰੋਸੈ = ਇਸੇ ਭਰੋਸੇ ਤੇ। ਗਹੀ = ਫੜੀ। ਆਨਿ = ਆ ਕੇ।2।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ, ਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਿਕਾਰਾਂ ਤੋਂ ਬਚ ਗਿਆ ਸੀ, (ਇਸ ਨਾਮ ਨੂੰ ਸਿਮਰ ਕੇ) ਵੇਸੁਆ ਨੇ ਭੀ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ।1। ਰਹਾਉ।

ਹੇ ਭਾਈ! ਦੁਰਯੋਧਨ ਦੇ ਰਾਜ-ਦਰਬਾਰ ਵਿਚ ਦ੍ਰੋਪਦੀ ਨੇ (ਭੀ) ਪਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਸੀ, ਤੇ, ਤਰਸ-ਸਰੂਪ ਪਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ ਸੀ, (ਤੇ ਇਸ ਤਰ੍ਹਾਂ) ਆਪਣਾ ਨਾਮਣਾ ਵਧਾਇਆ ਸੀ।1।

ਹੇ ਭਾਈ! ਜਿਨ੍ਹਾਂ ਭੀ ਬੰਦਿਆਂ ਨੇ ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਪਰਮਾਤਮਾ ਉਹਨਾਂ ਨੂੰ ਮਦਦਗਾਰ (ਹੋ ਕੇ) ਬਹੁੜਿਆ। ਹੇ ਨਾਨਕ! ਆਖ– ਮੈਂ ਭੀ ਇਸੇ ਹੀ ਭਰੋਸੇ ਤੇ ਆ ਕੇ ਪਰਮਾਤਮਾ ਦੀ ਹੀ ਸਰਨ ਲਈ ਹੈ।2।1।

ਮਾਰੂ ਮਹਲਾ ੯ ॥ ਅਬ ਮੈ ਕਹਾ ਕਰਉ ਰੀ ਮਾਈ ॥ ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨ੍ਹ੍ਹਾਈ ॥੧॥ ਰਹਾਉ ॥ ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥ ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥੧॥ ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ ॥ ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥੨॥੨॥ {ਪੰਨਾ 1008}

ਪਦ ਅਰਥ: ਅਬ = ਹੁਣ, ਜਵਾਨੀ ਦਾ ਸਮਾ ਲੰਘਾ ਕੇ। ਕਹਾ = ਕੀਹ? ਕਰਉ = ਕਰਉਂ, ਮੈਂ ਕਰਾਂ। ਰੀ ਮਾਈ = ਹੇ ਮਾਂ! {ਲਫ਼ਜ਼ 'ਰੀ' ਇਸਤ੍ਰੀ ਲਿੰਗ ਹੈ, 'ਰੇ' ਪੁਲਿੰਗ। "ਕਹਤ ਕਬੀਰ ਸੁਨਹੁ ਰੇ ਲੋਈ" ਵਿਚ 'ਰੇ' ਪੁਲਿੰਗ ਹੈ। ਲਫ਼ਜ਼ 'ਲੋਈ' ਕਬੀਰ ਜੀ ਦੀ ਵਹੁਟੀ ਵਾਸਤੇ ਨਹੀਂ ਹੈ}। ਸਗਲ = ਸਾਰਾ। ਬਿਖਿਅਨ ਸਿਉ = ਵਿਸ਼ੇ-ਵਿਕਾਰਾਂ ਨਾਲ। ਕਨ੍ਹ੍ਹਾਈ = ਕਨ੍ਹਈਆ, ਪਰਮਾਤਮਾ।1। ਰਹਾਉ।

ਫਾਸ = ਫਾਹੀ। ਕਾਲ = ਮੌਤ। ਗਰ ਮਹਿ = ਗਲ ਵਿਚ। ਮੇਲੀ = ਪਾ ਦਿੱਤੀ। ਤਿਹ = ਉਸ ਦੀ। ਸੁਧਿ = ਹੋਸ਼। ਬਿਸਰਾਈ = ਭੁਲਾ ਦਿੱਤੀ। ਯਾ ਸੰਕਟ ਮਹਿ = ਇਸ ਬਿਪਤਾ ਵਿਚ। ਕੋ = ਕੌਣ? ਸਹਾਈ = ਮਦਦਗਾਰ।1।

ਸੰਪਤਿ = ਸੰਪੱਤੀ, ਧਨ-ਪਦਾਰਥ। ਕਰਿ ਮਾਨੀ = ਕਰ ਕੇ ਮੰਨੀ ਸੀ, ਸਮਝ ਲਈ ਹੋਈ ਸੀ। ਪਰਾਈ = ਬਿਗਾਨੀ। ਸੋਚ = ਪਛੁਤਾਵਾ। ਮਨਿ = ਮਨ ਵਿਚ।2।

{ਨੋਟ: ਭੂਤ ਕਾਲ ਨੂੰ ਵਰਤਮਾਨ ਸਮਝਣਾ ਹੈ, ਇਹ ਹਾਲਤ ਸਦਾ ਹੀ ਹੁੰਦੀ ਰਹਿੰਦੀ ਹੈ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਜਗਤ ਦੀ ਆਮ ਦਸ਼ਾ ਦੱਸ ਰਹੇ ਹਨ। }

ਅਰਥ: ਹੇ ਮਾਂ! ਵੇਲਾ ਵਿਹਾ ਜਾਣ ਤੇ ਮੈਂ ਕੀਹ ਕਰ ਸਕਦਾ ਹਾਂ? (ਭਾਵ, ਵੇਲਾ ਵਿਹਾ ਜਾਣ ਤੇ ਮਨੁੱਖ ਕੁਝ ਭੀ ਨਹੀਂ ਕਰ ਸਕਦਾ) । ਜਿਸ ਮਨੁੱਖ ਨੇ ਸਾਰੀ ਜ਼ਿੰਦਗੀ ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਤੇ, ਪਰਮਾਤਮਾ ਦਾ ਸਿਮਰਨ ਕਦੇ ਭੀ ਨਾਹ ਕੀਤਾ (ਉਹ ਸਮਾ ਖੁੰਝ ਜਾਣ ਤੇ ਫਿਰ ਕੁਝ ਨਹੀਂ ਕਰ ਸਕਦਾ) ।1। ਰਹਾਉ।

ਹੇ ਮਾਂ! ਜਦੋਂ ਜਮਰਾਜ (ਮਨੁੱਖ ਦੇ) ਗਲ ਵਿਚ ਮੌਤ ਦੀ ਫਾਹੀ ਪਾ ਦੇਂਦਾ ਹੈ, ਤਦੋਂ ਉਹ ਉਸ ਦੀ ਸਾਰੀ ਸੁਧ-ਬੁਧ ਭੁਲਾ ਦੇਂਦਾ ਹੈ। ਉਸ ਬਿਪਤਾ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਮਦਦਗਾਰ ਨਹੀਂ ਬਣ ਸਕਦਾ (ਜਮਾਂ ਦੀ ਫਾਹੀ ਤੋਂ, ਆਤਮਕ ਮੌਤ ਤੋਂ ਸਹਿਮ ਤੋਂ ਸਿਰਫ਼ ਹਰਿ-ਨਾਮ ਹੀ ਬਚਾਂਦਾ ਹੈ) ।1।

ਹੇ ਮਾਂ! ਜਿਹੜੇ ਧਨ-ਪਦਾਰਥ ਨੂੰ ਮਨੁੱਖ ਸਦਾ ਆਪਣਾ ਸਮਝੀ ਰੱਖਦਾ ਹੈ (ਜਦੋਂ ਮੌਤ ਆਉਂਦੀ ਹੈ, ਉਹ ਧਨ-ਪਦਾਰਥ) ਇਕ ਖਿਨ ਵਿਚ ਬਿਗਾਨਾ ਹੋ ਜਾਂਦਾ ਹੈ। ਹੇ ਨਾਨਕ! ਆਖ– ਉਸ ਵੇਲੇ ਮਨੁੱਖ ਦੇ ਮਨ ਵਿਚ ਇਹ ਪਛੁਤਾਵਾ ਰਹਿ ਜਾਂਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਦੇ ਭੀ ਨਾਹ ਕੀਤੀ।2। 2।

ਮਾਰੂ ਮਹਲਾ ੯ ॥ ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥ ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥੧॥ ਰਹਾਉ ॥ ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ॥ ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ ॥੧॥ ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ॥ ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥ {ਪੰਨਾ 1008}

ਪਦ ਅਰਥ: ਮਾਈ = ਹੇ ਮਾਂ! ਕੋ = ਦਾ। ਮਦਿ = ਨਸ਼ੇ ਵਿਚ। ਸਿਰਾਇਓ = ਗੁਜ਼ਾਰਿਆ।1। ਰਹਾਉ।

ਡੰਡੁ = ਡੰਡਾ। ਪਰਿਓ = ਪਿਆ। ਊਪਰਿ = ਉੱਤੇ। ਸੋਵਤ ਤੇ = ਸੁੱਤੇ ਰਹਿਣ ਤੋਂ। ਕਹਾ ਹੋਤ = ਕੀਹ ਹੋ ਸਕਦਾ ਹੈ? ਛੂਟਤ ਨਾਹਿਨ ਭਾਗਿਓ = ਭੱਜਿਆਂ (ਜਮ ਤੋਂ) ਖ਼ਲਾਸੀ ਨਹੀਂ ਹੋ ਸਕਦੀ।1।

ਉਪਜੀ = ਪੈਦਾ ਹੋਈ। ਘਟ ਮਹਿ = ਹਿਰਦੇ ਵਿਚ। ਅਨੁਰਾਗਿਓ = ਪਿਆਰ ਪਾਇਆ। ਸੁਫਲੁ = ਕਾਮਯਾਬ। ਜਉ = ਜਦੋਂ। ਪ੍ਰਭ ਜਸ ਮਹਿ = ਪ੍ਰਭੂ ਦੇ ਜਸ ਵਿਚ। ਪਾਗਿਓ = (ਮੈਂ) ਪਿਆ।2।

ਅਰਥ: ਹੇ ਮਾਂ! (ਜਦੋਂ ਤੋਂ ਮੈਂ ਗੁਰੂ-ਚਰਨਾਂ ਵਿਚ ਪਿਆਰ ਪਾਇਆ ਹੈ, ਤਦੋਂ ਤੋਂ ਮੈਨੂੰ ਪਛੁਤਾਵਾ ਲੱਗਾ ਹੈ ਕਿ) ਮੈਂ ਆਪਣੇ ਮਨ ਦਾ ਅਹੰਕਾਰ ਨਾਹ ਛੱਡਿਆ। ਮਾਇਆ ਦੇ ਨਸ਼ੇ ਵਿਚ ਮੈਂ ਆਪਣੀ ਉਮਰ ਗੁਜ਼ਾਰ ਦਿੱਤੀ, ਤੇ, ਪਰਮਾਤਮਾ ਦੇ ਭਜਨ ਵਿਚ ਮੈਂ ਨਾਹ ਲੱਗਾ।1। ਰਹਾਉ।

(ਹੇ ਭਾਈ! ਮਨੁੱਖ ਮਾਇਆ ਦੀ ਨੀਂਦ ਵਿਚ ਗ਼ਾਫ਼ਿਲ ਪਿਆ ਰਹਿੰਦਾ ਹੈ) ਜਦੋਂ ਜਮਦੂਤ ਦਾ ਡੰਡਾ (ਇਸ ਦੇ) ਸਿਰ ਉੱਤੇ ਵੱਸਦਾ ਹੈ, ਤਦੋਂ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁੱਤਾ ਹੋਇਆ ਜਾਗਦਾ ਹੈ। ਪਰ ਉਸ ਵੇਲੇ ਦੇ ਪਛੁਤਾਵੇ ਨਾਲ ਕੁਝ ਸੰਵਰਦਾ ਨਹੀਂ, (ਕਿਉਂਕਿ ਉਸ ਵੇਲੇ ਜਮਾਂ ਪਾਸੋਂ) ਭੱਜਿਆਂ ਖ਼ਲਾਸੀ ਨਹੀਂ ਹੋ ਸਕਦੀ।1।

ਹੇ ਭਾਈ! ਜਦੋਂ ਮਨੁੱਖ ਗੁਰੂ ਦੇ ਚਰਨਾਂ ਵਿਚ ਪਿਆਰ ਪਾਂਦਾ ਹੈ, ਤਦੋਂ ਉਸ ਦੇ ਹਿਰਦੇ ਵਿਚ ਇਹ ਫੁਰਨਾ ਉੱਠਦਾ ਹੈ (ਕਿ ਪ੍ਰਭੂ ਦੇ ਭਜਨ ਤੋਂ ਬਿਨਾ ਉਮਰ ਵਿਅਰਥ ਹੀ ਬੀਤਦੀ ਰਹੀ) । ਹੇ ਨਾਨਕ! ਮਨੁੱਖ ਦੀ ਜ਼ਿੰਦਗੀ ਕਾਮਯਾਬ ਤਦੋਂ ਹੀ ਹੁੰਦੀ ਹੈ ਜਦੋਂ (ਇਹ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜਦਾ ਹੈ।2।3।

ਮਾਰੂ ਅਸਟਪਦੀਆ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ॥ ਅਠਸਠਿ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ ॥ ਸਾਚੋ ਸਾਹਿਬੁ ਨਿਰਮਲੋ ਮਨਿ ਮਾਨੈ ਏਕਾ ॥੧॥ ਤੂ ਅਜਰਾਵਰੁ ਅਮਰੁ ਤੂ ਸਭ ਚਾਲਣਹਾਰੀ ॥ ਨਾਮੁ ਰਸਾਇਣੁ ਭਾਇ ਲੈ ਪਰਹਰਿ ਦੁਖੁ ਭਾਰੀ ॥੧॥ ਰਹਾਉ ॥ ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ ॥ ਗੁਰਿ ਪੂਰੈ ਪੂਰੀ ਮਤਿ ਹੈ ਪੂਰੈ ਸਬਦਿ ਬੀਚਾਰਾ ॥ ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ ॥੨॥ ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ ॥ ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥ ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ ॥੩॥ ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ ॥ ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ ॥ ਗੁਰਮਤੀ ਜਗਜੀਵਨੁ ਮਨਿ ਵਸੈ ਸਭਿ ਕੁਲ ਉਧਾਰਣਹਾਰ ॥੪॥ ਸਚਾ ਵਖਰੁ ਨਾਮੁ ਹੈ ਸਚਾ ਵਾਪਾਰਾ ॥ ਲਾਹਾ ਨਾਮੁ ਸੰਸਾਰਿ ਹੈ ਗੁਰਮਤੀ ਵੀਚਾਰਾ ॥ ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ ॥੫॥ ਸਾਚੀ ਸੰਗਤਿ ਥਾਨੁ ਸਚੁ ਸਚੇ ਘਰ ਬਾਰਾ ॥ ਸਚਾ ਭੋਜਨੁ ਭਾਉ ਸਚੁ ਸਚੁ ਨਾਮੁ ਅਧਾਰਾ ॥ ਸਚੀ ਬਾਣੀ ਸੰਤੋਖਿਆ ਸਚਾ ਸਬਦੁ ਵੀਚਾਰਾ ॥੬॥ ਰਸ ਭੋਗਣ ਪਾਤਿਸਾਹੀਆ ਦੁਖ ਸੁਖ ਸੰਘਾਰਾ ॥ ਮੋਟਾ ਨਾਉ ਧਰਾਈਐ ਗਲਿ ਅਉਗਣ ਭਾਰਾ ॥ ਮਾਣਸ ਦਾਤਿ ਨ ਹੋਵਈ ਤੂ ਦਾਤਾ ਸਾਰਾ ॥੭॥ ਅਗਮ ਅਗੋਚਰੁ ਤੂ ਧਣੀ ਅਵਿਗਤੁ ਅਪਾਰਾ ॥ ਗੁਰ ਸਬਦੀ ਦਰੁ ਜੋਈਐ ਮੁਕਤੇ ਭੰਡਾਰਾ ॥ ਨਾਨਕ ਮੇਲੁ ਨ ਚੂਕਈ ਸਾਚੇ ਵਾਪਾਰਾ ॥੮॥੧॥ {ਪੰਨਾ 1008-1009}

ਪਦ ਅਰਥ: ਕਥੇ = ਕਥਿ, ਕਥ ਕੇ, ਸੁਣਾ ਕੇ। ਸੁਣੇ = ਸੁਣਿ, ਸੁਣ ਕੇ। ਹਾਰੇ = ਥੱਕ ਗਏ। ਅਠਸਠਿ = ਅਠਾਹਠ। ਘਣਾ = ਬਹੁਤੇ। ਭ੍ਰਮਿ = ਭੌਂ ਕੇ। ਭੇਖਾ = ਕਈ ਭੇਖਾਂ ਦੇ ਸਾਧੂ। ਸਾਚੋ = ਸਦਾ-ਥਿਰ ਰਹਿਣ ਵਾਲਾ। ਮਨਿ = ਮਨ ਦੀ ਰਾਹੀਂ। ਏਕਾ = ਕੇਵਲ, ਸਿਰਫ਼।1।

ਅਜਰਾਵਰੁ = {ਅਜਰ ਅਵਰ}। ਅਜਰ = ਕਦੇ ਬੁੱਢਾ ਨਾਹ ਹੋਣ ਵਾਲਾ। ਅਵਰੁ = {AÄXNq œyÕT} ਅੱਤ ਸ੍ਰੇਸ਼ਟ। ਰਸਾਇਣ = {ਰਸ ਅਯਨੁ} ਰਸਾਂ ਦਾ ਘਰ, ਰਸਾਂ ਦਾ ਸੋਮਾ। ਭਾਇ = ਪ੍ਰੇਮ ਨਾਲ। ਪਰਹਰਿ = ਪਰਹਰੇ, ਦੂਰ ਕਰ ਲੈਂਦਾ ਹੈ।1। ਰਹਾਉ।

ਨਾਮਿ = ਨਾਮ ਦੀ ਰਾਹੀਂ। ਉਧਾਰਾ = (ਪਾਪਾਂ ਤੋਂ) ਬਚਾਉ। ਗੁਰਿ = ਗੁਰਿ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ। ਬੀਚਾਰਾ = ਸ੍ਰੇਸ਼ਟ ਵਿਚਾਰ। ਕਿਲਵਿਖ = ਪਾਪ।2।

ਬਿਲੋਵੈ = ਰਿੜਕਦਾ ਹੈ। ਮਥੈ = ਮਥਦਾ ਹੈ। ਤਤੁ = ਮੱਖਣ, ਸ੍ਰੇਸ਼ਟ ਵਸਤ। ਅੰਧੁ = ਅੰਨ੍ਹਾ ਮਨੁੱਖ। ਦਧਿ = ਦਹੀਂ। ਮਥੀਐ = ਰਿੜਕੀਏ। ਨਿਧਾਨਾ = ਖ਼ਜ਼ਾਨਾ (ਸਭ ਪਦਾਰਥਾਂ ਦਾ) । ਜਾਣਨੀ = ਜਾਣਨਿ, ਜਾਣਦੇ ਹਨ। ਪਸੂ = ਪਸ਼ੂ-ਸੁਭਾਵ।3।

ਮਰੀ = (ਆਤਮਕ) ਮੌਤ। ਮਰੁ = ਮੌਤ। ਵਾਰੋ ਵਾਰ = ਮੁੜ ਮੁੜ। ਸਬਦੇ = ਸ਼ਬਦ ਦੀ ਰਾਹੀਂ। ਮਰੈ = (ਆਪਾ-ਭਾਵ ਵਲੋਂ) ਮਰਦਾ ਹੈ। ਨ ਮਰੈ = 'ਹਉਮੈ' ਦੀ ਮੌਤ ਨਹੀਂ ਮਰਦਾ। ਜਗਜੀਵਨੁ = ਜਗਤ ਦਾ ਜੀਵਨ ਪ੍ਰਭੂ। ਮਨਿ = (ਜਿਸ ਦੇ) ਮਨ ਵਿਚ। ਸਭਿ = ਸਾਰੇ।4।

ਸਚਾ = ਸਦਾ-ਥਿਰ ਰਹਿਣ ਵਾਲਾ। ਲਾਹਾ = ਖੱਟੀ। ਸੰਸਾਰਿ = ਸੰਸਾਰ ਵਿਚ। ਵੀਚਾਰਾ = ਸੂਝ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਪ੍ਰੇਮ ਵਿਚ। ਤੋਟਾ = ਘਾਟਾ (ਆਤਮਕ ਜੀਵਨ ਵਿਚ) ।5।

ਸਚੀ = ਸਦਾ ਇਕ-ਰਸ ਰਹਿਣ ਵਾਲੀ, ਉਕਾਈ ਨ ਖਾਣ ਵਾਲੀ। ਭਾਉ = ਪ੍ਰੇਮ। ਆਧਾਰਾ = ਆਸਰਾ। ਬਾਣੀ = ਬਾਣੀ ਦੀ ਰਾਹੀਂ। ਸੰਤੋਖਿਆ = (ਜੋ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖੀ ਹੋ ਜਾਂਦਾ ਹੈ।6।

ਸੰਘਾਰਾ = ਵਿਆਪਦੇ ਹਨ। ਮੋਟਾ = ਵੱਡਾ। ਗਲਿ = ਗਲ ਵਿਚ। ਸਾਰਾ = ਸ੍ਰੇਸ਼ਟ।7।

ਅਗਮ = ਅਪਹੁੰਚ। ਅਗੋਚਰੁ = ਅ-ਗੋ-ਚਰੁ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਧਣੀ = ਮਾਲਕ। ਅਵਿਗਤੁ = {AÒXÙØ} ਅਦ੍ਰਿਸ਼ਟ। ਅਪਾਰਾ = ਅਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਦਰੁ = ਦਰਵਾਜ਼ਾ। ਜੋਈਐ = ਢੂੰਢੀਏ। ਮੁਕਤੇ = ਵਿਕਾਰਾਂ ਤੋਂ ਖ਼ਲਾਸੀ। ਚੂਕਈ = ਮੁੱਕਦਾ।8।

ਅਰਥ: ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਨਾਸਵੰਤ ਹੈ। (ਪਰ) ਤੂੰ ਕਦੇ ਬੁੱਢਾ ਨਹੀਂ ਹੁੰਦਾ, ਤੂੰ ਅੱਤ ਸ੍ਰੇਸ਼ਟ ਹੈਂ, ਤੂੰ ਮੌਤ ਤੋਂ ਰਹਿਤ ਹੈਂ। ਤੇਰਾ ਨਾਮ ਸਾਰੇ ਰਸਾਂ ਦਾ ਸੋਮਾ ਹੈ। ਜੇਹੜਾ ਜੀਵ (ਤੇਰਾ ਨਾਮ) ਪ੍ਰੇਮ ਨਾਲ ਜਪਦਾ ਹੈ, ਉਹ ਆਪਣਾ ਵੱਡੇ ਤੋਂ ਵੱਡਾ ਦੁੱਖ ਦੂਰ ਕਰ ਲੈਂਦਾ ਹੈ।1। ਰਹਾਉ।

ਅਨੇਕਾਂ ਰਿਸ਼ੀ ਮੁਨੀ (ਮੋਨਧਾਰੀ) ਵੇਦ ਪੁਰਾਣ (ਆਦਿਕ ਧਰਮ ਪੁਸਤਕਾਂ) ਸੁਣਾ ਸੁਣਾ ਕੇ ਸੁਣ ਸੁਣ ਕੇ ਥੱਕ ਗਏ, ਸਭ ਭੇਖਾਂ ਦੇ ਅਨੇਕਾਂ ਸਾਧੂ ਅਠਾਹਠ ਤੀਰਥਾਂ ਤੇ ਭੌਂ ਭੌਂ ਕੇ ਥੱਕ ਗਏ (ਪਰੰਤੂ ਪਰਮਾਤਮਾ ਨੂੰ ਪ੍ਰਸੰਨ ਨਾਹ ਕਰ ਸਕੇ) । ਉਹ ਸਦਾ-ਥਿਰ ਰਹਿਣ ਵਾਲਾ ਪਵਿਤ੍ਰ ਮਾਲਕ ਸਿਰਫ਼ ਮਨ (ਦੀ ਪਵਿਤ੍ਰਤਾ) ਦੀ ਰਾਹੀਂ ਪਤੀਜਦਾ ਹੈ।1।

(ਹੇ ਭਾਈ!) ਪਰਮਾਤਮਾ ਦਾ ਨਾਮ (ਹੀ) ਪੜ੍ਹਨਾ ਚਾਹੀਦਾ ਹੈ ਨਾਮ ਹੀ ਸਮਝਣਾ ਚਾਹੀਦਾ ਹੈ, ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ (ਪਾਪਾਂ ਤੋਂ) ਬਚਾਉ ਹੁੰਦਾ ਹੈ। ਇਹ ਪੂਰੀ ਮਤਿ ਤੇ ਸ੍ਰੇਸ਼ਟ ਵਿਚਾਰ ਪੂਰੇ ਗੁਰੂ ਦੀ ਰਾਹੀਂ ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਮਿਲਦੀ ਹੈ ਕਿ ਪਰਮਾਤਮਾ ਦਾ ਨਾਮ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਤੇ ਸਾਰੇ ਪਾਪ ਨਾਸ ਕਰਨ ਦੇ ਸਮਰੱਥ ਹੈ।2।

ਜੇਹੜਾ ਮਨੁੱਖ ਪਾਣੀ ਰਿੜਕਦਾ ਹੈ, (ਸਦਾ) ਪਾਣੀ (ਹੀ) ਰਿੜਕਦਾ ਹੈ ਪਰ ਮੱਖਣ ਹਾਸਲ ਕਰਨਾ ਚਾਹੁੰਦਾ ਹੈ, ਉਹ (ਅਕਲੋਂ) ਅੰਨ੍ਹਾ ਹੈ ਉਹ ਅਗਿਆਨੀ ਹੈ। ਜੇ ਦਹੀਂ ਰਿੜਕੀਏ ਤਾਂ ਮੱਖਣ ਲੱਭਦਾ ਹੈ (ਇਸੇ ਤਰ੍ਹਾਂ) ਜੇ ਗੁਰੂ ਦੀ ਮਤਿ ਲਈਏ ਤਾਂ ਪ੍ਰਭੂ ਦਾ ਨਾਮ ਮਿਲਦਾ ਹੈ ਜੋ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ। ਪਰ ਆਪਣੇ ਮਨ ਦੇ ਪਿੱਛੇ ਹਰਨ ਵਾਲੇ ਮਨੁੱਖ ਇਸ ਭੇਤ ਨੂੰ ਨਹੀਂ ਸਮਝਦੇ, ਉਹ ਪਸ਼ੂ-ਬ੍ਰਿਤੀ ਵਿਚ ਟਿਕੇ ਰਹਿੰਦੇ ਹਨ।3।

ਹਉਮੈ ਤੇ ਮਮਤਾ ਨਿਰੀ ਆਤਮਕ ਮੌਤ ਹੈ, ਇਸ ਆਤਮਕ ਮੌਤੇ ਮਰ ਕੇ ਜੀਵ ਮੁੜ ਮੁੜ ਜੰਮਦਾ ਮਰਦਾ ਹੈ। ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਹਉਮੈ ਤੇ ਮਮਤਾ ਵਲੋਂ) ਸਦਾ ਲਈ ਤਰਕ ਕਰ ਲਏ ਤਾਂ ਉਹ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ। ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਜਗਤ ਦਾ ਜੀਵਨ ਪਰਮਾਤਮਾ ਵੱਸ ਪੈਂਦਾ ਹੈ (ਆਪ ਤਾਂ ਤਰਦਾ ਹੀ ਹੈ) ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਆਤਮਕ ਮੌਤ ਤੋਂ ਬਚਾ ਲੈਂਦਾ ਹੈ।4।

(ਜੀਵ-ਵਣਜਾਰਾ ਜਗਤ-ਹੱਟ ਵਿਚ ਵਪਾਰ ਕਰਨ ਆਇਆ ਹੈ) ਸਦਾ ਕਾਇਮ ਰਹਿਣ ਵਾਲਾ (ਕਦੇ ਨਾਸ ਨਾਹ ਹੋਣ ਵਾਲਾ) ਸੌਦਾ ਪਰਮਾਤਮਾ ਦਾ ਨਾਮ (ਹੀ) ਹੈ, ਇਹੀ ਐਸਾ ਵਪਾਰ ਹੈ ਜੋ ਸਦਾ-ਥਿਰ ਰਹਿੰਦਾ ਹੈ। ਜਿਸ ਮਨੁੱਖ ਨੂੰ ਗੁਰੂ ਦੀ ਮਤਿ ਲੈ ਕੇ ਇਹ ਸੂਝ ਆ ਜਾਂਦੀ ਹੈ ਉਹ ਜਗਤ (-ਹੱਟ) ਵਿਚ ਨਾਮ (ਦੀ) ਖੱਟੀ ਖੱਟਦਾ ਹੈ। ਪਰ ਜੇ ਮਾਇਆ ਦੇ ਪਿਆਰ ਵਿਚ ਹੀ (ਸਦਾ) ਕਿਰਤ-ਕਾਰ ਕੀਤੀ ਜਾਏ, ਤਾਂ ਸੰਸਾਰ ਵਿਚ (ਆਤਮਕ ਜੀਵਨ ਦੀ ਪੂੰਜੀ ਨੂੰ) ਘਾਟਾ ਹੀ ਘਾਟਾ ਪੈਂਦਾ ਹੈ।5।

ਜੇਹੜਾ ਮਨੁੱਖ ਸਦਾ-ਥਿਰ ਬਾਣੀ ਦੀ ਰਾਹੀਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖੀ ਹੋ ਜਾਂਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਪਰਮਾਤਮਾ ਦਾ ਸਦਾ-ਥਿਰ ਨਾਮ ਪਰਮਾਤਮਾ ਦਾ ਸਦਾ-ਥਿਰ ਪ੍ਰੇਮ ਉਸ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ ਉਸ ਦੇ ਆਤਮਕ ਜੀਵਨ ਦੀ ਸਦਾ-ਟਿਕਵੀਂ ਖ਼ੁਰਾਕ ਬਣ ਜਾਂਦਾ ਹੈ। ਉਸ ਦੀ ਸੰਗਤਿ ਪਵਿਤ੍ਰ, ਉਸ ਦਾ ਰਿਹੈਸ਼ੀ ਥਾਂ ਪਵਿਤ੍ਰ, ਉਸ ਦੇ ਘਰ ਬਾਰ ਪਵਿਤ੍ਰ ਹਨ।6।

ਪਰ ਦੁਨੀਆ ਦੇ ਰਸ ਮਾਣਨ ਨਾਲ, ਦੁਨੀਆ ਦੀਆਂ ਪਾਤਿਸ਼ਾਹੀਆਂ ਨਾਲ (ਮਨੁੱਖ ਨੂੰ) ਦੁਖ ਸੁਖ ਵਿਆਪਦੇ ਰਹਿੰਦੇ ਹਨ। ਜੇ (ਦੁਨੀਆ ਦੇ ਵਡੱਪਣ ਦੇ ਕਾਰਨ ਆਪਣਾ) ਵੱਡਾ ਨਾਮ ਭੀ ਰਖਾ ਲਈਏ, ਤਾਂ ਭੀ ਸਗੋਂ ਗਲ ਵਿਚ ਔਗੁਣਾਂ ਦੇ ਭਾਰ ਬੱਝ ਪੈਂਦੇ ਹਨ (ਜਿਨ੍ਹਾਂ ਕਰਕੇ ਮਨੁੱਖ ਸੰਸਾਰ-ਸਮੁੰਦਰ ਵਿਚ ਡੁੱਬਦਾ ਹੀ ਹੈ) ।

ਹੇ ਪ੍ਰਭੂ! ਤੂੰ ਵੱਡਾ ਦਾਤਾ ਹੈਂ (ਸਭ ਦਾਤਾਂ ਦੇਂਦਾ ਹੈਂ) , ਪਰ ਤੇਰੀਆਂ (ਮਾਇਕ) ਦਾਤਾਂ ਨਾਲ ਮਨੁੱਖਾਂ ਦੀ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ।7।

ਹੇ ਪ੍ਰਭੂ! ਤੂੰ ਅਗਮ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ, ਤੂੰ ਸਭ ਪਦਾਰਥਾਂ ਦਾ ਮਾਲਕ ਹੈਂ, ਤੂੰ ਅਦ੍ਰਿਸ਼ਟ ਹੈਂ, ਤੂੰ ਬੇਅੰਤ ਹੈਂ। ਜੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰਾ ਦਰਵਾਜ਼ਾ ਭਾਲੀਏ ਤਾਂ (ਤੇਰੇ ਦਰ ਤੋਂ ਨਾਮ ਦਾ ਉਹ) ਖ਼ਜ਼ਾਨਾ ਮਿਲਦਾ ਹੈ ਜੋ (ਮਾਇਆ ਦੇ ਮੋਹ ਵਲੋਂ) ਖ਼ਲਾਸੀ ਦੇਂਦਾ ਹੈ।

ਹੇ ਨਾਨਕ! (ਨਾਮ ਦਾ ਵਪਾਰ) ਸਦਾ-ਥਿਰ ਰਹਿਣ ਵਾਲਾ ਵਪਾਰ ਹੈ (ਇਸ ਵਪਾਰ ਦੀ ਬਰਕਤਿ ਨਾਲ ਜੀਵ-ਵਣਜਾਰੇ ਦਾ ਪਰਮਾਤਮਾ-ਸ਼ਾਹ ਨਾਲੋਂ ਕਦੇ) ਮਿਲਾਪ ਮੁੱਕਦਾ ਨਹੀਂ।8।2।

TOP OF PAGE

Sri Guru Granth Darpan, by Professor Sahib Singh